Friday, June 20, 2025

ਜੰਗੀ ਜਨੂੰਨ ਖਿਲਾਫ਼ ਅਮਨ ਦਾ ਹੋਕਾ

 

ਜੰਗੀ ਜਨੂੰਨ ਖਿਲਾਫ਼ ਅਮਨ ਦਾ ਹੋਕਾ

ਭਾਰਤ ਤੇ ਪਾਕਿਸਤਾਨ ਦੌਰਾਨ ਜੰਗੀ ਕਾਰਵਾਈਆਂ ਦੇ ਬਣੇ ਮਾਹੌਲ 'ਚ ਦੋਵਾਂ ਪਾਸਿਆਂ ਦੇ ਅਮਨ ਪਸੰਦ ਹਲਕਿਆਂ ਵੱਲੋਂ ਜੰਗ ਵਿਰੋਧੀ ਆਵਾਜ਼ਾਂ ਪ੍ਰਗਟ ਹੋਈਆਂ ਹਨ। ਚਾਹੇ ਦੋਹਾਂ ਮੁਲਕਾਂ ਦੇ ਹਾਕਮਾਂ ਵੱਲੋਂ ਅੰਨ੍ਹਾ ਕੌਮਵਾਦ ਭੜਕਾਏ ਜਾਣ ਕਾਰਨ ਕਈ ਉਹ ਹਿੱਸੇ ਵੀ ਇਸ ਜਨੂੰਨੀ ਕੌਮੀ ਹੰਕਾਰ ਦੇ ਵਹਿਣ ਵਿੱਚ ਰੁੜ੍ਹਦੇ ਦੇਖੇ ਗਏ। ਜਿਹੜੇ ਪਹਿਲਾਂ ਮੁਲਕ ਅੰਦਰ ਫ਼ਿਰਕੂ ਸਿਆਸਤ ਦੇ ਖਿਲਾਫ਼ ਉਠਦੀਆਂ ਆਵਾਜ਼ਾਂ 'ਚ ਸ਼ੁਮਾਰ ਰਹੇ ਹਨ। ਇਸ ਮਾਹੌਲ ਦੌਰਾਨ ਹਾਕਮ ਜਮਾਤਾਂ ਦੇ ਅੰਧ-ਰਾਸ਼ਟਰਵਾਦੀ ਹਥਿਆਰ ਦੀ ਅਸਰਕਾਰੀ ਵੀ ਜ਼ਾਹਰ ਹੋਈ ਹੈ ਜਿਹੜੇ ਹਿੱਸੇ ਮੋਦੀ ਮਾਰਕਾ ਫਿਰਕੂ ਸਿਆਸਤ ਦੇ ਖਿਲਾਫ ਖੜਦੇ ਦਿਖੇ ਸਨ ਉਹ ਮੋਦੀ ਸਰਕਾਰ ਵੱਲੋਂ ਹੀ ਉਭਾਰੇ ਅੰਧ-ਰਾਸ਼ਟਰਵਾਦ ਦੀ ਲਾਗ ਦਾ ਸ਼ਿਕਾਰ ਹੁੰਦੇ ਦੇਖੇ ਗਏ। ਇਸ ਮਾਹੌਲ ਵਿੱਚ ਵੀ ਸਾਡੇ ਆਪਣੇ ਦੇਸ਼ ਅੰਦਰ ਖਾਸ ਕਰਕੇ ਪੰਜਾਬ ਅੰਦਰ ਅਜਿਹੀ ਆਵਾਜ਼ ਗਿਣਨਯੋਗ ਸੀ ਜਿਸ ਨੇ ਮੁਲਕ ਦੇ ਹਾਕਮਾਂ ਤੋਂ ਜੰਗ ਬੰਦ ਕਰਨ ਤੇ ਅਮਨ ਕਾਇਮ ਕਰਨ ਦੀ ਮੰਗ ਕੀਤੀ ।

ਪਾਕਿਸਤਾਨ ਵਾਲੇ ਪਾਸੇ ਬੁੱਧੀਜੀਵੀਆਂ ਤੇ ਸਾਹਿਤਕਾਰਾਂ ਵੱਲੋਂ ਲਾਹੌਰ ਦੇ ਵਿੱਚ ਜਨਤਕ ਪ੍ਰਦਰਸ਼ਨ ਕਰਕੇ ਜੰਗੀ ਕਾਰਵਾਈਆਂ ਬੰਦ ਕਰਨ ਦੀ ਮੰਗ ਕੀਤੀ ਗਈ। ਉਹਨਾਂ ਨੇ ਅਜਿਹੀ ਭਰਾ ਮਾਰੂ ਜੰਗ ਦੀ ਤਬਾਹੀ ਤੋਂ ਬਚਣ ਤੇ ਦੋਹਾਂ ਪੰਜਾਬਾਂ ਦੀ ਸਾਂਝ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਦੌਰਾਨ ਪੰਜਾਬ ਅੰਦਰ ਸਭ ਤੋਂ ਵਿਸ਼ਾਲ ਜਨਤਕ ਆਧਾਰ ਵਾਲੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਅੰਦਰ ਜਨਤਕ ਮੁਜ਼ਾਹਰੇ ਕਰਕੇ ਜੰਗ ਖਿਲਾਫ਼ ਆਵਾਜ਼ ਉਠਾਈ। ਦਹਿ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਪੰਜਾਬ ਦੀਆਂ ਸੜਕਾਂ 'ਤੇ ਨਿਤਰੇ ਤੇ ਉਹਨਾਂ ਵੱਲੋਂ ਮੋਦੀ ਸਰਕਾਰ ਦੀ ਫਿਰਕੂ ਰਾਸ਼ਟਰਵਾਦੀ ਸਿਆਸਤ ਨੂੰ ਰੱਦ ਕਰਦਿਆਂ ਗੁਆਂਢੀ ਮੁਲਕਾਂ ਨਾਲ ਅਮਨ ਭਰੇ ਸਬੰਧ ਕਾਇਮ ਕਰਨ, ਮਾਰੂ ਹਥਿਆਰਾਂ ਦੀ ਦੌੜ ਬੰਦ ਕਰਨ ਲੋਕਾਂ ਦਾ ਖਜ਼ਾਨਾ ਜੰਗੀ ਮਾਰੂ ਹਥਿਆਰਾਂ 'ਤੇ ਲੁਟਾਉਣਾ ਬੰਦ ਕਰਨ ਆਦਿ ਮੰਗਾਂ ਉਭਾਰੀਆਂ ਗਈਆਂ। ਦੋਹਾਂ ਮੁਲਕਾਂ ਚ ਜੰਗ ਵਿਰੋਧੀ ਜਨਤਕ ਲਾਮਬੰਦੀ 'ਚੋਂ ਸਭ ਤੋਂ ਵੱਡੀ ਲਾਮਬੰਦੀ ਸੀ। ਇਉਂ ਹੀ ਦੋ ਇਨਕਲਾਬੀ ਜਥੇਬੰਦੀਆਂ ਇਨਕਲਾਬੀ ਕੇਂਦਰ ਪੰਜਾਬ ਤੇ ਲੋਕ ਮੋਰਚਾ ਪੰਜਾਬ ਵੱਲੋਂ 8 ਮਈ ਨੂੰ ਬਰਨਾਲਾ ਵਿਖੇ ਜਨਤਕ ਕਨਵੈਨਸ਼ਨ ਰਾਹੀਂ ਜੰਗ ਦੇ ਖਿਲਾਫ਼ ਅਤੇ ਪਹਿਲਗਾਮ ਘਟਨਾ ਨੂੰ ਸੌੜੇ ਫਿਰਕੂ ਮਨਸੂਬਿਆਂ ਲਈ ਵਰਤਣ ਦੇ ਯਤਨਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਪੰਜਾਬ ਵਿੱਚ ਹੋਰ ਵੀ ਕੁਝ ਜਥੇਬੰਦੀਆਂ ਤੇ ਮੰਚਾਂ ਨੇ ਵੱਖ ਵੱਖ ਢੰਗਾਂ ਰਾਹੀਂ ਜੰਗ ਖਿਲਾਫ ਆਵਾਜ਼ ਉਠਾਈ। ਪਿਛਲੇ ਕੁਝ ਅਰਸੇ ਤੋਂ ਦੋਹਾਂ ਪੰਜਾਬਾਂ 'ਚ ਵਧੇ ਹੋਏ ਆਪਸੀ ਰਾਬਤੇ ਤੇ ਸਾਂਝ ਦਾ ਇਜ਼ਹਾਰ ਜੰਗੀ ਮਾਹੌਲ ਦੌਰਾਨ ਵੀ ਦੇਖਣ ਨੂੰ ਮਿਲਿਆ। 

ਭਾਰਤ ਤੇ ਪਾਕਿਸਤਾਨ ਦੀਆਂ ਸਰਗਰਮ ਔਰਤ ਕਾਰਕੁਨਾਂ ਵੱਲੋਂ ਵੀ ਜੰਗ ਖਿਲਾਫ਼ ਇਕ ਸਾਂਝਾ ਬਿਆਨ ਜਾਰੀ ਕੀਤਾ ਗਿਆ ਜਿਸ ਉਪਰ 1000 ਦੇ ਕਰੀਬ ਔਰਤਾਂ ਨੇ ਦਸਤਖਤ ਕੀਤੇ। --0--

No comments:

Post a Comment