ਆਦਮ ਬੋਅ
ਜਦੋਂ ਮੈਂ ਛੋਟਾ ਸੀ, 'ਤੇ ਅਕਸਰ ਗਰਮੀਆਂ ਦੇ ਦਿਨਾਂ ਵਿੱਚ ਅਸੀਂ ਬਾਹਰ ਸੌਂਦੇ ਸੀ। ਉਹਨਾਂ ਦਿਨਾਂ ਦੀਆਂ ਮੇਰੇ ਕੋਲ ਬਹੁਤੀਆਂ ਯਾਦਾਂ ਨਹੀਂ ਬਚੀਆਂ, ਸ਼ਾਇਦ ਹੋਣ ਵੀ ਫੁਰਸਤ ਦੇ ਦਿਨੀਂ ਦਿਲ ਦੇ ਹਨ੍ਹੇਰੇ ਖੂੰਝੇ ਫਰੋਲਾਂਗਾ ਕਿਸੇ ਲੋਅ ਆਸਰੇ। ਫਿਲਹਾਲ ਮੈਂ ਗਰਮੀਆਂ ਦੇ ਉਹਨਾਂ ਹੁੰਮਸ ਭਰੇ ਦਿਨਾਂ ਨੂੰ ਯਾਦ ਕਰ ਸਕਦਾ ਹਾਂ, ਜਦੋਂ ਮੈਂ ਆਪਣੇ ਦਾਦੇ ਨਾਲ਼ ਸੌਣਾ। ਘਰ ਸਾਡੇ ਉਨ੍ਹਾਂ ਦਿਨੀਂ ਖੁੱਲ੍ਹੀ ਥਾਂ ਸੀ, ਅਸੀਂ ਆਮ ਕਰਕੇ ਹੇਠਲੇ ਵਿਹੜੇ ਵਿੱਚ ਸਬਜੀਆਂ ਵਗੈਰਾ ਬੀਜਦੇ ਹੁੰਦੇ ਸਾਂ, ਉੱਥੇ ਹੀ ਇੱਕ ਪੁਰਾਣਾ ਤੂਤ ਦਾ ਰੁੱਖ ਸੀ। ਉਦੋਂ ਮੈਂ ਪੰਜਵੀਂ ਜਾਂ ਛੇਵੀਂ ਜਮਾਤ ਵਿੱਚ ਹੋਣਾ,ਮੈਨੂੰ ਯਾਦ ਹੈ ਗਰਮੀਆਂ 'ਚ ਸਤੰਬਰ ਜਾਂ ਮਾਰਚ ਦੇ ਪੇਪਰ ਮੈਂ ਇਸੇ ਤੂਤ ਨਾਲ਼ ਲਟਾ ਪੀਂਘ ਹੁੰਦੇ ਦਿੱਤੇ। ਗਰਮੀਆਂ ਦੀ ਰਾਤਾਂ ਨੂੰ ਅਸਾਂ ਤੂਤ ਤੋਂ ਥੋੜਾ ਪਿੱਛੇ ਅਪਣਾ ਡੇਰਾ ਜਮ੍ਹਾ ਲੈਂਦੇ ਸੀ।
ਤਾਰਿਆਂ ਦੀ ਲੋਏ ਦਾਦਾ ਮੈਨੂੰ ਕਹਾਣੀਆਂ ਸੁਣਾਇਆ ਕਰਦਾ ਸੀ, ਕਹਾਣੀਆਂ ਰੰਗ-ਬਰੰਗੀਆ, ਗੂੜ੍ਹੇ ਸਿਆਹ, ਗੂੜ੍ਹੇ ਸਲੇਰੇ ਰੰਗੀਆਂ। ਗਰਮ ਮੋਮ ਵਾਂਙ ਚੋਂਦੀਆਂ ਕਹਾਣੀਆਂ। ਅਕਸਰ ਹੁਣ ਕਦੇ ਜਦੋਂ ਮੈਂ ਉਹਨਾਂ ਕਹਾਣੀਆਂ ਬਾਰੇ ਸੋਚਿਆ ਤਾਂ ਮੈਨੂੰ ਕੁੱਝ ਯਾਦ ਨੀਂ, ਦਿਮਾਗ ਤੇ ਜੋਰ ਦੇਣ ਉੱਤੇ ਵੀ ਕੁੱਝ ਯਾਦ ਨੀਂ, ਸਭ ਭੁੱਲ ਭੁਲਾ ਗਿਆ ਪਰ ਪਤਾ ਨੀਂ ਕਿਉਂ ਉਹਨਾਂ ਕਹਾਣੀਆਂ ਵਿੱਚੋਂ ਇੱਕੋ-ਇੱਕ ਸ਼ਬਦ 'ਆਦਮ ਬੋਅ' ਕਿੱਦਾਂ ਮੈਨੂੰ ਚੇਤੇ ਹੈ। ਇਹ ਇਕਲੌਤਾ ਸ਼ਬਦ ਹੈ ਜੋ ਉਹਨਾਂ ਕਹਾਣੀਆਂ ਵਿੱਚੋਂ ਮੇਰੇ ਜਿਹਨ ਵਿੱਚ ਖੁੱਭਿਆ ਹੋਇਆ। ਜਿੱਦਾਂ ਮੈਂ ਦੱਸਿਆ ਇਹ ਉਹਨਾਂ ਦਿਨਾਂ ਦੀ ਗੱਲ ਜਦੋਂ ਮੈਂ ਮਸਾਂ ਦਸਾਂ ਗਿਆਰਾਂ ਦਾ ਹੋਵਾਂਗਾ। ਉਹ ਕਹਾਣੀਆਂ ਬਲ਼ਦੇ ਹੋਏ ਮੋਮ ਵਾਂਙ ਹਵਾ 'ਚ ਕਿਧਰੇ ਉੱਡ-ਪੁੱਡ ਗਈਆਂ, ਪਰ ਉਹਨਾਂ ਦਾ ਪ੍ਰਭਾਵ ਹਲੇ ਵੀ ਮੇਰੇ ਉੱਤੇ ਕਿਸੇ ਅਦਿੱਖ ਪੰਛੀ ਦੀ ਤਰਾਂ ਹੈ...
ਕੁੱਝ ਦਿਨ ਪਹਿਲਾਂ ਮੈਂ ਇੱਕ ਖਬਰ ਪੜ੍ਹੀ। 'ਸੇਵ ਦੀ ਚਿਲਡਰਨ' ਏਜੰਸੀ ਹੈ, ਜੋ ਫਲਿਸਤੀਨੀ ਬੱਚਿਆਂ ਦੀਆਂ ਮੌਤਾਂ ਦਾ ਰਿਕਾਰਡ ਰੱਖਦੀ ਹੈ। ਸ਼ੈਦ ਇਹ ਏਜੰਸੀ 1990 ਤੋਂ ਮੌਤਾਂ ਦਾ ਰਿਕਾਰਡ ਰੱਖਣਾ ਸ਼ੁਰੂ ਕਰ ਰਹੀ ਹੈ। ਇਹਦੀ ਖਬਰ ਸਾਦੀ ਤੇ ਮਾਮੂਲੀ ਜਹੀ ਏ। ਖਬਰ ਏ ਕਿ ਇਜਰਾਈਲ ਨੇ ਪਿਛਲੇ ਦੋ ਸਾਲਾਂ ਵਿੱਚ ਸਿਰਫ ਵੈਸਟ ਬੈਂਕ ਅੰਦਰ 1990 ਤੋਂ ਲੈਕੇ ਹੁਣ ਤੱਕ ਜਿੰਨੇ ਬੱਚਿਆਂ ਨੂੰ ਮਾਰਿਆ ਹੈ, ਉਹਨਾਂ ਵਿੱਚੋਂ ਅੱਧੇ ਸਿਰਫ ਪਿਛਲ਼ੇ ਦੋ ਸਾਲਾਂ ਵਿੱਚ ਮਾਰੇ ਨੇ। ਵੈਸਟ ਬੈਂਕ ਫਲਿਸਤੀਨੀ ਕੌਮ ਦਾ ਉਹ ਇਲਾਕਾ ਜਿੱਥੇ ਪਿਛਲ਼ੇ ਦੋ ਸਾਲ ਤੋਂ ਕੋਈ ਜੰਗ ਨਹੀਂ ਚਲ ਰਹੀ, ਜੰਗ ਸਿਰਫ ਗਾਜਾ 'ਚ ਚਲ ਰਹੀ ਸੀ, ਵੈਸਟ ਬੈਂਕ ' ਚ ਨਹੀਂ।
ਲੈਲਾ ਅਲ-ਖਾਤਿਬ ਸੁਣਨ ਨੂੰ ਅਜੀਬ ਜਿਹਾ ਨਾਂ ਏ ਪਰ ਇਹ ਨਾ ਪਿਆਰਾ ਵੀ ਹੋ ਸਕਦਾ ਜੇ ਤੁਸੀ ਮੁਸਲਮਾਨ ਓ, ਕੋਈ ਹੋਰ ਸ਼ੈਦ ਇਸ ਨਾਂ ਨੂੰ ਸਮਝਦਾ ਨਹੀਂ। ਪਰ ਸ਼ੈਦ ਅਜਿਹਾ ਸੋਚਣਾ ਮੇਰਾ ਭਰਮ ਏ..ਇਸ ਨਾਂ ਨੂੰ ਇਜਰਾਇਲੀ ਸਨਾਈਪਰ ਸਭ ਤੋਂ ਚੰਗੀ ਤਰ੍ਹਾਂ ਜਾਣਦਾ। ਮੈਨੂੰ ਇਹ ਨਾਂ ਦੇਖਣ ਨੂੰ ਵੀ ਤੇ ਸੁਣਨ ਨੂੰ ਵੀ ਕਿਸੇ ਜਿਹਾਦੀ ਦਾ ਲਗਦਾ। ਆਦਮ ਜਾਤ ਨੂੰ ਇਕ ਭੂਤ ਚਿੰਬੜ ਗਿਆ ਹੈ, ਨਾਵਾਂ ਦਾ ਭੂਤ। ਜੋ ਸੁਣ ਕੇ ਦੱਸ ਦਿੰਦਾ ਕਿ ਫਲਾਣਾਂ ਨਾਂ ਜਿਹਾਦੀ ਦਾ ਹੈ ਜਾਂ ਨਹੀਂ। ਖੈਰ ਲੈਲਾ ਬਾਰੇ ਮੈਨੂੰ ਭੁਲੇਖਾ ਹੋ ਸਕਦਾ ਪਰ ਇਜ਼ਰਾਇਲੀ ਸਨਾਈਪਰ ਨੂੰ ਲੈਲਾ ਬਾਰੇ ਕੋਈ ਭੁਲੇਖਾ ਨਹੀਂ। ਲੈਲਾ ਦੋ ਸਾਲ ਦੀ ਬੱਚੀ ਹੈ ਜਾਂ ਹੋ ਸਕਦਾ ਬੱਚਾ ਹੋਏ ਪਰ ਇਸ ਗੱਲ ਨਾਲ਼ ਸਨਾਈਪਰ ਨੂੰ ਕੋਈ ਫਰਕ ਨਹੀਂ ਪੈਂਦਾ। ਬੱਚਾ ਜੰਮਣ ਵੇਲ਼ੇ ਲਿੰਗ ਦਾ ਫਰਕ ਸਾਡੇ ਤਾਂ ਜਰੂਰ ਪੈਂਦਾ ਏ, ਪੈਂਦਾ ਏ ਨਾ? ਪਰ ਬੱਚਾ ਮਾਰਨ ਵੇਲ਼ੇ ਲਿੰਗ ਦਾ ਉੱਕਾ ਈ ਕੋਈ ਫਰਕ ਨਹੀਂ ਪੈਂਦਾ। ਇਹ ਗੱਲ ਸਨਾਈਪਰ ਨੂੰ ਚੰਗੀ ਪਤਾ ਏ। ਸਨਾਈਪਰ ਗੋਲੀ ਦਾਗਦਾ ਏ, ਲੈਲਾ ਭਗੂੜੇ ਨਾਲ਼ ਲੁਟਕ ਜਾਂਦੀ ਏ। ਲੈਲਾ ਦਾ ਜਿਸਮ ਪੀਲ਼ਾ ਭੂਕ ਪਰ ਕਿਤੇ ਖੂਨ ਦਾ ਕਤਰਾ ਨਹੀਂ ਸਿਵਾਏ ਮੱਥੇ ਉੱਤੇ ਇੱਕ ਕਾਲ਼ੇ ਸੁਰਾਖ ਤੋਂ ਬਿਨਾਂ..ਜਿਵੇਂ ਲੈਲਾ ਦੇ ਮੱਥੇ ਨਾਲ਼ ਮੌਤ ਨੂੰ ਅੰਤਾਂ ਦਾ ਮੋਹ ਹੋਏ..
ਇੱਕ ਹੋਰ ਨਾਂ ਏ.. ਕੀ ਨਾਂ ਏ ? ਸਦਾਮ.. ਨਾਂ ਸੁਣਕੇ ਹੀ ਕਿਸੇ ਹੋਰ ਜਿਹਾਦੀ ਦਾ ਚੇਤਾ ਆਉਂਦਾ, ਆਉਂਦਾ ਏ ਨਾ? .. ਹੋਰਨਾਂ ਬੱਚਿਆਂ ਵਾਂਙ ਸਦਾਮ ਵੀ ਮਸਖਰੀ ਕਰਨ ਦਾ ਸ਼ੋਕੀਨ ਏ, ਉਮਰ 10 ਸਾਲ। ਸਾਡੇ ਵੀ ਬੱਚੇ ਅਸਕਰ ਸਕੂਲੋ ਆਕੇ ਜਿਵੇਂ ਕਿ ਪਿੰਡਾਂ 'ਚ ਮਾਵਾਂ ਉਹਨਾਂ ਨੂੰ ਅਸਕਰ ਕਹਿੰਦੀਆਂ, "ਡੰਡੇ ਵਜਾਉਂਦੇ ਫਿਰਦੇ ਰਹਿੰਦੇ ਨੇ"। ਸਦਾਮ ਵੀ ਡੰਡੇ ਵਜਾਉਂਦਾ ਫਿਰਦਾ ਸੀ.. ਗਲ਼ੀਆਂ ਕੱਛਦਾ ਜਿਵੇਂ ਉਹਦੇ ਬਾਪ ਦੀਆਂ ਹੋਣ,ਕਿਸੇ ਫਕੀਰ ਦੇ ਵਾਂਙ ਮਸਤ ਮੌਲਾ ਗਾਉਂਦਾ ਫਿਰਦਾ,ਪਰ ਉਹਦਾ ਗਾਉਣਾ ਸਨਾਈਪਰ ਨੂੰ ਪਸੰਦ ਨੀਂ ਜਾਂ ਖਬਰੇ ਉਹਦੀ ਅਵਾਜ ਸਨਾਈਪਰ ਦੇ ਪਸੰਦ ਨੀਂ ਆਈ..ਸਦਾਮ ਜੋ ਬਿੰਦ ਪਹਿਲਾਂ ਗਲ਼ੀਆਂ 'ਚ ਮਸਤ ਮੌਲਾ ਸੀ, ਹੁਣ ਸੜਕ ਗੱਬੇ ਸਿਰਫ ਇਕ ਲਾਲ ਧੱਬਾ ਏ.. ਤੁਹਾਨੂੰ ਕੀ ਲਗਦਾ? ਸਨਾਈਪਰ ਨੂੰ ਕੀ ਪਸੰਦ ਨੀਂ ਆਇਆ? ਸਦਾਮ ਦਾ ਨਾਂ? ਜਾਂ ਉਮਰ? ਜਾਂ ਫਿਰ ਉਸਦੀਆਂ ਮਸਖਰੀਆਂ? ਜਾਂ ਫਿਰ ਉਸਦੀ ਕਮੀਜ ਦਾ ਰੰਗ? ਕਮੀਜ ਦਾ ਰੰਗ ਹਰਾ ਨਹੀਂ ਸੀ, ਮੈਂ ਸੋਚਿਆਂ ਪਹਿਲਾਂ ਦੱਸ ਦਵਾਂ। ਹੋ ਸਕਦਾ ਸਨਾਈਪਰ ਨੂੰ ਸਦਾਮ ਦੀ ਤੋਰ ਪਸੰਦ ਨਾ ਆਈ ਹੋਏ.. ਕੁੱਝ ਤਾਂ ਸੀ। ਜੇਕਰ ਮੈਂ ਤੁਹਾਨੂੰ ਪੁੱਛਾਂ ਤਾਂ ਤੁਸੀ ਕਿਹੜੇ ਕਾਰਨ ਸਦਾਮ ਨੂੰ ਗੋਲ਼ੀ ਮਾਰੋਂਗੇ?
ਇੱਕ ਆਦਮੀ ਬੀਚ ਉੱਤੇ ਗੁੰਮ ਰਿਹਾ। ਬੀਚ ਉੱਤੇ ਘੁੰਮਣਾ ਕੋਈ ਗੁਨਾਹ ਥੋੜਾ, ਕੋਈ ਵੀ ਘੁੰਮ ਸਕਦਾ, ਕਿ ਨਹੀਂ ?
ਇੱਕ ਸਾਹਮਣਿਓਂ ਆ ਰਹੇ ਬੰਦੇ ਨੇ, ਪਹਿਲਾਂ ਵਾਲ਼ੇ ਉੱਤੇ ਸਤਾਰਾਂ ਵਾਰ ਗੋਲ਼ੀ ਚਲਾਈ, ਬਿਨਾਂ ਕੁੱਝ ਪੁੱਛੇ ਜਾਂ ਕਹੇ।
ਪੁਲਿਸ ਉਸਨੂੰ ਫੜ ਲੈਂਦੀ ਹੈ, ਗੋਲ਼ੀ ਚਲਾਉਣ ਵਾਲ਼ਾ ਪੁਲਿਸ ਉੱਤੇ ਹੈਰਾਨ ਹੈ ਕਿ ਆਖਰ ਉਸਦਾ ਕਸੂਰ ਕੀ ਹੈ? ਉਸਨੂੰ ਕਿਉਂ ਫੜ ਲਿਆ ਗਿਆ.. ਗੋਲ਼ੀ ਚਲਾਉਣ ਵਾਲ਼ੇ ਲਈ ਇਹ ਅਣਹੋਣੀ ਗੱਲ ਸੀ। ਬਾਅਦ ਵਿੱਚ ਗੋਲ਼ੀ ਚਲਾਉਣ ਵਾਲ਼ੇ ਨੂੰ ਪਤਾ ਲਗਦਾ ਕਿ ਮਰਨ ਵਾਲ਼ਾ 'ਉਹ' ਨਹੀਂ ਸੀ...
ਅਜਿਹੀਆਂ ਅਣਗਿਣਤ ਕਹਾਣੀਆਂ ਪਿਛਲੇ ਦੋ ਸਾਲਾਂ ਤੋਂ ਮੇਰੇ ਕੈਨਵਸ ਉੱਤੇ ਫੈਲੀਆਂ ਹੋਈਆਂ, ਜਿਹਨਾਂ ਤੋਂ ਬਚਣ ਲਈ ਮੈਂ ਲੁਕਣ ਲਈ ਕੋਈ ਥਾਂ ਲੱਭਦਾ। ਅਜਿਹਾ ਨਹੀਂ ਕਿ ਮੈਂ ਬਹੁਤ ਡਰਪੋਕ ਹਾਂ, ਪਰ ਅਜਿਹਾ ਵੀ ਨਹੀਂ ਕਿ ਬਹੁਤ ਬਹਾਦੁਰ ਹਾਂ। ਮੈਂ ਆਮ ਜਿਹਾ ਬੰਦਾ, ਬੰਦਾ ਕਿ ਘਟਨਾਵਾਂ ਤੇ ਖਬਰਾਂ ਜਿਸ ਦਾ ਪਿੱਛਾ ਕਰਦੀਆਂ ਫਿਰਦੀਆਂ ਨੇ, ਕਿਸੇ ਪ੍ਰੋਫੈਸ਼ਨਲ ਸੂਹੀਏ ਦੀ ਤਰਾਂ। ਖੈਰ, ਕੰਮ ਦੇ ਦਿਨਾਂ ਵਿੱਚ ਕਹਾਣੀਆਂ ਤੋਂ ਖਹਿੜਾ ਛੁਡਾ ਲੈਣਾ ਸੌਖਾ ਹੈ, ਇੱਕ ਸੁਰੱਖਿਅਤ ਘੁਰਨਾ ਤੁਹਾਨੂੰ ਅਜਿਹੇ ਨਸ਼ੇ ਉੱਤੇ ਲਾਈ ਰਖਦਾ ਕਿ ਦੁਨੀਆਂ ਦੀ ਉੱਗ ਸੁੱਗ ਨਹੀਂ ਰਹਿੰਦੀ ਪਰ ਕਮਬਖਤ ਕੰਮ ਦਾ ਨਾ ਹੋਣਾ ਵੀ ਇਹਨਾਂ ਦਿਨੀਂ ਨਸ਼ੇ ਦੀ ਤੋੜ ਵਰਗਾ ਹੈ।
ਭਾਵੇਂ ਮੇਰੇ ਦਾਦੇ ਦੀਆਂ ਮੈਨੂੰ ਸੁਣਾਈਆਂ ਕਹਾਣੀਆਂ ਭਾਫ ਬਣਕੇ ਕਿਧਰੇ ਉੱਡ ਪੁੱਡ ਗਈਆਂ ਨੇ ਪਰ ਜਿਹੜਾ ਇੱਕ ਸ਼ਬਦ ਆਦਮ ਬੋਅ ਬਚਿਆ ਏ ਉਹ ਓਸ ਧਾਗੇ ਵਰਗਾ ਏ, ਜਿਸ ਵਿੱਚ ਮੋਮ ਪਾ ਮੋਮਬੱਤੀ ਫਿਰ ਜਲਾਈ ਜਾ ਸਕਦੀ ਏ। ਭਾਵੇਂ ਮੈਂ ਉਹਨਾਂ ਕਹਾਣੀਆਂ ਨੂੰ ਸਾਂਭ ਨਾ ਸਕਿਆ ਪਰ ਸੇਵ ਦੀ ਚਿਲਡਰਨ ਨੂੰ ਪੜ੍ਹਕੇ ਮੈਨੂੰ ਇਲਮ ਹੋਇਆ ਕਿ ਉਹ ਕਹਾਣੀਆਂ ਜਰੂਰ ਹੀ ਜੈਤੂਨ ਦੇ ਰੁੱਖਾਂ 'ਚ ਵਸਦੇ ਮੁਲਕ ਦੀਆਂ ਸਨ ਕਿਉਂਕਿ ਜੋ 'ਆਦਮ ਬੋਆਂ' ਦਾ ਸਬੰਧ ਪਿਛਲੀ ਸਦੀਂ ਤੋਂ ਉਸੇ ਧਰਤੀ ਨਾਲ਼ ਏ।
.....
ਪਾਸ਼ ਇੱਕ ਚਿੱਠੀ ਵਿੱਚ ਆਪਣੀ ਭੈਣ ਪੰਮੀ ਨੂੰ ਲਿਖਦਾ ਕਿ ਇੰਗਲੈਂਡ ਜਾਕੇ ਸਭ ਤੋਂ ਪਹਿਲਾਂ ਉਸ ਧਰਤੀ ਉੱਤੇ ਥੁੱਕੀਂ ਕਿਉਂਕਿ ਇਸ ਨੇ ਅਜਿਹੇ ਆਦਮ ਬੋਅ ਪੈਦਾ ਕੀਤੇ ਹਨ, ਜਿਨ੍ਹਾਂ ਨੇ ਮਨੁੱਖਤਾ ਦੀਆਂ ਖੁਸ਼ੀਆਂ ਪਛਾੜੀਆਂ ਹਨ, ਫਿਰ ਉਹ ਨਾਲ਼ ਹੀ ਲਿਖਦਾ ਕਿ "ਫਿਰ ਮਨ ਹੀ ਮਨ ਵਿੱਚ ਸਤਿਕਾਰ ਬਦਨਾ ਕਰੀਂ ਕਿਉਂਕਿ ਉੱਥੇ ਲਗਭਗ ਦੁਨੀਆਂ ਦੇ ਹਰ ਜਾਤੀ ਦੇ ਲੋਕ ਚੰਗਿਆਈ ਲਈ ਲੜਦੇ ਸ਼ਹੀਦ ਹੁੰਦੇ ਰਹੇ ਹਨ ਤੇ ਹੋ ਰਹੇ ਹਨ।"
ਪਰ ਕੀ ਸੱਚਮੁੱਚ ਕੋਈ ਆਦਮ ਬੋਆਂ ਦਾ ਦੇਸ਼ ਹੈ ?
.... ਹਾਂ ਮੈਂ ਕਹਿੰਦਾ ਹਾਂ, ਹੈ .. ਸੱਚਮੁੱਚ ਆਦਮ ਬੋਆਂ ਦਾ ਦੇਸ਼ ਹੈ। ਨਾਜੀ ਜਰਮਨੀ ਵੀ ਸ਼ੈਦ ਆਦਮ ਬੋਆਂ ਦਾ ਦੇਸ਼ ਨਹੀਂ ਸੀ, ਜਿੱਥੇ ਮਨੁੱਖ ਅੰਨ੍ਹਾ ਤੇ ਪਾਗਲ ਹੋ ਗਿਆ ਸੀ। ਜਿੱਥੇ ਮਨੁੱਖਤਾ ਨੇ ਭੇੜੀਏ ਤੋਂ ਭੈੜਾ ਮਨੁੱਖ ਦੇਖਿਆ,ਪਰ ਇਤਿਹਾਸ ਦੇ ਗੰਦ ਦੀ ਪਦਾਇਸ਼ ਚਾਰ ਫੁੱਟ ਦਾ ਉਹ ਬੰਦਾ ਆਦਮ ਬੋਆਂ ਦਾ ਦੇਸ਼ ਉਸਾਰਨ ਵਿੱਚ ਸਫਲ ਨਹੀਂ ਹੋਇਆ।
ਆਦਮ ਬੋਆਂ ਦਾ ਦੇਸ਼ ਫਲੀਸਤੀਨ ਦੀ ਧਰਤੀ ਉੱਤੇ ਉਸਰਿਆ ਆਖਰ। ਜੈਤੂਨ ਦੇ ਰੁੱਖਾਂ ਵਿਚਕਾਰ- ਇਜ਼ਰਾਈਲ ਨਾਂ ਦਾ ਦੇਸ਼ ਜੋ ਨਫਰਤ, ਪਾਗਲਪਣ ਦੀ ਸਿਖਰ ਅਤੇ ਮਾਸ ਦੇ ਲੋਥੜਿਆ ਉੱਤੇ ਉਸਰਿਆ, ਜਿੱਥੇ ਰੁੱਖਾਂ ਨੂੰ ਪਾਣੀ ਨਾਲ਼ ਨਹੀਂ ਲਹੂ ਨਾ ਸਿੰਝਿਆ ਗਿਆ। ਇਜ਼ਰਾਈਲ ਸੱਚਮੁੱਚ ਆਦਮ ਬੋਆਂ ਦਾ ਦੇਸ਼ ਹੈ, ਜਿੱਥੇ "ਮਨੁੱਖੀ" ਆਬਾਦੀ ਬਹੁਤ ਥੋੜੀ ਹੀ ਨਹੀਂ, ਸਗੋਂ ਦੁਨੀਆਂ ਦੇ ਹੋਰ ਕਿਸੇ ਵੀ ਖਿੱਤੇ ਨਾਲੋਂ ਬਹੁਤ ਘੱਟ ਹੈ। ਤਾਂ ਵੀ ਮਨੁੱਖਤਾ ਦੇ ਸੁਨਹਿਰੀ ਭਵਿੱਖ ਅੰਦਰ ਯਕੀਨ ਇਹ ਉਮੀਦ ਬੰਨ੍ਹਾਉਂਦਾ ਹੈ ਕਿ ਇਸ ਆਬਾਦੀ ਵਿੱਚ ਵਾਧਾ ਜ਼ਰੂਰ ਹੋਵੇਗਾ। ਪਿੱਛੇ ਜਿਹੇ ਕਿਤੇ ਪੜ੍ਹਿਆ ਇੱਕ ਥਾਂ ਇਜ਼ਰਾਇਲੀ ਫੌਜ ਬੱਚਿਆਂ ਲਈ ਖਿਡੌਣੇ ਸੁੱਟਦੀ ਹੈ (ਯਕੀਨਨ ਬੱਚੇ ਹੀ ਖਿਡੌਣੇ ਚੁੱਕਣਗੇ) ਬੱਚੇ ਖਿਡੌਣੇ ਚੁੱਕਦੇ ਨੇ ਤੇ ਨਾਲ਼ ਹੀ ਮਾਸ ਦੇ ਲੋਥੜਿਆਂ ਵਿੱਚ ਬਦਲ ਜਾਂਦੇ ਨੇ।
7 ਅਕਤੂਬਰ 2023 ਤੋਂ ਹੀ ਖਾਣ ਪੀਣ ਦਾ ਲੋੜੀਂਦਾ ਸਮਾਨ ਅਤੇ ਹੋਰ ਰਾਹਤ ਸਮੱਗਰੀ ਗਾਜਾ ਵਿੱਚ ਜਾਣੋ ਬੰਦ ਹੈ ਤੇ ਹੁਣ ਫਿਰ 84 ਦਿਨ ਹੋਗੇ ਨੇ ਖਾਣ ਪੀਣ ਦਾ ਸਮਾਨ ਗਾਜਾ ਜਾਣਾ ਬਿਲਕੁਲ ਹੀ ਬੰਦ ਹੈ, ਅਜਿਹੇ ਵਿੱਚ ਗਾਜ਼ਾ ਦੇ ਬਾਡਰ ਉੱਤੇ ਇੱਕ ਇਜ਼ਰਾਈਲੀ ਲੋਕਾਂ ਦੇ ਸਮੂਹ ਨੇ ਬਾਰਬੀਕਿਉ ਪਾਰਟੀ ਰੱਖੀ, ਤਰਾਂ ਤਰਾਂ ਦੇ ਪਕਵਾਨ ਪਕਾਏ ਗਏ ਅਤੇ ਇਸਨੂੰ ਮੀਡੀਆ ਵਿੱਚ ਪ੍ਰਚਾਰਿਆ ਗਿਆ। ਇੱਕ ਪਾਸੇ 21 ਲੱਖ ਲੋਕਾਂ ਦਾ ਰਾਸ਼ਣ ਪਾਣੀ ਬੰਦੂਕ ਦੇ ਜੋਰ ਉੱਤੇ ਬੰਦ ਹੈ, ਵੱਡੀ ਗਿਣਤੀ ਭੁੱਖਮਰੀ ਦਾ ਸ਼ਿਕਾਰ ਹੈ, ਅਕਾਲ ਪਿਆ ਹੋਇਆ ਤੇ ਦੂਜੇ ਪਾਸੇ ਇਜ਼ਰਾਇਲੀ ਬਾਡਰਾਂ ਉੱਤੇ ਅਜਿਹੀਆਂ ਰਸੀਲੀਆਂ ਦਾਅਵਤਾਂ ਰੱਖ ਰਹੇ ਨੇ। ਅਣਖ ਤੇ ਸਵਾਲ ਚੁੱਕਣ ਵਾਲ਼ਾ ਬੰਦਾ ਜਾਂ ਇਜਰਾਈਲ ਛੱਡ ਜਾਂਦਾ ਜਾਂ ਫਿਰ ਜੇਲ੍ਹ ਜਾਂਦਾ। ਬਹੁ ਗਿਣਤੀ ਲੋਕ ਅਜਿਹੀ ਜੋਂਬੀ ਨਸਲ ਚ ਬਦਲ ਚੁੱਕੇ ਨੇ, ਜਿਸਨੂੰ ਮਨੁੱਖ ਕਹਿਣਾ ਆਪਣੇ ਆਪ 'ਚ ਸ਼ਰਮ ਵਾਲੀ ਗੱਲ ਹੈ। ਕਿੰਨੇ ਹੀ ਸਰਵੇ ਹੋਏ ਨੇ ਜਿੱਥੇ ਬਹੁ ਗਿਣਤੀ ਇਜਰਾਲੀਆਂ ਨੇ ਗਾਜਾ ਵਿੱਚੋ ਲੋਕਾਂ ਨੂੰ ਜਬਰੀ ਉਜਾੜੇ ਦੇ ਹੱਕ ਵਿੱਚ ਵੋਟ ਪਾਈ ਹੈ।
ਗਾਜਾ ਨੂੰ ਲਗਭਗ ਸ਼ਮਸ਼ਾਨ ਵਿੱਚ ਬਦਲ ਦਿੱਤਾ ਗਿਆ ਹੈ ਪਰ ਤਾਂ ਵੀ ਫਲੀਸਤੀਨੀ ਲੋਕਾਂ ਦਾ ਹੌਂਸਲਾ ਤੋੜਨ ਵਿੱਚ ਇਜ਼ਰਾਇਲੀ ਧਾੜਵੀ ਕਾਮਯਾਬ ਨਹੀਂ ਹੋ ਸਕੇ। ਅਤੇ ਅਖੌਤੀ ਜਮਹੂਰੀਅਤ ਦੇ ਰਾਖੇ ਅਮਰੀਕਾ, ਇੰਗਲੈਂਡ ਅਤੇ ਯੂਰਪੀ ਦੇਸ਼ ਇਜ਼ਰਾਈਲ ਨੂੰ ਹਥਿਆਰ ਵੇਚ ਮੁਨਾਫਾ ਖੱਟ ਰਹੇ ਹਨ। ਇਹਨਾਂ ਜਮਹੂਰੀਅਤ ਦੇ ਰਾਖਿਆ ਨੇ ਮਿਲਕੇ ਇੱਕ ਛੋਟੇ ਜਹੇ ਖਿੱਤੇ ਵਿੱਚ ਆਦਮ ਬੋਅ ਨਸਲ ਦੀ ਖੇਤੀ ਕੀਤੀ ਹੈ, ਇਹ ਹੁਣ ਸਮਾਂ ਦੱਸੇਗਾ ਕਿ ਇਸ ਧਰਤੀ ਉੱਤੇ ਆਦਮ ਬੋਅ ਰਹਿਣਗੇ ਕਿ ਮਨੁੱਖ ਵਸਣਗੇ।
ਧੱਬਾ
ਰਫਾਹ ਸ਼ਹਿਰ ਦੇ ਖੰਡਰਾਂ 'ਚ
ਖੇਡਦੇ ਨੇ ਤਿੰਨ ਬੱਚੇ
ਮੈਂ ਦੇਖ ਸਕਦਾ ਖੇਡਦੇ ਹੋਏ ਬੱਚਿਆਂ ਨੂੰ
ਬੱਚੇ ਖੇਡਦੇ ਨੇ
ਤਾਂ ਖੰਡਰਾਂ 'ਚ ਵੀ ਹਾਸਾ ਟੁੰਣਕਦਾ ਹੈ।
ਜਹਾਜ ਦੇ ਪਰਛਾਵੇਂ ਤੋਂ ਬਾਅਦ
ਉੱਥੇ ਕੋਈ ਬੱਚਾ ਨਹੀਂ
ਨਾ ਕੋਈ ਹਾਸਾ
ਬਸ ਲਾਲ ਧੱਬਾ ਬਚਿਆ ਹੈ।
...
ਫਿਕਰ
ਮਹੀਨਿਆਂ ਬੱਧੀ ਰਾਸ਼ਣ ਦੀ ਘੇਰਾਬੰਦੀ
ਤੇ ਓਸ ਘੇਰਾਬੰਦੀ ਨੇ
ਬਾਲਾ ਦੇ ਹਾਸੇ ਖੋਹਲੇ
ਕਿਲਕਾਰੀਆਂ ਸੋਗ 'ਚ ਬਦਲ ਗਈਆਂ
ਮਾਵਾਂ ਨੇ ਆਪਣੇ ਢਿੱਡ ਕੱਟਕੇ ਬਾਲਾ ਦੇ ਲਾਏ
ਬਾਲ ਤਾਂ ਵੀ ਹੌਲ਼ੀ ਹੌਲ਼ੀ ਡੂੰਘੀ ਨੀਂਦ ਸੌਂਦੇ ਗੇ
ਕਿੰਨੇ ਫਿਕਰ ਮੰਦ ਨੇ ਜਹਾਜ
ਤਾਹੀਓਂ ਤਾਂ ਜਿਥੋਂ ਵੀ ਲੰਘਦੇ ਨੇ
ਮੌਤ ਨੂੰ ਨੇੜੇ ਕਰ ਜਾਂਦੇ ਨੇ।
ਰਜਿੰਦਰ , 94784-19007
No comments:
Post a Comment