ਪਹਿਲਗਾਮ ਘਟਨਾ ਤੇ ਮੋਦੀ ਸਰਕਾਰ ਦੀ ਲੋਕ ਦੋਖੀ ਸਿਆਸਤ
ਕਸ਼ਮੀਰੀ ਧਰਤੀ ਦਹਾਕਿਆਂ ਤੋਂ ਲਹੂ ਲੁਹਾਨ ਤੁਰੀ ਆ ਰਹੀ ਹੈ। ਬੀਤੇ ਦਿਨੀਂ ਇੱਕ ਵਾਰ ਫੇਰ ਇਸ ਉੱਤੇ ਰੱਤ ਦੀ ਨਦੀ ਵਗੀ ਹੈ। ਲੰਘੀ 22 ਅਪ੍ਰੈਲ ਨੂੰ ਜਦੋਂ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਭਾਰਤ ਦੇ ਦੌਰੇ ਉੱਤੇ ਸੀ ਤਾਂ ਕਸ਼ਮੀਰ ਦੀ ਪਹਿਲਗਾਮ ਵਾਦੀ ਅੰਦਰ ਹਮਲਾਵਰਾਂ ਵੱਲੋਂ 26 ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ । ਇਹਨਾਂ ਵਿੱਚੋਂ 25 ਵਿਅਕਤੀ ਸੈਲਾਨੀ ਸਨ ਜੋ ਕਸ਼ਮੀਰ ਘੁੰਮਣ ਆਏ ਸਨ ਅਤੇ ਉਹਨਾਂ ਨੂੰ ਉਹਨਾਂ ਦੀ ਹਿੰਦੂ ਧਾਰਮਿਕ ਪਛਾਣ ਦੇ ਆਧਾਰ ਉੱਤੇ ਕਤਲ ਕੀਤਾ ਗਿਆ ਹੈ। 26ਵਾਂ ਵਿਅਕਤੀ ਇੱਕ ਸਥਾਨਕ ਖੱਚਰ ਵਾਲਾ ਹੈ ਜੋ ਇਹਨਾਂ ਸੈਲਾਨੀਆਂ ਨੂੰ ਬਚਾਉਂਦਾ ਹੋਇਆ ਸ਼ਹੀਦ ਹੋਇਆ।ਇਸ ਘਟਨਾ ਨੇ ਭਾਰਤੀ ਹਾਕਮਾਂ ਦੇ ਵਾਦੀ ਵਿੱਚ ਧਾਰਾ 370 ਅਤੇ 35 ਏ ਖਤਮ ਕਰਨ ਤੋਂ ਬਾਅਦ ਮੁਕੰਮਲ ਅਮਨ ਅਮਾਨ ਹੋਣ ਦੇ ਦਾਅਵੇ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਕਸ਼ਮੀਰ ਆਪਣੇ ਰਿਸਦੇ ਜ਼ਖ਼ਮ ਸਮੇਤ ਇੱਕ ਵਾਰ ਫੇਰ ਸਾਰੀ ਦੁਨੀਆਂ ਦੇ ਸਾਹਮਣੇ ਹੈ।
ਚਿੱਟੀ ਸਿੰਘਪੁਰਾ ਅਤੇ ਪੁਲਵਾਮਾ ਵਾਂਗ ਹਮਲਾਵਰ ਇਸ ਵਾਰ ਵੀ ਅਣਪਛਾਤੇ ਹਨ। ਭਾਰਤੀ ਹਕੂਮਤ ਨੇ ਘਟਨਾ ਹੋਣ ਸਾਰ ਬਿਨਾਂ ਕੋਈ ਦੇਰੀ ਕੀਤੇ ਪਾਕਿਸਤਾਨ ਹਕੂਮਤ 'ਤੇ ਇਸ ਘਟਨਾ ਦੇ ਦੋਸ਼ ਆਇਦ ਕਰ ਦਿੱਤੇ ਅਤੇ ਬਦਲਾ ਲੈਣ ਦਾ ਐਲਾਨ ਕਰ ਦਿੱਤਾ। ਇਹਨਾਂ ਦੋਸ਼ਾਂ ਦਾ ਆਧਾਰ ਬਣਨ ਲਈ ਕਿਸੇ ਜਾਂਚ ਪੜਤਾਲ, ਸਬੂਤ ਜਾਂ ਸੰਕੇਤ ਨੂੰ ਆਧਾਰ ਬਣਾਉਣ ਦੀ ਵੀ ਲੋੜ ਨਹੀਂ ਸਮਝੀ ਗਈ। ਅਜਿਹੇ ਵੱਡੇ ਅਤੇ ਲੋਕਾਂ ਲਈ ਬੇਹੱਦ ਗੰਭੀਰ ਸਿੱਟਿਆਂ ਵਾਲੇ ਨਿਰਣੇ ਤੇ ਪਹੁੰਚਣ ਲਈ ਘੱਟੋ ਘੱਟ ਲੋੜੀਂਦਾ ਸਮਾਂ ਵੀ ਨਹੀਂ ਲਿਆ ਗਿਆ। ਦੂਜੇ ਪਾਸੇ ਪਾਕਿਸਤਾਨੀ ਸਰਕਾਰ ਨੇ ਇਹਨਾਂ ਦੋਸ਼ਾਂ ਤੋਂ ਦੋ ਟੁੱਕ ਇਨਕਾਰ ਕੀਤਾ, ਕੌਮਾਂਤਰੀ ਪੱਧਰ 'ਤੇ ਕਿਸੇ ਸੰਸਥਾ ਤੋਂ ਇਸ ਘਟਨਾ ਦੀ ਜਾਂਚ ਕਰਾਉਣ ਦੀ ਮੰਗ ਰੱਖੀ ਅਤੇ ਨਾਲ ਹੀ ਕਿਸੇ ਫੌਜੀ ਕਾਰਵਾਈ ਦਾ ਡੱਟਵਾਂ ਜਵਾਬ ਦੇਣ ਦਾ ਐਲਾਨ ਕਰ ਦਿੱਤਾ। ਘਟਨਾ ਤੋਂ ਅਗਲੇ ਦਿਨ 'ਦੀ ਰਜਿਸਟੈਂਸ ਫਰੰਟ' ਨਾਂ ਦੀ ਜਥੇਬੰਦੀ ਦੇ ਵੈੱਬ ਪੇਜ ਉਪਰ ਇਸ ਘਟਨਾ ਲਈ ਜਿੰਮੇਵਾਰੀ ਪਾਈ ਗਈ ਅਤੇ ਪਿਛਲੇ ਅਰਸੇ ਵਿੱਚ ਸਰਕਾਰ ਵੱਲੋਂ ਕਸ਼ਮੀਰ ਅੰਦਰ ਵੱਡੇ ਪੱਧਰ ਉੱਤੇ ਗੈਰ ਸਥਾਨਕ ਲੋਕਾਂ ਨੂੰ ਵਸਾਉਣ ਦੀਆਂ ਕੋਸ਼ਿਸ਼ਾਂ ਅਤੇ ਇਸ ਮੰਤਵ ਲਈ ਜਾਰੀ ਕੀਤੇ ਥੋਕ ਰਿਹਾਇਸ਼ੀ ਸਰਟੀਫਿਕੇਟਾਂ ਨੂੰ ਇਸ ਕਾਰਵਾਈ ਪਿਛਲਾ ਕਾਰਨ ਦੱਸਿਆ ਗਿਆ। ਪਰ ਅਗਲੇ ਦਿਨਾਂ ਵਿੱਚ ਉਸ ਜਥੇਬੰਦੀ ਨੇ ਇੱਕ ਬਿਆਨ ਜਾਰੀ ਕਰਕੇ ਇਸ ਜਿੰਮੇਵਾਰੀ ਤੋਂ ਕੋਰਾ ਜਵਾਬ ਦਿੱਤਾ ਅਤੇ ਆਪਣੀ ਵੈੱਬਸਾਈਟ ਨੂੰ ਭਾਰਤੀ ਏਜੰਸੀਆਂ ਵੱਲੋਂ ਹੈਕ ਕੀਤੇ ਜਾਣ ਦਾ ਦਾਅਵਾ ਕੀਤਾ। ਉਹਨਾਂ ਵੱਲੋਂ ਇਸ ਘਟਨਾ ਦੇ ਦੋਸ਼ ਭਾਰਤੀ ਏਜੰਸੀਆਂ ਉੱਤੇ ਲਾਏ ਗਏ। ਲੋਕਾਂ ਦੇ ਘਰਾਂ ਅਤੇ ਦਿਲਾਂ ਵਿੱਚੋਂ ਉੱਠਦੇ ਕੀਰਨਿਆਂ ਦਰਮਿਆਨ ਦੋਹਾਂ ਦੇਸ਼ਾਂ ਦਰਮਿਆਨ ਦੋਸ਼ਾਂ ਪ੍ਰਤੀਦੋਸ਼ਾਂ ਦਾ ਸਿਲਸਿਲਾ ਜ਼ੋਰ ਸ਼ੋਰ ਨਾਲ ਚੱਲਿਆ।
ਲੋਕ ਪੱਖੀ ਹਕੂਮਤਾਂ ਜਾਂ ਅਸਰਦਾਰ ਲੋਕ ਪੱਖੀ ਕੌਮਾਂਤਰੀ ਸੰਸਥਾਵਾਂ ਦੀ ਅਣਹੋਂਦ ਵਿੱਚ ਅਜਿਹੀ ਘਟਨਾ ਦੀ ਨਿਰਪੱਖ ਜਾਂਚ ਹੋਣ ਅਤੇ ਅਸਲ ਦੋਸ਼ੀਆਂ ਅਤੇ ਉਹਨਾਂ ਦੇ ਪਿਛਲੀਆਂ ਤਾਕਤਾਂ ਦੇ ਸਾਹਮਣੇ ਆ ਸਕਣ ਦੀਆਂ ਸੰਭਾਵਨਾਵਾਂ ਮੱਧਮ ਹਨ। ਪਰ ਕਿਸੇ ਵੀ ਹਾਲਤ ਵਿੱਚ ਇਸ ਘਟਨਾ ਦੀ ਮੁੱਖ ਜਿੰਮੇਵਾਰ ਭਾਰਤੀ ਹਕੂਮਤ ਬਣਦੀ ਹੈ। ਇਸਨੇ ਦਹਾਕਿਆਂ ਤੋਂ ਫੌਜੀ ਜਬਰ ਦੇ ਜ਼ੋਰ ਇਥੋਂ ਦੀ ਕੌਮੀ ਖੁਦਮੁਖਤਿਆਰੀ ਦੀ ਲਹਿਰ ਦਾ ਗਲਾ ਘੁੱਟੀ ਰੱਖਿਆ ਹੈ। ਕਸ਼ਮੀਰੀ ਲੋਕਾਂ ਖਿਲਾਫ਼ ਜਾਬਰ ਕਾਨੂੰਨਾਂ, ਸੰਘਣੀ ਫੌਜੀ ਨਫਰੀ, ਝੂਠੇ ਮੁਕਾਬਲਿਆਂ, ਤਸ਼ੱਦਦ, ਜਬਰ,ਧੱਕੇਸ਼ਾਹੀ ਅਤੇ ਪਾਬੰਦੀਆਂ ਦੀ ਬੇਦਰੇਗ ਵਰਤੋਂ ਕੀਤੀ ਹੈ। ਧਾਰਾ 370 ਅਤੇ ਧਾਰਾ 35 ਏ ਦੇ ਖਾਤਮੇ ਤੋਂ ਬਾਅਦ ਤਾਂ ਇਸ ਜਾਬਰ ਅਮਲ ਨੂੰ ਨਵੇਂ ਮੁਕਾਮ ਉੱਤੇ ਪਹੁੰਚਾ ਦਿੱਤਾ ਗਿਆ ਹੈ। ਮੁਕੰਮਲ ਜ਼ੁਬਾਨਬੰਦੀ ਇਹਨਾਂ ਸਾਲਾਂ ਨੂੰ ਪਰਿਭਾਸ਼ਿਤ ਕਰਦਾ ਇਕ ਆਮ ਸ਼ਬਦ ਹੈ। ਥੋਕ ਪੁਲਸ ਹਿਰਾਸਤਾਂ, ਤਸ਼ੱਦਦ ਅਤੇ ਸ਼ੱਕੀ ਵੱਖਵਾਦੀਆਂ ਦੇ ਕਤਲ ਇਸ ਜ਼ੁਬਾਨਬੰਦੀ ਦੇ ਨਾਲੋ ਨਾਲ ਚੱਲਦੇ ਰਹੇ ਹਨ। ਇਹਨਾਂ ਵਰ੍ਹਿਆਂ ਅੰਦਰ ਭਾਰਤੀ ਹਕੂਮਤ ਨੇ ਕਸ਼ਮੀਰੀ ਲੋਕਾਂ ਨਾਲ ਆਪਣੀ ਦੁਸ਼ਮਣੀ ਨੂੰ ਨਵੇਂ ਮੁਕਾਮ ਤੇ ਪਹੁੰਚਾਇਆ ਹੈ। ਕਸ਼ਮੀਰ ਅੰਦਰ ਇਉਂ ਕਰਦੇ ਹੋਏ ਦੂਜੇ ਪਾਸੇ ਬਾਕੀ ਭਾਰਤ ਦੇ ਲੋਕਾਂ ਅੰਦਰ ਕੁੱਲ ਮੁਸਲਿਮ ਅਤੇ ਕਸ਼ਮੀਰੀ ਲੋਕਾਂ ਪ੍ਰਤੀ ਬੇਗਾਨਗੀ, ਤੌਖਲਿਆਂ ਅਤੇ ਨਫ਼ਰਤ ਦਾ ਡੂੰਘਾ ਸੰਚਾਰ ਕੀਤਾ ਹੈ। ਕਿਸੇ ਵੀ ਅਣਸੁਖਾਵੀਂ ਫਿਰਕੂ ਘਟਨਾ ਜਾਂ ਵਿਸ਼ੈਲੇ ਫਿਰਕੂ ਪ੍ਰਚਾਰ ਤੋਂ ਬਾਅਦ ਇਹ ਕਸ਼ਮੀਰੀ ਵਸੋਂ ਸੌਖ ਨਾਲ ਹੀ ਹਿੰਦੂ ਫਾਸ਼ੀ ਟੋਲਿਆਂ ਦੇ ਨਿਸ਼ਾਨੇ 'ਤੇ ਆਉਂਦੀ ਰਹੀ ਹੈ। ਪੁਲਵਾਮਾ ਘਟਨਾਕਰਮ ਤੋਂ ਬਾਅਦ ਭਾਰਤ ਭਰ ਅੰਦਰ ਕਸ਼ਮੀਰੀ ਵਸੋਂ ਨੇ ਇਸ ਦੀ ਸਮੂਹਕ ਸਜ਼ਾ ਭੁਗਤੀ ਹੈ। ਇਹਨਾਂ ਨਫ਼ਰਤੀ ਅਤੇ ਸਮੂਹਿਕ ਸਜ਼ਾ ਮੁਹਿੰਮਾਂ ਨੇ ਕਸ਼ਮੀਰੀਆਂ ਅਤੇ ਬਾਕੀ ਭਾਰਤੀ ਲੋਕਾਂ ਵਿੱਚ ਵੀ ਦੀਵਾਰ ਖੜ੍ਹੀ ਕਰਨ ਦਾ ਕਾਰਜ ਕੀਤਾ ਹੈ।ਕਸ਼ਮੀਰ ਵਾਦੀ ਅੰਦਰ ਲਾਗੂ ਪਿਛਲੇ ਕਾਨੂੰਨ ਰੱਦ ਕੀਤੇ ਗਏ ਹਨ ਅਤੇ ਨਵੇਂ ਕਾਨੂੰਨ ਘੜੇ ਗਏ ਹਨ ਜਿਹਨਾਂ ਵਿੱਚ ਉਥੋਂ ਦੀ ਜ਼ਮੀਨ ਅਤੇ ਸੋਮਿਆਂ ਉੱਤੇ ਕਸ਼ਮੀਰੀ ਵਸੋਂ ਦਾ ਏਕਾਧਿਕਾਰ ਖਤਮ ਕੀਤਾ ਗਿਆ ਹੈ। ਬਾਹਰਲੀ ਵਸੋਂ ਨੂੰ ਉੱਥੇ ਵਸਣ ਲਈ ਥੋਕ ਪੱਧਰ ਉੱਤੇ ਰਿਹਾਇਸ਼ੀ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਪਿਛਲੇ ਦੋ ਸਾਲਾਂ ਅੰਦਰ ਹੀ ਜਾਰੀ ਹੋਏ ਰਿਹਾਇਸ਼ੀ ਸਰਟੀਫਿਕੇਟਾਂ ਦੀ ਗਿਣਤੀ 83000 ਬਣਦੀ ਹੈ। ਇਹਨਾਂ ਕਦਮਾਂ ਨੇ ਕਸ਼ਮੀਰੀ ਲੋਕਾਂ ਅੰਦਰ ਆਪਣੀ ਹੋਣੀ ਬਾਰੇ ਗੰਭੀਰ ਸੰਸੇ ਖੜ੍ਹੇ ਕੀਤੇ ਹਨ। ਹਾਲਾਂਕਿ ਆਪਣੇ ਪਿਛਲੇ ਕਿਰਦਾਰ ਅਤੇ ਅਜਿਹੀਆਂ ਘਟਨਾਵਾਂ ਤੋਂ ਲਾਹੇ ਖੱਟਣ ਦੀਆਂ ਸਮਰੱਥਾਵਾਂ ਸਦਕਾ ਪਾਕਿਸਤਾਨੀ ਅਤੇ ਭਾਰਤੀ ਹਕੂਮਤਾਂ ਸ਼ੱਕ ਦੇ ਘੇਰੇ ਤੋਂ ਬਾਹਰ ਨਹੀਂ ਹਨ, ਪਰ ਫਿਰ ਵੀ ਸੂਬੇ ਦੇ ਅੰਦਰ ਅਤੇ ਬਾਹਰ ਅਜਿਹੀ ਹਾਲਤ ਦੇ ਚੱਲਦੇ ਇਸ ਸੰਭਾਵਨਾ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ ਕਿ ਕਿਸੇ ਸਥਾਨਕ ਮਿਲੀਟੈਂਟ ਗਰੁੱਪ ਨੇ ਫਿਰਕਾਪ੍ਰਸਤੀ ਦਾ ਜਵਾਬ ਫਿਰਕਾਪ੍ਰਸਤੀ ਰਾਹੀਂ ਦੇਣ ਦਾ ਗਲਤ ਰਾਹ ਚੁਣ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੋਵੇ ਜਾਂ ਉਹ ਕਿਸੇ ਹੋਰ ਤਾਕਤ ਦੇ ਹੱਥ ਦੀ ਕਠਪੁਤਲੀ ਬਣ ਗਿਆ ਹੋਵੇ।ਕੁਝ ਵੀ ਹੋਵੇ, ਇਹ ਘਟਨਾ ਕਸ਼ਮੀਰੀ ਲੋਕਾਂ ਦੀ ਹੱਕੀ ਲਹਿਰ ਨੂੰ ਹਰਜਾ ਪਹੁੰਚਾਉਣ ਵਾਲੀ ਹੈ ਅਤੇ ਇਸ ਹੱਕੀ ਕਾਜ ਲਈ ਅਤੀ ਲੋੜੀਂਦੀ ਭਰਾਤਰੀ ਇਮਦਾਦ ਨੂੰ ਖੋਰਨ ਵਾਲੀ ਹੈ। ਕਸ਼ਮੀਰੀਆਂ ਪ੍ਰਤੀ ਭਾਜਪਾ ਅਤੇ ਸੰਘੀ ਲਾਣੇ ਵੱਲੋਂ ਉਭਾਰੇ ਜਾ ਰਹੇ ਨਫ਼ਰਤੀ ਬਿਰਤਾਂਤ ਨੂੰ ਹਵਾ ਦੇਣ ਵਾਲੀ ਹੈ।
ਪੀੜਤਾਂ ਲਈ ਕਸ਼ਮੀਰ ਅੰਦਰ ਵਗਿਆ ਮਨੁੱਖੀ ਹਮਦਰਦੀ ਦਾ ਦਰਿਆ
ਹਰ ਕਸ਼ਮੀਰੀ ਦਿਲ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਹੈ।ਇਸ ਕਰਕੇ ਉਹਨਾਂ ਨੇ ਸਮੂਹਕ ਤੌਰ 'ਤੇ ਆਪਣੇ ਆਪ ਨੂੰ ਇਸ ਘਟਨਾ ਨਾਲੋਂ ਨਿਖੇੜਿਆ ਅਤੇ ਇਸਨੂੰ ਨਕਾਰਿਆ ਅਤੇ ਨਿੰਦਿਆ ਹੈ। ਭਾਰਤ ਦੇ ਹੋਰਨਾਂ ਇਨਸਾਫ਼ਪਸੰਦ ਲੋਕਾਂ ਨਾਲ ਰਲ ਕੇ ਉਹ ਇਸ ਘਟਨਾ ਦੇ ਵਿਰੋਧ ਵਿੱਚ ਜ਼ੋਰਦਾਰ ਢੰਗ ਨਾਲ ਨਿੱਤਰੇ ਹਨ ਅਤੇ ਇਸ ਖਿਲਾਫ਼ ਲਾਮਿਸਾਲ ਪ੍ਰਤੀਕਰਮ ਦਿੱਤਾ ਹੈ।ਘਟਨਾ ਵਾਪਰਨ ਵੇਲੇ ਤੋਂ ਹੀ ਸਥਾਨਕ ਕਸ਼ਮੀਰੀ ਵਸੋਂ ਆਪਣੀ ਪੂਰੀ ਸਮਰੱਥਾ ਸਮੇਤ ਪੀੜਤਾਂ ਦੀ ਮਦਦ ਲਈ ਬਹੁੜੀ ਹੈ। ਜਦੋਂ ਹਮਲਾਵਰ ਲੋਕਾਂ ਨੂੰ ਚੁਣ ਚੁਣ ਕੇ ਮਾਰ ਰਹੇ ਸਨ ਤਾਂ ਕਸ਼ਮੀਰੀ ਲੋਕਾਂ ਦਾ ਬਹਾਦਰ ਜਾਇਆ ਸਈਅਦ ਆਦਿਲ ਸ਼ਾਹ ਉਸ ਟੂਰਿਸਟ ਅੱਗੇ ਢਾਲ ਬਣ ਕੇ ਖੜ੍ਹਿਆ ਜਿਸ ਨੂੰ ਉਹ ਆਪਣੇ ਖੱਚਰ ਤੇ ਲਿਆਇਆ ਸੀ।ਉਸਨੇ ਹਮਲਾਵਰਾਂ ਨੂੰ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ, ਇਹ ਸਾਡੇ ਮਹਿਮਾਨ ਹਨ। ਉਸਨੇ ਹਮਲਾਵਰ ਤੋਂ ਬੰਦੂਕ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਦੇ ਜਵਾਬ ਵਿੱਚ ਤਿੰਨ ਗੋਲੀਆਂ ਉਸਦੇ ਸਰੀਰ ਵਿੱਚੋਂ ਆਰ ਪਾਰ ਕਰ ਦਿੱਤੀਆਂ ਗਈਆਂ। ਇਹ ਨੌਜਵਾਨ ਆਪਣੇ ਖੂਨ ਸੰਗ ਕਸ਼ਮੀਰੀ ਅਤੇ ਭਾਰਤੀ ਲੋਕਾਂ ਦੀ ਸਾਂਝ ਬੁਲੰਦ ਕਰ ਗਿਆ। ਹੋਰ ਕਸ਼ਮੀਰੀ ਲੋਕ ਵੀ, ਜੋ ਖੱਚਰਾਂ ਵਾਲਿਆ ਜਾਂ ਗਾਈਡਾਂ ਵਜੋਂ ਮੌਕੇ 'ਤੇ ਮੌਜੂਦ ਸਨ, ਉਹਨਾਂ ਨੇ ਟੂਰਿਸਟਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਜਿਉਂ ਹੀ ਸਥਾਨਕ ਲੋਕਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ, ਉਹ ਵਾਹੋ ਦਾਹੀ ਘਟਨਾ ਸਥਾਨ ਵੱਲ ਨੱਠੇ। ਪੀੜਤਾਂ ਨੂੰ ਧਰਵਾਸ ਬੰਨ੍ਹਾਉਣ ਅਤੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਲਿਜਾਣ ਵਿੱਚ ਜੁਟ ਗਏ। ਔਖੀਆਂ ਘੜੀਆਂ ਵਿੱਚ ਮਨੁੱਖੀ ਹਮਦਰਦੀ ਅਤੇ ਸਾਥ ਦੀਆਂ ਸ਼ਾਨਦਾਰ ਝਲਕਾਂ ਸਾਹਮਣੇ ਆਈਆਂ। ਇੱਕ ਸਥਾਨਕ ਸ਼ਾਲਾਂ ਵੇਚਣ ਵਾਲਾ ਜਖ਼ਮੀ ਟੂਰਿਸਟ ਨੂੰ ਮੋਢਿਆਂ ਉੱਤੇ ਚੁੱਕ ਕੇ ਘੰਟਾ ਭਰ ਭੱਜਦਾ ਰਿਹਾ ਤਾਂ ਕਿ ਉਸਨੂੰ ਛੇਤੀ ਤੋਂ ਛੇਤੀ ਡਾਕਟਰੀ ਮਦਦ ਦਿੱਤੀ ਜਾ ਸਕੇ। ਮ੍ਰਿਤਕਾਂ ਨੂੰ ਸਾਂਭਣ, ਪਿੱਛੇ ਰਹਿ ਗਿਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ, ਉਹਨਾਂ ਦੀ ਵਾਪਸੀ ਦਾ ਪ੍ਰਬੰਧ ਕਰਨ ਆਦਿ ਵਿੱਚ ਸਥਾਨਕ ਲੋਕਾਂ ਨੇ ਵੱਡੀ ਪੱਧਰ 'ਤੇ ਹਿੱਸਾ ਪਾਇਆ। ਕਈ ਲੋਕ ਡਰੇ ਹੋਏ ਟੂਰਿਸਟਾਂ ਨੂੰ ਹੋਟਲਾਂ ਦੀ ਥਾਂ 'ਤੇ ਆਪਣੇ ਘਰਾਂ ਦੇ ਸੁਰੱਖਿਅਤ ਮਾਹੌਲ ਵਿੱਚ ਲੈ ਗਏ। ਕਈ ਹੋਰ ਟੂਰਿਸਟਾਂ ਦੇ ਏਅਰਪੋਰਟ ਪਹੁੰਚਣ ਤੱਕ ਹਰ ਘੜੀ ਉਹਨਾਂ ਦੇ ਨਾਲ ਰਹੇ। ਟੈਕਸੀ ਅਤੇ ਆਟੋ ਵਾਲਿਆਂ ਨੇ ਇਹਨਾਂ ਯਾਤਰੀਆਂ ਤੋਂ ਕਿਰਾਇਆ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਜਦੋਂ ਕਸ਼ਮੀਰ ਦੇ ਅੰਦਰੋਂ ਟੂਰਿਸਟਾਂ ਦਾ ਵੱਡੀ ਪੱਧਰ ਉੱਤੇ ਪਲਾਇਨ ਸ਼ੁਰੂ ਹੋ ਗਿਆ ਤਾਂ ਕਸ਼ਮੀਰੀਆਂ ਨੇ ਥਾਂ ਥਾਂ ਤੇ ਖਾਣੇ, ਫਲਾਂ, ਪਾਣੀ ਆਦਿ ਦੇ ਲੰਗਰ ਲਗਾਏ।
ਕਸ਼ਮੀਰ ਦੀ ਕੁੱਲ ਵਸੋਂ ਨੇ ਕਈ ਤਰੀਕਿਆਂ ਨਾਲ ਇਸ ਘਟਨਾ ਤੋਂ ਆਪਣੀ ਅਲਹਿਦਗੀ ਅਤੇ ਰੋਸ ਜਾਹਿਰ ਕੀਤਾ। ਕਸ਼ਮੀਰ ਅੰਦਰ ਥਾਂ ਥਾਂ ਇਸ ਘਟਨਾ ਖਿਲਾਫ਼ ਸੜਕਾਂ 'ਤੇ ਮੋਮਬੱਤੀ ਮਾਰਚ ਅਤੇ ਮੁਜ਼ਾਹਰੇ ਹੋਏ,ਜਿਹਨਾਂ ਵਿੱਚ ਔਰਤਾਂ ਵੀ ਸ਼ਾਮਿਲ ਹੋਈਆਂ। ਔਰਤਾਂ, ਮਰਦ,ਬਜ਼ੁਰਗ ਇਸ ਘਟਨਾ ਦੇ ਖਿਲਾਫ਼ ਕੈਮਰਿਆ ਸਾਹਮਣੇ ਆਕੇ ਬੋਲੇ। ਘਟਨਾ ਤੋਂ ਅਗਲੇ ਦਿਨ ਸੂਬੇ ਦੀਆਂ ਸਾਰੀਆਂ ਅਖਬਾਰਾਂ ਦਾ ਪਹਿਲਾ ਪੰਨਾ ਕਾਲੇ ਰੰਗ ਵਿੱਚ ਛਪਿਆ। ਪਿਛਲੇ ਕਈ ਸਾਲਾਂ ਵਿੱਚ ਵਾਦੀ ਨੇ ਪਹਿਲੀ ਵਾਰ ਮੁਕੰਮਲ ਬੰਦ ਦੇਖਿਆ। ਪਿੰਡਾਂ ਅਤੇ ਸ਼ਹਿਰਾਂ ਦੀਆਂ ਮਸੀਤਾਂ ਵਿੱਚੋਂ ਇਸ ਘਟਨਾ ਦੀ ਖਿਲਾਫ਼ਤ ਕੀਤੀ ਗਈ। ਇਥੋਂ ਤੱਕ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਸੂਬੇ ਵਿੱਚ ਇਹ ਘਟਨਾ ਵਾਪਰਨ ਲਈ ਮਾਫ਼ੀ ਮੰਗੀ।
ਪਰ ਜਦੋਂ ਲੋਕ ਦੁੱਖ ਦੀ ਇਸ ਘੜੀ ਵਿੱਚ ਇੱਕ ਦੂਜੇ ਦਾ ਸਹਾਰਾ ਬਣ ਰਹੇ ਸਨ ਅਤੇ ਸਾਂਝੇ ਤੌਰ 'ਤੇ ਪੀੜ ਮੰਨ ਰਹੇ ਸਨ ਤਾਂ ਭਾਜਪਾ ਅਤੇ ਸੰਘੀ ਲਾਣੇ ਨੇ ਇਸ ਘਟਨਾ ਨੂੰ ਫਿਰ ਤੋਂ ਫਿਰਕੂ ਰਾਸ਼ਟਰਵਾਦੀ ਜ਼ਹਿਰ ਫੈਲਾਉਣ ਅਤੇ ਲੋਕਾਂ ਨੂੰ ਇੱਕ ਦੂਜੇ ਖਿਲਾਫ਼ ਖੜ੍ਹੇ ਕਰਨ ਲਈ ਵਰਤਣ ਦਾ ਅਮਲ ਜ਼ੋਰ ਸ਼ੋਰ ਨਾਲ ਛੇੜ ਲਿਆ। ਇਹ ਘਟਨਾ ਭਾਜਪਾ ਦੇ ਪਾਟਕਪਾਊ ਮਨਸੂਬਿਆਂ ਨੂੰ ਐਨ ਫਿਟ ਬੈਠੀ ਅਤੇ ਸਭ ਤੋਂ ਵੱਧ ਕੇ ਭਾਜਪਾ ਤੇ ਸੰਘੀ ਲਾਣੇ ਵੱਲੋਂ ਸਿਰਜੇ ਜਾ ਰਹੇ ਫਿਰਕੂ ਬਿਰਤਾਂਤ ਨੂੰ ਤਕੜੇ ਕਰਨ ਦਾ ਸਬੱਬ ਹੀ ਬਣੀ। ਇਸ ਘਟਨਾ ਨੂੰ ਆਧਾਰ ਬਣਾ ਕੇ ਇੱਕ ਪਾਸੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਹੋਕਰੇ ਮਾਰੇ ਗਏ, ਦੂਜੇ ਪਾਸੇ ਮੁਸਲਮਾਨਾਂ ਅਤੇ ਕਸ਼ਮੀਰੀਆਂ ਦੇ ਸਮੂਹਿਕ ਬਾਈਕਾਟ ਦੇ ਸੱਦੇ ਦਿੱਤੇ ਗਏ। ਭਾਜਪਾ ਦੇ ਕਈ ਸਥਾਨਕ ਅਤੇ ਵੱਡੇ ਆਗੂਆਂ ਨੇ ਇਸ ਨਫ਼ਰਤੀ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਮਹਾਂਰਾਸ਼ਟਰ ਦੇ ਭਾਜਪਾ ਦੇ ਮੰਤਰੀ ਨਿਤੀਸ਼ ਰਾਣੇ ਨੇ ਮੁਸਲਮਾਨਾਂ ਦੇ ਆਰਥਿਕ ਬਾਈਕਾਟ ਦਾ ਸੱਦਾ ਦਿੱਤਾ ਅਤੇ ਹਿੰਦੂਆਂ ਨੂੰ ਸੌਂਹ ਖਵਾਈ ਕਿ ਉਹ ਅੱਗੇ ਤੋਂ ਸਿਰਫ਼ ਹਿੰਦੂ ਦੁਕਾਨਦਾਰਾਂ ਤੋਂ ਹੀ ਸਮਾਨ ਖਰੀਦਣਗੇ। ਗਾਜ਼ੀਆਬਾਦ ਤੋਂ ਭਾਜਪਾ ਵਿਧਾਇਕ ਨੇ ਇਹਨਾਂ ਟੋਪੀ ਵਾਲਿਆਂ ਅਤੇ ਜਿਹਾਦੀਆਂ ਦੀ ਪਛਾਣ ਕਰਨ ਤੇ ਉਹਨਾਂ ਨੂੰ ਨਠਾ ਦੇਣ ਦਾ ਸੱਦਾ ਦਿੱਤਾ।ਹਿੰਦੂਤਵੀ ਜਥੇਬੰਦੀਆਂ ਦੇ ਆਗੂਆਂ ਨੇ ਬੇਹੱਦ ਜ਼ਹਿਰੀ ਭਾਸ਼ਣ ਦਿੱਤੇ। ਉੱਤਰ ਪ੍ਰਦੇਸ਼ ਦੇ ਇੱਕ ਹਿੰਦੂ ਧਾਰਮਿਕ ਆਗੂ ਨੇ ਹਿੰਦੂਆਂ ਨੂੰ ਇਹਨਾਂ ਅਧਰਮੀਆਂ ਖਿਲਾਫ਼ ਜੰਗ ਛੇੜਨ ਦਾ ਸੱਦਾ ਦਿੱਤਾ ਅਤੇ ਇਸ ਮੰਤਵ ਲਈ ਹਥਿਆਰ ਇਕੱਠੇ ਕਰਨ ਲਈ ਕਿਹਾ। ਸ਼ਿਮਲੇ ਅੰਦਰ ਮੁਸਲਿਮ ਕਿਰਾਏਦਾਰਾਂ ਨੂੰ ਘਰੋਂ ਨਾ ਕੱਢਣ ਦੀ ਸੂਰਤ ਵਿੱਚ ਮਕਾਨ ਮਾਲਕਾਂ ਨਾਲ ਸਿੱਝਣ ਦੀ ਚਿਤਾਵਨੀ ਜਾਰੀ ਕੀਤੀ ਗਈ।'ਇੰਡੀਆ ਹੇਟ ਲੈਬ' ਦੀ ਰਿਪੋਰਟ ਅਨੁਸਾਰ ਪਹਿਲਗਾਮ ਘਟਨਾ ਤੋਂ ਅਗਲੇ 10 ਦਿਨਾਂ ਦੌਰਾਨ ਲਗਭਗ 64 ਇਹੋ ਜਿਹੇ ਭਾਸ਼ਣ ਦਿੱਤੇ ਗਏ।
ਸੰਘੀ ਲਾਣੇ ਦੀ ਟਰੋਲ ਆਰਮੀ ਇਸ ਸਮੇਂ ਵਿੱਚ ਬੇਹੱਦ ਸਰਗਰਮ ਰਹੀ ਅਤੇ ਸੋਸ਼ਲ ਮੀਡੀਆ ਉੱਤੇ ਫਿਰਕੂ ਪੋਸਟਾਂ ਦਾ ਹੜ੍ਹ ਹੀ ਆ ਗਿਆ। ਮੁਲਕ ਵਿੱਚ ਇਸ ਫਿਰਕੂ ਬਿਰਤਾਂਤ ਦਾ ਵਿਰੋਧ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਲਾਮਬੰਦ ਹੋਣ ਦੇ ਸੱਦੇ ਦਿੱਤੇ ਗਏ। ਖ਼ੂਨ ਦਾ ਬਦਲਾ ਖ਼ੂਨ ਨਾਲ ਲੈਣ, ਮੁਸਲਮਾਨਾਂ ਦਾ ਨਸਲਘਾਤ ਕਰਨ ਤੋਂ ਲੈ ਕੇ ਕਸ਼ਮੀਰੀ ਕੁੜੀਆਂ ਦੇ ਬਲਾਤਕਾਰ ਕਰਨ ਤੱਕ ਦੇ ਮੈਸੇਜ ਧੁਮਾਏ ਗਏ। ਇਸ ਜਨੂੰਨੀ ਮਾਹੌਲ ਦੀ ਧਾਰ ਇਸ ਹੱਦ ਤੱਕ ਸੀ ਕਿ ਪਹਿਲਗਾਮ ਘਟਨਾ ਵਿੱਚ ਮਾਰੇ ਗਏ ਹਰਿਆਣਾ ਦੇ ਏਅਰਫੋਰਸ ਕੈਪਟਨ ਵਿਨੇ ਨਰਵਾਲ ਦੀ ਪਤਨੀ, ਜਿਸਦੀ ਆਪਣੇ ਪਤੀ ਦੀ ਦੇਹ ਕੋਲ ਬੈਠੀ ਹੋਈ ਦੀ ਫੋਟੋ ਪਹਿਲਾਂ ਸੰਘੀ ਲਾਣੇ ਵਾਸਤੇ ਵੱਡਾ ਇਸ਼ਤਿਹਾਰ ਸੀ, ਉਸਨੂੰ ਵੀ ਸੰਘੀ ਲਾਣੇ ਨੇ ਆਪਣੇ ਗਾਲੀ ਗਲੋਚ ਦਾ ਸ਼ਿਕਾਰ ਬਣਾ ਲਿਆ,ਜਦੋਂ ਉਸਨੇ ਕਸ਼ਮੀਰੀਆਂ ਅਤੇ ਮੁਸਲਮਾਨਾਂ ਖਿਲਾਫ਼ ਨਾ ਜਾਣ ਦੀ ਅਪੀਲ ਕੀਤੀ।
ਅਜਿਹੇ ਮਾਹੌਲ ਦੇ ਪ੍ਰਭਾਵ ਹੇਠ ਯੂ.ਪੀ, ਮੱਧ ਪ੍ਰਦੇਸ਼, ਬਿਹਾਰ,ਛੱਤੀਸਗੜ੍ਹ, ਹਿਮਾਚਲ, ਉੱਤਰਾਖੰਡ, ਰਾਜਸਥਾਨ, ਪੰਜਾਬ, ਦਿੱਲੀ, ਹਰਿਆਣਾ ਆਦਿ ਵਿੱਚ ਅਨੇਕਾਂ ਥਾਵਾਂ 'ਤੇ ਮੁਸਲਮਾਨਾਂ ਅਤੇ ਕਸ਼ਮੀਰੀਆਂ ਖਿਲਾਫ਼ ਹਿੰਸਕ ਘਟਨਾਵਾਂ ਘਟੀਆਂ। ਆਗਰਾ ਵਿੱਚ ਗਊ ਰੱਖਿਅਕ ਦਲ ਦੇ ਇੱਕ ਮੈਂਬਰ ਨੇ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ ਇੱਕ ਮੁਸਲਮਾਨ ਕਾਮੇ ਨੂੰ ਇਹ ਕਹਿ ਕੇ ਗੋਲੀ ਮਾਰ ਦਿੱਤੀ ਕਿ ਉਹ 26 ਦਾ ਬਦਲਾ 2600 ਨਾਲ ਲਵੇਗਾ। ਇਹੋ ਜਿਹਾ ਹੀ ਨਾਅਰਾ ਲਾਉਂਦੇ ਹੋਏ ਉੱਤਰ ਪ੍ਰਦੇਸ਼ ਦੇ ਸ਼ਾਮਲੀ ਅੰਦਰ ਇੱਕ ਵਿਅਕਤੀ ਨੇ ਕੁਹਾੜੇ ਨਾਲ ਆਪਣੇ ਪਿੰਡ ਦੇ ਇੱਕ ਮੁਸਲਮਾਨ ਨੂੰ ਕਤਲ ਕਰ ਦਿੱਤਾ। ਅਨੇਕਾਂ ਥਾਵਾਂ 'ਤੇ ਕਸ਼ਮੀਰੀਆਂ ਅਤੇ ਮੁਸਲਮਾਨਾਂ ਨੂੰ ਕੁੱਟਣ ਮਾਰਨ, ਮੂੰਹ ਕਾਲਾ ਕਰਕੇ ਘੁਮਾਉਣ , ਉਹਨਾਂ ਦੀਆਂ ਦੁਕਾਨਾਂ ਸਾੜਨ ਅਤੇ ਰੇੜ੍ਹੀਆਂ ਉਲਟਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਕਸ਼ਮੀਰੀਆਂ ਲਈ ਆਮ ਤੌਰ 'ਤੇ ਸੁਰੱਖਿਅਤ ਸਮਝੇ ਜਾਂਦੇ ਪੰਜਾਬ ਅੰਦਰ ਵੀ ਖਰੜ ਅਤੇ ਮੁਹਾਲੀ ਵਰਗੀਆਂ ਥਾਵਾਂ 'ਤੇ ਕਸ਼ਮੀਰੀ ਵਿਦਿਆਰਥੀਆਂ ਨਾਲ ਖਿੱਚ ਧੂਹ ਕਰਨ ਦੀਆਂ ਘਟਨਾਵਾਂ ਵਾਪਰੀਆਂ। ਖਰੜ ਵਿਖੇ ਇੱਕ ਕਸ਼ਮੀਰੀ ਕੁੜੀ ਨੂੰ ਆਟੋ ਵਿੱਚੋਂ ਉਤਾਰ ਕੇ ਉਸ ਨਾਲ ਬਦਸਲੂਕੀ ਕੀਤੀ ਗਈ। ਕਸ਼ਮੀਰੀ ਵਿਦਿਆਰਥੀਆਂ ਖਿਲਾਫ਼ ਅਜਿਹੀ ਹੀ ਇੱਕ ਕੋਸ਼ਿਸ਼ ਬਠਿੰਡਾ ਜ਼ਿਲ੍ਹੇ ਵਿੱਚ ਘੁੱਦਾ ਪਿੰਡ ਵਿਖੇ ਹੋਈ ਜਿਸ ਨੂੰ ਨਾਕਾਮ ਬਣਾ ਦਿੱਤਾ ਗਿਆ। (ਇਸ ਸਬੰਧੀ ਇੱਕ ਵੱਖਰੀ ਰਿਪੋਰਟ ਦਿੱਤੀ ਗਈ ਹੈ)। ਮੁਸਲਿਮ ਅਤੇ ਕਸ਼ਮੀਰੀ ਵਸੋਂ ਸਮੇਤ ਕੁੱਲ ਪਾਕਿਸਤਾਨੀ ਲੋਕਾਂ ਖਿਲਾਫ਼ ਨਫ਼ਰਤੀ ਮੁਹਿੰਮ ਨੇ ਸਧਾਰਨ ਲੋਕਾਂ ਨੂੰ ਵੀ ਪ੍ਰਭਾਵਿਤ ਕੀਤਾ ਅਤੇ ਉਹ ਵੀ ਇਸ ਫਿਰਕੂ ਅਤੇ ਕੌਮੀ ਜਨੂਨ ਦੀ ਹਨੇਰੀ ਦੀ ਮਾਰ ਥੱਲੇ ਆਏ।
ਸਮੂਹਿਕ ਤੌਰ 'ਤੇ ਦੋਸ਼ੀ ਗਰਦਾਨਣ ਅਤੇ ਸਮੂਹਿਕ ਦੰਡ ਦੇਣ ਦੀ ਭਾਵਨਾ ਨੂੰ ਸਰਕਾਰੀ ਤੌਰ 'ਤੇ ਵੀ ਬਲ ਬਖਸ਼ਿਆ ਗਿਆ ਜਦੋਂ ਭਾਰਤੀ ਹਕੂਮਤ ਨੇ ਇੱਕਤਰਫਾ ਤੌਰ 'ਤੇ ਸਿੰਧੂ ਜਲ ਸੰਧੀ ਰੱਦ ਕਰ ਦਿੱਤੀ ਅਤੇ ਪਾਕਿਸਤਾਨੀ ਲੋਕਾਂ ਨੂੰ ਪਾਣੀ ਦੀ ਸਪਲਾਈ ਰੋਕ ਕੇ ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਸੁਨੇਹਾ ਦਿੱਤਾ ਗਿਆ । ਇੱਧਰ ਰਹਿ ਰਹੇ ਪਾਕਿਸਤਾਨੀ ਲੋਕਾਂ ਨੂੰ ਦੋ ਦਿਨਾਂ ਦੇ ਅਰਸੇ ਦੌਰਾਨ ਦੇਸ਼ ਛੱਡ ਜਾਣ ਦੇ ਹੁਕਮ ਸੁਣਾ ਦਿੱਤੇ ਗਏ। ਇਹਨਾਂ ਵਿੱਚੋਂ ਅਨੇਕਾਂ ਪਾਕਿਸਤਾਨੀ ਨਾਗਰਿਕ ਅਜਿਹੇ ਸਨ ਜੋ ਕਈ ਵਰ੍ਹਿਆਂ ਤੋਂ ਇੱਧਰ ਹੀ ਰਹਿ ਰਹੇ ਸਨ। ਇੱਧਰ ਵਿਆਹੇ ਗਏ ਸਨ ਤੇ ਇੱਧਰ ਹੀ ਉਹਨਾਂ ਦੇ ਪਰਿਵਾਰ ਸਨ। ਚੰਦ ਦਿਨਾਂ ਦੇ ਮਾਸੂਮ ਬੱਚੇ ਨੂੰ ਛੱਡ ਕੇ ਵਿਲਕਦੀ ਜਾਂਦੀ ਮਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ। ਇਉਂ ਇਸ ਦਹਿਸ਼ਤੀ ਕਾਰੇ ਦੀ ਸਜ਼ਾ ਆਮ ਪਾਕਿਸਤਾਨੀ ਲੋਕਾਂ ਨੂੰ ਸਰਕਾਰੀ ਤੌਰ 'ਤੇ ਵੀ ਸਮੂਹਕ ਦੰਡ ਦੇ ਕੇ ਦਿੱਤੀ ਗਈ। ਪਾਕਿਸਤਾਨ ਨੇ ਮੋੜਵੇਂ ਪ੍ਰਤੀਕਰਮ ਵਜੋਂ ਭਾਰਤੀ ਨਾਗਰਿਕਾਂ ਨੂੰ ਦੇਸ਼ ਵਿੱਚੋਂ ਜਾਣ ਦੇ ਹੁਕਮ ਸੁਣਾ ਦਿੱਤੇ ਅਤੇ ਸ਼ਿਮਲਾ ਸਮਝੌਤਾ ਰੱਦ ਕਰ ਦਿੱਤਾ। ਦੋਹਾਂ ਦੇਸ਼ਾਂ ਨੇ ਆਪਣੀ ਡਿਪਲੋਮੈਟਿਕ ਨਫ਼ਰੀ ਵੀ ਘਟਾ ਲਈ। ਕੁੱਲ ਮਿਲਾ ਕੇ ਅਜਿਹੇ ਕਦਮਾਂ ਨੇ ਦੋਨਾਂ ਦੇਸ਼ਾਂ ਦੇ ਆਮ ਲੋਕਾਂ ਅੰਦਰ ਅਨਿਸ਼ਚਿਤਤਾ ਦਾ ਮਾਹੌਲ ਬਣਾ ਦਿੱਤਾ।
ਦੇਸ਼ ਅੰਦਰ ਕੌਮੀ ਜਨੂੰਨੀ ਮਾਹੌਲ ਬੰਨ੍ਹਣ ਅਤੇ ਉਸਨੂੰ ਜਰਬਾਂ ਦੇਣ ਵਿੱਚ ਹਾਕਮ ਜਮਾਤ ਵੱਲੋਂ ਪਾਲੇ ਪੋਸੇ ਗੋਦੀ ਮੀਡੀਆ ਨੇ ਪੂਰੀ ਅਸਰਦਾਰ ਭੂਮਿਕਾ ਨਿਭਾਈ। ਇਹ ਅੰਨ੍ਹੇ ਰਾਸ਼ਟਰਵਾਦੀ ਮੁੱਦਿਆਂ ਦੀ ਅਸਰਕਾਰੀ ਪੱਖੋਂ ਫਿਰਕੂ ਮੁੱਦਿਆਂ ਦੇ ਮੁਕਾਬਲੇ ਕਿਤੇ ਵੱਡੀ ਸਮਰੱਥਾ ਹੀ ਹੈ ਜਿਸ ਨੇ ਇਸ ਵਾਰ ਮੀਡੀਆ ਦੇ ਉਸ ਹਿੱਸੇ ਨੂੰ ਵੀ ਪ੍ਰਭਾਵਿਤ ਕੀਤਾ ਜਿਹੜਾ ਆਮ ਤੌਰ 'ਤੇ ਮੋਦੀ ਹਕੂਮਤ ਦੀਆਂ ਫਿਰਕੂ ਨੀਤੀਆਂ ਦੇ ਵਿਰੁੱਧ ਬੋਲਦਾ ਰਹਿੰਦਾ ਹੈ। ਸਿੰਧੂ ਜਲ ਸੰਧੀ ਰੱਦ ਕਰਨ ਵਰਗੇ ਮੁੱਦਿਆਂ 'ਤੇ ਸਾਰੇ ਹਿੱਸਿਆਂ ਵੱਲੋਂ ਸਹਿਮਤੀ ਦੀਆਂ ਸੁਰਾਂ ਉੱਠੀਆਂ। ਸਾਰੀਆਂ ਹਾਕਮ ਜਮਾਤੀ ਪਾਰਟੀਆਂ ਇੱਕ ਸੁਰ ਵਿੱਚ ਪਾਕਿਸਤਾਨ ਨੂੰ ਕੋਸਣ ਲੱਗੀਆਂ ਤੇ ਤਕੜੇ ਤੋਂ ਤਕੜਾ ਐਕਸ਼ਨ ਕਰਨ ਲਈ ਮੋਦੀ ਸਰਕਾਰ ਨੂੰ ਆਪਣੀ ਬਿਨਾਂ ਸ਼ਰਤ ਹਮਾਇਤ ਪੇਸ਼ ਕੀਤੀ। ਅਖੌਤੀ ਕਮਿਊਨਿਸਟ ਪਾਰਟੀਆਂ ਵੀ ਇਸ ਮਾਮਲੇ ਵਿੱਚ ਘੱਟ ਨਾ ਰਹੀਆਂ ਅਤੇ ਅੰਤ ਉਹਨਾਂ ਦੀ ਇਹ ਹਮਾਇਤ ਜੰਗ ਦੀ ਹਮਾਇਤ ਤੱਕ ਗਈ। ਜੰਮੂ ਕਸ਼ਮੀਰ ਅਸੈਂਬਲੀ ਅੰਦਰ ਉਮਰ ਅਬਦੁੱਲਾ ਨੇ ਇਸ ਹਾਲਤ ਵਿੱਚ ਆਪਣੀ ਰਾਜ ਦੀ ਦਰਜਾ ਬਹਾਲੀ ਦੀ ਮੰਗ ਨੂੰ ਛੱਡਣ ਦਾ ਐਲਾਨ ਕਰ ਦਿੱਤਾ।
ਇਸ ਸਾਰੇ ਫਿਰਕੂ ਅਤੇ ਅੰਨ੍ਹੇ ਕੌਮੀ ਸ਼ਾਵਨਵਾਦੀ ਮਾਹੌਲ ਦਾ ਮੋਦੀ ਹਕੂਮਤ ਲਈ ਇੱਕ ਇੱਛਤ ਸਿੱਟਾ ਇਹ ਨਿਕਲਿਆ ਕਿ ਇਹਨਾਂ ਦਿਨਾਂ ਦੌਰਾਨ ਮੁਕੰਮਲ ਹੋਈ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ.ਵੈਂਸ ਦੀ ਭਾਰਤ ਫੇਰੀ ਕਿਸੇ ਵੀ ਗੰਭੀਰ ਚਰਚਾ ਦਾ ਵਿਸ਼ਾ ਨਾ ਬਣੀ। ਇਸ ਫੇਰੀ ਦੌਰਾਨ ਦੋਨਾਂ ਮੁਲਕਾਂ ਵੱਲੋਂ ਕੀਤੇ ਜਾਣ ਵਾਲੀ ਗੱਲਬਾਤ ਅਮਰੀਕੀ ਉਤਪਾਦਾਂ ਉੱਤੇ ਟੈਰਿਫ ਰੇਟ ਘੱਟ ਕਰਨ ਅਤੇ ਭਾਰਤੀ ਖੇਤੀ ਮੰਡੀ ਨੂੰ ਅਮਰੀਕਾ ਅਤੇ ਹੋਰ ਸਾਮਰਾਜੀ ਦੇਸ਼ਾਂ ਲਈ ਖੋਹਲਣ ਦੁਆਲੇ ਕੇਂਦਰਿਤ ਸੀ, ਜਿਸਦੇ ਭਾਰਤੀ ਕਿਸਾਨਾਂ ਅਤੇ ਆਮ ਲੋਕਾਂ ਉੱਤੇ ਬੇਹਦ ਦੂਰ ਰਸ ਅਤੇ ਗਹਿਰ ਗੰਭੀਰ ਅਸਰ ਪੈਣੇ ਹਨ। ਹਾਲਾਂਕਿ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਕਿ ਇਸ ਮੀਟਿੰਗ ਦੌਰਾਨ ਅਮਰੀਕਾ ਵੱਲੋਂ ਥੋਪੀਆਂ ਸ਼ਰਤਾਂ ਉੱਤੇ ਕਿਸ ਹੱਦ ਤੱਕ ਸਹਿਮਤੀ ਬਣੀ, ਪਰ ਜਿਵੇਂ ਕਿ ਪਿੱਛੋਂ ਸਾਹਮਣੇ ਆ ਰਿਹਾ ਹੈ ਕਿ ਭਾਰਤ ਨੇ ਇਸ ਗੱਲਬਾਤ ਦੌਰਾਨ ਕਾਫੀ ਹੱਦ ਤੱਕ ਅਮਰੀਕਾ ਅੱਗੇ ਗੋਡੇ ਟੇਕਣ ਦਾ ਯਕੀਨ ਬੰਨ੍ਹਾ ਦਿੱਤਾ ਸੀ।ਆਉਂਦੇ ਮਹੀਨਿਆਂ ਦੌਰਾਨ ਟਰੰਪ ਅਤੇ ਹੋਰ ਅਮਰੀਕੀ ਵਫਦਾਂ ਨੇ ਇਸ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਆਉਣਾ ਹੈ। ਉਦੋਂ ਵੀ ਪਹਿਲਗਾਮ ਦੀ ਇਸ ਘਟਨਾ ਤੇ ਇਸ ਪਿੱਛੋਂ ਛਿੜੀ ਜੰਗ ਦੇ ਪ੍ਰਭਾਵ ਅੱਗੇ ਉਸ ਗੱਲਬਾਤ ਦੇ ਅਸਰਾਂ ਨੂੰ ਲੁਕੋਇਆ ਜਾਣਾ ਹੈ।
ਇਸ ਘਟਨਾ ਕਰਮ ਨੂੰ ਵੱਡੇ ਰੱਖਿਆ ਬਜਟਾਂ, ਸੂਹੀਆ ਤੰਤਰ, ਹਥਿਆਰ ਸਮਝੌਤਿਆਂ, ਫੌਜੀ ਅਤੇ ਪੁਲਿਸ ਨਫ਼ਰੀ ਵਿੱਚ ਵਾਧੇ ਦੀ ਵਜਾਹਤ ਵਜੋਂ ਵੀ ਵਰਤਿਆ ਜਾਣਾ ਹੈ। ਪਹਿਲਗਾਮ ਘਟਨਾ ਤੋਂ ਬਾਅਦ ਸਾਰੀਆਂ ਹਾਕਮ ਜਮਾਤੀ ਸਿਆਸੀ ਪਾਰਟੀਆਂ ਵੱਲੋਂ(ਅਤੇ ਗੈਰ ਮੁੱਖ ਧਾਰਾਈ ਮੀਡੀਆ ਦੇ ਵੱਡੇ ਹਿੱਸੇ ਵੱਲੋਂ ਵੀ) ਮੋਦੀ ਹਕੂਮਤ ਦੀ ਆਲੋਚਨਾ ਦਾ ਇੱਕੋ ਇੱਕ ਨੁਕਤਾ ਇਹ ਸੀ ਕਿ ਉੱਥੇ ਸੁਰੱਖਿਆ ਪ੍ਰਬੰਧ ਨਾਕਾਫ਼ੀ ਸਨ। ਇਸ ਕਮੀ ਨੂੰ ਦੂਰ ਕਰਨ ਦਾ ਇੱਕੋ ਇੱਕ ਅਰਥ ਕਸ਼ਮੀਰ ਅੰਦਰ ਹੋਰ ਸੰਘਣੀ ਫੌਜੀ ਤੈਨਾਤੀ, ਹੋਰ ਵੱਡਾ ਨਿਗਰਾਨੀ ਢਾਂਚਾ, ਸ਼ੱਕ ਦੇ ਆਧਾਰ 'ਤੇ ਹੋਰ ਵਧੇਰੇ ਕਾਰਵਾਈਆਂ,ਹੋਰ ਵਧੇਰੇ ਝੂਠੇ ਪੁਲਿਸ ਮੁਕਾਬਲੇ ਅਤੇ ਕਸ਼ਮੀਰੀਆਂ ਦੇ ਹੱਕਾਂ ਦਾ ਹੋਰ ਵੱਡਾ ਘਾਣ ਬਣਦਾ ਹੈ। ਇਸੇ ਕਾਰਨ ਇਸ ਘਟਨਾ ਤੋਂ ਤੁਰਤ ਬਾਅਦ ਸਿਰਫ ਸ਼ੱਕ ਦੇ ਆਧਾਰ ਉੱਤੇ 1500 ਤੋਂ ਉੱਪਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਇਸ ਤੋਂ ਅਗਲੇ ਦਿਨਾਂ ਵਿੱਚ ਗ੍ਰਿਫ਼ਤਾਰ ਲੋਕਾਂ ਦੀ ਸੰਖਿਆ ਹੋਰ ਵੀ ਵਧੀ ਹੈ। ਦਹਿਸ਼ਤਗਰਦਾਂ ਨਾਲ ਸਬੰਧ ਦੇ ਇਲਜ਼ਾਮ ਹੇਠ ਅਨੇਕਾਂ ਲੋਕਾਂ ਦੇ ਘਰ ਢਾਹ ਦਿੱਤੇ ਗਏ ਹਨ। ਦੇਸ਼ ਭਰ ਵਿੱਚ ਬੁਲਡੋਜ਼ਰ ਨਿਆਂ ਵਰਤਾਉਣ ਦੀਆਂ ਹਕੂਮਤੀ ਗੁੰਡਾਗਰਦੀ ਦੀਆਂ ਕਾਰਵਾਈਆਂ ਖਿਲਾਫ਼ ਨਵੰਬਰ ਮਹੀਨੇ ਵਿੱਚ ਆਖਰਕਾਰ ਸੁਪਰੀਮ ਕੋਰਟ ਨੂੰ ਇਸ ਉੱਤੇ ਰੋਕ ਲਾਉਣ ਲਈ ਮਜ਼ਬੂਰ ਹੋਣਾ ਪਿਆ ਸੀ। ਪਰ ਕਸ਼ਮੀਰ ਅੰਦਰ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਪਾਸੇ ਰੱਖ ਕੇ ਲੋਕਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਆਮ ਲੋਕਾਂ ਦੇ ਘਰ ਢਾਹੁਣ ਦੀਆਂ ਇਹਨਾਂ ਕਾਰਵਾਈਆਂ ਖਿਲਾਫ਼ ਲੋਕਾਂ ਵਿੱਚ ਹਾਹਾਕਾਰ ਮੱਚੀ ਹੈ ਤੇ ਰੋਹ ਜਾਗਿਆ ਹੈ। ਇਸ ਕਹਿਰ ਖਿਲਾਫ਼ ਉਮਰ ਅਬਦੁੱਲਾ ਵਰਗੇ ਹਕੂਮਤੀ ਪਿਛਲੱਗਾਂ ਨੂੰ ਵੀ ਜ਼ੁਬਾਨ ਖੋਹਲਣ ਲਈ ਮਜ਼ਬੂਰ ਹੋਣਾ ਪਿਆ ਹੈ।
ਇਸ ਘਟਨਾ ਤੋਂ ਅਗਲੇ ਦਿਨਾਂ ਵਿੱਚ ਸੁਪਰੀਮ ਕੋਰਟ ਨੇ ਸਰਕਾਰ ਵੱਲੋਂ ਪੈਗਾਸਸ ਵਰਗੇ ਸੂਹੀਆ ਯੰਤਰਾਂ ਦੀ ਵਰਤੋਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਤੱਕ ਸਰਕਾਰ ਇਹਨਾਂ ਯੰਤਰਾਂ ਦੀ ਖਰੀਦ ਦੇ ਮਾਮਲੇ ਵਿੱਚ ਮੂੰਹ ਲੁਕਾਉਂਦੀ ਫਿਰ ਰਹੀ ਸੀ। ਹੁਣ ਦਹਿਸ਼ਤਗਰਦਾਂ ਖਿਲਾਫ਼ ਵਰਤੋਂ ਦੇ ਨਾਂ ਹੇਠ ਇਹਨਾਂ ਸੂਹੀਆ ਯੰਤਰਾਂ ਦੀ ਸਾਰੇ ਲੋਕ ਪੱਖੀ ਅਤੇ ਸੰਘਰਸ਼ਸ਼ੀਲ ਲੋਕਾਂ ਖਿਲਾਫ਼ ਵਰਤੋਂ ਦਾ ਆਧਾਰ ਤਿਆਰ ਕਰ ਦਿੱਤਾ ਗਿਆ ਹੈ। ਰਾਸ਼ਟਰੀ ਸੁਰੱਖਿਆ ਨੂੰ ਨਜਿੱਠਣ ਦੇ ਨਾਂ ਹੇਠ ਹੀ ਇਜਰਾਇਲ,ਅਮਰੀਕਾ, ਰੂਸ, ਫਰਾਂਸ ਵਰਗੇ ਦੇਸ਼ਾਂ ਨਾਲ ਹਥਿਆਰਾਂ ਦੇ ਸੌਦਿਆਂ ਨੂੰ ਵਜਾਹਤ ਪ੍ਰਦਾਨ ਕੀਤੀ ਜਾਣੀ ਹੈ ਅਤੇ ਇਹਨਾਂ ਵਿੱਚ ਤੇਜ਼ੀ ਲਿਆਂਦੀ ਜਾਣੀ ਹੈ। ਲੋਕਾਂ ਲਈ ਲੋੜੀਂਦੇ ਖਰਚਿਆਂ ਉੱਤੇ ਕੱਟ ਲਾ ਕੇ ਮੁਲਕ ਦੇ ਬਜਟ ਇਸ ਪਾਸੇ ਝੋਕੇ ਜਾਣੇ ਹਨ। ਘਟਨਾ ਤੋਂ ਅਗਲੇ ਦਿਨਾਂ ਵਿੱਚ ਬਣੇ ਜੰਗੀ ਮਾਹੌਲ ਦੌਰਾਨ ਹੋਰ ਹਥਿਆਰ ਸਮਝੌਤਿਆਂ ਦੀਆਂ ਲੋੜਾਂ ਦੀ ਚਰਚਾ ਵੀ ਚੱਲੀ ਹੈ ਅਤੇ ਇਸ ਪਾਸੇ ਕਦਮ ਵੀ ਲਏ ਗਏ ਹਨ।
ਕੁੱਲ ਮਿਲਾ ਕੇ ਇਸ ਘਟਨਾ ਨੇ ਉਹਨਾਂ ਹੀ ਹਾਕਮ ਜਮਾਤੀ ਪਿਛਾਖੜੀ ਮਨਸੂਬਿਆਂ ਦੀ ਸੇਵਾ ਵਿੱਚ ਭੁਗਤਣ ਦਾ ਕਾਰਜ ਕੀਤਾ ਹੈ ਜਿਹੜੇ ਭਾਰਤੀ ਲੋਕਾਂ ਦੇ ਹਿੱਤਾਂ ਨੂੰ ਕੁਚਲਣ ਦਾ ਕੰਮ ਕਰਦੇ ਰਹੇ ਹਨ। ਇਸ ਘਟਨਾ ਨੂੰ ਲੋਕਾਂ ਦਾ ਧਿਆਨ ਉਹਨਾਂ ਦੇ ਹਕੀਕੀ ਮੁੱਦਿਆਂ ਤੋਂ ਭਟਕਾਉਣ ਅਤੇ ਆਪਣੇ ਹੀ ਲੋਕਾਂ ਅਤੇ ਗੁਆਂਢੀ ਦੇਸ਼ਾਂ ਵੱਲ ਵਿਰੋਧ ਪੈਦਾ ਕਰਨ ਲਈ ਕੀਤਾ ਗਿਆ ਹੈ, ਜਿਹੜੇ ਲੋਕ ਉਹਨਾਂ ਦੇ ਮੁਕਤੀ ਸੰਗਰਾਮ ਵਿੱਚ ਉਹਨਾਂ ਦੀ ਧਿਰ ਬਣਦੇ ਹਨ। ਇਹਨਾਂ ਕੌਮੀ ਸ਼ਾਵਨਵਾਦੀ ਮਨਸੂਬਿਆਂ ਨੂੰ ਹੋਰ ਹਵਾ ਦਿੰਦਿਆਂ ਇਸ ਘਟਨਾ ਤੋਂ ਅਗਲੇ ਦਿਨਾਂ ਵਿੱਚ ਪਾਕਿਸਤਾਨ ਖਿਲਾਫ਼ ਜੰਗ ਸ਼ੁਰੂ ਕਰ ਦਿੱਤੀ ਗਈ, ਜਿਸ ਬਾਰੇ ਚਰਚਾ ਵੱਖਰੇ ਲੇਖ ਵਿੱਚ ਕੀਤੀ ਜਾ ਰਹੀ ਹੈ। --0--
No comments:
Post a Comment