Wednesday, January 29, 2025

ਦਾਨ ਸਿੰਘ ਵਾਲਾ ਦੇ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਲਈ ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਦਿੱਤਾ ਧਰਨਾ


ਦਾਨ ਸਿੰਘ ਵਾਲਾ ਦੇ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਲਈ ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਦਿੱਤਾ ਧਰਨਾ

ਅਗਨੀਕਾਂਡ ਦੇ ਸਾਜਿਸ਼ ਕਰਤਾਵਾਂ ਨੂੰ ਕੇਸ ਵਿੱਚ ਸ਼ਾਮਲ ਕਰਕੇ ਗ੍ਰਿਫਤਾਰ ਕਰਨ ਦੀ ਮੰਗ  

     ਬਠਿੰਡਾ 28 ਜਨਵਰੀ  -- ਅੱਜ ਇੱਥੇ ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਅੱਗੇ ਪਿੰਡ ਦਾਨ ਸਿੰਘ ਵਾਲਾ ਦੇ ਮਜ਼ਦੂਰਾਂ ਨੂੰ 10 - 10  ਲੱਖ ਰੁਪਏ ਮੁਆਵਜਾ  ਦਿਵਾਉਣ ,  ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਅਤੇ ਅਗਨੀ ਕਾਂਡ ਦੀ ਜੁਡੀਸ਼ੀਅਲ ਜਾਂਚ ਕਰਵਾ ਕੇ ਇਸ ਕਾਂਡ ਦੇ ਸਾਜਿਸ਼ ਕਰਤਾਵਾਂ ਨੂੰ ਇਸ ਕੇਸ ਵਿੱਚ ਸ਼ਾਮਿਲ ਕਰਵਾਕੇ ਗ੍ਰਿਫਤਾਰ ਕਰਵਾਉਣ ਲਈ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨੇ ਵਿੱਚ ਸ਼ਾਮਲ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਮਜ਼ਦੂਰ ਕਿਸਾਨ ਆਗੂਆਂ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਦਾਨ ਸਿੰਘ ਵਾਲਾ ਵਿੱਚ ਹੋਏ ਜਬਰ ਨੂੰ ਸਿਰਫ ਦੋ ਗਰੁੱਪਾਂ ਦੀ ਆਪਸੀ ਲੜਾਈ ਦਾ ਮੁੱਦਾ ਕਹਿ ਕੇ ਦੋਸ਼ੀਆਂ ਨੂੰ ਬਚਾਉਣ ਦੀ ਕੀਤੀ ਜਾ ਰਹੀ ਬਿਆਨਬਾਜੀ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਹਲਕੇ ਦੇ ਸਿਆਸੀ ਨੁਮਾਇੰਦੇ ਅਤੇ ਜਿਲਾ ਦਾ ਸਿਵਲ ਤੇ ਪੁਲਿਸ ਪ੍ਰਸਾਸ਼ਨ ਅਸਲੀਅਤ ਨੂੰ ਜਾਣ ਬੁੱਝ ਕੇ ਛਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਇਸ ਘਟਨਾ ਪਿੱਛੇ ਕੰਮ ਕਰਦੇ ਪਿੰਡ ਦੇ ਨਸ਼ਾ ਵੇਚਣ ਵਾਲਿਆਂ ਦੀ ਪੁਸਤਪਨਾਹੀ ਕਰਨ ਵਾਲੇ ਅਨਸਰਾ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਅਸਲੀਅਤ ਵਿੱਚ ਹਮਲੇ ਦਾ ਸ਼ਿਕਾਰ ਹੋਣ ਵਾਲੇ ਮਜ਼ਦੂਰ ਪਿੰਡ ਵਿੱਚ ਚਿੱਟੇ ਦਾ ਨਸ਼ਾ ਵੇਚਣ ਦਾ ਵਿਰੋਧ ਕਰ ਰਹੇ ਸਨ। ਇਸ ਰੰਜਿਸ਼ ਦੇ ਕਾਰਨ ਹੀ ਦੋਸ਼ੀਆਂ ਨੇ ਮਜ਼ਦੂਰਾਂ ਦੀ ਆਵਾਜ਼ ਨੂੰ ਬੰਦ ਕਰਨ ਅਤੇ ਆਪਣੇ ਚਿੱਟੇ ਦੇ ਵਪਾਰ ਨੂੰ ਚਲਾਉਣ ਦੇ ਮਨਸ਼ੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ । ਜਬਰ ਵਿਰੋਧੀ ਐਕਸ਼ਨ ਕਮੇਟੀ ਨੇ ਉਜੜੇ ਅਤੇ ਜਬਰ ਦਾ ਸ਼ਿਕਾਰ ਬਣੇ ਮਜ਼ਦੂਰਾਂ ਨੂੰ ਕਿਸਤਾਂ ਵਿੱਚ ਮਾਮੂਲੀ ਮੁਆਵਜਾ ਦੇ ਕੇ ਉਨਾਂ ਨੂੰ ਵਰਗਲਾਉਣ ਦੀ ਕੀਤੀ ਜਾ ਕੋਸ਼ਿਸ਼ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਮਜ਼ਦੂਰਾਂ ਨੂੰ 10- 10 ਲੱਖ ਰੁਪਏ ਦਾ ਮੁਆਵਜ਼ਾ ਦੇਣ, ਘਰਾਂ ਦਾ ਚੋਰੀ ਹੋਇਆ ਸਮਾਨ ਅਤੇ ਪਸ਼ੂ ਡੰਗਰ ਵਗੈਰਾ ਵਾਪਸ ਕਰਨ, ਇਸ ਕਾਂਡ ਦੀ ਸਾਜਿਸ਼ ਰਚਣ ਵਾਲੇ ਦੋਸ਼ੀਆਂ ਨੂੰ ਕੇਸ ਵਿੱਚ ਸ਼ਾਮਿਲ ਕਰਕੇ ਬਣਦੀਆਂ ਧਰਾਵਾਂ ਲਾ ਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਐਕਸ਼ਨ ਕਮੇਟੀ ਨੇ ਐਲਾਨ ਕੀਤਾ ਹੈ ਕਿ ਅਸਲੀ ਦੋਸ਼ੀਆਂ ਨੂੰ ਨਾਮਜਦ ਕਰਵਾਕੇ ਗ੍ਰਿਫਤਾਰ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਅੱਜ ਦੇ ਧਰਨੇ ਨੂੰ  ਦਿਹਾਤੀ ਮਜ਼ਦੂਰ ਸਭਾ ਦੇ ਆਗੂ  ਪ੍ਰਕਾਸ਼ ਸਿੰਘ ਨੰਦਗੜ੍ਹ, ਮਜ਼ਦੂਰ ਮੁਕਤੀ ਮੋਰਚਾ ਆਇਰਲਾ ਦੇ ਆਗੂ ਗੋਬਿੰਦਸਿੰਘ ਛਾਜਲੀ, ਪੰਜਾਬ ਖੇਤ ਮਜ਼ਦੂਰ ਸਭਾ ਦੀ ਆਗੂ ਦੇਵੀ ਕੁਮਾਰੀ, ਮਜ਼ਦੂਰ ਮੁਕਤੀ ਮੋਰਚਾ ਆਜਾਦ ਦੇ ਆਗੂ ਭਗਵੰਤ ਸਿੰਘ ਸਮਾਉ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਿੱਕਰ ਸਿੰਘ ਦਾਨ ਸਿੰਘ ਵਾਲਾ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਬਲਕਰਨ ਸਿੰਘ ਬਰਾੜ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜੋਰਾ ਸਿੰਘ ਨਸਰਾਲੀ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਸੁਖਪਾਲ ਸਿੰਘ ਖਿਆਲੀਵਾਲਾ,ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਭੂਪ ਚੰਦ ਚੰਨੋ ,ਕ੍ਰਾਂਤੀਕਾਰੀ ਪੇਡੂ ਦੇ ਆਗੂ ਕੁਲਵੰਤ ਸਿੰਘ ਸੇਲਵਰਹਾ,ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਆਗੂ ਜਗਜੀਤ ਸਿੰਘ ਕੋਟਸ਼ਮੀਰ, ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਆਗੂ ਜਗਸੀਰ ਸਰਮਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਖਸੀਸ ਸਿੰਘ ਤੇ ਲਾਲ ਝੰਡਾ ਮਜ਼ਦੂਰ ਯੂਨੀਅਨ ਦੇ ਆਗੂ ਵਿਜੈ ਕੁਮਾਰ ਨੇ ਸੰਬੋਧਨ ਕੀਤਾ। ਰੈਲੀ ਵਿੱਚ ਅਮਿ੍ਰੰਤਸਰ ਵਿੱਚ ਡਾਕਟਰ ਅੰਬੇਡਕਰ ਦੇ ਬੁੱਤ ਨੂੰ ਤੋੜਨ ਦੀ ਘੋਰ ਨਿੰਦਾ ਕਰਦਿਆਂ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਐਕਸ਼ਨ ਕਮੇਟੀ ਨੇ ਸੰਘਰਸ਼ ਨੂੰ ਲੋਕਾਂ ਤੱਕ ਲਿਜਾਣ ਲਈ 5 ਫਰਵਰੀ ਨੂੰ ਪਿੰਡਾਂ ਵਿੱਚ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ ਗਿਆ। 

No comments:

Post a Comment