Saturday, September 14, 2019

ਕਸ਼ਮੀਰੀ ਲੋਕਾਂ ਦਾ ਉਜਾੜਾ ਤੇ ਭਾਰਤੀ ਦਲਾਲ ਸਰਮਾਏਦਾਰਾਂ ਦੇ ਹਿਤ






ਕਸ਼ਮੀਰੀ ਲੋਕਾਂ ਦਾ ਉਜਾੜਾ ਤੇ ਭਾਰਤੀ ਦਲਾਲ ਸਰਮਾਏਦਾਰਾਂ ਦੇ ਹਿਤ

ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਰੁਤਬਾ ਖਤਮ ਕਰਕੇ, ਇਸ ਨੂੰ ਭਾਰਤ 'ਚ ਜਬਰੀ ਰਲਾਉਣ ਦੇ ਕਦਮਾਂ ਦਾ ਇਕ ਮਕਸਦ, ਇਸਦੇ ਕੁਦਰਤੀ ਸਰੋਤਾਂ ਨੂੰ ਦੇਸੀ-ਵਿਦੇਸ਼ੀ ਕਾਰਪੋਰੇਟ ਜਗਤ ਦੀ ਲੁੱਟ ਲਈ ਖੋਲ੍ਹਣਾ ਹੈ। ਇਸੇ ਲਈ ਧਾਰਾ 35-ਏ ਦਾ ਖਾਤਮਾ ਕਰਕੇ, ਜੰਮੂ ਕਸ਼ਮੀਰ 'ਚ ਸੂਬੇ ਤੋਂ ਬਾਹਰਲੇ ਵਿਅਕਤੀਆਂ ਨੂੰ ਜ਼ਮੀਨਾਂ ਜਾਇਦਾਦਾਂ ਖਰੀਦਣ ਦੇ ਅਧਿਕਾਰ ਦਿੱਤੇ ਗਏ ਹਨ। ਮੁਨਾਫੇ ਲਈ ਹਾਬੜੀਆਂ ਦਲਾਲ ਭਾਰਤੀ ਸਰਮਾਏਦਾਰਾਂ ਦੀਆਂ ਕੰਪਨੀਆਂ ਨੇ ਕਸ਼ਮੀਰ 'ਚ ਨਿਵੇਸ਼ ਕਰਨ ਦੇ ਐਲਾਨ ਕਰਨੇ ਸ਼ੁਰੂ ਵੀ ਕਰ ਦਿੱਤੇ ਹਨ, ਜਦ ਕਿ ਹਾਲੇ ਇਸ ਦੇ ਬਕਾਇਦਾ ਕੇਂਦਰ ਸ਼ਾਸਿਤ ਪ੍ਰਦੇਸ ਬਣਨ ਦਾ ਅਮਲ 12 ਅਕਤੂਬਰ ਨੂੰ ਪੂਰਾ ਹੋਣਾ ਹੈ। ਸਰਕਾਰ ਦੇ ਫੈਸਲੇ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਉਦੋਂ ਹੀ ਟਰਾਈਡੈਂਟ ਵਾਲੇ ਰਾਜਿੰਦਰ ਗੁਪਤਾ ਨੇ ਉੱਥੇ ਹਜ਼ਾਰ ਕਰੋੜ ਦੇ ਨਿਵੇਸ਼ ਦਾ ਐਲਾਨ ਕਰ ਦਿੱਤਾ ਤੇ ਮਗਰੇ ਹੀ ਮੁਕੇਸ਼ ਅੰਬਾਨੀ ਨੇ ਜੰਮੂ ਕਸ਼ਮੀਰ 'ਚ ਪ੍ਰੋਜੈਕਟ ਲਾ ਕੇ 'ਵਿਕਾਸ' ਕਰਨ ਦੀ ਆਪਣੀ ਲਾਲਸਾ ਦਾ ਪ੍ਰਗਟਾਵਾ ਕਰ ਦਿੱਤਾ। ਇਸ ਨੂੰ ਕਸ਼ਮੀਰੀ ਲੋਕਾਂ ਦੇ ਵਿਕਾਸ ਦੀਆਂ ਲੋੜਾਂ ਦੀ ਪੂਰਤੀ ਦਾ ਨਾਂ ਦਿੱਤਾ ਹੈ। ਉਸ ਨੇ ਕਿਹਾ ਕਿ ਰਿਲਾਇੰਸ ਕੰਪਨੀ ਜੰਮੂ ਕਸ਼ਮੀਰ 'ਚ ਵਿਕਾਸ ਕਾਰਜਾਂ ਲਈ ਵੱਖਰੀ ਟਾਸਕ ਫੋਰਸ ਗਠਿਤ ਕਰੇਗੀ।
4
ਸਤੰਬਰ ਦੇ ਇੰਡੀਅਨ ਐਕਸਪ੍ਰੈੱਸ ਖਬਰ ਮੁਤਾਬਿਕ ਮਹਾਂਰਾਸ਼ਟਰ ਟੂਰਿਜ਼ਮ ਵਿਭਾਗ ਨੇ ਕਸ਼ਮੀਰ 'ਚ ਹੋਟਲ ਖੋਲ੍ਹਣ ਲਈ ਜ਼ਮੀਨ ਲੈਣ ਵਾਸਤੇ ਯਤਨ ਸ਼ੁਰੂ ਕਰ ਦਿੱਤੇ ਹਨ ਤੇ ਉਥੋਂ ਦੇ ਗਵਰਨਰ ਨਾਲ ਸੰਪਰਕ ਬਣਾਇਆ ਹੋਇਆ ਹੈ। ਹਾਲਤ ਇਹ ਹੈ ਕਿ ਕਸ਼ਮੀਰ ਦੇ ਲੋਕ ਘਰਾਂ 'ਚ ਕੈਦ ਕੀਤੇ ਹੋਏ ਹਨ ਤੇ ਮਹਾਂਰਾਸ਼ਟਰ ਦਾ ਸੈਰ ਸਪਾਟਾ ਮੰਤਰੀ ਕਸ਼ਮੀਰ 'ਚ ਹੋਟਲਾਂ ਲਈ ਜ਼ਮੀਨ ਲੈਣ ਵਾਸਤੇ ਉੱਥੋਂ ਦਾ ਦੌਰਾ ਕਰਨ ਜਾ ਰਿਹਾ ਹੈ। ਮਹਾਂਰਾਸ਼ਟਰ ਵਾਲੇ ਤਾਂ ਕਸ਼ਮੀਰ 'ਚ ਥਾਵਾਂ ਵੀ ਟਿੱਕੀ ਬੈਠੇ ਹਨ। ਮਹਾਂਰਾਸ਼ਟਰ ਦੇ ਸੈਰ ਸਪਾਟਾ ਵਿਭਾਗ ਦੇ ਸੈਕਟਰੀ ਵਿਨੀਤਾ ਸਿੰਘਲ ਨੇ ਕਿਹਾ ਕਿ ਉਹ ਪਹਿਲਗਾਮ ਤੇ ਲੇਹ ਵਿਚ ਰਿਜ਼ੋਰਟ ਬਣਾਉਣ ਦਾ ਇਰਾਦਾ ਰਖਦੇ ਹਨ। ਏਸੇ ਅਖਬਾਰ 'ਚ ਦੂਜੀ ਖਬਰ ਹੈ ਕਿ ਕਸ਼ਮੀਰ ਨੂੰ ਕਾਰਪੋਰੇਟਾਂ ਮੂਹਰੇ ਪਰੋਸ ਕੇ ਪੇਸ਼ ਕਰਨ ਲਈ ਸਰਕਾਰ ਅਕਤੂਬਰ ਮਹੀਨੇ 'ਚ ਵਿਸ਼ਵ-ਨਿਵੇਸ਼ਕ ਸੰਮੇਲਨ ਕਰਵਾਉਣ ਜਾ ਰਹੀ ਹੈ, ਜਿੱਥੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਮੁਖੀਆਂ ਨੂੰ ਸੱਦ ਕੇ, ਕਸ਼ਮੀਰ 'ਚ ਪੂੰਜੀ ਲਾਉਣ ਲਈ ਰਿਆਇਤਾਂ ਦੇਣ ਦੇ ਭਰੋਸੇ ਦਿੱਤੇ ਜਾਣਗੇ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸ਼ੁਰੂਆਤੀ ਗੇੜ '10,000 ਕਰੋੜ ਦੇ ਨਿਵੇਸ਼ ਦੀ ਆਸ ਕਰਦੇ ਹਨ। ਇਸ ਸੰਮੇਲਨ ਦੇ 12-14 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਹੈ। ਕਿੰਨਾਂ ਟਕਰਾਵਾਂ ਦ੍ਰਿਸ਼ ਹੈ। ਇਕ ਪਾਸੇ ਕਸ਼ਮੀਰ 'ਚ ਵਿਕਾਸ ਦੇ ਨਾਂ ਥੱਲੇ ਕਾਰਪੋਰੇਟਾਂ ਨੂੰ ਸੱਦ ਕੇ, ਕਸ਼ਮੀਰੀ ਧਰਤੀ, ਪਹਾੜ ਤੇ ਹੋਰ ਕੁਦਰਤੀ ਸਰੋਤ ਥਾਲੀ 'ਚ ਸ਼ਿੰਗਾਰ ਕੇ ਪੇਸ਼ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਕਸ਼ਮੀਰ ਦੇ ਸਥਾਨਕ ਵਪਾਰੀ ਤੇ ਕਾਰੋਬਾਰੀ ਵੀ ਜੇਲ੍ਹਾਂ 'ਚ ਡੱਕੇ ਹੋਏ ਹਨ। ਇਹੀ ਅਖਬਾਰ ਦਸਦਾ ਹੈ ਕਿ ਸੁਬੀਰ ਸ਼ਾਹ, ਯਾਸੀਨ ਖਾਨ ਤੇ ਸ਼ਕੀਨ ਕਲੰਦਰ ਨਾਂ ਦੇ ਕਾਰੋਬਾਰੀ, ਜਿਹੜੇ ਸਥਾਨਕ ਕਾਰੋਬਾਰੀ ਐਸੋਸੀਏਸ਼ਨਾਂ ਦੇ ਆਗੂ ਵੀ ਹਨ, 5 ਅਗਸਤ ਤੋਂ ਹੀ ਜੇਲ੍ਹ'ਚ ਡੱਕੇ ਹੋਏ ਹਨ।
ਕੌਮੀ ਦਾਬਾ ਹੋਰ ਕੀ ਹੁੰਦਾ ਹੈ! ਭਾਰਤੀ ਦਲਾਲ ਸਰਮਾਏਦਾਰਾਂ ਦੀਆਂ ਪਸਾਰਵਾਦੀ ਤੇ ਲੁਟੇਰੀਆਂ ਲਾਲਸਾਵਾਂ ਦੀ ਪੂਰਤੀ ਲਈ ਜ਼ੁਲਮ ਸਹਿ ਰਿਹਾ ਕਸ਼ਮੀਰ ਇਹੀ ਦਸਦਾ ਹੈ।
ਕਸ਼ਮੀਰ 'ਚ ਇਹਨਾਂ ਲੁਟੇਰੇ ਮਕਸਦਾਂ ਦੀ ਪੂਰਤੀ ਦਾ ਰਸਤਾ ਏਨਾ ਸਿੱਧਾ ਨਹੀਂ ਹੈ। ਜਿਹੜੀ ਕੌਮ, ਕੌਮੀ ਮੁਕਤੀ ਲਈ 7 ਦਹਾਕਿਆਂ ਤੋਂ ਜੂਝ ਰਹੀ ਹੈ ਤੇ ਕਹਿਰਾਂ ਦਾ ਜ਼ੁਲਮ ਸਹਿ ਕੇ ਵੀ ਡਟੀ ਖੜ੍ਹੀ ਹੈ, ਉੱਥੇ ਜ਼ਮੀਨਾਂ, ਪਹਾੜਾਂ 'ਤੇ ਕਬਜੇ ਕਰਕੇ ਲੁੱਟ ਮਚਾਉਣ ਲਈ ਜ਼ੋਰਦਾਰ ਟਕਰਾਅ ਦਾ ਇੱਕ ਹੋਰ ਦੌਰ ਗੁਜ਼ਰੇਗਾ।

No comments:

Post a Comment