Showing posts with label damage. Show all posts
Showing posts with label damage. Show all posts

Wednesday, October 14, 2015

10 (a) ਖੁਦਕੁਸ਼ੀ ਦਾ ਝਾੜ ਅਤੇ ਹਵਾ ਦਾ ਰੁਖ਼



ਖੁਦਕੁਸ਼ੀ ਦਾ ਝਾੜ ਅਤੇ ਹਵਾ ਦਾ ਰੁਖ਼

- ਚਰਨਜੀਤ ਭੁੱਲਰ

ਕੋਈ ਵੇਲਾ ਸੀ ਜਦੋਂ ਕਪਾਹ ਪੱਟੀ ਦਾ ਦੁੱਲਾ ਜੱਟ ਦਮਗਜੇ ਮਾਰਦਾ ਸੀ। ਹੁਣ ਇਹ ਖ਼ੁਦ ਦਮੋਂ ਕੱਢ ਦਿੱਤਾ ਹੈ।  ਘਰਾਂ ਦੀਆਂ ਸਬਾਤਾਂ ਨੂੰ ਚਿੱਟੀਆਂ ਫੁੱਟੀਆਂ ਦਾ ਤਰਸੇਵਾਂ ਬਣ ਗਿਆ ਹੈ। ਜਿਉਂ ਹੀ ਫ਼ਸਲਾਂ ਵਿਛੀਆਂ, ਕਿਸਾਨਾਂ ਦੇ ਘਰਾਂ ਵਿੱਚ ਸੱਥਰ ਵਿਛਣ ਲੱਗ ਪਏ। ਕਮਾਊ ਜੀਅ ਤਾਂ ਮੁੱਕ ਗਏ ਪਰ ਫਿਰ ਵੀ ਕਿਸਾਨ ਪਰਿਵਾਰਾਂ ਦੇ ਕਰਜ਼ੇ ਨਾ ਮੁੱਕੇ। ਕਪਾਹ ਪੱਟੀ ਵਿੱਚ ਕਾਲਾ ਦੌਰ 1992- 93 ਤੋਂ ਸ਼ੁਰੂ ਹੋਇਆ ਸੀ ਤੇ ਸਾਲ 1998-99 ਵਿੱਚ ਨਰਮੇ ਦੀ ਪੈਦਾਵਾਰ ਸਿਰਫ਼ 5.20 ਲੱਖ ਗੱਠਾਂ ਦੀ ਰਹਿ ਗਈ ਸੀ। ਇਕੱਲੀ ਕਪਾਹ ਪੱਟੀ ਵਿੱਚ ਹਰ ਵਰ੍ਹੇ 800 ਕਰੋੜ ਦੇ ਕੀਟਨਾਸ਼ਕ ਵਿਕਦੇ ਸਨ। ਖੇਤ ਨਰਮੇ ਤੋਂ ਵੱਧ ਖ਼ੁਦਕੁਸ਼ੀ ਦਾ ਝਾੜ ਦੇਣ ਲੱਗੇ ਸਨ। ਪੂਰੇ 10 ਵਰ੍ਹੇ ਕਿਸਾਨ ਮਰਦਾ ਰਿਹਾ, ਸਰਕਾਰ ਵੇਖਦੀ ਰਹੀ।
ਨਰਮੇ ਦੇ ਭਰੇ ਬਾਜ਼ਾਰ ਕਿਸਾਨੀ ਦਾ ਧਰਵਾਸ ਹੁੰਦੇ ਸਨ। ਕਿਸਾਨਾਂ ਦੇ ਘਰਾਂ ਵਾਂਗ ਬਾਜ਼ਾਰ ਵੀ ਖਾਲੀ ਹੁੰਦੇ ਗਏ। ਖੇਤਾਂ ਦੇ ਸ਼ਹੀਦ ਸਰਕਾਰ ਦੀ ਗਿਣਤੀ ਮਿਣਤੀ ਵਿੱਚ ਨਹੀਂ ਰਹੇ ਹਨ। ਵਿਧਵਾਵਾਂ ਦੀ ਕੂਕ ਕਦੇ ਸਰਕਾਰ ਨੇ ਸੁਣੀ ਨਹੀਂ ਅਤੇ ਉਨ੍ਹਾਂ ਦੇ ਬੱਚੇ ਅਨਾਥਾਂ ਤੋਂ ਘੱਟ ਨਹੀਂ। ਕਪਾਹ ਪੱਟੀ ਦੇ ਸਾਹੂਕਾਰ ਵੀ ਹੁਣ ਜ਼ਮੀਨਾਂ ਵਾਲੇ ਬਣ ਗਏ ਹਨ। ਖੇਤੀ ਪ੍ਰਧਾਨ ਸੂਬੇ ਦੇ ਸਿਆਸੀ ਵਾਰਸ ਕਪਾਹ ਪੱਟੀ ਨੂੰ ਕੋਈ ਬਦਲ ਨਾ ਦਿਖਾ ਸਕੇ। ਸਾਲ 1996 97 ਵਿੱਚ ਨਰਮੇ ਕਪਾਹ ਹੇਠ 7.42 ਲੱਖ ਹੈਕਟੇਅਰ ਰਕਬਾ ਸੀ। ਬੀਟੀ ਨਰਮੇ ਨੇ ਠੁੰਮਣਾ ਦਿੱਤਾ ਤੇ ਸਾਲ 2006-07 ਵਿੱਚ ਇਹੋ ਪੈਦਾਵਾਰ 24 ਲੱਖ ਗੱਠਾਂ ਹੋ ਗਈ ਸੀ।
ਕਪਾਹ ਪੱਟੀ ਨੂੰ ਚਿੱਟੇ ਮੱਛਰ ਨੇ ਮੁੜ ਪੁਰਾਣੇ ਦਿਨ ਵਿਖਾ ਦਿੱਤੇ ਹਨ। ਸਰਕਾਰੀ ਤੱਥਾਂ ਅਨੁਸਾਰ ਐਤਕੀਂ 10.6 ਲੱਖ ਏਕੜ ਰਕਬੇ ਵਿੱਚ ਨਰਮੇ ਕਪਾਹ ਦੀ ਬਿਜਾਂਦ ਸੀ। ਚਿੱਟੇ ਮੱਛਰ ਦਾ ਹਮਲਾ ਨਾ ਹੁੰਦਾ ਤਾਂ ਐਤਕੀਂ ਕਿਸਾਨਾਂ ਨੇ ਅਨੁਮਾਨਤ 2,900 ਕਰੋੜ ਦੀ ਫ਼ਸਲ ਵੇਚਣੀ ਸੀ। ਇਸ ਵਿੱਚੋਂ ਹੁਣ 2,270 ਕਰੋੜ ਦੀ ਫ਼ਸਲ ਤਾਂ ਚਿੱਟੇ ਮੱਛਰ ਕਾਰਨ ਤਬਾਹ ਹੀ ਹੋ ਗਈ ਹੈ ਜਿਸ ਦੇ ਬਦਲੇ ਵਿੱਚ ਸਰਕਾਰ ਨੇ 643 ਕਰੋੜ ਦੇ ਮੁਆਵਜ਼ਾ ਦਿੱਤਾ ਹੈ। ਪਿਛਲੇ ਵਰ੍ਹੇ ਕਪਾਹ ਪੱਟੀ ਵਿੱਚ 3,100 ਕਰੋੜ ਦਾ ਨਰਮੇ ਕਪਾਹ ਦਾ ਕਾਰੋਬਾਰ ਹੋਇਆ ਸੀ। 11.25 ਲੱਖ ਏਕੜ ਰਕਬੇ ਵਿੱਚੋਂ 14 ਲੱਖ ਗੱਠਾਂ ਦੀ ਪੈਦਾਵਾਰ ਹੋਈ ਸੀ। ਐਤਕੀਂ ਇਹ ਪੈਦਾਵਾਰ ਪੰਜ ਲੱਖ ਗੱਠਾਂ ਤਕ ਪੁੱਜਦੀ ਨਹੀਂ ਜਾਪਦੀ। ਕਿਸਾਨਾਂ ਦੇ ਨਾਲ ਖੇਤ ਮਜ਼ਦੂਰਾਂ ਦੇ ਚੁੱਲ੍ਹੇ ਵੀ ਠੰਢੇ ਹੋ ਗਏ ਹਨ। ਪੰਜਾਹ ਫ਼ੀਸਦੀ ਕਪਾਹ ਮਿੱਲਾਂ  ਨੂੰ ਤਾਲੇ ਵੱਜ ਗਏ ਹਨ। ਪੰਜਾਬ ਸਰਕਾਰ ਦੀ ਨੀਅਤ ਵਿੱਚ ਖੋਟ ਹੈ। ਤਾਹੀਂਓ ਸਰਕਾਰ ਉਦੋਂ ਜਾਗੀ ਜਦੋਂ ਕਪਾਹ ਪੱਟੀ ਦੇ ਖੇਤ ਖਾਲੀ ਹੋ ਗਏ ਹਨ। ਪੰਜਾਬ ਸਰਕਾਰ ਨੇ ਕੁਦਰਤੀ ਆਫ਼ਤ ਆਖ ਕੇ ਪੱਲਾ ਝਾੜ ਲਿਆ ਹੈ। ਚਿੱਟੇ ਮੱਛਰ ਦੇ ਹੱਲੇ ਨੂੰ ਰੋਕਣਾ ਤਾਂ ਕੀਟਨਾਸ਼ਕਾਂ ਨੇ ਸੀ ਪਰ ਗੈਰਮਿਆਰੀ ਕੀਟਨਾਸ਼ਕ ਵਿਕਦੇ ਗਏ ਅਤੇ ਖੇਤੀ ਮਹਿਕਮਾ ਆਪਣਾ ਹਿਸਾਬ-ਕਿਤਾਬ ਕਰਦਾ ਗਿਆ। ਬਾਜਾਖਾਨਾ ਲਾਗਿਓਂ ਫੜੇ 60 ਲੱਖ ਦਾ ਕੀ ਬਣਿਆ?, ਗੋਨਿਆਣਾ ਪੁਲੀਸ ਵਲੋਂ ਫੜੇ 12 ਲੱਖ ਦਾ ਕੀ ਬਣਿਆ, ਬਠਿੰਡਾ ਵਿੱਚ ਜਾਅਲੀ ਕੀਟਨਾਸ਼ਕਾਂ ਦੇ ਭਰੇ ਟਰੱਕ ਨੂੰ ਖੇਤੀ ਅਫ਼ਸਰਾਂ ਨੇ ਛੱਡ ਦਿੱਤਾ, ਕੀ ਬਣਿਆ। ਹੋਰ ਤਾਂ ਹੋਰ ਇੱਕ ਜ਼ਿਲ੍ਹਾ ਖੇਤੀ ਅਫ਼ਸਰ ਖ਼ੁਦ ਨਾਰਦਰਨ ਕਰੌਪ ਸਾਇੰਸ ਦਾ ਦੋ ਨੰਬਰ ਦਾ ਮਾਲ ਕਪਾਹ ਪੱਟੀ ਵਿੱਚ ਡੀਲਰਾਂ ਤੱਕ ਪਹੁੰਚਾਉਂਦਾ ਰਿਹਾ, ਕੀ ਬਣਿਆ? ਖੇਤੀ ਮਹਿਕਮਾ ਸਿਰਫ਼ ਦਵਾਈਆਂ ਅਤੇ ਖਾਦਾਂ ਦੇ ਨਮੂਨੇ ਭਰਨ ਵਾਲਾ ਮਹਿਕਮਾ ਬਣ ਗਿਆ ਹੈ। ਕਿਸਾਨ ਤਾਂ ਹੁਣ ਇਸ ਨੂੰ ਜੇਬਾਂ ਭਰਨ ਵਾਲਾ ਮਹਿਕਮਾ ਵੀ ਆਖਦੇ ਹਨ।
ਪੰਜਾਬ ਵਿੱਚ ਕਦੇ ਗ਼ੈਰਮਿਆਰੀ ਦਵਾਈ ਵੇਚਣ ਵਾਲੇ ਡੀਲਰ ਨੂੰ  ਅਦਾਲਤਾਂ ਵਿੱਚੋਂ ਮਿਸਾਲੀ ਸਜ਼ਾ ਨਹੀਂ ਹੋਈ ਹੈ ਜਿਨ੍ਹਾਂ ਨੇ ਕਿਸਾਨਾਂ ਦੀ ਜੇਬ ਖਾਲੀ ਕੀਤੀ ਹੈ। ਅੱਜ ਪੰਜਾਬ ਦੇ ਹਰ ਕਿਸਾਨ ਸਿਰ ਔਸਤਨ 1.10 ਲੱਖ ਰੁਪਏ ਦਾ ਬੈਂਕ ਕਰਜ਼ਾ ਹੈ। ਦੇਸ਼ ਭਰ ਵਿੱਚੋਂ ਪੰਜਾਬ ਦੇ ਕਿਸਾਨ ਦਾ ਕਰਜ਼ਾਈ ਹੋਣ ਵਿੱਚ ਪਹਿਲਾ ਨੰਬਰ ਹੈ। ਪੰਜਾਬ ਦੇ 27.76 ਲੱਖ ਕਿਸਾਨਾਂ ਸਿਰ ਇਕੱਲੀਆਂ ਬੈਂਕਾਂ ਦਾ 69,449 ਕਰੋੜ ਦਾ ਕਰਜ਼ਾ ਹੈ। ਇਕੱਲੀ ਕਪਾਹ ਪੱਟੀ ਦੇ ਕਿਸਾਨਾਂ ਸਿਰ ਐਤਕੀਂ ਤਿੰਨ ਹਜ਼ਾਰ ਕਰੋੜ ਦਾ ਹੋਰ ਕਰਜ਼ਾ ਚਡ਼ਨ ਦਾ ਅਨੁਮਾਨ ਹੈ। ਹਾਕਮ ਧਿਰ ਦਾ ਕੋਈ ਵੀ ਨੇਤਾ ਕਦੇ ਉਸ ਕਿਸਾਨ ਦੇ ਸੱਥਰ ਤੇ ਬੈਠਿਆ ਨਹੀਂ ਦੇਖਿਆ ਜੋ ਖੇਤੀ ਸੰਕਟ ਕਾਰਨ ਖ਼ੁਦਕੁਸ਼ੀ ਕਰ ਗਿਆ ਹੋਵੇ।
ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਕਪਾਹ ਪੱਟੀ ਦੇ ਕਿਸੇ ਵੀ ਖੇਤ ਵਿੱਚ ਨੁਕਸਾਨੀ ਫ਼ਸਲ ਦਾ ਜਾਇਜ਼ਾ ਲੈਂਦੇ ਹਾਲੇ ਤਕ ਵੇਖਿਆ ਨਹੀਂ ਗਿਆ ਹੈ। ਖ਼ੈਰ, ਹੁਣ ਹਾਲਾਤ ਜਾਇਜ਼ੇ ਵਾਲੇ ਰਹੇ ਵੀ ਨਹੀਂ ਹਨ। ਹੁਣ ਤਾਂ ਹਾਕਮ ਧਿਰ ਸੜਕਾਂ ਉੱਤੇ ਬੈਠੇ ਕਿਸਾਨਾਂ ਦੀ ਗਿਣਤੀ ਕਰ ਰਹੀ ਹੈ। ਅੱਠ ਕਿਸਾਨ ਧਿਰਾਂ ਨੇ ਬਠਿੰਡਾ ਵਿੱਚ 17 ਸਤੰਬਰ ਤੋਂ ਕਿਸਾਨ ਮੋਰਚਾ ਲਾਇਆ ਹੋਇਆ ਹੈ ਜੋ ਹੁਣ ਕਪਾਹ ਪੱਟੀ ਦੇ ਹਰ ਜਿਲ੍ਹੇ ਵਿੱਚ ਫੈਲ ਗਿਆ ਹੈ। ਖੇਤ ਤਾਂ ਵਾਹ ਦਿੱਤੇ, ਹੁਣ ਘਰ ਬੈਠ ਕੇ ਕੀ ਕਰਨਾ, ਬਠਿੰਡਾ ਦੇ ਪਿੰਡ ਕੁਟੀ ਦੇ ਕਿਸਾਨ ਹਰਮੇਲ ਸਿੰਘ ਦਾ ਇਹ ਪ੍ਰਤੀਕਰਮ ਸੀ। ਮੁਕਤਸਰ ਦੇ ਪਿੰਡ ਭਾਗਸਰ ਦੇ ਹਰਨੇਕ ਸਿੰਘ ਨੇ ਰੋਹ ਵਿੱਚ ਆਖਿਆ, ਸਾਨੂੰ ਸੜਕਾਂ ਤੇ ਬਿਠਾ ਕੇ ਹੁਣ ਖ਼ੁਦ ਗੱਦੀ ਉੱਤੇ ਨਹੀਂ ਬੈਠ ਸਕਣਗੇ। ਖ਼ੈਰ, ਇਸ ਕਿਸਾਨ ਮੋਰਚੇ ਵਿੱਚ ਬਿਰਧ ਔਰਤਾਂ ਅਤੇ ਛੋਟੇ ਬੱਚੇ ਵੀ ਭਾਗੀਦਾਰ ਬਣੇ ਹਨ।
ਬਠਿੰਡਾ ਦੇ ਖੇਤੀ ਮੇਲੇ ਵਿੱਚ ਐਮ.ਪੀ ਬਲਵਿੰਦਰ ਸਿੰਘ ਭੂੰਦੜ ਤਾਂ ਇਸ ਰੋਹ ਦਾ ਅੰਦਾਜ਼ਾ ਲਗਾ ਚੁੱਕੇ ਹਨ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਹਵਾ ਦਾ ਰੁਖ਼ ਵੇਖ ਚੁੱਕੀ ਹੈ। ਹੁਣ ਕਿਸਾਨ ਸ਼ਮਸ਼ਾਨ ਘਾਟਾਂ ਜਾਂ ਖੜਵੰਜਿਆਂ ਵਾਸਤੇ ਗਰਾਂਟਾਂ ਨਹੀਂ ਮੰਗ ਰਹੇ ਹਨ, ਉਨ੍ਹਾਂ ਦੀ ਤਰਜ਼ੀਹ ਪਹਿਲਾਂ ਢਿੱਡ ਦੀ ਅੱਗ ਹੈ।