Showing posts with label ਪੰਜਾਬ ਦੇ ਕਾਲੇ ਦੋਰ 'ਤੇ ਪਿਛਲ ਝਾਤ ਮਾਰਦਿਆਂ...... Show all posts
Showing posts with label ਪੰਜਾਬ ਦੇ ਕਾਲੇ ਦੋਰ 'ਤੇ ਪਿਛਲ ਝਾਤ ਮਾਰਦਿਆਂ...... Show all posts

Saturday, September 19, 2026

ਪੰਜਾਬ ਦੇ ਕਾਲੇ ਦੋਰ 'ਤੇ ਪਿਛਲ ਝਾਤ ਮਾਰਦਿਆਂ.....

  ਪੰਜਾਬ ਦੇ ਕਾਲੇ ਦੋਰ 'ਤੇ ਪਿਛਲ ਝਾਤ ਮਾਰਦਿਆਂ.....



ਪਿਛਾਖੜੀ ਲਹਿਰਾਂ ਅਤੇ ਇਨਕਲਾਬੀ ਜਮਾਤੀ ਲਹਿਰਾਂ ਦੀ ਜੰਮਣ ਭੋਂ ਸਾਂਝੀ ਹੈ। ਇਹ ਦੋਵੇਂ ਜਮਾਤੀ ਲੁੱਟ ਅਤੇ ਦਾਬੇ 'ਤੇ ਅਧਾਰਤ ਸਮਾਜਿਕ ਪ੍ਰਬੰਧ ਦੇ ਸੰਕਟ 'ਚੋਂ ਜਨਮ ਲੈਂਦੀਆਂ ਹਨ। ਨਿਘਾਰ ਦੀਆਂ ਪਤਾਲਾਂ ਛੂਹ ਰਹੇ ਸਮਾਜਿਕ ਨਿਜ਼ਾਮ ਦਾ ਸੰਕਟ ਲੋਕਾਂ ਦੇ ਮਨਾਂ 'ਚ ਤਿੱਖੀ ਬੇਚੈਨੀ ਅਤੇ ਤਿੱਖੀ ਤਬਦੀਲੀ ਦੀ ਤਾਂਘ ਪੈਦਾ ਕਰਦਾ ਹੈ। ਇਸ ਬੇਚੈਨੀ ਅਤੇ ਤਾਂਘ ਨੇ ਕੋਈ ਨਾ ਕੋਈ ਰਾਹ ਲੈਣਾ ਹੁੰਦਾ ਹੈ। ਜਿੱਥੇ ਕਿਤੇ ਵੀ ਇਨਕਲਾਬੀ ਸ਼ਕਤੀਆਂ ਦੀ ਕਮਜ਼ੋਰੀ ਕਰਕੇ ਇਨਕਲਾਬੀ ਚੇਤਨਾ ਦੀ ਰੌਸ਼ਨੀ ਮੱਧਮ ਰਹਿੰਦੀ ਹੈ, ਸਥਾਪਤ ਸਮਾਜਿਕ ਨਿਜ਼ਾਮ ਦਾ ਇਨਕਲਾਬੀ ਬਦਲ ਨਹੀਂ ਉੱਭਰਦਾ, ਉੱਥੇ ਖਲਾਅ ਦੀ ਹਾਲਤ ਪੈਦਾ ਹੁੰਦੀ ਹੈ। ਪਿਛਾਖੜੀ ਲਹਿਰਾਂ ਇਸ ਖਲਾਅ ਨੂੰ ਪੂਰਨ ਲਈ ਆ ਟੱਪਕਦੀਆਂ ਹਨ। ਇਹ ਲਹਿਰਾਂ ਲੋਕਾਂ ਦੇ ਮਨਾਂ ਅੰਦਰ ਮਚਲ ਰਹੀ ਬੇਚੈਨੀ ਅਤੇ ਤਾਂਘ ਦਾ ਹੀ ਗ੍ਰਹਿਣਿਆ ਵਿਜੋਗਿਆ ਪ੍ਰਗਟਾ ਹੁੰਦੀਆਂ ਹਨ। ਇਹ ਲੋਕਾਂ ਨੂੰ ਉਸੇ ਤਰ੍ਹਾਂ ਧੂਹ ਪਾਉਂਦੀਆਂ ਹਨ ਜਿਵੇਂ ਮਾਰੂਥਲਾਂ 'ਚ ਚਿਲਕਦੀ ਰੇਤ ਪਿਆਸੇ ਮਿਰਗਾਂ ਦੀਆਂ ਡਾਰਾਂ ਨੂੰ ਧੂਹ ਪਾਉਂਦੀ ਹੈ, ਜਿਹੜੇ ਇਸਨੂੰ ਪਾਣੀ ਸਮਝਕੇ ਇਸ ਵੱਲ ਵਾਹੋਦਾਹ ਦੌੜਦੇ ਹਨ। 

ਬੀਤੀ ਸਦੀ ਦੇ ਅੱਸੀਵਿਆਂ ਦੇ ਦਹਾਕੇ 'ਚ ਉੱਭਰਿਆ ਖਾਲਿਸਤਾਨੀ ਲਹਿਰ ਦਾ ਵਰਤਾਰਾ ਅਜਿਹੀ ਹੀ ਚਿਲਕਦੀ ਰੇਤ ਦੀ ਉਦਾਹਰਨ ਸੀ। 

ਲਗਭਗ ਡੇਢ ਦਹਾਕਾ ਪੰਜਾਬ ਦੇ ਲੋਕ ਦੋ ਮੂੰਹੀਂ ਦਹਿਸ਼ਤਗਰਦੀ ਦਾ ਕਹਿਰ ਹੰਢਾਉਂਦੇ ਰਹੇ ਸਨ। ਇੱਕ ਪਾਸੇ ਖਾਲਿਸਤਾਨੀ ਦਹਿਸ਼ਤਗਰਦੀ ਅਤੇ ਦੂਜੇ ਪਾਸੇ ਹਕੂਮਤੀ ਦਹਿਸ਼ਤਗਰਦੀ ਦਾ ਇਹ ਘਿਨਾਉਣਾ ਕਾਲਾ ਦੌਰ ਪੰਜਾਬ ਅੰਦਰ 1947 ਤੇ ਮਗਰੋਂ ਦੇ ਸਮੇਂ ਦਾ ਸਭ ਤੋਂ ਮਾੜਾ ਨਾਂਹ-ਪੱਖੀ ਵਰਤਾਰਾ ਹੋ ਨਿਬੜਿਆ। ਇਸ ਦੌਰ ਦੇ ਜਖ਼ਮ ਅਜੇ ਤੱਕ ਰਿਸ ਰਹੇ ਹਨ ਅਤੇ ਲੋਕ ਦੁਸ਼ਮਣਾਂ ਵੱਲੋਂ ਮਾੜੇ ਮੰਤਵਾਂ ਨਾਲ ਮੁੜ-ਮੁੜ ਕੁਰੇਦੇ ਜਾ ਰਹੇ ਹਨ। ਇਹ ਕਾਲਾ ਦੌਰ ਲੋਕ ਦੁਸ਼ਮਣ ਰਾਜਭਾਗ 'ਚੋਂ ਹਿੱਸਾਪੱਤੀ ਲਈ ਹਾਕਮ ਜਮਾਤਾਂ ਦੀ ਕੁੱਕੜਖੋਹੀ ਦਾ ਨਤੀਜਾ ਸੀ। ਲੋਕਾਂ ਦੀ ਏਕਤਾ ਅਤੇ ਤਾਕਤ ਲਈ ਭਰਾ ਮਾਰ ਪਾਟਕ ਰਾਹੀਂ ਲੀਰੋ-ਲੀਰ ਕਰਕੇ ਅਤੇ ਹਿੰਸਕ ਹੱਲਿਆਂ ਰਾਹੀਂ ਮਧੋਲ ਕੇ ਲੋਕ-ਦੁਸ਼ਮਣ ਰਾਜਭਾਗ ਦੇ ਪਾਵੇ ਪੱਕੇ ਕਰਨ ਦੀ ਨੀਤੀ ਦਾ ਸਿੱਟਾ ਸੀ। ਪੰਜਾਬ ਨੂੰ ਵਿਉਂਤਬੱਧ ਢੰਗ ਨਾਲ ਕਦਮ-ਬਾ-ਕਦਮ ਘਿਨਾਉਣੇ ਫਿਰਕੂ ਤਨਾਅ ਅਤੇ ਹਿੰਸਾ ਦੇ ਮੂੰਹ ਧੱਕ ਦਿੱਤਾ ਗਿਆ ਸੀ। 

ਖ਼ਾਲਿਸਤਾਨੀ ਦਹਿਸ਼ਤਗਰਦੀ ਅਤੇ ਹਕੂਮਤੀ ਦਹਿਸ਼ਤਗਰਦੀ ਦੋਹਾਂ ਨੂੰ ਲੋਕ ਦੁਸ਼ਮਣ ਪਿਛਾਖੜੀ ਵਿਚਾਰਧਾਰਕ ਹੱਲੇ ਦੀਆਂ ਥੰਮ੍ਹੀਆਂ ਦਿੱਤੀਆਂ ਗਈਆਂ ਸਨ। ਖ਼ਾਲਿਸਤਾਨੀ ਦਹਿਸ਼ਤਗਰਦੀ ਦੇ ਉਭਾਰ ਦੀ ਟੇਕ ਇਹ ਵਿਚਾਰਧਾਰਕ ਭਰਮ ਚੇਤਨਾ ਸੀ ਕਿ ਪੰਜਾਬ ਦੀ ਸਿੱਖ ਬਹੁਗਿਣਤੀ ਦੇ ਸਭਨਾਂ ਦੁੱਖਾਂ ਦੀ ਜੜ੍ਹ ਉਹਨਾਂ ਨਾਲ ਹੋ ਰਿਹਾ ਧਾਰਮਿਕ ਧੱਕਾ ਅਤੇ ਵਿਤਕਰਾ ਹੈ। ਬਹਾਦਰ “ਸਿੱਖ ਕੌਮ” ਬਹੁ ਗਿਣਤੀ ਹਿੰਦੂਆਂ (ਭਈਆਂ) ਦੇ ਰਾਜ ਦੀ ਗ਼ੁਲਾਮੀ 'ਚ ਜਕੜੀ ਹੋਈ ਹੈ। ਸਿੱਖਾਂ ਦੇ ਦੁੱਖਾਂ ਦਾ ਇਲਾਜ ਖਾਲਸੇ ਦੀ ਸਰਦਾਰੀ ਵਾਲੇ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਦੀ ਸਥਾਪਤੀ ਹੈ। ਇਹ ਵਿਚਾਰਧਾਰਾ ਦੱਬੀ ਕੁਚਲੀ ਬਹੁਗਿਣਤੀ ਦੇ ਸਾਂਝੇ ਹਿਤਾਂ ਤੋਂ ਮੁਨਕਰ ਹੈ। ਇਸ ਬਹੁਗਿਣਤੀ ਦੀ, ਮੁੱਠੀ ਭਰ ਮਲਕ ਭਾਗੋਆਂ ਨਾਲ ਜਮਾਤੀ ਟੱਕਰ ਤੋਂ ਮੁਨਕਰ ਹੈ। ਬਹੁਗਿਣਤੀ (ਗੈਰ ਸਿੱਖਾਂ ਅਤੇ ਗੈਰ ਕੱਟੜ ਸਿੱਖਾਂ) ਖ਼ਿਲਾਫ਼ ਜੰਗ ਦਾ ਜਨੂੰਨੀ ਨਾਅਰਾ ਦਿੰਦੀ ਹੈ। “ਇੱਕ ਦੇ ਹਿੱਸੇ ਪੈਂਤੀ ਆਉਂਦੇ ਹਨ” ਦਾ ਭਿੰਡਰਾਂਵਾਲੇ ਦਾ ਹੋਕਰਾ ਇਸ ਵਿਚਾਰਧਾਰਾ ਤੇ ਟਿਕੀ ਯੁੱਧ ਨੀਤੀ ਦਾ ਸਾਰਤੱਤ ਪੇਸ਼ ਕਰਦਾ ਸੀ। 

ਰਾਜਭਾਗ ਦੇ ਲੋਕ ਦੁਸ਼ਮਣ ਚਰਿੱਤਰ ਨਾਲ ਕੋਈ ਛੇੜ-ਛਾੜ ਇਸ ਲਹਿਰ ਦਾ ਮਸਲਾ ਨਹੀਂ ਸੀ। ਇਸਦਾ ਇਕਬਾਲ ਖੁਦ ਪੰਥਕ ਕਮੇਟੀ ਵੱਲੋਂ ਦਰਬਾਰ ਸਾਹਿਬ ਕੰਪਲੈਕਸ 'ਚੋਂ ਖਾਲਿਸਤਾਨ ਦਾ ਐਲਾਨ ਕਰਨ ਵੇਲੇ ਕੀਤਾ ਗਿਆ ਸੀ। ਇਹ ਬਿਆਨ ਜਾਰੀ ਕੀਤਾ ਗਿਆ ਸੀ ਕਿ ਖਾਲਿਸਤਾਨ, ਰਾਜ ਪ੍ਰਬੰਧ ਦੇ ਮੌਜੂਦਾ ਢਾਂਚੇ 'ਚ ਕੋਈ ਤਬਦੀਲੀ ਨਹੀਂ ਕਰੇਗਾ। ਸਿਰਫ ਖ਼ਾਲਿਸਤਾਨ ਦੀਆਂ ਮੋਹਰਾਂ ਵਰਤੀਆਂ ਜਾਣਗੀਆਂ। ਇਹ ਅੰਗਰੇਜ਼ ਸਾਮਰਾਜੀਆਂ ਦੇ ਸਮੇਂ ਤੋਂ ਚੱਲੇ ਆ ਰਹੇ ਰਾਜਭਾਗ ਦੇ ਢਾਂਚੇ ਨੂੰ ਜਿਉਂ ਦਾ ਤਿਉਂ ਰੱਖਣ ਦਾ ਨੰਗਾ ਚਿੱਟਾ ਐਲਾਨ ਸੀ। 

ਇਸ ਦੌਰ ਦੇ ਕੁੱਝ ਹੋਰ ਅਹਿਮ ਤੱਥ ਵੀ ਧਿਆਨ ਮੰਗਦੇ ਸਨ। ਮਸਲਨ ਭਿੰਡਰਾਂਵਾਲੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਧਰਮ ਯੁੱਧ ਮੋਰਚੇ ਦੌਰਾਨ ਇੰਗਲੈਂਡ ਦੀ ਮਹਾਂਰਾਣੀ ਨੂੰ ਇਹ ਯਾਦ ਕਰਾਇਆ ਗਿਆ ਸੀ ਕਿ ਸਿੱਖ ਹਮੇਸ਼ਾਂ ਅੰਗਰੇਜ਼ੀ ਰਾਜ ਦੀ ਸਲਾਮਤੀ, ਸ਼ਾਨ ਅਤੇ ਪਸਾਰੇ ਖਾਤਰ ਸਭ ਤੋਂ ਮੂਹਰੇ ਹੋ ਕੇ ਲੜਦੇ ਰਹੇ ਹਨ ਅਤੇ ਹੁਣ ਮਹਾਂਰਾਣੀ ਦਾ ਫਰਜ਼ ਬਣਦਾ ਹੈ ਕਿ ਇਸ ਸੇਵਾ ਦੇ ਇਵਜ਼ਾਨੇ 'ਚ ਸਿੱਖਾਂ ਦੀ ਹਮਾਇਤ ਕਰੇ। ਇਹ ਧਾਰਮਿਕ ਫਿਰਕੇ ਵਜੋਂ ਸਿੱਖਾਂ ਦੇ ਅਕਸ ਨੂੰ ਕਲੰਕਿਤ ਕਰਨ ਵਾਲਾ ਬਿਆਨ ਸੀ, ਜਿਹੜਾ ਕੂਕਾ ਲਹਿਰ, ਬੱਬਰ ਅਕਾਲੀ ਲਹਿਰ ਅਤੇ ਗ਼ਦਰ ਲਹਿਰ ਦੇ ਸਾਮਰਾਜ ਵਿਰੋਧੀ ਸ਼ਾਨਦਾਰ ਵਿਰਸੇ 'ਤੇ ਕਾਲਖ ਦਾ ਪੋਚਾ ਫੇਰਦਾ ਸੀ। ਇਸ ਤੋਂ ਅੱਗੇ ਵੀ ਇਹਨਾਂ ਤਾਕਤਾਂ ਨੇ ਕੌਮੀ ਅਣਖ ਦਾ ਝੰਡਾ ਉੱਚਾ ਕਰਨ ਦੀ ਅਜਿਹੀ ਵਿਰਾਸਤ ਦੇ ਐਨ ਉਲਟ ਗੋਲਡਨ ਟੈਂਪਲ ਦੇ ਅਹਾਤੇ ਦੀ ਵਰਤੋਂ ਸਾਮਰਾਜ ਭਗਤੀ ਅਤੇ ਕੌਮੀ ਨਮੋਸ਼ੀ ਦੀ ਨੁਮਾਇਸ਼ ਲਾਉਣ ਲਈ ਕੀਤੀ। ਅੰਗਰੇਜ਼ ਰਾਜ ਵੇਲੇ ਹੀ ਸਾਮਰਾਜ ਭਗਤ ਲਾਣੇ ਵੱਲੋਂ ਅੰਗਰੇਜ਼ ਸਾਮਰਾਜੀਆਂ ਦੇ ਨੁਮਾਇੰਦਿਆਂ ਨੂੰ ਸਰੋਪੇ ਦੇਣ ਦੀ ਰੀਤ ਅਕਾਲ ਤਖਤ 'ਤੇ ਥੋਪ ਦਿੱਤੀ ਗਈ ਸੀ। ਪੰਜਾਬ ਦੁਖਾਂਤ ਦੇ ਮੁਜ਼ਰਮਾਂ ਨੇ ਇਸ ਰੀਤ ਨੂੰ ਹੁੱਬ ਕੇ ਦੁਹਰਾਇਆ। ਖ਼ਾਲਿਸਤਾਨੀ-ਅਕਾਲੀ ਕੈਂਪ ਦੇ ਲੀਡਰ ਸਾਮਰਾਜੀ ਮੁਲਕਾਂ ਦੇ ਨੁਮਾਇੰਦਿਆਂ ਨੂੰ ਗੋਲਡਨ ਟੈਂਪਲ ਸੱਦ ਕੇ ਉਹਨਾਂ ਮੂਹਰੇ ਨਤਮਸਤਕ ਹੋਣ ਅਤੇ ਗੁਣਗਾਣ ਕਰਨ 'ਚ ਫਖ਼ਰ ਮਹਿਸੂਸ ਕਰਦੇ ਰਹੇ ਹਨ। ਅਮਰੀਕੀ ਰਾਜਦੂਤ ਵਿਲੀਅਮ ਕਲਾਰਕ ਦੀ ਗੋਲਡਨ ਟੈਂਪਲ ਫੇਰੀ ਸਮੇਂ ਸਿਮਰਨਜੀਤ ਮਾਨ ਆਪਣੇ ਬਿਆਨਾਂ ਰਾਹੀਂ ਅਮਰੀਕੀ ਸਾਮਰਾਜੀਆਂ ਦੇ ਚਰਨਾਂ 'ਚ ਲਿਟਦਾ ਦਿਖਾਈ ਦਿੱਤਾ ਸੀ। 

ਅੰਗਰੇਜ਼ ਭਗਤੀ ਅਤੇ ਸਾਮਰਾਜ ਭਗਤੀ ਦਾ ਇਹ ਵੇਗ ਇੰਨਾ ਜ਼ੋਰਦਾਰ ਸੀ ਕਿ ਅੰਗਰੇਜ਼ੀ ਰਾਜ ਦੀਆਂ ਜਿੱਤਾਂ 'ਚ “ਸਿੱਖ ਫੌਜਾਂ” ਦੀ ਘਾਲਣਾ ਦੀ ਚਰਚਾ ਕਰਨ ਵੇਲੇ ਖ਼ਾਲਿਸਤਾਨੀ ਅਕਾਲੀ ਕੈਂਪ ਲਈ “ਮਹਾਰਾਜਾ ਰਣਜੀਤ ਸਿੰਘ ਦੇ ਰਾਜ” ਦਾ ਹੇਜ ਵੀ ਮੱਧਮ ਪੈ ਜਾਂਦਾ ਰਿਹਾ ਹੈ। ਇਸ ਰਾਜ ਨੂੰ ਹੜੱਪ ਕਰ ਲੈਣ ਵਾਲੇ ਅੰਗਰੇਜ਼ੀ ਰਾਜ ਦੀ ਵਫ਼ਾਦਾਰੀ ਦੇ ਕਿੱਸੇ ਸੁਣਾਉਣ ਵੇਲੇ ਇਹ ਸਿਆਸੀ ਢਾਡੀ ਸ਼ਾਹ ਮੁਹੰਮਦ ਦੇ ਜੰਗਨਾਮੇ ਵੱਲ ਅੱਖਾਂ ਮੀਚ ਲੈਣ 'ਚ ਹੀ ਸਿਆਣਪ ਸਮਝਦੇ ਰਹੇ ਹਨ। 

ਜਰਨੈਲ ਸਿੰਘ ਭਿੰਡਰਾਂਵਾਲੇ ਲਈ ਨਾ ਸਿਰਫ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ 'ਸਿੱਖ ਰਾਜ' ਦਾ ਨਮੂਨਾ  ਸੀ ਸਗੋਂ ਅੰਗਰੇਜ਼ ਭਗਤ ਮਹਾਰਾਜਾ ਪਟਿਆਲਾ ਦਾ ਰਾਜ ਵੀ 'ਸਿੱਖ ਰਾਜ' ਹੀ ਸੀ। ਉਸਨੇ ਆਪਣੀਆਂ ਤਕਰੀਰਾਂ 'ਚ ਨਾ ਸਿਰਫ ਕਾਂਗਰਸੀ ਲੀਡਰ ਅਮਰਿੰਦਰ ਸਿੰਘ ਦੀਆਂ ਸਿਫ਼ਤਾਂ ਕੀਤੀਆਂ ਸਨ ਸਗੋਂ  ਉਸਦੇ “ਖਾਨਦਾਨੀ ਪਿਛੋਕੜ” ਨੂੰ ਵੀ “ਬਹੁਤ ਆਹਲਾ” ਦੱਸਿਆ ਸੀ। ਭਿੰਡਰਾਂਵਾਲੇ ਦਾ ਮਨਭਾਉਂਦਾ , ਇਹ “ਖਾਲਿਸਤਾਨੀ ਪਿਛੋਕੜ” ਅੰਗਰੇਜ਼ ਸਾਮਰਾਜੀਆਂ ਦੀ ਚਾਕਰ ਸਿਰੇ ਦੀ ਅੱਯਾਸ਼ ਰਾਜਾਸ਼ਾਹੀ ਦਾ ਪਿਛੋਕੜ ਹੈ। ਉਸਦੀ ਤਕਰੀਰ ਦਾ ਇਹ ਹਵਾਲਾ “ਭਿੰਡਰਾਂਵਾਲੇ ਸੰਤ” ਪੁਸਤਕ ਵਿੱਚ ਪ੍ਰਕਾਸ਼ਤ ਹੋਇਆ ਸੀ, ਜਿਹੜੀ 90ਵਿਆਂ ਦੇ ਸ਼ੁਰੂ 'ਚ ਸਟਾਲਾਂ ਤੋਂ ਆਮ ਹੀ ਮਿਲਦੀ ਸੀ। 

ਸੋ ਖ਼ਾਲਿਸਤਾਨੀ ਲਹਿਰ ਦਾ ਨਾ “ਰਾਜੇ ਸ਼ੀਹ ਮੁਕੱਦਮ ਕੁੱਤੇ” ਕਹਿਣ ਵਾਲੀ ਸਿੱਖ ਗੁਰੂਆਂ ਦੀ ਵਿਰਾਸਤ ਨਾਲ ਕੋਈ ਰਿਸ਼ਤਾ ਸੀ ਅਤੇ ਨਾ ਹੀ ਅੰਗਰੇਜ਼ ਸਾਮਰਾਜੀਆਂ ਵੱਲੋਂ ਤੋਪਾਂ ਨਾਲ ਉਡਾਏ ਸੂਰਵੀਰ ਸਿੱਖਾਂ ਮਰਜੀਵੜਿਆਂ ਨਾਲ ਕੋਈ ਵਾਸਤਾ ਸੀ। ਇਹ ਲਹਿਰ ਲੋਕ ਦੁਸ਼ਮਣ ਰਾਜਭਾਗ ਅਧੀਨ ਜਲਾਲਤ ਹੰਢਾ ਰਹੇ ਲੋਕਾਂ ਦੀਆਂ ਭਾਵਨਾਵਾਂ ਨੂੰ ਪੁੱਠੇ ਰਾਹ ਵਗਾ ਰਹੀ ਸੀ। ਖਾਲਸਾ ਰਾਜ ਦੇ ਨਾਂ ਹੇਠ ਲੋਕਾਂ 'ਤੇ ਸਾਮਰਾਜ ਭਗਤ ਮਲਕ ਭਾਗੋਆਂ ਦੀ ਫਿਰਕੂ ਫਾਸ਼ੀ ਚੌਧਰ ਮੜ੍ਹਨਾ ਇਸਦਾ ਮਨੋਰਥ ਸੀ। 

ਇਹ ਤੱਥ ਵੀ ਮਹੱਵਪੂਰਨ ਹੈ ਕਿ ਗੋਲਡਨ ਟੈਂਪਲ 'ਚ ਖਾਲਿਸਤਾਨੀ ਤਾਕਤਾਂ ਦੀ ਫੌਜੀ ਕਮਾਨ ਉਸ ਸਖਸ਼ ਦੇ ਹੱਥਾਂ 'ਚ ਸੀ, ਜਿਸਦੇ ਸਿਰ 'ਤੇ ਉਸ ਰਾਜ ਦੀਆਂ ਜਿੱਤਾਂ ਦੀ ਕਲਗੀ ਸਜੀ ਹੋਈ ਸੀ, ਜਿਸਨੂੰ ਭਿੰਡਰਾਂਵਾਲਾ ਬਾਹਮਣਾਂ ਬਾਣੀਆਂ ਦਾ ਰਾਜ ਕਹਿੰਦਾ ਸੀ। ਅੰਗਰੇਜ਼ ਸਾਮਰਾਜੀਆਂ ਤੋਂ ਵਿਰਸੇ 'ਚ ਮਿਲੇ ਭਾਰਤੀ ਰਾਜਭਾਗ ਦੀ ਰੱਜ ਕੇ ਸੇਵਾ ਕਮਾਉਣ ਪਿੱਛੋਂ, 1971 ਦੀ ਜੰਗ 'ਚ ਇੰਦਰਾ ਗਾਂਧੀ ਦੇ ਸਿਰ ਤੇ “ਹਿੰਦੂ ਰਾਜ” ਦੀ ਫੌਜੀ ਜਿੱਤ ਦਾ ਮੁਕਟ ਸਜਾਉਣ ਪਿੱਛੋਂ, ਕਾਫੀ ਦੇਰ ਬਾਅਦ ਜਨਰਲ ਸੁਬੇਗ ਸਿੰਘ ਨੂੰ ਇਹ 'ਬੋਧ' ਹੋਇਆ ਸੀ ਕਿ ਉਹ ਤਾਂ “ਹਿੰਦੂ ਰਾਜ” ਦਾ ਗੁਲਾਮ ਹੈ। ਉਸਨੇ “ਖਾਲਸਾ ਰਾਜ” ਦਾ ਸਰਬ ਸਮਰੱਥ ਫੌਜੀ ਸਿਆਸੀ ਰਹਿਬਰ ਹੋਣ ਦੇ ਸੁਪਨੇ ਲੈਣੇ ਸ਼ੁਰੂ ਕਰ ਦਿੱਤੇ ਸਨ। ਇਹ ਸੁਪਨੇ ਭਾਰਤੀ “ਹਿੰਦੂ ਰਾਜ” ਅੰਦਰ ਤਾਕਤ ਦੀਆਂ ਸਿਖਰਾਂ ਛੋਹਣ ਦੀਆਂ ਮਸ਼ਕਾਂ 'ਚ ਨਾਕਾਮੀ 'ਚੋਂ ਉਪਜੇ ਸਨ। ਤਾਂ ਵੀ ਇੰਦਰਾ ਗਾਂਧੀ ਦੇ ਕੌਮੀ ਜਨੂੰਨ ਦੀਆਂ ਤਰੰਗਾਂ 'ਤੇ ਸਵਾਰ ਹੋ ਕੇ ਪਾਕਿਸਤਾਨ ਦੇ ਟੋਟੇ ਕਰਨ ਵਾਲਾ ਇਹ ਸਖਸ਼ ਹੁਣ ਉਸਦੇ ਸਿਰ 'ਤੇ ਭਾਰਤ ਦੇ ਟੋਟੇ ਕਰਨ ਦੀ ਤਲਵਾਰ ਲਟਕਾ ਕੇ ਭਾਰਤੀ ਰਾਜ ਭਾਗ ਦੀ ਤਾਕਤ 'ਚ ਹਿੱਸਾ ਪੱਤੀ ਦੀ ਝਾਕ ਵੀ ਰੱਖ ਰਿਹਾ ਸੀ। ਖ਼ਾਲਿਸਤਾਨੀ ਲਹਿਰ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਇਸ ਲਹਿਰ ਦੇ ਸਿਆਸੀ ਨਿਸ਼ਾਨੇ ਦੀ ਪੇਸ਼ਕਾਰੀ 'ਚ ਦੰਭ ਦਾ ਅੰਸ਼ ਮੌਜੂਦ ਸੀ। ਇਹ ਭਾਰਤੀ ਰਾਜਭਾਗ 'ਚੋਂ ਹਿੱਸਾਪੱਤੀ ਦੀ ਝਾਕ ਅਤੇ ਇੱਛਾ ਨੂੰ ਲੁਕੋਣ ਦੀ ਕੋਸ਼ਿਸ਼ ਕਰਦੀ ਸੀ। 

ਸ਼ੁਰੂ 'ਚ ਖ਼ਾਲਿਸਤਾਨੀ ਅਨਸਰਾਂ ਨੂੰ ਕਾਂਗਰਸ ਹਕੂਮਤ ਵੱਲੋਂ ਹਵਾ ਦੇਣ ਦੀ ਗਿਣਤੀ, ਇਨ੍ਹਾਂ ਨੂੰ ਅਕਾਲੀ ਦਲ ਦੀ ਸ਼ਰੀਕ ਧਿਰ ਵਜੋਂ ਉਭਾਰ ਕੇ, ਇਸਦੇ ਵੋਟ ਬੈਂਕ ਨੂੰ ਸੰਨ੍ਹ ਲਾਉਣਾ ਸੀ। ਮਗਰੋਂ ਖ਼ਾਲਿਸਤਾਨੀ ਦਹਿਸ਼ਤਗਰਦੀ ਮੁਲਕ ਪੱਧਰ 'ਤੇ ਲੋਕ ਦੁਸ਼ਮਣ ਰਾਜ-ਭਾਗ ਨੂੰ ਅੰਨ੍ਹੀ ਕੌਮਪ੍ਰਸਤੀ ਦੀ ਢੋਈ ਦੇਣ ਦਾ ਵਸੀਲਾ ਬਣਾਈ ਗਈ। ਗੁਆਂਢੀ ਮੁਲਕ ਪਾਕਿਸਤਾਨ ਵੱਲ ਉਗਲਾਂ ਕਰਕੇ ਇਸ ਅੰਨ੍ਹੀ ਕੌਮਪ੍ਰਸਤੀ ਨੂੰ ਫਿਰਕੂ ਪੁੱਠ ਚਾੜ੍ਹੀ ਗਈ। ਇਹ ਭਰਮ ਚੇਤਨਾ ਉਭਾਰੀ ਗਈ ਕਿ ਮਹਾਨ ਭਾਰਤ ਮਾਤਾ ਦੇ ਗੌਰਵ ਨੂੰ ਖ਼ਤਰਾ ਹੈ। ਇਸਦੇ ਟੁਕੜੇ ਹੋਣ ਵਾਲੇ ਹਨ। ਅਪ੍ਰੇਸ਼ਨ ਬਲਿਊ ਸਟਾਰ ਰਾਹੀਂ ਇੰਦਰਾ ਗਾਂਧੀ ਭਾਰਤ ਮਾਤਾ ਦੇ ਗੌਰਵ ਦੀ ਰਾਖੀ ਕਰਨ ਵਾਲੀ ਵੀਰਾਂਗਣਾਂ ਵਜੋਂ ਪੇਸ਼ ਹੋਈ। ਉਸਦੀ ਹੱਤਿਆ ਅੰਨ੍ਹੀ ਕੌਮਪ੍ਰਸਤੀ ਦੀ ਫਿਰਕੂ ਧਾਰ ਨੂੰ ਚੰਡਣ ਦਾ ਸਾਧਨ ਬਣ ਗਈ। ਇਸ ਧਾਰ ਨੂੰ ਦਿੱਲੀ 'ਚ ਅਤੇ ਹੋਰਨੀ ਥਾਂਈਂ ਬੇਨਗੁਨਾਹ ਸਿੱਖ ਜਨਸਮੂਹਾਂ ਦੇ ਲਹੂ 'ਚ ਰੰਗਿਆ ਗਿਆ, ਮੁਲਕ ਸਾਹਮਣੇ ਲਹਿਰਾਇਆ ਗਿਆ ਅਤੇ ਅੰਨ੍ਹੇ ਕੌਮ ਹੰਕਾਰ ਨੂੰ ਸਿਖਰ 'ਤੇ ਲਿਜਾ ਕੇ ਭਰ ਬੁੱਕੀਂ ਵੋਟਾਂ ਹਾਸਲ ਕੀਤੀਆਂ ਗਈਆਂ। ਇਹ ਘਟਨਾਵਾਂ ਜਨੂੰਨੀ ਵਿਚਾਰਧਾਰਾ ਅਤੇ ਦਹਿਸ਼ਤਗਰਦੀ ਦੀਆਂ ਦੋਹਾਂ ਵੰਨਗੀਆਂ ਲਈ ਮੁੜ-ਮੁੜ ਜਨੂੰਨ ਅਤੇ ਹਿੰਸਾ ਦੇ ਗੇੜ ਚਲਾਉਣ ਲਈ ਸਮੱਗਰੀ ਬਣ ਗਈਆਂ। ਇਸ ਦੌਰ 'ਚ ਝੂਠੇ ਪੁਲਿਸ ਮੁਕਾਬਲੇ ਰਾਜ ਭਾਗ ਦੀ ਸੁਭਾਵਕ ਰੀਤ ਵਾਂਗ ਸਥਾਪਤ ਕੀਤੇ ਗਏ। ਖ਼ਾਲਿਸਤਾਨੀ ਦਹਿਸ਼ਤਗਰਦੀ ਦੀ ਵਜ੍ਹਾ ਕਰਕੇ ਲੋਕਾਂ 'ਚ ਮੌਜੂਦ ਅਸੁਰੱਖਿਆ ਭਾਵਨਾ ਨੂੰ ਹਕੂਮਤੀ ਦਹਿਸ਼ਤਗਰਦੀ ਦਾ ਕੁਹਾੜਾ ਰੇਤਣ ਖਾਤਰ ਵਰਤਿਆ ਗਿਆ। 

(ਅਦਾਰਾ ਸੁਰਖ਼ ਲੀਹ ਵੱਲੋਂ ਪੁਸਤਕ ‘ਬਲੀਡਿੰਗ ਪੰਜਾਬ' ਦੇ ਪੰਜਾਬੀ ਅਨੁਵਾਦ ਪ੍ਰਕਾਸ਼ਿਤ ਮੌਕੇ ਲਿਖੀ ਭੂਮਿਕਾ 'ਚੋਂ ਸੰਖੇਪ)