ਤਾਬਿਆਦਾਰ ਅਤੇ ਕਠਪੁਤਲੀ ਰਾਜਾਂ ਦੇ ਵਖਰੇਵੇਂ ਬਾਰੇ
ਭਾਰਤ ਦੇ ਕਮਿਊਨਿਸਟ ਇਨਕਲਾਬੀ ਕੈਂਪ ਅੰਦਰ ਸਾਮਰਾਜ ਦੀ ਤਾਬਿਆਦਾਰ ਭਾਰਤੀ ਦਲਾਲ ਸਰਮਾਏਦਾਰੀ ਅਤੇ ਤਾਬਿਆਦਾਰ ਭਾਰਤੀ ਰਾਜ ਦੇ ਖਾਸੇ ਨੂੰ ਅੰਗਣ ਅਤੇ ਇਸਦੀ ਵਿਆਖਿਆ ਕਰਨ ਸਬੰਧੀ ਵਖਰੇਵੇਂ ਪ੍ਰਗਟ ਹੁੰਦੇ ਰਹੇ ਹਨ। ਆਜ਼ਾਦ ਰਾਜ, ਮਾਤਹਿਤ ਰਾਜ ਅਤੇ ਕਠਪੁਤਲੀ ਰਾਜ ਦੇ ਸੰਕਲਪਾਂ ਨੂੰ ਰਲਗੱਡ ਕੀਤਾ ਜਾਂਦਾ ਰਿਹਾ ਹੈ।
ਭਾਰਤ ਦੀਆਂ ਚਾਰ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ 1993 'ਚ ਅਪਣਾਏ ਆਪਣੇ ਏਕਤਾ ਮਤੇ ਅੰਦਰ ਇਸ ਸਵਾਲ ਨੂੰ ਸੰਬੋਧਿਤ ਹੋਈਆਂ ਸਨ। ਮਤੇ ਅੰਦਰ ਮਾਤਹਿਤ ਰਾਜਾਂ ਅਤੇ ਕਠਪੁਤਲੀ ਰਾਜਾਂ 'ਚ ਵਖਰੇਵਾਂ ਕਰਨ ਦੇ ਮਹੱਤਵ 'ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਸੀ। ਇਹ ਮਤਾ ਇਹਨਾਂ ਜਥੇਬੰਦੀਆਂ ਦੀ ਏਕਤਾ ਰਾਹੀਂ ਹੋਂਦ 'ਚ ਆਈ ਸੀ.ਪੀ.ਆਰ.ਸੀ.ਆਈ. (ਐਮ. ਐਲ.) ਦੇ ਬੁਨਿਆਦੀ ਦਸਤਾਵੇਜਾਂ ਦਾ ਆਧਾਰ ਬਣਿਆ ਸੀ।
ਇਸ ਮਤੇ 'ਚੋਂ ਭਾਰਤੀ ਵੱਡੀ ਸਰਮਾਏਦਾਰੀ ਅਤੇ ਰਾਜ ਦੇ ਖਾਸੇ ਨਾਲ ਸੰਬੰਧਿਤ ਹਿੱਸਾ ਇੱਥੇ ਪਾਠਕਾਂ ਦੀ ਨਜ਼ਰ ਕੀਤਾ ਜਾ ਰਿਹਾ ਹੈ। - ਸੰਪਾਦਕ
…ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਰਸਮੀ ਤੌਰ 'ਤੇ ਭਾਰਤ ਨੂੰ ਅਰਧ-ਬਸਤੀਵਾਦੀ ਅਤੇ ਅਰਧ-ਜਾਗੀਰੂ ਅਤੇ ਭਾਰਤੀ ਵੱਡੀ ਸਰਮਾਏਦਾਰੀ ਨੂੰ ਦਲਾਲ ਮੰਨਣ ਦਾ ਐਲਾਨ ਕਰਦੀਆਂ ਹਨ, ਪਰ ਕਮਿਊਨਿਸਟ ਇਨਕਲਾਬੀ ਕੈਂਪ ਅੰਦਰ, ਗਲਤ ਝੁਕਾਅ ਮੌਜੂਦ ਹਨ। ਇੱਕ ਪਾਸੇ, ਭਾਰਤੀ ਰਾਜ ਨੂੰ ਸਿਆਸੀ ਤੌਰ 'ਤੇ ਆਜ਼ਾਦ ਜਾਂ ਅਰਧ-ਆਜ਼ਾਦ ਸਮਝਣ ਅਤੇ ਭਾਰਤੀ ਵੱਡੀ ਬੁਰਜੂਆਜੀ ਦੀ ਸਾਮਰਾਜ ਨਾਲ ਸੌਦੇਬਾਜ਼ੀ ਕਰ ਸਕਣ ਦੀ ਸਮਰੱਥਾ ਵੇਖਣ ਦਾ ਗਲਤ ਝੁਕਾਅ ਹੈ। ਦੂਜੇ ਸਿਰੇ 'ਤੇ, ਭਾਰਤੀ ਹਾਕਮਾਂ ਨੂੰ ਸਾਮਰਾਜ ਦੀ ਮਹਿਜ ਕਠਪੁਤਲੀ ਸਮਝਣ (ਜਿਵੇਂ ਕਿ ਭਾਰਤ ਨਵ-ਬਸਤੀਵਾਦੀ ਰਾਜ ਹੋਵੇ) ਅਤੇ ਇਉਂ ਲੈਣ ਦਾ ਗਲਤ ਝੁਕਾਅ ਮੌਜੂਦ ਹੈ ਜਿਵੇਂ (ਸਾਮਰਾਜ ਦੀ ਸੇਵਾ ਹਿੱਤ) ਉਹਨਾਂ ਦਾ ਆਪਣਾ ਕੋਈ ਸਮਾਜਿਕ ਆਧਾਰ ਜਾਂ ਉਲਟ-ਇਨਕਲਾਬੀ ਸ਼ਕਤੀ ਹੋਵੇ ਹੀ ਨਾ। ਕੁੱਝ ਕਮਿਊਨਿਸਟ ਇਨਕਲਾਬੀ ਲੀਡਰਸਿੱਪਾਂ ਦੇ ਮਾਮਲੇ ਵਿੱਚ, ਨੁਕਸਾਨਦੇਹ ਨਤੀਜਿਆਂ ਵਾਲੇ ਇਹ ਦੋਨੋਂ ਕਿਸਮ ਦੇ ਗਲਤ ਝੁਕਾਅ, ਕਈ ਅੱਡ ਅੱਡ ਰੂਪਾਂ ਵਿੱਚ ਉਹਨਾਂ ਦੀ ਨੀਤੀ ਸੇਧ ਅੰਦਰ ਜ਼ਾਹਰ ਹੋ ਰਹੇ ਹਨ। ਇਸ ਗੱਲ ਨੂੰ ਧਿਆਨ ਗੋਚਰੇ ਰੱਖਦਿਆਂ, ਭਾਰਤੀ ਇਨਕਲਾਬ ਦੇ ਪ੍ਰੋਗਰਾਮ ਸਬੰਧੀ ਬੁਨਿਆਦੀ ਧਾਰਨਾਵਾਂ, ਖਾਸ ਕਰਕੇ ਭਾਰਤੀ ਹਾਕਮ ਜਮਾਤਾਂ ਦੇ ਖਾਸੇ ਅਤੇ ਰੋਲ ਬਾਰੇ ਪੁਜੀਸ਼ਨ ਸਬੰਧੀ ਪ੍ਰੋਲੇਤਾਰੀ ਇਨਕਲਾਬੀ ਸੇਧ ਨੂੰ ਦੁਹਰਾਉਣਾ ਜ਼ਰੂਰੀ ਹੋ ਜਾਂਦਾ ਹੈ।
ਭਾਰਤੀ ਹਾਕਮਾਂ, ਖਾਸ ਕਰਕੇ ਵੱਡੀ ਬੁਰਜੂਆਜੀ ਦਾ
ਖਾਸਾ ਤੇ ਰੋਲ
ਭਾਰਤ, ਸਾਮਰਾਜੀ ਮਤਹਿਤੀ ਵਾਲੀ ਵੱਡੀ ਬੁਰਜੂਆਜ਼ੀ ਤੇ ਜਾਗੀਰਦਾਰੀ ਦੇ ਗੱਠਜੋੜ ਦੀ ਹਕੂਮਤ ਹੇਠ ਹੈ ਜਿਸ 'ਤੇ ਅਜਿਹੇ ਪਾਰਲੀਮਾਨੀ ਸਿਆਸੀ ਪ੍ਰਬੰਧ ਦਾ ਪਰਦਾ ਪਾ ਰੱਖਿਆ ਹੈ, ਜਿਸਦਾ ਤੱਤ ਬੁਰਜੂਆ ਜਮਹੂਰੀ ਨਹੀਂ, ਆਪਾਸ਼ਾਹ ਹੈ। ਇਹ ਮੁਲਕ ਸਾਰੀਆਂ ਵੱਡੀਆਂ ਸਾਮਰਾਜੀ ਸ਼ਕਤੀਆਂ ਵੱਲੋਂ ਕੀਤੀ ਜਾਣ ਵਾਲੀ ਨਵ-ਬਸਤੀਵਾਦੀ ਲੁੱਟ ਲਈ ਉਹਨਾਂ ਵਾਸਤੇ ਸ਼ਿਕਾਰਗਾਹ ਬਣਿਆ ਹੋਇਆ ਹੈ। ਜਾਗੀਰਦਾਰੀ, ਸਾਮਰਾਜ (ਅਤੇ ਸਾਮਰਾਜ ਦੇ ਮਤਹਿਤ ਹਿੱਸੇਦਾਰ ਦੇ ਰੂਪ ਵਿੱਚ ਭਾਰਤੀ ਵੱਡੀ ਬੁਰਜੂਆਜੀ) ਦਾ ਮੁੱਖ ਸਮਾਜਿਕ ਆਧਾਰ ਹੈ।
ਭਾਰਤੀ ਵੱਡੀ ਬੁਰਜੂਆਜੀ (ਦਲਾਲ ਨੌਕਰਸ਼ਾਹ ਸਰਮਾਏਦਾਰੀ) ਆਪਣੀ ਜਮਾਤੀ ਹੋਂਦ ਅਤੇ ਵਿਕਾਸ ਲਈ ਜਨਮਜਾਤ ਤੋਂ ਹੀ ਸਾਮਰਾਜ ਉੱਤੇ ਨਿਰਭਰ ਹੈ। ਇਸ ਦੇ ਜਮਾਤੀ ਹਿੱਤ ਹਮੇਸ਼ਾਂ ਤੋਂ ਹੀ ਅਤੇ ਹੁਣ ਵੀ ਕੌਮਾਂਤਰੀ ਅਜਾਰੇਦਾਰ ਸਰਮਾਏਦਾਰੀ ਦੇ ਹਿੱਤਾਂ ਨਾਲ ਮੇਲ ਖਾਂਦੇ ਹਨ। ਆਪਣੇ ਸਾਮਰਾਜੀ ਪ੍ਰਭੂਆਂ ਤੋਂ ਆਰਥਿਕ ਲੁੱਟ-ਖਸੁੱਟ ਜਾਂ ਸਿਆਸੀ ਸੱਤਾ 'ਚੋਂ ਵੱਧ ਹਿੱਸਾ ਵੰਡਾਉਣ ਲਈ ਇਸ ਵੱਲੋਂ ਸਾਮਰਾਜ ਨਾਲ ਕਿਸੇ ਵੀ ਕਿਸਮ ਦਾ ਤਕਰਾਰ ਜਾਂ ਚਾਲਬਾਜ਼ੀ (ਮਨਿਊਵਰਿੰਗ) (ਤੇ ਨਤੀਜੇ ਵਜੋਂ ਖੜ੍ਹਾ ਹੋਣ ਵਾਲਾ ਰੱਟਾ) ਦੋ ਵੱਡੀਆਂ ਵਿਰੋਧਤਾਈਆਂ - ਯਾਨੀ ਸਾਮਰਾਜੀ ਸ਼ਕਤੀਆਂ ਵਿਚਕਾਰ ਵਿਰੋਧਤਾਈ ਅਤੇ ਸਾਮਰਾਜ ਤੇ ਭਾਰਤੀ ਲੋਕਾਂ ਵਿਚਕਾਰ ਵਿਰੋਧਤਾਈ ਦੀ ਪ੍ਰਸਪਰ ਅੰਤਰ-ਕਿਰਿਆ ਰਾਹੀਂ ਮਿਲੀ ਗੁੰਜਾਇਸ਼ ਦੇ ਅੰਦਰ ਅੰਦਰ ਰਹਿੰਦੇ ਹਨ। ਇਹ ਹਿੱਤਾਂ ਦੇ ਬੁਨਿਆਦੀ ਮੇਲ ਦੇ ਇਸ ਚੌਖਟੇ ਅੰਦਰ ਹੀ ਚੱਲਦੇ ਰਹਿ ਸਕਦੇ ਹਨ। ਇਹ ਉਹ ਬਾਹਰਮੁਖੀ ਆਧਾਰ ਹੈ, ਜਿਹੜਾ ਭਾਰਤੀ ਵੱਡੀ ਬੁਰਜੂਆਜੀ ਦੇ ਸਾਮਰਾਜ ਨਾਲ ਮਤਹਿਤੀ ਵਾਲੇ ਰੋਲ ਨੂੰ ਤਹਿ ਕਰਦਾ ਹੈ।
ਕਦੇ ਕਦਾਈਂ ਭਾਰਤੀ ਹਾਕਮ ਜਮਾਤਾਂ ਦੇ ਨੁਮਾਇੰਦਿਆਂ ਜਾ ਉਹਨਾਂ ਦੀਆਂ ਸਰਕਾਰਾਂ ਦਾ ਅੰਦਾਜ਼ ਜਾਂ ਵਿਹਾਰ ਇਉਂ ਲੱਗ ਸਕਦਾ ਹੈ, ਜਿਵੇਂ ਉਹ ਸਾਮਰਾਜ ਤੋਂ ਮੁਕਾਬਲਤਨ ਆਜ਼ਾਦ ਹੋਣ ਜਾਂ ਕਿਸੇ ਵਿਸ਼ੇਸ਼ ਸਾਮਰਾਜੀ ਸ਼ਕਤੀ ਦੇ ਵਿਰੁੱਧ ਹੋਣ (ਅੰਤਰ-ਸਾਮਰਾਜੀ ਵਿਰੋਧਤਾਈਆਂ ਅਤੇ ਉਹਨਾ ਦੀ ਮੁਕਾਬਲਤਨ ਸ਼ਕਤੀ ਵਿੱਚ ਆਈ ਤਬਦੀਲੀ ਜਾਂ ਲੋਕਾਂ ਵਿੱਚ ਵਿਆਪਕ ਸਾਮਰਾਜ-ਵਿਰੋਧੀ ਰੌਂਅ ਦੇ ਦਬਾਅ ਦੇ ਅਸਰ ਹੇਠ)। ਇਸ ਤੋਂ ਉਲਟ, ਕਦੇ ਕਦਾਈਂ (ਸਾਮਰਾਜੀ ਸ਼ਕਤੀਆਂ ਦੇ ਰਲਵੇਂ ਫੁਰਮਾਨਾਂ ਦੇ ਦਬਾਅ ਹੇਠ) ਇਉਂ ਲੱਗ ਸਕਦਾ ਹੈ ਜਿਵੇਂ ਉਹ ਸਾਮਰਾਜੀ ਕਠਪੁਤਲੀ ਹੋਣ। ਇਹੋ ਜਿਹਾ ਸਤਹੀ ਤੇ ਆਰਜ਼ੀ ਵਰਤਾਰਾ ਭਾਰਤੀ ਹਾਕਮ ਜਮਾਤਾਂ ਦੇ ਮੂਲ ਲੱਛਣ ਦੀ ਪ੍ਰੀਭਾਸ਼ਾ ਤਹਿ ਕਰਨ ਅਤੇ ਭਾਰਤੀ ਲੋਕਾਂ ਦੀ ਕੌਮੀ ਅਤੇ ਸਮਾਜੀ ਪੇਸ਼ਕਦਮੀ ਵਿੱਚ ਉਹਨਾਂ ਦੇ ਰੋਲ ਦਾ ਯੁੱਧਨੀਤਕ ਸੰਕਲਪ ਘੜਨ ਦਾ ਆਧਾਰ ਨਹੀਂ ਬਣ ਸਕਦਾ।
ਅਜਿਹਾ ਸਿਰਫ਼ ਭਾਰਤੀ ਸਮਾਜ ਦੀਆਂ ਬੁਨਿਆਦੀ ਵਿਰੋਧਤਾਈਆਂ ਅਤੇ ਇਹਨਾਂ ਅੰਦਰ ਭਾਰਤੀ ਹਾਕਮ ਜਮਾਤਾਂ ਦੇ ਸਥਾਨ ਦੇ ਆਧਾਰ ਉੱਤੇ ਹੀ ਕੀਤਾ ਜਾ ਸਕਦਾ ਹੈ। ਇੱਥੋਂ ਤੱਕ ਕਿ ਉਹਨਾਂ ਦੇ ਰੋਲ ਬਾਰੇ ਆਮ ਦਾਅਪੇਚਕ ਸੰਕਲਪ ਵੀ ਮੁੱਖ ਤੌਰ 'ਤੇ ਭਾਰਤ ਅੰਦਰ ਬਿਰਾਜਮਾਨ ਪ੍ਰਧਾਨ ਵਿਰੋਧਤਾਈ ਅਤੇ ਇਸ ਅੰਦਰ ਉਹਨਾਂ ਦੇ ਸਥਾਨ ਦੇ ਆਧਾਰ 'ਤੇ ਹੀ ਬਣਾਇਆ ਜਾ ਸਕਦਾ ਹੈ। ਬੁਨਿਆਦੀ ਵਿਰੋਧਤਾਈਆਂ (ਅਤੇ ਉਹਨਾਂ ਵਿਚੋਂ ਕਿਸੇ ਹਾਸਲ ਮੌਕੇ ਬਣਦੀ ਪ੍ਰਧਾਨ ਵਿਰੋਧਤਾਈ) ਦੇ ਵਿਸ਼ਲੇਸ਼ਣਾਤਮਿਕ ਚੌਖਟੇ ਨੂੰ ਪਕਿਆਈ ਨਾਲ ਗ੍ਰਹਿਣ ਕਰਨ ਰਾਹੀਂ ਹੀ ਇਸ ਮਸਲੇ ਉੱਤੇ ਦਰੁਸਤ ਯੁੱਧਨੀਤਕ ਅਤੇ ਦਾਅਪੇਚਕ ਸੇਧ ਯਕੀਨੀ ਬਣਾਈ ਜਾ ਸਕਦੀ ਹੈ। ਅਜਿਹੀ ਯੁੱਧਨੀਤਕ ਅਤੇ ਦਾਅਪੇਚਕ ਸੇਧ ਦੇ ਚੌਖਟੇ ਅੰਦਰ ਹੀ, ਕੌਮਾਂਤਰੀ ਅਤੇ ਘਰੇਲੂ ਜਾਬਰਾਂ ਤੇ ਉਹਨਾਂ ਦੇ ਵੱਖ ਵੱਖ ਹਿੱਸਿਆਂ ਵਿਚਕਾਰ ਖੜ੍ਹੇ ਹੋਏ ਹਕੀਕੀ ਜਾਂ ਸਤਹੀ ਪਾਟਕਾਂ ਜਾਂ ਖਿੱਚਾ-ਧੂਹੀ ਨੂੰ ਇਨਕਲਾਬੀ ਲਹਿਰ ਦੇ ਭਲੇ ਹਿੱਤ ਸਹੀ ਢੰਗ ਨਾਲ ਨਿਤਾਰਿਆ, ਵਿਆਖਿਆ ਕੀਤੀ ਜਾਂ ਨਜਿੱਠਿਆ ਜਾ ਸਕਦਾ ਹੈ। ਇਸ ਰੋਸ਼ਨੀ ਵਿੱਚ ਹੀ, ਅੰਤਰ-ਸਾਮਰਾਜੀ ਅਤੇ ਹਾਕਮ ਜਮਾਤਾਂ ਅੰਦਰਲੀਆਂ ਵਿਰੋਧਤਾਈਆਂ ਦੇ ਰੋਲ ਵੱਲ ਵਿਸ਼ੇਸ਼ ਗਹੁ ਕਰਨਾ ਚਾਹੀਦਾ ਹੈ। ਅੱਡ ਅੱਡ ਇਲਾਕਾਈ ਪਾਰਟੀਆਂ ਜਾਂ ਅੱਡ ਅੱਡ ਇਲਾਕਾਈ ਲਹਿਰਾਂ ਦੇ ਉੱਭਰਨ ਵਰਗੇ ਵੱਖ ਵੱਖ ਇਲਾਕਾਈ ਵਰਤਾਰਿਆਂ ਦੀ ਛਾਣਬੀਣ ਕਰਨ ਵੇਲੇ ਅਜਿਹੀਆਂ ਵਿਰੋਧਤਾਈਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਜਿਹਨਾਂ ਵਿੱਚ ਜਾਗੀਰੂ ਸ਼ਕਤੀਆਂ ਦਾ ਦਖਲ ਹੋਵੇ ਕਿਉਂਕਿ ਜਾਗੀਰੂ ਸ਼ਕਤੀਆਂ ਦੇ ਅਸਰ ਦਾ ਇਜ਼ਹਾਰ ਕੌਮੀ ਪੱਧਰ ਨਾਲੋਂ ਸਥਾਨਕ ਅਤੇ ਇਲਾਕਾਈ ਪੱਧਰ 'ਤੇ ਵੱਧ ਉੱਭਰਵਾਂ ਹੁੰਦਾ ਹੈ।
15 ਅਗਸਤ ਦੇ ਦਿਨ 'ਤੇ
ਇਹ ਤਾਂ “ਆਜ਼ਾਦੀ ਦਾ ਪਰਛਾਵਾਂ” ਵੀ ਨਹੀਂ ਸੀ
1933 ਵਿੱਚ ਨਹਿਰੂ ਨੇ ਕਿਹਾ ਸੀ ਕਿ “ ਫ਼ੌਜ, ਪੁਲਸ, ਕਾਨੂੰਨ, ਜੇਲ੍ਹ, ਟੈਕਸ ਆਦਿ ਸਭ ਦਾਬੇ ਦੇ ਸਾਧਨ ਹਨ ਇੱਕ ਜਿਮੀਂਦਾਰ ਜਿਹੜਾ ਮੁਜ਼ਾਰਿਆਂ ਤੋਂ ਲਗਾਨ ਹਾਸਲ ਕਰਦਾ ਹੈ ਅਤੇ ਅਕਸਰ ਹੀ ਕਈ ਨਾਜਾਇਜ਼ ਵਸੂਲੀਆਂ ਹਾਸਲ ਕਰਦਾ ਹੈ, ਇਹ ਸਭ ਦਾਬੇ ਨਾਲ ਹੀ ਕਰਦਾ ਹੈ ਨਾ ਕੇ ਤਬਾਦਲੇ ਨਾਲ ਇਸ ਲਈ ਹਕੀਕੀ ਸਮੱਸਿਆ ਇਹ ਹੈ ਕਿ ਲੁੱਟ ਅਤੇ ਸੌੜੇ ਹਿੱਤਾਂ ਦਾ ਖਾਤਮਾ ਕਿਵੇਂ ਕੀਤਾ ਜਾਵੇ ? ਇਤਿਹਾਸ ਵਿੱਚ ਇੱਕ ਵੀ ਉਦਾਹਰਣ ਅਜਿਹੀ ਨਹੀਂ ਹੈ ਜਦੋਂ ਕਿਸੇ ਵਿਸ਼ੇਸ਼ ਅਧਿਕਾਰ ਪ੍ਰਾਪਤ ਜਮਾਤ ਜਾਂ ਗਰੁੱਪ ਜਾਂ ਕੌਮ ਨੇ ਆਪਣੇ ਵਿਸ਼ੇਸ਼ ਅਧਿਕਾਰਾਂ ਜਾਂ ਹਿੱਤਾਂ ਨੂੰ ਆਪਣੀ ਮਰਜ਼ੀ ਨਾਲ ਤਿਆਗਿਆ ਹੋਵੇ। ਇਸ ਕਰਕੇ ਹਿੰਸਾ ਜਾਂ ਦਬਾਅ ਸਮਾਜਿਕ ਤਬਦੀਲੀ ਲਈ ਜ਼ਰੂਰੀ ਬਣ ਜਾਂਦੇ ਹਨ । ਸੋ ਆਜ਼ਾਦੀ ਦੀ ਪ੍ਰਾਪਤੀ .. ਸੌੜੇ ਹਿੱਤਾਂ ਨੂੰ ਵੰਚਿਤ ਕਰਨ ਦਾ ਇੱਕ ਮੁੱਦਾ ਬਣ ਜਾਂਦਾ ਹੈ। ਜੇਕਰ ਇਕ ਘਰੇਲੂ ਸਰਕਾਰ ਵਿਦੇਸ਼ੀ ਸਰਕਾਰ ਦੀ ਥਾਂ ਲੈ ਲੈਂਦੀ ਹੈ ਅਤੇ ਸਾਰੇ ਸੌੜੇ ਹਿੱਤਾਂ ਨੂੰ ਬਰਕਰਾਰ ਰੱਖਦੀ ਹੈ ਤਾਂ ਇਹ ਆਜ਼ਾਦੀ ਦਾ ਪਰਛਾਵਾਂ ਵੀ ਨਹੀਂ ਹੋਵੇਗਾ।