ਮਹਾਨ ਬਹਿਸ ਤੋਂ ਪਿੱਛੋਂ ਕਾਮਰੇਡ ਹਰਭਜਨ ਸੋਹੀ ਵੱਲੋਂ ਮਾਓ ਵਿਚਾਰਧਾਰਾ ਦੀ ਰਾਖੀ ਲਈ ਸਿਧਾਂਤਕ ਘੋਲ ਦੇ ਪੰਨੇ
ਕਾਮਰੇਡ ਮਾਓ-ਜ਼ੇ-ਤੁੰਗ ਦੇ ਦਿਹਾਂਤ ਪਿੱਛੋਂ ਚੀਨ ਅੰਦਰ ਤੈਂਗ ਹੂਆ ਸੋਧਵਾਦੀ ਜੁੰਡਲੀ ਨੇ ਰਾਜ ਸੱਤਾ ਹਥਿਆ ਲਈ ਸੀ ਅਤੇ ਸਰਮਾਏਦਾਰੀ ਦੀ ਬਹਾਲੀ ਦਾ ਰਾਹ ਫੜ ਲਿਆ ਸੀ। ਕੌਮਾਂਤਰੀ ਕਮਿਊਨਿਸਟ ਲਹਿਰ ਅੰਦਰ ਮਾਓ ਵਿਚਾਰਧਾਰਾ ਦੀਆਂ ਜੜਾਂ ਕੱਟਣ ਲਈ ਇਸ ਨੇ ਬਦਨਾਮ “ਤਿੰਨ ਸੰਸਾਰਾਂ ਦਾ ਸਿਧਾਂਤ” ਅੱਗੇ ਲਿਆਂਦਾ ਸੀ। ਤੈਂਗ ਹੂਆ ਮੌਕਾਪ੍ਰਸਤ ਧਾਰਾ ਦੀ ਸ਼ਿਸ਼ਤ ਲੈਨਿਨਵਾਦ ਮਾਓ ਵਿਚਾਰਧਾਰਾ ਅਤੇ ਮਹਾਨ ਬਹਿਸ ਦੇ ਨਿਰਣਿਆ ਨੂੰ ਸੋਧਣ 'ਤੇ ਕੇਂਦਰਤ ਸੀ। ਇਸ ਮੌਕਾਪ੍ਰਸਤੀ ਦੇ ਟਾਕਰੇ ਲਈ ਕਾਮਰੇਡ ਹਰਭਜਨ ਸੋਹੀ ਨੇ "ਮਾਰਕਸਵਾਦ - ਲੈਨਿਨਵਾਦ - ਮਾਓ ਵਿਚਾਰਧਾਰਾ ਅਤੇ ਕੌਮਾਂਤਰੀ ਕਮਿਊਨਿਸਟ ਲਹਿਰ ਦੀ ਆਮ ਸੇਧ ਦੀ ਰਾਖੀ ਬਾਰੇ" ਦਸਤਾਵੇਜ਼ ਲਿਖੀ ਜਿਸਨੇ ਮਾਓ ਵਿਚਾਰਧਾਰਾ ਦੇ ਆਧਾਰ 'ਤੇ ਸਾਡੇ ਮੁਲਕ ਅੰਦਰ ਕਮਿਊਨਿਸਟ ਇਨਕਲਾਬੀਆਂ ਦੀ ਵਿਚਾਰਧਾਰਕ-ਸਿਆਸੀ ਕਤਾਰਬੰਦੀ 'ਚ ਅਹਿਮ ਰੋਲ ਅਦਾ ਕੀਤਾ। ਇਸ ਦਸਤਾਵੇਜ਼ ਨੇ ਅਨਵਰ ਹੋਜ਼ਾ ਦੀ ਅਗਵਾਈ ਹੇਠਲੀ ਮੌਕਾਪ੍ਰਸਤ ਧਾਰਾ ਦਾ ਵੀ ਪਰਦਾਚਾਕ ਕੀਤਾ ਅਤੇ ਅਨਵਰ ਹੋਜ਼ਾ ਦੇ "ਦੋ ਸੰਸਾਰਾਂ ਦੇ ਸਿਧਾਂਤ” ਦਾ ਖੰਡਨ ਕੀਤਾ। ਮਗਰੋਂ ਇਸ ਵਿਚਾਰਧਾਰਕ ਸੰਘਰਸ਼ ਨੂੰ ਬੌਬ ਅਵੇਕੀਅਨ ਦੇ "ਖੱਬੂ" ਲੁਕਵੇਂ ਸੋਧਵਾਦ ਦੇ ਖੰਡਨ ਤੱਕ ਅੱਗੇ ਵਧਾਇਆ ਗਿਆ।
ਕੌਮਾਂਤਰੀ ਕਮਿਊਨਿਸਟ ਲਹਿਰ ਦੇ ਸਵਾਲ 'ਤੇ ਇਸ ਵਿਚਾਰਧਾਰਕ ਸੰਘਰਸ਼ ਨੂੰ ਇੱਕ ਵੱਖਰੇ ਦਸਤਾਵੇਜ਼ ਰਾਹੀਂ ਚੀਨ ਅੰਦਰਲੀਆਂ ਘਟਨਾਵਾਂ ਦੇ ਵਿਸ਼ਲੇਸ਼ਣ ਨਾਲ ਜੋੜਿਆ ਗਿਆ ਸੀ ਅਤੇ ਚੀਨ ਅੰਦਰ ਪੂੰਜੀਵਾਦ ਦੀ ਮੁੜ-ਬਹਾਲੀ ਦੇ ਅਮਲ ਦੀ ਵਿਆਖਿਆ ਕੀਤੀ ਗਈ ਸੀ।
“ਆਮ ਸੇਧ ਦੀ ਰਾਖੀ ਬਾਰੇ" ਦਸਤਾਵੇਜ਼ ਅੰਦਰ ਹਰਭਜਨ ਸੋਹੀ ਨੇ ਤਾਜਾ ਮੌਕਾਪ੍ਰਸਤ ਧਾਰਾਵਾਂ ਦੇ ਖੰਡਨ ਲਈ ਲੈਨਿਨਵਾਦ ਅਤੇ ਮਹਾਨ ਬਹਿਸ ਦੀਆਂ ਮੂਲ ਧਾਰਨਾਵਾਂ ਦਾ ਚੌਖਟਾ ਉਭਾਰਿਆ। ਇਸ ਪਹਿਲੂ ਸਦਕਾ ਇਹ ਦਸਤਾਵੇਜ਼ ਮੌਕਾਪ੍ਰਸਤੀ ਦੀ ਕਿਸੇ ਵੀ ਵੰਨਗੀ ਦੀ ਪਛਾਣ ਕਰਨ ਅਤੇ ਟਾਕਰਾ ਕਰਨ ਦਾ ਅਸਰਦਾਰ ਹਥਿਆਰ ਬਣੀ ਹੋਈ ਹੈ। ਹੇਠਾਂ ਅਸੀਂ ਦੋ ਅਹਿਮ ਸਵਾਲਾਂ 'ਤੇ ਹਰਭਜਨ ਸੋਹੀ ਦੀਆਂ ਨਿਰਖਾਂ ਦੇ ਅੰਸ਼ ਪੇਸ਼ ਕਰ ਰਹੇ ਹਾਂ।
ਪਹਿਲਾ ਹਿੱਸਾ ਬਸਤੀਵਾਦ ਦੇ ਦੌਰ ਮਗਰੋਂ ਆਜਾਦੀ ਦਾ ਐਲਾਨ ਕਰਨ ਵਾਲੇ ਰਾਜਾਂ ਦੀਆਂ ਹਕੂਮਤਾਂ ਦੇ ਸਿਆਸੀ ਖਾਸੇ ਨਾਲ ਸਬੰਧਤ ਹੈ ਅਤੇ ਦੂਸਰਾ ਹਿੱਸਾ ਸਾਮਰਾਜੀ ਮੁਲਕਾਂ ਅਤੇ ਦਾਬੇ ਹੇਠਲੇ ਮੁਲਕਾਂ ਦੀਆਂ ਦਲਾਲ ਹਕੂਮਤਾਂ ਦੇ ਆਪਸੀ ਸਬੰਧਾਂ 'ਚ ਖਲਬਲੀ ਦੇ ਅੰਸ਼ ਦੀ ਸਹੀ ਵਿਆਖਿਆ ਪੇਸ਼ ਕਰਦਾ ਹੈ।
ਕੁਝ ਸਾਥੀਆਂ ਵੱਲੋਂ ਇਨ੍ਹਾਂ ਸਵਾਲਾਂ, ਖਾਸ ਕਰਕੇ ਪਹਿਲੇ ਸਵਾਲ ਬਾਰੇ ਹਰਭਜਨ ਸੋਹੀ ਦੀ ਸਮਝ ਨੂੰ ਵਿਗਾੜਕੇ ਪੇਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਭਾਰਤ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੀ "ਅਹਿਮ ਸਖਸ਼ੀਅਤ" ਵਜੋਂ ਕਾਮਰੇਡ ਸੋਹੀ ਦੇ ਸਤਿਕਾਰ ਦੇ ਪਰਦੇ ਹੇਠ ਕਾਮਰੇਡ ਸੋਹੀ ਦੀਆਂ ਟੂਕਾਂ ਨਾਲ ਹੀ ਕਾਮਰੇਡ ਸੋਹੀ ਦੀ ਸਮਝ ਨੂੰ ਨਕਾਰਨ ਦੀ ਕੋਸ਼ਿਸ਼ ਹੋ ਰਹੀ ਹੈ। ਲੈਨਿਨ ਦੀਆਂ ਟੂਕਾਂ ਨਾਲ ਲੈਨਿਨ ਨੂੰ ਨਕਾਰਨ ਦੀ ਕੋਸ਼ਿਸ਼ ਨੂੰ ਹਰਭਜਨ ਸੋਹੀ ਦੀਆਂ ਲਿਖਤਾਂ ਤੱਕ ਵਧਾ ਦਿੱਤਾ ਗਿਆ ਹੈ। ਲਿਖਤਾਂ ਦੇ ਹੇਠਾਂ ਦਿੱਤੇ ਅੰਸ਼ ਨਵਬਸਤੀਵਾਦ ਦੇ ਵਰਤਾਰੇ ਸਮੇਤ ਕੁਝ ਅਹਿਮ ਸਵਾਲਾਂ ਬਾਰੇ ਕਾਮਰੇਡ ਸੋਹੀ ਦੇ ਹਕੀਕੀ ਵਿਚਾਰਾਂ ਦੀ ਸਿੱਕੇਬੰਦ ਗਵਾਹੀ ਹਨ। ਲਿਖਤ-ਅੰਸ਼ਾਂ ਨੂੰ ਸਿਰਲੇਖ ਸਾਡੇ ਵੱਲੋਂ ਦਿੱਤੇ ਗਏ ਹਨ। - ਸੰਪਾਦਕ
1.ਨਿਰਭਰ ਰਿਆਸਤਾਂ ਦੇ ਖਾਸੇ ਬਾਰੇ
“ਲੈਨਿਨ ਨੇ ਕਮਿਊਨਿਸਟਾਂ ਨੂੰ ਇਹ ਮਹੱਤਵਪੂਰਨ ਹਦਾਇਤ ਕੀਤੀ ਸੀ ਕਿ ਉਹ ਸਾਮਰਾਜੀਆਂ ਵੱਲੋਂ, ਆਪਣੇ ਉਤੇ ਆਰਥਕ ਸਿਆਸੀ ਤੇ ਫੌਜੀ ਪੱਖੋਂ ਨਿਰਭਰ ਰਿਆਸਤਾਂ ਖੜ੍ਹੀਆਂ ਕਰਕੇ ਤੇ ਇਨ੍ਹਾਂ ਬਾਰੇ ਅਜ਼ਾਦ ਕੌਮੀ ਰਿਆਸਤਾਂ ਦੇ ਤੌਰ 'ਤੇ ਐਲਾਨ ਕਰਕੇ, ਕੀਤੀ ਜਾਣ ਵਾਲੀ ਵਿਉਂਤਬੱਧ ਧੋਖਾਦੇਹੀ ਦਾ ਪਰਦਾਚਾਕ ਕਰਨ। "ਤਿੰਨ ਸੰਸਾਰੀਏ” ਇਸ ਹਦਾਇਤ ਨੂੰ ਪੈਰਾਂ ਹੇਠ ਰੋਲ ਕੇ ਸਾਮਰਾਜੀਆਂ ਦੀ ਇਸ ਧੋਖਾਦੇਹੀ ਦੇ ਢੰਡੋਰਚੀਆਂ ਵਜੋਂ ਨਿੱਤਰ ਕੇ ਸਾਹਮਣੇ ਆਉਂਦੇ ਹਨ । ਆਪਣੇ ਹੂੰਝਾ ਫੇਰੂ ਢੰਗ ਰਾਹੀਂ ਉਹ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਮੁਲਕਾਂ ਨੂੰ ਵੱਧ ਜਾਂ ਘੱਟ ਹੱਦ ਤੱਕ ਆਜ਼ਾਦ ਕੌਮੀ ਰਿਆਸਤਾਂ ਵਜੋਂ ਚਿਤਵਦੇ ਹਨ। ਉਹ ਦੂਜੀ ਸੰਸਾਰ ਜੰਗ ਤੋਂ ਪਿਛੋਂ ਪੁਰਾਣੇ ਬਸਤੀਵਾਦੀ ਢਾਂਚੇ ਦੇ ਢਹਿ ਢੇਰੀ ਹੋਣ ਦੇ ਇਤਿਹਾਸਕ ਵਰਤਾਰੇ ਦਾ ਵਿਗਾੜਿਆ ਨਿਰਨਾ ਪੇਸ਼ ਕਰਦੇ ਹਨ। ਭਾਵੇਂ ਏਸ ਖਿੱਤੇ ਦੇ ਕੁਝ ਮੁਲਕਾਂ ਨੇ ਫਾਸ਼ੀ ਕਾਬਜ ਫੌਜਾਂ ਵਿਰੁੱਧ ਲੋਕਾਂ ਦੀਆਂ ਕੌਮੀ ਮੁਕਤੀ ਅਤੇ ਕੌਮੀ ਟਾਕਰੇ ਦੀਆਂ ਘਸਮਾਨੀ ਜਦੋਜਹਿਦਾਂ ਰਾਹੀਂ ਆਪਣੀ ਸਿਆਸੀ ਅਜ਼ਾਦੀ ਜਿੱਤੀ। ਵੱਡੀ ਬਹੁ-ਗਿਣਤੀ ਮੁਲਕਾਂ ਦੇ ਮਾਮਲਿਆਂ 'ਚ ਸਾਮਰਾਜੀਆਂ ਵੱਲੋਂ ਇਹਨਾਂ ਬਸਤੀਆਂ ਨੂੰ ਹਾਸਲ ਇਤਿਹਾਸਕ-ਸਿਆਸੀ ਹਾਲਤਾਂ ਦੇ ਦਬਾਅ ਹੇਠ, 'ਤਾਕਤ ਦੀ ਤਬਦੀਲੀ' ਰਾਹੀਂ ਆਪਣੇ ਵਿਸ਼ਵਾਸ਼-ਯੋਗ ਪਿੱਠੂਆਂ ਨੂੰ ਅਜ਼ਾਦੀ "ਸੌਂਪੀ" ਗਈ। ਸਿੱਟੇ ਵਜੋਂ ਇਨ੍ਹਾਂ ਮੁਲਕਾਂ ਅੰਦਰ ਬਸਤੀਵਾਦੀ ਰਿਆਸਤੀ ਤਾਕਤ ਦੇ ਤਾਣੇ ਬਾਣੇ ਨੂੰ ਢਾਹਿਆ ਨਹੀਂ ਗਿਆ। ਉਸ ਸਮੇਂ ਹਰਮਨ ਪਿਆਰੇ ਕੌਮੀ ਉਭਾਰ ਦੀ ਚੜ੍ਹਤ ਦੇ ਸਿਰ ਉਤੇ ਤਾਕਤ ਵਿਚ ਆਈਆਂ ਕੌਮੀ ਹਕੂਮਤਾਂ ਦੇ ਮਾਮਲੇ ਵਿਚ ਵੀ ਕੁਝ ਨੂੰ ਛੇਤੀ ਹੀ ਸਾਮਰਾਜੀ ਸਾਜ਼ਸਾਂ ਦੁਆਰਾ ਉਲਟਾ ਦਿੱਤਾ ਗਿਆ ਅਤੇ ਉਹਨਾਂ ਦੀ ਥਾਂ ਵੱਧ ਤਾਬਿਆਦਾਰ ਹਕੂਮਤਾਂ ਨੂੰ ਲਿਆਂਦਾ ਗਿਆ ਅਤੇ ਪਿਛਾਂਹ-ਖਿੱਚੂ ਰਿਆਸਤੀ ਤਾਣੇ ਬਾਣੇ ਨੂੰ ਮੁੜ ਸ਼ਿੰਗਾਰਿਆ ਗਿਆ। ਜਦੋਂ ਕਿ ਕੁਝ ਹੋਰਾਂ 'ਚ ਨਵੀਆਂ ਹੁਕਮਰਾਨ ਬੁਰਜੂਆ ਜਮਾਤਾਂ ਦੇ ਉਪਰਲੇ ਹਿੱਸਿਆਂ 'ਚ ਹੌਲੀ ਹੌਲੀ ਪਿਛਾਂਹ-ਖਿੱਚੂ ਲੱਛਣ ਵਿਕਸਤ ਹੋ ਗਏ ਅਤੇ ਇਹ ਹਿੱਸੇ ਬਸਤੀਵਾਦੀ ਅਤੇ ਜਗੀਰੂ ਹਿੱਤਾਂ ਦੇ ਰਖਵਾਲੇ ਬਣ ਗਏ। ਭਾਵੇਂ ਅਜੇ ਵੀ ਕਈ ਅਗਾਂਹ-ਵਧੂ ਕੌਮੀ ਰਿਆਸਤਾਂ ਹਨ ਜਿਹੜੀਆਂ ਸਾਮਰਾਜੀ ਤਾਕਤਾਂ, ਖਾਸ ਕਰਕੇ ਦੋ ਦਿਓ-ਤਾਕਤਾਂ ਵੱਲੋਂ ਪਾਏ ਜਾਣ ਵਾਲੇ ਆਰਥਿਕ ਫੌਜੀ ਅਤੇ ਸਿਆਸੀ ਦਬਾਵਾਂ ਦੇ ਵਿਰੋਧ 'ਚ ਆਪਣੀ ਸਿਆਸੀ ਅਜ਼ਾਦੀ ਅਤੇ ਕੌਮੀ ਅਰਥਚਾਰਿਆਂ ਦੀ ਸਲਾਮਤੀ ਅਤੇ ਮਜਬੂਤੀ ਲਈ ਘੋਲ ਕਰ ਰਹੀਆਂ ਹਨ। ਪਰ ਏਸ਼ੀਆ, ਅਫਰੀਕਾ ਤੇ ਲਾਤੀਨੀ ਅਮਰੀਕਾ ਦੇ ਬਹੁ-ਗਿਣਤੀ ਮੁਲਕ ਨਵ-ਬਸਤੀਆਨਾ ਜੂਲੇ ਹੇਠ ਹਨ ਜਿਥੇ ਸਥਾਨਕ ਪਿਛਾਂਹ-ਖਿੱਚੂ ਜਮਾਤਾਂ ਵੱਖ ਵੱਖ ਹੱਦ ਤੱਕ ਆਪਣੇ ਸਾਮਰਾਜੀ ਪ੍ਰਭੂਆਂ ਨਾਲ ਰਿਆਸਤੀ ਤਾਕਤ 'ਚ ਹਿੱਸੇਦਾਰ ਹਨ। ਬਹੁਤ ਸਾਰੇ ਘੱਟ-ਵਿਕਸਤ ਦੇਸ਼ਾਂ ਦੇ ਲੋਕਾਂ ਲਈ ਮੁੱਖ ਤੌਰ 'ਤੇ ਨਵ-ਬਸਤੀਵਾਦ ਦੀਆਂ ਜ਼ੰਜ਼ੀਰਾਂ ਨੂੰ ਤੋੜਨਾ ਅਤੇ ਕੌਮੀ ਜਮਹੂਰੀ ਇਨਕਲਾਬ ਨੂੰ ਨੇਪਰੇ ਚਾੜ੍ਹਨ ਦਾ ਮਸਲਾ ਹੈ। ਇਸ ਦੇ ਨਾਲ ਨਾਲ ਹੀ ਕਿਸੇ ਸਾਮਰਾਜੀ ਤਾਕਤ ਵੱਲੋਂ ਖਾਸ ਕਰਕੇ ਕਿਸੇ ਦਿਓ-ਤਾਕਤ ਵੱਲੋਂ ਉਨ੍ਹਾਂ ਨੂੰ ਆਪਣੇ ਮੁਕੰਮਲ ਗਲਬੇ ਹੇਠ ਲਿਆਉਣ ਦੀਆਂ ਕੋਸ਼ਿਸ਼ਾਂ ਦਾ ਟਾਕਰਾ ਕਰਨ ਦਾ ਕਾਰਜ ਦਰਪੇਸ਼ ਹੈ। ਸਿਰਫ ਕੁਝ ਅਗਾਂਹ ਵਧੂ ਕੌਮੀ ਰਿਆਸਤਾਂ ਦੇ ਮਾਮਲੇ 'ਚ ਹੀ ਸਿਆਸੀ ਆਜ਼ਾਦੀ ਅਤੇ ਕੌਮੀ ਅਰਥਚਾਰੇ ਦੀ ਰਾਖੀ ਅਤੇ ਇਸ ਨੂੰ ਪੱਕੇ ਪੈਰੀਂ ਕਰਨ ਦਾ ਕਾਰਜ ਪਹਿਲੇ ਦਰਜੇ ਦੀ ਮਹੱਤਤਾ ਰੱਖਦਾ ਹੈ।….
“ਤਿੰਨ ਸੰਸਾਰੀਏ" ਨਾ ਸਿਰਫ ਇਨ੍ਹਾਂ ਮੁਲਕਾਂ ਅੰਦਰ ਨਵ-ਬਸਤੀਵਾਦ ਦੇ ਰੋਲ ਨੂੰ ਘਟਾ ਕੇ ਪੇਸ਼ ਕਰਦੇ ਹਨ ਸਗੋਂ ਉਹ ਇਸ ਦੇ ਹਰਕਤ 'ਚ ਆਉਣ ਦੀ ਵਿਧੀ ਨੂੰ ਵੀ ਵਿਗਾੜ ਕੇ ਪੇਸ਼ ਕਰਦੇ ਹਨ ਅਤੇ ਇਸ ਤਰ੍ਹਾਂ ਇਨਕਲਾਬੀ ਸ਼ਕਤੀਆਂ ਦੀ ਸਿਆਸੀ ਚੌਕਸੀ ਅਤੇ ਚੇਤਨਾ ਨੂੰ ਹਰਜਾ ਪਹੁੰਚਾਉਂਦੇ ਹਨ।…
… ਇਨ੍ਹਾਂ ਮੁਲਕਾਂ 'ਤੇ ਨਵ-ਬਸਤੀਵਾਦੀ ਢੰਗ ਰਾਹੀਂ ਗਲਬੇ ਦਾ ਕੋਈ ਵੀ ਜਿਕਰ ਇਕ ਇਹੋ ਜਿਹੇ ਅਹਿਮ ਸੁਆਲ ਨੂੰ ਬਹਿਸ ਅਧੀਨ ਲਿਆਉਂਦਾ ਹੈ ਜਿਸ ਤੋਂ ਇਹ ਅੰਗਿਆਰ ਵਾਂਗੂ ਹੱਥ ਪਿਛਾਂਹ ਖਿੱਚਦੇ ਹਨ। ਇਹ ਹੈ ਇਹਨਾਂ ਮੁਲਕਾਂ ਅੰਦਰ ਰਾਜਸੀ ਤਾਕਤ ਦਾ ਸੁਆਲ।…
… ਉਨ੍ਹਾਂ ਦੀ ਸਾਰੀ ਲਫਾਜੀ ਇਨ੍ਹਾਂ ਬਾਰੇ ਇਸ ਅਸਲੀ ਬੁਨਿਆਦੀ ਤੱਥ ਨੂੰ ਲੁਕਾਉਣ ਲਈ ਘੜੀ ਜਾਂਦੀ ਹੈ ਕਿ ਇਹੋ “ਕੁਝ ਪਿਛਾਂਹ-ਖਿੱਚੂ" ਅਤੇ "ਇਥੋਂ ਤੱਕ ਕਿ ਸਾਮਰਾਜਵਾਦ ਜਾਂ ਸਮਾਜਿਕ ਸਾਮਰਾਜਵਾਦ ਦੇ ਕੁਝ ਏਜੰਟ" ਹੀ ਹਨ ਜਿਹੜੇ ਇਹਨਾਂ 'ਚੋਂ ਬਹੁਤੇ ਦੇਸ਼ਾਂ ਦੀ ਰਾਜ-ਸਤਾ 'ਤੇ ਕਾਬਜ ਹਨ।
…ਪਿੱਛੇ-ਖਿੱਚੂ ਹਾਕਮ ਜਮਾਤਾਂ ਅਤੇ ਉਹਨਾਂ ਦੇ ਸਾਮਰਾਜੀ ਮਾਲਕਾਂ ਦਰਮਿਆਨ, ਗੈਰ-ਬੁਨਿਆਦੀ ਮਸਲਿਆਂ ਉਤੇ ਜਿਹੜੇ ਵੱਧ ਤੋਂ ਵੱਧ, ਕੁਝ ਸੁਧਾਰਵਾਦੀ ਰੱਦੋ-ਬਦਲ ਨਾਲ ਹੀ ਸਬੰਧਤ ਹੁੰਦੇ ਹਨ ਅਤੇ ਨਵ-ਬਸਤੀਆਨਾ ਢਾਂਚੇ ਵਿਚ ਕੋਈ ਗਿਣਨਯੋਗ ਤਬਦੀਲੀ ਨਾਲ ਸਬੰਧਤ ਨਹੀਂ ਹੁੰਦੇ, ਚੱਲਦੀ ਤੂੰ-ਤੂੰ, ਮੈਂ-ਮੈਂ, ਪਹਿਲਿਆਂ (ਪਿਛਾਂਹ-ਖਿੱਚੂ ਹਾਕਮ-ਜਮਾਤਾਂ) ਦੇ ਬੁਨਿਆਦੀ ਕਿਰਦਾਰ ਤੇ ਰੋਲ 'ਤੇ ਕੋਈ ਫਰਕ ਨਹੀਂ ਪਾਉਂਦੀ ਅਤੇ ਉਹ ਪਿਛਾਂਹ-ਖਿੱਚੂ ਅਤੇ ਸਾਮਰਾਜ ਪੱਖੀ ਬਣੇ ਰਹਿੰਦੇ ਹਨ। ਇਹ ਗੱਲ ਵੱਖਰੀ ਹੈ ਕਿ ਇਨਕਲਾਬੀ ਉਨ੍ਹਾਂ ਦੇ ਅਜਿਹੇ ਝਗੜਿਆਂ (wranglings) ਨੂੰ ਢੁੱਕਵੇਂ ਢੰਗ ਨਾਲ ਆਪਣੇ ਫਾਇਦੇ ਲਈ ਵਰਤ ਸਕਦੇ ਹਨ।”
“ਮਾਓ ਵਿਚਾਰਧਾਰਾ ਦੀਆਂ ਬੁਨਿਆਦਾਂ” 'ਚੋਂ ਸਫ਼ਾ 104-108
ਸ਼ਬਦਾਂ 'ਤੇ ਜ਼ੋਰ ਸਾਡਾ
ਪੰਜਾਹਵਿਆਂ ਤੇ ਸੱਠਵਿਆਂ ਦੇ ਸਾਰੇ ਸਾਲਾਂ ਵਿਚ, ਆਮ ਕਰਕੇ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਲੋਕਾਂ ਦੀਆਂ ਕੌਮੀ ਮੁਕਤੀ ਲਹਿਰਾਂ ਦੇ ਰੂਪ 'ਚ, ਸੰਸਾਰ ਨੇ ਸਾਮਰਾਜਵਾਦ ਅਤੇ ਦੱਬੀਆਂ-ਕੁਚਲੀਆਂ ਕੌਮਾਂ ਤੇ ਲੋਕਾਂ ਵਿਚਕਾਰ ਵਿਰੋਧਤਾਈ ਦੇ ਤੂਫਾਨੀ ਫੁਟਾਰਿਆਂ ਨੂੰ ਦੇਖਿਆ ਹੈ। ਇਹ ਵਿਰੋਧਤਾਈ ਅਜੇ ਵੀ ਆਪਣੇ ਤਿੱਖੇਪਨ ਨੂੰ ਬਰਕਰਾਰ ਰੱਖ ਰਹੀ ਹੈ ਅਤੇ ਕਿਸੇ ਤਰ੍ਹਾਂ ਵੀ ਮੱਠੀ ਨਹੀਂ ਪਈ। ਅੱਜ ਸੰਸਾਰ ਪ੍ਰੋਲੇਤਾਰੀ ਇਨਕਲਾਬ ਲਈ ਕੋਈ ਵੀ ਤਜਵੀਜ ਕੀਤੀ ਗਈ ਯੁੱਧਨੀਤੀ ਜਿਹੜੀ ਇਸ ਵਿਰੋਧਤਾਈ ਅਤੇ ਇਸ ਤੋਂ ਜਨਮਦੇ ਇਨਕਲਾਬੀ ਘੋਲਾਂ ਦੇ ਕੇਂਦਰੀ ਤੇ ਮਹੱਤਵਪੂਰਨ (Crucial) ਰੋਲ ਨੂੰ ਨਹੀਂ ਧਿਆਨ 'ਚ ਰੱਖਦੀ, ਨਵ-ਬਸਤੀਵਾਦ ਦੀ ਸਫਾਈ ਪੇਸ਼ ਕਰਨ ਅਤੇ ਸੰਸਾਰ ਪ੍ਰੋਲੇਤਾਰੀ ਇਨਕਲਾਬ ਦੀ ਪੇਸ਼ਕਦਮੀ ਨੂੰ ਸਾਬੋਤਾਜ ਕਰਨ ਤੋਂ ਬਿਨਾਂ ਹੋਰ ਕੁਝ ਨਹੀਂ ਹੋ ਸਕਦੀ। ਇਸ ਪੱਖੋਂ ਅਨਵਰ ਹੌਜ਼ਾ ਦਾ "ਦੋ ਦੁਨੀਆ ਦਾ ਸਿਧਾਂਤ" ਇਨਕਲਾਬੀ ਲਫ਼ਾਜੀ ਦੇ ਪਰਦੇ ਹੇਠ ਉਹ ਕੁਝ ਪੂਰਾ ਕਰਨ ਲਈ ਹੱਥ ਪੈਰ ਮਾਰਦਾ ਹੈ ਜਿਸ ਦੀ ਮਹਾਨ ਬਹਿਸ ਮੌਕੇ ਭਗੌੜੇ ਖਰੁਸ਼ਚੋਵ ਨੇ ਕੋਸ਼ਿਸ਼ ਕੀਤੀ ਸੀ ਅਤੇ ਨਾਕਾਮ ਹੋਇਆ ਸੀ।”
ਉਹੀ, ਸਫ਼ਾ 115
2.ਸਾਮਰਾਜਵਾਦੀਆਂ ਅਤੇ ਦਲਾਲ ਹਕੂਮਤਾਂ ਦੇ ਸਬੰਧਾਂ 'ਚ ਖਲਬਲੀ ਬਾਰੇ
ਇਸ ਹਾਲਤ ਦਾ ਇਕ ਕੁਝ ਕੁ ਨਵਾਂ ਅੰਸ਼ ਸਾਮਰਾਜੀ ਤਾਕਤਾਂ (ਰਵਾਇਤੀ ਵੀ ਅਤੇ ਸਮਾਜਵਾਦੀ ਬੁਰਕੇ ਵਾਲੀਆਂ ਵੀ) ਅਤੇ ਅਰਧ-ਬਸਤੀਵਾਦੀ ਮੁਲਕਾਂ ਅੰਦਰ ਇਹਨਾਂ ਦੀਆਂ ਪਿਛਲੱਗ ਹਾਕਮ ਜੁੰਡਲੀਆਂ ਦੇ ਰਿਸ਼ਤੇ 'ਚ ਪੈਦਾ ਹੋਈ ਗਹਿਰੀ ਖਲਬਲੀ ਹੈ। ਵੱਖ ਵੱਖ ਪਿਛਾਂਹ-ਖਿੱਚੂ ਹਾਕਮ ਜੁੰਡਲੀਆਂ ਵੱਲੋਂ ਗੁਲਾਮ ਰਹਿੰਦਿਆਂ ਆਕੀ ਹੋਣ ਦਾ ਇਹ ਪ੍ਰਗਟਾਅ ਜਿਹੜਾ ਅੱਜ ਕੱਲ੍ਹ ਵਿਲੱਖਣ ਘਟਨਾ ਨਹੀਂ ਹੈ, ਇਨ੍ਹਾਂ ਦੇ ਸਵਾਰਥੀ ਜਮਾਤੀ ਹਿੱਤਾਂ ਨਾਲ ਸਬੰਧਤ ਕਈ ਵੰਨੀ ਦੀਆਂ ਗਿਣਤੀਆਂ-ਮਿਣਤੀਆਂ ਦੀ ਉਪਜ ਹੈ (ਨਾ ਕਿ ਕੌਮੀ ਹਿੱਤਾਂ ਦੀ)। ਆਵਦੇ ਰਾਜ ਦੀ ਸੁਰੱਖਿਆ ਅਤੇ ਸਥਿਰਤਾ ਸਬੰਧੀ ਉਹਨਾਂ ਦੀ ਮੁੱਖ ਸਿਆਸੀ ਫਿਕਰਮੰਦੀ, ਆਪਣੀ ਰਾਸ਼ਟਰਵਾਦੀ ਲਿਫ਼ਾਫੇਬਾਜੀ ਅਤੇ ਸਾਮਰਾਜਵਾਦ ਖਿਲਾਫ ਅਤੇ ਉਸ ਵੱਲੋਂ ਇਹਨਾਂ ਦੇ 'ਅਜ਼ਾਦ' ਅਰਥਚਾਰਿਆਂ ਅਤੇ ਨੀਤੀਆਂ ਅੰਦਰ ਦਖ਼ਲ ਦੇਣ ਦੀਆਂ ਕੋਸ਼ਿਸ਼ਾਂ ਅਤੇ ਗਲਬੇ ਖਿਲਾਫ਼ ਫੋਕੇ ਭੜਾਕਿਆਂ ਰਾਹੀਂ ਆਵਦੀ ਰਿਆਇਆ ਦੇ ਕੌਮਵਾਦੀ ਤੇ ਇਨਕਲਾਬੀ ਜਜ਼ਬਿਆਂ ਅੰਦਰ ਪਲ ਰਹੇ ਹਰ ਉਭਾਰ ਨੂੰ ਖਾਰਜ ਕਰਨਾ ਅਤੇ ਇਸ ਦੀ ਫੂਕ ਕੱਢਣਾ ਹੈ। ਜਦੋਂ ਕਦੇ ਦੁਨੀਆ ਅੰਦਰ ਕੋਈ ਅਜਿਹੀ ਮਹੱਤਵਪੂਰਨ ਘਟਨਾ ਵਾਪਰਦੀ ਹੈ ਜਿਸ ਦਾ ਇਹਨਾਂ ਮੁਲਕਾਂ ਦੇ ਲੋਕਾਂ ਦੀ ਵਿਸ਼ਾਲ ਜਨਤਾ ਦੀ ਕੌਮੀ ਚੇਤਨਾ 'ਤੇ ਗੰਭੀਰ ਅਸਰ ਪੈਂਦਾ ਹੋਵੇ ਜਾਂ ਪੈਣ ਦੀ ਸੰਭਾਵਨਾ ਹੋਵੇ ਤਾਂ ਇਨ੍ਹਾਂ ਦੀ ਥੋਥੀ ਰਾਸ਼ਟਰਵਾਦੀ ਲਫਾਜ਼ੀ ਦੇ ਇਸ ਸਹਿਗਾਣ ਦੀ ਸੁਰ ਹੋਰ ਉਚੀ ਹੋ ਜਾਂਦੀ ਹੈ। ਸੱਤਰਿਵਆਂ ਦੇ ਮੁੱਢ 'ਚ ਜਦੋਂ ਹਿੰਦ-ਚੀਨੀ ਲੋਕਾਂ ਦੀਆਂ ਕੌਮੀ ਮੁਕਤੀ ਜੰਗਾਂ ਦੀ ਜਿੱਤ ਅਤੇ ਸਭ ਤੋਂ ਸ਼ਕਤੀਸ਼ਾਲੀ ਸਾਮਰਾਜੀ ਤਾਕਤ ਅਮਰੀਕੀ ਸਾਮਰਾਜਵਾਦ ਦੀ ਹਾਰ ਯਕੀਨੀ ਹੋ ਗਈ ਸੀ ਅਤੇ ਪਿਛੋਂ ਜਦੋਂ ਇਹ ਹਕੀਕਤ 'ਚ ਵੱਟ ਗਈ ਸੀ, ਤਾਂ ਇਹ ਅਜਿਹੀ ਕਿਸਮ ਦੀ ਹੀ ਇਤਿਹਾਸਕ ਘਟਨਾ ਸੀ ਜਿਸ ਦਾ ਸੰਸਾਰ ਦੇ ਲੋਕਾਂ 'ਤੇ, ਖਾਸ ਕਰਕੇ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਲੋਕਾਂ 'ਤੇ ਬੇਹੱਦ ਸਿਆਸੀ ਤੇ ਇਖਲਾਕੀ ਪ੍ਰਭਾਵ ਪਿਆ (ਦੂਜੀ ਸੰਸਾਰ ਜੰਗ ਤੋਂ ਪਿਛੋਂ ਅਤੇ ਮਹਾਨ ਬਹਿਸ ਤੋਂ ਪਹਿਲਾਂ, ਜੇਤੂ ਚੀਨੀ ਇਨਕਲਾਬ, ਕੋਰੀਆ ਅੰਦਰ ਅਮਰੀਕੀ ਸਾਮਰਾਜੀ ਹਮਲਾਵਰ ਜੰਗ ਦੀ ਹਾਰ ਅਜਿਹੀ ਕਿਸਮ ਦੀਆਂ ਹੀ ਘਟਨਾਵਾਂ ਹਨ) ਸਿੱਟੇ ਵਜੋਂ ਵੱਖੋ ਵੱਖ ਪਿਛਾਂਹ-ਖਿੱਚੂ ਹਾਕਮ ਜੁੰਡਲੀਆਂ ਵੱਲੋਂ, ਉਸ ਵੇਲੇ ਤੋਂ ਹੀ, ਲੋਕਾਂ ਨੂੰ ਵਰਗਲਾਉਣ ਲਈ, ਆਪਣੀਆਂ 'ਅਜ਼ਾਦ' 'ਤੇ ਸਾਮਰਾਜਵਾਦ ਵਿਰੋਧੀ ਪੁਜੀਸ਼ਨਾਂ ਬਾਰੇ ਬਹੁਤ ਹੀ ਸ਼ੋਰ ਮਚਾਇਆ ਜਾਂਦਾ ਰਿਹਾ ਹੈ। ਪਰ ਸਾਮਰਾਜੀਆਂ ਅਤੇ ਇਨ੍ਹਾਂ ਦੇ ਸਥਾਨਕ ਪਿਛਲੱਗਾਂ ਦਰਮਿਆਨ ਰਿਸ਼ਤੇ 'ਚ ਪੈਦਾ ਹੋਈ ਖਲਬਲੀ ਅੰਦਰ ਇਸ ਕਿਸਮ ਦੀ ਦਿਖਾਵਟ ਕੋਈ ਗੰਭੀਰ ਗੱਲ ਨਹੀਂ ਹੈ। ਗੜਬੜ ਉਦੋਂ ਪੈਦਾ ਹੁੰਦੀ ਹੈ ਜਦੋਂ ਨਵ-ਬਸਤੀਵਾਦੀ ਲੁੱਟ ਅਤੇ ਦਾਬੇ ਖਿਲਾਫ ਮਿਹਨਤਕਸ਼ ਲੋਕਾਂ ਅਤੇ ਦੂਜੇ ਦੇਸ਼ ਭਗਤ ਹਿੱਸਿਆਂ ਦੇ ਵੱਧ ਰਹੇ ਦਬਾਅ ਮੂਹਰੇ, ਸਾਮਰਾਜੀਆਂ ਅਤੇ ਇਨਾਂ ਦੇ ਪਿੱਠੂਆਂ ਲਈ ਕੁਝ ਚੁੱਕੇ ਕਦਮ ਵਾਪਸ ਲੈਣੇ ਜਾਂ ਕੋਈ ਰਿਆਇਤ ਦੇਣੀ ਜ਼ਰੂਰੀ ਬਣ ਜਾਂਦੀ ਹੈ, ਪਰ ਲੋਕਾਂ ਨੂੰ ਠੰਢੇ ਕਰਨ ਲਈ ਦਿੱਤੇ ਜਾਣ ਵਾਲੀਆਂ ਰਿਆਇਤਾਂ ਦੀ ਕਿਸਮ ਅਤੇ ਹੱਦ ਬਾਰੇ ਉਹ ਆਪਸ ਵਿਚ ਸਾਂਝੀ ਸਮਝ 'ਤੇ ਪਹੁੰਚਣ 'ਚ ਨਾਕਾਮ ਸਾਬਤ ਹੁੰਦੇ ਹਨ। ਪਿਛਾਂਹ-ਖਿੱਚੂ ਹਾਕਮ ਜੁੰਡਲੀਆਂ ਅਤੇ ਇਨ੍ਹਾਂ ਦੇ ਸਾਮਰਾਜੀ ਪ੍ਰਭੂਆਂ ਦੀਆਂ ਲੋੜਾਂ ਦਰਮਿਆਨ ਵਕਤੀ ਅਤੇ ਗੈਰ-ਬੁਨਿਆਦੀ ਝਗੜੇ ਦੀ ਅਜਿਹੀ ਹਾਲਤ ਤਾਂ ਪੈਦਾ ਹੁੰਦੀ ਹੈ ਕਿਉਂਕਿ ਪਿਛਲੇ ਦਾ ਵਿਹਾਰ ਮੁੱਖ ਤੌਰ 'ਤੇ ਇਸ ਦੀ ਕੌਮਾਂਤਰੀ ਸਾਮਰਾਜੀ ਯੁੱਧ-ਨੀਤੀ ਦੇ ਮੁਤਾਬਕ ਤਹਿ ਹੁੰਦਾ ਹੈ ਜਦੋਂ ਕਿ ਪਹਿਲੇ ਦਾ ਵਿਹਾਰ, ਆਵਦੇ ਮੁਲਕ ਅੰਦਰ ਆਵਦੇ ਰਾਜ ਨੂੰ ਬਚਾਉਣ ਅਤੇ ਇਸ ਦੀ ਲੰਮੀ ਉਮਰ ਯਕੀਨੀ ਬਣਾਉਣ ਦੀਆਂ ਲੋੜਾਂ ਮੁਤਾਬਕ ਢਲਦਾ ਹੈ। ਇਸ ਲਈ, ਲੋਕਾਂ ਦੀ ਵਿਰੋਧ ਲਹਿਰ ਦੀਆਂ ਧਰਕੱਲੀਆਂ ਪਿਛਾਂਹ-ਖਿੱਚੂ ਹਾਕਮ ਜੁੰਡਲੀਆਂ ਕਈ ਮੌਕਿਆਂ 'ਤੇ ਸਾਮਰਾਜੀ ਮਾਲਕਾਂ ਦੇ ਹਿਤਾਂ ਦਾ ਬੁਨਿਆਦੀ ਤੌਰ 'ਤੇ ਹਰਜਾ ਕਰੇ ਬਿਨਾਂ, ਇਹਨਾਂ ਦੀਆਂ ਇਛਾਵਾਂ ਦੇ ਮੁਤਾਬਕ ਨਾ ਚੱਲਣ ਅਤੇ ਨਵ-ਬਸਤੀਵਾਦੀ ਲੁੱਟ ਅਤੇ ਦਾਬੇ ਜਾਂ ਦਖਲਅੰਦਾਜ਼ੀ ਦੇ ਕੁਝ ਕੁੱਢਰ ਇਜਹਾਰਾਂ ਵਿਰੁੱਧ ਚੱਲਣ ਲਈ ਮਜਬੂਰ ਹੋ ਜਾਂਦੀਆਂ ਹਨ । ਕਈ ਵਾਰੀ ਲੋਕਾਂ ਦੇ ਤਕੜੇ ਵਿਰੋਧੀ ਪ੍ਰਤੀਕਰਮ ਨੂੰ ਅਗਾਊਂ ਭਾਂਪ ਕੇ ਵੀ, ਇਹ ਜੁੰਡਲੀਆਂ ਨਾ ਤਾਂ ਆਪਣੇ ਮਾਲਕਾਂ ਦੀਆਂ ਮੰਗਾਂ ਨੂੰ ਇੰਨ ਬਿਨ ਪੂਰੀਆਂ ਕਰਨ ਦੀ ਜੁਅੱਰਤ ਕਰਦੀਆਂ ਹਨ ਅਤੇ ਨਾ ਹੀ ਉਸ ਢੰਗ ਨਾਲ ਪੂਰੀਆਂ ਕਰਨ ਦੀ, ਜਿਸ ਢੰਗ ਦੀ ਉਨ੍ਹਾਂ ਤੋਂ ਆਸ ਰੱਖੀ ਜਾਂਦੀ ਹੈ (ਇਕ ਹੋਰ ਹਾਲਤ ਅੰਦਰ, ਜਦੋਂ ਲੋਕਾਂ ਦੀ ਸਾਮਰਾਜ ਵਿਰੋਧੀ ਲਹਿਰ ਕਮਜ਼ੋਰ ਹੁੰਦੀ ਹੈ ਜਾਂ ਇਨ੍ਹਾਂ ਪਿਛਲੱਗਾਂ ਉਤੇ ਲੋਕਾਂ ਦੇ ਦਬਾਅ ਨਾਲੋਂ ਸਾਮਰਾਜੀਆਂ ਦਾ ਦਬਾਅ ਕਿਤੇ ਜਿਆਦਾ ਹੁੰਦਾ ਹੈ ਤਾਂ ਬਿਲਕੁਲ ਉਹੀ ਹਾਕਮ ਜੁੰਡਲੀਆਂ ਆਪਣੇ ਪ੍ਰਭੂਆਂ ਦੇ ਫਰਮਾਨਾਂ ਅੱਗੇ ਗੋਡੇ ਟੇਕ ਦਿੰਦੀਆਂ ਹਨ ਜਾਂ ਇਹਨਾਂ ਦੀ ਥਾਂ ਦੂਸਰੀਆਂ ਜੁੰਡਲੀਆਂ ਲਿਆਂਦੀਆਂ ਜਾਂਦੀਆਂ ਹਨ ਜਿਹੜੀਆਂ ਜ਼ਿਆਦਾ ਹੀ ਪਿੱਛਲੱਗ ਹੁੰਦੀਆਂ ਹਨ) ਦੂਜੇ ਬੰਨੇ, ਆਪਣੀ ਉਲਟ-ਇਨਕਲਾਬੀ ਯੁੱਧ-ਨੀਤੀ ਅਤੇ ਕਾਰਵਾਈਆਂ ਖਿਲਾਫ਼ ਇਨਕਲਾਬੀ ਤਾਕਤਾਂ ਦੇ ਸੰਸਾਰ ਪੱਧਰ ਦੇ ਟਾਕਰੇ ਨਾਲ ਸਿੱਝਣ ਦੀਆਂ ਮੁਸ਼ਕਲਾਂ 'ਚ ਫਸੀਆਂ ਅਤੇ ਮੁਕਾਬਲੇ ਦੇ ਸਾਮਰਾਜੀਆਂ ਦੇ ਦਬਾਅ ਹੇਠ ਸਾਮਰਾਜੀ ਤਾਕਤਾਂ ਕੁਝ ਪੁਜੀਸ਼ਨਾਂ ਤੋਂ ਪਿਛਾਂਹ ਮੁੜਨ ਜਾਂ ਕੁਝ ਲੈ ਦੇ ਕਰਨ ਲਈ ਮਜ਼ਬੂਰ ਹੁੰਦੀਆਂ ਹਨ, ਜਿਸ ਨਾਲ ਇਹਨਾਂ ਦੇ ਪੁਰਾਣੇ ਪਿਛਲੱਗਾਂ ਦੇ ਮਨਾਂ ਅੰਦਰ ਸ਼ੰਕੇ ਤੇ ਬੇਵਸਾਹੀ ਪੈਦਾ ਹੁੰਦੀ ਹੈ ਜਿਹੜੇ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੁੰਦੇ ਹਨ ਕਿ ਜਦੋਂ ਵੀ ਇਹਨਾਂ ਦੇ ਪ੍ਰਭੂਆਂ ਦੇ ਸਮੁੱਚੇ ਸਾਮਰਾਜੀ ਹਿੱਤ ਇਸ ਗੱਲ ਦੀ ਮੰਗ ਕਰਦੇ ਹੋਏ ਜਾਂ ਉਨ੍ਹਾਂ ਨੂੰ ਇਨ੍ਹਾਂ ਤੋਂ ਬਿਨਾਂ ਸਰਦਾ ਹੋਇਆ ਤਾਂ ਉਹ ਇਨਾਂ ਨੂੰ ਡੋਬਾ ਦੇਣ ਲੱਗਿਆਂ ਭੋਰਾ ਭਰ ਝਿਜਕ ਮਹਿਸੂਸ ਨਹੀਂ ਕਰਨਗੇ।
ਇਹਨਾਂ ਦੇ ਰਿਸ਼ਤੇ ਅੰਦਰ ਖਲਬਲੀ ਦਾ ਇਕ ਹੋਰ ਮਹੱਤਵਪੂਰਨ ਅੰਸ਼, ਆਰਥਿਕ ਹੈ। ਸੰਸਾਰ ਸਰਮਾਏਦਾਰੀ ਪ੍ਰਬੰਧ ਦੇ ਡੂੰਘੇ ਹੋਏ ਆਮ ਸੰਕਟ ਦੀ ਹਾਲਤ ਅੰਦਰ ਵੱਡੇ ਇਜਾਰੇਦਾਰ ਕੌਮਾਂਤਰੀ ਸਰਮਾਏ ਵੱਲੋਂ ਘੱਟ ਵਿਕਸਤ ਮੁਲਕਾਂ ਦੀ ਵੱਡੀ ਪੱਧਰ 'ਤੇ ਕੀਤੀ ਰੱਤ-ਨਿਚੋੜ, ਨਾ ਸਿਰਫ ਇਨ੍ਹਾਂ ਮੁਲਕਾਂ ਅੰਦਰ ਲੱਖਾਂ ਹੀ ਮਿਹਨਤਕਸ਼ਾਂ ਨੂੰ ਕੰਗਾਲ ਬਣਾਉਂਦੀ ਹੈ, ਛੋਟੇ ਤੇ ਦਰਮਿਆਨੇ ਸਰਮਾਏਦਾਰਾਂ ਦੇ ਕਾਰੋਬਾਰਾਂ ਨੂੰ ਤਬਾਹ ਕਰਦੀ ਹੈ ਅਤੇ ਬੁੱਧੀਜੀਵੀਆਂ ਦੇ ਵਿਸ਼ਾਲ ਹਿੱਸਿਆਂ ਦੇ ਕਿੱਤੇ ਤੇ ਭਵਿੱਖ ਦੀ ਗੜਬੜ-ਚੌਥ ਕਰਦੀ ਹੈ ਤੇ ਇਸ ਤਰ੍ਹਾਂ ਕੌਮੀ ਸਿਆਸਤ ਅੰਦਰ ਵੱਡੀ ਹੱਲ ਚੱਲ ਪੈਦਾ ਕਰਦੀ ਹੈ, ਜਿਹੜੀ ਪਿਛਾਖੜੀ ਰਾਜ ਨੂੰ ਹਿਲਾ ਕੇ ਰੱਖ ਦਿੰਦੀ ਹੈ, ਸਗੋਂ ਇਨ੍ਹਾਂ ਮੁਲਕਾਂ ਦੀ ਨਵ-ਬਸਤੀਵਾਦੀ ਲੁੱਟ 'ਚੋਂ ਪਿਛਾਂਹ-ਖਿੱਚੂ ਹਾਕਮ ਜਮਾਤਾਂ ਦੇ ਹਿੱਸੇ ਨੂੰ ਵੀ ਮੁਕਾਬਲਤਨ ਘਟਾਉਂਦੀ ਹੈ। ਇਸ ਕਰਕੇ, ਇਹ ਪਿਛਾਂਹ-ਖਿੱਚੂ ਜਮਾਤਾਂ ਅਤੇ ਇਹਨਾਂ ਦੀਆਂ ਹਕੂਮਤਾਂ ਕੌਮਾਂਤਰੀ ਅਜਾਰੇਦਾਰ ਸਰਮਾਏਦਾਰਾਂ ਦੇ ਖਿਲਾਫ ਬੁੜ ਬੁੜ ਕਰਦੇ ਤੇ ਔਖੇ ਭਾਰੇ ਹੁੰਦੇ ਰਹਿੰਦੇ ਹਨ ਤੇ ਕੁਝ ਰਿਆਇਤੀ ਵਿਹਾਰ ਦੀ ਮੰਗ ਵੀ ਕਰਦੇ ਹਨ, ਪਰ ਇਉਂ ਕਰਦਿਆਂ ਉਹ ਇਹਨਾਂ ਸਾਮਰਾਜੀਆਂ ਦੀ 'ਨੇਕ-ਨੀਤੀ' ਉਨ੍ਹਾਂ ਦੇ 'ਸੁਘੜ-ਸੁਆਰਥੀ ਹਿੱਤਾਂ' ਦੇ ਵਾਸਤੇ ਦਾ ਆਸਰਾ ਲੈਂਦੇ ਹਨ। ਅਤੇ ਕਈ ਵਾਰੀ ਤਾਂ, ਇਹਨਾਂ ਨੂੰ ਹਾਸਲ ਕਰਨ ਲਈ ਉਹਨਾਂ ਦੇ ਖਿਲਾਫ ਕੁਝ ਕੱਚ-ਪਕੇ ਕਦਮ ਚੁੱਕਣ ਦੀ ਧਮਕੀ ਦੇਣ ਤੱਕ ਵੀ ਜਾਂਦੇ ਹਨ ਪਰ ਹਮੇਸ਼ਾਂ ਹੀ ਕੌਮਾਂਤਰੀ ਨਵ-ਬਸਤੀਵਾਦੀ ਪ੍ਰਬੰਧ ਦੀਆਂ ਸੁਰੱਖਿਅਤ ਹੱਦਾਂ ਅੰਦਰ ਰਹਿ ਕੇ ਹੀ। (ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਮੌਜੂਦਾ ਦਹਾਕੇ ਅੰਦਰ “ਨਵੇਂ ਕੌਮਾਂਤਰੀ ਆਰਥਿਕ ਪ੍ਰਬੰਧ" ਦੀ ਤਲਾਸ਼ ਦੇ ਇਨ੍ਹਾਂ ਸਾਰੇ ਸਾਲਾਂ ਦੌਰਾਨ, ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਘੱਟ ਵਿਕਸਤ ਮੁਲਕਾਂ ਦੇ ਅਰਥਚਾਰਿਆਂ ਅੰਦਰ ਵਿਦੇਸ਼ੀ ਅਜਾਰੇਦਾਰ ਸਰਮਾਏ ਦੀ ਘੁਸਪੈਠ ਅਤੇ ਇਹਨਾਂ ਉਪਰ ਇਸ ਦਾ ਗਲਬਾ ਤੇ ਕਬਜ਼ੇ ਦਾ ਬੋਝ ਕਈ ਗੁਣਾਂ ਵਧਿਆ ਹੈ।)
ਉੱਪਰ ਬਿਆਨੇ ਅੰਸ਼ਾਂ ਤੋਂ ਇਲਾਵਾ, ਇਹਨਾਂ ਵਿਸ਼ਾਲ ਅਤੇ ਸੌਖਿਆਂ ਸ਼ਿਕਾਰ ਹੋ ਸਕਣ ਵਾਲੇ ਸੋਮਿਆਂ ਅੰਦਰ, ਮੰਡੀਆਂ, ਕੱਚੇ ਮਾਲ ਦੇ ਸਾਧਨਾਂ ਅਤੇ ਪ੍ਰਭਾਵ ਦੇ ਖਿੱਤਿਆਂ ਲਈ ਵੱਖ ਵੱਖ ਸਾਮਰਾਜੀ ਤਾਕਤਾਂ ਅਤੇ ਬਹੁਕੌਮੀ ਅਜਾਰੇਦਾਰ ਧੜਿਆਂ, ਖਾਸ ਕਰਕੇ ਦੋ ਸਾਮਰਾਜੀ ਦਿਓ-ਤਾਕਤਾਂ, ਦਰਮਿਆਨ ਤਿੱਖਾ ਹੋਇਆ ਸ਼ਰੀਕਾ ਭੇੜ ਅਤੇ ਟਕਰਾਅ, ਸਾਮਰਾਜੀ ਪ੍ਰਭੂਆਂ ਅਤੇ ਇਹਨਾਂ ਮੁਲਕਾਂ ਦੀਆਂ ਇਹਨਾਂ ਦੀਆਂ ਪਿਛਲੱਗ ਜਮਾਤਾਂ ਦੇ ਸਬੰਧਾਂ ਅੰਦਰ ਖਲਬਲੀ ਅਤੇ ਬੇਵਿਸਾਹੀ ਨੂੰ ਵਾਹਵਾ ਹੱਦ ਤੱਕ ਵਧਾਉਂਦਾ ਹੈ, ਜਿਸ ਦੇ ਸਿੱਟੇ ਵਜੋਂ ਅੰਤਰ ਸਾਮਰਾਜੀ ਤਾਕਤਾਂ ਦੇ ਤੋਲ 'ਚ ਤਬਦੀਲੀ ਦੇ ਅਤੇ ਆਪਣੀ ਕੌਮ ਨੂੰ ਵੱਧ ਭਾਅ 'ਤੇ ਵੇਚਣ ਦੀਆਂ ਸੰਭਾਵਨਾਵਾਂ ਦੇ ਅਧਾਰ ਮੁਤਾਬਕ ਪਿਛਾਂਹ-ਖਿੱਚੂ ਹਾਕਮ ਜੁੰਡਲੀਆਂ ਦੀਆਂ ਵੱਖ ਵੱਖ ਸਾਮਰਾਜੀ ਤਾਕਤਾਂ ਵੱਲ ਵਫਾਦਾਰੀਆਂ ਅਤੇ ਰੁਖ 'ਚ ਤਬਦੀਲੀ ਆਉਂਦੀ ਹੈ।
ਜੇ ਆਮ ਰੂਪ 'ਚ ਗੱਲ ਕਰੀਏ, ਤਾਂ ਮੌਜੂਦਾ ਹਾਲਤ ਦਾ ਇਹ ਕੁੱਝ ਹੱਦ ਤੱਕ ਗੈਰ-ਰਵਾਇਤੀ ਲੱਛਣ-ਨਵ ਬਸਤੀਵਾਦੀ ਤਾਕਤਾਂ ਅਤੇ ਇਨ੍ਹਾਂ ਦੇ ਪਿਛਲੱਗਾਂ ਦੇ ਰਿਸ਼ਤੇ ਅੰਦਰ ਪੈਦਾ ਹੋਈ ਖਲਬਲੀ-ਸੰਸਾਰ ਸਰਮਾਏਦਾਰੀ ਪ੍ਰਬੰਧ ਅਤੇ ਨਵ-ਬਸਤੀਵਾਦੀ ਨਿਜ਼ਾਮ ਦੇ ਡੂੰਘੇ ਹੋਏ ਆਮ ਸੰਕਟ ਦਾ ਹੀ ਇਕ ਇਜ਼ਹਾਰ ਹੈ। ਇਹ ਵਧ ਰਹੀ ਕੌਮੀ-ਜਮਹੂਰੀ ਇਨਕਲਾਬੀ ਲਹਿਰ ਦੇ ਕਾਜ ਲਈ ਲਾਹੇਵੰਦ ਗੱਲ ਹੈ, ਜਿਹੜੀ ਸਾਮਰਾਜੀ ਪ੍ਰਬੰਧ ਦੇ ਪਿਛਵਾੜੇ-ਇਸ ਦੀ ਕਮਜ਼ੋਰ ਕੜੀ-ਨੂੰ ਤੂਫਾਨੀ ਝਟਕੇ ਦੇ ਰਹੀ ਹੈ। ਲਾਹੇਵੰਦ ਸਿਰਫ ਇਸ ਰੂਪ 'ਚ ਹੀ ਨਹੀਂ ਕਿ ਇਹ ਸਾਮਰਾਜਵਾਦ ਤੇ ਇਹਨਾਂ ਦੇ ਪਿਛਾਂਹ-ਖਿੱਚੂ ਪਿਛਲੱਗਾਂ ਦੇ ਸਿਆਸੀ ਮਾਣ-ਤਾਣ ਅਤੇ ਪੜਤ ਨੂੰ ਢਾਅ ਲਾਉਂਦੀ ਹੈ (ਸਾਮਰਾਜਵਾਦ ਦੀ ਇਸ ਕਰਕੇ ਕਿਉਂਕਿ ਅਰਧ-ਬਸਤੀਵਾਦੀ ਮੁਲਕਾਂ ਅੰਦਰ ਇਸ ਦੇ ਆਪਣੇ ਹੀ ਸਿਆਸੀ ਪਿਛਲੱਗਾਂ ਵੱਲੋਂ ਇਸ ਦੀ ਵਾਰ ਵਾਰ ਖੁੱਲ੍ਹੀ, ਭਾਵੇਂ ਨਕਲੀ ਹੀ ਹੋਵੇ, ਨੁਕਤਾਚੀਨੀ ਹੁੰਦੀ ਰਹਿੰਦੀ ਹੈ ਅਤੇ ਇਸ ਦੇ ਪਿਛਾਂਹ-ਖਿੱਚੂ ਪਿਛਲੱਗਾਂ ਦੀ ਏਸ ਕਰਕੇ, ਕਿਉਂਕਿ ਉਹਨਾਂ ਨੂੰ ਮੁਥਾਜ ਸਿਆਸਤ ਅਤੇ ਸਫ਼ਾਰਤੀ ਨੀਤੀ ਦੀਆਂ ਬਦਲਦੀਆਂ ਲੋੜਾਂ ਦੀ ਦਾਬ ਹੇਠ, ਵੱਖ ਵੱਖ ਸਾਮਰਾਜੀ ਤਾਕਤਾਂ ਬਾਰੇ ਆਪਣੇ ਬਿਆਨਾਂ-ਐਲਾਨਾਂ ਅੰਦਰ ਅਕਸਰ 180 ਦਰਜੇ ਦਾ ਮੋੜਾ ਕੱਟਣਾ ਪੈਂਦਾ ਹੈ) ਅਤੇ ਕੌਮੀ ਮੁਕਤੀ ਤਾਕਤਾਂ ਹੱਥੋਂ ਇਹਨਾਂ ਦਾ ਪਰਦਾਚਾਕ ਕਰਨ 'ਚ ਸਹਾਈ ਹੁੰਦਾ ਹੈ, ਸਗੋਂ ਇਸ ਰੂਪ 'ਚ ਵੀ ਕਿ ਇਹ ਇਹਨਾਂ ਤਾਕਤਾਂ ਨੂੰ ਆਪਣੇ ਦੁਸ਼ਮਣਾਂ ਵਿਚਕਾਰ ਖਾਸ ਮਸਲਿਆਂ ਉਤੇ ਚਲ ਰਹੀ ਸਵਾਰਥੀ ਖਿੱਚ-ਧੂਹ ਦੀ ਕਲਾਮਈ ਵਰਤੋਂ ਨਾਲ, ਇਹਨਾਂ ਮਸਲਿਆਂ ਨੂੰ ਇਨਕਲਾਬੀ ਢੰਗ ਨਾਲ ਉਭਾਰਨ ਅਤੇ ਇਹਨਾਂ ਨੂੰ ਅੱਗੇ ਵਧਾਉਣ ਜਾਂ ਇਕ ਜਾਂ ਦੂਸਰੀ ਸਾਮਰਾਜੀ ਤਾਕਤ ਜਾਂ ਧੜੇ 'ਤੇ ਜਿਸ ਨਾਲ ਸਬੰਧਾਂ 'ਚ ਪਿਛਾਂਹ-ਖਿੱਚੂ ਪਿੱਠੂਆਂ ਦੀ ਵਕਤੀ ਤੌਰ 'ਤੇ ਖਲਬਲੀ ਚਲ ਰਹੀ ਹੈ, ਹਮਲਾ ਕੇਂਦਰਤ ਕਰਨ ਲਈ ਵੱਧ ਗੁੰਜਾਇਸ਼ ਅਤੇ ਪਹਿਲ ਕਦਮੀ ਮੁਹੱਈਆ ਕਰਦੀ ਹੈ। ਇਹ ਸੰਭਾਵਨਾ ਹੋਰ ਵੀ ਵੱਧ ਜਾਂਦੀ ਹੈ ਜੇ ਇਹ ਹਾਲਤ ਇਕ ਜਾਂ ਦੂਜੀ ਦਿਓ-ਤਾਕਤ ਦੇ ਸਬੰਧ 'ਚ ਹੋਵੇ (ਕਿਉਂਕਿ ਇਹ ਦੋਵੇਂ ਹੀ ਲੋਕਾਂ ਅਤੇ ਕੌਮਾਂ ਨੂੰ ਸਭ ਤੋਂ ਵੱਧ ਲੁੱਟਣ ਅਤੇ ਦਬਾਉਣ ਵਾਲੀਆਂ ਤਾਕਤਾਂ ਹਨ ਅਤੇ ਉਨ੍ਹਾਂ ਦੀ ਸਾਮਰਾਜਵਾਦ ਵਿਰੋਧੀ ਲਹਿਰ ਦਾ ਵਿਸ਼ੇਸ਼ ਨਿਸ਼ਾਨਾ ਹਨ) ਪਰ ਕੌਮੀ ਅਤੇ ਸਮਾਜਿਕ ਮੁਕਤੀ ਲਈ ਜੂਝ ਰਹੀ ਮਜਦੂਰ ਜਮਾਤ ਅਤੇ ਲੋਕਾਂ ਦੇ ਦੂਸਰੇ ਵਿਸ਼ਾਲ ਹਿੱਸਿਆਂ ਲਈ ਇਨਕਲਾਬੀ ਕਾਜ਼ ਨੂੰ ਅੱਗੇ ਵਧਾਉਣ ਵਾਸਤੇ ਸਾਮਰਾਜੀ ਤਾਕਤਾਂ ਅਤੇ ਇਨ੍ਹਾਂ ਦੀਆਂ ਪਿਛਲੱਗ ਹੁਕਮਰਾਨ ਜੁੰਡਲੀਆਂ ਦੇ ਰਿਸ਼ਤਿਆਂ ਅੰਦਰ ਖਲਬਲੀ' ਦੀ ਇਸ ਹਾਲਤ ਦੀ ਸਹੀ ਵਰਤੋਂ ਦੇ ਕਾਬਲ ਹੋਣ ਲਈ ਇਹ ਲਾਜ਼ਮੀ ਹੈ ਕਿ ਉਹ ਇਹ ਕਦੇ ਨਾ ਭੁੱਲਣ ਕਿ ਹਿੱਤਾਂ ਦੇ ਅਜਿਹੇ ਟਕਰਾਵਾਂ ਦਾ ਖਾਸਾ ਸੀਮਤ ਅਤੇ ਗੈਰ-ਬੁਨਿਆਦੀ ਹੀ ਹੈ ਅਤੇ ਵੱਧ ਤੋਂ ਵੱਧ ਦੱਬੀ ਕੁਚਲੀ ਕੌਮ ਅਤੇ ਸਾਮਰਾਜਵਾਦ ਵਿਚਲੀ ਉਸ ਬੁਨਿਆਦੀ ਵਿਰੋਧਤਾਈ ਨੂੰ ਹੱਲ ਕਰਨ ਲਈ ਚਲਣ ਵਾਲੇ ਜ਼ਿੰਦਗੀ-ਮੌਤ ਦੇ ਘੋਲ ਦਾ ਸਹਾਈ ਰੂਪ ਹੀ ਹੋ ਸਕਦਾ ਹੈ ਜਿਸ ਅੰਦਰ ਦੱਬੀ ਕੁਚਲੀ ਕੌਮ (ਜਿਹੜੀ ਮਜ਼ਦੂਰਾਂ, ਕਿਸਾਨਾਂ, ਨੀਮ-ਸਰਮਾਏਦਾਰੀ ਅਤੇ ਦੂਸਰੇ ਦੇਸ਼ ਭਗਤਾਂ ਸਮੇਤ ਕੌਮੀ ਸਰਮਾਏਦਾਰੀ ਤੋਂ ਮਿਲ ਕੇ ਬਣਦੀ ਹੈ) ਇਕ ਧਿਰ ਬਣਦੀ ਹੈ ਜਦੋਂ ਕਿ ਦੂਸਰੀ ਧਿਰ ਸਾਮਰਾਜਵਾਦ ਅਤੇ ਸਥਾਨਕ ਪਿਛਾਖੜ ਬਣਦਾ ਹੈ, ਜਿਹੜਾ ਕਿ ਅਰਧ ਬਸਤੀਵਾਦੀ ਮੁਲਕਾਂ ਅੰਦਰ ਸਾਮਰਾਜੀ ਰਾਜ ਦਾ ਸੰਦ ਹੁੰਦਾ ਹੈ। ਸਾਮਰਾਜੀ ਮੁਲਕਾਂ ਅੰਦਰ ਪ੍ਰੋਲੇਤਾਰੀ ਲਹਿਰ ਵੀ ਕੌਮੀ ਮੁਕਤੀ ਲਈ ਜੂਝ ਰਹੇ ਦਬੇ ਕੁਚਲੇ ਲੋਕਾਂ ਅਤੇ ਕੌਮਾਂ ਦੀ ਹਿੱਕ ਠੋਕਵੀਂ ਹਮਾਇਤ ਕਰਦਿਆਂ ਹੋਇਆਂ ਸਾਮਰਾਜੀ ਬੁਰਜੂਆਜ਼ੀ ਦੀਆਂ, 'ਪਹਿਲ-ਪ੍ਰਿਥਮੇ ਆਪਣੇ ਮੁਲਕ ਦੀ ਬੁਰਜੂਆਜ਼ੀ ਦੀਆਂ, ਅਤੇ ਨਾਲੋ ਨਾਲ ਦੂਸਰੇ ਮੁਲਕਾਂ ਦੀ ਬੁਰਜੂਆਜ਼ੀ ਦੀਆਂ, ਐਹੋ ਜਿਹੇ ਮਸਲਿਆਂ ਬਾਰੇ ਪੁਜੀਸ਼ਨਾਂ ਦੀ ਨੁਕਤਾਚੀਨੀ ਕਰਕੇ ਅਤੇ ਉਹਨਾਂ ਦਾ ਪਰਦਾਫਾਸ਼ ਕਰਕੇ ਇਸ ਹਮਾਇਤ 'ਚ ਵਾਧਾ ਕਰ ਸਕਦੀ ਹੈ, ਜਿਹੜੇ (ਮਸਲੇ) ਸਾਮਰਾਜੀ ਤਾਕਤਾਂ ਅਤੇ ਅਰਧ ਬਸਤੀਵਾਦੀ ਮੁਲਕਾਂ ਅੰਦਰ ਇਹਨਾਂ ਦੀਆਂ ਪਿਛਲੱਗ ਹਾਕਮ ਜੁੰਡਲੀਆਂ ਦਰਮਿਆਨ ਖਿੱਚ-ਧੂਹ ਦੌਰਾਨ ਉੱਭਰੇ ਹੋਣ।
ਉਹੀ, ਸਫ਼ਾ 68-72
--0--