Friday, April 7, 2023

ਸਿੱਖਿਆ ਬੱਜਟ ’ਚ ਵਾਧੇ ਤੇ ਹੋਰਨਾਂ ਸਿੱਖਿਆ ਹੱਕਾਂ ਲਈ ਵਿਦਿਆਰਥੀ ਲਾਮਬੰਦੀ

 ਸਿੱਖਿਆ ਬੱਜਟ ’ਚ ਵਾਧੇ ਤੇ ਹੋਰਨਾਂ ਸਿੱਖਿਆ ਹੱਕਾਂ ਲਈ ਵਿਦਿਆਰਥੀ ਲਾਮਬੰਦੀ

ਪੰਜਾਬ ’ਚ ਉਚੇਰੀ ਸਿੱਖਿਆ ਦੀ ਇਸ ਵੇਲੇ ਤਰਸਯੋਗ ਹਾਲਤ ਬਣੀ ਹੋਈ ਹੈ। ਸਰਕਾਰੀ ਯੂਨੀਵਰਸਿਟੀਆਂ ਪੇਂਡੂ ਖੇਤਰ ਦੇ ਗ਼ਰੀਬ ਵਿਦਿਆਰਥੀਆਂ ਲਈ ਦਰਵਾਜ਼ੇ ਬੰਦ ਕਰ ਰਹੀਆਂ ਹਨ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਖੁੱਲ੍ਹਣ ਦਾ ਦੌਰ ਜ਼ੋਰਾਂ ’ਤੇ ਹੈ। ਇਸ ਵੇਲੇ ਪੰਜਾਬ ਸਿੱਖਿਆ ਤੇ ਰੁਜ਼ਗਾਰ ਦੇ ਵੱਡੇ ਸੰਕਟ ਨਾਲ ਜੂਝ ਰਿਹਾ ਹੈ। ਸਰਕਾਰੀ ਯੂਨੀਵਰਸਿਟੀਆਂ ਕਰਜ਼ਈ ਹਨ ਤੇ ਵੱਡੇ ਬੱਜਟ ਘਾਟਿਆਂ ਦਾ ਸ਼ਿਕਾਰ ਹਨ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਮਾਲਾਮਾਲ ਹਨ। ਮਾਲਵੇ ਤੇ ਦੁਆਬੇ ਦੇ ਦਰਜਨ ਦੇ ਕਰੀਬ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਤੱਕ ਸਸਤੀ ਤੇ ਮਿਆਰੀ ਸਿੱਖਿਆ ਪਹੁੰਚਾਉਣ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਵੇਲੇ 150 ਕਰੋੜ ਦੀ ਕਰਜ਼ਈ ਹੈ। ਇਹ ਕਰਜ਼ਾ ਸਾਲ ਦਰ ਸਾਲ ਸਰਕਾਰੀ ਗ੍ਰਾਂਟਾਂ ’ਤੇ ਲੱਗ ਰਹੇ ਕੱਟ ਨਾਲ ਹੋਰ ਵਧਦਾ ਜਾ ਰਿਹਾ ਹੈ। ਆਪ ਸਰਕਾਰ ਨੇ ਵੀ ਆਪਣੇ ਪਲੇਠੇ ਬੱਜਟ ਦੌਰਾਨ ਪੰਜਾਬੀ ਯੂਨੀਵਰਸਿਟੀ ਦੀ ਬਾਂਹ ਨਹੀਂ ਫੜੀ, ਸਗੋਂ ਇਸਦੀ ਸਾਲਾਨਾ ਗ੍ਰਾਂਟ ’ਤੇ 11 ਕਰੋੜ ਦਾ ਕੱਟ ਲਾਇਆ ਗਿਆ ਸੀ। ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪਿਛਲੇ 26 ਸਾਲਾਂ ਤੋਂ ਪੱਕੀ ਭਰਤੀ ਨਹੀਂ ਕੀਤੀ ਗਈ, ਜਿਸ ਕਰਕੇ 70 ਫੀਸਦੀ ਅਸਾਮੀਆਂ ਖਾਲੀ ਪਈਆਂ ਹਨ। 47 ਸਰਕਾਰੀ ਕਾਲਜਾਂ ’ਚੋਂ ਸਿਰਫ਼ 8 ਕਾਲਜਾਂ ’ਚ ਹੀ ਲਾਇਬ੍ਰੇਰੀਅਨ ਹਨ, ਬਾਕੀ ਦੇ ਕਾਲਜਾਂ ਦੀਆਂ ਲਾਇਬ੍ਰੇਰੀਆਂ ਲਾਇਬ੍ਰੇਰੀਅਨਾਂ ਦੀ ਘਾਟ ਕਾਰਨ ਪੂਰਾ ਪੂਰਾ ਸਮੈਸਟਰ ਬੰਦ ਪਈਆਂ ਰਹਿੰਦੀਆਂ ਹਨ। ਵਿੱਦਿਅਕ ਸੰਕਟ ਦਾ ਆਲਮ ਇਹ ਹੈ ਕਿ ਪਿਛਲੇ ਪੰਜ ਪੰਜ ਮਹੀਨਿਆਂ ਤੋਂ ਅਧਿਆਪਕਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਤੇ ਪੰਜਾਬੀ ਯੂਨੀਵਰਸਿਟੀ ਆਪਣੇ ਖਰਚਿਆਂ ਲਈ ਕੰਸਟੀਚੂਐਂਟ ਕਾਲਜਾਂ ਦੇ ਕਾਲਜ ਫੰਡਾਂ ਚੋਂ ਪੈਸੇ ਮੰਗਵਾ ਰਹੀ ਹੈ। ਉਚੇਰੀ ਸਿੱਖਿਆ ਦੀ ਅਜਿਹੀ ਹਾਲਤ ਦਰਮਿਆਨ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕਾਰਜਕਾਲ ਦਾ ਦੂਸਰਾ ਬਜਟ ਲੈ ਕੇ ਆਈ ਹੈ। ਪੰਜਾਬ ਸਟੂਡੈਂਟਸ ਯੂਨੀਅਨ ( ਸ਼ਹੀਦ ਰੰਧਾਵਾ) ਦੇ ਵੱਲੋਂ ਬਜਟ ਪੇਸ਼ ਹੋਣ ਤੋਂ ਇੱਕ ਦਿਨ ਪਹਿਲਾਂ 9 ਮਾਰਚ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਰੈਲੀ ਕਰਕੇ ਉਚੇਰੀ ਸਿੱਖਿਆ ਦੇ ਸੰਕਟ ਨੂੰ ਸੰਬੋਧਨ ਹੁੰਦਿਆਂ ਮਹੱਤਵਪੂਰਨ ਵਿਦਿਆਰਥੀ ਮੰਗਾਂ ਉਠਾਈਆਂ ਗਈਆਂ ਹਨ। ਇਸਦੇ ਰਾਹੀਂ ਜਥੇਬੰਦੀ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੇਤ ਸਭਨਾਂ ਸਰਕਾਰੀ ਕਾਲਜਾਂ ਦੀਆਂ ਵਿੱਤੀ ਜ਼ਿੰਮੇਵਾਰੀਆਂ ਸਰਕਾਰ ਚੁੱਕੇ, ਸਰਕਾਰੀ ਤੇ ਕੰਸਟੀਚੂਐਂਟ ਕਾਲਜਾਂ ’ਚ ਖਾਲੀ ਪਈਆਂ ਪੋਸਟਾਂ ਤੁਰੰਤ ਭਰੀਆਂ ਜਾਣ ਤੇ ਸਰਕਾਰੀ ਸਿੱਖਿਆ ਦੇ ਬੱਜਟ ’ਚ ਵਾਧਾ ਕੀਤਾ ਜਾਵੇ ਵਰਗੀਆਂ ਮੰਗਾਂ ਉਠਾਈਆਂ ਹਨ।

9 ਮਾਰਚ ਦੀ ਰੈਲੀ ਦੀ ਤਿਆਰੀ ਲਈ ਜਥੇਬੰਦੀ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਵਿਦਿਆਰਥੀ ਕਾਰਕੁੰਨਾਂ ਦੀ ਵਧਵੀਂ ਮੀਟਿੰਗ ਮੂਨਕ ਕਾਲਜ ’ਚ ਕੀਤੀ ਗਈ ਤੇ ਬਠਿੰਡਾ ਇਲਾਕੇ ਦੇ ਕਾਰਕੁੰਨਾਂ ਦੀ ਵਧਵੀਂ ਮੀਟਿੰਗ ਟੀਚਰ ਹੋਮ ਬਠਿੰਡਾ ’ਚ ਹੋਈ। 9 ਮਾਰਚ ਦੀ ਰੈਲੀ ਦੀ ਤਿਆਰੀ ’ਚ ਜਥੇਬੰਦੀ ਵੱਲੋਂ ਕਾਲਜਾਂ ’ਚ ਜ਼ੋਰਦਾਰ ਪ੍ਰਚਾਰ ਮੁਹਿੰਮ ਚਲਾਉਂਦਿਆਂ ਭਰਵੀਆਂ ਜਨਤਕ ਰੈਲੀਆਂ ਜਥੇਬੰਦ ਕੀਤੀਆਂ ਗਈਆਂ।  ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ, ਸ਼ਹੀਦ ਊਧਮ ਸਿੰਘ ਸਰਕਾਰੀ ਆਈ ਟੀ ਆਈ ਸੁਨਾਮ (ਲੜਕੇ ਤੇ ਲੜਕੀਆਂ), ਸਰਕਾਰੀ ਰਣਬੀਰ ਕਾਲਜ ਸੰਗਰੂਰ, ਸਰਕਾਰੀ ਆਈ ਟੀ ਆਈ ਸੰਗਰੂਰ (ਲੜਕੀਆਂ), ਸਰਕਾਰੀ ਕਿਰਤੀ ਕਾਲਜ (ਨਿਆਲ - ਪਾਤੜਾਂ), ਯੂਨੀਵਰਸਿਟੀ ਕਾਲਜ ਮੂਨਕ, ਯੂਨੀਵਰਸਿਟੀ ਕਾਲਜ ਬਹਾਦਰਪੁਰ, ਗੁਰੂ ਕਾਂਸ਼ੀ ਕਾਲਜ ਤਲਵੰਡੀ, ਯੂਨੀਵਰਸਿਟੀ ਕਾਲਜ ਘੁੱਦਾ ਤੇ ਟੀ ਪੀ ਡੀ ਮਾਲਵਾ ਕਾਲਜ ਰਾਮਪੁਰਾ ਫੂਲ ਦੇ ਵਿੱਚ ਵੱਡੀਆਂ ਰੈਲੀਆਂ ਕਰਵਾਈਆਂ ਗਈਆਂ। 9 ਮਾਰਚ ਨੂੰ ਸੰਗਰੂਰ ਦਾਣਾ ਮੰਡੀ ’ਚ ਵੱਖ ਵੱਖ ਕਾਲਜਾਂ ਦੇ ਸੈਂਕੜੇ ਵਿਦਿਆਰਥੀ ਵੱਖ ਵੱਖ ਸਾਧਨਾਂ ਰਾਹੀਂ ਰੈਲੀ ’ਚ ਪਹੁੰਚੇ। ਰੈਲੀ ਨੂੰ ਵਿਦਿਆਰਥੀ ਜਥੇਬੰਦੀ ਦੀਆਂ ਕਾਲਜ ਕਮੇਟੀਆਂ ਤੇ ਸੂਬਾ ਕਮੇਟੀ ਦੇ  ਆਗੂਆਂ ਨੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਨੌਜਵਾਨ ਭਾਰਤ ਸਭਾ, ਪੀ ਐੱਸ ਯੂ (ਲਲਕਾਰ) ਤੇ ਬੀ ਕੇ ਯੂ (ਏਕਤਾ - ਉਗਰਾਹਾਂ) ਦੇ ਬੁਲਾਰਿਆਂ ਵੱਲੋਂ ਵੀ ਸੰਬੋਧਨ ਕੀਤਾ ਗਿਆ। ਮੰਡੀ ’ਚ ਰੈਲੀ ਉਪਰੰਤ ਸ਼ਹਿਰ ’ਚ ਰੋਹ ਭਰਪੂਰ ਮਾਰਚ ਕੀਤਾ ਗਿਆ। ਸ਼ਹਿਰ ਦੇ ਵਿੱਚੋਂ ਦੀ ਹੁੰਦਾ ਹੋਇਆ ਮਾਰਚ ਡੀ ਸੀ ਦਫਤਰ ਜਾ ਕੇ ਸਮਾਪਤ ਹੋਇਆ ਜਿੱਥੇ ਵਿਦਿਆਰਥੀ ਆਗੂ ਵੱਲੋਂ ਸੰਬੋਧਨ ਕੀਤਾ ਗਿਆ ਤੇ ਵੱਖ ਵੱਖ ਕਾਲਜਾਂ ਦੇ ਆਏ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

No comments:

Post a Comment