Friday, April 7, 2023

ਪਿਛਾਖੜੀ ਸਮਾਜਿਕ ਕਦਰਾਂ ਤੇ ਅਜੋਕਾ ਵਿੱਦਿਅਕ ਢਾਂਚਾ

 ਪਿਛਾਖੜੀ ਸਮਾਜਿਕ ਕਦਰਾਂ ਤੇ ਅਜੋਕਾ ਵਿੱਦਿਅਕ ਢਾਂਚਾ

ਪਿਛਲੇ ਦਿਨੀਂ ਪੰਜਾਬ ਦੇ ਉੱਘੇ ਮੈਡੀਕਲ ਕਾਲਜ ਅੰਦਰ ਇੱਕ ਦਲਿਤ ਵਿਦਿਆਰਥਣ ਨੇ ਉਸ ਨਾਲ ਹੁੰਦੇ ਜਾਤਪਾਤੀ ਭੇਦਭਾਵ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਜੇ ਕਿਸੇ ਮੈਡੀਕਲ ਸਾਇੰਸ ਦੇ ਉੱਘੇ ਕਾਲਜ ਅੰਦਰ ਅੱਜ ਵੀ ਕਿਸੇ ਹੋਣਹਾਰ ਵਿਦਿਆਰਥਣ ਨੂੰ ਜਾਤ ਅਧਾਰਤ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਕੀ ਉਸਦਾ ਸਾਡੀ ਸਿੱਖਿਆ ਪ੍ਰਣਾਲੀ ਨਾਲ ਕੋਈ ਸਬੰਧ ਬਣਦਾ ਹੈ? 

ਸਾਡੇ ਸਮਾਜ ਦੀ ਕੌੜੀ ਹਕੀਕਤ ਇਹ ਹੈ ਕਿ ਇਹ ਨਿਆੲੀਂ  ਸਮਾਜ ਨਹੀਂ ਹੈ। ਇਸ ਅੰਦਰ ਸਦੀਆਂ ਤੋਂ ਅਨੇਕਾਂ ਵਿਤਕਰੇ, ਭੇਦਭਾਵ, ਤੁਅੱਸਬ, ਦਾਬੇ ਫੈਲੇ ਤੁਰੇ ਆਉਂਦੇ ਹਨ। ਜਿਉਂ ਜਿਉਂ ਕੋਈ ਸਮਾਜ ਵਿਕਾਸ ਕਰਦਾ ਹੈ, ਉਹ ਚੇਤਨ ਹੁੰਦਾ ਜਾਂਦਾ ਹੈ। ਉਹ ਰੀਤਾਂ-ਰਿਵਾਜ ਤੇ ਸੰਸਕਾਰ ਜੋ ਪਿਛਾਖੜੀ ਹੁੰਦੇ ਹਨ, ਉਹ ਖੁਰਦੇ ਜਾਂਦੇ ਹਨ। ਇਹਨਾਂ ਪਿਛਾਖੜੀ ਕਦਰਾਂ-ਕੀਮਤਾਂ ਨੂੰ ਖੋਰਨ ਅਤੇ ਅਗਾਂਹਵਧੂ ਕਦਰਾਂ-ਕੀਮਤਾਂ ਦਾ ਸੰਚਾਰ ਕਰਨ ਵਿੱਚ ਚੇਤਨ ਕੋਸ਼ਿਸ਼ਾਂ ਦਾ ਜ਼ੋਰਦਾਰ ਰੋਲ ਹੁੰਦਾ ਹੈ। ਜੇ ਇਹ ਕੋਸ਼ਿਸ਼ਾਂ ਰਾਜ ਪ੍ਰਬੰਧ ਵੱਲੋਂ ਜੁਟਾਈਆਂ ਜਾਣ ਤਾਂ ਇਹ ਬੇਹੱਦ ਅਸਰਦਾਰ ਹੋ ਸਕਦੀਆਂ ਹਨ ਅਤੇ ਕਿਸੇ ਥਾਂ ਦਾ ਸਿੱਖਿਆ ਪ੍ਰਬੰਧ ਇਹਨਾਂ ਕੋਸ਼ਿਸ਼ਾਂ ਵਿੱਚ ਮਹੱਤਵਪੂਰਨ ਸਾਧਨ ਬਣਦਾ ਹੈ। ਪਰ ਇਹ ਤਾਂ ਸੰਭਵ ਹੈ ਜੇਕਰ ਰਾਜ ਪ੍ਰਬੰਧ ਚਲਾ ਰਹੀਆਂ ਹਕੂਮਤਾਂ ਅੰਦਰ ਲੋਕਾਂ ਦੀ ਪੁਗਤ ਹੋਵੇ ਅਤੇ ਅਜਿਹੇ ਭੇਦਭਾਵ ਅਤੇ ਦਾਬੇ ਖਤਮ ਕਰਨ ਦੀ ਜ਼ੋਰਦਾਰ ਇੱਛਾ ਸ਼ਕਤੀ ਹੋਵੇ। ਇਸ ਇੱਛਾ ਸ਼ਕਤੀ ਦੀ ਘਾਟ ਇਹਨਾਂ ਅਸਮਾਨਤਾਵਾਂ ਤੇ ਵਿਤਕਰਿਆਂ ਦੇ ਜਿਉਂਦੇ ਰਹਿਣ ਦਾ ਕਾਰਨ ਬਣੀ ਰਹਿੰਦੀ ਹੈ। ਹਾਲਤ ਉਦੋਂ ਹੋਰ ਵੀ ਔਖੀ ਹੋ ਜਾਂਦੀ ਹੈ ਜਦੋਂ ਰਾਜਕੀ ਤਾਕਤਾਂ ਦੇ ਹਿੱਤ ਅਜਿਹੇ ਵਿਤਕਰਿਆਂ ਦੇ ਜਿਉਂਦੇ ਰਹਿਣ ਨਾਲ ਅਤੇ ਇਹਨਾਂ ਦੀ ਵਰਤੋਂ ਰਾਜ ਗੱਦੀ ਹਾਸਲ ਕਰਨ ਦੀ ਖੇਡ ਵਿੱਚ ਕਰਨ ਨਾਲ ਪੁੂਰੇ ਹੁੰਦੇ ਹਨ। ਜਦੋਂ ਰਾਜਭਾਗ ਤੇ ਕਾਬਜ ਤਾਕਤਾਂ ਦੇ ਹਿੱਤ ਲੋਕਾਂ ਦੇ ਉਲਟ ਭੁਗਤਦੇ ਫੈਸਲੇ ਲੈਣ ਅਤੇ ਨੀਤੀਆਂ ਲਾਗੂ ਕਰਨ ਵਿੱਚ ਹੁੰਦੇ ਹਨ ਤਾਂ ਉਦੋਂ ਸਮਾਜ ਅੰਦਰਲੇ ਸਭੇ ਦਾਬੇ, ਭੇਦਭਾਵ ਤੇ ਤੁਅੱਸਬ ਲੋਕ ਰੋਹ ਨੂੰ ਭਟਕਾਉਣ ਅਤੇ ਲੋਕ ਤਾਕਤ ਨੂੰ ਖੋਰਨ ਦੇ ਕੰਮ ਆਉਂਦੇ ਹਨ। ਸਮਾਜ ਦੇ ਇਹਨਾਂ ਕੋਹੜਾਂ ਸਦਕਾ ਹੀ ਲੋਕ ਬੇਚੈਨੀ ਤੇ ਗੁੱਸਾ ਹਕੂਮਤੀ ਨੀਤੀਆਂ ਖਿਲਾਫ ਸੇਧਤ ਹੋਣ ਦੀ ਥਾਂ ਆਪੋ ਵਿੱਚ ਫੁੱਟਦਾ ਰਹਿੰਦਾ ਹੈ। ਇਹੋ ਕਾਰਨ ਹੈ ਕਿ ਜਾਤਪਾਤੀ ਤੇ ਲਿੰਗਕ ਵਿਤਕਰੇ ਸਮੇਤ, ਹਰ ਪ੍ਰਕਾਰ ਦੇ ਦਾਬੇ ਅਤੇ ਵਿਤਕਰੇ ਤਮਾਮ ਕਾਨੂੰਨਾਂ ਦੇ ਹੁੰਦੇ ਹੋਏ ਵੀ ਕਾਇਮ ਰਹਿ ਰਹੇ ਹਨ। ਜਾਤਪਾਤੀ ਅਤੇ ਧਾਰਮਿਕ ਵਿਤਕਰਿਆਂ ਨੂੰ ਤਾਂ ਵਾਰ ਵਾਰ ਸਿਆਸੀ ਚੋਣ ਖੇਡ ਵਿੱਚ ਵਰਤਿਆ ਗਿਆ ਹੈ। ਇਸੇ ਕਾਰਨ ਜੀਵਨ ਦੇ ਹਰ ਖੇਤਰ ਵਿੱਚ ਹਾਕਮ ਜਮਾਤਾਂ ਵੱਲੋਂ ਜੁਬਾਨੀ-ਕਲਾਮੀ ਇਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਹਕੀਕਤ ਵਿੱਚ ਇਹਨਾਂ ਭੇਦਭਾਵਾਂ ਦੀ ਰਾਖੀ ਕੀਤੀ ਜਾਂਦੀ ਹੈ। 

ਪਿਛਲੇ ਸਮੇਂ ਦੌਰਾਨ ਭਾਜਪਾ ਅਤੇ ਇਸ ਨਾਲ ਜੁੜੀਆਂ ਉੱਚ ਜਾਤੀ ਹਿੰਦੂ ਸ਼ਾਵਨਵਾਦੀ ਤਾਕਤਾਂ ਨੇ ਤਾਂ ਇਸ ਪੱਖੋਂ ਸਭਿਆਚਾਰ, ਇਤਿਹਾਸ, ਸਿੱਖਿਆ ਦੇ ਖੇਤਰ ਵਿੱਚ ਇਹਨਾਂ ਵਿਤਕਰਿਆਂ ਨੂੰ ਹਵਾ ਦੇਣ ਵਾਲੀਆਂ ਅਣਗਿਣਤ ਤਬਦੀਲੀਆਂ ਕੀਤੀਆਂ ਹਨ। ਇੱਕ ਪਾਸੇ ਅਨੇਕਾਂ ਮੁਸਲਿਮ ਪਿਛੋਕੜ ਵਾਲੇ ਸ਼ਹਿਰਾਂ ਦੇ ਨਾਂ ਬਦਲ ਕੇ ਹਿੰਦੂ ਨਾਮ ਰੱਖੇ ਗਏ ਹਨ, ਇਤਿਹਾਸ ਅੰਦਰ ਹਿੰਦੂ ਸ਼ਾਸ਼ਕਾਂ ਨੂੰ ਬਹਾਦਰ ਅਤੇ ਨਿਆਂਪੂਰਨ ਬਣਾਕੇ ਅਤੇ ਮੁਸਲਿਮ ਸਾਸ਼ਕਾਂ ਨੂੰ ਜਾਲਮ ਅਤੇ ਕਾਇਰ ਵਜੋਂ ਸਥਾਪਿਤ ਕੀਤਾ ਗਿਆ ਹੈ ਅਤੇ ਦੂਜੇ ਪਾਸੇ ਸਿੱਖਿਆ ਦੇ ਖੇਤਰ ਅੰਦਰ ਅਣਗਿਣਤ ਪਿਛਾਖੜੀ ਬਦਲਾਅ ਕੀਤੇ ਗਏ ਹਨ। ਸਿਲੇਬਸ ਵਿੱਚੋਂ ਮਨਇੱਛਤ ਢੰਗ ਨਾਲ ਅਨੇਕਾਂ ਪਾਠ ਹਟਾ ਦਿੱਤੇ ਗਏ ਹਨ ਜਿਹਨਾਂ ਵਿੱਚ ਧਰਮ-ਨਿਰਲੇਪਤਾ, ਕੌਮਵਾਦ ਜਾਂ ਸੰਘੀ ਢਾਂਚੇਂ ਦੀ ਗੱਲ ਕੀਤੀ ਹੋਈ ਸੀ। ਮਸਲਨ ਸਾਲ 2020 ਵਿੱਚ 12ਵੀਂ  ਸੀ. ਬੀ. ਐਸ. ਈ. ਬੋਰਡ ਦੇ ਇਤਿਹਾਸ ਦੇ ਸਿਲੇਬਸ ਵਿੱਚੋਂ ਮੁਗਲ ਕੋਰਟਾਂ ਨਾਲ ਸਬੰਧਤ ਪਾਠ ਹਟਾ ਦਿੱਤਾ ਗਿਆ। ਗਿਆਰਵੀਂ ਕਲਾਸ ਦੇ ਪਾਠਕ੍ਰਮ ਵਿੱਚੋਂ ਹੋਰਨਾਂ ਸਭਿਆਚਾਰਾਂ ਤੇ ਕਬੀਲਿਆਂ ਨਾਲ ਸਬੰਧਤ ਪਾਠ ਹਟਾਏ ਗਏ। ਜਾਤ, ਲਿੰਗ ਨਾਲ ਸਬੰਧਤ ਅੰਦੋਲਨਾਂ ਸਬੰਧੀ ਪਾਠ ਵੀ ਹਟਾਏ ਗਏ। ਨਵੀਂ ਸਿੱਖਿਆ ਨੀਤੀ 2020 ਇਸ ਪੱਖੋਂ ਹੋਰ ਵੀ ਪਿਛਾਖੜੀ, ਧਾਰਮਿਕ ਤੰਗ ਬਿਰਤੀਆਂ ਨੂੰ ਹਵਾ ਦੇਣ ਲਈ ਘੜੀ ਗਈ ਹੈ। ਇਸ ਨੀਤੀ ਤਹਿਤ 2021 ਸਾਲ ਵਿੱਚ ਮੱਧ ਪ੍ਰਦੇਸ਼ ਸਰਕਾਰ ਨੇ ਇੰਜਨੀਅਰਿੰਗ ਦੇ ਸਿਲੇਬਸ ਵਿੱਚ ਮਹਾਂਭਾਰਤ ਅਤੇ ਰਮਾਇਣ ਜੋੜ  ਦਿੱਤੇ ਸਨ। ਆਰਟਸ ਕੋਰਸਾਂ ਵਿੱਚ ਰਾਮਚਰਿਤ ਮਾਨਸ ਦਾ ਫਲਸਫਾ ਚੋਣਵੇਂ ਵਿਸ਼ੇ ਵਜੋਂ ਸ਼ਾਮਲ ਕੀਤਾ ਗਿਆ। ਇਸ ਨੀਤੀ ਤਹਿਤ ਹੁਣ ਯੋਗਾ ਅਤੇ ਧਿਆਨ ਵੀ ਮੁੱਖ ਕੋਰਸ ਹੋਣਗੇ ਜਿਹਨਾਂ ਵਿੱਚ ‘ਓਮ ਧਿਆਨ’ ਅਤੇ ਮੰਤਰਾਂ ਦਾ ਪਾਠ ਸਿਲੇਬਸ ਦਾ ਹਿੱਸਾ ਹੋਵੇਗਾ। ਅਪ੍ਰੈਲ 2022 ਵਿੱਚ ਇਸੇ ਅਮਲ ਵਿੱਚ ਅੱਗੇ ਵਧਦਿਆਂ ਸੀ. ਬੀ. ਐਸ. ਈ. ਬੋਰਡ ਨੇ 11ਵੀਂ  ਅਤੇ 12ਵੀਂ ਜਮਾਤਾਂ ਦੇ ਪਾਠਕ੍ਰਮ ਵਿੱਚੋਂ ਫੈਜ਼ ਦੀਆਂ ਕਵਿਤਾਵਾਂ, ਸਨਅਤੀ ਇਨਕਲਾਬ ਅਤੇ ਇਸਲਾਮਿਕ ਰਾਜਾਂ ਸਬੰਧੀ ਅਨੇਕਾਂ ਪਾਠ ਕੱਢ ਦਿੱਤੇ। ਕਰਨਾਟਕ ਸਰਕਾਰ ਨੇ ਪੀ ਰਾਮਾਕਿ੍ਰਸ਼ਨ ਦਾ ਲੇਖ ‘ਭਗਤ ਸਿੰਘ’ ਅਤੇ ਪੀ ਲੰਕੇਸ਼ ਦੀਆਂ ਲਿਖਤਾਂ ਸਿਲੇਬਸ ’ਚੋਂ ਬਾਹਰ ਕਰਕੇ ਆਰ.ਐਸ.ਐਸ. ਦੇ ਮੁਖੀ ਹੈਡਗੇਵਾਰ ਦਾ ਭਾਸ਼ਨ ਸ਼ਾਮਲ ਕਰ ਲਿਆ। ਉੱਤਰਾਖੰਡ ਦੇ ਸਿੱਖਿਆ ਮੰਤਰੀ ਨੇ ਵੀ ਨਵੀਂ ਸਿੱਖਿਆ ਨੀਤੀ ਦਾ ਹਵਾਲਾ ਦਿੰਦਿਆਂ ਵੇਦ, ਰਮਾਇਣ ਤੇ ਭਗਵਦ ਗੀਤਾ ਰਾਜ ਦੇ ਸਾਰੇ ਸਕੂਲਾਂ ਵਿੱਚ ਪੜ੍ਹਾਉਣ ਦਾ ਐਲਾਨ ਕੀਤਾ ਹੈ। ਹੁਣ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਦਿੱਲੀ ਦੀ ਆਪ ਸਰਕਾਰ ਨੇ ਵੀ ਇਸੇ ਦਿਸ਼ਾ ਵਿੱਚ ਕਦਮ ਲੈਂਦਿਆਂ ਨੈਤਿਕ ਸਿੱਖਿਆ ਦੇ ਨਾਂ ਹੇਠ ਹੋਰਨਾਂ ਗੱਲਾਂ ਦੇ ਨਾਲ ਨਾਲ ਸਕੂਲਾਂ ਵਿੱਚ ਸਰਸਵਤੀ ਵੰਦਨਾ ਲਾਜ਼ਮੀ ਕਰ ਦਿੱਤੀ ਹੈ। 

ਪਿਛਲੇ ਸਾਲਾਂ ਦੌਰਾਨ ਇਹੋ ਜਿਹਾ ਪਿਛਾਖੜੀ ਮਹੌਲ ਹੋਰ ਵੀ ਪ੍ਰਫੁੱਲਤ ਹੋਣ ਕਰਕੇ ਦੇਸ਼ ਦੇ ਅਨੇਕਾਂ ਸਕੂਲ ਕਾਲਜ ਧਾਰਮਿਕ ਹਿੰਸਾ ਦੀਆਂ ਥਾਵਾਂ ਵੀ ਬਣੇ ਹਨ ਅਤੇ ਜਾਤੀ ਹਿੰਸਾ ਦੀਆਂ ਥਾਵਾਂ ਵੀ ਬਣੇ ਹਨ। ਮੰਨੇ-ਪ੍ਰਮੰਨੇ ਕਾਲਜਾਂ ਅਤੇ ਆਈ.ਆਈ.ਟੀ.,  ਮੈਡੀਕਲ ਕਾਲਜਾਂ ਵਰਗੀਆਂ ਵਿਗਿਆਨਕ ਸੰਸਥਾਵਾਂ ਵਿੱਚ ਪੜ੍ਹਦੇ ਰੋਹਿਤ ਵੇਮੁੱਲਾ, ਡਾ. ਪੰਪੋਸ਼, ਦਰਸ਼ਨ ਸੋਲੰਕੀ ਵਰਗੇ ਅਨੇਕਾਂ ਹੋਣਹਾਰ ਵਿਦਿਆਰਥੀ ਆਪਣੇ ਸਾਹਾਂ ਨਾਲ ਇਸ ਪ੍ਰਬੰਧ ’ਤੇ ਸਵਾਲ ਖੜ੍ਹੇ ਕਰਕੇ ਗਏ ਹਨ। ਕਰਨਾਟਕ ਦੇ ਅਨੇਕਾਂ ਸਕੂਲਾਂ ਕਾਲਜਾਂ ਅੰਦਰ ਮੁਸਲਿਮ ਕੁੜੀਆਂ ਦੇ ਹਿਜਾਬ ਦੇ ਹੱਕ ਖਿਲਾਫ਼ ਫਿਰਕੂ ਪਾਲਾਬੰਦੀਆਂ ਹੋਈਆਂ ਹਨ। ਘੱਟ ਗਿਣਤੀ ਵਿਦਿਆਰਥੀਆਂ ਨੂੰ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਣ ਲਈ ਮਜ਼ਬੂਰ ਕੀਤਾ ਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ 2014 ਤੋਂ 21 ਤੱਕ ਭਾਰਤ ਦੀਆਂ ਚੋਟੀ ਦੀਆਂ ਉੱਚ ਸਿੱਖਿਆ ਸੰਸਥਾਵਾਂ ਅੰਦਰ 122 ਵਿਦਿਆਰਥੀਆਂ ਨੇ ਵਿਤਕਰੇ ਦੇ ਮਹੌਲ ਕਰਕੇ ਖੁਦਕੁਸ਼ੀ  ਕੀਤੀ ਹੈ। 

ਸਿੱਖਿਆ ਦਾ ਕਾਰਜ ਮਨੁੱਖ ਨੂੰ ਤਰਕ ਅਤੇ ਵਿਗਿਆਨਕ ਸੋਚਣੀ ਦੇ ਲੜ ਲਾਉਣਾ ਹੈ। ਪਰ ਭਾਰਤੀ ਹਕੂਮਤ ਦੇ ਹਿੱਤ ਹਰ ਪ੍ਰਕਾਰ ਦੀ ਤਰਕਸ਼ੀਲਤਾ ਨੂੰ ਖੋਰਨ ਵਿੱਚ ਹਨ। ਪਿਛਲੇ ਸਾਲਾਂ ਅੰਦਰ ਪਿਛਾਖੜੀ ਕਦਰਾਂ-ਕੀਮਤਾਂ ’ਤੇ ਸਵਾਲ ਖੜ੍ਹੇ ਕਰਨ ਵਾਲੇ ਨਰੇਂਦਰ ਦਾਭੋਲਕਰ, ਐਮ.ਕਲਬੁਰਗੀ, ਗੋਵਿੰਦ ਪਾਨਸਰੇ, ਵਰਗੇ ਅਨੇਕਾਂ ਵਿਦਵਾਨ ਹਿੰਦੂਤਵੀ ਪਿਛਾਖੜੀ ਤਾਕਤਾਂ ਵੱਲੋਂ ਮਾਰ ਮੁਕਾਏ ਗਏ ਹਨ। 

ਭਾਰਤ ਦੀ ਮੌਜੂਦਾ ਸਿੱਖਿਆ ਪ੍ਰਣਾਲੀ ਨੂੰ ਜੋ ਹੋਣਾ ਚਾਹੀਦਾ ਹੈ, ਉਹ ਐਨ ਉਸਦੇ ਉਲਟ ਹੈ। ਇਹ ਵਿਦਿਆਰਥੀਆਂ ਦੀ ਆਲੇ ਦੁਆਲੇ ਨੂੰ ਘੋਖਣ, ਸਮਝਣ, ਸਵਾਲ ਖੜ੍ਹੇ ਕਰਨ ਤੇ ਹਾਲਾਤਾਂ ਨੂੰ ਬਦਲਣ ਦੀ ਬਿਰਤੀ ਨੂੰ ਦਬਾਉਂਦੀ  ਹੈ ਅਤੇ ਪ੍ਰਬੰਧ ਅੰਦਰ ਜੋ ਜਿਵੇਂ ਹੈ ਉਵੇਂ ਸਵੀਕਾਰ ਕਰਨ ਦਾ ਪਾਠ ਪੜ੍ਹਾਉਂਦੀ ਹੈ। ਇਹ ਹੋਣਹਾਰ ਮਨਾਂ ਅੰਦਰ ਇਸ ਸਮਾਜ ਦੀ ਹਕੀਕਤ ਧੁੰਦਲਾਉਂਦੀ ਹੈ, ਆਲੇ ਦੁਆਲੇ ਨੂੰ ਸਹੀ ਤਰੀਕੇ ਨਾਲ ਸਮਝਣ ਤੋਂ ਰੋਕਦੀ ਹੈ। ਇਸੇ ਕਾਰਨ ਅੱਜ ਵੀ ਸਾਡੇ ਸਕੂਲਾਂ ਅੰਦਰ ਵਿਗਿਆਨ ਦੇ ਅਧਿਆਪਕ ਜੋਤਸ਼ੀਆਂ ਤੋਂ ਪੁੱਛਾਂ ਲੈਣ ਜਾ ਸਕਦੇ ਹਨ, ਉੱਚ ਯੋਗਤਾ ਪ੍ਰਾਪਤ ਪ੍ਰੋਫੈਸਰ ਜਾਤ ਦੇ ਨਾਂ ’ਤੇ ਕਿਸੇ ਵਿਦਿਆਰਥੀ ਨੂੰ ਜ਼ਲੀਲ ਕਰ ਸਕਦੇ ਹਨ, ਕਿਸੇ ਦਲਿਤ ਵਿਦਿਆਰਥੀ ਨੂੰ ਉੱਚ ਜਾਤੀ ਅਧਿਆਪਕ ਦੀ ਬੋਤਲ ਵਿੱਚੋ ਪਾਣੀ ਪੀਣ ਲਈ ਬੁਰੀ ਤਰ੍ਹਾਂ ਕੁੱਟਿਆ ਜਾ ਸਕਦਾ ਹੈ, ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਧਾਰਮਿਕ ਪਾਠ ਕਰਵਾਏ ਜਾ ਸਕਦੇ ਹਨ। ਵਿਦਿਆਰਥੀਆਂ ਅਤੇ ਸਭਨਾਂ ਲੋਕਾਂ ਲਈ ਇਸ ਪਿਛਾਖੜੀ ਵਿੱਦਿਅਕ ਪ੍ਰਬੰਧ ਨੂੰ ਰੱਦ ਕਰਨਾ ਅਤੇ ਲੋਕ ਹਿੱਤੂ ਅਗਾਂਹਵਧੂ ਵਿੱਦਿਅਕ ਪ੍ਰਬੰਧ ਸਿਰਜਣਾ ਅਣਸਰਦੀ ਲੋੜ ਹੈ। ਜਿਵੇਂ ਰਾਜ ਇਸ ਪਿਛਾਖੜੀ ਵਿੱਦਿਅਕ ਪ੍ਰਬੰਧ ਰਾਹੀਂ ਲੋਕਾਂ ਅੰਦਰ ਪਿਛਾਖੜੀ ਕਦਰਾਂ-ਕੀਮਤਾਂ ਦਾ ਸੰਚਾਰ ਕਰਕੇ ਆਪਣੇ ਹਿੱਤ ਪੂਰੇ ਕਰਦਾ ਹੈ, ਉਵੇਂ ਨਰੋਈਆਂ ਅਗਾਂਹਵਧੂ ਕਦਰ-ਕੀਮਤਾਂ ਦਾ ਸੰਚਾਰ ਕਰਨ ਵਾਲਾ ਵਿੱਦਿਅਕ ਸਿਸਟਮ ਇਸ ਪ੍ਰਬੰਧ ਅੰਦਰ ਲੋਕ ਹਿੱਤੂ ਤਬਦੀਲੀਆਂ ਲਈ ਲੋਕਾਂ ਦਾ ਸਾਧਨ ਬਣਦਾ ਹੈ। ਮੌਜੂਦਾ ਵਿੱਦਿਅਕ ਪ੍ਰਬੰਧ ਅੰਦਰ ਨਿਰੰਤਰ ਪਿਛਾਖੜੀ ਤਬਦੀਲੀਆਂ ਖਿਲਾਫ਼ ਡਟਦਿਆਂ, ਲੋਕ-ਪੱਖੀ ਪ੍ਰਬੰਧ ਦੇ ਇੱਕ ਅੰਗ ਵਜੋਂ ਨਵੇਂ ਵਿੱਦਿਅਕ ਪ੍ਰਬੰਧ ਸਿਰਜਣ ਦਾ ਕਾਰਜ ਲੋਕਾਂ ਲਈ ਵੱਡੀ ਚਣੌਤੀ ਹੈ।     

No comments:

Post a Comment