ਸਾਜਿੰਦਾ ਤੋਂ ''ਮੋਲ-ਕੀ'' ਤੱਕ
ਕੁੜੀਆਂ ਦੀ ਮੰਡੀ ਤੇ ਨਰਕੀ ਜੀਵਨ
ਘਰ 'ਚ ਉਸਨੂੰ ਸਾਜਿੰਦਾ ਕਹਿ ਕੇ ਬੁਲਾਇਆ ਜਾਂਦਾ ਸੀ। ਸ਼ਾਇਦ ਇਸਦਾ ਅਰਥ ਸਾਜ ਵਜਾਉਣ ਵਾਲੀ ਹੋਵੇ ਜਾਂ ਕੋਈ ਹੋਰ, ਪਰ ਬਚਪਨ ਦੇ ਦਿਨਾਂ ਤੋਂ ਉਹ ਇਸ ਨਾਂ ਦੇ ਟੁਣਕਾਰ ਵਰਗੇ ਪ੍ਰਭਾਵ 'ਚ ਵਿਚਰਦੀ ਆਈ ਸੀ। ਇਹ ਨਾਂ ਉਸਨੂੰ ਬਹੁਤ ਪਿਆਰਾ ਸੀ। ਪਰ ਸਮੇਂ ਦੇ ਗੇੜ ਨਾਲ ਉਸਦਾ ਨਾਂ ਗੁਆਚ ਗਿਆ। ਨਾਂ ਹੀ ਨਹੀਂ, ਉਸਦਾ ਨਿੱਜਤਵ ਅਤੇ ਪਛਾਣ ਗੁਆਚ ਗਈ। ਉਹ ਆਮ ਕੁੜੀ ਤੋਂ 'ਵਿਸ਼ੇਸ਼' ਹੋ ਗਈ, ਵਿਸ਼ੇਸ਼ ਤ੍ਰਿਸਕਾਰ ਦੀ ਪਾਤਰ! ਉਸਨੂੰ ਮੋਲਕੀ ਕਿਹਾ ਜਾਣ ਲੱਗ ਪਿਆ, 'ਮੋਲ-ਕੀ' ਯਾਨੀ ਮੁੱਲ ਦੀ, ਖਰੀਦੀ ਹੋਈ। ਹੁਣ ਉਹ ਖਰੀਦੀ ਹੋਈ ਔਰਤ ਸੀ, ਜਿਸ ਨੂੰ 16 ਸਾਲ ਦੀ ਉਮਰ ਵਿੱਚ ਉਸਦੀ ਚਾਚੀ ਨੇ ਦਿੱਲੀ ਲਿਆਕੇ ਵੇਚ ਦਿੱਤਾ ਸੀ। ਇਸ ਤੋਂ ਬਾਅਦ ਉਸਨੂੰ ਦੁਬਾਰਾ ਮੇਵਾਤ ਖੇਤਰ ਵਿੱਚ ਕਿਸੇ ਆਦਮੀ ਕੋਲ ਵੇਚ ਦਿੱਤਾ ਗਿਆ। ਇਸ ਅਲ੍ਹੜ ਕੁੜੀ ਨਾਲ ਜਿਸਮਾਨੀ ਲੁੱਟ ਅਤੇ ਧੱਕਿਆਂ ਦਾ ਸਿਲਸਿਲਾ ਦੋ ਬੱਚਿਆਂ ਦੀ ਮਾਂ ਬਣਨ ਪਿੱਛੋਂ ਵੀ ਖਤਮ ਨਾ ਹੋਇਆ। ਮੋਲਕੀ, ਮੋਲਕੀ, ਮੋਲਕੀ! ਗਾਲ਼ ਵਰਗਾ ਨਵਾਂ ਸੰਬੋਧਨ ਲਗਾਤਾਰ ਉਸਦਾ ਪਿੱਛਾ ਕਰਦਾ ਰਿਹਾ। ਉਸਦੇ ਦਿਲ ਨੂੰ ਲੂੰਹਦਾ ਰਿਹਾ। ਕਿਸੇ ਗੈਰ-ਸਰਕਾਰੀ ਜਥੇਬੰਦੀ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਹੁਣ ਉਹ ਫਿਰੋਜ਼ਪੁਰ ਵਿੱਚ ਰਹਿਣ ਲੱਗ ਪਈ ਹੈ। ਪਰ ਬੀਤੇ ਦਾ ਸੰਤਾਪ ਅਜੇ ਵੀ ਖਹਿੜਾ ਨਹੀਂ ਛੱਡ ਰਿਹਾ।
ਗੱਲ ਇਕੱਲੀ ਸਾਜਿੰਦਾ ਦੀ ਨਹੀਂ ਹੈ। ਮੇਵਾਤ ਖੇਤਰ ਵਿੱਚ ਔਰਤਾਂ ਦੀ ਵਿੱਕਰੀ ਇੱਕ ਸਥਾਪਤ ਰਵਾਇਤ ਹੈ, ਇੱਕ ਸਾਧਾਰਨ ਘਟਨਾ। ਇਹਨਾਂ ਵਿੱਚ ਹਮੀਦਾਂ ਸ਼ਾਮਲ ਹੈ, ਜਿਸ ਨੂੰ ਪਹਿਲੀ ਵਾਰ 12 ਸਾਲ ਦੀ ਉਮਰ ਵਿੱਚ ਵੇਚਿਆ ਗਿਆ। ਫੇਰ ਮੇਵਾਤ ਦੇ ਪਿੰਡਾਂ ਵਿੱਚ ਉਹ ਵਾਰ ਵਾਰ ਵਿਕਦੀ ਰਹੀ। ਇੱਕ ਵਾਰ ਨਹੀਂ, ਦੋ ਵਾਰ ਨਹੀਂ, ਤਿੰਨ ਵਾਰ ਨਹੀਂ, ਪੂਰੇ 10 ਵਾਰ ਇੱਕ ਤੋਂ ਬਾਅਦ ਦੂਸਰੇ ਮਰਦ ਨੇ ਉਸਨੂੰ ਹੰਢਾਉਣ ਪਿੱਛੋਂ ਉਸਦੇ ਜਿਸਮ ਦਾ ਮੁੱਲ ਵੱਟਿਆ। ਆਖਰੀ ਖਰੀਦਦਾਰ 8 ਬੱਚਿਆਂ ਦਾ ਪਿਓ ਇੱਕ 68 ਸਾਲਾਂ ਦਾ ਬੁੱਢਾ ਸੀ। ਸਾਜਿੰਦਾ ਦਾ ਨਾਮ ਗੁਆਚਿਆ ਸੀ, ਪਰ ਹਮੀਦਾਂ ਦੀ ਆਵਾਜ਼ ਵੀ ਗੁਆਚ ਗਈ ਹੈ। ਭਿਆਨਕ ਸਦਮਿਆਂ ਦੇ ਅਸਰ ਹੇਠ ਉਹ ਗੂੰਗੀ ਹੋ ਚੁੱਕੀ ਹੈ।
ਤਵੱਸਮ ਦੀ ਗਾਥਾ ਵੀ ਘੱਟ ਦਿਲ-ਚੀਰਵੀਂ ਨਹੀਂ ਹੈ। ਉਹ ਕਲਕੱਤੇ ਤੋਂ ਲਿਆ ਕੇ 2008 ਵਿੱਚ ਮੇਵਾਤ ਦੇ ਨੂਹ ਖੇਤਰ ਵਿੱਚ ਵੇਚੀ ਗਈ। ਸਾਜਿੰਦਾ ਦਾ ਨਾਂ ਗੁਆਚਿਆ ਸੀ, ਹਮੀਦਾਂ ਦੀ ਆਵਾਜ਼ ਅਤੇ ਹੁਣ ਤਵੱਸਮ ਦੀ ਯਾਦਾਸ਼ਤ ਗੁਆਚ ਗਈ ਹੈ। ਪਰ ਜਿਹਨਾਂ ਦਾ ਪੂਰੇ ਦਾ ਪੂਰਾ ਮਨੁੱਖੀ ਜੀਵਨ ਅਤੇ ਸਨਮਾਨ ਹੀ ਗੁਆਚ ਚੁੱਕਿਆ ਹੈ, ਉਹਨਾਂ ਲਈ ਨਾਮ, ਆਵਾਜ਼ਾਂ ਜਾਂ ਯਾਦਾਂ ਹੁਣ ਕੀ ਅਰਥ ਰੱਖਦੀਆਂ ਹਨ?!
ਮੇਵਾਤ ਖੇਤਰ ਵਿੱਚ ਅਨੇਕਾਂ ''ਮੋਲਕੀਆਂ'' ਘਰਾਂ ਵਿੱਚ ਰੱਖੀਆਂ ਹੋਈਆਂ ਹਨ। ਔਰਤਾਂ ਦੀ ਇੱਕ ਸਰਬ-ਪ੍ਰਵਾਨਤ ਵੱਖਰੀ ਵੰਨਗੀ, ਜਿਹੜੀਆਂ ਵਿਆਹੀਆਂ ਹੋਈਆਂ ਨਹੀਂ ਹਨ, ਬੱਸ ਬੱਚੇ ਜੰਮਣ ਦੀਆਂ ਮਸ਼ੀਨਾਂ ਵਜੋਂ ਕੰਮ ਆਉਂਦੀਆਂ ਹਨ ਅਤੇ ਕਈ ਵੇਰ ਟੱਬਰ ਦੇ ਸਾਰੇ ਦੇ ਸਾਰੇ ਮਰਦਾਂ ਦੀ ਜਿਸਮਾਨੀ ਤ੍ਰਿਪਤੀ ਦਾ ਸਾਧਨ ਬਣਦੀਆਂ ਹਨ। ਬੱਚੇ ਲੈਣ ਪਿੱਛੋਂ ਅਤੇ ਜਿਸਮ ਚੂਸਣ ਪਿੱਛੋਂ ਉਹਨਾਂ ਨੂੰ ਮੁੜ ਵੇਚ ਦੇਣਾ ਵੀ ਇੱਕ ਸਥਾਪਤ ਰੀਤ ਹੈ। ਆਮ ਕਰਕੇ 12 ਤੋਂ 21 ਸਾਲ ਦੀ ਉਮਰ ਦਰਮਿਆਨ ਇਹਨਾਂ ਔਰਤਾਂ ਨੂੰ ਖਰੀਦਿਆ ਜਾਂਦਾ ਹੈ, ਓਨੇ ਸਮੇਂ ਤੱਕ ਘਰ ਵਿੱਚ ਰੱਖਿਆ ਜਾਂਦਾ ਹੈ, ਜਦੋਂ ਤੱਕ ਜਣਨ-ਸ਼ਕਤੀ ਪੂਰੇ ਜੋਬਨ 'ਤੇ ਹੁੰਦੀ ਹੈ। ਇਹ ਸਮਾਂ ਲੰਘ ਜਾਣ ਪਿੱਛੋਂ ਅਕਸਰ 32 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਅੱਗੇ ਵੇਚ ਦਿੱਤਾ ਜਾਂਦਾ ਹੈ। ਇਹਨਾਂ ਵਿੱਚ ਬਹੁਗਿਣਤੀ ਬੰਗਾਲ, ਬਿਹਾਰ ਅਤੇ ਆਸਾਮ ਤੋਂ ਲਿਆਂਦੀਆਂ ਮੁਸਲਿਮ ਕੁੜੀਆਂ ਦੀ ਹੁੰਦੀ ਹੈ।
ਸਾਹਿਤ ਅਤੇ ਜੀਵਨ ਨਾਲ ਜੁੜੇ ਪੰਜਾਬੀ ਪਾਠਕ ਵੇਚੀਆਂ ਜਾਣ ਵਾਲੀਆਂ ਔਰਤਾਂ ਦੇ ਉਸ ਸੰਤਾਪ ਨੂੰ ਜਾਣਦੇ ਹਨ, ਜੋ ਪ੍ਰੀਤਮ ਸਿੰਘ ਪੰਛੀ ਦੇ ਨਾਵਲ 'ਕੁਦੇਸਣ' ਅਤੇ ਦਲੀਪ ਕੌਰ ਟਿਵਾਣਾ ਦੇ ਨਾਵਲ 'ਇਹ ਹਮਾਰਾ ਜੀਵਣਾ' 'ਚ ਪੇਸ਼ ਕੀਤਾ ਗਿਆ ਹੈ। ਇਹ ਕਿਰਤਾਂ ਦਾਬੇ ਦੀਆਂ ਸ਼ਿਕਾਰ ਆਮ ਵਿਆਹੁਤਾ ਔਰਤਾਂ ਦੇ ਮੁਕਾਬਲੇ ਇਹਨਾਂ ਖਰੀਦੀਆਂ ਹੋਈਆਂ ਔਰਤਾਂ ਦੇ ਵਿਸ਼ੇਸ਼ ਸੰਤਾਪ ਨੂੰ ਪੇਸ਼ ਕਰਦੀਆਂ ਹਨ। ਤਾਂ ਵੀ ਮੇਵਾਤ ਦੀਆਂ ਮੋਲਕੀਆਂ ਦਾ ਸੰਤਾਪ ਕਿਤੇ ਵੱਧ ਗਹਿਰਾ ਹੈ। ਇਹ ਖਰੀਦਦਾਰ ਮਰਦਾਂ ਨੂੰ ਹਾਸਲ, ਇਹਨਾਂ ਨੂੰ ਮੁੜ ਮੁੜ ਵੇਚਣ ਦੇ ਬੇਲਗਾਮ ਅਧਿਕਾਰ ਦੇ ਪ੍ਰਛਾਵੇਂ ਹੇਠ ਜਿਉਂਦੀਆਂ ਹਨ।
ਇਸ ਮਹੀਨੇ ਭਾਰਤ ਆਪਣਾ 63ਵਾਂ ''ਗਣਤੰਤਰ ਦਿਵਸ'' ਮਨਾ ਰਿਹਾ ਹੈ, ਭਾਰਤੀ ਸੰਵਿਧਾਨ ਦੇ ਜਸ਼ਨ ਦਾ ਦਿਹਾੜਾ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਸਭਨਾਂ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਹੈ! ਪਰ ਇਸ ''ਗਣਤੰਤਰ'' ਦੀ ਧਰਤੀ ਦੇ ਮੇਵਾਤ ਵਰਗੇ ਟੁਕੜਿਆਂ 'ਤੇ ਅਣਗਿਣਤ ਮੋਲਕੀਆਂ ਲਈ ਪਸ਼ੂਆਂ ਨਾਲੋਂ ਵੀ ਭੈੜੇ ਨਰਕੀ ਜੀਵਨ ਦਾ ਸੰਤਾਪ ਜਿਉਂ ਦਾ ਤਿਉਂ ਬਰਕਰਾਰ ਹੈ। ਜਾਗੀਰੂ ਆਰਥਿਕ-ਸਮਾਜਿਕ ਚੌਧਰ ਅਤੇ ਸੰਸਕਾਰਾਂ ਦੀ ਪ੍ਰੇਤ ਛਾਇਆ ਸਦਕਾ ਭਾਰਤੀ ਮੰਡੀ ਨੇ ਯੁੱਗਾਂ ਪੁਰਾਣੇ ਲੱਛਣ ਹਿੱਕ ਨਾਲ ਲਾ ਕੇ ਰੱਖੇ ਹੋਏ ਹਨ। ਇਹੋ ਕਾਰਨ ਹੈ ਕਿ ਮੇਵਾਤ ਵਰਗੇ ਖੇਤਰ ਗਾਵਾਂ-ਮੱਝਾਂ ਵਾਂਗ ਔਰਤਾਂ ਦੀ ਮੰਡੀ ਦੇ ਖੇਤਰ ਬਣੇ ਹੋਏ ਹਨ। ਭਾਰਤੀ ਸੰਵਿਧਾਨ ਆਪਣੇ ਮੱਥੇ ਤੋਂ ਮੋਲਕੀਆਂ ਦੀ ਹੋਂਦ ਦਾ ਕਲੰਕ ਧੋਣ ਜੋਗਾ ਨਹੀਂ ਹੈ। ਇਸ ਹਾਲਤ ਨੂੰ ਤਬਦੀਲ ਕਰਨ ਖਾਤਰ ਇਨਕਲਾਬ ਰਾਹੀਂ ਅਸਲ ਮਨੁੱਖੀ ਸਮਾਜ ਉਸਾਰਨ ਦੀ ਲੋੜ ਹੈ। ਧਨ-ਕੁਬੇਰਾਂ ਦੇ ਹੱਥਾਂ 'ਚੋਂ ਉਹ ਤਾਕਤ ਖੋਹਣ ਦੀ ਲੋੜ ਹੈ, ਜਿਸ ਦੇ ਜ਼ੋਰ 'ਤੇ ਉਹ ਸਾਜਿੰਦਾ ਵਰਗੀਆਂ ਬਾਲੜੀਆਂ ਨੂੰ ਮੋਲਕੀਆਂ ਵਿੱਚ ਬਦਲ ਦੇਣ ਦੇ ਸਮਰੱਥ ਹਨ।
No comments:
Post a Comment