Thursday, January 24, 2013

ਗਾਜ਼ਾ ਪੱਟੀ 'ਤੇ ਬੰਬਾਂ ਦੀ ਵਾਛੜ ਇਜ਼ਰਾਈਲੀ ਮਨਸੂਬੇ ਨਾਕਾਮ


ਗਾਜ਼ਾ ਪੱਟੀ 'ਤੇ ਬੰਬਾਂ ਦੀ ਵਾਛੜ
ਇਜ਼ਰਾਈਲੀ ਮਨਸੂਬੇ ਨਾਕਾਮ
ਨਵੰਬਰ ਦੇ ਅੱਧ 'ਚ ਫਲਸਤੀਨ ਦੀ ਗਾਜ਼ਾ ਪੱਟੀ ਦੀ ਬਹਾਦਰ ਜਨਤਾ ਨੇ ਇਜ਼ਰਾਈਲ ਵੱਲੋਂ ਇੱਕ ਹੋਰ ਪੂਰੇ-ਸੂਰੇ ਹਵਾਈ ਅਤੇ ਸਮੁੰਦਰੀ ਹਮਲੇ ਦਾ ਸਾਹਮਣਾ ਕੀਤਾ ਹੈ। ਇਹ ਕੌਮਾਂਤਰੀ ਕਾਨੂੰਨਾਂ ਅਤੇ ਮਨੁੱਖੀ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਦੇ ਸਭ ਐਲਾਨ-ਪੱਤਰਾਂ ਨੂੰ ਪੈਰਾਂ ਹੇਠ ਲਿਤਾੜ ਕੇ ਕੀਤਾ ਗਿਆ ਹੈ। 8 ਦਿਨ ਜਾਰੀ ਰਹੇ ਇਸ ਹਮਲੇ ਦੌਰਾਨ ਕਈ ਸਰਕਾਰੀ ਅਤੇ ਰਿਹਾਇਸ਼ੀ ਬਿਲਡਿੰਗਾਂ ਮਲਬੇ ਦੇ ਢੇਰਾਂ ਵਿੱਚ ਬਦਲ ਗਈਆਂ, 44 ਬੱਚਿਆਂ ਸਮੇਤ 161 ਫਲਸਤੀਨੀ ਮਾਰੇ ਗਏ ਅਤੇ 1222 ਗੰਭੀਰ ਜ਼ਖਮੀਆਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਉਣਾ ਪਿਆ। ਇਜ਼ਰਾਈਲੀਆਂ ਵੱਲੋਂ ਚੱਲ ਰਹੀ ਗੱਲਬਾਤ ਦੌਰਾਨ ਵੀ ਇੱਕ ਹੋਰ ਹਮਲਾ ਕੀਤਾ ਗਿਆ, ਜਿਸ 'ਚ 100 ਮਿਜ਼ਾਈਲਾਂ ਅਤੇ ਬੰਬ ਵਰ੍ਹਾਏ ਗਏ। ਮੀਡੀਆ ਸੈਂਟਰ ਵਿੱਚ ਠਹਿਰੇ ਹੋਏ ਕੌਮਾਂਤਰੀ ਪੱਤਰਕਾਰ ਵੀ ਇਸ ਹਮਲੇ ਦੀ ਲਪੇਟ ਵਿੱਚ ਆਏ ਅਤੇ ਬੀ.ਬੀ.ਸੀ. ਨਾਲ ਸਬੰਧਤ ਇੱਕ ਪੱਤਰਕਾਰ ਦੀ ਲੱਤ ਉਡ ਗਈ। 
ਫਲਸਤੀਨੀ ਲੋਕਾਂ ਦੀ ਸ਼ਾਨਦਾਰ ਟਾਕਰਾ ਲਹਿਰ ਨੂੰ ਦਬਾਉਣ-ਝੁਕਾਉਣ ਲਈ ਅਮਰੀਕੀ-ਇਜ਼ਰਾਈਲੀ ਗੱਠਜੋੜ ਨੇ ਅਤੇ ਸਾਮਰਾਜੀਆਂ ਦੀਆਂ ਵਫਾਦਾਰ ਕਈ ਅਰਬ ਹਕੂਮਤਾਂ ਨੇ ਲਗਾਤਾਰ ਯਤਨ ਕੀਤੇ ਹਨ। ਸਨ 2008 ਵਿੱਚ ਵੀ ਇਜ਼ਰਾਈਲ ਨੇ ਗਾਜ਼ਾ ਪੱਟੀ 'ਤੇ ਵੱਡਾ ਫੌਜੀ ਹਮਲਾ ਕੀਤਾ ਸੀ, ਜਿਸ ਵਿੱਚ 1417 ਫਲਸਤੀਨੀ ਮਾਰੇ ਗਏ ਸਨ। ਇਜ਼ਰਾਈਲੀਆਂ ਨੇ ਗਾਜ਼ਾ ਪੱਟੀ ਦੀ ਨਾਕਾਬੰਦੀ ਕੀਤੀ ਹੋਈ ਹੈ। ਫਲਸਤੀਨੀਆਂ ਨੂੰ ਭੁੱਖ ਦੇ ਸ਼ਿਕਾਰ ਬਣਾ ਕੇ ਈਨ ਮੰਨਣ ਲਈ ਮਜਬੂਰ ਕਰਨਾ ਇਜ਼ਰਾਈਲ ਦੇ ਖੁੱਲ੍ਹੇ ਐਲਾਨਾਂ ਦਾ ਹਿੱਸਾ ਹੈ। ਮੌਜੂਦਾ ਹਮਲੇ ਸੰਬੰਧੀ ਇਜ਼ਰਾਈਲੀ ਮੰਤਰੀ ਅਲੀ ਯਸ਼ਾਲ ਨੇ ਖੁੱਲ੍ਹੇਆਮ ਕਿਹਾ ਕਿ ਇਸ ਹਮਲੇ ਦਾ ਮਕਸਦ ਗਾਜ਼ਾ ਪੱਟੀ ਨੂੰ ''ਮੱਧਯੁੱਗ ਦੀ ਹਾਲਤ ਵਿੱਚ ਧੱਕਣਾ ਅਤੇ ਸੜਕਾਂ ਤੇ ਜਲ-ਸੋਮਿਆਂ ਸਮੇਤ ਇਸਦੇ ਆਧਾਰ ਤਾਣੇ-ਬਾਣੇ ਨੂੰ ਤਬਾਹ ਕਰਨਾ'' ਸੀ। ਚੇਤੇ ਰਹੇ ਕਿ ਇਜ਼ਰਾਈਲ ਦੇ ਉੱਪ-ਰੱਖਿਆ ਮੰਤਰੀ ਨੇ ਕਿਸੇ ਵੇਲੇ ਧਮਕੀ ਦਿੱਤੀ ਸੀ ਕਿ ਫਲਸਤੀਨੀਆਂ ਦਾ ''ਕਤਲੇਆਮ'' ਰਚਾਉਣਾ ਪਵੇਗਾ, ਇਸ ਤੋਂ ਬਾਅਦ ਹੀ ਇਜ਼ਰਾਈਲੀਆਂ ਦੇ ਦਿਲ ''ਅਗਲੇ 40 ਸਾਲ ਸ਼ਾਂਤ ਰਹਿਣਗੇ''। 
ਸੋ, ਨਾ ਬੋਲਬਾਣੀ ਪੱਖੋਂ, ਨਾ ਅਮਲਾਂ ਪੱਖੋਂ ਇਜ਼ਰਾਈਲੀ ਹਾਕਮਾਂ ਦਾ ਘਿਨਾਉਣਾ-ਪਣ ਗੁੱਝਾ ਹੈ। ਇਸਦੇ ਬਾਵਜੂਦ ਅਮਰੀਕੀ ਸਾਮਰਾਜੀਆਂ ਨੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਵਿੱਚ ਇਜ਼ਰਾਈਲ ਦੀ ਨਿਖੇਧੀ ਦਾ ਮਤਾ ਤੱਕ ਨਹੀਂ ਪਾਸ ਹੋਣ ਦਿੱਤਾ। ਭਾਰਤੀ ਹਾਕਮ ਵੀ ਦੋਹਾਂ ਧਿਰਾਂ ਨੂੰ ''ਸੰਜਮ ਤੋਂ ਕੰਮ ਲੈਣ'' ਦੀਆਂ ਨਸੀਹਤਾਂ ਤੱਕ ਸੀਮਤ ਰਹੇ ਹਨ। 
ਤਾਂ ਵੀ ਇਸ ਅੱਠ-ਰੋਜ਼ਾ ਹਮਲੇ ਦੌਰਾਨ ਇਜ਼ਰਾਈਲੀ ਹਾਕਮ ਆਪਣਾ ਇੱਛਤ ਮੰਤਵ ਹਾਸਲ ਕਰਨ ਵਿੱਚ ਨਾਕਾਮ ਰਹੇ ਹਨ। ਫਲਸਤੀਨੀਆਂ ਅਤੇ ਗਾਜ਼ਾ ਪੱਟੀ ਦੇ ਲੋਕਾਂ ਦਾ ਮਨੋਬਲ ਡੇਗਿਆ ਨਹੀਂ ਜਾ ਸਕਿਆ। ਕੁਝ ਟਿੱਪਣੀਕਾਰਾਂ ਨੇ ਤਾਂ ਇਸ ਹਮਲਾਵਰ ਕਾਰਵਾਈ ਨੂੰ ਇਜ਼ਰਾਈਲ ਦੀ ''ਹਾਰੀ ਹੋਈ ਬਾਜ਼ੀ'' ਕਰਾਰ ਦਿੱਤਾ ਹੈ। ਹਮਲੇ ਦੌਰਾਨ ਗਾਜ਼ਾ ਪੱਟੀ ਤੋਂ ਇਜ਼ਰਾਈਲ ਵੱਲ ਲਗਾਤਾਰ ਰਾਕਟ ਦਾਗ਼ਦੇ ਰਹਿਣ ਦੀ ਜ਼ੋਰਦਾਰ ਸੰਕੇਤਕ ਕਾਰਵਾਈ ਨੇ ਇਜ਼ਰਾਈਲ ਦੇ ਫੌਜੀ ਉੱਚ-ਅਫਸਰਾਂ ਨੂੰ ਹੈਰਾਨ-ਪ੍ਰੇਸ਼ਾਨ ਕਰੀ ਰੱਖਿਆ ਹੈ। ਇਜ਼ਰਾਈਲ ਦੇ ਅਧਿਕਾਰੀਆਂ ਅਨੁਸਾਰ ਜੰਗਬੰਦੀ ਤੋਂ ਪਹਿਲਾਂ ਦੇ ਅੱਠ ਦਿਨਾਂ ਵਿੱਚ ਗਾਜ਼ਾ ਪੱਟੀ ਤੋਂ 760 ਰਾਕਟ ਦਾਗ਼ੇ ਗਏ।
ਫੌਰੀ ਇੱਛਤ ਸਿੱਟੇ ਹਾਸਲ ਹੁੰਦੇ ਨਾ ਦੇਖ ਕੇ ਇਜ਼ਰਾਈਲੀਆਂ ਨੂੰ ਖੁਦ ਮਿਸਰ ਰਾਹੀਂ ''ਸ਼ਾਂਤੀ ਵਾਰਤਾਲਾਪ'' ਚਲਾਉਣ ਦੇ ਪੈਂਤੜੇ 'ਤੇ ਆਉਣਾ ਪਿਆ। ਜੰਗ-ਬੰਦੀ ਲਿਖਤ ਵਿੱਚ ਇਜ਼ਰਾਈਲੀਆਂ ਨੂੰ ਇਹ ਪਹਿਰਾ ਦਰਜ ਕਰਨ ਲਈ ਮਜਬੂਰ ਹੋਣਾ ਪਿਆ ਹੈ ਕਿ ਉਹ ''ਲਾਂਘੇ ਖੋਲ੍ਹਣਗੇ, ਲੋਕਾਂ ਅਤੇ ਵਸਤਾਂ ਦੀ ਆਵਾਜਾਈ ਵਿੱਚ ਰੁਕਾਵਟ ਨਹੀਂ ਪਾਉਣਗੇ, ਬਸ਼ਿੰਦਿਆਂ ਦੇ ਆਜ਼ਾਦ ਤੋਰੇ-ਫੇਰੇ ਨੂੰ ਸੀਮਤ ਨਹੀਂ ਕਰਨਗੇ ਅਤੇ ਬਾਰਡਰ ਖੇਤਰ ਦੇ ਬਸ਼ਿੰਦਿਆਂ ਨੂੰ ਮਿਜ਼ਾਈਲ ਹਮਲਿਆਂ ਦਾ ਨਿਸ਼ਾਨਾ ਨਹੀਂ ਬਣਾਉਣਗੇ।'' ਚੇਤੇ ਰਹੇ ਕਿ ਇਜ਼ਰਾਈਲੀਆਂ ਵੱਲੋਂ ਵਾਰ ਵਾਰ ਮਿਜ਼ਾਈਲ ਹਮਲਿਆਂ ਰਾਹੀਂ ਗਾਜ਼ਾ ਪੱਟੀ ਵਿੱਚ ਫਲਸਤੀਨ ਦੇ ਸਿਆਸੀ ਅਤੇ ਫੌਜੀ ਆਗੂਆਂ ਦੇ ਕਤਲ ਕੀਤੇ ਜਾਂਦੇ ਰਹੇ ਹਨ। ਤਾਜ਼ਾ ਹਮਲੇ ਦੌਰਾਨ ਵੀ ਫਲਸਤੀਨੀ ਜਥੇਬੰਦੀ ਹਮਸ ਦੇ ਲੀਡਰ ਜਾਬਰੀ ਨੂੰ ਮਿਜ਼ਾਈਲ ਹਮਲੇ ਰਾਹੀਂ ਕਤਲ ਕੀਤਾ ਗਿਆ ਹੈ। 
ਜੰਗ-ਬੰਦੀ ਲਿਖਤ 'ਤੇ ਦਸਖਤ ਹੋਣ ਪਿੱਛੋਂ ਗਾਜ਼ਾ ਪੱਟੀ ਦੇ ਲੋਕ ਉੱਚੇ ਮਨੋਬਲ ਨਾਲ ਜਸ਼ਨੀ ਮੂਡ 'ਚ ਸੜਕਾਂ 'ਤੇ ਆਏ। ਦੂਜੇ ਪਾਸੇ ਇਜ਼ਰਾਈਲ ਦੇ ਹਾਕਮਾਂ ਨੂੰ ਆਪੋਜੀਸ਼ਨ ਪਾਰਟੀਆਂ ਦੀ ਆਲੋਚਨਾ ਝੱਲਣੀ ਪਈ ਹੈ। ਵਿਰੋਧੀ ਪਾਰਟੀ ਕਾਦਮਾ ਦੇ ਲੀਡਰਾਂ ਨੇ ਨਿਰਾਸ਼ਾ ਪ੍ਰਗਟ ਕੀਤੀ ਹੈ, ''ਇਜ਼ਰਾਈਲੀ ਨਾਗਰਿਕ ਕੁਝ ਹੋਰ ਚਾਹੁੰਦੇ ਸਨ, ਉਹ ਚਾਹੁੰਦੇ ਸਨ ਕਿ ਇਜ਼ਰਾਈਲੀ ਫੌਜ ਵੱਲੋਂ ਹਮਸ 'ਤੇ ਸਮਝੌਤਾ ਥੋਪਿਆ ਜਾਵੇ।'' 
ਇਸ ਘਟਨਾਕਰਮ ਦੌਰਾਨ ਇੱਕ ਬਹੁਤ ਹੀ ਦਿਲਟੁੰਬਵੀਂ ਘਟਨਾ ਇਹ ਵਾਪਰੀ ਹੈ ਕਿ ਗਾਜ਼ਾ ਪੱਟੀ ਦੇ ਲੋਕਾਂ ਨਾਲ ਇੱਕਮੁੱਠਤਾ ਪ੍ਰਗਟ ਕਰਨ ਲਈ ਮਿਸਰ 'ਚੋਂ ਸੈਂਕੜੇ ਲੋਕਾਂ ਦਾ ਕਾਫ਼ਲਾ ਗਾਜ਼ਾ ਪੱਟੀ ਵਿੱਚ ਦਾਖਲ ਹੋਇਆ ਅਤੇ ਉਹਨਾਂ ਨੇ ਵਰ੍ਹਦਿਆਂ ਬੰਬਾਂ ਦਰਮਿਆਨ ਫਲਸਤੀਨੀਆਂ ਨਾਲ ਰਾਤ ਗੁਜ਼ਾਰੀ।  ਇਸ ਕਾਫਲੇ ਦੇ ਆਗੂਆਂ ਵੱਲੋਂ ਗਾਜ਼ਾਪੱਟੀ ਦੇ ਲੋਕਾਂ ਦਾ ਧੰਨਵਾਦ ਕਰਦੀਆਂ ਤਕਰੀਰਾਂ ਕੀਤੀਆਂ ਗਈਆਂ ਅਤੇ ਕਿਹਾ ਗਿਆ ਕਿ ਉਹਨਾਂ ਦੀ ਪ੍ਰੇਰਨਾ ਨੇ ਮਿਸਰ ਦੇ ਲੋਕਾਂ ਨੂੰ ਇੱਕਮੁੱਠ ਕਰ ਦਿੱਤਾ ਹੈ। ਮਿਸਰ ਸਮੇਤ ਕਈ ਅਰਬ ਸਰਕਾਰਾਂ ਦੇ ਨੁਮਾਇੰਦਿਆਂ ਦਾ ਮੌਜੂਦਾ ਹਮਲੇ ਦੌਰਾਨ ਅਤੇ ਇਸ ਤੋਂ ਪਿੱਛੋਂ ਗਾਜ਼ਾ ਪੱਟੀ ਜਾਣਾ ਅਰਬ ਮੁਲਕਾਂ ਵਿੱਚ ਫਲਸਤੀਨੀਆਂ ਨਾਲ ਹਮਦਰਦੀ ਦੀ ਤਾਜ਼ਾ ਅਤੇ ਵਧੇਰੇ ਤਾਕਤਵਰ ਲਹਿਰ ਦਾ ਹੀ ਸੰਕੇਤ ਹੈ। ਅਰਬ ਮੁਲਕਾਂ ਦੇ ਲੋਕਾਂ ਵਿੱਚ ਇਜ਼ਰਾਈਲੀ-ਅਮਰੀਕੀ ਗੱਠਜੋੜ ਖਿਲਾਫ ਨਫ਼ਰਤ ਸਿਰੇ ਪਹੁੰਚੀ ਹੋਈ ਹੈ। ਅਰਬ ਜਗਤ ਵਿੱਚ ਜਾਰੀ ਰਹਿ ਰਹੀ ਰੋਹ ਅਤੇ ਰੋਸ ਦੀ ਇਸ ਲਹਿਰ ਦੌਰਾਨ ਹਕੂਮਤੀ ਤਬਦੀਲੀਆਂ ਹੋਈਆਂ ਹਨ। ਚਾਹੇ ਇਹ ਬੁਨਿਆਦੀ ਤਬਦੀਲੀਆਂ ਨਹੀਂ ਹਨ, ਪਰ ਹਕੂਮਤਾਂ 'ਤੇ ਅਰਬ ਜਨਤਾ ਦਾ ਤਕੜਾ ਦਬਾਅ ਆਪਣਾ ਰੰਗ ਵਿਖਾ ਰਿਹਾ ਹੈ। ਇਜ਼ਰਾਈਲੀ ਅਮਰੀਕੀ ਗੱਠਜੋੜ ਪਹਿਲਾਂ ਨਾਲੋਂ  ਕਿਤੇ ਵੱਧ ਨਿਖੇੜੇ ਦੀ ਹਾਲਤ ਵਿੱਚ ਹੈ। ਇਸ ਸਥਿਤੀ ਦਾ ਅਸਰ ਅਮਰੀਕਾ ਦੀ ਜਨਤਾ 'ਤੇ ਵੀ ਪੈ ਰਿਹਾ ਹੈ। ਅਮਰੀਕੀ ਹਾਕਮਾਂ ਦੀ ਨੀਤੀ ਖਿਲਾਫ ਅਤੇ ਇਜ਼ਰਾਈਲੀ ਹਾਕਮਾਂ ਦੀ ਨੀਤ ਖਿਲਾਫ ਅਮਰੀਕਾ ਦੇ ਅੰਦਰੋਂ ਆਵਾਜ਼ਾਂ ਉੱਠ ਰਹੀਆਂ ਹਨ। ਸੀ.ਆਈ.ਏ. ਦੇ ਸਾਬਕਾ ਮੁਖੀ ਡੇਵਿਡ ਪੈਟਰਿਸ ਨੇ ਕੁਝ ਅਰਸਾ ਪਹਿਲਾਂ ਟਿੱਪਣੀ ਕੀਤੀ ਸੀ, ''ਇਜ਼ਰਾਈਲ ਦੀ ਅਮਰੀਕਾ ਵੱਲੋਂ ਤਰਫਦਾਰੀ ਦਾ ਪ੍ਰਭਾਵ ਬਣਿਆ ਹੋਣ ਕਰਕੇ ਇਹ ਝਗੜਾ ਅਮਰੀਕਾ ਵਿਰੋਧੀ ਜਜ਼ਬਾਤਾਂ ਨੂੰ ਤਿੱਖੇ ਕਰ ਰਿਹਾ ਹੈ। ਫਲਸਤੀਨ ਦੇ ਸਵਾਲ 'ਤੇ ਅਰਬ ਰੋਹ ਇੱਥੋਂ ਦੀਆਂ ਸਰਕਾਰਾਂ ਨਾਲ ਅਤੇ ਲੋਕਾਂ ਨਾਲ ਅਮਰੀਕੀ ਭਾਈਵਾਲੀ ਦੀ ਸ਼ਕਤੀ ਅਤੇ ਗਹਿਰਾਈ ਨੂੰ ਛਾਂਗ ਰਿਹਾ ਹੈ।''
ਮੌਜੂਦਾ ਇਜ਼ਰਾਈਲੀ ਹਮਲੇ ਨੇ ਇਸ ਅਮਲ ਨੂੰ ਹੋਰ ਤੇਜ਼ ਕਰਨ ਦਾ ਰੋਲ ਨਿਭਾਇਆ ਹੈ। ਇਸ ਦੇ ਬਾਵਜੂਦ ਅਮਰੀਕੀ-ਇਜ਼ਰਾਈਲੀ ਹਾਕਮਾਂ ਦਾ ਚਰਿੱਤਰ ਤਬਦੀਲ ਨਹੀਂ ਹੋਇਆ। ਫਲਸਤੀਨੀ ਲੋਕਾਂ ਦੇ ਦੁਖੜੇ ਖਤਮ ਨਹੀਂ ਹੋਏ। ਨਿਹੱਕਾ ਦਾਬਾ ਅਤੇ ਹੱਕੀ ਜੰਗ ਜਾਰੀ ਹੈ, ਜੋ ਸੰਸਾਰ ਭਰ ਦੇ ਇਨਸਾਫਪਸੰਦ ਲੋਕਾਂ ਦੀ ਡਟਵੀਂ ਹਮਾਇਤ ਦੀ ਮੰਗ ਕਰਦੀ ਹੈ। 

No comments:

Post a Comment