ਸੁਰਖ਼ ਰੇਖਾ, ਮਾਰਚ-ਅਪ੍ਰੈਲ, 2012
ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਦੂਜੀ ਬਰਸੀ 'ਤੇ
ਨਵੀਆਂ ਚੁਣੌਤੀਆਂ ਕਬੂਲ ਕਰਨ ਦਾ ਹੋਕਾ
—ਪੱਤਰਪ੍ਰੇਰਕ
20 ਫਰਵਰੀ 2012 ਨੂੰ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਦੂਜੀ ਬਰਸੀ ਮੌਕੇ ਵਿਸ਼ਾਲ ਸ਼ਰਧਾਂਜਲੀ ਸਮਾਗਮ ਜਥੇਬੰਦ ਕੀਤਾ ਗਿਆ। ਇਸ ਵਾਰ ਸ਼ਰਧਾਂਜਲੀ ਸਮਾਗਮ ਦਾ ਇਹ ਸੱਦਾ ਨਿਰੋਲ ਰੂਪ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਹੀ ਦਿੱਤਾ ਗਿਆ ਸੀ, ਜਿਸ ਅੰਦਰ ਇੱਕ ਹੱਦ ਤੱਕ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਵੀ ਸਹਿਯੋਗ ਦਿੱਤਾ। ਸਮਾਗਮ ਦੀ ਤਿਆਰੀ ਲਈ ਯੂਨੀਅਨ ਦੇ ਪ੍ਰਭਾਵ ਵਾਲੇ ਮਾਲਵੇ ਅਤੇ ਮਾਝੇ ਦੇ 11 ਜ਼ਿਲ੍ਹਿਆਂ ਅੰਦਰ ਵਿਆਪਕ ਪ੍ਰਚਾਰ ਮੁਹਿੰਮ ਵਿੱਢੀ ਗਈ, ਜੀਹਦੇ ਅੰਦਰ ਪਿੰਡ ਪਿੰਡ ਰੈਲੀਆਂ-ਮੀਟਿੰਗਾਂ ਦਾ ਸਿਲਸਿਲਾ ਚਲਾਇਆ ਗਿਆ। ਮੋਗੇ ਜ਼ਿਲ੍ਹੇ ਅੰਦਰ 42 ਪਿੰਡਾਂ ਅੰਦਰ ਨੁੱਕੜ ਨਾਟਕਾਂ ਅਤੇ ਰੈਲੀਆਂ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ। ਤਖਤੂਪੁਰਾ ਵਿੱਚ. ਇਸ ਤੋਂ ਬਿਨਾ ਪਿੰਡ ਦੇ ਵੱਖ ਵੱਖ ਹਿੱਸਿਆਂ ਤੇ ਤਬਕਿਆਂ ਅੰਦਰ (ਮਜ਼ਦੂਰ ਵਿਹੜਿਆਂ, ਔਰਤਾਂ, ਨੌਜੁਆਨਾਂ ਤੇ ਕਿਸਾਨਾਂ ਅੰਦਰ) ਵੱਖੋ ਵੱਖਰੀਆਂ ਮੀਟਿੰਗਾਂ ਕਰਵਾਈਆਂ ਗਈਆਂ ਤੇ ਪਿੰਡ ਵਿੱਚ ਘਰ ਘਰ ਜਾ ਕੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਹੋਕਾ ਦੇਣ ਦੇ ਨਾਲ ਨਾਲ ਰਾਸ਼ਨ ਇਕੱਠਾ ਕਰਨ ਦੀ ਮੁਹਿੰਮ ਵੀ ਚਲਾਈ ਗਈ। ਸਿੱਟੇ ਵਜੋਂ 20 ਫਰਵਰੀ ਨੂੰ ਸ਼ਹੀਦ ਸਾਧੂ ਸਿੰਘ ਦੇ ਜੱਦੀ ਪਿੰਡ ਤਖਤੂਪੁਰਾ ਦੀ ਦਾਣਾ ਮੰਡੀ ਵਿਖੇ ਵਿਸ਼ਾਲ ਜਨਤਕ ਇਕੱਠ ਹੋਇਆ, ਜਿਸ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹੋਈਆਂ। ਨੌਜੁਆਨਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵੱਡੀ ਸੀ। ਆਪਣੇ ਵਿਸ਼ੇਸ਼ ਜਥੇਬੰਦਕ ਰੁਝੇਵਿਆਂ ਦੇ ਬਾਵਜੂਦ ਖੇਤ ਮਜ਼ਦੂਰਾਂ ਦੀ ਗਿਣਤੀ ਵੀ ਤਕੜੀ ਸੀ। ਉੱਭਰ ਰਹੀ ਇਨਕਲਾਬੀ ਨੌਜੁਆਨ ਜਥੇਬੰਦੀ ''ਨੌਜੁਆਨ ਭਾਰਤ ਸਭਾ'' ਦੇ (100 ਦੇ ਲੱਗਭੱਗ) ਜੱਥੇ ਨੇ ਵਾਲੰਟੀਅਰਾਂ ਵਜੋਂ ਤੇ ਬਾਕੀ ਪ੍ਰਬੰਧਾਂ ਦੀਆਂ ਜੁੰਮੇਵਾਰੀਆਂ ਸਾਂਭੀਆਂ ਹੋਈਆਂ ਸਨ। ਲੰਗਰ, ਸਪੀਕਰ ਤੇ ਸ਼ਾਮਿਆਨੇ ਆਦਿ ਪੱਖੋਂ ਸਭ ਪ੍ਰਬੰਧ ਟਿਚਨ ਸਨ। ਲੋਕਾਂ ਵੱਲੋਂ ਨਾਹਰਿਆਂ ਨੂੰ ਜੋਸ਼ ਤੇ ਉਤਸ਼ਾਹ ਨਾਲ ਹੁੰਗਾਰੇ ਤੇ ਬੁਲਾਰਿਆਂ ਨੂੰ ਟਿਕਟਿਕੀ ਲਾ ਕੇ ਸੁਣਨ ਪੱਖੋਂ ਹਾਲਤ ਪਹਿਲਾਂ ਨਾਲੋਂ ਵੀ ਬੇਹਤਰ ਸੀ, ਜਿਹੜੀ ਇਸ ਗੱਲ ਦਾ ਸੰਕੇਤ ਸੀ ਕਿ ਕਿਸਾਨ ਲਹਿਰ ਦੀਆਂ ਸਫਾਂ ਅੰਦਰ ਇੱਕ ਪੱਧਰ ਤੱਕ ਦੀ ਸੰਘਰਸ਼ ਚੇਤਨਾ ਤੇ ਜਮਾਤੀ ਚੇਤਨਾ ਦਾ ਪਸਾਰਾ ਹੋ ਰਿਹਾ ਹੈ। ਨਾ ਸਿਰਫ ਉਹਨਾਂ ਦੀ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਉਹਨਾਂ ਵੱਲੋਂ ਸਿਆਸੀ ਗੱਲ ਸੁਣਨ-ਸਮਝਣ ਵਿੱਚ ਦਿਲਚਸਪੀ ਵਧਾ ਰਹੀਆਂ ਹਨ, ਸਗੋਂ ਉਹਨਾਂ ਅੰਦਰ ਆਪਣੇ ਮੁੱਦੇ ਮਸਲਿਆਂ ਦਾ ਜਮਹੁਰੀ ਮੁੱਦਿਆਂ/ਮਸਲਿਆਂ ਨਾਲ ਸਬੰਧ ਦਾ ਤੇ ਉਹਨਾਂ ਦੇ ਆਪਣੇ ਮੁੱਦਿਆਂ 'ਤੇ ਲੜਾਈ ਦਾ, ਆਗੂਆਂ ਤੇ ਲਹਿਰ ਦੀ ਰਾਖੀ ਦੀ ਲੜਾਈ ਨਾਲ ਸਬੰਧ ਦਾ ਬੋਧ ਵਧ ਰਿਹਾ ਹੈ।
ਸਮਾਗਮ ਦਾ ਸਭ ਤੋਂ ਉੱਭਰਵਾਂ ਪਹਿਲੂ ਸਮਾਗਮ ਦਾ ਸੁਨੇਹਾ ਸੀ, ਜੋ ਕਿ ਨਾ ਸਿਰਫ ਸਮਾਗਮ ਦੀ ਸਟੇਜ ਤੋਂ ਸਪਸ਼ਟ ਨਿੱਤਰਵੇਂ ਸ਼ਬਦਾਂ ਵਿੱਚ ਐਲਾਨਿਆ ਗਿਆ, ਸਗੋਂ 15 ਦਿਨ ਚੱਲੀ ਮੁਹਿੰਮ ਦੌਰਾਨ ਪਿੰਡ ਪਿੰਡ ਘਰ ਘਰ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਸਮਾਗਮ ਦੇ ਪ੍ਰਬੰਧਕਾਂ ਨੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਹੀ ਸਾਫ ਕਰ ਦਿੱਤਾ ਸੀ ਕਿ ਸੰਘਰਸ਼ਸ਼ੀਲ ਜਥੇਬੰਦੀ ਵਜੋਂ ਸਾਡੇ ਲਈ ਸ਼ਰਧਾਂਜਲੀ ਸਮਾਗਮ ਕੋਈ ਰਸਮ ਪੂਰਤੀ ਨਹੀਂ ਹੁੰਦੀ, ਸਗੋਂ ਸ਼ਹੀਦਾਂ ਤੋਂ ਪ੍ਰੇਰਨਾ ਲੈਣ ਤੇ ਉਹਨਾਂ ਦੇ ਰਾਹ 'ਤੇ ਅੱਗੇ ਤੁਰਨ ਲਈ ਸਾਹਮਣੇ ਆ ਰਹੀਆਂ ਚੁਣੌਤੀਆਂ ਨਾਲ ਮੱਥਾ ਲਾਉਣ ਦਾ ਅਹਿਦ ਕਰਨਾ ਤੇ ਇਹਨਾਂ ਲਈ ਤਿਆਰ ਹੋਣਾ ਹੁੰਦਾ ਹੈ। ਸਟੇਜ 'ਤੇ ਵੱਖ ਵੱਖ ਜਥੇਬੰਦੀਆਂ ਦੇ ਵੱਖ ਵੱਖ ਬੁਲਾਰੇ ਬੋਲੇ, ਜਿਹਨਾਂ ਨੇ ਵੱਖੋ ਵੱਖਰੇ ਮੁੱਦੇ ਤੇ ਪੱਖ ਛੋਹੇ ਪਰ ਸਾਰਿਆਂ ਦਾ ਸੁਨੇਹਾ ਇੱਕੋ ਸੀ, ਸਾਡੇ ਵੱਲੋਂ ਸ਼ਹੀਦ ਸਾਧੂ ਸਿੰਘ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਅਰਥ ਅੱਜ ਕੀ ਬਣਦਾ ਹੈ।
ਸ਼ਹੀਦ ਸਾਧੂ ਸਿੰਘ ਦੀ ਸ਼ਹਾਦਤ ਮੌਕੇ ਦੇ ਹਾਲਾਤ ਨੂੰ ਚਿਤਾਰਦਿਆਂ, ਬੀ.ਕੇ.ਯੂ. (ਏਕਤਾ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਾਧੂ ਸਿੰਘ ਦੀ ਸ਼ਹਾਦਤ ਇੱਕ ਸੋਚੀ ਸਮਝੀ ਸਾਜਿਸ਼ ਅਧੀਨ ਕੀਤਾ ਗਿਆ ਸਿਆਸੀ ਕਤਲ ਹੈ, ਜਿਸਦਾ ਕਾਰਨ ਇਹ ਹੈ ਕਿ ਕਰਜ਼ੇ, ਕੁਰਕੀਆਂ, ਖੁਦਕੁਸ਼ੀਆਂ ਤੇ ਕਰਜ਼ੇ ਬਦਲੇ ਗ੍ਰਿਫਤਾਰੀਆਂ ਦੇ ਮਸਲੇ 'ਤੇ, ਜ਼ਮੀਨਾਂ ਦੀ ਰਾਖੀ ਤੇ ਆਬਾਦਕਾਰ ਕਿਸਾਨਾਂ ਦੇ ਹੱਕਾਂ ਦੇ ਮਾਮਲੇ 'ਤੇ, ਅਖੌਤੀ ਨਵੀਆਂ ਆਰਥਿਕ ਨੀਤੀਆਂ ਤੇ ਨਿੱਜੀਕਰਨ ਦੇ ਮਾਮਲੇ 'ਤੇ ਅਤੇ ਮਿਹਨਤਕਸ਼ ਲੋਕਾਂ ਨੂੰ ਜੁਝਾਰ ਸੰਘਰਸ਼ਾਂ ਦੀ ਜਾਗ ਲਾਉਣ ਦੇ ਮਸਲੇ 'ਤੇ ਸਾਡੀ ਜਥੇਬੰਦੀ ਦਾ ਰੋਲ ਅਤੇ ਇਸਦੇ ਉਭਰਵੇਂ ਆਗੁ ਵਜੋਂ ਸਾਧੂ ਸਿੰਘ ਦਾ ਰੋਲ ਮੌਕੇ ਦੇ ਹਾਕਮਾਂ ਦੀਆਂ ਅੱਖਾਂ ਵਿੱਚ ਰੋੜ ਵਾਂਗ ਰੜਕਦਾ ਸੀ। ਸਾਧੂ ਸਿੰਘ ਨੂੰ ਸ਼ਹੀਦ ਕਰਕੇ ਉਹ ਸਾਨੂੰ ਦਹਿਲਾਉਣ ਤੇ ਕੁਚਲਣ ਖਿੰਡਾਉਣ ਦਾ ਭਰਮ ਪਾਲਦੇ ਸਨ- ਪਰ ਅਸੀਂ ਨਾ ਦਹਿਲੇ ਹਾਂ, ਨਾ ਬਿਖਰੇ ਹਾਂ ਤੇ ਨਾ ਹੀ ਭੜਕੇ ਹਾਂ। ਅਸੀਂ ਅਡੋਲ ਚਿੱਤ ਹੱਕੀ ਲੜਾਈ ਜਾਰੀ ਰੱਖ ਰਹੇ ਹਾਂ। ਜਿਹੜੀ ਜੰਗ ਵਿੱਚ ਸਾਧੂ ਸਿੰਘ ਸ਼ਹੀਦ ਹੋਇਆ, ਉਹ ਮੁੱਕੀ ਨਹੀਂ, ਸਗੋਂ ਉਹਦੇ ਮੁੱਕਣ ਪਿੱਛੋਂ ਹੋਰ ਕਰੜੀ ਹੋਈ ਹੈ। ਹਕੂਮਤ ਨੇ ਜਬਰ ਦਾ ਕੁਹਾੜਾ ਹੋਰ ਤੇਜ ਕੀਤਾ ਹੈ, ਸਾਡੇ ਸੰਘਰਸ਼ ਕਰਨ ਦੇ ਹੱਕ ਨੂੰ ਦਰੜਨਾ ਚਾਹਿਆ ਤੇ ਸਾਡੇ ਘੋਲਾਂ ਨੂੰ ਜਬਰ ਨਾਲ ਕੁਚਲਣਾ ਚਾਹਿਆ ਹੈ। ਇਸਦੇ ਜੁਆਬ ਵਿੱਚ ਲੋਕ ਟਾਕਰਾ ਤੇਜ ਹੋਇਐ, ਏਕਤਾ ਵਧੀ ਹੈ। ਅਸੀਂ 17 ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਲੜ ਕੇ ਕਾਲੇ ਕਾਨੂੰਨ ਵਾਪਸ ਕਰਵਾਏ ਹਨ, ਗੋਬਿੰਦਪੁਰਾ ਵਿਖੇ ਕਿਸਾਨਾਂ ਦੀਆਂ ਜ਼ਮੀਨਾਂ ਵਾਪਸ ਕਰਵਾਈਆਂ ਹਨ ਤੇ ਖੇਤ ਮਜ਼ਦੂਰਾਂ ਦੀ 200 ਯੂਨਿਟ ਬਿਜਲੀ ਮਾਫੀ ਦੀ ਬਹਾਲੀ ਕਰਵਾਈ ਹੈ। ਅਸੀਂ ਜਾਬਰ ਹਾਕਮਾਂ ਦੇ ਹਮਲਿਆਂ ਨਾਲ ਨਾ ਕਦੇ ਅੱਗੇ ਕੁਚਲੇ ਗਏ ਹਾਂ, ਨਾ ਕੁਚਲੇ ਜਾਣਾ ਹੈ। ਆਉਣ ਵਾਲੇ ਸਮੇਂ ਵਿੱਚ ਚੁਣੌਤੀਆਂ ਹੋਰ ਕਰੜੀਆਂ ਹੋ ਰਹੀਆਂ ਹਨ। ਸਾਨੂੰ ਸਾਧੂ ਸਿੰਘ ਦੀ ਸਮਰਪਤ ਭਾਵਨਾ ਤੇ ਕੁਰਬਾਨੀ ਦੀ ਭਾਵਨਾ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਾ ਚਾਹੀਦਾ ਹੈ। ਮਾਹੌਲ ਉਦੋਂ ਜਜ਼ਬਾਤੀ ਹੋ ਗਿਆ ਜਦੋਂ ਪ੍ਰਧਾਨ ਨੇ ਕਿਹਾ ਅਸੀਂ ਭਾਗਾਂਵਾਲੇ ਹੋਵਾਂਗੇ ਜੇ ਅਸੀਂ ਸਾਧੂ ਸਿੰਘ ਵਾਲੇ ਰਾਹ ਚੱਲ ਸਕੀਏ ਤੇ ਲੋਕ ਹਿੱਤਾਂ ਲਈ ਕੁਰਬਾਨ ਹੋ ਜਾਈਏ।
ਉੱਭਰ ਰਹੀ ਇਨਕਲਾਬੀ ਨੌਜੁਆਨ ਜਥੇਬੰਦੀ ''ਨੌਜੁਆਨ ਭਾਰਤ ਸਭਾ'' ਦੇ ਪ੍ਰਧਾਨ ਪਵੇਲ ਕੁੱਸਾ ਨੇ ਕਿਹਾ ਕਿ ਬਿਨਾ ਸ਼ੱਕ ਸਾਧੂ ਸਿੰਘ ਉੱਘਾ ਕਿਸਾਨ ਸ਼ਹੀਦ ਹੈ, ਪਰ ਉਹਦੀ ਸ਼ਹਾਦਤ ਦਾ ਮਕਸਦ ਤੇ ਅਰਥ ਇੱਥੋਂ ਤੱਕ ਸੀਮਤ ਨਹੀਂ ਹਨ। ਉਹਦਾ ਜਨਤਕ ਸਿਆਸੀ ਜੀਵਨ ਭਗਤ ਸਿੰਘ ਦੇ ਵਿਚਾਰਾਂ 'ਤੇ ਉੱਸਰੀ ਨੌਜੁਆਨ ਭਾਰਤ ਸਭਾ ਵਿੱਚ ਦਾਖਲੇ ਨਾਲ ਹੋਇਆ, ਜੀਹਦੇ ਸਿੱਟੇ ਵਜੋਂ ਉਹ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਉਹਦੇ ਸੁਪਨਿਆਂ ਦਾ ਸਮਾਜ ਤੇ ਰਾਜ ਲਿਆਉਣ ਦੇ ਮਕਸਦ ਨੂੰ ਪ੍ਰਣਾਇਆ ਗਿਆ। ਉਮਰ ਭਰ ਉਸ ਨੇ ਜਿਹੜੇ ਵੀ ਮੋਰਚੇ 'ਤੇ ਜੋ ਵੀ ਰੋਲ ਨਿਭਾਇਆ, ਉਹ ਸਾਹਿਤਕਾਰ ਵਜੋਂ ਹੋਵੇ ਜਾਂ ਟਰੇਡ ਯੂਨਾਅਨ ਆਗੂ ਵਜੋਂ, ਉਹਦੇ ਇਨਕਲਾਬੀ ਵਿਚਾਰਾਂ ਦੀ ਅਤੇ ਇਨਕਲਾਬੀ ਮਕਸਦ ਦੀ ਛਾਪ ਹਮੇਸ਼ਾਂ ਨਾਲ ਰਹੀ ਹੈ। ਉਮਰ ਦੇ ਆਖਰੀ ਵਰ੍ਹਿਆਂ ਵਿੱਚ ਉਹਦੇ ਵੱਲੋਂ ਕਿਸਾਨ ਮੁਹਾਜ਼ 'ਤੇ ਆਪਣੀਆਂ ਸਾਰੀਆਂ ਸ਼ਕਤੀਆਂ ਲਾਉਣ ਦਾ ਫੈਸਲਾ ਵੀ ਉਹਦੀ ਚੇਤਨ ਚੋਣ ਸੀ, ਕਿਉਂਕਿ ਉਹਨੂੰ ਲੱਗਦਾ ਸੀ ਕਿ ਇਸ ਮੁਹਾਜ਼ ਨੇ ਹੀ ਲੋਕਾਂ ਦੀ ਸਮੁੱਚੀ ਇਨਕਲਾਬੀ ਸਰਗਰਮੀ ਦੀ ਕੰਗਰੋੜ ਬਣਨਾ ਹੈ। ਉਸਨੇ ਕਿਹਾ, ਵਿਦਿਆ ਦੇ ਵਪਾਰੀਕਰਨ, ਬੇਰੁਜ਼ਗਾਰੀ, ਉਜਲੇ ਭਵਿੱਖ ਤੇ ਪੱਛਮੀ ਸਭਿਆਚਾਰ ਵਿਰੁੱਧ ਜੂਝ ਰਹੇ ਨੌਜੁਆਨਾਂ ਨੂੰ ਸਾਧੂ ਸਿੰਘ ਦੀ ਇਸ ਇਨਕਲਾਬੀ ਸਮਰਪਤ ਭਾਵਨਾ ਤੇ ਕੁਰਬਾਨੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਆਪਣੀ ਸਮੁੱਚੀ ਸ਼ਕਤੀ ਇਨਕਲਾਬੀ ਲੋਕ ਲਹਿਰਾਂ ਦੇ ਲੇਖੇ ਲਾਉਣੀ ਚਾਹੀਦੀ ਹੈ।
ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਭਾਵੇਂ ਸਾਧੂ ਸਿੰਘ ਮਾਲਕ ਕਿਸਾਨੀ ਵਿੱਚ ਜਨਮਿਆਂ ਤੇ ਮਾਲਕ ਕਿਸਾਨੀ ਦੀ ਜਥੇਬੰਦੀ ਵਿੱਚ ਜੂਝਦਾ ਸ਼ਹੀਦ ਹੋਇਆ ਪਰ ਇਨਕਲਾਬੀ ਸਾਹਿਤਕਾਰ ਵਜੋਂ ਤੇ ਸੁਹਿਰਦ ਮਨੁੱਖ ਵਜੋਂ ਉਹਦੇ ਅੰਦਰਲੀ ਹੂਕ ਦਲਿਤਾਂ ਲਈ ਸੀ, ਏਸੇ ਕਰਕੇ ਉਹ ਕਿਸਾਨ-ਮਜ਼ਦੂਰ ਸਾਂਝ ਦਾ ਵੱਡਾ ਮੁਦੱਈ ਸੀ। ਉਹਨਾਂ ਕਿਹਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਦੁੱਖ ਸੁੱਖ ਸਾਂਝੇ ਹਨ, ਮੰਗਾਂ ਸਾਂਝੀਆਂ ਹਨ, ਦੁਸ਼ਮਣ ਸਾਂਝੇ ਹਨ ਤੇ ਉਹਨਾਂ ਦੀ ਲੜਾਈ ਸਾਂਝੀ ਹੈ। ਜਨਤਕ ਸੰਘਰਸ਼ਾਂ ਦੌਰਾਨ ਇਸ ਸਾਂਝ ਨੂੰ ਹੋਰ ਪੱਕੀ ਕਰਨਾ, ਇਸਨੂੰ ਲੋਕ ਏਕਤਾ ਦੀ ਕੰਗਰੋੜ ਬਣਾਉਣਾ ਤੇ ਜਾਤਪਾਤ ਦੇ ਆਧਾਰ 'ਤੇ ਇਹਨਾਂ ਦੀ ਏਕਤਾ ਖਿੰਡਾਉਣ ਵਾਲੀਆਂ ਕਾਲੀਆਂ ਤਾਕਤਾਂ ਨੂੰ ਮਾਤ ਦੇਣ ਲਈ ਯਤਨ ਕਰਨਾ ਹੀ ਸਾਧੂ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ।
ਭਰਾਤਰੀ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਭਾਰਤੀ ਕਿਸਾਨ ਯੁਨੀਅਨ ਏਕਤਾ (ਕ੍ਰਾਂਤੀਕਾਰੀ), ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਬੁਲਾਰਿਆਂ ਨੇ ਭਾਵੇਂ ਵੱਖ ਵੱਖ ਮੁੱਦਿਆਂ 'ਤੇ ਆਪਣੇ ਵਿਚਾਰ ਰੱਖੇ ਪਰ ਸਭ ਦਾ ਸਾਂਝਾ ਸੁਨੇਹਾ ਇਹੋ ਸੀ ਕਿ ਚੱਲ ਰਹੀਆਂ ਚੋਣਾਂ ਵਿੱਚ ਕੋਈ ਜਿੱਤੇ ਕੋਈ ਹਾਰੇ, ਸਾਨੂੰ ਆਪਣੀ ਤਾਕਤ 'ਤੇ ਟੇਕ ਰੱਖ ਕੇ ਸਾਂਝੇ ਸੰਘਰਸ਼ਾਂ ਦੇ ਰਾਹ ਪੈਣਾ ਚਾਹੀਦਾ ਹੈ। ਲੋਕ-ਕਲਿਆਣ ਦਾ ਹੋਰ ਕੋਈ ਰਾਹ ਨਹੀਂ, ਅੱਜ ਦੀਆਂ ਹਾਲਤਾਂ ਵਿੱਚ ਇਉਂ ਕਰਨਾ ਹੀ ਸਾਧੂ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ।
ਨਵੇਂ ਹਾਲਾਤ ਅੰਦਰ ਉੱਭਰ ਰਹੀਆਂ ਨਵੀਆਂ ਚੁਣੌਤੀਆਂ ਦਾ ਵਰਨਣ ਕਰਦਿਆਂ ਬੀ.ਕੇ.ਯੂ. (ਏਕਤਾ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਹੁਣੇ ਚੱਲ ਕੇ ਹਟੀ ''ਪਗੜੀ ਸੰਭਾਲ ਕਾਨਫਰੰਸ'' ਦੀ ਮੁਹਿੰਮ ਦੌਰਾਨ ਅਸੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਕਲਿਆਣ ਦੇ ਬੁਨਿਆਦੀ ਮੁੱਦੇ (ਜ਼ਮੀਨ ਦੀ ਕਾਣੀ ਵੰਡ, ਕਰਜ਼ਾ, ਬੇਰੁਜ਼ਗਾਰੀ, ਨਿੱਜੀਕਰਨ ਤੇ ਵਿਆਪਕ ਜਨਤਕ ਵੰਡ ਪ੍ਰਣਾਲੀ ਨਾਲ ਸਬੰਧਤ) ਉਠਾਏ ਸਨ ਤੇ ਕਿਹਾ ਕਿ ਚੋਣਾਂ ਦੌਰਾਨ ਕੋਈ ਜਿੱਤੇ ਕੋਈ ਹਾਰੇ, ਇਹਨਾਂ ਮੁੱਦਿਆਂ 'ਤੇ ਸਾਡੀ ਕਿਸੇ ਨੇ ਨਹੀਂ ਸੁਣਨੀ, ਸਭ ਨੇ ਸਾਡੇ ਹਿੱਤਾਂ ਦੇ ਉਲਟ ਭੁਗਤਣਾ ਹੈ। ਇਸ ਲਈ ਇਹਨਾਂ ਮੁੱਦਿਆਂ 'ਤੇ ਸਾਨੂੰ ਖੁਦ ਲੜਨਾ ਪੈਣਾ ਹੈ, ਪਰ ਅਜੇ ਚੋਣਾਂ ਦਾ ਅਮਲ ਪੂਰਾ ਵੀ ਨਹੀਂ ਹੋਇਆ, ਹਾਕਮ ਪਾਰਟੀਆਂ ਨੇ ਆਪਣਾ ਰੰਗ ਦਿਖਾ ਦਿੱਤਾ ਹੈ- ਲੋਕਾਂ 'ਤੇ ਨਵੇਂ ਹਮਲੇ ਵਿੱਢ ਦਿੱਤੇ ਹਨ, ਨਵੀਂ ਜਲ-ਨੀਤੀ ਰਾਹੀਂ ਸਾਨੂੰ ਪਾਣੀ ਦੀ ਅਮੋਲ ਦਾਤ ਤੋਂ ਵਿਰਵੇਂ ਕੀਤਾ ਜਾ ਰਿਹੈ, ਬਿਜਲੀ ਬਿੱਲ, ਡੀਜ਼ਲ ਦੇ ਭਾਅ, ਖਾਦਾਂ ਦੇ ਭਾਅ ਚੁੱਕੇ ਜਾ ਰਹੇ ਹਨ, ਮੁਫਤ ਬਿਜਲੀ-ਪਾਣੀ ਦੀ ਸਹੂਲਤ ਖੋਹਣ, ਸਰਕਾਰੀ ਖਰੀਦ ਖਤਮ ਕਰਨ, ਕਿਸਾਨ ਕਰਜ਼ੇ ਕਿਸਾਨਾਂ ਦੀ ਥਾਂ ਕਿਸਾਨੀ ਕਿੱਤੇ ਨਾਲ ਜੁੜੀਆਂ ਸਨਅੱਤਾਂ ਦੇ ਮਾਲਕਾਂ ਨੂੰ ਦੇਣ ਦੀਆਂ ਸਕੀਮਾਂ ਬਣ ਰਹੀਆਂ ਹਨ। ਨਵੀਂ ਜ਼ਮੀਨ ਜਬਤੀ ਨੀਤੀ, ਨਵੀਂ ਬੀਜ ਨੀਤੀ, ਤੇ ਹੋਰ ਅਨੇਕਾਂ ਨਵੀਆਂ ਨੀਤੀਆਂ ਤੇ ਫੈਸਲਿਆਂ ਨਾਲ ਨਵੇਂ ਵੱਡੇ ਹਮਲੇ ਵਿੱਢੇ ਜਾ ਰਹੇ ਹਨ। ਇਹਨਾਂ ਵੱਡੀਆਂ ਚੁਣੌਤੀਆਂ ਨਾਲ ਮੱਥਾ ਲਾਉਣ ਲਈ ਤਿਆਰ ਹੋਣਾ ਹੀ ਸ਼ਹੀਦ ਸਾਧੂ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ।
ਆਉਣ ਵਾਲੇ ਸਮੇਂ ਦੀਆਂ ਕਰੜੀਆਂ ਚੁਣੌਤੀਆਂ ਨਾਲ ਮੱਥਾ ਲਾਉਣ ਲਈ ਜਥੇਬੰਦ ਹੋਣ ਅਤੇ ਮਾਨਸਿਕ ਪੱਖੋਂ ਤਿਆਰ ਹੋਣ ਦਾ ਸੱਦਾ ਦਿੰਦਿਆਂ ਬੀ.ਕੇ.ਯੂ. (ਏਕਤਾ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਇਹਨਾਂ ਕਰੜੀਆਂ ਚੁਣੌਤੀਆਂ ਨਾਲ ਮੱਥਾ ਲਾਉਣ ਲਈ ਤਿਆਰ ਹੋਣ ਖਾਤਰ ਸਾਨੂੰ ਸਭ ਤੋਂ ਪਹਿਲਾਂ ਲੁਟੇਰੇ ਹਿੱਤਾਂ ਦੀ ਨੁਮਾਇੰਦਗੀ ਕਰਦੀਆਂ ਹੁਕਮਰਾਨ ਪਾਰਟੀਆਂ ਤੋਂ ਭਲੇ ਦੀ ਝਾਕ ਲਾਹੁਣੀ ਪੈਣੀ ਹੈ। ਇਹ ਗੱਲ ਮਨੀਂ ਵਸਾਉਣੀ ਪੈਣੀ ਹੈ ਕਿ ਜਥੇਬੰਦ ਹੋ ਕੇ ਲੜੇ ਬਿਨਾ ਕਿਸੇ ਕੌਲ ਨਹੀਂ ਸਰਨਾ। ਇਹ ਲੜਾਈ ਲੋਕਾਂ ਦੀ ਆਪਣੀ ਤਾਕਤ 'ਤੇ ਟੇਕ ਰੱਖ ਕੇ ਲੜਨੀ ਪੈਣੀ ਹੈ। ਜਿੰਨੀ ਕੁ ਜਥੇਬੰਦ ਤਾਕਤ ਨਾਲ ਹੁਣ ਤੱਕ ਲੜੇ ਹਾਂ ਉਹਦੇ ਨਾਲ ਨਹੀਂ ਸਰਨਾ- ਵਿਆਪਕ ਲਾਮਬੰਦੀ ਦੀ ਲੋੜ ਹੈ, ਪਿੰਡਾਂ ਦੇ ਪਿੰਡ ਉਠਾਉਣੇ ਪੈਣੇ ਹਨ। ਲੋਕ ਆਬਾਦੀ ਦਾ ਅੱਧ ਬਣਦੀਆਂ ਔਰਤਾਂ ਨੂੰ ਸੰਘਰਸ਼ ਦੇ ਮੈਦਾਨ ਵਿੱਚ ਲਿਆਉਣਾ ਪੈਣਾ ਹੈ, ਨੌਜੁਆਨਾਂ ਦੀ ਲਾਂਘੇ ਭੰਨ ਸ਼ਕਤੀ ਨੂੰ ਜਥੇਬੰਦ ਕਰਨਾ ਅਤੇ ਲੋਕ ਸੰਘਰਸ਼ਾਂ ਦੇ ਲੇਖੇ ਲਾਉਣਾ ਪੈਣਾ ਹੈ, ਲੋਕਾਂ ਦੇ ਵੱਖ ਵੱਖ ਤਬਕਿਆਂ ਦੀ ਏਕਤਾ ਕਾਇਮ ਕਰਦਿਆਂ ਖੇਤ ਮਜ਼ਦੂਰ-ਕਿਸਾਨ ਏਕਤਾ ਨੂੰ ਇਹਦੀ ਆਧਾਰ ਕੜੀ ਬਣਾਉਣਾ ਪੈਣਾ ਹੈ ਤੇ ਸਭ ਤੋਂ ਵਧ ਕੇ ਇਹ, ਕਿ ਪੋਲੇ ਪਤਲੇ ਰੋਸ ਵਿਖਾਵਿਆਂ ਦੇ ਦਿਨ ਪੁੱਗ ਗਏ ਹਨ। ਜਿੱਡੇ ਵੱਡੇ ਹਮਲਿਆਂ 'ਤੇ ਹਾਕਮ ਉਤਾਰੂ ਹੋਏ ਹੋਏ ਹਨ, ਇਹਨਾਂ ਦੇ ਟਾਕਰੇ ਲਈ ਸੀਸ ਤਲੀ 'ਤੇ ਧਰ ਕੇ ਲੜਨਾ ਪੈਣਾ ਹੈ ਤੇ ਇਹਦੇ ਲਈ ਮਾਨਸਿਕ-ਜਥੇਬੰਦਕ ਦੋਵਾਂ ਪੱਖਾਂ ਤੋਂ ਤਿਆਰ ਹੋਣਾ ਪੈਣਾ ਹੈ। ਇਹੀ ਸਾਡੇ ਕਲਿਆਣ ਦਾ ਰਾਹ ਹੈ, ਇਹੀ ਸ਼ਹੀਦ ਸਾਧੂ ਸਿੰਘ ਦਾ ਰਾਹ ਹੈ ਤੇ ਇਸ ਰਾਹ ਚੱਲਣਾ ਹੀ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੈ।
ਅਸੀਂ ਜਿਉਂਦੇ, ਅਸੀਂ ਜਾਗਦੇ........
ਮਾਝੇ 'ਚ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਬਰਸੀ
ਇਸ ਵੇਰ ਮਾਝੇ ਦੇ ਦੋਨਾਂ ਜ਼ਿਲ੍ਹਿਆਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਅੰਦਰਲੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਜਥੇਬੰਦੀ ਨੇ ਆਪਣੇ ਪੱਧਰ 'ਤੇ ਵੱਖਰੇ ਰੂਪ ਵਿੱਚ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਦੂਜੀ ਬਰਸੀ 'ਤੇ ਸ਼ਰਧਾਂਜਲੀ ਸਮਾਗਮ ਕਰਨ ਦਾ ਫੈਸਲਾ ਕੀਤਾ ਤੇ 15 ਕੁ ਦਿਨਾਂ ਦੀ ਤਿਆਰੀ ਨਾਲ ਇਸ ਨੂੰ ਸਫਲਤਾਪੂਰਵਕ ਨੇਪਰੇ ਵੀ ਚਾੜ੍ਹ ਲਿਆ, ਜਿਹਦੇ ਵਿੱਚ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ 700 ਦੇ ਕਰੀਬ ਕਿਸਾਨਾਂ ਨੇ ਸ਼ਮੂਲੀਅਤ ਕੀਤੀ, ਜਿਹਨਾਂ ਵਿੱਚ 100 ਦੇ ਲੱਗਭੱਗ ਔਰਤਾਂ ਵੀ ਸਨ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਹ ਸਫਲਤਾ ਉਹਨਾਂ ਨੇ ਇਸ ਅਤਿ ਮੰਦਭਾਗੀ ਘਟਨਾ ਦੇ ਬਾਵਜੂਦ ਕੀਤੀ ਹੈ ਕਿ ਇਸ ਮੁਹਿੰਮ ਦੀ ਤਿਆਰੀ ਦੌਰਾਨ ਅਜਨਾਲਾ ਬਲਾਕ ਦਾ ਇੱਕ ਅਹਿਮ ਆਗੂ ਬਿਕਰਮ ਸਿੰਘ ਸੌੜੀਆਂ ਸੜਕ ਹਾਦਸੇ ਵਿੱਚ ਮਾਰਿਆ ਗਿਆ, ਜੀਹਦਾ 25 ਫਰਵਰੀ ਨੂੰ ਹੀ ਭੋਗ ਸਮਾਗਮ ਸੀ। (ਬਿਕਰਮ ਸਿੰਘ ਸੌੜੀਆਂ ਬਲਾਕ ਦਾ ਉਹ ਮਹੱਤਵਪੁਰਨ ਆਗੂ ਸੀ, ਜਿਸਨੇ ਜ਼ਿਲ੍ਹੇ ਅੰਦਰ ਆਬਾਦਕਾਰਾਂ ਦੀ ਜਥੇਬੰਦੀ ਦੀ ਉਸਾਰੀ ਕਰਨ ਵਿੱਚ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਨੂੰ ਮੋਹਰੀਆਂ ਵਜੋਂ ਸਾਥ ਦਿੱਤਾ ਤੇ ਜੀਹਦੀ 5 ਏਕੜ ਜ਼ਮੀਨ ਵੀ ਗਲਤ ਗਿਰਦੌਰੀ ਲੋਪੋਕੇ ਦੀ ਅਗਵਾਈ ਹੇਠਲੇ ਭੋਇੰ-ਮਾਫੀਏ ਨਾਲ ਲੜਾਈ ਵਿੱਚ ਵਕਾਰ ਦਾ ਸਵਾਲ ਬਣੀ ਹੋਈ ਸੀ ਤੇ ਲੱਗਭੱਗ ਸਾਲ ਭਰ ਦੀ ਜਬਰਦਸਤ ਜਥੇਬੰਦ ਲੜਾਈ ਦੇ ਜ਼ੋਰ ਇਸਦੀ ਗਿਰਦੌਰੀ 15 ਫਰਵਰੀ ਨੂੰ ਬਿਕਰਮ ਸਿੰਘ ਦੇ ਨਾਂ ਹੋ ਜਾਣ ਵਿੱਚ ਮਿਲੀ ਕਾਮਯਾਬੀ ਨੇ ਹੀ ਭੋਇੰ ਮਾਫੀਏ ਦੇ ਸੱਤੀਂ ਕੱਪੜੀਂ ਅੱਗ ਲਾਈ ਸੀ ਤੇ ਉਹਨਾਂ ਨੇ ਫੌਰੀ ਬੁਖਲਾਹਟ ਵਿੱਚ ਆ ਕੇ ਅਗਲੇ ਦਿਨ ਹੀ ਸਾਧੂ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ।) ਇਸ ਖਿੱਤੇ ਅੰਦਰ ਬੀ.ਕੇ.ਯੁ. (ਉਗਰਾਹਾਂ) ਸਾਧੁ ਸਿੰਘ ਦੇ ਹੁੰਦਿਆਂ ਵੀ ਮੁਕਾਬਲਤਨ ਕਮਜ਼ੋਰ ਜਥੇਬੰਦੀ ਹੀ ਸੀ। ਇਸ ਖਿੱਤੇ ਅੰਦਰ ਜਿੱਥੇ ਇੱਕ ਪਾਸੇ ਗੈਰ ਜਥੇਬੰਦ, ਗਰੀਬ ਅਤੇ ਬੇਸਹਾਰਾ ਆਬਾਦਕਾਰ ਸਨ ਤੇ ਦੂਜੇ ਪਾਸੇ ਪੂਰੀ ਤਰ੍ਹਾਂ ਜਥੇਬੰਦ ਤੇ ਰਾਜਭਾਗ ਤੇ ਘਾਗ ਸਿਆਸਤਦਾਨਾਂ ਦੀ ਤਾਕਤਵਰ ਢੋਈ ਵਾਲਾ ਭੋਇ ਮਾਫੀਆ ਸੀ। ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ ਦਾ ਇੱਕ ਫੌਰੀ ਕਾਰਨ ਇਹ ਸੀ ਕਿ ਇਹ ਭੋਇੰ-ਮਾਫੀਆ ਇਸ ਖਿੱਤੇ ਵਿੱਚ ਆਪਣੀ ਦਬਸ਼ ਨੂੰ ਕੋਈ ਚੁਣੌਤੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਸੀ ਤੇ ਉਪਰੋਂ ਸੂਬੇ ਦੇ ਹਾਕਮ ਮਾਝੇ ਦੇ ਇਸ ਖਿੱਤੇ ਅੰਦਰ ਜ਼ਮੀਨ ਵਰਗੇ ਬੁਨਾਦੀ ਮੁੱਦੇ 'ਤੇ ਬੀ.ਕੇ.ਯੂ. ਉਗਰਾਹਾਂ ਵਰਗੀ ਜੁਝਾਰ ਕਿਸਾਨ ਜਥੇਬੰਦੀ ਦੇ ਤਾਕਤ ਫੜ ਜਾਣ ਨੂੰ ਆਪਣੇ ਲਈ ਖਤਰੇ ਦੀ ਘੰਟੀ ਸਮਝਦੇ ਸਨ। ਸੋ, ਇਹ ਦੋਵੋਂ ਇਸ ਉੱਭਰ ਰਹੀ ਚੁਣੌਤੀ ਨੂੰ ਥਾਏਂ ਨੱਪ ਦੇਣਾ ਚਾਹੰਦੇ ਸਨ ਤੇ ਸਾਧੂ ਸਿੰਘ ਨੂੰ ਸ਼ਹੀਦ ਕਰਕੇ ਇਸ ਖਿੱਤੇ ਵਿੱਚ ਜਥੇਬੰਦੀ ਦਾ ਨਾਮੋਨਿਸ਼ਾਨ ਮਿਟਾ ਦੇਣ ਦਾ ਭਰਮ ਪਾਲਦੇ ਸਨ। ਪਰ ਪਿਛਲੇ ਸਮੇਂ ਦੀਆਂ ਘਟਨਾਵਾਂ ਨੇ ਦਿਖਾਇਆ ਹੈ ਕਿ ਇਹ ਜਥੇਬੰਦੀ ਇਸ ਖਿੱਤੇ ਅੰਦਰ ਨਾ ਸਿਰਫ ਜਿਉਂਦੀ ਰਹੀ ਹੈ, ਸਗੋਂ ਕਦੇ ਇੱਕਲੀ ਤੇ ਕਦੇ ਹੋਰ ਕਿਸਾਨ ਜਥੇਬੰਦੀਆਂ ਦੇ ਸਾਥ ਨਾਲ ਭੋਇੰ ਮਾਫੀਏ ਵੱਲੋਂ ਗਰੀਬ ਆਬਾਦਕਾਰਾਂ ਦੀਆਂ ਜ਼ਮੀਨਾਂ 'ਤੇ ਝਪਟੇ ਮਾਰਨ ਦੀਆਂ ਕੋਸ਼ਿਸ਼ਾਂ ਨਾਕਾਮ ਵੀ ਕਰਦੀ ਰਹੀ ਹੈ। ਹੁਣ ਇਹਦੇ ਵੱਲੋਂ ਭੋਇੰ ਮਾਫੀਏ ਦੀ ਦਬਸ਼ ਨੂੰ ਚੀਰ ਕੇ ਆਪਣੇ ਪੱਧਰ 'ਤੇ ਸਾਧੁ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਜਥੇਬੰਦੀ ਇਸ ਖਿੱਤੇ ਅੰਦਰ ਤਾਕਤ ਤੇ ਆਤਮ ਵਿਸ਼ਵਾਸ਼ ਹਾਸਲ ਕਰ ਰਹੀ ਹੈ, ਜੋ ਇਸ ਜਥੇਬੰਦੀ ਲਈ ਤੇ ਸਮੁੱਚੀ ਕਿਸਾਨ ਲਹਿਰ ਲਈ ਸ਼ੁਭ ਸ਼ਗਨ ਹੈ ਤੇ ਅੱਗੇ ਵਧਣਾ ਚਾਹੀਦਾ ਹੈ। —ਪਾਠਕ ਪੱਤਰਕਾਰ
..................................................................................................................................................................................ਨੋਟ- ''ਲਾਲ ਪ੍ਰਚਮ'' ਅਤੇ ''ਇਨਕਲਾਬੀ ਸਾਡਾ ਰਾਹ'' ਦੀਆਂ ਲਿਖਤਾਂ ਬਾਰੇ ਟਿੱਪਣੀ ਵੱਖਰੇ ਤੌਰ 'ਤੇ ਪ੍ਰਕਾਸ਼ਤ ਕੀਤੀ ਜਾ ਰਹੀ ਹੈ।
ਅਸੰਬਲੀ ਚੋਣਾਂ ਦੌਰਾਨ ਨੌਜੁਆਨ ਭਾਰਤ ਸਭਾ ਦਾ ਹੋਕਾ
(ਇੱਕ ਰਿਪੋਰਟ)
ਲੰਘੀ 30 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਦੀ ਚੋਣ ਲਈ ਵੋਟਾਂ ਪੈਣ ਦਾ ਅਮਲ ਮੁਕੰਮਲ ਹੋ ਗਿਆ। ਚੋਣ ਪ੍ਰਚਾਰ ਦੀ ਰੁੱਤ 'ਚ ਸਭਨਾਂ ਮੌਕਾਪ੍ਰਸਤ ਵੋਟ-ਵਟੋਰੂ ਸਿਆਸੀ ਪਾਰਟੀਆਂ ਵੱਲੋਂ ਚੋਣ ਕਮਾਈ ਕਰਨ ਖਾਤਰ ਝੂਠੇ ਲਾਰਿਆਂ ਅਤੇ ਵਾਅਦਿਆਂ ਦੀ ਢੱਡ ਖੜਕਾਈ ਗਈ ਹੈ। ਜਨਤਾ ਨੂੰ ਭਰਮਾਉਣ ਅਤੇ ਭੁਚਲਾਉਣ ਲਈ ''ਵੋਟ ਤਾਕਤ ਦੀ ਵਰਤੋਂ ਕਰਨ'' ਅਤੇ ''ਮਰਜ਼ੀ ਨਾਲ ਸਰਕਾਰ ਚੁਣਨ'' ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਲੋਕਾਂ ਦੇ ਹਕੀਕੀ ਮੁੱਦਿਆਂ ਨੂੰ ਘੱਟੇ ਰੋਲਣ, ਖੂੰਜੇ ਲਾਉਣ ਅਤੇ ਚੇਤਿਆਂ 'ਚੋਂ ਭੁਲਾਉਣ ਦੇ ਯਤਨ ਹੋਏ ਹਨ। ਅਜਿਹੇ ਮੌਕੇ ਨੌਜਵਾਨ ਭਾਰਤ ਸਭਾ ਵੱਲੋਂ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਅਸਲ ਮੁੱਦੇ ਉਭਾਰਨ, ਇਹਨਾਂ ਮੁੱਦਿਆਂ ਦੇ ਹੱਲ ਲਈ ਜੱਥੇਬੰਦ ਹੋਣ ਅਤੇ ਆਪਣੇ ਸੰਘਰਸ਼ਾਂ 'ਤੇ ਟੇਕ ਰੱਖਣ ਦਾ ਸੱਦਾ ਦੇਣ ਲਈ ਪ੍ਰਚਾਰ ਮੁਹਿੰਮ ਜੱਥੇਬੰਦ ਕੀਤੀ ਗਈ।ਦਸੰਬਰ ਮਹੀਨੇ ਦੇ ਅਖੀਰਲੇ ਦਿਨਾਂ 'ਚ ਜਦੋਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਇਆ ਤਾਂ ਨੌਜਵਾਨ ਭਾਰਤ ਸਭਾ ਵੱਲੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ। ਇਸ ਮੁਹਿੰਮ ਤਹਿਤ ਬਠਿੰਡੇ ਅਤੇ ਮੋਗਾ ਖੇਤਰ ਦੇ ਪਿੰਡਾਂ 'ਚ ਨੌਜਵਾਨਾਂ ਅਤੇ ਵਿਦਿਆਰਥੀਆਂ ਤੱਕ ਪਹੁੰਚ ਕਰਦਿਆਂ ਉਹਨਾਂ ਨੂੰ ਵੋਟ-ਵਟੋਰੂ ਪਾਰਟੀਆਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਗਿਆ। ਪ੍ਰਚਾਰ ਮੁਹਿੰਮ ਦੌਰਾਨ ਇਹ ਗੱਲ ਜ਼ੋਰ ਨਾਲ ਉਭਾਰੀ ਗਈ ਕਿ ਵੋਟਾਂ ਰਾਹੀਂ ਲੋਕਾਂ ਦੇ ਅਸਲ ਮੁੱਦਿਆਂ ਦਾ ਕੋਈ ਹੱਲ ਨਹੀਂ ਹੋਣਾ ਸਗੋਂ ਵੋਟਾਂ ਤਾਂ ਹਾਕਮ ਧੜਿਆਂ ਦਰਮਿਆਨ ਇਸ ਗੱਲ ਦਾ ਫੈਸਲਾ ਕਰਨ ਦਾ ਸਾਧਨ ਹਨ ਕਿ ਲੋਕਾਂ ਦੀ ਲੁੱਟ 'ਚੋਂ ਵੱਧ ਹਿੱਸੇਦਾਰੀ ਕਿਸ ਹਾਕਮ ਧੜੇ ਦੀ ਹੋਵੇ। ਇਸ ਲਈ ਚੋਣਾਂ ਦੀ ਇਸ ਖੇਡ ਦੌਰਾਨ ਵੱਖੋ ਵੱਖ ਮੌਕਾਪ੍ਰਸਤ ਪਾਰਟੀਆਂ ਨੇ ਆਪਸੀ ਜ਼ੋਰ ਅਜ਼ਮਾਈ ਕਰਨੀ ਹੈ। ਇਸ ਆਪਸੀ ਖੋਹ-ਖਿੰਝ 'ਚ ਹਰ ਤਰ੍ਹਾਂ ਦੇ ਜਾਇਜ਼ ਨਾਜਾਇਜ਼ ਢੰਗ ਵਰਤੇ ਜਾਣੇ ਹਨ। ਹਕੂਮਤੀ ਕੁਰਸੀ ਲਈ ਹੋਣ ਜਾ ਰਹੀ ਇਸ ਖਿੱਚ ਧੂਹ 'ਚ ਨੌਜਵਾਨਾਂ ਨੂੰ ਘੜੀਸਣ ਲਈ ਇਹਨਾਂ ਵੋਟ-ਵਟੋਰੂ ਪਾਰਟੀਆਂ ਨੇ ਜ਼ੋਰ ਮਾਰਨਾ ਹੈ। ਇਹਨਾਂ ਦੇ ਯੂਥ ਵਿੰਗਾਂ ਨੇ ਸਰਗਰਮੀ ਕਰਨੀ ਹੈ। ਨੌਜਵਾਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਜਾਣੇ ਹਨ, ਨਸ਼ਿਆਂ ਅਤੇ ਹੋਰ ਜਾਲਾਂ 'ਚ ਫਸਾਇਆ ਜਾਣਾ ਹੈ। ਲੱਠਮਾਰ ਗ੍ਰੋਹਾਂ 'ਚ ਭਰਤੀ ਕਰਕੇ ਗੱਡੀਆਂ 'ਤੇ ਚੜ੍ਹਾਇਆ ਜਾਣਾ ਹੈ ਅਤੇ ਇਉਂ ਕਿੰਨੇ ਹੀ ਨੌਜਵਾਨਾਂ ਨੂੰ ਕੁਰਸੀ ਦੀ ਇਸ ਆਪਸੀ ਲੜਾਈ 'ਚ ਵਰਤਿਆ ਜਾਣਾ ਹੈ।
ਇਸ ਪ੍ਰਚਾਰ ਮੁਹਿੰਮ ਦੌਰਾਨ ਨੌਜਵਾਨਾਂ ਵਿਦਿਆਰਥੀਆਂ ਸਾਹਮਣੇ ਸਾਰੀਆਂ ਮੌਕਾਪ੍ਰਸਤ ਵੋਟ ਵਟੋਰੂ ਪਾਰਟੀਆਂ ਦੀ ਅਸਲ ਖ਼ਸਲਤ ਨੂੰ ਨੰਗਾ ਕੀਤਾ ਗਿਆ ਹੈ। ਚੋਣਾਂ ਦੇ ਇਸ ਰਾਮ ਰੌਲੇ ਦੌਰਾਨ ਇਹਨਾਂ ਪਾਰਟੀਆਂ ਵੱਲੋਂ ''ਨੌਜਵਾਨਾਂ ਹੱਥ ਤਾਕਤ ਦੇਣ'' ਦੀਆਂ ਗੱਲਾਂ ਜ਼ਰੂਰ ਹੋਣਗੀਆਂ, ਪਰ ਨੌਜਵਾਨਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਉਹਨਾਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਜ਼ਰੂਰੀ ਸਸਤੀ ਸਿੱਖਿਆ ਅਤੇ ਪੱਕੇ ਰੁਜ਼ਗਾਰ ਦੀ ਗੱਲ ਨਹੀਂ ਛਿੜਨੀ। ਜੇ ਦਿਖਾਵੇ ਖਾਤਰ ਫੋਕੀ ਚਰਚਾ ਕੀਤੀ ਵੀ ਗਈ ਤਾਂ ਇਹ ਨਹੀਂ ਦੱਸਿਆ ਜਾਣਾ ਕਿ ਸਸਤੀ ਸਿੱਖਿਆ ਅਤੇ ਪੱਕਾ ਰੁਜ਼ਗਾਰ ਮਿਲਣਾ ਕਿਵੇਂ ਹੈ। ਅਸਲ 'ਚ ਲੋਕਾਂ ਦਾ ਭਲਾ ਕਰਨ ਦਾ ਦਾਅਵਾ ਕਰਨ ਵਾਲੀਆਂ ਇਹ ਸਾਰੀਆਂ ਵੋਟ-ਵਟੋਰੂ ਪਾਰਟੀਆਂ ਹੀ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਲਈ ਇੱਕਮਤ ਹਨ। ਇਹਨਾਂ ਸਾਰੀਆਂ ਪਾਰਟੀਆਂ ਵੱਲੋਂ ਹੀ ਲੋਕ ਦੋਖੀ ਨਿੱਜੀਕਰਨ ਵਪਾਰੀਕਰਨ ਦੀਆਂ ਨੀਤੀਆਂ 'ਤੇ ਸਹੀ ਪਾਈ ਗਈ ਹੈ। ਖਜ਼ਾਨੇ ਦਾ ਮੂੰਹ ਲੋਕਾਂ ਦੀ ਬਜਾਏ ਜੋਕਾਂ ਵੱਲ ਖੋਹਲਣ ਲਈ ਇਹਨਾਂ ਸਾਰਿਆਂ ਵੱਲੋਂ ਹੀ ਸਹਿਮਤੀ ਦਿੱਤੀ ਗਈ ਹੈ। ਇਹਨਾਂ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਜਬਰ ਦੇ ਆਸਰੇ ਨਿੱਸਲ ਕਰਨ ਲਈ ਕਾਲ਼ੇ ਕਾਨੂੰਨ ਬਣਾਉਣ ਅਤੇ ਪੁਲਸ ਫੌਜ ਦੀ ਵਰਤੋਂ ਕਰਨ 'ਚ ਇਹ ਸਾਰੇ ਹੀ ਇੱਕ ਦੂਜੇ ਤੋਂ ਅੱਗੇ ਨਿਕਲਦੇ ਹਨ। ਇਸ ਲਈ ਇਹਨਾਂ ਵੋਟਾਂ ਰਾਹੀਂ ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਬਣ ਜਾਵੇ, ਸਸਤੀ ਸਿੱਖਿਆ ਅਤੇ ਪੱਕੇ ਰੁਜ਼ਗਾਰ ਦਾ ਘਾਣ ਜਿਉਂ ਦਾ ਤਿਉਂ ਜਾਰੀ ਰਹਿਣਾ ਹੈ। ਲੋਕਾਂ ਦੇ ਹੱਕਾਂ 'ਤੇ ਛਾਪੇ ਬਾਦਸਤੂਰ ਪੈਣੇ ਹਨ, ਜਬਰ ਦਾ ਡੰਡਾ ਵੀ ਉਵੇਂ ਹੀ ਵਗਣਾ ਹੈ।
ਮੁਹਿੰਮ ਰਾਹੀਂ ਨੌਜਵਾਨਾਂ ਨੂੰ ਸਸਤੀ ਸਿੱਖਿਆ ਅਤੇ ਪੱਕੇ ਰੁਜ਼ਗਾਰ ਦੇ ਹੱਕ ਦੀ ਪ੍ਰਾਪਤੀ ਲਈ ਵੋਟਾਂ ਦੀ ਬਜਾਏ ਆਪਣੀ ਤਾਕਤ ਵੱਡੀ ਕਰਨ ਅਤੇ ਸੰਘਰਸ਼ਾਂ 'ਤੇ ਟੇਕ ਰੱਖਣ ਦਾ ਸੱਦਾ ਦਿੱਤਾ ਗਿਆ। ਉਹਨਾਂ ਨੂੰ ਇਹ ਦੱਸਿਆ ਗਿਆ ਕਿ ਹੁਣ ਤੱਕ ਦੇ ਤਜ਼ਰਬੇ ਨੇ ਵਿਖਾਇਆ ਹੈ ਕਿ ਸੰਘਰਸ਼ ਅਤੇ ਏਕੇ ਦੇ ਰਾਹ 'ਤੇ ਚੱਲ ਕੇ ਹੀ ਇਹਨਾਂ ਬੁਨਿਆਦੀ ਮੁੱਦਿਆਂ ਦਾ ਹੱਲ ਹੋ ਸਕਦਾ ਹੈ। ਰੁਜ਼ਗਾਰ ਪ੍ਰਾਪਤੀ ਖਾਤਰ, ਮਹਿੰਗੀਆਂ ਫੀਸਾਂ ਦੇ ਖਿਲਾਫ਼, ਨਾਜਾਇਜ਼ ਫੰਡਾਂ ਤੇ ਜੁਰਮਾਨਿਆਂ ਖਿਲਾਫ਼, ਜਿੱਥੇ ਜਿੱਥੇ ਵੀ ਜਿੰਨਾ ਜਿੰਨਾ ਵੀ ਸੰਘਰਸ਼ ਲੜਿਆ ਗਿਆ ਹੈ ਓਨੀ ਪ੍ਰਾਪਤੀ ਵੀ ਹੋਈ ਹੈ। ਰੁਜ਼ਗਾਰ ਪ੍ਰਾਪਤੀ ਲਈ ਨੌਜਵਾਨਾਂ ਵੱਲੋਂ ਹੁਣ ਤੱਕ ਜ਼ੋਰਦਾਰ ਲੜਾਈ ਲੜੀ ਗਈ ਹੈ। ਪੁਲਸ ਜਬਰ, ਲਾਠੀਚਾਰਜ, ਜੇਲ੍ਹਾਂ, ਕੇਸ ਸਭ ਕੁੱਝ ਸਿਦਕਦਿਲੀ ਨਾਲ ਝੱਲਿਆ ਗਿਆ ਹੈ। ਕੁਝ ਹਿੱਸਿਆਂ ਨੇ ਰੁਜ਼ਗਾਰ ਪ੍ਰਾਪਤ ਵੀ ਕੀਤਾ ਹੈ। ਸਰਕਾਰਾਂ ਨੂੰ ਪਿੱਛੇ ਮੋੜਿਆ ਹੈ। ਇਹਨਾਂ ਛੋਟੀਆਂ ਟੁਕੜੀਆਂ ਨੂੰ ਇੱਕਜੁਟ ਕਰਕੇ ਵੱਡੇ ਏਕੇ ਅਤੇ ਵਿਸ਼ਾਲ ਲਹਿਰ 'ਚ ਬਦਲਿਆ ਜਾਵੇ ਤਾਂ ਰੁਜ਼ਗਾਰ ਦਾ ਉਜਾੜਾ ਕਰਨ ਅਤੇ ਸਿੱਖਿਆ ਨੂੰ ਖੋਹਣ ਦੀ ਪੂਰੀ ਸੂਰੀ ਨੀਤੀ ਨੂੰ ਹੀ ਪਿੱਛੇ ਧੱਕਿਆ ਜਾ ਸਕਦਾ ਹੈ।
ਸੰਗਤ, ਗੋਨਿਆਣਾ ਅਤੇ ਨਿਹਾਲ ਸਿੰਘ ਵਾਲਾ ਖੇਤਰ 'ਚ ਚਲਾਈ ਗਈ ਇਸ ਮੁਹਿੰਮ ਦੌਰਾਨ ਲਗਭਗ ਪੰਦਰਾਂ-ਸੋਲਾਂ ਪਿੰਡਾਂ ਤੱਕ ਪਹੁੰਚ ਕੀਤੀ ਗਈ। ਇਸ ਤੋਂ ਬਿਨਾਂ ਸਰਕਾਰੀ ਆਈ.ਟੀ.ਆਈ. ਬਠਿੰਡਾ 'ਚ ਵੀ ਵਿਦਿਆਰਥੀ ਮੀਟਿੰਗਾ ਹੋਈਆਂ। ਮੁਹਿੰਮ ਦੇ ਸਿਖਰ 'ਤੇ ਨੌਜਵਾਨਾਂ ਵੱਲੋਂ 30 ਦਸੰਬਰ ਨੂੰ ਬਠਿੰਡਾ ਵਿਖੇ ਅਤੇ 31 ਦਸੰਬਰ ਨੂੰ ਨਿਹਾਲ ਸਿੰਘ ਵਾਲਾ ਵਿਖੇ ਮੁਜ਼ਾਹਰੇ ਕੀਤੇ ਗਏ। ਬਠਿੰਡਾ ਵਿਖੇ ਮੁਜ਼ਾਹਰੇ ਵਾਲੇ ਦਿਨ ਸਰਕਾਰੀ ਆਈ.ਟੀ.ਆਈ. 'ਚ ਵਿਦਿਆਰਥੀ ਰੈਲੀ ਵੀ ਹੋਈ ਜਿਸ ਤੋਂ ਬਾਅਦ 60-70 ਦੀ ਗਿਣਤੀ 'ਚ ਵਿਦਿਆਰਥੀ ਮੁਜ਼ਾਹਰੇ 'ਚ ਸ਼ਾਮਲ ਹੋਏ। ਨੇੜਲੇ ਪਿੰਡਾਂ ਦੇ ਨੌਜਵਾਨ ਚੰਗੀ ਗਿਣਤੀ 'ਚ ਸ਼ਾਮਲ ਹੋਏ ਤੇ ਸ਼ਹਿਰ 'ਚ 250 ਦੇ ਲਗਭਗ ਨੌਜਵਾਨਾਂ ਦੇ ਕਾਫ਼ਲੇ ਨੇ ਮੁਜ਼ਾਹਰਾ ਕੀਤਾ ਜਿਸ 'ਚ 25 ਦੇ ਕਰੀਬ ਕੁੜੀਆਂ ਵੀ ਸ਼ਾਮਲ ਹੋਈਆਂ। ਏਸੇ ਤਰ੍ਹਾਂ ਅਗਲੇ ਦਿਨ ਨਿਹਾਲ ਸਿੰਘ ਵਾਲਾ ਵਿਖੇ ਵੀ ਨੌਜਵਾਨਾਂ ਵੱਲੋਂ ਮੁਜ਼ਾਹਰਾ ਕੀਤਾ ਗਿਆ। ਪਹਿਲੇ ਦਿਨਾਂ 'ਚ ਪਿੰਡ ਪੱਧਰੀਆਂ ਮੀਟਿੰਗਾਂ ਰਾਹੀਂ ਲਾਮਬੰਦ ਹੋਏ 50-60 ਦੇ ਲਗਭਗ ਨੌਜਵਾਨ ਇਸ ਮੁਜ਼ਾਹਰੇ 'ਚ ਸ਼ਾਮਲ ਹੋਏ। ਇਹਨਾਂ ਮੁਜ਼ਾਹਰਿਆਂ ਦੌਰਾਨ ਨੌਜਵਾਨਾਂ ਕੋਲ ਵੱਡੀ ਗਿਣਤੀ 'ਚ ਮਾਟੋ, ਬੈਨਰ ਅਤੇ ਤਖ਼ਤੀਆਂ ਚੁੱਕੇ ਹੋਏ ਸਨ। ''ਨਿੱਜੀਕਰਨ ਦੀ ਫੜ ਤਲਵਾਰ, ਛਾਂਗਣ ਲੋਕਾਂ ਦਾ ਰੁਜ਼ਗਾਰ'', ''ਵੋਟਾਂ ਦਾ ਰਾਹ ਛੱਡ ਕੇ ਲੋਕੋ, ਪੈ ਜਾਓ ਰਾਹ ਸੰਘਰਸ਼ਾਂ ਦੇ'', ''ਰੁਜ਼ਗਾਰ ਦਾ ਉਜਾੜਾ ਬੰਦ ਕਰੋ, ਸਭ ਲਈ ਰੁਜ਼ਗਾਰ ਦਾ ਪ੍ਰਬੰਧ ਕਰੋ'', ''ਵੋਟਾਂ ਨੇ ਨਹੀਂ ਲਾਉਣਾ ਪਾਰ, ਲੜਨਾ ਪੈਣਾ ਬੰਨ੍ਹ ਕਤਾਰ'' ਦੇ ਨਾਅਰਿਆਂ ਰਾਹੀਂ ਲੋਕਾਂ ਨੂੰ ਵੋਟਾਂ ਤੋਂ ਭਲੇ ਦੀ ਆਸ ਛੱਡ ਕੇ ਸੰਘਰਸ਼ਾਂ 'ਤੇ ਟੇਕ ਰੱਖਣ ਦਾ ਸੁਨੇਹਾ ਦਿੱਤਾ ਗਿਆ।
ਪਗੜੀ ਸੰਭਾਲ ਮੁਹਿੰਮ ਅਤੇ ਕਾਨਫਰੰਸ 'ਚ ਸ਼ਮੂਲੀਅਤ
ਮੁਹਿੰਮ ਦਾ ਸੁਨੇਹਾ ਨੌਜਵਾਨਾਂ ਤੱਕ ਪਹੁੰਚਾਇਆ
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ ਆਗੂਆਂ ਅਤੇ ਲੋਕ ਪੱਖੀ ਜਨਤਕ ਸ਼ਖਸੀਅਤਾਂ 'ਤੇ ਆਧਾਰਤ ਕਮੇਟੀ ਵੱਲੋਂ ''ਪਗੜੀ ਸੰਭਾਲ ਮੁਹਿੰਮ'' ਚਲਾਉਣ ਦਾ ਐਲਾਨ ਕੀਤਾ ਗਿਆ ਸੀ। ਮੁਹਿੰਮ ਦੇ ਸਿਖਰ 'ਤੇ 27 ਜਨਵਰੀ ਨੂੰ ਬਰਨਾਲੇ ਵਿਖੇ ਵੱਡੀ ਕਾਨਫਰੰਸ ਕੀਤੀ ਜਾਣੀ ਸੀ। ਇਸ ਕੁੱਲ ਮੁਹਿੰਮ ਅਤੇ ਕਾਨਫਰੰਸ ਦੌਰਾਨ ਲੋਕਾਂ ਨੂੰ ਚੋਣਾਂ ਦੀ ਧੋਖੇਬਾਜ਼ ਖੇਡ ਤੋਂ ਖਬਰਦਾਰ ਹੋਣ, ਆਪਣੇ ਮੰਗਾਂ-ਮੁੱਦਿਆਂ ਨੂੰ ਉਭਾਰਨ ਅਤੇ ਇਕੱਠੇ ਹੋ ਕੇ ਲੜਨ ਦੇ ਸੰਗਰਾਮੀ ਰਾਹ 'ਤੇ ਅੱਗੇ ਵਧਣ ਦਾ ਹੋਕਾ ਦਿੱਤਾ ਜਾਣਾ ਸੀ, ਚੋਣਾਂ ਦੇ ਮੁਕਾਬਲੇ ਲੋਕ ਸੰਘਰਸ਼ਾਂ ਦੇ ਬਦਲਵੇਂ ਰਾਹ ਦਾ ਨਾਅਰਾ ਬੁਲੰਦ ਕੀਤਾ ਜਾਣਾ ਸੀ।
30 ਅਤੇ 31 ਦਸੰਬਰ ਦੇ ਮੁਜਾਹਰਿਆਂ 'ਚ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਤ ਹੁੰਦਿਆਂ ਸਭਾ ਵੱਲੋਂ ਅਜਿਹੇ ਨਾਅਰੇ ਹੀ ਬੁਲੰਦ ਕੀਤੇ ਗਏ ਸਨ। ਸੋ, ਪੰਜਾਬ ਪੱਧਰ 'ਤੇ ਚੱਲਣ ਵਾਲੀ ਪਗੜੀ ਸੰਭਾਲ ਮੁਹਿੰਮ ਅਤੇ ਕਾਨਫਰੰਸ ਦਾ ਐਲਾਨ ਹੋਣ 'ਤੇ ਸਭਾ ਨੇ ਇਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ ਤੇ ਪਗੜੀ ਸੰਭਾਲ ਮੁਹਿੰਮ ਅਤੇ ਕਾਨਫਰੰਸ ਦਾ ਸੁਨੇਹਾ ਵਿਦਿਆਰਥੀਆਂ ਅਤੇ ਨੌਜਵਾਨਾਂ 'ਚ ਲੈ ਕੇ ਜਾਣ ਲਈ ਸਰਗਰਮ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਮੁਹਿੰਮ 'ਚ ਵਿਦਿਆਰਥੀਆਂ ਦੀ ਜੱਥੇਬੰਦੀ ਪੀ. ਐਸ. ਯੂ. (ਸ਼ਹੀਦ ਰੰਧਾਵਾ) ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਮੁਹਿੰਮ ਦੌਰਾਨ ਪਿੰਡਾਂ 'ਚ ਵੱਖਰੇ ਤੌਰ 'ਤੇ ਨੌਜਵਾਨਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਜਿਹਨਾਂ 'ਚ ਨੌਜਵਾਨਾਂ ਦੀ ਅਜੋਕੀ ਹਾਲਤ ਤੇ ਚੋਣਾਂ ਨਾਲ ਇਹਦੇ ਸੰਬੰਧ ਬਾਰੇ ਚਰਚਾ ਕੀਤੀ ਗਈ। ਸਿੱਖਿਆ ਤੇ ਰੁਜ਼ਗਾਰ ਦੇ ਹੱਕ ਦੀ ਪ੍ਰਾਪਤੀ ਲਈ ਸੰਘਰਸ਼ਾਂ 'ਤੇ ਟੇਕ ਰੱਖਣ ਦਾ ਸੱਦਾ ਦਿੱਤਾ ਗਿਆ। 10 ਹਜ਼ਾਰ ਦੀ ਗਿਣਤੀ 'ਚ ਹੱਥ-ਪਰਚਾ ਨੌਜਵਾਨਾਂ ਵਿਦਿਆਰਥੀਆਂ 'ਚ ਵੰਡਿਆ ਗਿਆ। ਵੱਖ ਵੱਖ ਖੇਤਰਾਂ ਦੇ ਪਿੰਡਾਂ 'ਚ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਮੀਟਿੰਗਾਂ ਤੋਂ ਬਾਅਦ ਮੁਹਿੰਮ ਦਾ ਸੁਨੇਹਾ ਆਮ ਲੋਕਾਂ ਤੱਕ ਵੀ ਪਹੁੰਚਾਇਆ ਗਿਆ। ਸਭਨਾਂ ਪਿੰਡਾਂ 'ਚ ਨੌਜਵਾਨਾਂ ਨੇ ਕਮੇਟੀ ਦਾ ਲੀਫ਼ਲੈੱਟ ਘਰ ਘਰ ਪਹੁੰਚਾਇਆ। ਸੰਗਤ ਬਲਾਕ ਦੇ ਪਿੰਡਾਂ 'ਚ ਝੰਡਾ ਮਾਰਚ ਰਾਹੀਂ ਲੋਕਾਂ ਨੂੰ ਸੰਬੋਧਨ ਹੋਇਆ ਗਿਆ। ਮਾਰਚ ਦੌਰਾਨ ਛੇ ਪਿੰਡਾਂ 'ਚ ਰੈਲੀਆਂ ਰਾਹੀਂ ਸੈਂਕੜੇ ਲੋਕਾਂ ਤੱਕ ਆਪਣਾ ਸੱਦਾ ਪਹੁੰਚਾਇਆ ਗਿਆ। ਨਿਹਾਲ ਸਿੰਘ ਵਾਲਾ ਖੇਤਰ 'ਚ ਕਿਸਾਨਾਂ ਮਜ਼ਦੂਰਾਂ ਨਾਲ ਰਲ਼ ਕੇ ਮਾਰਚ ਕੀਤਾ ਗਿਆ। ਜਿਹਦੇ 'ਚ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਹੋਈ। ਸੁਨਾਮ ਇਲਾਕੇ ਦੇ ਛਾਜਲੀ ਅਤੇ ਆਸ-ਪਾਸ ਦੇ ਪਿੰਡਾਂ ਦੀ ਭਰਵੀਂ ਵਿਸਥਾਰੀ ਮੀਟਿੰਗ ਛਾਜਲੀ ਪਿੰਡ 'ਚ ਹੋਈ ਜਿਸ ਵਿੱਚ ਲਗਭਗ 50 ਨੌਜਵਾਨ ਸ਼ਾਮਲ ਹੋਏ। ਬਠਿੰਡਾ ਦੇ ਰਜਿੰਦਰਾ ਕਾਲਜ 'ਚ ਵਿਦਿਆਰਥੀਆਂ ਦੀ ਭਰਵੀਂ ਰੈਲੀ ਹੋਈ। ਕਈ ਖੇਤਰਾਂ 'ਚ ਮੁਹਿੰਮ ਦੇ ਪੋਸਟਰ ਲਾਉਣ ਦੀ ਜੁੰਮੇਵਾਰੀ ਨੌਜਵਾਨਾਂ ਵੱਲੋਂ ਨਿਭਾਈ ਗਈ।
ਮੁਹਿੰਮ ਦੌਰਾਨ ਨੌਜਵਾਨਾਂ ਵੱਲੋਂ ਫੰਡ ਵਾਸਤੇ ਲੋਕਾਂ ਤੱਕ ਕੀਤੀ ਪਹੁੰਚ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ। ਬਠਿੰਡੇ ਜਿਲ੍ਹੇ ਦੇ ਭਗਤਾ ਕਸਬੇ ਦੇ ਬਾਜ਼ਾਰਾਂ 'ਚੋਂ ਨੌਜਵਾਨਾਂ ਦੀ ਟੀਮ ਨੇ ਫੰਡ ਇਕੱਤਰ ਕੀਤਾ। ਏਸੇ ਦੌਰਾਨ ਡੱਬਵਾਲੀ ਕੋਲ ਕਿਲਿਆਂਵਾਲੀ ਪਿੰਡ 'ਚ ਵੀ ਨੌਜਵਾਨਾਂ ਵੱਲੋਂ ਫੰਡ ਇਕੱਠਾ ਕੀਤਾ ਗਿਆ ਹੈ। ਚੱਕ ਫਤਹਿ ਸਿੰਘ ਵਾਲਾ (ਬਠਿੰਡਾ) ਪਿੰਡ ਨੌਜਵਾਨ ਕੁੜੀਆਂ ਦੀ ਮੀਟਿੰਗ ਤੋਂ ਬਾਅਦ ਕੁੜੀਆਂ ਨੇ ਸਮਾਗਮ ਲਈ ਪਿੰਡ 'ਚੋਂ ਫੰਡ ਇਕੱਠਾ ਕੀਤਾ।
ਕੋਠਾ ਗੁਰੂ ਪਿੰਡ 'ਚ ਨੌਜਵਾਨਾਂ ਵੱਲੋਂ ਲਿਖੇ ਕੰਧ ਨਾਅਰੇ ਖਿੱਚ ਦਾ ਕੇਂਦਰ ਰਹੇ।
ਕਾਨਫਰੰਸ 'ਚ ਸਭਾ ਦੇ ਸਭਨਾਂ ਖੇਤਰਾਂ 'ਚੋਂ ਨੌਜਵਾਨ ਆਪ ਵੀ ਸ਼ਾਮਲ ਹੋਏ ਤੇ ਕਈ ਥਾਵਾਂ ਤੋਂ ਪਿੰਡਾਂ ਦੇ ਲੋਕਾਂ ਨੂੰ ਵੀ ਕਾਨਫਰੰਸ 'ਚ ਸ਼ਾਮਲ ਕਰਵਾਇਆ ਗਿਆ। ਕਾਨਫਰੰਸ ਦੌਰਾਨ ਵੱਖ ਵੱਖ ਕੰਮਾਂ ਦੀਆਂ ਜੰਮੇਵਾਰੀਆਂ ਸਭਾ ਦੇ ਵਲੰਟੀਅਰਾਂ ਨੇ ਨਿਭਾਈਆਂ।
ਜੂਝ ਰਹੇ ਬੇਰੁਜ਼ਗਾਰ ਨੌਜਵਾਨਾਂ ਨੂੰ ਸੱਦਾ
ਵੱਡੀ ਏਕਤਾ ਉਸਾਰੋ, ਪੱਕੇ ਰੁਜ਼ਗਾਰ ਦੀ ਮੰਗ ਕਰੋ
ਚੋਣਾਂ ਦੀ ਰੁੱਤ 'ਚ ਜੂਝ ਰਹੇ ਬੇਰੁਜ਼ਗਾਰ ਨੌਜਵਾਨ ਹਿੱਸਿਆਂ ਨੂੰ ਨੌਜਵਾਨ ਭਾਰਤ ਸਭਾ ਵੱਲੋਂ ਵਿਸ਼ੇਸ਼ ਤੌਰ 'ਤੇ ਸੰਬੋਧਿਤ ਹੋਇਆ ਗਿਆ। ਚੋਣਾਂ ਦਾ ਐਲਾਨ ਹੋਣ ਅਤੇ ਚੋਣ ਤਮਾਸ਼ੇ ਦੇ ਸ਼ੁਰੂ ਹੋਣ ਤੋਂ ਐਨ ਪਹਿਲਾਂ ਬੇਰੁਜ਼ਗਾਰ ਨੌਜਵਾਨਾਂ ਦੇ ਕਿੰਨੇ ਹੀ ਹਿੱਸੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ। ਇਹਨਾਂ ਨੌਜਵਾਨਾਂ ਵੱਲੋਂ ਆਏ ਦਿਨ ਧਰਨੇ, ਮੁਜ਼ਾਹਰੇ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਪਿਛਲੇ ਪੰਦਰਾਂ ਸਾਲਾਂ ਤੋਂ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ ਦੇ ਵੱਡੇ ਇਕੱਠ ਨੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਬਠਿੰਡੇ ਦਾ ਬੱਸ ਅੱਡਾ ਜਾਮ ਕਰਕੇ ਹਕੂਮਤ ਨੂੰ ਉਹਨਾਂ ਨਾਲ ਗੱਲਬਾਤ ਕਰਨ ਲਈ ਮਜ਼ਬੂਰ ਕੀਤਾ ਸੀ ਤੇ ਉਸੇ ਦਿਨ ਤੋਂ ਹੀ ਸ਼ਹਿਰ 'ਚ ਮੰਗਾਂ ਪੂਰੀਆਂ ਹੋਣ ਤੱਕ ਲਗਾਤਾਰ ਭੁੱਖ ਹੜਤਾਲ 'ਤੇ ਬੈਠਣ ਦੀ ਸ਼ੁਰੂਆਤ ਕੀਤੀ ਸੀ। ਈ.ਜੀ.ਐੱਸ. ਅਧਿਆਪਕਾਂ ਨੇ ਗਿੱਦੜਬਾਹਾ ਵਿਖੇ ਵੱਡੇ ਚੌਂਕ 'ਚ ਕਈ ਦਿਨ ਚੱਲਣ ਵਾਲਾ ਧਰਨਾ ਲਾਇਆ ਹੋਇਆ ਸੀ। ਕਾਲਜਾਂ 'ਚ ਠੇਕਾ ਸਿਸਟਮ ਅਧੀਨ ਭਰਤੀ ਕੀਤੇ ਪੀ.ਟੀ.ਏ. ਅਧਿਆਪਕ ਜਾਂ ਗੈਸਟ ਫੈਕੁਲਟੀ ਲੈਕਚਰਾਰਾਂ ਵੱਲੋਂ ਵੀ ਤਸੱਲੀਬਖਸ਼ ਰੁਜ਼ਗਾਰ ਲਈ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ। ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਨੇ ਵੀ ਸੰਘਰਸ਼ ਦਾ ਬਿਗਲ ਵਜਾਇਆ ਹੋਇਆ ਸੀ। ਇਸ ਤੋਂ ਬਿਨਾਂ ਐੱਸ. ਟੀ. ਆਰ ਅਧਿਆਪਕਾਂ ਵੱਲੋਂ ਵੀ ਆਪਣੇ ਸੰਘਰਸ਼ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ। ਇਉਂ ਬੇਰੁਜ਼ਗਾਰ ਨੌਜਵਾਨਾਂ ਦੇ ਇਹ ਹਿੱਸੇ ਓਸ ਮੌਕੇ ਪੱਕੇ ਅਤੇ ਤਸੱਲੀਬਖਸ਼ ਰੁਜ਼ਗਾਰ ਲਈ ਸੰਘਰਸ਼ਾਂ ਦੇ ਰਾਹ ਪਏ ਹੋਏ ਸਨ।
ਚੋਣ ਦੰਗਲ 'ਚ ਕੁੱਦਣ ਲਈ ਤਿਆਰ ਵੱਖੋ ਵੱਖਰੀਆਂ ਪਾਰਟੀਆਂ ਨੂੰ ਵੀ ਜੂਝ ਰਹੇ ਬੇਰੁਜ਼ਗਾਰਾਂ ਦਾ ਨਕਲੀ ਹੇਜ ਜਾਗਣਾ ਸ਼ੁਰੂ ਹੋ ਗਿਆ ਸੀ। ਹਕੂਮਤੀ ਪਾਰਟੀ ਵੱਲੋਂ ਜਿੱਥੇ ਇੱਕ ਹੱਥ ਰੁਜ਼ਗਾਰ ਮੰਗਦੇ ਇਹਨਾਂ ਨੌਜਵਾਨਾਂ ਨੂੰ ਡਾਂਗਾਂ, ਜੇਲਾਂ, ਝੂਠੇ ਕੇਸਾਂ ਤੇ ਜੱਥੇਦਾਰਾਂ ਦੀ ਕੁੱਟ ਰਾਹੀਂ ਨਿੱਸਲ ਕਰਕੇ ਸ਼ਾਂਤ ਕਰਨ ਦੇ ਯਤਨ ਕੀਤੇ ਜਾ ਰਹੇ ਸਨ, ਉੱਥੇ ਨਾਲ ਹੀ ਹੋ ਰਹੀ ਬਦਨਾਮੀ ਦੇ ਡਰੋਂ ਮੀਟਿੰਗਾਂ, ਬਿਆਨਾਂ ਤੇ ਫੋਕੇ ਨੋਟੀਫਿਕੇਸ਼ਨਾਂ ਰਾਹੀਂ ਵਰਚਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਸਨ। ਜੇ ਹਕੂਮਤੀ ਪਾਰਟੀ ਆਪਣੇ ਵੱਲੋਂ ਦਿੱਤੇ ਰੁਜ਼ਗਾਰ ਦੇ ਅੰਕੜੇ ਗਿਣਾ ਰਹੀ ਸੀ ਤਾਂ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਅੰਦਰ ਫੈਲੀ ਬੇਰੁਜ਼ਗਾਰੀ ਦੀ ਦੁਹਾਈ ਪਾਈ ਜਾ ਰਹੀ ਸੀ। ਉਹਨਾਂ ਵੱਲੋਂ ਸਰਕਾਰੀ ਨੀਤੀ ਅਤੇ ਰਵੱਈਏ ਦੀ ਨਿੰਦਾ ਕਰਦੇ ਬਿਆਨ ਦਾਗ਼ੇ ਜਾ ਰਹੇ ਸਨ ਤੇ ਸਿਆਸੀ ਲੀਡਰਾਂ ਵੱਲੋਂ ਧਰਨਿਆਂ 'ਚ ਗੇੜੇ ਮਾਰੇ ਜਾ ਰਹੇ ਸਨ। ਇਉਂ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਇਹ ਵੋਟ ਵਟੋਰੂ ਪਾਰਟੀਆਂ ਆਪਣੇ ਆਪ ਨੂੰ ਬੇਰੁਜ਼ਗਾਰ ਨੌਜਵਾਨਾਂ ਦੇ ਸੱਚੇ ਦਰਦੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ 'ਚ ਲੱਗੀਆਂ ਹੋਈਆਂ ਸਨ।
ਏਸ ਮੌਕੇ ਨੌਜਵਾਨ ਭਾਰਤ ਸਭਾ ਵੱਲੋਂ ਵਿਸ਼ੇਸ਼ ਪ੍ਰਚਾਰ ਮੁਹਿੰਮ ਚਲਾ ਕੇ ਨੌਜਵਾਨਾਂ ਪ੍ਰਤੀ ਨਕਲੀ ਹੇਜ ਪ੍ਰਗਟ ਕਰ ਰਹੇ ਸਿਆਸੀ ਟੋਲਿਆਂ ਦੇ ਦੰਭ ਨੂੰ ਨੰਗਾ ਕਰਦਿਆਂ ਇਹ ਦੱਸਿਆ ਗਿਆ ਕਿ ਕਿਵੇਂ ਸਾਰੀਆਂ ਵੋਟ ਵਟੋਰੂ ਪਾਰਟੀਆਂ ਹੀ ਰੁਜ਼ਗਾਰ ਦੇ ਉਜਾੜੇ ਲਈ ਜੁੰਮੇਵਾਰ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਇੱਕਮਤ ਹਨ। ਸਭਾ ਵੱਲੋਂ ਸੰਘਰਸ਼ ਦੇ ਰਾਹ ਪਏ ਹੋਏ ਇਹਨਾਂ ਨੌਜਵਾਨਾਂ ਨੂੰ ਵੋਟ ਵਟੋਰੂ ਪਾਰਟੀਆਂ ਦੇ ਝੂਠੇ ਲਾਰਿਆਂ 'ਚ ਆਉਣ ਤੇ ਉਹਨਾਂ ਮਗਰ ਧੂਹੇ ਜਾਣ ਤੋਂ ਖ਼ਬਰਦਾਰ ਕੀਤਾ ਗਿਆ। ਸੱਦਾ ਦਿੱਤਾ ਗਿਆ ਕਿ ਰੁਜ਼ਗਾਰ ਪ੍ਰਾਪਤੀ ਲਈ ਕਿਸੇ ਵੋਟ ਵਟੋਰੂ ਪਾਰਟੀ ਤੋਂ ਆਸ ਕਰਨ ਦੀ ਬਜਾਏ ਉਹ ਆਪਣੇ ਵੱਲੋਂ ਵਿੱਢੇ ਸੰਘਰਸ਼ਾਂ ਨੂੰ ਹੋਰ ਮਜ਼ਬੂਤ ਤੇ ਵਿਸ਼ਾਲ ਕਰਨ ਅਤੇ ਆਪਣੇ ਏਕੇ 'ਤੇ ਹੀ ਟੇਕ ਰੱਖਣ। ਇਹ ਗੱਲ ਜ਼ੋਰ ਨਾਲ ਉਭਾਰੀ ਗਈ ਕਿ ਦੇਸੀ ਵਿਦੇਸ਼ੀ ਧਨਾਢਾਂ ਨੂੰ ਲੁਟਾਏ ਜਾ ਰਹੇ ਮੁਲਕ ਦੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਹਲੇ ਤੋਂ ਬਿਨਾਂ ਅਤੇ ਕਾਰਪੋਰੇਟਾਂ ਦੇ ਸੁਪਰ ਮੁਨਾਫਿਆਂ 'ਤੇ ਰੋਕ ਅਤੇ ਟੈਕਸ ਲਾਏ ਤੋਂ ਬਿਨਾਂ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਨਹੀਂ ਕੀਤੇ ਜਾ ਸਕਦੇ ਹਨ। ਤੇ ਅਜਿਹਾ ਕਰਨਾ ਤਾਂ ਦੂਰ ਕੋਈ ਵੀ ਮੌਕਾਪ੍ਰਸਤ ਸਿਆਸੀ ਪਾਰਟੀ ਇਹਦੀ ਗੱਲ ਕਰਨ ਲਈ ਵੀ ਤਿਆਰ ਨਹੀਂ ਹੈ। ਸੋ ਲੋੜ ਇਸ ਗੱਲ ਦੀ ਹੈ ਕਿ ਰੁਜ਼ਗਾਰ ਪ੍ਰਾਪਤੀ ਲਈ ਲੜ ਰਹੀਆਂ ਵੱਖੋ ਵੱਖ ਟੁਕੜੀਆਂ ਨੂੰ ਇੱਕਜੁੱਟ ਕਰਦੇ ਹੋਏ ਵਿਸ਼ਾਲ ਇੱਕਜੁਟ ਨੌਜਵਾਨ ਲਹਿਰ ਉਸਾਰੀ ਜਾਵੇ ਤੇ ਸੰਘਰਸ਼ ਦੀ ਧਾਰ ਰੁਜ਼ਗਾਰ ਦਾ ਉਜਾੜਾ ਕਰਨ ਵਾਲੀਆਂ ਨਿੱਜੀਕਰਨ ਦੀਆਂ ਨੀਤੀਆਂ ਵੱਲ ਸੇਧਤ ਕਰਦੇ ਹੋਏ ਪੱਕੇ ਅਤੇ ਤਸੱਲੀਬਖਸ਼ ਰੁਜ਼ਗਾਰ ਲਈ ਜ਼ੋਰਦਾਰ ਸੰਘਰਸ਼ ਲੜਿਆ ਜਾਵੇ।
ਆਪਣੇ ਇਸ ਸੁਨੇਹੇ ਨੂੰ ਸਭਾ ਵੱਲੋਂ ਜੂਝ ਰਹੇ ਬੇਰੁਜ਼ਗਾਰਾਂ ਦੇ ਵੱਡੇ ਹਿੱਸੇ ਤੱਕ ਪਹੁੰਚਾਇਆ ਗਿਆ ਹੈ। ''ਕੱਲੇ-ਕੱਲੇ ਮਾਰ ਨਾ ਖਾਓ-'ਕੱਠੇ ਹੋ ਕੇ ਅੱਗੇ ਆਓ'' ਦਾ ਸੁਨੇਹਾ ਦਿੰਦਾ ਇੱਕ ਹੱਥ ਪਰਚਾ ਜੱਥੇਬੰਦੀ ਵੱਲੋਂ 4 ਹਜ਼ਾਰ ਦੀ ਗਿਣਤੀ 'ਚ ਛਪਾਇਆ ਗਿਆ ਤੇ ਬੇਰੁਜ਼ਗਾਰ ਨੌਜਵਾਨਾਂ ਦੇ ਇਕੱਠਾਂ 'ਚ ਵੰਡਿਆ ਗਿਆ। ਸਭਾ ਦੇ ਕਾਰਕੁੰਨਾ ਵੱਲੋਂ ਇਹਨਾਂ ਨੌਜਵਾਨਾਂ ਨਾਲ ਸਰਗਰਮ ਰਾਬਤਾ ਰੱਖਿਆ ਗਿਆ। ਬਹੁਤ ਸਾਰੇ ਮੌਕਿਆਂ 'ਤੇ ਬੇਰੁਜ਼ਗਾਰ ਨੌਜਵਾਨਾਂ ਦੇ ਵੱਖੋ ਵੱਖ ਇਕੱਠਾਂ ਨੂੰ ਸਭਾ ਦੇ ਬੁਲਾਰੇ ਸਿੱਧੇ ਤੌਰ 'ਤੇ ਸੰਬੋਧਤ ਹੋਏ। ਇਉਂ ਸਭਾ ਵੱਲੋਂ ਸੰਘਰਸ਼ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ, ਗੈਸਟ ਫੈਕੁਲਟੀ ਲੈਕਚਰਾਰਾਂ, ਬੇਰੁਜ਼ਗਾਰ ਪੀ.ਟੀ.ਆਈ. (ਸਰੀਰਕ ਸਿੱਖਿਆ) ਅਧਿਆਪਕਾਂ, ਬੇਰੁਜ਼ਗਾਰ ਈ.ਜੀ.ਐੱਸ. ਅਧਿਆਪਕਾਂ ਤੇ ਐਸ.ਟੀ.ਆਰ ਅਧਿਆਪਕਾਂ ਦੇ ਅੰਗ ਸੰਗ ਰਹਿੰਦਿਆਂ ਆਪਣਾ ਸੁਨੇਹਾ ਉਹਨਾਂ ਤੱਕ ਪਹੁੰਚਾਇਆ ਗਿਆ।
ਟੱਪੇ
—ਕਰਮ ਰਾਮਾ
p ਸਭ ਝੂਠ ਤਕਦੀਰਾਂ ਨੇ
ਰੱਬ ਨੇ ਗਰੀਬ ਲੁੱਟਿਆ
ਰੱਬ ਲੁੱਟਿਆ ਅਮੀਰਾਂ ਨੇ।
p ਕੋਈ ਰੱਬ ਨੂੰ ਧਿਆਉਂਦਾ ਏ
ਪਰ ਜਦੋਂ ਲੋੜ ਪੈ ਜਾਏ
ਬੰਦਾ ਭੱਜ ਕੇ ਆਉਂਦਾ ਏ।
p ਉੱਚਾ ਝੰਡਾ ਏ ਬਗਾਵਤ ਦਾ
ਰਾਜਿਆਂ ਦੇ ਰਾਜ ਰੁੜ੍ਹਕੇ
ਹੜ੍ਹ ਆਉਣe ਲੋਕ ਆਫਤ ਦਾ।
p ਸਮਾਂ ਰੋਕਿਆ ਰੁਕਣਾ ਨੀ,
ਹਾਕਮਾਂ ਨੇ ਅੱਤ ਚੁੱਕੀ ਏ
ਪਰ ਸੀਸ ਤਾਂ ਝੁਕਣਾ ਨੀ।
p ਕਿਉਂ ਖੁਦ ਨੂੰ ਠੱਗਦਾ ਏਂ
ਜਿਹੜੇ ਤੇਰਾ ਘਰ ਲੁੱਟਦੇ
ਝੋਲੀ ਉਹਨਾਂ ਮੂਹਰੇ ਅੱਡਦਾ ਏਂ।
p ਮਾਣ-ਤਾਣ ਈ ਗਵਾ ਲਿਆ ਏ
ਉਹਨਾਂ ਦੀ ਜਾ ਚਾਕਰੀ ਕਰੇਂ
ਜਿਹਨਾਂ ਲੁੱਟ ਕੇ ਖਾ ਲਿਆ ਏ।
p ਮੂੰਹ ਬੋਤਲਾਂ ਦੇ ਚੁੰਮਦਾ ਏ
ਗੋਡਿਆਂ ਤੋਂ ਬਾਪੂ ਰਹਿ ਗਿਆ
ਤੇ ਤੂੰ ਬੁਲਟ 'ਤੇ ਘੁੰਮਦਾ ਏਂ।
p ਜਮਾਤਾਂ ਕਾਹਦੀਆਂ ਤੂੰ ਲਾਉਂਦਾ ਏ
ਹਾਕਮਾਂ ਦੀ ਪੰਜ-ਤਿੰਨ ਦਾ
ਤੈਨੂੰ 'ਸਾਬ੍ਹ ਨਾ ਆਉਂਦਾ ਏ।
p ਕਿਹੜੇ ਭਰਮਾਂ 'ਚ ਰਹਿਨਾ ਏਂ,
ਖਜ਼ਾਨਾ ਸਾਡੀ ਧਰਤੀ ਦਾ
ਜੀਹਨੂੰ ਡਾਲਰ ਕਹਿਨਾ ਏਂ।
p ਫੋਕਾ ਰੋਅਬ ਜਮਾਉਨਾ ਏ
ਅਣਖਾਂ 'ਤੇ ਡਾਕੇ ਵੱਜਗੇ,
ਤੇ ਤੂੰ ਭੰਗੜੇ ਪਾਉਨਾ ਏਂ।
ਅਸੰਬਲੀ ਚੋਣਾਂ ਦੀ ਧੂੜ ਬੈਠਣ-ਲੱਗੀ
ਕਿਸਾਨ-ਮਜ਼ਦੂਰ ਸੰਘਰਸ਼ ਐਕਸ਼ਨਾਂ ਦੇ ਰਾਹ 'ਤੇ ਦ੍ਰਿੜ੍ਹ
17 ਕਿਸਾਨ ਮਜਦੂਰ ਜਥੇਬੰਦੀਆਂ ਵੱਲੋਂ ਸਰਕਾਰ ਦੁਆਰਾ ਜਥੇਬੰਦੀਆਂ ਨਾਲ ਪਿਛਲੇ ਸਮੇ 'ਚ ਘੋਲਾਂ ਦੇ ਦਬਾਅ ਤਹਿਤ ਕੀਤੇ ਸਮਝੌਤੇ ਤੇ ਵਾਅਦਿਆਂ ਨੂੰ ਲਾਗੂ ਕਰਾਉਣ ਲਈ 28 ਫਰਵਰੀ ਨੂੰ ਪਰਿਵਾਰਾਂ ਸਮੇਤ ਰਾਜ ਦੇ ਲਗ ਭਗ ਸਮੂਹ ਡੀ ਸੀ ਦਫਤਰਾਂ ਅੱਗੇ ਰੋਹ ਭਰਪੂਰ ਧਰਨੇ ਦਿੱਤੇ ਗਏ। ਇਹਨਾਂ ਧਰਨਿਆਂ 'ਚ ਲਗ ਭਗ 15000 ਮਰਦ ਔਰਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ । ਇਸ ਮੌਕੇ ਮੰਗ ਕੀਤੀ ਗਈ ਕਿ ਮਜ਼ਦੂਰ ਘਰਾਂ 'ਚੋਂ ਬਿਜਲੀ ਦੇ ਮੀਟਰ ਪੁੱਟਣੇ ਤੁਰੰਤ ਬੰਦ ਕੀਤੇ ਜਾਣ ਤੇ ਬਿੱਲਾਂ ਦੇ ਖੜ੍ਹੇ ਸਾਰੇ ਬਕਾਏ ਖਤਮ ਕੀਤੇ ਜਾਣ, ਬਿੱਲ ਮੁਆਫੀ ਸੰਬੰਧੀ ਜਾਤ ਧਰਮ ਦੀ ਸ਼ਰਤ ਹਟਾਉਣ ਦੇ ਸਪਸ਼ਟ ਹੁਕਮ ਜਾਰੀ ਕੀਤੇ ਜਾਣ, ਮਜਬੂਰੀ ਵੱਸ ਫਸਲਾਂ ਪਾਲਣ ਲਈ ਕੁੰਡੀ ਕੁਨੈਕਸ਼ਨਾਂ ਨਾਲ ਮੋਟਰਾਂ ਚਲਾ ਰਹੇ ਕਿਸਾਨਾਂ ਦੀਆਂ ਤਾਰਾਂ ਉਤਾਰਨੀਆਂ ਬੰਦ ਕੀਤੀਆਂ ਜਾਣ, ਕਿਸਾਨਾਂ ਸਿਰ ਪਾਏ ਭਾਰੀ ਜੁਰਮਾਨੇ ਤੇ ਕੇਸ ਵਾਪਸ ਲਏ ਜਾਣ ਤੇ ਉਹਨਾਂ ਨੂੰ ਪੱਕੇ ਕੁਨੈਕਸ਼ਨ ਜਾਰੀ ਕੀਤੇ ਜਾਣ। ਖੇਤੀ ਮੋਟਰਾਂ ਦੇ ਖੜ੍ਹੇ 357 ਕਰੋੜ ਰੁਪਏ ਦੇ ਬਕਾਏ ਕਿਸਾਨਾਂ ਦੇ ਖਾਤਿਆਂ 'ਚੋਂ ਖਤਮ ਕੀਤੇ ਜਾਣ, ਸਰਵੇ 'ਚ ਸ਼ਾਮਲ ਜਿਲਾ ਬਠਿੰਡਾ ਤੇ ਸੰਗਰੂਰ ਦੇ ਖੁਦਕਸ਼ੀ ਪੀੜਤ ਕਿਸਾਨ ਮਜ਼ਦੂਰ ਪਰਿਵਾਰਾਂ ਨੂੰ ਤੁਰੰਤ ਮੁਆਵਜਾ ਤੇ ਨੌਕਰੀ ਦਿੱਤੀ ਜਾਵੇ, ਗੋਬਿੰਦਪੁਰਾ ਮਾਮਲੇ 'ਚ ਹੋਏ ਸਮਝੌਤੇ ਤਹਿਤ ਕਿਸਾਨਾਂ ਨੂੰ ਦਿੱਤੀ ਗਈ ਬਦਲਵੀਂ ਜਮੀਨ ਦੇ ਇੰਤਕਾਲ ਤੇ ਜਮਾਬੰਦੀਆਂ ਸਬੰਧਤ ਕਿਸਾਨਾਂ ਦੇ ਨਾਂਅ ਕੀਤੀਆਂ ਜਾਣ, ਪਿੰਡ ਦੇ ਖੇਤ ਮਜ਼ਦੂਰਾਂ ਤੇ ਬੇਜਮੀਨੇ ਪਰਿਵਾਰਾਂ ਨੂੰ 3-3 ਲੱਖ ਰਪੱਏ ਮੁਆਵਜਾ ਤੇ ਨੌਕਰੀ ਦਿੱਤੀ ਜਾਵੇ , ਘੋਲ ਦੌਰਾਨ ਗੰਭੀਰ ਜਖਮੀਆਂ ਨੂੰ 50-50 ਹਜਾਰ ਤੇ ਆਮ ਜਖਮੀਆਂ ਨੂੰ 25-25 ਹਜਾਰ ਮੁਆਵਜਾ ਦਿੱਤਾ ਜਾਵੇ, ਗੋਬਿੰਦਪੁਰਾ ਘੋਲ ਸਮੇਤ ਪੰਜਾਬ ਤੇ ਚੰਡੀਗੜ੍ਹ 'ਚ ਅੰਦੋਲਨਾ ਦੌਰਾਨ ਬਣੇ ਸਾਰੇ ਕੇਸ ਵਾਪਸ ਲਏ ਜਾਣ ਦਾ ਅਮਲ ਮੁਕੰਮਲ ਕੀਤਾ ਜਾਵੇ, ਘੋਲਾਂ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਦੇ ਇੱਕ -ਇੱਕ ਜੀਅ ਨੂੰ ਪੱਕੀ ਨੌਕਰੀ ਦਿੱਤੀ ਜਾਵੇ। ਨਰੇਗਾ ਦੇ ਖੜ੍ਹੇ ਸਾਰੇ ਬਕਾਏ ਤੁਰੰਤ ਦਿੱਤੇ ਜਾਣ, ਬੇਘਰੇ ਤੇ ਲੋੜਵੰਦਾ ਨੂੰ ਤੁਰੰਤ ਪਲਾਟ ਦਿੱਤੇ ਜਾਣ ਆਦਿ। ਵਰਨਣਯੋਗ ਹੈ ਕਿ ਪਿਛਲੇ ਵਰ੍ਹੇ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਲੜੇ ਗਏ ਲੰਮੇ , ਦ੍ਰਿੜ ਤੇ ਸਿਰੜੀ ਘੋਲਾਂ ਦੀ ਬਦੌਲਤ ਅਕਾਲੀ-ਭਾਜਪਾ ਸਰਕਾਰ ਵੱਲੋਂ ਉਕਤ ਮੰਗਾਂ ਸਮੇਤ ਦੋਹਾਂ ਤਬਕਿਆਂ ਦੀਆਂ ਕਈ ਅਹਿਮ ਮੰਗਾਂ ਬਾਰੇ ਸਮਝੌਤੇ ਅਤੇ ਵਾਅਦੇ ਕੀਤੇ ਗਏ ਸਨ। ਪਰ ਇਹਨਾਂ ਨੂੰ ਲਾਗੂ ਕਰਨ ਤੋਂ ਲਗਾਤਾਰ ਟਾਲਮਟੋਲ ਵਾਲਾ ਰਵੱਈਆ ਅਪਣਾਇਆ ਗਿਆ। ਇਸ ਤੋਂ ਵੀ ਅੱਗੇ ਚੋਣਾਂ ਲੰਘਦੇ ਸਾਰ ਹੀ ਖੇਤ ਮਜ਼ਦੂਰਾਂ ਵੱਲ ਖੜ੍ਹੇ ਬਿਜਲੀ ਦੇ ਬਕਾਏ ਵਸੂਲਣ ਦੇ ਲਈ ਵੱਡੀ ਪੱਧਰ ਤੇ ਮੀਟਰ ਪੁਟਣ ਦੀ ਮੁਹਿਮ ਵੀ ਵਿਢ ਦਿੱਤੀ ਗਈ। ਇਉਂ ਹੀ ਮਜਬੂਰੀ ਵੱਸ ਕੁੰਡੀ ਕੁਨੈਕਸ਼ਨਾਂ ਨਾਲ ਖੇਤੀ ਮੋਟਰਾਂ ਚਲਾ ਰਹੇ ਕਿਸਾਨਾਂ ਦੀਆਂ ਤਾਰਾਂ ਉਤਾਰਨ, ਭਾਰੀ ਜੁਰਮਾਨੇ ਤੇ ਕੇਸ ਪਾਉਣ ਦਾ ਅਮਲ ਵੀ ਸ਼ੁਰੂ ਕਰ ਦਿੱਤਾ ਗਿਆ।
ਸਰਕਾਰ ਵੱਲੋਂ ਮੰਗਾਂ ਲਾਗੂ ਕਰਨ ਦੀ ਥਾਂ ਉਲਟਾ ਵਿਢੇ ਗਏ ਉਕਤ ਹਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਿੱਥੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਮੰਗਾਂ ਲਾਗੂ ਕਰਾਉਣ ਤੇ ਇਸ ਤਾਜਾ ਹਮਲੇ ਨੂੰ ਰੋਕਣ ਲਈ 28 ਫਰਵਰੀ ਦੇ ਧਰਨਿਆਂ ਦਾ ਐਲਾਨ ਕੀਤਾ ਗਿਆ ਉਥੇ ਮੀਟਰ ਪੁੱਟਣ ਤੇ ਤਾਰਾਂ ਲਾਹੁਣ ਆਉਂਦੀਆਂ ਟੀਮਾਂ ਦਾ ਥਾਂ ਪੁਰ ਥਾਂ ਵਿਰੋਧ ਕਰਨ ਦਾ ਵੀ ਫੈਸਲਾ ਕੀਤਾ ਗਿਆ। ਸਰਕਾਰ ਤੇ ਪਾਵਰਕੌਮ ਵੱਲੋਂ ਮੀਟਰ ਪੁੱਟਣ ਦੇ ਇਹਨਾ ਕਦਮਾਂ ਦਾ ਖੇਤ ਮਜਦੂਰਾਂ ਤੇ ਕਿਸਾਨਾਂ ਵੱਲੋ ਤਿੱਖੇ ਰੋਸ ਨਾਲ ਢੁੱਕਵਾਂ ਜਵਾਬ ਦਿੱਤਾ ਗਿਆ। ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੌੜਿਆਂ ਵਾਲਾ ਨੂੰ ਚੋਣਵਾਂ ਨਿਸ਼ਾਨਾ ਬਣਾ ਕੇ ਦੋ ਵਾਰ ਮੀਟਰ ਪੁੱਟਣ ਦੀ ਕੀਤੀ ਕੋਸ਼ਿਸ਼, ਕਿਸਾਨ ਮਜਦੂਰ ਮਰਦ ਔਰਤਾਂ ਵੱਲੋਂ ਆਈ ਟੀਮ ਦਾ ਘਿਰਾਓ ਕਰਕੇ ਠੁੱਸ ਕਰ ਦਿੱਤੀ ਗਈ। ਇਉਂ ਜਿਲ੍ਹੇ ਦੇ ਪਿੰਡ ਖੇਮੂਆਣਾ ਵਿੱਚ ਬਕਸਿਆਂ ਵਿੱਚ ਮੀਟਰ ਲੱਗੇ ਹੋਣ ਦਾ ਲਾਹਾ ਲੈ ਕੇ ਮਹਿਕਮੇ ਵੱਲੋਂ ਕਰੀਬ ਦੋ ਦਰਜਣ ਮਜਦੂਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਜਿਸ ਦੇ ਵਿਰੋਧ ਵਿੱਚ ਐਸ ਡੀ ਓ ਦਫਤਰ ਨਥਾਣਾ ਅੱਗੇ ਧਰਨਾ ਦਿੱਤਾ ਗਿਆ। ਉਥੇ ਜਨਤਕ ਤੌਰ 'ਤੇ ਐਲਾਨ ਕਰਕੇ ਮਜਦੂਰਾਂ ਵੱਲੋਂ ਖੁਦ ਹੀ ਕੁਨੈਕਸ਼ਨ ਮੁੜ ਚਾਲੂ ਕਰ ਦਿੱਤੇ ਗਏ । ਇਸ ਤੋਂ ਇਲਾਵਾ ਜਿਲ੍ਹੇ ਦੇ ਅੱਧੀ ਦਰਜਨ ਹੋਰ ਪਿੰਡਾਂ 'ਚ ਮੀਟਰ ਪੁੱਟਣ ਆਈਆਂ ਟੀਮਾਂ ਦਾ ਕਿਸਾਨਾਂ ਮਜਦੂਰਾਂ ਵੱਲੋਂ ਡਟਵਾਂ ਵਿਰੋਧ ਕਰਨ 'ਤੇ ਉਹਨਾਂ ਨੂੰ ਬਰੰਗ ਮੁੜਨਾ ਪਿਆ। ਜਿਲ੍ਹਾ ਮੁਕਤਸਰ ਦੇ ਪਿੰਡ ਗਿਲਜੇਵਾਲਾ 'ਚ ਵੀ ਕੁਨੈਕਸ਼ਨ ਕੱਟਣ ਦੇ ਵਿਰੋਧ ਵਿੱਚ ਐਸ. ਡੀ. ਓ. ਦਫਤਰ ਦੋਦਾ ਦਾ ਘਿਰਾਓ ਕਰਨ ਤੋਂ ਬਾਅਦ ਬਿਜਲੀ ਦੀ ਸਪਲਾਈ ਖੁਦ ਚਾਲੂ ਕਰ ਦਿੱਤੀ ਗਈ। ਇਸ ਤੋਂ ਇਲਾਵਾ ਜਿਲ੍ਹਾ ਫਰੀਦਕੋਟ ਦੇ ਪਿੰਡ ਕਾਬਲਵਾਲਾ ਤੇ ਹਸਨਭੱਟੀ, ਅੰਮ੍ਰਿਤਸਰ ਦੇ ਪਿੰਡ ਬਤਾਲਾ, ਮਹਿਤਾ,ਧਿਆਨਪੁਰ , ਧਰਦਿਓਂ, ਲੱਖੂਵਾਲ, ਬਾਸਰਕੇ ਗਿੱਲਾਂ, ਤਰਨਤਾਰਨ ਦੇ ਪਿੰਡ ਕੋਟ ਦਸੰਧੀ ਮੱਲ ਤੇ ਤਰਿੰਗੀ, ਜਲੰਧਰ ਦੇ ਪਿੰਡ ਮਾਹੂੰਵਾਲ, ਕਾਕੜਾ, ਸਾਰੰਗਵਾਲ ਤੇ ਜਾਫਰਵਾਲ ਤੇ ਮੋਗਾ ਜਿਲ੍ਹੇ ਦੇ ਪਿੰਡ ਮਾਣੂੰਕੇ, ਘੋਲੀਆ ਕਲਾਂ ਤੇ ਫੂਲੇ ਵਾਲਾ ਆਦਿ ਪਿੰਡਾਂ 'ਚ ਮਜਦੂਰ ਘਰਾਂ 'ਚੋਂ ਮੀਟਰ ਪੁੱਟਣ ਆਈਆਂ ਟੀਮਾਂ ਦਾ ਕਿਸਾਨਾਂ ਮਜ਼ਦੂਰਾਂ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ ਅਤੇ ਬਹੁਤੇ ਥਾਵਾਂ ਤੇ ਘਿਰਾਓ ਕਰਕੇ ਪੁੱਟੇ ਹੋਏ ਮੀਟਰ ਮੁੜ ਚਾਲੂ ਕਰਨ ਤੋਂ ਬਾਅਦ ਹੀ ਘਿਰਾਓ ਖਤਮ ਕੀਤਾ ਗਿਆ। ਕੁੱਝ ਥਾਈਂ ਐਸ.ਡੀ.ਓ. ਤੇ ਐਕਸੀਅਨ ਦਫਤਰਾਂ ਦੇ ਘਿਰਾਓ ਵੀ ਕੀਤੇ ਗਏ ਜਦੋਂ ਕਿ ਹਰੀਕੇ ਵਿਖੇ ਅੰਮ੍ਰਿਤਸਰ ਫਿਰੋਜਪੁਰ ਰੋਡ 'ਤੇ ਜਾਮ ਵੀ ਲਾਇਆ ਗਿਆ। ਇਉਂ ਜਿੱਥੇ ਵੀ ਕਿਤੇ ਮਜਦੂਰਾਂ ਦੇ ਕੁਨੈਕਸ਼ਨ ਕੱਟਣ ਦੀ ਕੋਸ਼ਿਸ਼ ਕੀਤੀ ਗਈ ਉਥੇ ਹੀ ਕਿਸਾਨ ਮਜਦੂਰ ਜਥੇਬੰਦੀਆਂ ਵੱਲੋਂ ਡਟਵਾਂ ਵਿਰੋਧ ਕੀਤਾ ਗਿਆ। ਸੋ ਹੇਠਾਂ ਬਣੀ ਹੋਈ ਇਹ ਹਾਲਤ ਧਰਨਿਆਂ ਦੀ ਜੋਰਦਾਰ ਤਿਆਰੀ ਦਾ ਅੰਗ ਵੀ ਹੋ ਨਿੱਬੜੀ।
ਅਕਾਲੀ ਭਾਜਪਾ ਸਰਕਾਰ ਵੱਲੋਂ ਕਿਸਾਨ-ਮਜਦੂਰ ਜਥੇਬੰਦੀਆਂ ਦੇ ਕਰੜੇ ਸ਼ੰਘਰਸ਼ਾਂ ਦੇ ਦਬਾਅ ਹੇਠ ਕੀਤੇ ਸਮਝੌਤਿਆਂ ਅਤੇ ਵਾਅਦਿਆਂ ਨੂੰ ਲਾਗੂ ਕਰਨ ਤੋਂਂ ਟਾਲਾ ਵੱਟਣ ਜਾਂ ਨਵਾਂ ਹਮਲਾ ਵਿੱਢਣ ਦੀ ਕੋਸ਼ਿਸ਼ ਕੋਈ ਨਵੀਂ ਜਾਂ ਹੈਰਾਨੀਜਨਕ ਨਹੀਂ ਸਗੋਂ ਸਭਨਾਂ ਸਰਕਾਰਾਂ ਦਾ ਹਮੇਸ਼ਾਂ ਹੀ ਇਹ ਕਿਰਦਾਰ ਰਿਹਾ ਹੈ ਕਿ ਉਹ ਸੰਘਰਸ਼ÎÎਾਂ ਦੇ ਦਬਾਅ ਹੇਠ ਮੰਗਾਂ ਮੰਨਣ ਲਈ ਤਾਂ ਮਜਬੂਰ ਹੋ ਜਾਂਦੀਆਂ ਹਨ ਪਰ ਬਾਅਦ ਵਿੱਚ ਇਹਨਾਂ ਨੂੰ ਲਾਗੂ ਕਰਨ ਤੋਂ ਟਾਲਾ ਵੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਉਂ ਲੋਕਾਂ ਨੂੰ ਮੰਗਾਂ ਮਨਾਉਣ ਤੋਂ ਬਾਅਦ ਮੁੜ ਘੋਲ ਦੀ ਹੀ ਜਰੂਰਤ ਪੈਂਦੀ ਹੈ। ਪਿਛਲੇ ਸਮੇ ਤੋਂ ਜਿਵੇਂ ਜਿਵੇਂ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਦਾ ਅਮਲ ਤੇਜ ਹੁੰਦਾ ਜਾ ਰਿਹਾ ਹੈ ਉਵੇਂ ਉਵੇਂ ਮੰਗਾਂ ਮਨਾਉਣ ਤੋਂ ਬਾਅਦ ਲਾਗੂ ਕਰਾਉਣ ਦਾ ਅਮਲ ਵੀ ਵਧੇਰੇ ਲਮਕਵਾਂ ਤੇ ਸਖਤ ਹੁੰਦਾ ਜਾ ਰਿਹਾ ਹੈ। ਅਕਾਲੀ-ਭਾਜਪਾ ਸਰਕਾਰ ਦਾ ਅਮਲ ਤਾਂ ਆਪਣੇ ਹੋਂਦ 'ਚ ਆਉਣ ਤੋਂ ਲੈ ਕੇ ਹੀ ਅਜਿਹਾ ਰਹਿੰਦਾ ਆ ਰਿਹਾ ਹੈ। ਸਰਕਾਰਾਂ ਦਾ ਇਹ ਰਵਈਆ ਲੋਕਾਂ ਪ੍ਰਤੀ ੁਉਹਨਾਂ ਦੇ ਤਿੱਖੇ ਹੁੰਦੇ ਜਾ ਰਹੇ ਜਮਾਤੀ ਦੁਸ਼ਮਣਾਨਾ ਰਿਸ਼ਤੇ ਦਾ ਹੀ ਸਿੱਟਾ ਹੈ। ਇਸੇ ਪੱਖ ਨੂੰ ਧਿਆਨ ਵਿੱਚ ਰਖਦਿਆਂ ਜਥੇਬੰਦੀਆਂ ਵੱਲੋਂ ਮੰਗਾਂ ਮੰਨਣ ਤੋਂ ਬਾਅਦ ਲਾਗੂ ਕਰਾਉਣ ਲਈ ਮੁੜ ਘੋਲ ਲਈ ਤਿਆਰ ਰਹਿਣ ਦਾ ਲੋਕਾਂ ਨੂੰ ਅਗਾਊਂ ਹੀ ਸੱਦਾ ਵੀ ਦਿੱਤਾ ਗਿਆ ਸੀ।
ਬਾਦਲ ਸਰਕਾਰ ਦਾ ਇਹੀ ਵਿਹਾਰ ਇਨ੍ਹਾਂ ਮੰਗਾਂ ਨੂੰ ਲੈ ਕੇ ਚੱਲੇ ਸੰਘਰਸ਼ ਦੌਰਾਨ ਜਥੇਬੰਦੀਆਂ ਨਾਲ ਚਲਦੇ ਰਹੇ ਗਲ ਬਾਤ ਦੇ ਗੇੜਾਂ ਦੌਰਾਨ ਵੀ ਸਪਸ਼ਟ ਦਿਸਦਾ ਰਿਹਾ ਹੈ। ਉਹ ਗੱਲਬਾਤ ਮਸਲਿਆਂ ਦੇ ਹੱਲ ਲਈ ਨਹੀਂ, ਸਗੋਂ ਘੋਲਾਂ ਨੂੰ ਮੱਧਮ ਪਾਉਣ ਤੇ ਠਿੱਬੀ ਲਾਉਣ ਦੇ ਪੈਂਤੜੇ ਤੋਂ ਹੀ ਕਰਦੀ ਰਹੀ ਹੈ। ਗੋਬਿੰਦਪੁਰਾ ਘੋਲ ਦੌਰਾਨ ਗੱਲਬਾਤ ਦੇ ਗੇੜ ਨੂੰ ਬਾਰ ਬਾਰ ਲਮਕਾਉਣ ਤੋਂ ਇਲਾਵਾ ਬਾਕੀ ਮੰਗਾਂ ਬਾਰੇ ਮੀਟਿੰਗ ਹੀ ਨਾ ਦੇਣਾ ਤੇ ਚੰਡੀਗੜ੍ਹ ਦੇ ਐਕਸ਼ਨ ਤੋਂ ਐਨ ਪਹਿਲਾਂ ਭੰਬਲਭੂਸਾ ਪੈਦਾ ਕਰਨ ਲਈ ਇਕਤਰਫਾ ਪ੍ਰੈਸ ਰਾਹੀਂ ਮੀਟਿੰਗ ਦਾ ਐਲਾਨ ਕਰਨ ਵਰਗੇ ਵਰਤੇ ਗਏ ਹੱਥ ਕੰਡੇ ਇਸੇ ਗੱਲ ਦੀ ਹੀ ਪੁਸ਼ਟੀ ਕਰਦੇ ਹਨ ਕਿ ਸਰਕਾਰ ਮਜ਼ਦੂਰਾਂ ਕਿਸਾਨਾਂ ਦੇ ਮਸਲੇ ਢਿੱਡੋਂ ਹੱਲ ਨਹੀਂ ਕਰਨਾ ਚਾਹੁੰਦੀ। ਇਹਨਾਂ ਨੂੰ ਪਰਵਾਨ ਕਰਨ ਦਾ ਕੌੜਾ ਅੱਕ ਤਾਂ ਉਸ ਨੂੰ ਭਾਰੀ ਜਬਰ ਝੱਲ ਕੇ ਵੀ ਘੋਲਾਂ ਦੇ ਜਾਰੀ ਰਹਿਣ ਅਤੇ ਹੋਰ ਭਖਣ ਦੀ ਹਾਲਤ 'ਚ ਮਜਬੂਰੀ ਵੱਸ ਹੀ ਚੱਬਣਾਂ ਪਿਆ ਹੈ। ਸੋ ਇਹਨਾਂ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਜਥੇਬੰਦੀਆਂ ਨੂੰ ਘੋਲਾਂ ਤੇ ਹੀ ਟੇਕ ਰੱਖਣੀ ਪੈਣੀ ਹੈ।
—ਫੀਲਡ ਰੋਪੋਰਟਰ
ਸਰਗਰਮ ਸਿਆਸੀ ਮੁਹਿੰਮ......
ਦੋ ਦਿਲਚਸਪ ਝਲਕੀਆਂ
ਸਾਡੇ ਅਫਸਰ ਵੀ ਤਾਂ....ਚੋਣਾਂ ਤੋਂ 10 ਕੁ ਦਿਨ ਪਹਿਲਾਂ ਪਿੰਡ ਢਪਾਲੀ (ਬਠਿੰਡਾ) ਦੇ ਪੁਲ 'ਤੇ ਲੱਗੇ ਨਾਕੇ 'ਤੇ ਪੁਲਸ ਨੇ ਭੋਲਾ ਸਿੰਘ ਬੁੱਗਰ ਦੀ ਅਗਵਾਈ ਵਿੱਚ ''ਪਗੜੀ ਸੰਭਾਲ ਕਾਨਫਰੰਸ'' ਦਾ ਪਰਚਾਰ ਕਰਦੇ ਫਿਰਦੇ ਇੱਕ ਕਾਫਲੇ ਨੂੰ ਰੋਕ ਲਿਆ ਅਖੇ ''ਦਫਾ 144 ਲੱਗੀ ਹੋਈ ਹੈ, ਤੁਸੀਂ ਸਪੀਕਰ ਦੀ ਮਨਜੂਰੀ ਕਿਉਂ ਨਹੀਂ ਲਈ।'' ਭੋਲਾ ਸਿੰਘ ਨੇ ਕਿਹਾ ਦਫਾ 144 ਚੋਣਾਂ ਲਈ ਲੱਗੀ ਹੈ ਮਨਜੂਰੀ ਵੀ ਤਾਂ ਚੋਣ ਉਮੀਦਵਾਰਾਂ ਨੂੰ ਹੀ ਲੈਣੀ ਪੈਣੀ ਹੈ। ਇਹਦੇ ਨਾਲ ਸਾਡਾ ਪ੍ਰਚਾਰ ਦਾ ਜਮਹੁਰੀ ਹੱਕ ਕਿਵੇਂ ਮਾਰਿਆ ਗਿਆ? ਕਾਫੀ ਬਹਿਸ ਮੁਬਾਹਸਾ ਹੋਇਆ ਪਰ ਮੌਕੇ ਦਾ ਅਫਸਰ ਨਾ ਮੰਨਿਆ। ਇਸ ਹਾਲਤ ਵਿੱਚ ਕਾਫਲੇ ਨੇ ਇੱਕ ਪਾਸੇ ਬੀ.ਕੇ.ਯੂ.ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਨੂੰ ਫੋਨ ਕਰ ਦਿੱਤਾ ਤੇ ਦੂਜੇ ਪਾਸੇ ਉਥੇ ਹੀ ਰੈਲੀ ਸ਼ੁਰੂ ਕਰ ਦਿੱਤੀ- ਨਾਲ ਬੋਲਣਾ ਸ਼ੁਰੂ ਕਰ ਦਿੱਤਾ ਕਿ ''ਇਹ ਕੇਹੀ ਜਮਹੂਰੀਅਤ ਹੈ। ਇੱਕ ਸਿਪਾਹੀ ਨੂੰ ਸਾਈਕਲ ਅਲਾਊਂਸ 20 ਰੁਪਏ ਮਹੀਨਾ ਮਿਲਦਾ ਹੈ, ਅਫਸਰਾਂ ਨੂੰ ਟੀ.ਏ. 25 ਰੁਪਏ ਕਿਲੋਮੀਟਰ ਮਿਲਦਾ ਹੈ।'' ਆਦਿ। ਇੱਕ ਸਿਪਾਹੀ ਕਹਿਣ ਲੱਗਾ ''ਗੱਲ ਤਾਂ ਇਹ ਠੀਕ ਕਰਦੇ ਐ।'' ਅਫਸਰ ਖਿਝ ਕੇ ਪਿਆ, ''ਪਤਾ ਨੀਂ ਤੂੰ ਡਿਊਟੀ 'ਤੇ ਐਂ'' ਉਹ ਕਹਿਣ ਲੱਗਾ ਡਿਊਟੀ ਤਾਂ ਠੀਕ ਐ ਜੀ ਪਰ ਗੱਲਾਂ ਤਾਂ ਇਹਨਾਂ ਦੀਆਂ ਗਲਤ ਨਹੀਂ।'' ਏਨੇ ਨੂੰ ਜ਼ਿਲ੍ਹਾ ਪ੍ਰਧਾਨ ਦੀ ਡੀ.ਸੀ. ਬਠਿੰਡਾ ਨਾਲ ਗੱਲ ਹੋਈ ਕਿ ''ਚੋਣਾਂ ਖਾਤਰ ਲੱਗੇ ਜਾਬਤੇ ਦਾ ਸਾਡੇ ਪ੍ਰਚਾਰ ਨਾਲ ਕੀ ਸਬੰਧ? ਤੁਸੀਂ ਸਬੰਧਤ ਅਫਸਰ ਨੂੰ ਰੋਕੋ ਐਵੇਂ ਪੰਗਾ ਖੜ੍ਹਾ ਕਰਨਗੇ।'' ਡੀ.ਸੀ. ਕਹਿਣ ਲੱਗਾ ''ਸਾਡੇ ਅਫਸਰ ਵੀ ਤਾਂ ਐਸੇ ਵੈਸੇ ਈ ਨੇ, ਸਾਰਿਆਂ ਨੂੰ ਇੱਕੋ ਰੱਸੇ ਬੰਨ੍ਹ ਲੈਂਦੇ ਨੇ। ਮੈਂ ਕਰਦਾਂ ਗੱਲ, ਪਰ ਤੁਸੀਂ ਵੀ ਮਨਜੂਰੀ ਵਗੈਰਾ ਤਾਂ ਲੈ ਈ ਲਿਆ ਕਰੋ। ਮੈਂ ਕਿਹੜਾ ਜਵਾਬ ਦਿੰਨਾ।'' ਪ੍ਰਧਾਨ ਨੇ ਕਿਹਾ, ''ਇਹ ਸੁਆਲ ਵੱਖ ਹੈ ਆਪਾਂ ਵੱਖਰੀ ਗੱਲ ਕਰਲਾਂਗੇ। ਪਰ ਤੁਸੀਂ ਇਹ ਮਾਮਲਾ ਤਾਂ ਹੱਲ ਕਰੋ।'' ''ਉਹ ਤਾਂ ਮੈਂ ਕਰਦੈਂ'' ਕਹਿ ਕੇ ਡੀ.ਸੀ. ਨੇ ਫੋਨ ਰੱਖ ਦਿੱਤਾ। 15 ਮਿੰਟਾਂ ਬਾਅਦ ਕਾਫਲੇ ਨੂੰ ਛੱਡ ਦਿੱਤਾ ਗਿਆ ਤੇ ਉਹ ਮਿਥੇ ਰਾਹ ਰਵਾਨਾ ਹੋ ਗਿਆ।
ਚੱਲੋ ਗਲਤੀ ਹੋਗੀ, ਹੁਣ ਹੋਰ ਨੀ ਪਾੜਦੇ
ਦੋ ਕੁ ਦਿਨ ਬਾਅਦ, ਚੋਣ ਜਾਬਤਾ ਕਮੇਟੀ ਦਾ ਇੱਕ ਦਸਤਾ ਤਹਿਸੀਲਦਾਰ ਭਗਤਾ ਦੀ ਅਗਵਾਈ ਹੇਠ ਕੋਠਾ ਗੁਰੂ ਸੱਥ ਵਿੱਚ ਆ ਗਿਆ। ਉਸਨੇ ਆਉਂਦਿਆਂ ਹੀ ਦੀਵਾਰਾਂ 'ਤੇ ਲੱਗੇ ਪੋਸਟਰ ਪਾੜਨੇ ਅਤੇ ਨਾਹਰੇ ਢਾਹੁਣੇ ਸ਼ੁਰੂ ਕਰ ਦਿੱਤੇ। ਅਗਲੇ ਦਿਨ ਪਿੰਡ ਵਿੱਚ ਡਰਾਮੇ ਸਨ। ਪਿੰਡ ਦੇ ਨੌਜੁਆਨ ਤੇ ਕਿਸਾਨ ਕਰਿੰਦੇ ਪਿੰਡ ਵਿੱਚ ਇਕੱਠੇ ਹੀ ਫਿਰਦੇ ਸਨ। ਖਬਰ ਮਿਲਦਿਆਂ ਹੀ ਉਹ ਮੌਕੇ 'ਤੇ ਪਹੁੰਚ ਗਏ। ਉਹਨਾਂ ਨੇ ਤਹਿਸੀਲਦਾਰ ਤੋਂ ਪੋਸਟਰ ਪਾੜਨ ਦੀ ਵਜਾਹ ਪੁੱਛੀ ਤਾਂ ਉਹ ਕਹਿਣ ਲੱਗਾ ''ਚੋਣ ਜਾਬਤਾ ਲਾਗੂ ਹੈ, ਤੁਸੀਂ ਨਾ ਨਾਹਰੇ ਲਿਖ ਸਕਦੇ ਹੋ, ਨਾ ਪੋਸਟਰ ਲਾ ਸਕਦੇ ਹੋ।'' ਕਿਸਾਨ ਤੇ ਨੌਜਵਾਨ ਆਗੂਆਂ ਨੇ ਕਿਹਾ, ''ਪਗੜੀ ਸੰਭਾਲ ਕਾਨਫਰੰਸ'' ਸਬੰਧੀ ਨਾਹਰਿਆਂ ਤੇ ਪੋਸਟਰਾਂ ਦਾ ਚੋਣ ਜਾਬਤੇ ਨਾਲ ਕੀ ਸਬੰਧ? ਇਹ ਸਾਡਾ ਜਮਹੂਰੀ ਹੱਕ ਹੈ।'' ਤਹਿਸੀਲਦਾਰ ਜ਼ਰਾ ਹੋਰ ਖਰ੍ਹਵਾ ਹੋ ਕੇ ਕਹਿਣ ਲੱਗਾ, ''ਤੁਸੀਂ ਸਰਕਾਰੀ ਬਿਲਡਿੰਗ 'ਤੇ ਪੋਸਟਰ ਕਿਵੇਂ ਲਾ ਸਕਦੇ ਹੋ?'' ਇੱਕ ਸਰਗਰਮ ਵਰਕਰ ਬੋਲਿਆ, ''ਇਹ ਸਰਕਾਰੀ ਬਿਲਡਿੰਗ ਸਾਡੇ ਪਿੰਡ ਦੀ ਜ਼ਮੀਨ 'ਤੇ ਬਣੀ ਹੈ, ਸਾਡਾ ਅਧਿਕਾਰ ਕਿਉਂ ਨਹੀਂ?'' ਤਹਿਸੀਲਦਾਰ ਨੇ ਮੋੜਵਾਂ ਵਾਰ ਕਰਦਿਆਂ ਕਿਹਾ, ''ਜ਼ਮੀਨ ਤੁਹਾਡੀ ਐ, ਪਰ ਇਹ ਬਿਲਡਿੰਗ ਤਾਂ ਸਰਕਾਰੀ ਖਰਚੇ 'ਚੋਂ ਬਣੀ ਐ।'' ਝੱਟ ਇੱਕ ਹੋਰ ਵਰਕਰ ਬੋਲ ਉੱਠਿਆ, ''ਬਿਲਡਿੰਗ ਤੁਸੀਂ ਨਿੱਜੀ ਜੇਬ 'ਚੋਂ ਬਣਾਈ ਐ? ਸਾਡੇ ਪਿੰਡ 'ਚੋਂ ਹਰ ਸਾਲ ਢਾਈ ਕਰੋੜ ਮਾਰਕੀਟ ਫੀਸ ਜਾਂਦੀ ਹੈ।'' ਏਨੇ ਨੂੰ ਬੀ.ਕੇ.ਯੂ. ਦਾ ਇੱਕ ਸੀਨੀਅਰ ਆਗੂ ਆ ਗਿਆ। ਉਸਨੇ ਤਹਿਸੀਲਦਾਰ ਨੂੰ ਢਪਾਲੀ ਦੀ ਘਟਨਾ ਤੇ ਡੀ.ਸੀ. ਦਾ ਫੈਸਲਾ ਸੁਣਾਇਆ ਤਾਂ ਤਹਿਸੀਲਦਾਰ ਕਹਿਣ ਲੱਗਾ ''ਮੈਨੂੰ ਨੀ ਪਤਾ, ਤੁਸੀਂ ਮੈਨੂੰ ਡੀ.ਸੀ. ਦੀ ਚਿੱਠੀ ਲਿਆ ਕੇ ਦਿਓ।'' ਯੂਨੀਅਨ ਆਗੂਆਂ ਨੇ ਕਿਹਾ, ''ਸਾਨੂੰ ਡੀ.ਸੀ. ਕੋਲ ਜਾਣ ਦੀ ਲੋੜ ਨਹੀਂ ਅਸੀਂ ਉਸ ਨੂੰ ਇਥੇ ਹੀ ਬੁਲਾਲਾਂਗੇ। ਜੇ ਤੁਸੀਂ ਆਪਣੀ ਗੱਲ 'ਤੇ ਬਜਿੱਦ ਹੋ ਤਾਂ ਤੁਸੀਂ ਸਾਡੇ ਘਿਰਾਓ 'ਚ ਹੋ, ਤੁਹਾਨੂੰ ਚਾਹ-ਪਾਣੀ ਦਿਆਂਗੇ, ਆਦਰ-ਮਾਣ ਨਾਲ ਬਿਠਾਵਾਂਗੇ ਪਰ ਛੱਡਾਂਗੇ ਡੀ.ਸੀ. ਆਏ ਤੋਂ ਹੀ।'' ਗੱਲ ਵਿਗੜਦੀ ਦੇਖ ਨਾਲ ਆਏ ਪੰਚਾਇਤ ਅਫਸਰ ਵਗੈਰਾ ਕਹਿਣ ਲੱਗੇ ''ਚੱਲੋ ਛੱਡੋ ਜੀ ਗੱਲ ਮੁਕਾਓ। ਤਹਿਸੀਲਦਾਰ ਇੱਕਦਮ ਢੈਲਾ ਪੈ ਗਿਆ ਤੇ ''ਚੱਲੋ ਗਲਤੀ ਹੋਗੀ ਹੁਣ ਹੋਰ ਨੀ ਪਾੜਦੇ'' ਕਹਿ ਕੇ ਤੁਰ ਗਿਆ। ਨੌਜੁਆਨਾਂ ਤੇ ਕਿਸਾਨ ਵਰਕਰਾਂ ਨੇ ਪੇਂਟਰ ਮੰਗਵਾਕੇ ਨਾਹਰੇ ਫੇਰ ਲਿਖਵਾ ਦਿੱਤੇ ਤੇ ਪੋਸਟਰ ਦੁਬਾਰਾ ਲਗਾ ਦਿੱਤੇ।
ਗੁਰਸ਼ਰਨ ਸਿੰਘ ਨੂੰ ਸਮਰਪਿਤ ਨਾਟਕਾਂ ਅਤੇ ਗੀਤਾਂ ਭਰੀ ਰਾਤ ਨੇ ਦਿੱਤਾ
ਲੋਕ ਪੱਖੀ ਸੱਭਿਆਚਾਰਕ ਲਹਿਰ ਉਸਾਰਨ ਦਾ ਸੱਦਾ
—ਅਮੋਲਕ ਸਿੰਘ
ਜਲੰਧਰ, 26 ਫਰਵਰੀ ()- ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਨਾਟ ਸੰਸਾਰ ਦੇ ਮਹਾਨਾਇਕ ਸ਼੍ਰੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਨਾਟਕਾਂ ਅਤੇ ਗੀਤਾਂ ਭਰੀ ਰਾਤ ਵਿਚ ਪੇਸ਼ 7 ਨਾਟਕਾਂ, ਕੋਰੀਓਗ੍ਰਾਫੀਆਂ, ਗੀਤਾਂ ਦੀਆਂ ਲੜੀਆਂ ਅਤੇ ਪ੍ਰਭਾਵਸ਼ਾਲੀ ਤਕਰੀਰਾਂ ਨੇ ਅਨੇਕਾਂ ਚੁਣੌਤੀਆਂ ਦੇ ਘੁੱਪ ਹਨੇਰੇ ਵਿਚ ਜਕੜੀ ਲੋਕਾਈ ਨੂੰ ਮੁਕਤੀ ਦਾ ਮਾਰਗ ਦਰਸਾਉਂਦੇ ਚਿੰਤਨ, ਚੇਤਨਾ ਅਤੇ ਲੋਕ-ਸੰਗਰਾਮ ਦੇ ਹਮਸਫਰ ਬਣਨ ਦਾ ਪੈਗਾਮ ਦਿੱਤਾ। ਇਨਕਲਾਬੀ ਸਭਿਆਚਾਰਕ ਰਾਤ ਦਾ ਆਗਾਜ਼ ਗੁਰਸ਼ਰਨ ਸਿੰਘ ਨੂੰ ਇਨਕਲਾਬੀ ਸ਼ਰਧਾਂਜਲੀ ਭੇਟ ਕਰਨ ਲਈ ਖੜ੍ਹੇ ਹੋ ਕੇ ਇਨਕਲਾਬੀ ਰੰਗਮੰਚ ਨੂੰ ਹੋਰ ਵੀ ਬੁਲੰਦੀ 'ਤੇ ਪਹੁੰਚਾਉਣ ਦੇ ਅਹਿਦ ਲੈਣ ਉਪਰੰਤ ਹੋਇਆ।
ਦੇਸ਼ ਭਗਤ ਯਾਦਗਾਰ ਹਾਲ ਵਿਚ, ਇਸ ਸੱਭਿਆਚਾਰਕ ਰਾਤ ਵਿਚ, ਗੁਰਸ਼ਰਨ ਸਿੰਘ ਦੀ ਧੀ ਡਾ. ਅਰੀਤ ਨੇ ਉਦਘਾਟਨੀ ਭਾਸ਼ਨ ਵਿਚ ਬੋਲਦਿਆਂ ਕਿਹਾ ਕਿ ਮੇਰੇ ਪਾਪਾ ਨੇ ਸਾਰੀ ਜ਼ਿੰਦਗੀ ਗਰੀਬ ਰੰਗ ਮੰਚ ਦੀ ਅਮੀਰ ਪ੍ਰੰਪਰਾ ਲੇਖੇ ਲਾਈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਨਹੀਂ ਰਹੇ, ਪਰ ਉਨ੍ਹਾਂ ਦੇ ਸੁਪਨਿਆਂ ਨੂੰ ਪਰਨਾਏ ਲੋਕ ਪੱਖੀ ਇਨਕਲਾਬੀ ਰੰਗ ਮੰਚ ਦਾ ਕਾਫਲਾ ਭਵਿੱਖ ਵਿਚ ਹੋਰ ਵੀ ਵਡੇਰਾ, ਸੂਝਵਾਨ, ਨਿਹਚਾਵਾਨ ਅਤੇ ਲੋਕਤਾ ਲਈ ਪ੍ਰਤੀਬੱਧਤ ਹੋਵੇਗਾ।
ਪਲਸ ਮੰਚ ਦੇ ਮੁੱਖ ਬੁਲਾਰੇ ਅਮੋਲਕ ਸਿੰਘ ਨੇ ਕੁੰਜੀਵਤ ਭਾਸ਼ਣ 'ਚ ਮਿਹਨਤਕਸ਼ ਲੋਕਾਂ, ਲੋਕ ਲਹਿਰਾਂ ਅਤੇ ਲੋਕ ਰੰਗ ਮੰਚ ਦੀ ਗਲਵੱਕੜੀ ਹੋਰ ਨਿੱਘੀ ਅਤੇ ਮਜ਼ਬੂਤ ਕਰਨ ਤੇ ਜ਼ੋਰ ਦਿੰਦਿਆਂ ਅਸ਼ਲੀਲ ਅਤੇ ਲੋਕਮਾਰੂ ਗਾਇਕੀ, ਖਪਤ ਸੱਭਿਆਚਾਰ ਅਤੇ ਹਰ ਵੰਨਗੀ ਦੇ ਲੋਕ ਵਿਰੋਧੀ ਸੱਭਿਆਚਾਰ ਨੂੰ ਭਾਂਜ ਦੇਣ ਲਈ ਇਨਕਲਾਬੀ ਸੱਭਿਆਚਾਰਕ ਲਹਿਰ ਦੀ ਤਕੜਾਈ ਲਈ ਬੁੱਧੀਜੀਵੀਆਂ, ਸਾਹਿਤਕਾਰਾਂ, ਲੇਖਕਾਂ, ਰੰਗ ਕਰਮੀਆ ਅਤੇ ਕਮਾਊ ਲੋਕਾਂ ਦੇ ਦਰਦਮੰਦਾਂ ਨੂੰ ਜੋਟੀਆਂ ਪਾ ਕੇ ਲੋਕਾਂ ਦੇ ਚੁੱਲ੍ਹੇ ਚੌਂਕੇ ਤੱਕ ਜਾਗ੍ਰਿਤੀ ਦੀ ਮਸ਼ਾਲ ਲਿਜਾਣ ਦਾ ਸੱਦਾ ਦਿੱਤਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਦੇਸ਼ ਭਗਤਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਲਈ ਸੰਘਰਸ਼ਸ਼ੀਲ, ਅਜਿਹੇ ਸਭਨਾਂ ਉਦਮਾਂ ਦੇ ਸੰਗ ਸਾਥ ਲਈ ਕਮੇਟੀ, ਸਦਾ ਖੁਸ਼ੀ ਅਤੇ ਮਾਣ ਮਹਿਸੂਸ ਕਰਦੀ ਹੈ। ਉਨ੍ਹਾਂ ਅਮੀਰ ਸੱਭਿਆਚਾਰ ਨੂੰ ਪਰਫੁੱਲਤ ਕਰਨ ਲਈ ਮਿਲਕੇ ਉਦਮ ਜੁਟਾਉਣ ਦਾ ਸੱਦਾ ਦਿੱਤਾ।
ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਲਚਰਤਾ ਭਰੇ ਗੀਤ-ਸੰਗੀਤ, ਸੀਰੀਅਲਾਂ ਉਪਰ ਪਾਬੰਦੀ ਲਾਉਣ, ਨਿੱਤ ਨਵੇਂ ਘੜੇ ਜਾ ਰਹੇ ਐਨ.ਸੀ.ਟੀ.ਸੀ. ਵਰਗੇ ਕੇਂਦਰਾਂ, ਕਾਲੇ ਕਾਨੂੰਨਾਂ ਦਾ ਸਿਲਸਿਲਾ ਬੰਦ ਕਰਨ, ਸ਼ਹੀਦ ਮਦਨ ਲਾਲ ਢੀਂਗਰਾ ਦੇ ਜੱਦੀ ਘਰ ਨੂੰ ਕੌਮੀ ਯਾਦਗਾਰ ਵਜੋਂ ਸੰਭਾਲਣ, ਗਦਰ ਸ਼ਤਾਬਦੀ 2013 ਮਨਾਉਣ ਲਈ ਹੁਣ ਤੋਂ ਕਮਰਕੱਸੇ ਕੱਸਣ ਦਾ ਸੱਦਾ ਦਿੰਦੇ ਪਲਸ ਮੰਚ ਵੱਲੋਂ ਮਤੇ ਪੇਸ਼ ਕੀਤੇ, ਜਿਨ੍ਹਾਂ ਨੂੰ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ।
ਗੁਰਸ਼ਰਨ ਸਿੰਘ ਦੇ ਲਿਖੇ ਨਾਟਕ 'ਹਵਾਈ ਗੋਲੇ' ਨਾਲ ਨਾਟਕਾਂ ਦੀ ਲੜੀ ਦਾ ਆਗਾਜ਼ ਹੋਇਆ, ਜਿਸ ਦੀ ਪੇਸ਼ਕਾਰੀ ਅੰਮ੍ਰਿਤਸਰ ਨਾਟਕ ਕਲਾ ਕੇਂਦਰ (ਚੰਡੀਗੜ੍ਹ) ਨੇ ਇਕੱਤਰ ਸਿੰਘ ਦੀ ਨਿਰਦੇਸ਼ਨਾ 'ਚ ਕੀਤੀ।
ਸੈਮੂਅਲ ਜੌਨ ਦੀ ਰਚਨਾ 'ਕਿਰਤੀ' ਪੀਪਲ ਥੀਏਟਰ ਲਹਿਰਾਗਾਗਾ ਨੇ ਸੈਮੂਅਲ ਜੌਨ ਦੀ ਨਿਰਦੇਸ਼ਨਾ 'ਚ ਪੇਸ਼ ਕੀਤੀ।
ਸਵਦੇਸ਼ ਦੀਪਕ ਦਾ ਲਿਖਿਆ ਨਾਟਕ 'ਕੋਰਟ ਮਾਰਸ਼ਲ' ਪ੍ਰੋ. ਅੰਕੁਰ ਸ਼ਰਮਾ ਦੀ ਨਿਰਦੇਸ਼ਨਾ 'ਚ 'ਯੁਵਾ ' ਜਲੰਧਰ ਨੇ ਖੇਡਿਆ।
ਕੇਵਲ ਧਾਲੀਵਾਲ ਦੀ ਰਚਨਾ 'ਜਜ਼ਬਿਆਂ ਦੇ ਆਰ ਪਾਰ' ਪ੍ਰੋ. ਜਸਕਰਨ ਦੀ ਨਿਰਦੇਸ਼ਨਾ 'ਚ ਆਜ਼ਾਦ ਰੰਗ ਮੰਚ ਚੱਕ ਦੇਸ ਰਾਜ ਵੱਲੋਂ ਪੇਸ਼ ਕੀਤੀ ਗਈ।
ਅਮੋਲਕ ਸਿੰਘ ਦਾ ਲਿਖਿਆ ਕਾਵਿ ਨਾਟ- 'ਜੂਝੇ ਬਿਨਾ ਹੱਲ ਕੋਈ ਨਾ'' ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ 'ਚ ਚੇਤਨਾ ਕਲਾ ਕੇਂਦਰ ਬਰਨਾਲਾ ਨੇ ਪੇਸ਼ ਕੀਤਾ।
ਪਿਊਸ਼ ਮਿਸ਼ਰਾ ਦਾ ਨਾਟਕ 'ਗਗਨ ਦਮਾਮਾ ਵਾਜਿਓ' ਹੰਸਾ ਸਿੰਘ ਦੀ ਨਿਰਦੇਸ਼ਨਾ 'ਚ ਨਵਚਿੰਤਨ ਕਲਾ ਮੰਚ ਬਿਆਸ ਨੇ ਖੇਡਿਆ।
ਗੁਰਸ਼ਰਨ ਸਿੰਘ ਦਾ ਹੀ ਲਿਖਿਆ ਨਾਟਕ 'ਨਾਇਕ' ਬਲਰਾਜ ਸਾਗਰ ਦੀ ਨਿਰਦੇਸ਼ਨਾ 'ਚ ਮੰਚ ਲੋਕ ਮੰਚ ਬਠਿੰਡਾ ਨੇ ਖੇਡਿਆ।
ਇਨ੍ਹਾਂ ਨਾਟਕਾਂ ਨੇ ਚੋਣ ਦੰਭ ਨੂੰ ਫਰੈਂਡਲੀ ਮੈਚ ਕਰਾਰ ਦਿੱਤਾ। ਅੰਗਰੇਜ਼ੀ ਹਾਕਮਾਂ ਦੇ ਜਾਣ ਤੋਂ ਬਾਅਦ ਅੱਜ ਤੱਕ ਵੀ ਜਾਤੀ ਵਿਤਕਰੇਬਾਜ਼ੀ ਦਾ ਪਰਦਾਫਾਸ਼ ਕੀਤਾ। ਸ਼ਹੀਦ ਭਗਤ ਸਿੰਘ ਦੇ ਆਦਰਸ਼ਾਂ ਦੀ ਆਜ਼ਾਦੀ ਲਈ ਸੰਗਰਾਮ ਜਾਰੀ ਰੱਖਣ ਦਾ ਸੁਨੇਹਾ ਦਿੱਤਾ। ਉਜੜਦੀ ਜਾ ਰਹੀ ਕਿਸਾਨੀ, ਖੇਤ ਮਜ਼ਦੂਰਾਂ ਦਾ ਦਰਦ ਬਿਆਨ ਕੀਤਾ, ਲੋਕ ਨਾਇਕ ਬਣਨ ਦਾ ਸੁਨੇਹਾ ਦਿੰਦਿਆਂ ਲੋਕ ਸੰਘਰਸ਼ਾਂ ਨੂੰ ਹੀ ਸਭਨਾਂ ਮਰਜ਼ਾਂ ਦੀ ਦਵਾ ਦੱਸਿਆ।
ਸ਼ਹੀਦ ਭਗਤ ਸਿੰਘ ਮੈਮੋਰੀਅਲ ਸਕੂਲ ਗੱਗੜਭਾਣਾ (ਅੰਮ੍ਰਿਤਸਰ) ਦੇ ਬੱਚਿਆਂ ਨੇ ਕੋਰਿਓਗ੍ਰਾਫੀ ਪੇਸ਼ ਕੀਤੀ।
ਲੋਕ ਸੰੀਗੀ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਲੋਕ ਸੰਗੀਤ ਮੰਡਲੀ ਜੀਦਾ (ਜਗਸੀਰ ਜੀਦਾ) ਅਤੇ ਗੁਰਮੀਤ ਜੱਜ ਨੇ ਦੱਬੇ ਕੁਚਲੇ ਲੋਕਾਂ ਨੂੰ ਜਗਾਉਂਦੇ ਗੀਤ ਪੇਸ਼ ਕੀਤੇ।
ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਸੁਰਿੰਦਰ ਧੰਜਲ ਅਤੇ ਸਾਥੀਆਂ ਵੱਲੋਂ ਪਲਸ ਮੰਚ ਲਈ ਭੇਜੀ ਵਿਸ਼ੇਸ਼ ਸਹਾਇਤਾ ਰਾਸ਼ੀ 25 ਹਜ਼ਾਰ ਰੁਪਿਆ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਭਾਰਤ ਤੋਂ ਮੈਂਬਰ ਜਗੀਰ ਜੋਸ਼ਨ ਨੇ ਭੇਟ ਕੀਤੀ। ਡਾ. ਅਰੀਤ ਨੇ ਇਸ ਮੌਕੇ ਸਮੂਹ ਹਾਜ਼ਰੀਨ ਦੀ ਮੰਗ 'ਤੇ ਗੁਰਸ਼ਰਨ ਸਿੰਘ ਦੀ ਥਾਂ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੀਆਂ ਜ਼ਿੰਮੇਵਾਰੀਆਂ ਓਟਣ ਦੀ ਹਾਂਮੀ ਭਰੀ।
ਇਸ ਮੌਕੇ ਪਲਸ ਮੰਚ ਦੀ ਸੂਬਾ ਕਮੇਟੀ, ਦੇਸ਼ ਭਗਤ ਯਾਦਗਾਰੀ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਟਰੱਸਟੀ ਮੰਗਤ ਰਾਮ ਪਾਸਲਾ ਅਤੇ ਦੇਸ਼ ਭਗਤ ਮੰਚ ਘਰ 'ਚੋਂ ਹਰਬੀਰ ਕੌਰ ਬੰਨੋਆਣਾ ਵੀ ਮੰਚ 'ਤੇ ਸ਼ੁਸ਼ੋਭਿਤ ਸਨ।
ਗੁਰਸ਼ਰਨ ਸਿੰਘ ਨੂੰ ਸਮਰਪਿਤ ਗੀਤਾਂ ਦੀ ਕੈਸਿਟ 'ਕਲਾ ਦਾ ਸੂਰਜ' ਲੋਕ ਸੰਗੀਤ ਮੰਡਲੀ ਭਦੌੜ (ਪਲਸ ਮੰਚ) ਵੱਲੋਂ ਮਾਸਟਰ ਰਾਮ ਕੁਮਾਰ ਦੀ ਸੰਗੀਤ ਨਿਰਦੇਸ਼ਨਾਂ 'ਚ ਜਾਰੀ ਕੀਤੀ ਗਈ।
ਪਰਮਿੰਦਰ ਸਵੈਚ ਕੈਨੇਡਾ ਦਾ ਨਾਟ-ਸੰਗ੍ਰਹਿ 'ਬਲਦੇ ਬਿਰਖ', ਤਾਰਾ ਸਿੰਘ ਤਾਰਾ ਇੰਗਲੈਂਡ ਦੀ ਸੰਪਾਦਨਾ 'ਚ ਜਗਮੋਹਨ ਜੋਸ਼ੀ ਗੀਤ -ਸੰਗ੍ਰਹਿ ਪੈਮਾਨੇ-ਇਨਕਲਾਬ, ਦੇਸ ਰਾਜ ਕਾਲੀ, ਮੱਖਣ ਮਾਨ ਨਵੀਂ ਕਹਾਣੀ : ਨਵੇਂ ਨਕਸ਼ ਭਾਗ-1 ਤੇ 2, ਨਾਵਲ ਵਿਧਾ ਦੀ ਤਲਾਸ਼ ਪ੍ਰੋ. ਕੇਵਲ ਕਲੋਟੀ ਅਤੇ ਕਰਨੈਲ ਨਿੱਝਰ, ਬੀਬਾ ਕੁਲਵੰਤ 'ਪੈਰਾਂ ਹੇਠ ਸੁਲਘਦਾ ਸਫਰ' ਆਦਿ ਉਚੇਚੇ ਤੌਰ 'ਤੇ ਡਾ. ਅਰੀਤ ਅਤੇ ਪਲਸ ਮੰਚ ਦੀ ਸੂਬਾ ਕਮੇਟੀ ਵੱਲੋਂ ਰਿਲੀਜ਼ ਕੀਤੀਆਂ ਗਈਆਂ। ਡਾ. ਅਨੁਪ ਸਿੰਘ ਦੁਆਰਾ ਸੰਪਾਦਿਤ ਪੁਸਤਕ 'ਇੱਕ ਸੰਸਥਾ: ਇੱਕ ਲਹਿਰ, ਗੁਰਸ਼ਰਨ ਭਾਅ ਜੀ' ਬਾਰੇ ਜਾਣ-ਪਹਿਚਾਣ ਕਰਾਈ ਗਈ। ਇਸ ਮੌਕੇ ਮੰਚ ਸੰਚਾਲਨ ਸੂਬਾ ਕਮੇਟੀ ਮੈਂਬਰ ਤਰਲੋਚਨ ਨੇ ਕੀਤਾ।
ਜ਼ਿਕਰਯੋਗ ਹੈ ਕਿ ਇਸ ਵਾਰ ਪਲਸ ਮੰਚ ਦੇ ਵਿਸ਼ੇਸ਼ ਸੱਦੇ 'ਤੇ ਵਿਸ਼ੇਸ਼ ਕਰਕੇ ਮਜ਼ਦੂਰ ਕਿਸਾਨ ਜਥੇਬੰਦੀਆਂ ਨੇ ਵੱਡੀ ਗਿਣਤੀ 'ਚ ਹਾਲ 'ਚ ਪਹੁੰਚ ਕੇ ਗੁਰਸ਼ਰਨ ਸਿੰਘ ਨੂੰ ਸਮਰਪਤ ਇਸ ਸਮਾਗਮ 'ਚ ਸ਼ਮੂਲੀਅਤ ਕੀਤੀ।
ਸ਼ਹੀਦ ਭਗਤ ਸਿੰਘ ਅਤੇ ਪਾਸ਼ ਦੇ ਪਿੰਡਾਂ 'ਚ ਸਮਾਗਮ
ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਨਵੇਂ ਹਸਤਾਖ਼ਰ ਕਰਨ ਵਾਲੇ ਇਨਕਲਾਬੀ ਘੁਲਾਟੀਏ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ 'ਚ 22 ਮਾਰਚ ਰਾਤ 8 ਵਜੇ ਪਿੰਡ ਖ਼ਟਕੜ ਕਲਾਂ ਅਤੇ ਚੋਟੀ ਦੇ ਕਰਾਂਤੀਕਾਰੀ ਕਵੀ ਅਵਤਾਰ ਪਾਸ਼ ਦੇ ਪਿੰਡ ਤਲਵੰਡੀ ਸਲੇਮ 23 ਮਾਰਚ ਦਿਨੇ 11 ਵਜੇ ਸ਼ਰਧਾਂਜਲੀ ਸਮਾਗਮ ਕੀਤੇ ਜਾ ਰਹੇ ਹਨ। ਲੋਕ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਅਮੋਲਕ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ 'ਚ ਉਚੇਚੇ ਤੌਰ 'ਤੇ ਉੱਘੇ ਚਿੰਤਨ, ਸਮਾਜ-ਸੇਵੀ ਅਤੇ ਜਮਹੂਰੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਹਿਮਾਂਸ਼ੂ ਕੁਮਾਰ ਅਤੇ ਉਹਨਾਂ ਦੀ ਜੀਵਨ-ਸਾਥਣ ਵੀਨਾ ਭੱਲਾ ਖਰੀ ਆਜ਼ਾਦੀ, ਜਮਹੂਰੀਅਤ ਅਤੇ ਸਾਂਝੀਵਾਲਤਾ ਭਰੇ ਨਿਜ਼ਾਮ ਲਈ ਆਪਾ ਵਾਰਨ ਵਾਲੇ ਸੰਗਰਾਮੀਆਂ ਨੂੰ ਸ਼ਰਧਾਂਜਲੀਆਂ ਅਰਪਨ ਕਰਨ ਲਈ ਪਹੁੰਚ ਰਹੇ ਹਨ।
ਜਨਰਲ ਸਕੱਤਰ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ 'ਚ ਹੰਸਾ ਸਿੰਘ ਦੀ ਨਿਰਦੇਸ਼ਨਾ ਹੇਠ ਨਵਚਿੰਤਨ ਕਲਾ ਮੰਚ ਬਿਆਸ, ਬਾਲ ਰੰਗਮੰਚ ਰਸੂਲਪੁਰ ਦੀਆਂ ਟੀਮਾਂ ਨਾਟਕ ਪੇਸ਼ ਕਰਨਗੀਆਂ ਅਤੇ ਗੀਤ-ਸੰਗੀਤ ਤੋਂ ਇਲਾਵਾ ਲੋਕ ਮੋਰਚਾ ਪੰਜਾਬ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਸੰਬੋਧਨ ਕਰਨਗੇ।
ਐਨ.ਸੀ.ਟੀ.ਸੀ. ਰੱਦ ਕਰਵਾਉਣ ਲਈ ਕਨਵੈਨਸ਼ਨਾਂ ਦਾ ਸੱਦਾ
ਦਹਿਸ਼ਤਗਰਦੀ ਰੋਕੂ ਕੌਮੀ ਕੇਂਦਰ (ਐਨ.ਸੀ.ਟੀ.ਸੀ.) ਨੂੰ ਲੋਕਾਂ ਦੇ ਮੁਢਲੇ ਜਮਹੂਰੀ ਅਧਿਕਾਰਾਂ ਉਪਰ ਮੁਕੰਮਲ ਛਾਪਾ ਮਾਰਨ ਅਤੇ ਫਾਸ਼ੀ ਕਾਰਿਆਂ ਲਈ ਅਜਿਹੇ ਕੇਂਦਰ ਨੂੰ ਖੁੱਲ੍ਹੀ ਛੁੱਟੀ ਦੇ ਕੇ ਖਾਸ ਕਰਕੇ ਲੋਕ-ਹੱਕਾਂ ਦੀ ਜਮਹੂਰੀ ਇਨਕਲਾਬੀ ਲਹਿਰ ਨੂੰ ਨਿਸ਼ਾਨਾ ਬਣਾਉਣ ਦਾ ਕੇਂਦਰ ਕਰਾਰ ਦਿੰਦਿਆਂ ਇਸ ਨੂੰ ਰੱਦ ਕਰਵਾਉਣ ਲਈ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ ਨੇ, ਪੰਜਾਬ ਦੇ ਵੱਖ ਵੱਖ ਦੇ ਵੱਖ ਵੱਖ ਕੇਂਦਰਾਂ 'ਤੇ ਕਨਵੈਨਸ਼ਨਾਂ ਕਰਨ ਦਾ ਫੈਸਲਾ ਕੀਤਾ ਹੈ।ਮੁਢਲੇ ਪੜਾਅ ਵਜੋਂ 11 ਮਾਰਚ ਨੂੰ ਬਠਿੰਡਾ, 25 ਮਾਰਚ ਨੂੰ ਅੰਮ੍ਰਿਤਸਰ ਅਤੇ ਪਹਿਲੀ ਅਪ੍ਰੈਲ ਨੂੰ ਮੋਗਾ ਵਿਖੇ ਕੀਤੀਆਂ ਜਾ ਰਹੀਆਂ ਕਨਵੈਨਸ਼ਨਾਂ ਨੂੰ ਮੁੱਖ ਤੌਰ 'ਤੇ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਕੋ-ਕਨਵੀਨਰ ਡਾ. ਪ੍ਰਮਿੰਦਰ ਸਿੰਘ, ਸੂਬਾ ਕਮੇਟੀ ਮੈਂਬਰ ਐਡਵੋਕੇਟ ਐਨ.ਕੇ. ਜੀਤ, ਰਾਜੀਵ ਗੋਂਦਾਰਾ ਅਤੇ ਲੇਖਕ ਕਰਮ ਬਰਸਟ ਸੰਬੋਧਨ ਕਰਨਗੇ।
ਜਮਹੂਰੀ ਫਰੰਟ ਨੇ ਇਹਨਾਂ ਕਨਵੈਨਸ਼ਨਾਂ ਅਤੇ ਤਿਆਰੀ ਮੀਟਿੰਗ ਰਾਹੀਂ ਬੁੱਧੀਜੀਵੀ ਹਲਕਿਆਂ, ਸੰਘਰਸ਼ਸ਼ੀਲ ਤਬਕਿਆਂ, ਜਮਹੂਰੀ, ਇਨਸਾਫਪਸੰਦ ਹਲਕਿਆਂ ਅੇਤ ਲੋਕਾਂ ਤੱਕ ਇਹ ਵਿਚਾਰ ਲਿਜਾਣ ਦਾ ਫੈਸਲਾ ਕੀਤਾ ਹੈ ਕਿ ਇਸ ਕੇਂਦਰ ਦੇ ਅਸਲੀ ਮਨੋਰਥਾਂ ਬਾਰੇ ਸਪਸ਼ਟ ਕੀਤਾ ਜਾਵੇ। ਇਸ ਦੇ ਲੋਕ ਮਾਰੂ ਅਤੇ ਗੈਰ-ਜਮਹੁਰੀ ਅਮਲ ਦੇ ਨਤੀਜਿਆਂ ਬਾਰੇ ਜਾਗੂਰਕ ਕਰਦਿਆਂ ਇਸ ਕੇਂਦਰ ਖਿਲਾਫ ਜਨਤਕ ਜਮਹੂਰੀ ਵਿਰੋਧ ਲਹਿਰ ਉਸਾਰਨ ਲਈ ਤਾਣ ਲਾਇਆ ਜਾਵੇ ਤਾਂ ਜੋ ਇਸ ਨੂੰ ਰੱਦ ਕਰਨ ਲਈ ਹਾਕਮਾਂ ਨੂੰ ਮਜਬੂਰ ਕੀਤਾ ਜਾਵੇ।
ਜਮਹੂਰੀ ਫਰੰਟ ਆਪਣੀ ਮੁਹਿੰਮ ਵਿੱਚ ਦਰਸਾ ਰਿਹਾ ਹੈ ਕਿ 5 ਫਰਵਰੀ 2012 ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਸ਼ੇਸ਼ ਨੋਟੀਫਿਕੇਸ਼ਨ ਜਾਰੀ ਕਰਕੇ ਨੈਸ਼ਨਲ ਕਾਉਂਟਰ ਟੈਰੇਰਿਜ਼ਮ ਸੈਂਟਰ ਦੇ ਡਾਇਰੈਕਟਰ ਨੂੰ ਯੂ.ਏ.ਪੀ.ਏ. ਕਾਨੂੰਨ ਦੀ ਧਾਰਾ ਐਸ 43-ਏ ਤਹਿਤ ''ਤਲਾਸ਼ੀ ਲੈਣ ਅਤੇ ਗ੍ਰਿ੍ਰਫਤਾਰ ਕਰਨ'' ਦੀਆਂ ਦਿੱਤੀਆਂ ਜਾ ਰਹੀਆਂ ਅਥਾਹ ਤਾਕਤਾਂ ਲੋਕਾਂ ਦੇ ਮੁਢਲੇ ਅਧਿਕਾਰਾਂ ਦਾ ਮੁਕੰਮਲ ਘਾਣ ਕਰਨਗੀਆਂ।
ਕਨਵੈਨਸ਼ਨਾਂ ਰਾਹੀਂ ਜਮਹੂਰੀ ਫਰੰਟ ਅਜਿਹੀ ਲੋਕ-ਰਾਏ ਲਾਮਬੰਦ ਕਰੇਗਾ ਜਿਹੜੀ ਇੱਕਜੁੱਟ ਅਤੇ ਬੱਝਵੇਂ ਰੂਪ ਵਿੱਚ ਮੰਗ ਕਰੇਗੀ ਕਿ ਯੂ.ਏ.ਪੀ.ਏ. ਵਰਗੇ ਸਾਰੇ ਕਾਲੇ ਕਾਨੂੰਨ ਸਮੁੱਚੇ ਤੌਰ 'ਤੇ (ਸਮੇਤ ਇਸਦੀ ਧਾਰਾ ਐਸ 43-ਏ ਤਹਿਤ ਨੈਸ਼ਨਲ ਕਾਉਂਟਰ ਟੈਰੇਰਿਜ਼ਮ ਸੈਂਟਰ ਦੇ ਡਾਇਰੈਕਟਰ ਨੂੰ ਵਿਸ਼ੇਸ਼ ਤਾਕਤਾਂ ਦੇਣ ਵਾਲੇ ਤਾਜ਼ਾ ਨੋਟੀਫਿਕੇਸ਼ਨ ਦੇ) ਵਾਪਸ ਲਏ ਜਾਣ ਅਤੇ ਨਾਗਰਿਕਾਂ ਦੀਆਂ ਜਾਨਾਂ ਲਈ ਖਤਰਾ ਬਣੀ ਧਾਰਾ 124-ਏ ਸਮੇਤ ਵੱਖ ਵੱਖ ਸੂਬਿਆਂ ਦੇ ਕਾਨੂੰਨਾਂ ਵਿੱਚ ਸ਼ਾਮਲ ਅਜਿਹੀਆਂ ਜਾਬਰ ਧਾਰਾਵਾਂ ਤੁਰੰਤ ਰੱਦ ਕੀਤੀਆਂ ਜਾਣ।
ਬਠਿੰਡਾ ਕਨਵੈਨਸ਼ਨ
11 ਮਾਰਚ, 'ਕੇਂਦਰ ਸਰਕਾਰ ਵੱਲੋਂ ਕੌਮੀ ਦਹਿਸ਼ਤਗਰਦੀ ਨੂੰ ਰੋਕਣ ਦੇ ਨਾਂ ਹੇਠ ਬਣਾਏ ਜਾਣ ਵਾਲੇ ਦਹਿਸ਼ਤਗਰਦੀ ਵਿਰੋਧੀ ਕੇਂਦਰ ਤੇ ਕਾਨੂੰਨ ਦਾ ਅਸਲ ਮਕਸਦ ਦੇਸ਼ ਭਰ ਵਿੱਚ ਜਲ, ਜ਼ਮੀਨਾਂ, ਕੁਦਰਤੀ ਸੋਮੇ, ਰੁਜ਼ਗਾਰ ਖਿਲਾਫ ਉੱਠ ਰਹੇ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲ ਕੇ ਸਾਮਰਾਜੀ ਲੁੱਟ ਦਾ ਰਾਹ ਪੱਧਰਾ ਕਰਨਾ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵੱਲੋਂ ਸਥਾਨਕ ਟੀਚਰਜ਼ ਹੋਮ ਵਿਖੇ ਕਰਵਾਈ ਗਈ ਕਨਵੈਨਸ਼ਨ ਵਿੱਚ ਬੋਲਦਿਆਂ ਐਡਵੋਕੇਟ ਐਨ.ਕੇ. ਜੀਤ ਨੇ ਕੀਤਾ। ਉਹਨਾਂ ਸਪਸ਼ਟ ਕੀਤਾ ਕਿ ਅਮਰੀਕਾ ਨਾਲ ਹੋਈਆਂ ਸੰਧੀਆਂ ਦੀ ਰੌਸ਼ਨੀ ਵਿੱਚ ਐਨ.ਸੀ.ਟੀ.ਸੀ. ਕਾਨੂੰਨ ਸਾਮਰਾਜੀ ਮੁਲਕਾਂ ਲਈ ਭਾਰਤੀ ਲੋਕਾਂ ਦੀ ਲੁੱਟ ਦੇ ਬੂਹੇ ਚੌਪੱਟ ਖੋਲ੍ਹਣ ਤੇ ਸੰਘਰਸ਼ਸ਼ੀਲ ਲੋਕਾਂ ਨੂੰ ਚੁਣਵੇਂ ਜਬਰ ਦਾ ਨਿਸ਼ਾਨਾ ਬਣਾਉਣ ਦੀ ਪੂਰਤੀ ਹਿੱਤ ਹੈ।
ਉਹਨਾਂ ਦਿਲਚਸਪ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਭਾਰਤ ਵਿੱਚ ਕਿਸਾਨਾਂ-ਮਜ਼ਦੂਰਾਂ ਦੀਆਂ ਸਬਸਿਡੀਆਂ 'ਤੇ ਕੱਟ ਲਾਉਣ ਅਤੇ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਵਾਲੀਆਂ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ ਵਰਗੀਆਂ ਸੰਸਥਾਵਾਂ ਭਾਰਤ ਵਿੱਚ ਸੁਰੱਖਿਆ ਦਸਤਿਆਂ ਤੇ ਫੌਜ ਦੀ ਨਫਰੀ ਵਧਾਉਣ ਦਾ ਸੁਝਾਅ ਦੇ ਰਹੀਆਂ ਹਨ।
ਲੋਕ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਡਾ. ਪ੍ਰਮਿੰਦਰ ਸਿੰਘ ਨੇ ਆਖਿਆ ਕਿ ਭਾਰਤੀ ਨੇਤਾਵਾਂ ਦੇ ਅਮਰੀਕਾ ਦੌਰੇ ਉਪਰੰਤ ਹੀ ਉਥੋਂ ਦੀ ਤਰਜ਼ 'ਤੇ ਦਹਿਸ਼ਤਗਰਦੀ ਵਿਰੋਧੀ ਕੌਮੀ ਕੇਂਦਰ (ਐਨ.ਸੀ.ਟੀ.ਸੀ.) ਉਸਾਰਨ ਦਾ ਫੈਸਲਾ ਲਿਆ ਗਿਆ ਹੈ। ਅਸਲ ਵਿੱਚ ਇਹ ਕੇਂਦਰ ਲੋਕ ਹਿੱਤਾਂ ਅਤੇ ਸੰਘਰਸ਼ਾਂ ਨੂੰ ਕੁਚਲਣ ਲਈ ਹੈ ਕਿਉਂਕਿ ਸਰਕਾਰਾਂ ਨੂੰ ਸਾਰਮਾਜੀ ਹਿੱਤਾਂ ਦੀ ਪੂਰਤੀ ਲਈ ਵਧੇਰੇ ਚਿੰਤਾ ਹੈ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਿਤਪਾਲ ਸਿੰਘ ਬਠਿੰਡਾ ਤੇ ਪ੍ਰੋ. ਅਜਮੇਰ ਔਲਖ ਨੇ ਕੁਦਰਤੀ ਸੋਮਿਆਂ ਤੇ ਜਲ-ਜ਼ਮੀਨ ਨੂੰ ਬਚਾਉਣ ਲਈ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਸੰਘਰਸ਼ ਕਰ ਰਹੇ ਆਦਿਵਾਸੀਆਂ 'ਤੇ ਕੀਤੇ ਜਾ ਰਹੇ ਸਰਕਾਰੀ ਜਬਰ ਦਾ ਜ਼ਿਕਰ ਕਰਦਿਆਂ ਆਖਿਆ ਕਿ ਦੇਸ਼ ਦੀ ਪਾਰਲੀਮੈਂਟ ਅਜਿਹੇ ਲੋਕ-ਮੁੱਦਿਆਂ 'ਤੇ ਚਰਚਾ ਕਰਨ ਦੀ ਵੀ ਲੋੜ ਨਹੀਂ ਸਮਝਦੀ ਪਰ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਵਰਗੇ ਲੋਕ ਵਿਰੋਧੀ ਕਾਨੂੰਨ
ਇੱਕ ਦਿਨ ਵਿੱਚ ਹੀ ਪੇਸ਼ ਕਰਕੇ ਪਾਸ ਕੀਤੇ ਜਾ ਰਹੇ ਹਨ।
ਬੁਲਾਰਿਆਂ ਨੇ ਸਰਕਾਰ ਦੇ ਅਜਿਹੇ ਜਾਬਰ ਕਦਮਾਂ ਨੂੰ ਠੱਲ੍ਹ ਪਾਉਣ ਲਈ ਡਟਵਾਂ ਜਨਤਕ ਵਿਰੋਧ ਕਰਨ ਦਾ ਸੱਦਾ ਦਿੱਤਾ। ਕਨਵੈਨਸ਼ਨ ਵਿੱਚ ਮਜ਼ਦੂਰ-ਕਿਸਾਨ, ਮੁਲਾਜ਼ਮ, ਨੌਜਵਾਨ ਤੇ ਨੇਪਾਲੀ ਏਕਤਾ ਸਮਾਜ ਦੇ ਕਾਰਕੁੰਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਮੰਚ ਸੰਚਾਲਨ ਦੀ ਜੁੰਮੇਵਾਰੀ ਫਰੰਟ ਦੇ ਮੈਂਬਰ ਤੇ ਕਹਾਣੀਕਾਰ ਅਤਰਜੀਤ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਮਹੂਰੀ ਫਰੰਟ ਦੇ ਮੈਂਬਰ ਬਾਰੂ ਸਤਵਰਗ, ਜਗਸੀਰ ਜੀਦਾ ਅਤੇ ਅਮੋਲਕ ਸਿੰਘ ਵੀ ਹਾਜ਼ਰ ਸਨ।
ਲੋਕ ਮੋਰਚਾ ਅਤੇ ਇਨਕਲਾਬੀ ਕੇਂਦਰ ਵੱਲੋਂ ਸਾਂਝਾ ਬਿਆਨ
ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਨੇ ਐਨ.ਸੀ.ਟੀ.ਸੀ. ਨੂੰ ਮੂਲੋਂ ਰੱਦ ਕਰਵਾਉਣ, ਨਵੀਂ ਜਲ-ਨੀਤੀ ਉਪਰ ਕਾਟਾ ਮਰਵਾਉਣ ਲਈ ਲੋਕ ਆਵਾਜ਼ ਬੁਲੰਦ ਕਰਨ ਦਾ ਸਾਂਝਾ ਸੱਦਾ ਦਿੱਤਾ ਹੈ। ਦੋਵੇਂ ਜਥੇਬੰਦੀਆਂ ਦੇ ਜਨਰਲ ਸਕੱਤਰਾਂ ਕੰਵਲਜੀਤ ਖੰਨਾ ਅਤੇ ਅਮੋਲਕ ਸਿੰਘ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਐਨ.ਸੀ.ਟੀ.ਸੀ. ਨੂੰ ਫਾਸ਼ੀ ਕੇਂਦਰ ਕਰਾਰ ਦਿੰਦਿਆਂ ਇਸ ਖਿਲਾਫ ਸਮੂਹ ਲੋਕ-ਪੱਖੀ, ਇਨਕਲਾਬੀ-ਜਮਹੂਰੀ ਸ਼ਕਤੀਆਂ ਨੂੰ ਮਿਲ ਕੇ ਜੱਦੋਜਹਿਦ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਇਉਂ ਹੀ ਨਵੀਂ ਜਲ-ਨੀਤੀ ਨੂੰ ਲੋਕਾਂ ਦੇ ਕੁਦਰਤੀ ਸਰੋਤਾਂ ਉਪਰ ਕਾਰਪੋਰੇਟ ਜਗਤ ਦਾ ਕਬਜ਼ਾ ਕਰਵਾਉਣ ਦੀ ਕਾਲੀ ਨੀਤੀ ਕਰਾਰ ਦਿੰਦਿਆਂ ਇਸ ਖਿਲਾਫ ਜਨਤਕ ਰਾਏ ਲਾਮਬੰਦ ਕਰਨ ਲਈ ਸਭਨਾਂ ਤਾਕਤਾਂ ਨੂੰ ਮਿਲ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ ਹੈ।
ਦੋਵੇਂ ਜਥੇਬੰਦੀਆਂ ਨੇ 23 ਮਾਰਚ ਦੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਇਨਕਲਾਬੀ ਕਵੀ ਪਾਸ਼ ਦੀ ਯਾਦ ਵਿੱਚ ਹੋ ਰਹੇ ਨਿਰੰਤਰ ਸਮਾਗਮ ਵਿੱਚ ਐਨ.ਸੀ.ਟੀ.ਸੀ. ਅਤੇ ਜਲ-ਨੀਤੀ ਦੇ ਮੁੱਦਿਆਂ ਨੂੰ ਹੋਰਨਾਂ ਮੁੱਦਿਆਂ ਸਮੇਤ ਵਿਸ਼ੇਸ਼ ਤਰਜੀਹ ਦੇਣ ਦਾ ਸੱਦਾ ਦਿੰਦਿਆਂ ਅਮਰ ਸ਼ਹੀਦਾਂ ਦੇ ਸੁਪਨਿਆਂ ਦਾ ਰਾਜ ਅਤੇ ਸਮਾਜ ਸਿਰਜਣ ਲਈ ਲੰਮੇ ਦਾਅ ਦੇ ਲੋਕ-ਘੋਲ ਉਸਾਰਨ ਦਾ ਸੱਦਾ ਦਿੱਤਾ ਹੈ।
''ਹੀਰੇ ਇਮਾਰਤ ਦੀ ਖੂਬਸੂਰਤੀ ਵਧਾ ਸਕਦੇ ਹਨ। ਦੇਖਣ ਵਾਲਿਆਂ ਨੂੰ ਹੈਰਾਨ ਕਰ ਸਕਦੇ ਹਨ, ਪਰ ਉਹ ਇਮਾਰਤ ਦੀ ਬੁਨਿਆਦ ਨਹੀਂ ਬਣ ਸਕਦੇ, ਉਸ ਦੀ ਉਮਰ ਨਹੀਂ ਵਧਾ ਸਕਦੇ, ਸਦੀਆਂ ਤੱਕ ਆਪਣੇ ਮਜਬੂਤ ਮੋਢਿਆਂ 'ਤੇ ਉਸ ਦੇ ਬੋਝ ਨੂੰ ਚੁੱਕ ਕੇ, ਸਿੱਧਿਆਂ ਖੜ੍ਹਾ ਨਹੀਂ ਰੱਖ ਸਕਦੇ। ਹੁਣ ਤੱਕ ਸਾਡੇ ਸੰਘਰਸ਼ ਨੇ ਹੀਰੇ ਕਮਾਏ ਹਨ, ਬੁਨਿਆਦ ਦੇ ਪੱਥਰ ਨਹੀਂ ਇਕੱਠੇ ਕੀਤੇ। ਇਸ ਕਰਕੇ ਹੀ ਏਨੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਵੀ ਅਸੀਂ ਅਜੇ ਤੱਕ ਇਮਾਰਤ ਤਾਂ ਕੀ ਢਾਂਚਾ ਵੀ ਖੜ੍ਹਾ ਨਹੀਂ ਕਰ ਸਕੇ। ਅੱਜ ਸਾਨੂੰ ਬੁਨਿਆਦ ਦੇ ਪੱਥਰਾਂ ਦੀ ਜ਼ਰੂਰਤ ਹੈ।''
''ਤਿਆਗ ਅਤੇ ਕੁਰਬਾਨੀ ਦੇ ਵੀ ਦੋ ਰੂਪ ਹਨ। ਇੱਕ ਹੈ ਸੀਨੇ ਵਿੱਚ ਗੋਲੀ ਖਾ ਕੇ ਜਾਂ ਫਾਂਸੀ 'ਤੇ ਚੜ੍ਹ ਕੇ ਮਰਨਾ। ਇਸ ਵਿੱਚ ਚਮਕ-ਦਮਕ ਜ਼ਿਆਦਾ ਹੈ ਪਰ ਤਕਲੀਫ ਘੱਟ। ਦੂਸਰਾ ਹੈ, ਪਿੱਛੇ ਰਹਿ ਕੇ ਸਾਰੀ ਜ਼ਿੰਦਗੀ ਇਮਾਰਤ ਦਾ ਬੋਝ ਢੋਂਦੇ ਫਿਰਨਾ। ਸੰਘਰਸ਼ ਦੇ ਉਤਰਾਵਾਂ-ਚੜ੍ਹਾਵਾਂ ਵਿੱਚ ਕਸੂਤੀਆਂ ਹਾਲਤਾਂ ਵਿੱਚ ਕਦੇ ਐਸੇ ਪਲ ਵੀ ਆਉਂਦੇ ਹਨ, ਜਦ ਇੱਕ ਇੱਕ ਕਰਕੇ ਸਭ ਹਮਸਫਰ ਸਾਥ ਛੱਡ ਜਾਂਦੇ ਹਨ। ਉਸ ਸਮੇਂ ਮਨੁੱਖ ਹਮਦਰਦੀ ਦੇ ਦੋ ਬੋਲਾਂ ਲਈ ਵੀ ਤਰਸ ਜਾਂਦਾ ਹੈ। ਅਜਿਹੇ ਪਲਾਂ ਵਿੱਚ ਹੌਸਲਾ ਨਾ ਹਾਰ ਕੇ, ਜਿਹੜੇ ਲੋਕ ਆਪਣਾ ਰਾਹ ਨਹੀਂ ਛੱਡਦੇ, ਇਮਾਰਤ ਦੇ ਬੋਝ ਨਾਲ ਜਿਹਨਾਂ ਦੇ ਪੈਰ ਨਹੀਂ ਡਗਮਗਾਉਂਦੇ, ਮੋਢੇ ਨਹੀਂ ਝੁਕਦੇ, ਜੋ ਪੋਟਾ-ਪੋਟਾ ਕਰਕੇ ਆਪਣੇ ਆਪ ਨੂੰ ਇਸ ਲਈ ਗਾਲਦੇ ਰਹਿੰਦੇ ਹਨ, ਇਸ ਲਈ ਜਲਾਉਂਦੇ ਰਹਿੰਦੇ ਹਨ ਕਿ ਦੀਵੇ ਦੀ ਲੋਅ ਮੱਧਮ ਨਾ ਪੈ ਜਾਵੇ, ਸੁੰਨਸਾਨ ਡੰਡੀ 'ਤੇ ਹਨੇਰਾ ਨਾ ਪਸਰ ਜਾਵੇ, ਅਜਿਹੇ ਲੋਕਾਂ ਦੀ ਕੁਰਬਾਨੀ ਅਤੇ ਤਿਆਗ, ਪਹਿਲੇ ਵਾਲਿਆਂ ਦੇ ਮੁਕਾਬਲੇ ਕੀ ਜ਼ਿਆਦਾ ਨਹੀਂ ਹੈ?''
—ਸ਼ਹੀਦ ਭਗਤ ਸਿੰਘ
(ਸ਼ਿਵ ਵਰਮਾ ਦੀਆਂ ਯਾਦਾਂ 'ਚੋਂ)
No comments:
Post a Comment