Monday, October 10, 2011

Surkh Rekha, Sep-Oct, 2011


ਸਿਆਸੀ ਮਹੱਤਵ:
ਮਾਰੂਤੀ ਸੁਜ਼ੂਕੀ ਕਾਮਿਆਂ ਦੀ ਘੋਲ ਲਲਕਾਰ
—ਅਮਰ ਲੰਬੀ
ਮਾਰੂਤੀ ਮੈਨੇਜਮੈਂਟ ਨੇ ਕਾਮਿਆਂ ਦੀ ਮਰਜ਼ੀ ਦੀ ਜਥੇਬੰਦੀ ਨੂੰ ਮਾਨਤਾ ਨਾ ਦੇਣ ਅਤੇ ਕਾਮਿਆਂ ਨੇ ਜਥੇਬੰਦਕ ਤਾਕਤ ਦੇ ਜ਼ੋਰ ਇਹ ਹੱਕ ਹਾਸਲ ਕਰਨ ਦੀ ਠਾਣੀ ਹੋਈ ਹੈ। ਇਹ ਭੇੜ ਇਕੱਲੀ ਮਾਰੂਤੀ 'ਚ ਹੀ ਨਹੀਂ ਸਮੁੱਚੀ ਗੁੜਗਾਉਂ-ਮਾਨੇਸਰ ਸਨਅੱਤੀ ਪੱਟੀ ਵਿੱਚ ਚੱਲ ਰਿਹਾ ਹੈ। ਦਹਾਕਾ ਪਹਿਲਾਂ ਮਾਰੂਤੀ 'ਚ ਉੱਠੀ ਤੇ ਮੈਨੇਜਮੈਂਟ ਵੱਲੋਂ ਜਬਰ ਨਾਲ ਖੂਨ 'ਚ ਡੁਬੋਈ ਘੋਲ ਲਾਟ ਵੀ ਏਸ ਹੱਕ ਦੀ ਪਰਾਪਤੀ ਲਈ ਘੋਲ ਹੀ ਸੀ।

ਮਾਰੂਤੀ ਕਾਮਿਆਂ ਵੱਲੋਂ ਲੰਘੇ ਜੂਨ ਮਹੀਨੇ ਹੋਈ 13 ਰੋਜ਼ਾ ਹੜਤਾਲ ਮੌਕੇ ਭਾਵੇਂ ਆਜ਼ਾਦ ਯੂਨੀਅਨ ਨੂੰ ਮਾਨਤਾ ਹਾਸਲ ਨਹੀਂ ਸੀ ਹੋਈ, ਪਰ ਮਜ਼ਦੂਰ ਤਾਕਤ ਦੇ ਭਾਰੀ ਦਬਾਅ ਸਦਕਾ ਯੂਨੀਅਨ ਦੇ ਕੱਢੇ ਆਗੂ ਬਹਾਲ ਕਰਵਾ ਲਏ ਗਏ ਸਨ। ਯੂਨੀਅਨ ਆਗੂਆਂ ਨੂੰ ਵਰਕਰਾਂ ਦੇ ਮਸਲੇ ਹੱਲ ਕਰਨ ਲਈ ਬਣਾਈ ਗਵਰਨਿੰਗ ਕੌਂਸਲ ਵਿੱਚ ਲੈ ਲਿਆ ਗਿਆ ਸੀ। ਪਰ ਕਾਮਿਆਂ ਦੀ ਜਥੇਬੰਦ ਤਾਕਤ ਦੀ ਬੱਝ ਰਹੀ ਗੰਢ ਨੂੰ ਭੰਨਣ ਲਈ ਇਸ ਘੋਲ ਤੋਂ ਮਗਰੋਂ ਮੈਨੇਜਮੈਂਟ ਵੱਲੋਂ ਯੂਨੀਅਨ ਤੋੜੂ ਵੱਡਾ ਹੱਲਾ ਬੋਲਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ। ਮੈਨੇਜਮੈਂਟ ਨੇ ਹਕੂਮਤ, ਪ੍ਰਸਾਸ਼ਨ ਕਚਹਿਰੀਆਂ ਤੇ ਪ੍ਰੈਸ ਆਦਿ ਨੂੰ ਹੱਥ ਹੇਠ ਕਰਕੇ ਕਾਮਿਆਂ 'ਤੇ ਮੁੜ ਹਮਲਾ ਵਿੱਢ ਦਿੱਤਾ। ਦੋ-ਚਾਰ ਕੱਚੇ ਕਾਮਿਆਂ ਨੂੰ ਰੋਜ਼ਾਨਾ ਛਾਂਟੀ ਕਰਨਾ ਸ਼ੁਰੂ ਕਰ ਦਿੱਤਾ। ਕਾਮਿਆਂ ਨੂੰ ਜਲੀਲ ਕਰਨ ਲਈ ਅਣਮਨੁੱਖੀ ਕੁਕਰਮ ਕਰਦਿਆਂ, ਖਾਣੇ ਵਿੱਚ ਕਾਕਰੋਚ ਤੇ ਮੱਖੀਆਂ ਮਿਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦਹਿਸ਼ਤ ਪਾਉਣ ਲਈ ਗੁੰਡੇ ਖੁੱਲ੍ਹੇ ਛੱਡ ਦਿੱਤੇ। ਜਿਹੜੇ ਘਰਾਂ ਕਾਲੋਨੀਆਂ ਅੱਗੇ ਵੀ ਗੇੜੇ ਕੱਢਣ ਲੱਗੇ। 28 ਅਗਸਤ ਨੂੰ ਫੈਕਟਰੀ ਗੇਟ ਅੱਗੇ 500 ਦੀ ਗਿਣਤੀ ਵਿੱਚ ਪੁਲਸ ਅਤੇ ਗੁੰਡੇ ਤਾਇਨਾਤ ਕਰ ਦਿੱਤੇ ਗਏ। 29, 30 ਨੂੰ ਹੋਰ ਵਰਕਰ ਕੰਮ ਤੋਂ ਕੱਢ ਦਿੱਤੇ। ''ਗੁੱਡ ਕੰਡਕਟ ਬਾਂਡ'' ਭਰਨ ਵਾਲੇ ਨੂੰ ਹੀ ਫੈਕਟਰੀ ਅੰਦਰ ਜਾਣ ਦਿੱਤਾ ਜਾਵੇਗਾ, ਦੀ ਸ਼ਰਤ ਮੜ੍ਹ ਦਿੱਤੀ। ਬਾਂਡ ਨਾ ਭਰਨ ਵਾਲੇ ਨੂੰ ਜਾਬਤੇ ਦੀ ਉਲੰਘਣਾ ਕਰਨ ਵਾਲਾ ਤੇ ਹੜਤਾਲੀ ਕਾਮਾ ਗਿਣਿਆ ਜਾਵੇਗਾ ਦਾ ਨੋਟਿਸ ਚਿਪਕਾ ਦਿੱਤਾ।

ਮਾਰੂਤੀ ਦੇ ਸਮੁੱਚੇ ਕਾਮਿਆਂ ਨੇ ਬਾਂਡ ਭਰਨ ਤੋਂ ਕੋਰਾ ਜੁਆਬ ਦੇ ਦਿੱਤਾ। ਸੌ ਫੀਸਦੀ ਹੜਤਾਲ ਫਿਰ ਸ਼ੁਰੂ ਹੋ ਗਈ। ਇੱਕ, ਪੰਜ ਅਤੇ 12 ਸਤੰਬਰ ਦੇ ਰੈਲੀਆਂ ਮੁਜਾਹਰੇ ਅਤੇ ਸੜਕੀ ਜਾਮ ਦੇ ਸੱਦਿਆਂ 'ਚ ਹਜ਼ਾਰਾਂ ਮਜ਼ਦੂਰ ਸ਼ਾਮਲ ਹੋਏ ਹਨ। ਸ਼ਹਿਰ ਵਿੱਚ ਮੁਜਾਹਰਾ ਕਰਕੇ ਡੀ.ਸੀ. ਨੂੰ ਮੰਗ ਪੱਤਰ ਦਿੱਤਾ ਗਿਆ। ਇਹ ਯੂਨੀਅਨ ਦੀ ਮਾਨਤਾ ਦੀ ਮੰਗ ਨੂੰ ਹੀ ਹੁੰਗਾਰਾ ਹੈ। ਇਹ ਹੁੰਗਾਰਾ ਜੂਨ ਦੀ ਹੜਤਾਲ ਵੇਲੇ ਹੋਰ ਵੀ ਜ਼ੋਰਦਾਰ ਰੂਪ ਵਿੱਚ ਸਾਹਮਣੇ ਆਇਆ ਸੀ, ਜਦੋਂ ਮਾਰੂਤੀ ਕਾਮਿਆਂ ਵੱਲੋਂ 4 ਜੂਨ ਨੂੰ ਫੈਕਟਰੀ ਅੰਦਰ ਹੀ ਕਬਜ਼ਾ ਕਰਕੇ ਹੜਤਾਲ ਸ਼ੁਰੂ ਕਰ ਦਿੱਤੀ ਗਈ ਸੀ। ਮਾਰੂਤੀ ਕਾਮਿਆਂ 'ਤੇ ਜਬਰ ਵਿਰੁੱਧ, ਸਮੁੱਚੀ ਸਨਅੱਤੀ ਪੱਟੀ ਵਿੱਚ ਹੜਤਾਲ ਫੈਲ ਗਈ ਸੀ। ਘੋਲ ਦੀ ਹਮਾਇਤ ਕਰਨ ਪੱਖੋਂ ਜਕੋ-ਤਕੀ 'ਚ ਪਈਆਂ ਸੁਧਾਰਵਾਦੀ ਲੀਡਰਸ਼ਿੱਪਾਂ ਨੂੰ ਵੀ ਯਕਯਹਿਤੀ ਵਜੋਂ ਹੜਤਾਲ ਦੀ ਕਾਲ ਦੇਣੀ ਪਈ ਸੀ। ਸਰਕਾਰ ਨੂੰ ਵੀ ਦਬਾਅ ਮੰਨ ਕੇ ਹੜਤਾਲ 'ਤੇ ਲਾਈ ਪਾਬੰਦੀ ਵਾਪਸ ਲੈਣੀ ਪਈ ਸੀ। ਸਰਕਾਰ ਤੇ ਮੈਨੇਜਮੈਂਟ ਨੂੰ ਗੱਲਬਾਤ ਦੀ ਮੇਜ਼ 'ਤੇ ਆਉਣਾ ਪਿਆ ਸੀ। ਕੱਢੇ ਆਗੂ ਰੱਖਣੇ ਪਏ ਸਨ। ''ਯੂਨੀਅਨ ਨੂੰ ਮਾਨਤਾ ਵੀ ਦੇਵਾਂਗੇ'' ਦੀ ਗੱਲ ਸਵੀਕਾਰ ਹੋਈ ਸੀ। ਹੁਣ ਦੁਬਾਰਾ ਵਿੱਢੇ ਜਥੇਬੰਦੀ ਖਿੰਡਾਊ ਹਮਲੇ ਸਮੇਂ ਵੀ ਹੁੰਗਾਰਾ ਉਵੇਂ ਵਿਆਪਕ ਹੈ। ਸਗੋਂ ਹੋਰ ਵੀ ਜ਼ੋਰਦਾਰ ਜਾਪਦਾ ਹੈ। ਸੁਜ਼ੂਕੀ ਦੀਆਂ ਦੋ ਹੋਰ ਫੈਕਟਰੀਆਂ ਵਿੱਚ ਯਕਯਹਿਤੀ ਵਜੋਂ ਹੜਤਾਲ ਫੈਲ ਗਈ। ਸੁਜ਼ੂਕੀ ਦੇ ਕਾਮੇ ਜਨਰਲ ਬਾਡੀ ਮੀਟਿੰਗ ਸੱਦਣ ਦੀ ਮੰਗ ਕਰਨ ਲੱਗ ਪਏ ਹਨ। ਵੱਖ ਵੱਖ ਵਿਚਾਰਾਂ ਅਤੇ ਜਕੋਤਕੀ ਦੇ ਬਾਵਜੂਦ ਕਾਮਿਆਂ ਦਾ ਵਿਰੋਧ ਭੰਨਣ ਲਈ ਜਿੰਨਾ ਵੱਡਾ ਹਮਲਾ ਹੈ, ਓਨਾ ਹੀ ਇਹ ਜਮਾਤੀ ਨਫਰਤ ਨੂੰ ਪ੍ਰਚੰਡ ਕਰਦਾ ਦਿਖਾਈ ਦੇ ਰਿਹਾ ਹੈ।

ਉੱਚ-ਤਕਨੀਕ ਅਧਾਰਤ ਸਾਮਰਾਜੀ ਭਿਆਲੀ ਵਾਲੀ ਵੱਡੀ ਸਨਅੱਤ ਵਿੱਚ ਕੰਮ ਕਰਦੀ ਇਹ ਮਜ਼ਦੂਰ ਜਮਾਤ ਆਪਣੀਆਂ ਬਾਹਰਮੁਖੀ ਹਾਲਤਾਂ ਸਦਕਾ, ਤਿੱਖੀ ਜਮਾਤੀ ਚੇਤਨਾ ਅਤੇ ਉੱਚੀ ਜਥੇਬੰਦਕ ਸਮਰੱਥਾ ਗ੍ਰਹਿਣ ਕਰਨ ਦੀਆਂ ਰੌਸ਼ਨ ਸੰਭਾਵਨਾਵਾਂ ਰੱਖਦੀ ਹੈ। ਖਰੀ ਇਨਕਲਾਬੀ ਲੀਡਰਸ਼ਿੱਪ ਦੀ ਅਗਵਾਈ ਮਿਲਣ ਦੀ ਹਾਲਤ ਵਿੱਚ ਉਚੇਰੀ ਜਮਾਤੀ-ਸਿਆਸੀ ਸੋਝੀ ਨਾਲ ਲੈਸ ਹੋ ਕੇ ਇਹ ਮਜ਼ਦੂਰ ਜਮਾਤ ਅੰਨ੍ਹੀਂ ਲੁੱਟ ਦੀਆਂ ਨੀਂਹਾਂ 'ਤੇ ਉੱਸਰੇ, ਸਰਮਾਏਦਾਰੀ ਦੇ ਆਰਥਿਕ ਥੰਮ੍ਹਾਂ ਨੂੰ ਕੰਬਣੀਆਂ ਛੇੜਨ ਦੇ ਨਾਲ ਨਾਲ ਕਿਸਾਨੀ ਸਮੇਤ ਸਮੁੱਚੇ ਮਿਹਨਤਕਸ਼ ਲੋਕਾਂ ਦੀਆਂ ਹੱਕੀ ਲਹਿਰਾਂ ਵਿੱਚ ਆਗੂ ਭੂਮਿਕਾ ਨਿਭਾਉਣ ਦੇ ਆਪਣੇ ਹਕੀਕੀ ਜਮਾਤੀ ਸਿਆਸੀ ਰੋਲ ਨੂੰ ਅਖਤਿਆਰ ਕਰਨ ਦੇ ਸਮਰੱਥ ਹੋ ਸਕਦੀ ਹੈ। ਚੇਤਨ ਹੋਈ ਮਜ਼ਦੂਰ ਜਮਾਤ ਵੱਲੋਂ ਅਜਿਹੇ ਸੰਭਾਵੀ ਤੂਫਾਨ-ਝਟਕਿਆਂ ਦੇ ਡਰ ਕਰਕੇ ਹੀ ਉਹ ਇਸ ਦੇ ਚੇਤਨ ਹੋਣ ਅਤੇ ਜਥੇਬੰਦ ਹੋਣ ਦੇ ਰਾਹ ਵਿੱਚ ਅਨੇਕਾਂ ਕੰਡੇ ਬੀਜਦੇ ਹਨ। ਇਸੇ ਡਰ ਨੂੰ ਭਾਂਪ ਕੇ ਹੀ ਮਾਨੇਸਰ-ਗੁੜਗਾਉਂ ਸਨਅੱਤੀ ਪੱਟੀ ਦੇ ਕਾਰਖਾਨਿਆਂ ਦੀਆਂ ਮੈਨੇਜਮੈਂਟਾਂ ਮਜ਼ਦੂਰਾਂ ਦੇ ਸਹੀ ਲੀਹਾਂ 'ਤੇ ਜਥੇਬੰਦ ਹੋਣ ਉੱਤੇ ਰੋਕਾਂ ਖੜ੍ਹੀਆਂ ਕਰਦੀਆਂ ਹਨ। ਇਸੇ ਕਰਕੇ ਹੀ ਮਾਨੇਸਰ ਪਲਾਂਟ ਦੀ ਮੈਨੇਜਮੈਂਟ ਨੇ ਮਜ਼ਦੂਰਾਂ ਦੀ ਆਪਣੀ ਮਨਪਸੰਦ ਯੂਨੀਅਨ ਬਣਾਉਣ ਦੀ ਮੰਗ ਨੂੰ ਪ੍ਰਵਾਨ ਕਰਨ ਦੀ ਬਜਾਏ, ਫੈਕਟਰੀ ਬੰਦ ਕਰਕੇ ਆਰਥਿਕ ਨੁਕਸਾਨ ਝੱਲਣ ਦੇ ਪੈਂਤੜੇ ਨੂੰ ਪਹਿਲ ਦਿੱਤੀ ਹੈ। ਉਹ ਇਸ ਮਜ਼ਦੂਰ ਸੰਘਰਸ਼ ਦੇ ਸਿਆਸੀ ਮਹੱਤਵ ਨੂੰ ਪਛਾਣ ਰਹੇ ਹਨ। ਸਿਰਫ ਆਰਥਿਕ ਹਿੱਤਾਂ ਨੂੰ ਹੀ ਸਭ ਕੁੱਝ ਨਹੀਂ ਸਮਝ ਰਹੇ। ਮੁਲਕ ਦੀ ਮਜ਼ਦੂਰ ਜਮਾਤ ਨੂੰ ਇਸ ਪੱਖੋਂ ਸਰਮਾਏਦਾਰਾਂ ਤੋਂ ਸਿੱਖਣ ਦੀ ਲੋੜ ਹੈ। ਫੌਰੀ ਆਰਥਿਕ ਹਿੱਤਾਂ ਤੋਂ ਅੱਗੇ ਆਪਣੇ ਵੱਡੇ ਬੁਨਿਆਦੀ ਹਿੱਤਾਂ ਬਾਰੇ ਸੋਚਣ ਦੀ ਲੋੜ ਹੈ। ਜਥੇਬੰਦ ਹੋਣ ਦੇ ਜਮਹੂਰੀ ਅਤੇ ਸਿਆਸੀ ਹੱਕ ਨੂੰ ਖਹਿ-ਭਿੜ ਕੇ ਹਾਸਲ ਕਰਨ ਅਤੇ ਪੁਗਾਉਣ ਦਾ ਮਹੱਤਵ ਪਛਾਨਣ ਦੀ ਲੋੜ ਹੈ। ਟਰੇਡ ਯੂਨੀਅਨ ਲੀਡਰਸ਼ਿੱਪ 'ਤੇ ਆਮ ਕਰਕੇ ਆਰਥਿਕਵਾਦੀਆਂ-ਸੁਧਾਰਵਾਦੀਆਂ ਦੀ ਸਰਦਾਰੀ ਦੇ ਬਾਵਜੂਦ ਮਾਰੂਤੀ ਸੁਜ਼ੂਕੀ ਅਤੇ ਇਸ ਸਨਅੱਤੀ ਪੱਟੀ ਦੇ ਹੋਰ ਕਾਮਿਆਂ ਨੇ ਆਜ਼ਾਦੀ ਨਾਲ ਯੂਨੀਅਨ ਬਣਾਉਣ ਦੇ ਜਮਹੂਰੀ ਸਿਆਸੀ ਹੱਕ ਦਾ ਮਹੱਤਵ ਪਛਾਨਣ 'ਚ ਸਫਲਤਾ ਹਾਸਲ ਕੀਤੀ ਹੈ। ਇਸ ਨੂੰ ਮਜ਼ਦੂਰ ਜਮਾਤ ਦੇ ਅਹਿਮ ਮੁੱਦੇ ਵਜੋਂ ਉਭਾਰਨ 'ਚ ਸਫਲਤਾ ਹਾਸਲ ਕੀਤੀ ਹੈ। ਭਾਰੀ ਮੁਸ਼ਕਲਾਂ ਝੱਲ ਕੇ ਇਸ ਅਧਿਕਾਰ ਖਾਤਰ ਜੂਝਣ ਦਾ ਦਮ-ਖਮ ਵਿਖਾਇਆ ਹੈ। ਇਹ ਇਸ ਘੋਲ ਦੀ ਅਹਿਮ ਸਿਆਸੀ ਪ੍ਰਾਪਤੀ ਹੈ। ਸੰਘਰਸ਼ ਦਾ ਫੌਰੀ ਨਤੀਜਾ ਕੋਈ ਵੀ ਹੋਵੇ, ਇਹ ਤਜਰਬਾ ਬੇਅਰਥ ਅਤੇ ਅਜਾਈਂ ਨਹੀਂ ਜਾਵੇਗਾ।


ਜਥੇਬੰਦੀ ਦੀ ਬਰਕਤ
ਪਹਿਲਾਂ ਨਰੇਗਾ ਲਾਗੂ ਕਰਵਾਇਆ, ਫੇਰ ਬਕਾਏ ਕਢਵਾਏ
—ਪੱਤਰਪ੍ਰੇਰਕ
ਜ਼ਿਲ੍ਹਾ ਮੁਕਤਸਰ ਦੇ ਪਿੰਡ ਖੁੰਡੇ ਹਲਾਲ ਵਿੱਚ ਮਾਰਚ ਮਹੀਨੇ ਤੋਂ ਮਜ਼ਦੂਰਾਂ ਵੱਲੋਂ ਨਰੇਗਾ ਤਹਿਤ ਕੀਤੇ ਕੰਮ ਦੇ 1 ਲੱਖ 36 ਹਜ਼ਾਰ ਰੁਪਏ ਪਿੰਡ ਦੇ ਸਰਪੰਚ ਤੇ ਯੂਥ ਅਕਾਲੀ ਦਲ ਦੇ ਲੀਡਰ ਵੱਲੋਂ ਉਪਰੋਂ ਆਉਣ ਦੇ ਬਾਵਜੂਦ ਵੀ ਨਹੀਂ ਸੀ ਦਿੱਤੇ ਜਾ ਰਹੇ। ਕਾਰਨ ਇਹੀ ਸੀ ਕਿ ਸਰਪੰਚ ਦੇ ਨਾ ਚਾਹੁਣ ਦੇ ਬਾਵਜੂਦ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਸਥਾਨਕ ਇਕਾਈ ਵੱਲੋਂ ਜਥੇਬੰਦਕ ਤਾਕਤ ਦੇ ਦਬਾਅ ਰਾਹੀਂ ਹੀ ਅਧਿਕਾਰੀਆਂ ਤੋਂ ਨਰੇਗਾ ਕੰਮ ਹਾਸਲ ਕੀਤਾ ਗਿਆ ਸੀ। ਇਸ ਲਈ ਜਥੇਬੰਦੀ ਨੂੰ ਸਿਆਸੀ ਢਾਹ ਲਾਉਣ ਦੇ ਮਕਸਦ ਨਾਲ ਹੀ ਸਰਪੰਚ ਵੱਲੋਂ ਕੰਮ ਦੇ ਪੈਸੇ ਨਹੀਂ ਸੀ ਦਿੱਤੇ ਜਾ ਰਹੇ ਤਾਂ ਕਿ ਮਜ਼ਦੂਰਾਂ ਨੂੰ ਇਹ ਸਬਕ ਸਿਖਾਇਆ ਜਾ ਸਕੇ ਕਿ ਸਰਪੰਚ ਦੀ ਰਜ਼ਾ ਤੋਂ ਬਿਨਾ ਲਏ ਗਏ ਕੰਮ ਦਾ ਤਾਂ ਨੁਕਸਾਨ ਹੀ ਹੁੰਦਾ ਹੈ। ਇਸ ਪੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਵਾਰ ਵਾਰ ਅਧਿਕਾਰੀਆਂ ਨੂੰ ਡੈਪੂਟੇਸ਼ਨ ਮਿਲਣ ਤੇ ਧਰਨੇ ਦੇਣ ਤੋਂ ਬਾਅਦ ਜਦ ਇਹ ਸਪਸ਼ਟ ਹੋ ਗਿਆ ਕਿ ਅਸਲ ਅੜਿੱਕਾ ਤਾਂ ਸਰਪੰਚ ਦਾ ਹੀ ਹੈ ਤਾਂ ਯੂਨੀਅਨ ਵੱਲੋਂ ਉਸ ਨੂੰ ਚੋਟ ਨਿਸ਼ਾਨਾ ਬਣਾ ਕੇ 16 ਸਤੰਬਰ ਤੋਂ ਸਰਪੰਚ ਦੇ ਘਰ ਅੱਗੇ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਅਤੇ ਉੱਚ ਅਧਿਕਾਰੀਆਂ ਤੱਕ ਸਭ ਨੂੰ ਜਾਣੂੰ ਕਰਵਾ ਦਿੱਤਾ। ਬੱਸ ਫੇਰ ਕੀ ਸੀ ਕਿ 12 ਸਤੰਬਰ ਨੂੰ ਹੀ ਮਜ਼ਦੂਰਾਂ ਦੇ ਖਾਤਿਆਂ ਵਿੱਚ ਪੈਸਿਆਂ ਦੀ ਰਕਮ ਜਮ੍ਹਾਂ ਹੋ ਗਈ। ਇਉਂ ਹੀ ਜ਼ਿਲ੍ਹੇ ਦੇ ਪਿੰਡ ਖੂਨਣ ਖੁਰਦ ਵਿਖੇ ਯੂਨੀਅਨ ਵੱਲੋਂ ਲਗਾਤਾਰ ਜ਼ੋਰ ਅਜ਼ਮਾਈ ਕਰਕੇ, 2 ਲੱਖ 37 ਹਜ਼ਾਰ ਰੁਪਏ ਨਰੇਗਾ ਬਕਾਏ ਹਾਸਲ ਕੀਤੇ ਗਏ। ਮਜ਼ਦੂਰਾਂ ਦੇ ਹੌਸਲੇ ਪਸਤ ਕਰਨ ਦੇ ਮਨਸੂਬੇ ਪਾਲ ਰਹੇ ਸਰਪੰਚ ਦੀ ਜਗੀਰੂ ਹੈਂਕੜ ਭੰਨੀ ਗਈ।


ਜੋ ਖਬਰ ਨਹੀਂ ਬਣਦੀਆਂ
ਗੁੜਗਾਉਂ ਪੱਟੀ ਦੇ ਕਾਮਿਆਂ ਦੇ ਘੋਲਾਂ ਦੀਆਂ ਕੁਝ ਝਲਕਾਂ
—ਪੱਤਰਪ੍ਰੇਰਕ
—ਅਪ੍ਰੈਲ 2006 ਵਿੱਚ 4500 ਤੋਂ ਜ਼ਿਆਦਾ ਕੱਚੇ ਕਾਮਿਆਂ ਨੇ ਹੀਰੋ ਹੌਂਡਾ ਦੇ ਗੁੜਗਾਉਂ ਪਲਾਂਟਾਂ 'ਤੇ ਕਬਜ਼ਾ ਕਰ ਲਿਆ। ਤਨਖਾਹਾਂ ਵਿੱਚ ਵਾਧਾ ਤੇ ਸੇਵਾ ਹਾਲਤਾਂ ਵਿੱਚ ਸੁਧਾਰ ਦੀ ਮੰਗ ਰੱਖੀ। ਮੈਨੇਜਮੈਂਟ ਨੇ ਪੁਲਸ ਸੱਦ ਲਈ। ਪਾਣੀ ਤੇ ਬਿਜਲੀ ਕੱਟ ਦਿੱਤੀ। ਨਾ ਪੁਲਸ ਅੰਦਰ ਗਈ ਨਾ ਬਾਹਰੋਂ ਕੋਈ ਹੋਰ ਸੁਪੋਰਟ ਆਈ। ਕਾਮਿਆਂ ਨੇ ਇੱਕ ਛੋਟਾ ਵਫਦ ਗੱਲਬਾਤ ਲਈ ਬਾਹਰ ਭੇਜਿਆ। ਜਦ ਉਸਨੇ ਆ ਕੇ ਦੱਸਿਆ ਕਿ ਮੈਨੇਜਮੈਂਟ ਨੇ ਮੰਗਾਂ ਮੰਨ ਲਈਆਂ ਫੇਰ ਹੀ ਵਰਕਰਾਂ ਨੇ ਕਬਜ਼ਾ ਛੱਡਿਆ।

—ਜਨਵਰੀ 2007 ਡੈਲਫੀ ਕਾਰ ਕਲਪੁਰਜ਼ੇ ਬਣਾਉਣ ਵਾਲੀ ਫੈਕਟਰੀ ਦੇ 2500 ਕੱਚੇ ਕਾਮਿਆਂ ਨੇ ਫੈਕਟਰੀ 'ਤੇ ਕਬਜ਼ਾ ਕਰ ਲਿਆ। ਤੇ ਦੋ ਦਿਨ ਬਾਅਦ ਛੱਡਿਆ। ਅਗਸਤ 2007 ਵਿੱਚ ਇਹਨਾਂ ਨੇ ਫੇਰ ਕਬਜ਼ਾ ਕਰ ਲਿਆ। ਘੱਟੋ ਘੱਟ ਉਜਰਤ ਵਧਾਉਣ ਦੀ ਮੰਗ ਰੱਖ ੱਿਦਤੀ ਅਤੇ ਕਾਮਯਾਬੀ ਹਾਸਲ ਕੀਤੀ।

—ਅਗਸਤ 2007 ਵਿੱਚ ਹਰਿਆਣਾ ਸਰਕਾਰ ਵੱਲੋਂ ਘੱਟੋ ਘੱਟ ਉਜਰਤ ਵਿੱਚ ਵਾਧਾ ਕਰਨ ਪਿੱਛੋਂ ਫਰੀਦਾਬਾਦ ਤੇ ਗੁੜਗਾਉਂ ਦੀਆਂ ਦਰਜ਼ਨ ਤੋਂ ਵੱਧ ਕੰਪਨੀਆਂ ਵਿੱਚ ਕੱਚੇ ਕਾਮਿਆਂ ਨੇ ਏਸੇ ਤਰ੍ਹਾਂ ਫੈਕਟਰੀਆਂ 'ਤੇ ਕਬਜ਼ੇ ਕੀਤੇ। ਘੱਟੋ ਘੱਟ ਉਜਰਤਾਂ ਵਧਾਉਣ ਦੀ ਮੰਗ ਕੀਤੀ ਅਤੇ ਸਫਲਤਾ ਹਾਸਲ ਕੀਤੀ।

ਹਰਿਆਣਾ ਦੀ ਏਸ ਆਟੋ ਮੋਬਾਈਲ ਸਨਅੱਤੀ ਹੱਬ ਵਿੱਚ ਯੂਨੀਅਨ ਨੂੰ ਮਾਨਤਾ ਨਾ ਦੇਣਾ, ਯੂਨੀਅਨ ਬਣਨ 'ਤੇ ਹੀ ਲੀਡਰਸ਼ਿੱਪ ਨੂੰ ਕੱਢ ਦੇਣਾ, ਬਾਕੀ ਕਾਮਿਆਂ ਨੂੰ 'ਗੁਡ ਕੰਡਕਟ ਬਾਂਡ' ਭਰਨ ਦੀ ਸਰਤ 'ਤੇ ਹੀ ਅੰਦਰ ਜਾਣ ਦੇਣਾ ਅਤੇ ਨਾ ਭਰਨ ਵਾਲਿਆਂ ਨੂੰ ਕੱਢ ਦੇਣਾ ਅਤੇ ਨਵੀਂ ਠੇਕਾ ਭਰਤੀ ਕਰ ਲੈਣਾ ਆਮ ਗੱਲ ਹੈ। ਮੈਨੇਜਮੈਂਟ ਸਰਕਾਰ ਤੇ ਪ੍ਰਸਾਸ਼ਨ ਇਹ ਕੰਮ ਰਲ-ਮਿਲ ਕੇ ਕਰਦੇ ਹਨ। ਇਹਦੇ ਜੁਆਬ 'ਚ ਕਾਮਿਆਂ ਨੇ ਇੱਕ ਘੋਲ ਸ਼ਕਲ ਇਹ ਵੀ ਅਪਣਾਈ ਹੋਈ ਹੈ ਕਿ ਯੂਨੀਅਨ ਬਣ ਸਕੇ ਜਾਂ ਨਾ ਬਣ ਸਕੇ, ਉ੍ਹਹ ਸਮੂਹਿਕ ਰੂਪ ਵਿੱਚ ਕੰਮ ਠੱਪ ਕਰਕੇ ਫੈਕਟਰੀ ਅੰਦਰ ਹੀ ਕਬਜ਼ਾ ਕਰਕੇ ਬੈਠ ਜਾਂਦੇ ਹਨ। ਮੈਨੇਜਮੈਂਟ ਵੱਲੋਂ ਬਿਜਲੀ ਪਾਣੀ ਕੱਟਣ ਦੇ ਦੁਖ਼ੜੇ ਉਹ ਅੰਦਰ ਹੀ ਝੱਲ ਲੈਂਦੇ ਹਨ। ਨਾ ਬਾਹਰ ਖਬਰ ਜਾਂਦੀ ਹੈ ਨਾ ਬਾਹਰੋਂ ਸੁਪੋਰਟ ਆਉਂਦੀ ਹੈ। ਮੈਨੇਜਮੈਂਟ ਤੇ ਹਕੂਮਤ ਨੂੰ ਅੰਦਰ ਪੁਲਸ ਦਾਖਲ ਕਰਕੇ ਕਬਜ਼ਾ ਛੁਡਵਾਉਣ ਦੇ ਵੱਡੇ ਹਰਜੇ ਲੱਗਦੇ ਹਨ। ਏਸ ਲਈ ਉਹ ਕੁਝ ਮੰਗਾਂ ਮੰਨ ਕੇ ਜਾਂ ਕੁਝ ਝੂਠ ਫਰੇਬ ਰਾਹੀਂ ਕਾਮਿਆਂ ਅੱਗੇ ਝੁਕਣ ਦੀ ਦਿੱਖ ਬਣਾਉਣ ਲਈ ਮਜਬੂਰ ਹੁੰਦੇ ਹਨ। ਮਾਰੂਤੀ ਕਾਮਿਆਂ ਨੇ ਲੰਘੇ ਜੂਨ ਵਿੱਚ ਹੜਤਾਲ ਸਮੇਂ ਵੀ ਫੈਕਟਰੀ ਅੰਦਰ ਕਬਜ਼ਾ ਜਮਾਉਣ ਦੀ ਘੋਲ ਸ਼ਕਲ ਹੀ ਅਪਣਾਈ ਸੀ। ਤੇ ਘੋਲ ਅੱਗੇ ਸਰਕਾਰ ਤੇ ਮੈਨੇਜਮੈਂਟ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਸੀ।

੦-੦-੦-੦-੦

ਏਅਰ ਇੰਡੀਆ ਭ੍ਰਿਸ਼ਟਾਚਾਰ:
ਹੜਤਾਲੀ ਪਾਇਲਟ ਸਹੀ ਸਾਬਤ ਹੋਏ
—ਅਮਰ ਲੰਬੀ
ਅਪ੍ਰੈਲ ਮਹੀਨੇ ਏਅਰ ਇੰਡੀਆ ਦੇ ਪਾਇਲਟਾਂ ਦੀ ਹੜਤਾਲ ਹੋਈ ਸੀ। ਸਰਕਾਰ ਤਨਖਾਹਾਂ ਵਧਾਉਣੋਂ ਏਸ ਕਰਕੇ ਇਨਕਾਰੀ ਸੀ, ਕਹਿੰਦੀ ਏਅਰ ਇੰਡੀਆ ਘਾਟੇ ਵਿੱਚ ਹੈ। ਪਾਇਲਟਾਂ ਦੀ ਯੂਨੀਅਨ ਨੇ ਏਅਰ ਇੰਡੀਆ ਵਿੱਚ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਕਰਵਾਉਣ ਦੀ ਮੰਗ ਵੀ ਉਠਾਈ ਸੀ। ਉਹਨਾਂ ਦਾ ਦੋਸ਼ ਸੀ ਕਿ ਲੱਗਭੱਗ 50000 ਕਰੋੜ ਰੁਪਏ ਦਾ ਭਰਿਸ਼ਟਾਚਾਰ ਹੋਇਆ ਹੈ। ਹੁਣ ਸਤੰਬਰ ਮਹੀਨੇ ਕੇਂਦਰ ਦੀ ਆਡਿਟ ਸੰਸਥਾ, ਕੈਗ ਨੇ ਸਰਕਾਰ ਦੀ ਖਿਚਾਈ ਕਰਦਿਆਂ, ਏਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਏਅਰ ਇੰਡੀਆ ਦੇ ਘਾਟੇ ਦਾ ਕਾਰਨ ਸਰਕਾਰ ਦੀਆਂ ਏਅਰ ਲਾਈਨਜ਼ ਨੂੰ ਚਲਾਉਣ ਦੀਆਂ ਨੀਤੀਆਂ ਹਨ।

ਕੈਗ ਨੇ ਸਭ ਤੋਂ ਪਹਿਲਾਂ ਉਂਗਲ ਧਰੀ ਹੈ ਕਿ ਸਰਕਾਰ ਨੇ 40 ਬੇਲੋੜੇ ਯਾਤਰੀ ਜਹਾਜ਼ ਖਰੀਦੇ। ਜਨਵਰੀ 2004 ਵਿੱਚ ਲੋੜ 28 ਜਹਾਜ਼ਾਂ ਦੀ ਸੀ, ਖਰੀਦ 68 ਲਏ। ਦੂਜਾ ਥਾਂ ਕੈਗ ਨੇ ਟਿੱਕਿਆ ਹੈ ਕਿ ਦੋਵਾਂ ਏਅਰ ਲਾਈਨਾਂ ਦਾ ਰਲੇਵਾਂ ਕਰਨ ਤੋਂ ਪਹਿਲਾਂ ਜਹਾਜ਼ ਖਰੀਦਣ ਦੀ ਲੋੜ ਨਹੀਂ ਸੀ। ਰਲੇਵਾਂ ਕਰਨ ਤੋਂ ਪਹਿਲਾਂ ਰੂਟਾਂ ਦੀ ਤਰਕ-ਸੰਗਤ ਸ਼ਨਾਖਤ ਕੀਤੀ ਜਾਣੀ ਚਾਹੀਦੀ ਸੀ, ਤਾਂ ਜੋ ਕੁੱਲ ਜਹਾਜੀ ਸਮਰੱਥਾ ਦੀ ਲਾਹੇਵੰਦ ਤਾਇਨਾਤੀ ਹੋ ਸਕੇ। ਕੋਈ ਵੀ ਜਹਾਜ਼ੀ ਸਮਰੱਥਾ ਅਜਾਈਂ ਨਾ ਰੁਲਦੀ ਰਹੇ। ਤੀਜੀ ਗੱਲ, ਕੈਗ ਨੇ ਉਦਾਰੀਕਰਨ ਦੀ ਨੀਤੀ ਨੂੰ ਨਿਸ਼ਾਨਾ ਬਣਾਇਆ ਹੈ। ਜਿਸ ਤਹਿਤ ਕੌਮਾਂਤਰੀ ਉਡਾਣ ਸਮਝੌਤਿਆਂ ਤਹਿਤ ਵਿਦੇਸ਼ੀ ਏਅਰਲਾਈਨਜ਼ ਅਤੇ ਦੇਸੀ ਨਿੱਜੀ ਏਅਰ ਲਾਈਨਜ਼ ਨੂੰ ਲਾਹੇਵੰਦ ਰੂਟ ਦੇ ਦਿੱਤੇ। ਘਾਟੇ ਵਾਲੇ ਰੂਟ ਆਪ ਰੱਖ ਲਏ।

ਜਹਾਜ਼ ਖਰੀਦਣ ਤੋਂ ਪਹਿਲਾਂ, ਰਲੇਵਾਂ ਕਿਉਂ ਕੀਤਾ ਤੇ ਰੂਟਾਂ ਦੀ ਤਰਕ-ਸੰਗਤ ਸ਼ਨਾਖਤ ਕਿਉਂ ਨਹੀਂ ਕੀਤੀ? ਪਹਿਲਾਂ ਰਲੇਵਾਂ ਕਰਕੇ ਸ਼ਨਾਖਤ ਕਰ ਲਈ ਜਾਂਦੀ ਤਾਂ ਦੋਵਾਂ ਦੀ ਕੁੱਲ ਜਹਾਜ਼ੀ ਸਮਰੱਥਾ ਮਿਲਾ ਕੇ 28 ਜਹਾਜ਼ਾਂ ਦੀ ਖਰੀਦ ਨਾਲ ਹੀ ਸਰ ਸਕਦਾ ਸੀ। ਹੁਣ 40 ਵੱਧ ਜਹਾਜ਼ਾਂ ਦੀ ਕੀਤੀ ਖਰੀਦ ਜਹਾਜ਼ ਬਣਾਉਣ ਵਾਲੀਆਂ ਕੰਪਨੀਆਂ ਨੂੰ ਅਰਬਾਂ ਡਾਲਰਾਂ ਦੀ ਲੁੱਟ ਕਰਵਾਉਣ ਦੀ ਲੋੜ 'ਚੋਂ ਹੀ ਉਪਜੀ ਹੈ। ਵੱਡੇ ਮੁਨਾਫਿਆਂ ਵਾਲੇ ਲਾਹੇਵੰਦ ਰੂਟ ਹੋਰਾਂ ਕੰਪਨੀਆਂ ਨੂੰ ਦੇ ਕੇ, ਤੇ ਘਾਟੇ ਵਾਲੇ ਆਪ ਰੱਖ ਕੇ ਉਹਨਾਂ ਨੂੰ ਵੱਡਾ ਲਾਭ ਪੁਚਾਇਆ ਗਿਆ ਹੈ। ਜਹਾਜ਼ਾਂ ਦੇ ਤੇ ਰੂਟਾਂ ਦੇ ਸੌਦੇ ਕਿਵੇਂ ਇਹ ਵੱਡੀਆਂ ਕੰਪਨੀਆਂ ਸਰਕਾਰਾਂ ਅਤੇ ਮੰਤਰੀਆਂ ਨੂੰ ਕਰੋੜਾਂ ਡਾਲਰਾਂ ਦੇ ਕਮਿਸ਼ਨ ਦੇ ਕੇ ਹਾਸਲ ਕਰਦੀਆਂ ਹਨ, ਇਹ ਅੱਜ ਕੱਲ੍ਹ ਕੋਈ ਲੁੱਕੀ ਛਿਪੀ ਗੱਲ ਨਹੀਂ ਹੈ। ਕੈਗ ਦੀ ਰਿਪੋਰਟ ਨੇ ਸਰਕਾਰੀ ਨੀਤੀਆਂ ਦੀਆਂ ਇਹਨਾਂ ਭਰਿਸ਼ਟ ਚੋਰ-ਮੋਰੀਆਂ 'ਤੇ ਉਂਗਲ ਧਰੀ ਹੈ।

ਏਸ ਤਰ੍ਹਾਂ ਪਿਛਲੇ ਪੰਜ ਸਾਲਾਂ ਤੋਂ ਏਅਰ ਇੰਡੀਆ ਖੜੋਤ ਵਿੱਚ ਹੈ। ਮੁਨਾਫੇ ਵਾਲੇ ਰੂਟ ਘਾਟੇ ਵਿੱਚ ਚਲੇ ਗਏ ਹਨ। ਵਿਆਜ ਵਧ ਕੇ 2434 ਕਰੋੜ ਰੁਪਏ ਹੋ ਗਿਆ ਹੈ। ਵਰਕਿੰਗ ਕੈਪੀਟਲ ਕਰਜ਼ਾ 21 ਗੁਣਾਂ ਵਧ ਕੇ 18524 ਕਰੋੜ ਹੋ ਗਿਆ। ਸਰਕਾਰ ਦੀਆਂ ਭਰਿਸ਼ਟ ਨੀਤੀਆਂ ਕਰਕੇ ਕੈਗ ਦੇ ਅੰਦਾਜ਼ੇ ਮੁਤਾਬਕ ਏਅਰ ਇੰਡੀਆ ਲੱਗਭੱਗ 21000 ਕਰੋੜ ਰੁਪਏ ਦਾ ਕਰਜ਼ਾਈ ਹੋ ਗਿਆ ਹੈ।

ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਸਾਮਰਾਜੀ ਨੀਤੀਆਂ ਮੁਤਾਬਕ ਚੱਲਣ-ਢਲਣ ਕਰਕੇ ਕਿਵੇਂ ਸਾਡੇ ਹਾਕਮਾਂ ਨੇ, ਜਹਾਜ਼ ਕੰਪਨੀਆਂ ਤੇ ਨਿੱਜੀ ਏਅਰ ਲਾਈਨਾਂ ਦੀਆਂ ਤਿਜੌਰੀਆਂ ਭਰ ਦਿੱਤੀਆਂ। ਖੁਦ ਵੀ ਪਤਾ ਨੀ ਕਿੰਨੇ ਕੁ ਗੱਫੇ ਲਾ ਲਏ। ਪਾਇਲਟਾਂ ਦੀਆਂ ਮੰਗਾਂ ਨਾ ਮੰਨ ਕੇ ਕਿੰਨਾ ਲੰਮਾ ਸਮਾਂ ਉਹਨਾਂ ਨੂੰ ਦੁਖ-ਮੁਸੀਬਤਾਂ ਪੁਚਾਈਆਂ। ਹਵਾਈ ਯਾਤਰੂਆਂ ਨੂੰ ਖੱਜਲ ਖੁਆਰ ਕੀਤਾ। ਇਹ ਸਾਡੇ ਹਾਕਮਾਂ ਦੀ ਲੋਕ ਧਰੋਹੀ ਤੇ ਕੌਮ ਧਰੋਹੀ ਖਸਲਤ ਦਾ ਹੀ ਇੱਕ ਹੋਰ ਸਰੁਪ ਹੈ।
੦-੦-੦-੦-੦

ਸਨਅੱਤੀ ਮਜ਼ਦੂਰ ਸਰਗਰਮੀ:
ਕਿਸਾਨਾਂ-ਖੇਤ ਮਜ਼ਦੂਰਾਂ ਦੀ ਹਮਾਇਤ 'ਚ ਆਵਾਜ਼ ਬੁਲੰਦ
—ਹਰਜਿੰਦਰ
ਲੁਧਿਆਣਾ- ਇਥੋਂ ਦੀਆਂ ਕਈ ਸਨਅੱਤੀ ਮਜ਼ਦੂਰਾਂ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ, ਦੋਵੇਂ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨਾਂ (ਰਜਿ.), ਲੋਕ ਏਕਤਾ ਸੰਗਠਨ, ਹੌਜਰੀ ਵਰਕਰਜ਼ ਯੂਨੀਅਨ ਅਤੇ ਆਲ ਇੰਡੀਆ ਸੈਂਟਰ ਆਫ ਟਰੇਡ ਯੂਨੀਅਨ (ਏਕਟੁ) ਵੱਲੋਂ ਸਾਂਝੇ ਤੌਰ 'ਤੇ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਮਜ਼ਦੂਰ, ਲੋਕ-ਮਾਰੂ ਨੀਤੀਆਂ ਖਿਲਾਫ ਅਤੇ ਮਜ਼ਦੂਰਾਂ ਦੀਆਂ ਫੌਰੀ ਭਖਵੀਆਂ ਮੰਗਾਂ ਦੀ ਪਰਾਪਤੀ ਲਈ ਚੱਲ ਰਹੇ ਸੰਘਰਸ਼ਾਂ ਦੇ ਨਾਲ ਨਾਲ ਗੋਬਿੰਦਪੁਰਾ (ਮਾਨਸਾ) ਦੇ ਜ਼ਮੀਨੀ ਘੋਲ 'ਤੇ ਬਾਦਲ ਹਕੂਮਤ ਦੇ ਕਹਿਰ ਵਿਰੁੱਧ ਸਥਾਨਕ ਲੋਕਾਂ ਤੇ ਸੂਬੇ ਦੀਆਂ 17 ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਹੱਕੀ ਘੋਲ ਦੀ ਹਮਾਇਤ ਵਿੱਚ ਸਨਅੱਤਾਂ ਅਤੇ ਮਜ਼ਦੂਰਾਂ ਦੀਆਂ ਰਿਹਾਇਸ਼ੀ ਥਾਵਾਂ, ਮਜ਼ਦੂਰ ਵਿਹੜਿਆਂ ਵਿੱਚ ਜਨਤਕ ਮੀਟਿੰਗਾਂ ਕਰਵਾਈਆਂ ਗਈਆਂ। ਸਾਂਝੇ ਤੌਰ 'ਤੇ ਪ੍ਰਕਾਸ਼ਤ 4000 ਦੀ ਗਿਣਤੀ ਵਿੱਚ ਹਿੰਦੀ ਲੀਫਲੈਟ ਵੰਡਿਆ ਗਿਆ। 24 ਅਗਸਤ ਨੂੰ ਜ਼ਿਲ੍ਹਾ ਕਚਹਿਰੀ ਅੱਗੇ ਸੰਕੇਤਕ ਧਰਨਾ-ਮੁਜਾਹਰਾ ਕਰਕੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ਭੇਜਿਆ ਗਿਆ।

ਮੰਗ ਪੱਤਰ ਵਿੱਚ ਵਿਕਾਸ ਦੇ ਨਾਂ ਹੇਠ ਰੁਜ਼ਗਾਰ ਉਜਾੜੂ, ਲੇਬਰ ਕਾਨੂੰਨਾਂ ਦਾ ਭੋਗ ਪਾਉਂਦੀਆਂ ਨਵੀਆਂ ਆਰਥਿਕ ਨੀਤੀਆਂ ਨੂੰ ਰੱਦ ਕਰਕੇ ਸਭਨਾਂ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਦੀ ਗਾਰੰਟੀ, ਠੇਕੇਦਾਰੀ ਪ੍ਰਥਾ ਖਤਮ ਕਰਨ ਆਦਿ ਦੇ ਨਾਲ ਨਾਲ ਗੋਬਿੰਦਪੁਰਾ ਦੇ ਕਿਸਾਨਾਂ ਦੀ ਧੱਕੇ ਨਾਲ ਪਿਓਨਾ ਕੰਪਨੀ ਦੇ ਹਵਾਲੇ ਕੀਤਾ ਜਾ ਰਹੀ ਜ਼ਮੀਨ, ਦੇ ਫੈਸਲੇ ਨੂੰ ਰੱਦ ਕਰਨ ਅਤੇ ਮਜ਼ਦੂਰਾਂ ਦੇ ਰੁਜ਼ਗਾਰ ਤੇ ਘਰਾਂ ਦੇ ਉਜਾੜੇ ਨੂੰ ਰੋਕਣ, ਗੋਬਿੰਦਪੁਰਾ ਦੇ ਪੂਰੇ ਇਲਾਕੇ 'ਚੋਂ ਤਾਇਨਾਤ ਸਾਰੇ ਪੁਲਸੀ ਬਲ ਹਟਾਏ ਜਾਣ, ਸੰਘਰਸ਼ਸ਼ੀਲ ਮਜ਼ਦੂਰਾਂ-ਕਿਸਾਨਾਂ 'ਤੇ ਜਥੇਬੰਦੀਆਂ 'ਤੇ ਹਕੂਮਤੀ ਕਹਿਰ ਢਾਹੁਣਾ ਬੰਦ ਕਰਨ ਦੀ ਮੰਗ ਕੀਤੀ ਗਈ।

ਖੰਨਾ-ਸਮਰਾਲਾ— ਮਜ਼ਦੂਰ ਯੂਨੀਅਨ ਖੰਨਾ-ਸਮਰਾਲਾ ਨੇ ਲਗਾਤਾਰ ਮਜ਼ਦੂਰਾਂ ਦੇ ਭਖਵੇਂ ਤੇ ਉੱਭਰੇ ਮਸਲਿਆਂ 'ਤੇ ਸੰਘਰਸ਼ਾਂ ਦਾ ਪਿੜ ਮੱਲਿਆ ਹੋਇਆ ਹੈ। ਚਿਰਾਂ ਤੋਂ ਲਟਕਦੀਆਂ ਵੱਖ ਵੱਖ ਮਜ਼ਦੂਰ ਮੰਗਾਂ ਸਬੰਧੀ 8 ਜੁਲਾਈ ਨੂੰ ਐਸ.ਡੀ.ਐਮ. ਖੰਨਾ ਦੀ ਕਚਹਿਰੀ ਅੱਗੇ ਰੋਹ-ਭਰਪੂਰ ਧਰਨਾ ਦੇ ਕੇ ਰੈਲੀ ਕੀਤੀ ਅਤੇ ਮੰਗ ਪੱਤਰ ਦਿੱਤਾ। ਮਜ਼ਦੂਰਾਂ ਦਾ ਰੋਹ ਭਰਿਆ ਕਾਫਲਾ ਨਾਅਰੇ ਗੁੰਜਾਉਂਦਾ ਹੋਇਆ ਹਲਕਾ ਅਕਾਲੀ ਵਿਧਾਇਕ ਬਿਕਰਮਜੀਤ ਸਿੰਘ ਖਾਲਸਾ ਦੇ ਦਫਤਰ ਪੀ.ਡਬਲਿਊ.ਡੀ. ਰੈਸਟ ਹਾਊਸ ਪਹੁੰਚਿਆ। ਅਕਾਲੀ-ਭਾਜਪਾ ਸਰਕਾਰ ਦੀ ਮੁਰਦਾਬਾਦ ਕੀਤੀ। ਵਿਧਾਇਕ ਨੇ ਮੌਕੇ 'ਤੇ ਹੀ ਲੋਕ ਰੋਹ ਨੂੰ ਦੇਖਦੇ ਹੋਏ ਕੁਝ ਮੰਗਾਂ ਨੂੰ ਫੋਰੀ ਹੱਲ ਕਰਨ ਤੇ ਕੁੱਝ ਮੰਗਾਂ ਨੂੰ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਨ ਦਾ ਭਰੋਸਾ ਦੁਆਇਆ। ਇਸ ਸੰਘਰਸ਼ ਦੀ ਬਦੌਲਤ ਹੀ ਅਗਸਤ ਮਹੀਨੇ ਵਿੱਚ ਇੱਕ ਦਰਜਨ ਮਜ਼ਦੂਰ ਪਰਿਵਾਰਾਂ ਨੂੰ 20 ਹਜ਼ਾਰ ਪ੍ਰਤੀ ਪਰਿਵਾਰ ਮਕਾਨਾਂ ਦੀ ਮੁਰੰਮਤ ਲਈ ਗਰਾਂਟਾਂ ਜਾਰੀਆਂ ਹੋਈਆਂ। ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ ਜੱਦੋਜਹਿਦ ਜਾਰੀ ਹੈ। ਲੋਕਾਂ 'ਚੋਂ ਮਿਲੇ ਹੁੰਗਾਰੇ ਸਦਕਾ ਹੀ 12 ਸਤੰਬਰ ਨੂੰ ਜਲੰਧਰ ਵਿਖੇ ਸੂਬੇ ਦੀਆਂ ਖੇਤ ਅਤੇ ਪੇਂਡੂ ਮਜ਼ਦੂਰ ਜਥੇਬੰਦੀਆਂ ਦੇ ਧਰਨੇ-ਮੁਜਾਹਰੇ ਵਿੱਚ ਇਲਾਕੇ 'ਚੋਂ ਭਰਾਤਰੀ ਤੌਰ 'ਤੇ 80 ਮਰਦ-ਔਰਤਾਂ ਨੇ ਸ਼ਮੂਲੀਅਤ ਕੀਤੀ।

ਆਪਣੀਆਂ ਵੱਖ ਵੱਖ ਮਜ਼ਦੂਰ ਮੰਗਾਂ 'ਤੇ ਚੱਲ ਰਹੇ ਸੰਘਰਸ਼ਾਂ 'ਚ ਸ਼ਾਮਲ ਕਰਦੇ ਹੋਏ ਗੋਬਿੰਦਪੁਰਾ ਦੇ ਜ਼ਮੀਨੀ ਘੋਲ ਦੀ ਹਮਾਇਤ ਵਿੱਚ ਇਲਾਕੇ ਦੇ ਪਿੰਡਾਂ ਭੱਟੀਆਂ, ਰਸੂਲੜਾ, ਮਾਜਰੀ, ਇਕੋਲਾਹਾ, ਇਕੋਲਾਹੀ ਆਦਿ 25-30 ਵਰਕਰਾਂ ਦੀ ਟੋਲੀ ਨੇ ਸਾਈਕਲ-ਸਕੂਟਰ ਝੰਡਾ ਮਾਰਚ ਤੇ ਰੈਲੀਆਂ ਕੀਤੀਆਂ। ਵੱਖ ਵੱਖ ਪਿੰਡ ਵਿੱਚ ਭਰਵੀਂ ਸ਼ਮੂਲੀਅਤ ਹੋਈ। ਰੈਲੀਆਂ ਨੂੰ ਮਜ਼ਦੂਰ ਆਗੂਆਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਸੁਦਾਗਰ ਸਿੰਘ ਨੇ ਵੀ ਸੰਬੋਧਨ ਕੀਤਾ।

ਸਾਂਝੀ ਜਲੰਧਰ ਰੈਲੀ:
ਖੇਤ ਮਜ਼ਦੂਰ ਮੰਗਾਂ ਦੀ ਗੂੰਜ
—ਪੱਤਰਪ੍ਰੇਰਕ
ਪੇਂਡੂ ਅਤੇ ਖੇਤ ਮਜ਼ਦੂਰਾਂ ਦੀਆਂ ਪੰਜ ਜਥੇਬੰਦੀਆਂ (ਪੇਂਡੂ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ) ਵੱਲੋਂ ਮਜ਼ਦੂਰਾਂ ਦੇ ਪੁਰੇ ਘਰੇਲੂ ਬਿਜਲੀ ਬਿੱਲ ਬਿਨਾ ਸ਼ਰਤ ਮੁਆਫ ਕਰਨ ਤੇ ਪੱਟੇ ਹੋਏ ਮੀਟਰ ਮੁੜ ਚਾਲੂ ਕਰਨ ਸਮੇਤ ਮਜ਼ਦੂਰਾਂ ਦੀਆਂ ਕਈ ਹੋਰ ਭਖਦੀਆਂ ਮੰਗਾਂ ਨੂੰ ਲੈ ਕੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 12 ਸਤੰਬਰ ਨੂੰ ਸੂਬਾ ਪੱਧਰੀ ਰੈਲੀ ਤੇ ਮੁਜਾਹਰਾ ਕੀਤਾ ਗਿਆ। ਜਿਸ ਵਿੱਚ 6000 ਤੋਂ ਉਪਰ ਮਜ਼ਦੂਰ ਮਰਦ-ਔਰਤਾਂ ਵੱਲੋਂ ਪੂਰੇ ਜੋਸ਼ ਖਰੋਸ਼ ਨਾਲ ਸ਼ਮੂਲੀਅਤ ਕੀਤੀ ਗਈ। ਰੈਲੀ ਅੰਦਰ ਮਜ਼ਦੂਰ ਔਰਤਾਂ ਦੀ ਬਹੁਤ ਪ੍ਰਭਾਵਸ਼ਾਲੀ ਹਾਜ਼ਰੀ ਰੈਲੀ ਨੂੰ ਵਿਸ਼ੇਸ਼ ਦਿੱਖ ਤੇ ਰੌਂਅ ਪ੍ਰਦਾਨ ਕਰ ਰਹੀ ਸੀ। ਇਸ ਮੌਕੇ ਡੀ.ਸੀ. ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਮਜ਼ਦੂਰਾਂ ਦੇ ਪੂਰੇ ਘਰੇਲੂ ਬਿਜਲੀ ਬਿੱਲ ਜਾਤ ਧਰਮ ਤੇ ਲੋਡ ਦੀ ਸ਼ਰਤ ਹਟਾ ਕੇ ਮੁਆਫ ਕੀਤੇ ਜਾਣ, ਖੜ੍ਹੇ ਬਕਾਏ ਖਤਮ ਕੀਤੇ ਜਾਣ, ਪੁੱਟੇ ਮੀਟਰ ਬਿਨਾ ਸ਼ਰਤ ਚਾਲੂ ਕੀਤੇ ਜਾਣ, ਨਰੇਗਾ ਤਹਿਤ ਸਾਲ ਭਰ ਦੇ ਰੁਜ਼ਗਾਰ ਦੀ ਗਾਰੰਟੀ ਕੀਤੀ ਜਾਵੇ ਅਤੇ ਦਿਹਾੜੀ 200 ਰੁਪਏ ਮਿਥੀ ਜਾਵੇ ਅਤੇ ਕੀਤੇ ਕੰਮਾਂ ਦੇ ਖੜ੍ਹੇ ਬਕਾਏ ਤੁਰੰਤ ਦਿੱਤੇ ਜਾਣ, ਆਰਥਿਕ ਤੰਗੀਆਂ ਤੇ ਕਰਜ਼ੇ ਕਾਰਨ ਖੁਦਕੁਸ਼ੀ ਕਰ ਗਏ ਮਜ਼ਦੂਰਾਂ-ਕਿਸਾਨਾਂ ਦੇ ਵਾਰਸਾਂ ਨੂੰ 5 ਲੱਖ ਰੁਪਏ ਮੁਆਵਜਾ ਤੇ ਇੱਕ ਜੀਅ ਨੂੰ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਵੇ, ਉਹਨਾਂ ਦਾ ਸਾਰਾ ਕਰਜ਼ਾ ਖਤਮ ਕੀਤਾ ਜਾਵੇ, ਸਮੁੱਚੇ ਮਜ਼ਦੂਰਾਂ ਦੇ ਸਾਰੇ ਕਰਜ਼ੇ ਖਤਮ ਕੀਤੇ ਜਾਣ ਅਤੇ ਅੱਗੇ ਵਾਸਤੇ ਬਿਨਾ ਵਿਆਜੂ ਲੰਮੀ ਮੁੱਦਤ ਦੇ ਕਰਜ਼ੇ ਦਿੱਤੇ ਜਾਣ, ਕਾਲੇ ਕਾਨੂੰਨ ਰੱਦ ਕੀਤੇ ਜਾਣ, ਬੇਘਰੇ ਤੇ ਲੋੜਵੰਦਾਂ ਲਈ ਦਸ ਦਸ ਮਰਲੇ ਦੇ ਪਲਾਟ ਦਿੱਤੇ ਜਾਣ ਤੇ ਮਕਾਨ ਬਣਾਉਣ ਲਈ ਖੁੱਲ੍ਹੀਆਂ ਗਰਾਂਟਾਂ ਦਿੱਤੀਆਂ ਜਾਣ, ਪੰਚਾਇਤੀ ਤੇ ਸ਼ਾਮਲਾਟ ਜ਼ਮੀਨਾਂ 'ਤੇ ਕਾਬਜ਼ ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ, ਜਨਤਕ ਵੰਡ ਪ੍ਰਣਾਲੀ ਨੂੰ ਮਜਬੂਤ ਕਰਕੇ ਰਾਸ਼ਨ ਡਿੱਪੂਆਂ 'ਤੇ ਸਸਤੀਆਂ ਦਰਾਂ 'ਤੇ ਰਸੋਈ ਤੇ ਘਰੇਲੂ ਵਰਤੋਂ ਦੀਆਂ ਵਸਤਾਂ ਦੀ ਸਪਲਾਈ ਲੋੜ ਅਨੁਸਾਰ ਹਰ ਮਹੀਨੇ ਦੇਣਾ ਯਕੀਨੀ ਕੀਤਾ ਜਾਵੇ ਅਤੇ ਆਟਾ-ਦਾਲ ਸਕੀਮ ਵਿੱਚ ਕੀਤੀ ਕਟੌਤੀ ਵਾਪਸ ਲਈ ਜਾਵੇ, ਸ਼ਗਨ ਸਕੀਮ ਦੇ ਖੜ੍ਹੇ ਬਕਾਏ ਤੁਰੰਤ ਦਿੱਤੇ ਜਾਣ ਅਤੇ ਬੇਲੋੜੀਆਂ ਸ਼ਰਤਾਂ ਖਤਮ ਕੀਤੀਆਂ ਜਾਣ ਅਤੇ ਬੁਢਾਪਾ, ਵਿਧਵਾ ਤੇ ਅਪੰਗ ਅਤੇ ਆਸ਼ਰਿਤਾਂ ਦੀ ਪੈਨਸ਼ਨ ਇੱਕ ਹਜ਼ਾਰ ਰੁਪਏ ਮਹੀਨਾ ਕਰਕੇ ਹਰ ਮਹੀਨੇ ਦੇਣਾ ਯਕੀਨੀ ਕੀਤਾ ਜਾਵੇ ਅਤੇ ਖੜ੍ਹੇ ਬਕਾਏ ਤੁਰੰਤ ਦਿੱਤੇ ਜਾਣ। ਰੂੜੀਆਂ ਲਈ ਥਾਵਾਂ ਤੇ ਲੈਟਰੀਨਾਂ ਬਣਾ ਕੇ ਦਿੱਤੀਆਂ ਜਾਣ ਅਤੇ ਬਾਰਸ਼ਾਂ ਤੇ ਹੜ੍ਹਾਂ ਕਾਰਨ ਮਜ਼ਦੂਰਾਂ ਦੇ ਹੋਏ ਜਾਨੀ ਨੁਕਸਾਨ ਬਦਲੇ 10 ਲੱਖ ਰੁਪਏ, ਜਖਮੀਆਂ ਲਈ 50 ਹਜ਼ਾਰ ਰੁਪਏ ਅਤੇ ਡਿੱਗੇ ਹੋਏ ਮਕਾਨਾਂ ਦੀ ਮੁੜ ਉਸਾਰੀ ਲਈ 2 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇ।

ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਇੱਕਸੁਰ ਹੋ ਕੇ ਐਲਾਨ ਕੀਤੇ ਕਿ ਸਰਕਾਰ ਚੋਣਾਂ ਸਮੇਂ ਮਜ਼ਦੁਰਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਗਈ ਹੈ ਇਸ ਲਈ ਬਿਜਲੀ ਬਿੱਲਾਂ ਦਾ ਬਾਈਕਾਟ ਜਾਰੀ ਰੱਖਣ ਦੇ ਨਾਲ ਨਾਲ ਇਸਦਾ ਘੇਰਾ ਹੋਰ ਵੀ ਵਿਸ਼ਾਲ ਕਰਨ ਲਈ ਜਨਤਕ ਪਰਚਾਰ ਮੁਹਿੰਮਾਂ ਜਾਰੀ ਰੱਖੀਆਂ ਜਾਣਗੀਆਂ। ਬੁਲਾਰਿਆਂ ਨੇ ਆਪਣੀਆਂ ਮੰਗਾਂ ਦੀ ਤਰਕਸੰਗਤ ਵਾਜਬੀਅਤ ਉਭਾਰਦਿਆਂ ਆਖਿਆ ਕਿ ਉਹ ਸਰਕਾਰ ਤੋਂ ਕੋਈ ਭੀਖ ਨਹੀਂ ਮੰਗਦੇ ਬਲਕਿ ਉਹਨਾਂ ਦਾ ਅਧਿਕਾਰ ਹੈ। ਉਹਨਾਂ ਇਹ ਪੱਖ ਵੀ ਜ਼ੋਰ ਨਾਲ ਉਭਾਰਿਆ ਕਿ ਮਜ਼ਦੂਰਾਂ ਦੇ ਰੁਜ਼ਗਾਰ, ਦੀ ਗਾਰੰਟੀ, ਖਾਧ ਖੁਰਾਕ ਦੀਆਂ ਲੋੜਾਂ ਦੀ ਪੂਰਤੀ ਤੇ ਸਮਾਜਿਕ ਮਾਨ-ਸਨਮਾਨ ਲਈ ਜ਼ਰੂਰੀ ਹੈ ਕਿ ਤਿੱਖੇ ਜ਼ਮੀਨੀ ਸੁਧਾਰ ਕਰਕੇ ਜ਼ਮੀਨਾਂ ਦੀ ਮੁੜ ਵੰਡ ਕੀਤੀ ਜਾਵੇ ਅਤੇ ਖੇਤੀ ਦੇ ਵਿਕਾਸ ਲਈ ਬਜੱਟ ਜੁਟਾਏ ਜਾਣ। ਉਹਨਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਆਪਣੀਆਂ ਮੰਗਾਂ ਨੂੰ ਪ੍ਰਾਪਤ ਕਰਨ ਲਈ ਐਮ.ਐਲ.ਏ., ਐਮ.ਪੀਜ਼ 'ਤੇ ਟੇਕ ਰੱਖਣ ਦੀ ਥਾਂ ਸੰਘਰਸ਼ ਅਖਾੜਿਆਂ 'ਚ ਹੋਰ ਅੱਗੇ s sਵਧਣ। ਮਜ਼ਦੂਰ ਰੈਲੀ ਦੀ ਹਮਾਇਤ ਕਰਦਿਆਂ ਬੀ.ਕੇ.ਯੂ. ਏਕਤਾ (ਉਗਰਾਹਾਂ) ਵੱਲੋਂ ਆਪਣੇ ਕੁਝ ਵਰਕਰ ਭੇਜਣ ਤੋਂ ਆਪਣੇ ਅਸਰ ਹੇਠਲੇ ਖੇਤ ਮਜ਼ਦੂਰਾਂ ਨੂੰ ਸ਼ਾਮਲ ਕਰਨ ਦਾ ਸ਼ਲਾਘਾਯੋਗ ਕਦਮ ਵੀ ਚੁੱਕਿਆ ਗਿਆ।
ਘੋਲ ਤਿਆਰੀ- ਜਨਤਕ ਧਰਨੇ
ਇਹਨਾਂ ਹੀ ਦਿਨਾਂ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ 'ਤੇ 5 ਸਤੰਬਰ ਨੂੰ ਬਠਿੰਡਾ, ਫਰੀਦਕੋਟ, ਮੁਕਤਸਰ ਤੇ ਮੋਗਾ ਦੇ ਡੀ.ਸੀ. ਦਫਤਰਾਂ ਅੱਗੇ ਅਤੇ ਨਕੋਦਰ ਦੇ ਮੂਣਕ ਦੇ ਐਸ.ਡੀ.ਐਮ. ਦਫਤਰਾਂ ਅੱਗੇ ਵਰ੍ਹਦੇ ਮੀਂਹ ਦੇ ਬਾਵਜੂਦ 1500 ਦੇ ਕਰੀਬ ਖੇਤ ਮਜ਼ਦੂਰ ਮਰਦ-ਔਰਤਾਂ ਵੱਲੋਂ ਧਰਨੇ ਦਿੱਤੇ ਗਏ ਅਤੇ ਬਿਜਲੀ ਦੇ ਬਿੱਲ ਫੂਕੇ ਗਏ। ਇਹਨਾਂ ਧਰਨਿਆਂ ਦੌਰਾਨ ਪਿੰਡਾਂ 'ਚੋਂ ਕੀਤੀਆਂ ਠੋਸ ਪੜਤਾਲਾਂ ਅਤੇ ਤਿਆਰੀ ਮੁਹਿੰਮ ਨਾਲ ਜੋੜ ਕੇ ਖੁਦਕੁਸ਼ੀ ਪੀੜਤਾਂ, ਨਰੇਗਾ ਦੇ ਬਕਾਏ ਤੇ ਪੂਰਾ ਕੰਮ ਦੇਣ ਅਤੇ ਸ਼ਗਨ ਸਕੀਮਾਂ ਦੇ ਰਹਿੰਦੇ ਬਾਕਾਇਆਂ ਬਾਬਤ ਵੱਡੀ ਪੱਧਰ 'ਤੇ ਵਿਅਕਤੀਗਤ ਤੌਰ 'ਤੇ ਭਰੇ ਗਏ ਫਾਰਮਾਂ ਦੇ ਪੁਲੰਦੇ ਵੀ ਅਧਿਕਾਰੀਆਂ ਨੂੰ ਸੌਂਪੇ ਗਏ। ਜਿਹਨਾਂ ਮੁਤਾਬਕ ਖੁਦਕੁਸ਼ੀਆਂ ਬਾਰੇ 717, ਨਰੇਗਾ ਕੰਮ ਦੇ ਬਣਦੇ ਕਰੀਬ 7,45,700 ਰੁਪਏ ਬਕਾਏ, ਸ਼ਗਨ ਕਰੀਮ ਦੇ ਰਹਿੰਦੇ 628 ਕੇਸ ਅਤੇ ਕੰਮ ਦੇਣ ਸਬੰਧੀ 6000 ਮਜ਼ਦੂਰਾਂ ਦੀਆਂ ਅਰਜੀਆਂ ਦਿੱਤੀਆਂ ਗਈਆਂ। ਖੇਤ ਮਜ਼ਦੂਰਾਂ ਵੱਲੋਂ ਕੀਤੇ ਗਏ ਇਹ ਐਕਸ਼ਨ ਤੇ ਮਜ਼ਦੂਰਾਂ ਵੱਲੋਂ ਮਿਲਿਆ ਹੁੰਗਾਰਾ ਕਾਫੀ ਉਤਸ਼ਾਹਜਨਕ ਹੈ ਜੋ ਉਹਨਾਂ ਅੰਦਰ ਆਪਣਿਆਂ ਮਸਲਿਆਂ ਪ੍ਰਤੀ ਵਧ ਰਹੀ ਚੇਤਨਾ ਤੇ ਲੜਨ ਤਾਂਘ ਦਾ ਸੰਕੇਤ ਹੈ।

ਮੁਲਾਜ਼ਮ ਹਲਚਲ:
ਪੱਕੇ ਰੁਜ਼ਗਾਰ ਲਈ ਲੰਮੀ ਹੜਤਾਲ
—ਪੱਤਰਕਾਰ
ਪੰਜਾਬ ਅੰਦਰ ਪੜ੍ਹੇ ਲਿਖੇ ਬੇਰੁਜ਼ਗਾਰਾਂ ਤੇ ਠੇਕਾ ਮੁਲਾਜ਼ਮਾਂ ਦੇ ਪਿਛਲੇ ਸਮੇਂ ਚੋਂ ਚੱਲ ਰਹੇ ਜ਼ੋਰਦਾਰ ਸੰਘਰਸ਼ਾਂ ਵਿੱਚ ਕਦਮ ਵਧਾਰਾ ਕਰਦਿਆਂ ਸਿਹਤ ਮਹਿਕਮੇ ਵਿੱਚ ''ਨੈਸ਼ਨਲ ਰੂਰਲ ਹੈਲਥ ਮਿਸ਼ਨ'' (ਐਨ.ਆਰ.ਐਚ.ਐਮ.) ਤਹਿਤ 2005 ਤੋਂ ਠੇਕੇ 'ਤੇ ਭਰਤੀ (ਡਾਕਟਰਾਂ, ਸਟਾਫ ਨਰਸਾਂ, ਕੰਪਿਊਟਰ ਅਪਰੇਟਰਜ਼ ਆਦਿਕ) 5400 ਦੇ ਕਰੀਬ ਮੁਲਾਜ਼ਮਾਂ ਵੱਲੋਂ 8 ਅਗਸਤ ਤੋਂ 31 ਅਗਸਤ ਤੱਕ 24 ਦਿਨ ਲੰਬੀ ਤੇ ਸਫਲ ਹੜਤਾਲ ਕੀਤੀ ਗਈ। ਸੰਘਰਸ਼ ਦੇ ਮੈਦਾਨ ਵਿੱਚ ਨਵੇਂ ਤੇ ਸਿਖਾਂਦਰੁ ਹੋਣ ਦੇ ਬਾਵਜੁਦ ਯੂਨੀਅਨ ਆਗੂਆਂ ਅਨੁਸਾਰ 90 ਪ੍ਰਤੀਸ਼ਤ ਦੇ ਕਰੀਬ ਮੁਲਾਜ਼ਮਾਂ ਵੱਲੋਂ ਹੜਤਾਲ ਵਿੱਚ ਹਿੱਸਾ ਲਿਆ ਗਿਆ। ਉਹਨਾਂ ਦੀ ਮੁੱਖ ਮੰਗ ਸੀ ਕਿ ਠੇਕੇ 'ਤੇ ਭਰਤੀ ਇਸ ਸਮੁੱਚੇ ਸਟਾਫ ਨੂੰ ਪੱਕਾ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਦਾ ਅਸੁਲ ਲਾਗੂ ਕੀਤਾ ਜਾਵੇ ਅਤੇ ਸਿਵਲ ਸਰਵਿਸ ਰੂਲਜ਼ ਲਾਗੂ ਕੀਤੇ ਜਾਣ। ਆਪਣੇ ਸੰਘਰਸ਼ ਨੂੰ ਲਗਾਤਾਰ ਤਾੜੇ ਵਿੱਚ ਰੱਖਣ ਦੇ ਯਤਨਾਂ ਵੱਲੋਂ ਜਿਥੇ ਸਿਹਤ ਮੰਤਰੀ ਦੀ ਕੋਠੀ ਅੱਗੇ ਧਰਨਾ ਮਾਰਿਆ ਗਿਆ ਉਥੇ ਐਨ.ਆਰ.ਐਚ.ਐਮ. ਦੇ ਚੰਡੀਗੜ੍ਹ ਸਥਿਤ ਮੁੱਖ ਦਫਤਰ ਅੱਗੇ ਕਰੀਬ 2000 ਮੁਲਾਜ਼ਮਾਂ ਵੱਲੋਂ ਦਿਨ ਰਾਤ ਦਾ ਧਰਨਾ ਦੇਣ ਤੋਂ ਇਲਾਵਾ ਐਮ.ਡੀ.ਐਸ.ਕੇ. ਸ਼ਰਮਾ ਦਾ ਰਾਤ 11 ਵਜੇ ਤੱਕ ਘਿਰਾਓ ਵੀ ਕੀਤਾ ਗਿਆ ਅਤੇ ਬਠਿੰਡਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਬੱਸ ਅੱਡੇ ਜਾਮ ਕੀਤੇ ਗਏ। ਅਰਥੀਆਂ ਫੂਕੀਆਂ ਗਈਆਂ। ਇਸ ਸੰਘਰਸ਼ ਦੇ ਦਬਾਅ ਤਹਿਤ ਸਰਕਾਰ ਵੱਲੋਂ ਭਾਵੇਂ ਗੱਲਬਾਤ ਦਾ ਦੌਰ ਵੀ ਚਲਾਇਆ ਗਿਆ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਕੇ ਜਾਬਤੇ ਦਾ ਬਹਾਨਾ ਬਣਾ ਕੇ ਸੰਘਰਸ਼ ਦੇ ਰੌਂਅ ਨੂੰ ਖੁੰਢਾ ਕਰਨ ਦੀ ਚੱਲੀ ਚਾਲ ਨੂੰ ਭਾਂਪਦਿਆਂ ਮੁਲਾਜ਼ਮਾਂ ਵੱਲੋਂ ਹੜਤਾਲ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ। ਯੂਨੀਅਨ ਆਗੂਆਂ ਅਨੁਸਾਰ ਅੰਤ 31 ਅਗਸਤ ਨੂੰ ਸਿਹਤ ਮੰਤਰੀ ਤੇ ਮਹਿਕਮੇ ਦੇ ਪ੍ਰਮੁੱਖ ਸਕੱਤਰ ਸਮੇਤ ਉੱਚ ਅਧਿਕਾਰੀਆਂ ਵੱਲੋਂ ਮੰਗਾਂ ਨੂੰ ਅਸੂਲੀ ਤੌਰ 'ਤੇ ਪ੍ਰਵਾਨ ਕਰਦੇ ਹੋਏ ਐਨ.ਐਰ.ਐਚ.ਐਮ. ਦੇ ਸਮੁਹ ਮੁਲਾਜ਼ਮਾਂ ਨੂੰ ਤਾਮਿਲਨਾਡੂ ਦੀ ਤਰਜ 'ਤੇ ਪੱਕੇ ਕਰਨ ਸਬੰਧੀ ਕੇਂਦਰ ਨੂੰ ਕੇਸ ਭੇਜਣ, ਤਨਖਾਹ ਤੇ ਭੱਤਿਆਂ ਸਬੰਧੀ ਪੇ-ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਲਈ ਕੇਸ ਭੇਜਣ ਤੇ ਸਿਵਲ ਸਰਵਿਸ ਰੂਲਜ਼ ਲਾਗੂ ਕਰਨ ਤੋਂ ਇਲਾਵਾ ਫੌਰੀ ਤੌਰ 'ਤੇ ਤਨਖਾਹਾਂ ਵਧਾਉਣ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ 24 ਦਿਨਾਂ ਤੋਂ ਚੱਲੀ ਆ ਰਹੀ ਹੜਤਾਲ ਇੱਕ ਵਾਰ ਖਤਮ ਹੋ ਗਈ ਹੈ। ਮੁਲਾਜ਼ਮ ਆਗੁਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਤਾਂ ਉਹ 26 ਸਤੰਬਰ ਤੋਂ ਆਪਣਾ ਸੰਘਰਸ਼ ਮੁੜ ਸ਼ੁਰੂ ਕਰ ਦੇਣਗੇ।


ਭ੍ਰਿਸ਼ਟਾਚਾਰ ਖਿਲਾਫ਼ ਆਜ਼ਾਦਾਨਾ ਨੌਜਵਾਨ ਮੁਹਿੰਮ- ਸਹੀ ਦਿਸ਼ਾ 'ਚ ਉਪਰਾਲਾ
—ਨੌਜਵਾਨ ਪੱਤਰਪ੍ਰੇਰਕ
ਪਿਛਲੇ ਕੁਝ ਮਹੀਨਿਆਂ 'ਚ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਜ਼ੋਰਦਾਰ ਲੋਕ-ਰੌਂਅ ਪ੍ਰਗਟ ਹੋਇਆ ਹੈ। ਇਹ ਪ੍ਰਗਟਾਵਾ ਪਹਿਲਾਂ ਸਮਾਜ ਸੇਵੀ ਅੰਨਾ ਹਜ਼ਾਰੇ ਵੱਲੋਂ ਜੰਤਰ ਮੰਤਰ ਵਿਖੇ ਰੱਖਿਆ ਮਰਨ ਵਰਤ, ਫਿਰ ਰਾਮਦੇਵ ਵੱਲੋਂ ਕਾਲੇ ਧਨ ਦੇ ਮੁੱਦੇ ਨੂੰ ਭਖਾਉਣ ਦੀ ਕੋਸ਼ਿਸ਼ ਅਤੇ ਦੁਬਾਰਾ ਫੇਰ ਅੰਨਾ ਹਜ਼ਾਰੇ ਵੱਲੋਂ ਰਾਮਲੀਲਾ ਮੈਦਾਨ 'ਚ ਰੱਖੀ ਗਈ ਭੁੱਖ ਹੜਤਾਲ ਦੌਰਾਨ ਹੋਇਆ ਹੈ। ਵਿਸ਼ੇਸ਼ ਕਰਕੇ ਮੱਧ-ਵਰਗੀ ਹਿੱਸਿਆਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਇਸ ਸਰਗਰਮੀ 'ਚ ਵਧ ਚੜ੍ਹ ਕੇ ਹਿੱਸਾ ਲਿਆ ਹੈ। ਸਰਕਾਰ ਅਤੇ ਸਿਆਸੀ ਲੀਡਰਾਂ ਵੱਲੋਂ ਇਸ ਸਰਗਰਮੀ ਨਾਲ ਨਿਪਟਣ ਲਈ ਅਪਣਾਏ ਗਏ ਜਾਬਰ ਹੱਥਕੰਡਿਆਂ ਨੇ ਬਲਦੀ 'ਤੇ ਤੇਲ ਪਾਉਣ ਅਤੇ ਝੋਕਾ ਦੇਣ ਦਾ ਕੰਮ ਕੀਤਾ ਹੈ। ਸਰਕਾਰਾਂ ਦਾ ਕੁਫਰ ਨੰਗਾ ਹੋਇਆ ਹੈ ਤੇ ਲੋਕਾਂ ਦੀ ਜੋਰਦਾਰ ਸਰਗਰਮੀ ਸਾਹਵੇਂ ਉਹ ਹਰਫ਼ਲੇ ਹੋਏ ਨਜ਼ਰ ਆਏ ਹਨ। ਪਰ ਲੀਡਰਸ਼ਿੱਪ ਦੇ ਖਾਸੇ ਅਤੇ ਸੀਮਤਾਈਆਂ ਕਰਕੇ ਇਸ ਗੁੱਸੇ ਦੀ ਧਾਰ ਭ੍ਰਿਸ਼ਟਾਚਾਰ ਦੇ ਅਸਲ ਸਰੋਤਾਂ ਵਜੋਂ ਨਵੀਆਂ ਆਰਥਿਕ ਨੀਤੀਆਂ, ਦੇਸੀ ਵਿਦੇਸ਼ੀ ਕੰਪਨੀਆਂ ਤੇ ਕਾਰਪੋਰੇਟ ਘਰਾਣਿਆਂ ਅਤੇ ਅਫਸਰਸ਼ਾਹੀ ਤੇ ਹਕੂਮਤੀ ਵਜ਼ੀਰਾਂ ਦੀਆਂ ਅੰਨ੍ਹੀਆਂ ਤਾਕਤਾਂ ਵੱਲ ਸੇਧਤ ਨਾ ਹੋ ਸਕੀ।

ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਕੀਤੀ ਗਈ ਆਜ਼ਾਦਾਨਾ ਸਰਗਰਮੀ ਦੌਰਾਨ ਇਹਨਾਂ ਸਵਾਲਾਂ ਨੂੰ ਸਹੀ ਪੈਂਤੜੇ ਤੋਂ ਸੰਬੋਧਤ ਹੁੰਦੇ ਹੋਏ ਭ੍ਰਿਸ਼ਟਾਚਾਰ ਦੇ ਅਸਲ ਕਾਰਨਾਂ ਅਤੇ ਸੰਘਰਸ਼ ਦੀ ਸਹੀ ਦਿਸ਼ਾ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੋਵਾਂ ਜੱਥੇਬੰਦੀਆਂ ਵੱਲੋਂ ਮੋਗਾ ਜਿਲ੍ਹੇ 'ਚ 55 ਦੇ ਕਰੀਬ ਨੌਜਵਾਨ ਅਤੇ ਵਿਦਿਆਰਥੀ ਸਰਗਰਮਾਂ ਦੀ ਸਾਂਝੀ ਇਕੱਤਰਤਾ ਸੱਦ ਕੇ ''ਭ੍ਰਿਸ਼ਟਾਚਾਰ ਖਿਲਾਫ਼ ਨੌਜਵਾਨ ਮੁਹਿੰਮ ਕਮੇਟੀ'' ਦਾ ਗਠਨ ਕੀਤਾ ਗਿਆ ਅਤੇ ਸਾਂਝੇ ਤੌਰ 'ਤੇ ਭ੍ਰਿਸ਼ਟਾਚਾਰ ਖਿਲਾਫ਼ ਨੌਜਵਾਨ ਮਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ।  ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਇਸ ਸਾਂਝੀ ਕਮੇਟੀ ਵੱਲੋਂ ਬਿਆਨ ਜਾਰੀ ਕਰਕੇ ਜਿੱਥੇ ਨੌਜਵਾਨਾਂ ਅਤੇ ਆਮ ਲੋਕਾਂ ਦੇ ਭ੍ਰਿਸ਼ਟਾਚਾਰ ਵਿਰੋਧੀ ਮੁਲਕ ਪੱਧਰੀ ਜ਼ੋਰਦਾਰ ਰੌਂਅ ਦਾ ਸਵਾਗਤ ਕੀਤਾ ਗਿਆ, ਉੱਥੇ ਨਾਲ ਹੀ ਮੁਹਿੰਮ ਦੌਰਾਨ ਭ੍ਰਿਸ਼ਟਾਚਾਰ ਦੇ ਅਸਲ ਸਰੋਤਾਂ ਨੂੰ ਉਭਾਰਦੇ ਹੋਏ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ ਦੀ ਧਾਰ ਇਹਨਾਂ ਸਰੋਤਾਂ ਵੱਲ ਸੇਧਣ ਦਾ ਨਾਅਰਾ ਵੀ ਬੁਲੰਦ ਕੀਤਾ ਗਿਆ। ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਨੂੰ ਦਬਾਉਣ ਲਈ ਸਰਕਾਰ ਵੱਲੋਂ ਅਪਣਾਏ ਜਾਬਰ ਅਤੇ ਧੱਕੜ ਰਵੱਈਏ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਗਈ। ਬੇਰੁਜ਼ਗਾਰ ਈ.ਟੀ.ਟੀ. ਅਧਿਆਪਕ ਫਰੰਟ ਵੱਲੋਂ ਇਸ ਮੁਹਿੰਮ ਦਾ ਸਮਰਥਨ ਕੀਤਾ ਗਿਆ। ਭ੍ਰਿਸ਼ਟਾਚਾਰ ਖਿਲਾਫ ਸੰਘਰਸ਼ ਦੀ ਸਹੀ ਦਿਸ਼ਾ ਅਪਣਾਉਣ ਦਾ ਸੱਦਾ ਦਿੰਦਾ ਕੰਧ ਪੋਸਟਰ ਵੀ 5 ਹਜ਼ਾਰ ਦੀ ਗਿਣਤੀ 'ਚ ਛਾਪ ਕੇ ਵੱਖ ਵੱਖ ਸਕੂਲਾਂ-ਕਾਲਜਾਂ ਤੇ ਪਿੰਡਾਂ 'ਚ ਲਾਇਆ ਗਿਆ।

ਭ੍ਰਿਸ਼ਟਾਚਾਰ ਖਿਲਾਫ਼ ਨੌਜਵਾਨ ਮੁਹਿੰਮ ਦੌਰਾਨ ''ਭ੍ਰਿਸ਼ਟਾਚਾਰ ਖ਼ਤਮ ਕਰੋ'' ਦਾ ਬੇਨਕਸ਼ ਨਾਅਰਾ ਲਾਉਣ ਜਾਂ ਜਨ-ਲੋਕਪਾਲ ਵਰਗਾ ਕੋਈ ਕਾਨੂੰਨ ਬਣਾਉਣ ਦੀ ਮੰਗ 'ਤੇ ਜ਼ੋਰ ਦੇਣ ਦੀ ਬਜਾਏ, ਮੁਹਿੰਮ ਦੌਰਾਨ ਇਹ ਸਮਝ ਉਭਾਰੀ ਗਈ ਕਿ ਮੁਲਕ 'ਚ ਫੈਲੇ ਭ੍ਰਿਸ਼ਟਾਚਾਰ ਨੂੰ ਕਿਸੇ ਇਕੱਲੇ-'ਕਹਿਰੇ ਕਾਨੂੰਨ ਨਾਲ ਖਤਮ ਨਹੀਂ ਕੀਤਾ ਜਾ ਸਕਦਾ। ਬਲਕਿ ਅਜਿਹਾ ਕਰਨ ਲਈ ਨਵੀਆਂ ਆਰਥਿਕ ਨੀਤੀਆਂ, ਲੋਕ-ਦੋਖੀ ਢਾਂਚੇ ਅਤੇ ਆਪਾਸ਼ਾਹ ਰਾਜ-ਪ੍ਰਬੰਧ 'ਚ ਪਏ ਭ੍ਰਿਸ਼ਟਾਚਾਰ ਦੇ ਅਸਲ ਸਰੋਤਾਂ ਨੂੰ ਲੋਕਾਂ ਦੇ ਸੰਘਰਸ਼ਾਂ ਦੀ ਮਾਰ ਹੇਠ ਲਿਆਉਣਾ ਪਵੇਗਾ। ਭ੍ਰਿਸ਼ਟਾਚਾਰ ਦੇ ਅਸਲ ਸਰੋਤਾਂ ਨੂੰ ਉਜਾਗਰ ਕਰਦੇ ਹੋਏ ਮੁਹਿੰਮ ਦੌਰਾਨ ਨਵੀਆਂ ਆਰਥਿਕ ਨੀਤੀਆਂ ਵੱਲ ਨਿਸ਼ਾਨਾ ਸੇਧਿਆ ਗਿਆ। ਨਿੱਜੀਕਰਨ ਅਤੇ ਸੰਸਾਰੀਕਰਨ ਦੇ ਨਾਮ ਹੇਠ ਲਾਗੂ ਕੀਤੀਆਂ ਜਾ ਰਹੀਆਂ ਇਨ੍ਹਾਂ ਨੀਤੀਆਂ ਤਹਿਤ ਮੁਲਕ ਦੇ ਮਾਲ-ਖਜ਼ਾਨਿਆਂ, ਸਾਧਨ-ਸਰੋਤਾਂ, ਮਹਿਕਮਿਆਂ ਅਤੇ ਜੰਗਲ, ਜਲ, ਜ਼ਮੀਨਾਂ ਦੀ ਥੋਕ ਪੱਧਰ 'ਤੇ ਨਿਲਾਮੀ ਕੀਤੀ ਜਾ ਰਹੀ ਹੈ। ਇਹਨਾਂ ਨੀਤੀਆਂ 'ਤੇ ਚਲਦਿਆਂ ਹੀ ਨਿੱਜੀ ਮੁਨਾਫ਼ਾਮੁਖੀ ਕਾਰੋਬਾਰਾਂ ਨੂੰ ਨਿਯਮ-ਮੁਕਤ ਕਰਕੇ ਵੱਡੀਆਂ ਦੇਸੀ ਵਿਦੇਸ਼ੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਖੁੱਲ ਖੇਡਣ ਦੀ ਆਜ਼ਾਦੀ ਦਿੱਤੀ ਜਾ ਰਹੀ। ਅਜਿਹੀ ਆਜ਼ਾਦੀ  ਭ੍ਰਿਸ਼ਟਾਚਾਰ ਨੂੰ ਜਨਮ ਦਿੰਦੀ ਹੈ। ਕੰਪਨੀਆਂ ਅਤੇ ਘਰਾਣੇ ਮੁਲਕ ਦੇ ਵੱਖੋ ਵੱਖਰੇ ਸਰੋਤਾਂ 'ਤੇ ਕਬਜ਼ੇ ਦੇ ਲਾਲਚ 'ਚ ਵੱਡੇ ਪੱਧਰ 'ਤੇ ਰਿਸ਼ਵਤਾਂ ਅਤੇ ਦਲਾਲੀਆਂ ਵਰਤਾਉਂਦੇ ਹਨ। ਏਸੇ ਤਰ੍ਹਾਂ ਉੱਚੇ ਅਹੁਦਿਆਂ 'ਤੇ ਬੈਠੇ ਮੰਤਰੀਆਂ ਅਤੇ ਅਫ਼ਸਰਾਂ ਨੂੰ ਵੀ ਭ੍ਰਿਸ਼ਟਾਚਾਰ ਦੇ ਸਰੋਤ ਵਜੋਂ ਨਿਸ਼ਾਨੇ ਹੇਠ ਲਿਆਂਦਾ ਗਿਆ। ਇਹਨਾਂ ਵਜ਼ੀਰਾਂ ਅਤੇ ਮੰਤਰੀਆਂ ਕੋਲ ਦੇਸੀ, ਵਿਦੇਸ਼ੀ ਕੰਪਨੀਆਂ ਨਾਲ ਅਰਬਾਂ ਰੁਪਏ ਦੇ ਸੌਦੇ ਕਰਨ ਅਤੇ ਹੱਥ ਰੰਗਣ ਦੀਆਂ ਅੰਨ੍ਹੀਆਂ ਤਾਕਤਾਂ ਹਨ ਤੇ ਇਹਨਾਂ ਦੀ ਲੋਕਾਂ ਪ੍ਰਤੀ ਕੋਈ ਜਵਾਬਦੇਹੀ ਨਹੀਂ ਹੈ। ਏਸੇ ਤਰ੍ਹਾਂ ਨਾਲ ਹਾਕਮਾਂ ਵੱਲੋਂ ਕਈ ਭ੍ਰਿਸ਼ਟ ਅਮਲਾਂ ਤੋਂ ਰੋਕਾਂ ਹਟਾ ਕੇ ਭ੍ਰਿਸ਼ਟਾਚਾਰ ਦਾ ਕਾਨੂੰਨੀਕਰਨ ਕੀਤੇ ਜਾਣ ਨੂੰ ਵੀ ਨੰਗਾ ਕੀਤਾ ਗਿਆ ਹੈ। ਜਿਵੇਂ ਮੁਲਕ ਦੇ ਹਾਕਮਾਂ ਵੱਲੋਂ ਫਿਊਚਰ-ਟਰੇਡਿੰਗ ਦੇ ਨਾਂ ਥੱਲੇ ਜਮਾਂਖੋਰੀ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਹੈ, ਏਸੇ ਤਰ੍ਹਾਂ ਤੇਲ ਦੀਆਂ ਕੀਮਤਾਂ ਨੂੰ ਸਰਕਾਰੀ ਰੋਕਾਂ ਤੋਂ ਮੁਕਤ ਕਰਕੇ ਕੰਪਨੀਆਂ ਲਈ ਬਿਨਾ ਬਲੈਕ ਅੰਨ੍ਹੇ ਮੁਨਾਫ਼ੇ ਕਮਾਉਣ ਦਾ ਰਾਹ ਪੱਧਰਾ ਕਰ ਦਿੱਤਾ ਗਿਆ ਹੈ।

ਭ੍ਰਿਸ਼ਟਾਚਾਰ ਦੇ ਇਹਨਾਂ ਸਰੋਤਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ, ਇਹ ਦੱਸਿਆ ਗਿਆ ਕਿ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਿਆ ਜਾਣ ਵਾਲਾ ਸੰਘਰਸ਼ ਕੋਈ ਵੱਖਰਾ ਨਾ ਹੋ ਕੇ ਸਗੋਂ ਨਵੀਆਂ ਆਰਥਿਕ ਨੀਤੀਆਂ ਅਤੇ ਲੋਕ-ਦੋਖੀ ਪ੍ਰਬੰਧ ਖਿਲਾਫ਼ ਲੜੇ ਜਾ ਰਹੇ ਲੋਕਾਂ ਦੇ ਸੰਘਰਸ਼ਾਂ ਦਾ ਹੀ ਅੰਗ ਹੈ। ਇਸ ਲਈ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ ਨੂੰ ਵੀ ਇਹਨਾਂ ਸੰਘਰਸ਼ਾਂ ਦੇ ਅੰਗ ਵਜੋਂ ਹੀ ਲੜਿਆ ਅਤੇ ਜਿੱਤਿਆ ਜਾ ਸਕਦਾ ਹੈ। ਭ੍ਰਿਸ਼ਟਾਚਾਰ ਦੇ ਸਰੋਤਾਂ ਨੂੰ ਮਾਰ ਹੇਠ ਲਿਆਂਦੇ ਬਿਨਾਂ ਇਸ ਬਿਮਾਰੀ ਦਾ ਖਾਤਮਾ ਨਹੀਂ ਕੀਤਾ ਜਾ ਸਕਦਾ। ਇਸ ਲਈ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ ਦੀ ਸਫ਼ਲਤਾ ਲਈ ਇਹ ਵੀ ਬਹੁਤ ਜ਼ਰੂਰੀ ਹੈ ਕਿ ਭ੍ਰਿਸ਼ਟਾਚਾਰ ਦੇ ਸਰੋਤਾਂ 'ਚ ਸ਼ੁਮਾਰ ਵੱਡੇ ਕਾਰਪੋਰੇਟ ਘਰਾਣਿਆਂ ਤੇ ਮੌਕਾਪ੍ਰਸਤ ਸਿਆਸੀ ਪਾਰਟੀਆਂ ਤੇ ਲੀਡਰਾਂ ਨੂੰ ਅਜਿਹੇ ਸੰਘਰਸ਼ਾਂ ਤੋਂ ਪਰ੍ਹੇ ਰੱਖਿਆ ਜਾਵੇ ਅਤੇ ਭ੍ਰਿਸ਼ਟਾਚਾਰ ਖਿਲਾਫ ਸੰਘਰਸ਼ ਨੂੰ ਠੋਸ ਮੰਗਾਂ 'ਤੇ ਕੇਂਦਰਤ ਕੀਤਾ ਜਾਵੇ।

ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ ਦਾ ਅਹਿਮ ਅੰਗ ਬਣ ਰਹੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਦੌਰਾਨ ਸੰਬੋਧਤ ਹੁੰਦਿਆਂ ਕਿਹਾ ਗਿਆ ਕਿ ਮੁਲਕ ਪੱਧਰ 'ਤੇ ਫੈਲੇ ਭ੍ਰਿਸ਼ਟਾਚਾਰ ਦੇ ਨਾਲ ਅੱਜ ਰੁਜ਼ਗਾਰ ਅਤੇ ਸਿੱਖਿਆ ਦੇ ਖੇਤਰ ਵੀ ਬੁਰੀ ਤਰ੍ਹਾਂ ਇਸ ਦੀ ਮਾਰ ਹੇਠ ਹਨ। ਏਸੇ ਦਾ ਸਿੱਟਾ ਹੈ ਕਿ ਅੱਜ ਵੱਡੇ ਪੱਧਰ 'ਤੇ ਵਿੱਦਿਅਕ ਸੰਸਥਾਵਾਂ ਅਤੇ ਉਹਨਾਂ ਦੀਆਂ ਜ਼ਮੀਨਾਂ 'ਤੇ ਡਾਕੇ ਪੈ ਰਹੇ ਹਨ; ਡੋਨੇਸ਼ਨਾਂ, ਕੈਪੀਟੇਸ਼ਨ ਫੀਸਾਂ, ਪੇਡ ਸੀਟਾਂ, ਮੈਨੇਜਮੈਂਟ ਕੋਟਿਆਂ ਰਾਹੀਂ ਤੇ ਖੁੰਭਾਂ ਵਾਗੂੰ ਉੱਗ ਰਹੇ ਪ੍ਰਾਈਵੇਟ ਕਾਲਜਾਂ ਦੀਆਂ ਭਾਰੀ ਫੀਸਾਂ ਦੀ ਭ੍ਰਿਸ਼ਟ ਵਰਤੋਂ ਰਾਹੀਂ ਵੱਡੇ ਮੁਨਾਫੇ ਕਮਾਏ ਜਾ ਰਹੇ ਹਨ। ਨੌਕਰੀਆਂ ਅਤੇ ਦਾਖਲਿਆਂ ਲਈ ਨਿਹੱਕੇ ਟੈਸਟ ਅਤੇ ਇੰਟਰਵਿਊਆਂ ਰੱਖਕੇ ਪੈਸੇ ਬਟੋਰੇ ਜਾਂਦੇ ਹਨ ਤੇ ਪੇਂਡੂ ਵਿਕਾਸ, ਰੁਜ਼ਗਾਰ ਅਤੇ ਸਹੂਲਤਾਂ ਦੇ ਨਾਮ ਹੇਠ ਗਰਾਂਟਾਂ ਛਕੀਆਂ ਜਾਂਦੀਆਂ ਹਨ। ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੱਦਾ ਦਿੰਦੇ ਹੋਏ ਕਿਹਾ ਗਿਆ ਕਿ ਉਹ ਰੁਜ਼ਗਾਰ ਅਤੇ ਸਿੱਖਿਆ ਦੇ ਖੇਤਰ ਵਿਚਲੇ ਭ੍ਰਿਸ਼ਟਾਚਾਰ ਦੇ ਉਪਰੋਕਤ ਠੋਸ ਇਜ਼ਹਾਰਾਂ ਖਿਲਾਫ ਜੱਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਰਾਹ ਪੈਣ ਕਿਉਂਕਿ ਲੋਕ ਏਕਤਾ ਅਤੇ ਸੰਘਰਸ਼ ਦੇ ਸਿਰ 'ਤੇ ਹੀ ਭ੍ਰਿਸ਼ਟਾਚਾਰ ਨੂੰ ਠੱਲਿਆ ਜਾ ਸਕਦਾ ਹੈ। ਸ਼ਾਂਤਮਈ ਢੰਗ ਨਾਲ ਚਲਾਏ ਜਾ ਰਹੇ ਮੌਜੂਦਾ ਸੰਘਰਸ਼ ਪ੍ਰਤੀ ਸਰਕਾਰ ਦਾ ਧੱਕੜ ਅਤੇ ਜਾਬਰ ਰਵੱਈਆ ਵਿਖਾਉਂਦਾ ਹੈ ਕਿ ਮੁਲਕ ਦੇ ਹਾਕਮਾਂ ਨੂੰ ਅਜਿਹੇ ਮੁੱਦਿਆਂ 'ਤੇ ਉੱਠਦੀ ਕੋਈ ਵੀ ਆਵਾਜ਼ ਫੁੱਟੀ ਅੱਖ ਨਹੀਂ ਭਾਉਂਦੀ ਤੇ ਉਹ ਅਜਿਹੀਆਂ ਆਵਾਜ਼ਾਂ ਨੂੰ ਆਪਣੀ ਹਕੂਮਤੀ ਤਾਕਤ ਦੇ ਜ਼ੋਰ ਕੁਚਲਣ ਲਈ ਅਹੁਲਦੇ ਹਨ। ਇਸ ਲਈ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਵਧੇਰੇ ਦ੍ਰਿੜ ਅਤੇ ਖਾੜਕੂ ਸੰਘਰਸ਼ਾਂ ਲਈ ਤਿਆਰ ਹੋਣਾ ਚਾਹੀਦਾ ਹੈ। ''ਭ੍ਰਿਸ਼ਟਾਚਾਰ ਖਿਲਾਫ਼ ਨੌਜਵਾਨ ਮੁਹਿੰਮ'' ਦੌਰਾਨ ਬਠਿੰਡਾ ਸ਼ਹਿਰ 'ਚ ਵਿਦਿਆਰਥੀਆਂ ਅਤੇ ਨੌਜਵਾਨਾਂ ਦਾ ਸਾਂਝਾ ਮਾਰਚ ਕੀਤਾ ਗਿਆ। ਸ਼ਹਿਰ ਦੇ ਬਾਜ਼ਾਰਾਂ 'ਚ ਗੁਜ਼ਰਦੇ ਕਾਫਲੇ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਪਹੁੰਚ ਕੇ ਰੈਲੀ ਕੀਤੀ। ਮੁਜਾਹਰਾਕਾਰੀਆਂ ਕੋਲ ਸ਼ਹੀਦ ਭਗਤ ਸਿੰਘ ਤੇ ਹੋਰਨਾਂ ਕੌਮੀ ਸ਼ਹੀਦਾਂ ਦੀਆਂ ਤਸਵੀਰਾਂ ਦੇ ਨਾਲ ਭ੍ਰਿਸ਼ਟਾਚਾਰ ਦੇ ਸੋਮਿਆਂ ਖਿਲਾਫ ਸੰਘਰਸ਼ ਸੇਧਤ ਕਰਨ ਦਾ ਸੱਦਾ ਦਿੰਦੀਆਂ ਫਲੈਕਸਾਂ ਵੀ ਚੁੱਕੀਆਂ ਹੋਈਆਂ ਸਨ। ਸਿੱਖਿਆ ਤੇ ਰੁਜ਼ਗਾਰ ਦੇ ਖੇਤਰ 'ਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਦੀਆਂ ਠੋਸ ਮੰਗਾਂ ਨੂੰ ਦਰਸਾਉਂਦੀਆਂ ਤਖਤੀਆਂ ਵੀ ਸਨ। ਇਸ ਮੁਜਾਹਰੇ ਵਿੱਚ ਸ਼ਹਿਰ ਦੀਆਂ ਵਿਦਿਅਕ ਸੰਸਥਾਵਾਂ ਤੇ ਆਸ-ਪਾਸ ਦੇ ਪਿੰਡਾਂ 'ਚੋਂ ਨੌਜਵਾਨ ਵੀ ਸ਼ਾਮਲ ਹੋਏ। ਆਈ.ਟੀ.ਆਈ. ਬਠਿੰਡਾ 'ਚ ਵਿਦਿਆਰਥੀ ਮੀਟਿੰਗ, ਰਜਿੰਦਰਾ ਕਾਲਜ ਬਠਿੰਡਾ, ਯੂਨੀਵਰਸਿਟੀ ਕਾਲਜ ਰਾਮਪੁਰਾ-ਫੂਲ ਅਤੇ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ 'ਚ ਹੋਈਆਂ ਰੋਸ ਰੈਲੀਆਂ 'ਚ ਸੈਂਕੜੇ ਵਿਦਿਆਰਥੀ ਸ਼ਾਮਲ ਹੋਏ। ਬੌਡੇ ਅਤੇ ਨਿਹਾਲ ਸਿੰਘ ਵਾਲਾ ਦੇ ਸਕੂਲਾਂ 'ਚ ਰੈਲੀਆਂ, ਖੰਨਾ ਨੇੜਲੇ ਸਿਹੌੜਾ ਪਿੰਡ 'ਚ 70-75 ਦੀ ਗਿਣਤੀ 'ਚ ਨੌਜਵਾਨ ਮਾਰਚ ਕੀਤਾ ਗਿਆ। ਕੁੱਲ ਮਿਲਾ ਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਇੱਕ ਹਿੱਸੇ ਤੱਕ ਭ੍ਰਿਸ਼ਟਾਚਾਰ ਦੇ ਮਸਲੇ ਪ੍ਰਤੀ ਸਹੀ ਪਹੁੰਚ ਅਤੇ ਸੰਘਰਸ਼ ਦੀ ਸਹੀ ਦਿਸ਼ਾ ਨੂੰ ਉਭਾਰਿਆ ਗਿਆ ਹੈ।

ਸ਼ਹੀਦਾਂ ਨੂੰ ਸ਼ਰਧਾਂਜਲੀ ਮੁਹਿੰਮ ਦੌਰਾਨ- ਕਾਲੇ ਕਾਨੂੰਨਾਂ ਦੀ ਚਰਚਾ
—ਪਾਵੇਲ
ਬੀਤੇ ਜੁਲਾਈ ਮਹੀਨੇ 'ਚ ਇਨਕਲਾਬੀ ਨੌਜਵਾਨ ਲਹਿਰ ਦੇ ਉੱਘੇ ਸ਼ਹੀਦਾਂ- ਊਧਮ ਸਿੰਘ ਤੇ ਪ੍ਰਿਥੀਪਾਲ ਸਿੰਘ ਰੰਧਾਵਾ ਨੂੰ ਨੌਜਵਾਨਾਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਹਨ। 18 ਜੁਲਾਈ, 70ਵਿਆਂ ਦੀ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਦੇ ਹਰਮਨ ਪਿਆਰੇ ਆਗੂ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਦਾ ਸ਼ਹੀਦੀ ਦਾਹਾ ਸੀ ਤੇ 31 ਜੁਲਾਈ ਨੂੰ ਕੌਮੀ ਮੁਕਤੀ ਲਹਿਰ ਦੇ ਉੱਘੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਹੋਈ ਸੀ। ਦੋਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੇ ਉਹਨਾਂ ਦੇ ਦਰਸਾਏ ਇਨਕਲਾਬੀ ਮਾਰਗ ਨੂੰ ਬੁਲੰਦ ਕਰਨ ਲਈ ਪੂਰਾ ਜੁਲਾਈ ਮਹੀਨਾ ਹੀ ਨੌਜਵਾਨ ਭਾਰਤ ਸਭਾ ਵੱਲੋਂ ਸ਼ਰਧਾਂਜਲੀ ਮੁਹਿੰਮ ਚਲਾਈ ਗਈ। ਸਭਾ ਦੀ ਸੂਬਾ ਜਥੇਬੰਦਕ ਕਮੇਟੀ ਵੱਲੋਂ ਦਿੱਤੇ ਗਏ ਸੱਦੇ ਨੂੰ ਨੌਜਵਾਨਾਂ ਨੇ ਉਤਸ਼ਾਹੀ ਹੰਗਾਰਾ ਭਰਿਆ। ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਵਿਆਪਕ ਪੱਧਰ 'ਤੇ ਹੋਈ ਸਰਗਰਮੀ ਦੌਰਾਨ ਜਨਤਕ ਮੀਟਿੰਗਾਂ, ਰੈਲੀਆਂ, ਨੁੱਕੜ ਨਾਟਕਾਂ ਤੇ ਮਸ਼ਾਲ ਮਾਰਚਾਂ ਦਾ ਸਿਲਸਿਲਾ ਚੱਲਿਆ ਹੈ, ਜਿਹਨਾਂ ਵਿੱਚ ਨੌਜਵਾਨਾਂ ਦੇ ਨਾਲ ਨਾਲ ਲੋਕਾਂ ਦੀ ਵੀ ਭਰਵੀਂ ਸ਼ਮੂਲੀਅਤ ਹੋਈ ਹੈ। ਇਸ ਪੂਰੀ ਮੁਹਿੰਮ ਦੌਰਾਨ ਦੋਹਾਂ ਸ਼ਹੀਦਾਂ ਦੀ ਜੀਵਨ ਘਾਲਣ ਤੇ ਕੁਰਬਾਨੀ ਉਹਨਾਂ ਦੇ ਇਨਕਾਲਬੀ ਆਦਰਸ਼ਾਂ ਤੇ ਨਿਸ਼ਾਨਿਆਂ ਨੂੰ ਉਭਾਰਨ ਦੇ ਨਾਲ ਨਾਲ ਉਹਨਾਂ ਵੱਲੋਂ ਆਪੋ ਆਪਣੇ ਵੇਲੇ ਦੀ ਨੌਜਵਾਨ ਲਹਿਰ ਵਿੱਚ ਪਾਏ ਯੋਗਦਾਨ ਦੀ ਚਰਚਾ ਕੀਤੀ ਗਈ। ਸ਼ਹਾਦਤ ਤੋਂ ਪ੍ਰੋਰਨਾ ਲੈ ਕੇ, ਸ਼ਹੀਦਾਂ ਦੇ ਅਧੂਰੇ ਰਹਿ ਗਏ ਉਦੇਸ਼ਾਂ ਦੀ ਪੂਰਤੀ ਲਈ, ਨੌਜਵਾਨ ਲਹਿਰ ਉਸਾਰੀ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਗਿਆ।

ਹਾਸਲ ਹੋਈਆਂ ਰਿਪੋਰਟਾਂ ਅਨੁਸਾਰ ਸਭਾ ਦੇ ਬੁਲਾਰਿਆਂ ਨੇ ਸ਼ਹੀਦਾਂ ਨੂੰ ਨੌਜਵਾਨ ਲਹਿਰ ਦੀ ਲੰਮੀ ਲੜੀ ਦੇ ਦੋ ਚਮਕਦੇ ਸਿਤਾਰੇ ਦੱਸਦਿਆਂ, ਮੁਲਕ ਅੰਦਰ ਨੌਜਵਾਨ ਲਹਿਰ ਦੀ ਲਗਾਤਾਰਤਾ ਦੀ ਉਦਾਹਰਣ ਦੱਸਿਆ। ਸ਼ਹੀਦ ਊਧਮ ਸਿੰਘ ਅਜਿਹੇ ਸਮੇਂ ਪ੍ਰਵਾਨ ਚੜ੍ਹਿਆ ਜਦੋਂ ਦੇਸ਼ ਸਿੱਧੇ ਰੂਪ ਵਿੱਚ ਬਰਤਾਨਵੀ ਸਾਮਰਾਜ ਦੀ ਗੁਲਾਮੀ ਵਿੱਚ ਪਿਸ ਰਿਹਾ ਸੀ ਤੇ ਲੋਕ ਆਪਣੀ ਮੁਕਤੀ ਲਈ ਸੰਗਰਾਮਾਂ ਦੇ ਰਾਹ ਪੈ ਰਹੇ ਸਨ। ਉਹਦੇ 'ਤੇ ਜੱਲ੍ਹਿਆਂ ਵਾਲੇ ਬਾਗ ਦੇ ਕਤਲੇਆਮ ਦਾ ਵੀ ਗਹਿਰਾ ਪ੍ਰਭਾਵ ਪਿਆ। 1919 ਵਿੱਚ ਵਾਪਰੇ ਇਸ ਕਾਂਡ ਦੀ ਪਿੱਠਭੂਮੀ ਵਿੱਚ ਅੰਗਰੇਜ਼ਾਂ ਵੱਲੋਂ ਕੌਮੀ ਮੁਕਤੀ ਲਹਿਰ ਨੂੰ ਕੁਚਲਣ ਲਈ ਰੋਲਟ ਐਕਟ ਵਰਗੇ ਜਾਬਰ ਕਾਨੂੰਨਾਂ ਖਿਲਾਫ ਜਨਤਕ ਉਭਾਰ ਹੀ ਸੀ। ਲੋਕ ਜਾਬਰ ਸਾਮਰਾਜੀ ਹਾਕਮਾਂ ਨੇ ਕਾਲੇ ਕਾਨੂੰਨਾਂ ਨੂੰ ਚੁਣੌਤੀ ਦੇਣ ਲਈ ਸੜਕਾਂ 'ਤੇ ਨਿਕਲ ਆਏ ਸਨ। ਅਜਿਹੇ ਸਮਿਆਂ ਵਿੱਚ ਹੀ ਊਧਮ ਸਿੰਘ ਵਰਗੇ ਅਨੇਕਾਂ ਨੌਜਵਾਨ ਆਜ਼ਾਦੀ ਦੇ ਪਰਵਾਨੇ ਬਣੇ ਸਨ। ਅੱਜ ਭਾਰਤੀ ਹਾਕਮ ਅੰਗਰੇਜ਼ਾਂ ਦੇ ਬਸਤੀਵਾਦੀ ਕਾਨੂੰਨ ਪ੍ਰਬੰਧ ਦੇ ਵਾਰਸ ਬਣ ਕੇ ਲੋਕਾਂ ਦੀਆਂ ਹੱਕੀ ਲਹਿਰਾਂ ਨੂੰ ਕੁਚਲਣ ਲਈ ਕਾਲੇ ਕਾਨੂੰਨ ਘੜ ਰਹੇ ਹਨ। ਏਸੇ ਪ੍ਰਸੰਗ ਵਿੱਚ ਹੀ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਦੋ ਕਾਲੇ ਕਾਨੂੰਨਾਂ ਦੀ ਵੀ ਚਰਚਾ ਕੀਤੀ ਗਈ ਅਤੇ ਊਧਮ ਸਿੰਘ ਵਰਗੇ ਸ਼ਹੀਦਾਂ ਦੀ ਵਿਰਾਸਤ 'ਤੇ ਪਹਿਰਾ ਦਿੰਦਿਆਂ ਇਹਨਾਂ ਕਾਨੂੰਨਾਂ ਖਿਲਾਫ ਸੰਘਰਸ਼ ਕਰਨ ਦਾ ਸੱਦਾ ਦਿੱਤਾ ਗਿਆ। 70ਵਿਆਂ ਦੀ ਵਿਦਿਆਰਥੀ ਲਹਿਰ ਦੇ ਨਾਇਕ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਨੂੰ ਸ਼ਹੀਦ ਭਗਤ ਸਿੰਘ ਅਤੇ ਊਧਮ ਸਿੰਘ ਵਰਗਿਆਂ ਦਾ ਖਰਾ ਵਾਰਸ ਦੱਸਿਆ ਗਿਆ। ਰੰਧਾਵਾ ਤੇ ਉਸਦੇ ਸਾਥੀਆਂ ਨੇ ਪੰਜਾਬ ਵਿੱਚ ਅਜਿਹੀ ਸ਼ਾਨਾਂਮੱਤੀ ਇਨਕਲਾਬੀ ਵਿਦਿਆਰਥੀ ਲਹਿਰ ਦੀ ਉਸਾਰੀ ਕੀਤੀ ਜੀਹਦੀ ਅਗਵਾਈ ਹੇਠ ਜਥੇਬੰਦ ਹੋਏ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਸੰਕਟ ਦੇ ਦੌਰਾਂ ਵਿੱਚ ਮਿਹਨਤਕਸ਼ ਲੋਕਾਂ ਨੂੰ ਵੀ ਜਥੇਬੰਦ ਹੋ ਕੇ ਜੂਝਣ ਦਾ ਰਾਹ ਵਿਖਾਇਆ। ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਦਰਸਾਈ  ਨੌਜਵਾਨਾਂ ਦੀ ਇਨਕਲਾਬ ਵਿੱਚ ਬਣਦੀ ਭੂਮਿਕਾ ਨੂੰ ਅਮਲੀ ਰੂਪ ਵਿੱਚ ਪੰਜਾਬ ਦੀ ਜਨਤਕ ਲਹਿਰ ਰਾਹੀਂ ਸਾਕਾਰ ਕੀਤਾ। ਪ੍ਰਿਥੀ ਵੱਲੋਂ ਪੰਜਾਬ ਵਿੱਚ ਜਮਹੂਰੀ ਹੱਕਾਂ ਦੀ ਲਹਿਰ ਵਿੱਚ ਪਾਏ ਯੋਗਦਾਨ ਦੀ ਵਿਸ਼ੇਸ਼ ਤੌਰ 'ਤੇ ਚਰਚਾ ਕੀਤੀ ਗਈ।

ਇਸ ਮੁਹਿੰੇਮ ਦੌਰਾਨ ਮੋਗਾ ਜ਼ਿਲ੍ਹੇ ਦੇ ਪਿੰਡਾਂ ਕੁੱਸਾ, ਰਾਮਾਂ, ਮਾਛੀਕੇ, ਹਿੰਮਤਪੁਰਾ, ਭਾਗੀਕੇ ਅਤੇ ਸੈਦੋਕੇ ਵਿਖੇ ਨੌਜਵਾਨਾਂ ਦੀਆਂ ਵਿਸਥਾਰੀ ਮੀਟਿੰਗਾਂ ਹੋਈਆਂ, ਜਿਹਨਾਂ ਵਿੱਚ ਦਰਜ਼ਨਾਂ ਨੌਜਵਾਨ ਸ਼ਾਮਲ ਹੋਏ। ਇਸ ਤੋਂ ਬਾਅਦ ਵੱਖ ਵੱਖ ਪਿੰਡਾਂ ਵਿੱਚ ਜਨਤਕ ਤੌਰ 'ਤੇ ਇਕੱਠ ਕਰਕੇ ਸ਼ਹੀਦਾਂ ਦਾ ਦਿਨ ਮਨਾਇਆ ਗਿਆ। ਪਿੰਡ ਕੁੱਸਾ ਵਿੱਚ 40 ਦੇ ਲੱਗਭੱਗ ਨੌਜਵਾਨਾਂ ਨੇ ਸਵੇਰ ਤੋਂ ਲੈ ਕੇ ਰਾਤ ਤੱਕ ਪਿੰਡ ਦੀ ਫਿਰਨੀ 'ਤੇ ਮਿੱਟੀ ਪਾ ਕੇ ਸਫਾਈ ਕੀਤੀ। ਬਾਕੀ ਪਿੰਡਾਂ ਵਿੱਚ ਨਾਟਕਾਂ ਦੇ ਸਮਾਗਮ ਕੀਤੇ ਗਏ, ਜਿਥੇ ਹਰ ਸਮਾਗਮ ਵਿੱਚ ਢਾਈ-ਤਿੰਨ ਸੌ ਤੱਕ ਦੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਹੋਈ। 31 ਜੁਲਾਈ ਨੂੰ ਪੂਰੇ ਇਲਾਕੇ ਦੇ ਨੌਜਵਾਨਾਂ ਦੀ ਇਕੱਤਰਤਾ ਹੋਈ, ਜਿਥੇ ਸਭਾ ਦੀ ਇਲਾਕਾ ਕਮੇਟੀ ਦੀ ਵੀ ਚੋਣ ਕੀਤੀ ਗਈ।

ਬਠਿੰਡਾ ਖੇਤਰ ਦੇ ਪਿੰਡਾਂ ਪੂਹਲਾ, ਸਿਵੀਆਂ, ਕੱਚੀ ਭੁੱਚੋ, ਕੋਠਾਗੁਰੂ, ਭਗਤਾ, ਨਥਾਣਾ, ਜੈਦ, ਮੌੜ ਚੜ੍ਹਤ ਸਿੰਘ ਵਾਲਾ, ਜੋਗੇਵਾਲਾ, ਘੁੱਦਾ, ਕੋਟਗੁਰੂ, ਚੁੱਘੇ ਕਲਾਂ ਆਦਿ ਪਿੰਡਾਂ ਵਿੱਚ ਨੌਜਵਾਨਾਂ ਦੀਆਂ ਮੀਟਿੰਗਾਂ ਤੋਂ ਬਾਅਦ ਨਾਟਕ ਸਮਾਗਮ ਤੇ ਮਸ਼ਾਲ ਮਾਰਚ ਕੀਤੇ ਗਏ, ਜਿਹਨਾਂ ਵਿੱਚ ਨੌਜਵਾਨਾਂ ਦੀ ਭਾਰੀ ਸ਼ਮੂਲੀਅਤ ਹੋਈ। ਮੁਕਤਸਰ ਜ਼ਿਲ੍ਹੇ ਦੇ ਪਿੰਡਾਂ ਸਿੰਘੇਵਾਲਾ ਤੇ ਕਿਲਿਆਂਵਾਲੀ ਵਿੱਚ ਵੀ ਨਾਟਕਾਂ ਦੇ ਸਮਾਗਮ ਹੋਏ। ਖੰਨਾ ਇਲਾਕੇ ਦੇ ਸਿਹੌੜਾ ਪਿੰਡ 'ਚ ਨੌਜਵਾਨਾਂ ਦੀ ਮੀਟਿੰਗ ਹੋਈ।

ਇਉਂ ਸਭਾ ਦੀ ਅਗਵਾਈ 'ਚ ਨੌਜਵਾਨਾਂ ਨੇ ਆਪਣੇ ਸ਼ਹੀਦਾਂ ਨੂੰ ਯਾਦ ਕਰਦਿਆਂ, ਉਹਨਾਂ ਦੇ ਇਨਕਲਾਬੀ ਮਾਰਗ ਨੂੰ ਬੁਲੰਦ ਕੀਤਾ।

ਸੰਗਰੂਰ ਜ਼ਿਲ੍ਹੇ ਦੀ ਹੱਦ ਨਾਲ ਲੱਗਦੇ ਪਟਿਆਲਾ ਦੇ ਪਿੰਡ ਕੱਲਰਭੈਣੀ ਵਿਖੇ ਲੱਗਭੱਗ ਪਿਛਲੇ 40-45 ਸਾਲਾਂ ਤੋਂ ਖੇਤ ਮਜ਼ਦੂਰਾਂ ਵੱਲੋਂ ਜੰਗਲ ਪਾਣੀ ਲਈ ਵਰਤੀ ਜਾ ਰਹੀ 1 ਕਨਾਲ ਦੇ ਕਰੀਬ ਜਗਾਹ 'ਤੇ ਸਥਾਨਕ ਅਕਾਲੀ ਲੀਡਰ ਵੱਲੋਂ ਜਬਰਦਸਤੀ ਕਬਜ਼ਾ ਕਰਨ ਵਿਰੁੱਧ ਖੇਤ ਮਜ਼ਦੂਰ ਸੰਘਰਸ਼ ਕਰ ਰਹੇ ਹਨ। ਇਸ ਨਜਾਇਜ਼ ਕਬਜ਼ੇ ਨੂੰ ਰੋਕਣ ਲਈ ਅਗਸਤ ਮਹੀਨੇ ਵਿੱਚ ਜਦ ਮਜ਼ਦੂਰ ਮਰਦ ਔਰਤਾਂ ਵੱਲੋਂ ਇਕੱਠੇ ਹੋ ਕੇ ਰੋਸ ਜ਼ਾਹਰ ਕੀਤਾ ਗਿਆ ਤਾਂ ਵੱਡੀ ਗਿਣਤੀ ਵਿੱਚ ਪੁਲਸ ਵੱਲੋਂ ਮਜ਼ਦੂਰਾਂ ਦੀ ਖਿੱਚ ਧੂਹ ਕੀਤੀ ਗਈ ਅਤੇ ਚਾਰ ਮਰਦ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਦੀ ਸ਼ਰੀਹਣ ਧੱਕੇਸ਼ਾਹੀ ਮੂਹਰੇ ਜਦ ਮਜ਼ਦੂਰ ਔਰਤਾਂ ਡਟ ਗਈਆਂ ਤਾਂ ਪੁਲਸ ਨੇ ਗ੍ਰਿਫਤਾਰ ਕੀਤੇ ਮਜ਼ਦੂਰ ਰਿਹਾਅ ਕਰਨ ਅਤੇ ਅਗਲੇ ਦਿਨ ਐਸ.ਡੀ.ਐਮ. ਦਫਤਰ ਆਉਣ ਦਾ ਸੱਦਾ ਦੇਣ ਲਈ ਮਜਬੂਰ ਹੋਣਾ ਪਿਆ। ਪਰ ਔਰਤਾਂ ਹੱਥੋਂ ਆਪਣੀ ਜਨਤਕ ਹੇਠੀ ਦਾ ਬਦਲਾ ਲੈਣ ਲਈ ਸ਼ਾਮ ਨੂੰ ਥਾਣੇਦਾਰ ਫੇਰ ਆ ਧਮਕਿਆ ਤੇ ਮੁੱਖ ਬੰਦਿਆਂ ਨੂੰ ਗੱਲਬਾਤ ਦੇ ਬਹਾਨੇ ਥਾਣੇ ਬੁਲਾ ਕੇ ਮੁੜ ਗ੍ਰਿਫਤਾਰ ਕਰਨ ਦੀ ਚਾਲ ਚੱਲੀ, ਜੋ ਤੁਰੰਤ ਵੱਡੀ ਗਿਣਤੀ ਵਿੱਚ ਇਕੱੱਠੇ ਮਰਦ ਔਰਤਾਂ ਨੇ ਥਾਣੇਦਾਰ ਦਾ ਘੇਰਾਓ ਕਰਕੇ ਫੇਲ੍ਹ ਕਰ ਦਿੱਤੀ। ਅਗਲੇ ਦਿਨ ਐਸ.ਡੀ.ਐਮ. ਵੱਲੋਂ ਲੈਟਰੀਨਾਂ ਲਈ ਬਦਲਵਾਂ ਪ੍ਰਬੂੰਧ ਕਰਨ ਦਾ ਵਾਅਦਾ ਕੀਤਾ ਗਿਆ। ਪਰ ਜਦ ਬਦਲਵਾਂ ਪ੍ਰਬੰਧ ਨਾ ਕੀਤਾ ਗਿਆ ਤਾਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ 16 ਸਤੰਬਰ ਨੂੰ 125 ਦੇ ਕਰੀਬ ਮਰਦ ਔਰਤਾਂ ਵੱਲੋਂ ਐਸ.ਡੀ.ਐਮ. ਦਫਤਰ ਪਾਤੜਾਂ ਅੱਗੇ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ। ਪੁਲਸ ਵੱਲੋਂ ਧਰਨੇ ਤੇ ਸਪੀਕਰ ਦੀ ਮਨਜੂਰੀ ਨਾ ਹੋਣ ਦੇ ਨਾਂ ਹੇਠ ਮਜ਼ਦੂਰਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਮਜ਼ਦੂਰਾਂ ਦੇ ਤੇਵਰ ਦੇਖਦੇ ਹੋਏ, ਗੱਲਬਾਤ ਦਾ ਸੱਦਾ ਦਿੱਤਾ ਗਿਆ ਅਤੇ ਐਸ.ਡੀ.ਐਮ. ਵੱਲੋਂ ਪਿੰਡ ਵਿੱਚ ਹੀ ਲੈਟਰੀਨਾਂ ਲਈ ਛੱਡੀ ਹੋਈ ਜ਼ਮੀਨ ਦੇ ਨਾਜਾਇਜ਼ ਕਬਜ਼ੇ ਛੁਡਵਾ ਕੇ ਮਜ਼ਦੂਰਾਂ ਦਾ ਕਬਜ਼ਾ ਕਰਵਾਉਣ ਦੇ ਕੀਤੇ ਲਿਖਤੀ ਵਾਅਦੇ ਤੋਂ ਬਾਅਦ ਧਰਨਾ ਚੁੱਕਿਆ ਗਿਆ।

ਸੁਰਖ਼ ਰੇਖਾ ਲਈ ਆਈ ਸਹਾਇਤਾ
-ਕਹਾਣੀਕਾਰ ਅਤਰਜੀਤ 2000-
-ਅਮਰੀਕ ਸਿੰਘ ਰੋਡਵੇਜ਼ ਮੁਲਾਜ਼ਮ 1000-
-ਮੋਹਨ ਸਿੰਘ, ਸਪੁੱਤਰੀ ਦੇ
 ਬੀ.ਏ. 'ਚੋਂ ਪਾਸ ਹੋਣ ਦੀ ਖੁਸ਼ੀ 'ਚ  200-
-ਨਰਿੰਦਰ ਸਿੰਘ ਗੜ੍ਹਦੀਵਾਲ 200-
-ਰਾਜਿੰਦਰ ਸਿੰਘ ਹੁਸ਼ਿਆਰਪੁਰ 200-
-ਮੰਗਲ ਸਿੰਘ ਸਿੰਘੇਵਾਲ,
 ਬੇਟੀ ਖੁਸ਼ਦੀਪ ਦੇ ਜਨਮ 'ਤੇ 500-
-ਬਠਿੰਡੇ ਤੋਂ ਇੱਕ ਪਾਠਕ ਜੋੜਾ
 ਬੇਟੇ ਦੇ ਜਨਮ ਦੀ ਖੁਸ਼ੀ 'ਚ 500-
-ਇੱਕ ਪਾਠਕ, ਨੈੱਟ ਪਾਸ ਕਰਨ ਦੀ ਖੁਸ਼ੀ 'ਚ 1000-
(ਅਦਾਰਾ ਸੁਰਖ਼ ਰੇਖਾ ਸਹਾਇਤਾ ਭੇਜਣ ਵਾਲੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ।)

ਗੋਬਿੰਦਪੁਰਾ ਦੀ ਅਸਲੀਅਤ
ਇੱਕ ਤੱਥ ਖੋਜ ਰਿਪੋਰਟ ਦੇ ਅੰਸ਼
''ਪਿੰਡ ਦੀ ਕੁੱਲ ਜ਼ਮੀਨ 1458 ਏਕੜ ਹੈ ਜਿਸ ਚੋਂ 806 ਏਕੜ ਜਮੀਨ ਪੰਜਾਬ ਸਰਕਾਰ ਨੇ ਇੱਕ ਥਰਮਲ ਪਲਾਂਟ ਲਾਉਣ ਲਈ ਹਥਿਆ ਲਈ ਹੈ ਅਤੇ ਸਿਰਫ 652 ਏਕੜ ਜ਼ਮੀਨ ਹੀ ਬਾਕੀ ਬਚੀ ਹੈ। ਇਸ ਬਾਕੀ ਬਚੀ ਜ਼ਮੀਨ 'ਚੋਂ ਵੀ 140 ਏਕੜ ਲਈ ਨਾ ਤਾਂ ਨਹਿਰੀ ਸਿੰਚਾਈ ਦਾ ਕੋਈ ਸਾਧਨ ਰਿਹਾ ਹੈ ਅਤੇ ਨਾ ਹੀ ਕੋਈ ਰਸਤਾ ਹੈ ਕਿਉਂਕਿ ਇਸ ਦੇ ਇੱਕ ਪਾਸੇ ਲੱਗ ਰਹੇ ਪਲਾਂਟ ਦੀ ਜਮੀਨ ਹੈ ਅਤੇ ਦੂਸਰੇ ਪਾਸੇ ਰੇਲਵੇ ਲਾਈਨ ਹੈ।''

''ਪੰਜਾਬ ਸਰਕਰ ਨੇ ਐਲਾਨ ਕੀਤਾ ਹੈ ਕਿ ਬਹੁ-ਫਸਲੀ ਜ਼ਮੀਨਾਂ ਗ੍ਰਹਿਣ ਨਹੀਂ ਕੀਤੀਆਂ ਜਾਣਗੀਆਂ ਅਤੇ ਕੋਈ ਵੀ ਜ਼ਮੀਨ ਕਿਸਾਨ ਦੀ ਮਰਜੀ ਤੋਂ ਬਿਨ੍ਹਾਂ ਗ੍ਰਹਿਣ ਨਹੀਂ ਕੀਤੀ ਜਾਵੇਗੀ। ਪ੍ਰੰਤੂ ਗੋਬਿੰਦਪੁਰਾ ਦੀ ਜ਼ਮੀਨ ਸਿੰਚਾਈ ਹੇਠ, ਉਪਜਾਉ ਅਤੇ ਬਹੁ-ਫਸਲੀ ਹੈ। 90 ਫੀਸਦੀ ਤੋਂ ਵੀ ਵੱਧ ਕਿਸਾਨ ਆਪਣੀਆਂ ਜ਼ਮੀਨਾਂ ਗ੍ਰਹਿਣ ਕਰਨ ਦੇ ਵਿਰੁੱਧ ਹਨ। ਪਿੰਡ ਦੇ ਲੋਕਾਂ ਦਾ ਤਿੱਖਾ ਵਿਰੋਧ ਅਤੇ ਇਸ ਨੂੰ ਦਬਾਉਣ ਲਈ ਸਰਕਾਰ ਵੱਲੋਂ ਹਜ਼ਾਰਾਂ ਦੀ ਗਿਣਤੀ 'ਚ ਪੁਲਿਸ ਦੀ ਤਾਇਨਾਤੀ, ਇਸ ਗੱਲ ਦਾ ਪ੍ਰਤੱਖ ਸਬੂਤ ਹਨ। ਖੁਦ ਆਪ ਬਣਾਈ ਜਮੀਨ ਗ੍ਰਹਿਣ ਨੀਤੀ ਦੀਆਂ ਧੱਜੀਆਂ ਉਡਾਕੇ, ਸਰਕਾਰ ਜ਼ਬਰੀ ਜ਼ਮੀਨਾਂ ਹਥਿਆ ਰਹੀ ਹੈ ਅਤੇ ਹਰ ਵਿਰੋਧ ਨੂੰ ਜਬਰ ਦੇ ਜ਼ੋਰ ਕੁਚਲ ਰਹੀ ਹੈ।''

''ਇਸ ਪਿੰਡ ਦੇ ਕਿਸਾਨ ਪਰਿਵਾਰਾਂ ਦਾ ਵੱਡਾ ਹਿੱਸਾ (ਲੱਗਭੱਗ 185 ਪ੍ਰੀਵਾਰ) ਜ਼ਮੀਨ ਗ੍ਰਹਿਣ ਕਾਰਨ ਬੇਜ਼ਮੀਨੇ ਜਾਂ ਥੁੜ-ਜ਼ਮੀਨੇ ਕਿਸਾਨ ਬਣ ਗਿਆ ਹੈ। ਉਨ੍ਹਾਂ ਨੂੰ ਉਸ ਕੀਮਤ ਤੇ ਨੇੜੇ-ਤੇੜੇ ਦੇ ਪਿੰਡਾਂ 'ਚ ਕਿਤੇ ਜ਼ਮੀਨ ਨਹੀਂ ਮਿਲਦੀ, ਜਿਸ ਕੀਮਤ ਤੇ ਉਨ੍ਹਾਂ ਦੀ ਜ਼ਮੀਨ ਗ੍ਰਹਿਣ ਕੀਤੀ ਗਈ ਹੈ। ਇਸ ਲਈ ਉਨ੍ਹਾਂ ਦਾ ਉਜਾੜਾ ਹੋਵੇਗਾ ਅਤੇ  ਰੋਜੀ-ਰੋਟੀ ਖੁਸੇਗੀ।''

''ਪਿੰਡ ਦੀ 40 ਪ੍ਰਤੀਸ਼ਤ ਵਸੋਂ ਅਨਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੀ  ਹੈ। ਉਹ ਆਪਣੇ ਰੁਜਗਾਰ ਲਈ ਖੇਤੀ ਬਾੜੀ ਅਤੇ ਇਸ ਦੇ ਸਹਾਇਕ ਧੰਦਿਆਂ 'ਤੇ ਨਿਰਭਰ ਸਨ,  ਵਾਹੀਯੋਗ ਜ਼ਮੀਨ ਦੇ 1458 ਏਕੜ ਤੋਂ ਘੱਟ ਕੇ 652 ਏਕੜ  ਰਹਿ ਜਾਣ ਨਾਲ ਉਹਨਾਂ ਦਾ ਰੁਜਗਾਰ ਵੀ ਖੁਸੇਗਾ ਅਤੇ ਉਹਨਾਂ ਨੂੰ ਵੀ ਉਜੜਨਾਂ ਪਵੇਗਾ।''

''14 ਖੇਤ ਮਜ਼ਦੂਰ ਪ੍ਰੀਵਾਰ ਘਰੋਂ ਉਜੜ ਗਏ ਹਨ। ਉਹਨਾਂ ਨੂੰ ਕੋਈ ਰਾਹਤ ਜਾਂ ਮੁਆਵਜਾ ਨਹੀਂ ਮਿਲਿਆ।''

''ਬਹੁਤੇ ਕਿਸਾਨਾਂ ਨੂੰ ਨਿਗੂਣਾ ਮੁਆਵਜਾ ਵੀ ਪੂਰਾ ਨਹੀਂ ਮਿਲਿਆ ਕਿਉਂਕਿ ਸਰਕਾਰ, ਬੈਂਕਾਂ, ਖੇਤੀ ਸੇਵਾ ਸੋਸਾਇਟੀਆਂ ਅਤੇ ਆੜਤੀਆਂ ਨੇ ਸਿਰ ਮੜ੍ਹੇ ਜਾਲੀ ਅਤੇ ਫਰਜ਼ੀ ਕਰਜ਼ੇ ਦੀਆਂ ਰਕਮਾਂ ਇਸ 'ਚੋਂ ਕੱਟ ਲਈਆਂ ਹਨ।''

''ਇਹ ਪ੍ਰੋਜੈਕਟ ਜਿਸ ਤਰ੍ਹਾਂ ਬਿਨ੍ਹਾ ਖੁੱਲ੍ਹੀ ਬੋਲੀ (Competitive Bidding) ਦੇ ਇੰਡੀਆ ਬੁਲਜ਼ ਦੀ ਸਹਾਇਕ ਪਿਉਨਾ ਪਾਵਰ ਕੰਪਨੀ -ਜਿਸਦਾ ਬਿਜਲੀ ਉਤਪਾਦਨ ਖੇਤਰ 'ਚ ਉੱਕਾ ਕੋਈ ਤਜ਼ਰਬਾ ਨਹੀਂ, ਨੂੰ ਦਿੱਤਾ ਗਿਆ ਹੈ ਉਸ 'ਚੋਂ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਦੀ ਬੋਅ ਆ ਰਹੀ ਹੈ।''

''ਪੰਜਾਬ ਸਰਕਾਰ ਵੱਲੋਂ 2006 'ਚ ਐਲਾਨੀ ਜ਼ਮੀਨ ਗ੍ਰਹਿਣ ਨੀਤੀ ਦੇ ਪਹਿਰਾ ਨੂੰ 5 'ਚ ਕਿਹਾ ਗਿਆ ਹੈ ਕਿ “ਸਨੱਅਤੀ ਪਾਰਕਾਂ,ਪ੍ਰੋਜੈਕਟਾਂ ਅਤੇ ਸ਼ਹਿਰੀ ਵਿਕਾਸ ਪ੍ਰੋਜੈਕਟਾਂ-ਜਿਵੇਂ ਰਿਹਾਇਸੀ ਕਲੋਨੀਆਂ ਅਤੇ ਵਿਕਾਸ ਲਈ ਵਪਾਰਕ ਸੰਸਥਾਵਾਂ ਜੋ ਨਿੱਜੀ ਖੇਤਰ ਵਿੱਚ ਹੋਣ, ਉਨ੍ਹਾ ਲਈ ਜਮੀਨ, ਆਪਸੀ ਸੌਦੇਬਾਜ਼ੀ ਰਾਹੀਂ ਜ਼ਮੀਨ ਮਾਲਕਾਂ ਤੋਂ ਗ੍ਰਹਿਣ ਕੀਤੀ ਜਾਵੇਗੀ। ਲੋੜ ਪੈਣ 'ਤੇ 20 ਪ੍ਰਤੀਸ਼ਤ ਤੱਕ ਜ਼ਮੀਨ, ਪ੍ਰੋਜੈਕਟ ਦੇ ਨਾਲ ਲਗਦੀ ਹੋਣ ਕਰਕੇ, ਸਰਕਾਰ ਵੱਲੋਂ ਜ਼ਮੀਨ ਮਾਲਕਾਂ ਨੂੰ ਢੁੱਕਵਾਂ ਮੁਆਵਜਾ ਅਦਾ ਕਰਕੇ ਅਤੇ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਕੇ ਜ਼ਬਰੀ ਗ੍ਰਹਿਣ ਕੀਤੀ ਜਾ ਸਕਦੀ ਹੈ। ਪ੍ਰੰਤੂ ਇਸ ਨਿਯਮ ਦੀ ਉਲੰਘਣਾ ਕਰਕੇ ਸਾਰੀ ਦੀ ਸਾਰੀ ਜ਼ਮੀਨ ਸਰਕਾਰ ਵੱਲੋਂ ਜਬਰੀ ਗ੍ਰਹਿਣ ਕੀਤੀ ਗਈ ਹੈ।''

''ਰਾਜ ਸਰਕਾਰ ਦੀ ਪੱਧਰ 'ਤੇ ਵੀ ਗੜਬੜ ਸਾਫ਼ ਝਲਕਦੀ ਹੈ, ਕਿਉਂਕਿ ਇਹ ਪ੍ਰਜੈਕਟ ਇੰਡੀਆ ਬੁਲਜ਼ ਦੀ ਸਹਾਇਕ ਪਿਓਨਾ ਪਾਵਰ ਕੰਪਨੀ ਨੂੰ ਖੁੱਲ੍ਹੀ ਬੋਲੀ ਰਾਹੀਂ ਨਹੀਂ ਸਗੋਂ ਮਨਮਰਜੀ 'ਤੇ ਅਧਾਰਤ ਸਹਿਮਤੀ-ਪੱਤਰ (Mo”) ਦੇ ਰਸਤੇ ਦਿੱਤਾ ਗਿਆ।''

''ਗੋਬਿੰਦਪੁਰਾ ਤਾਪ ਬਿਜਲੀ ਘਰ ਨੂੰ ਨਾ ਤਾਂ  ਅਜੇ ਪ੍ਰਦੂਸ਼ਨ ਕੰਟਰੋਲ ਅਧਿਕਾਰੀਆਂ ਤੋਂ ਪ੍ਰਵਾਨਗੀ ਮਿਲੀ ਹੈ (Enviromental Clearance) ਅਤੇ ਨਾ ਹੀ ਇਸਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨਾਲ ਬਿਜਲੀ ਖਰੀਦਣ ਸੰਬੰਧੀ ਸਮਝੌਤਾ (P.P.P) ਕੀਤਾ ਹੈ।''

ਇਸ ਪ੍ਰਜੈਕਟ ਲਈ ਜਮੀਨ ਗ੍ਰਹਿਣ ਕਰਨ 'ਚ ਸਰਕਾਰ ਦੀ ਮੁੱਖ ਟੇਕ ਅਸਲ 'ਚ ਜਬਰ 'ਤੇ ਰਹੀ ਹੈ। ਅਕਤੂਬਰ 2010 'ਚ ਇਸ ਪ੍ਰਜੈਕਟ ਦੇ ਸ਼ੁਰੂ ਹੋਣ ਤੋਂ ਅਤੇ ਇਸਦੇ ਨਾਲ ਹੀ ਲੋਕਾਂ ਵਲੋਂ ਇਸਦੇ ਵਿਰੋਧ 'ਚ ਖੜੇ ਹੋ ਜਾਣ ਤੋਂ, ਹੁਣ ਤੱਕ ਲੋਕਾਂ 'ਤੇ ਹਮਲਿਆਂ, ਲਾਠੀਚਾਰਜ, ਬੇਤਹਾਸ਼ਾ ਗ੍ਰਿਫ਼ਤਾਰੀਆਂ ਅਤੇ ਗੈਰ-ਕਨੂੰਨੀ ਨਜ਼ਰਬੰਦੀਆਂ, ਅੱਧੀਂ ਰਾਤੀਂ ਘਰੀਂ ਛਾਪੇਮਾਰੀ ਅਤੇ ਫਾਇਰਿੰਗ ਦੀਆਂ ਘਟਨਾਵਾਂ ਦੀ ਇੱਕ ਲੰਮੀ ਲੜੀ ਹੈ। ਲੋਕਾਂ ਵਿਰੁੱਧ ਇਹ ਸਾਰੀਆਂ ਕਾਰਵਾਈਆਂ ਸੀਨੀਅਰ ਪੁਲਸ ਕਪਤਾਨ ਅਤੇ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਡੀ.ਆਈ.ਜੀ ਬਠਿੰਡਾ ਦੀ ਸਿੱਧੀ ਨਿਗਰਾਨੀ ਹੇਠ ਕੀਤੀਆਂ ਗਈਆਂ ਹਨ। ਸੰਘਰਸ਼ ਕਰ ਰਹੇ ਲੋਕਾਂ 'ਤੇ ਸਾਰੇ ਵੱਡੇ ਹਮਲਿਆਂ ਦੀ ਅਗਵਾਈ ਇਹ ਅਧਿਕਾਰੀ ਨਿੱਜੀ ਰੂਪ 'ਚ ਕਰਦੇ ਰਹੇ ਹਨ।

 ''21 ਜੂਨ 2011 ਤੋਂ ਇਸ ਪਿੰਡ ਨੂੰ ਇੱਕ ਵੱਡੀ ਜੇਲ੍ਹ ਬਣਾ ਦਿੱਤਾ ਗਿਆ। ਇਸ ਪਿੰਡ ਵੱਲ ਜਾਂਦੇ ਸਾਰੇ ਰਾਹ, ਸੜਕਾਂ ਅਤੇ ਪੱਗ-ਡੰਡੀਆਂ 'ਤੇ ਪੁਲਸ ਨੇ ਮੋਰਚੇਬੰਦੀਆਂ ਕੀਤੀਆਂ ਹੋਈਆਂ ਹਨ। ਪਲਸ ਅਤੇ ਬਲੈਕ ਕਮਾਂਡੋਆਂ ਦੀਆਂ ਵੱਡੀਆਂ ਧਾੜਾਂ ਇੱਥੇ ਤਾਇਨਾਤ ਹਨ।''

''ਜੰਗ ਵਰਗੀ ਸਥਿਤੀ ਹੈ। ਬਾਹਰਲੇ ਲੋਕਾਂ ਨੂੰ ਪਿੰਡ 'ਚ ਨਹੀਂ ਵੜਨ ਦਿੱਤਾ ਜਾਂਦਾ। ਖੇਤੀਬਾੜੀ ਨਾਲ ਸਬੰਧਤ ਕੰਮ ਧੰਦੇ ਕਰਨ, ਪਸ਼ੂ ਚਾਰਨ, ਪੱਠੇ ਲੈਣ ਜਾ ਰਹੇ ਪਿੰਡ ਦੇ ਲੋਕਾਂ ਦੀ ਵੀ ਡੂੰਘੀ ਪੁੱਛਗਿਛ ਕੀਤੀ ਜਾਂਦੀ ਹੈ ਅਤੇ ਤਲਾਸ਼ੀਆਂ ਲਈਆਂ ਜਾਂਦੀਆਂ ਹਨ। ਕਿਸਾਨ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਭਰਾਤਰੀ ਜਨਤਕ ਜੱਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਦੇ ਵੀ ਕਿਸੇ ਜਾਣੇ ਪਛਾਣੇ ਆਗੂ ਨੂੰ ਪਿੰਡ 'ਚ ਨਹੀਂ ਵੜਨ ਦਿੱਤਾ ਜਾਂਦਾ।''
(ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਪੰਫਲਟ 'ਚੋਂ)
...........................................................................
ਛਪਦੇ ਛਪਦੇ
19 ਸਤੰਬਰ ਨੂੰ ਮੁੱਖ ਮੰਤਰੀ ਨਾਲ ਗੱਲਬਾਤ ਟੁੱਟ ਜਾਣ ਮਗਰੋਂ ਸੰਘਰਸ਼ ਨੂੰ ਜਾਰੀ ਰੱਖਦੇ ਹੋਏ 17 ਕਿਸਾਨ ਮਜ਼ਦੂਰ ਜਥੇਬੰਦੀਆਂ ਨੇ 24 ਸਤੰਬਰ ਨੂੰ ਗੋਬਿੰਦਪੁਰਾ ਵੱਲ ਕੂਚ ਕਰਨ ਦਾ ਸੱਦਾ ਦਿੱਤਾ ਹੈ।


ਗੋਬਿੰਦਪੁਰਾ ਘੋਲ:
ਘਟਨਾਕਰਮ 'ਤੇ ਤਰਦੀ ਝਾਤ
—ਪੱਤਰਕਾਰ

ਮਾਨਸਾ ਜ਼ਿਲ੍ਹੇ ਦੇ ਗੋਬਿੰਦਪੁਰਾ ਪਿੰਡ ਦਾ ਜ਼ਮੀਨੀ ਘੋਲ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੇ ਜਥੇਬੰਦ ਕਿਸਾਨ ਤੇ ਮਜ਼ਦੂਰ ਹਿੱਸਿਆਂ ਅੰਦਰ ਵਿਆਪਕ ਚਰਚਾ ਅਤੇ ਡੂੰਘੇ ਸਰੋਕਾਰ ਦਾ ਭਖਵਾਂ ਮਸਲਾ ਬਣਿਆ ਹੋਇਆ ਹੈ। 25 ਜੁਲਾਈ ਤੋਂ 17 ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਹੇਠ ਲੜਿਆ ਜਾ ਰਿਹਾ ਇਹ ਘੋਲ ਕਈ ਸਟੇਜਾਂ ਵਿੱਚ ਦੀ ਗੁਜ਼ਰਿਆ ਹੈ। ਹੁਣ ਤੱਕ ਇਸਨੇ ਤਿੰਨ ਕਿਸਾਨ ਜਿੰਦਾਂ ਦੀ ਬਲੀ ਲੈ ਲਈ ਹੈ। ਅਜੇ ਘੋਲ ਜਾਰੀ ਹੈ। ਕਿਸਾਨ ਹਿਤੈਸ਼ੀ ਹੋਣ ਦੀਆਂ ਟਾਹਰਾਂ ਮਾਰਦੀ ਮੌਜੂਦਾ ਸਰਕਾਰ ਦੇ ਸਿਰੇ ਦੇ ਕਿਸਾਨ-ਵਿਰੋਧੀ ਅੜੀਅਲ ਰਵੱਈਏ ਕਰਕੇ ਇਸਦੇ ਲੰਮਾਂ ਸਮਾਂ ਚੱਲਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ।''

ਵੈਸੇ ਤਾਂ ਗੋਬਿੰਦਪੁਰੇ ਦੇ ਲੋਕਾਂ ਵੱਲੋਂ ਪਿਛਲੇ ਅਕਤੂਬਰ ਤੋਂ ਹੀ ਸੰਘਰਸ਼ ਦਾ ਝੰਡਾ ਚੁੱਕਿਆ ਹੋਇਆ ਹੈ, ਜਦ ਪਿੰਡ ਦੀ ਜ਼ਮੀਨ ਦਾ ਵੱਡਾ ਰਕਬਾ- 880 ਏਕੜ- ਚੁੱਪ-ਗੜੁਪ 'ਚ ਜਾਰੀ ਕੀਤੇ ਇੱਕ ਸਹਿਮਤੀ ਪੱਤਰ ਰਾਹੀਂ ਇੰਡੀਆ ਬੁਲਜ਼ ਨਾਂਅ ਦੀ ਇੱਕ ਨਿੱਜੀ ਪਾਵਰ ਕੰਪਨੀ ਦੀ ਸਹਾਇਕ ਪਿਓਨਾ ਪਾਵਰ ਦੇ ਹਵਾਲੇ ਕਰ ਦਿੱਤਾ ਗਿਆ ਸੀ। ਪਰ ਏਸ 21 ਜੂਨ ਨੂੰ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਆਏ ਅਧਿਕਾਰੀਆਂ ਦਾ ਵਿਰੋਧ ਕਰ ਰਹੇ ਪਿੰਡ ਦੇ ਲੋਕਾਂ ਅਤੇ ਉਹਨਾਂ ਦੀ ਹਮਾਇਤ 'ਤੇ ਪਹੁੰਚ ਰਹੇ ਕਿਸਾਨਾਂ ਦੀਆਂ ਮੌਕੇ 'ਤੇ ਤਾਇਨਾਤ ਕੀਤੀ ਪੁਲਸ ਵੱਲੋਂ ਥੋਕ ਪੱਧਰ 'ਤੇ ਕੀਤੀਆਂ ਗ੍ਰਿਫਤਾਰੀਆਂ ਨੇ ਮਸਲੇ ਨੂੰ ਤੁਲ ਦੇ ਦਿੱਤਾ। ਉਦੋਂ ਤੋਂ ਹੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਘੋਲ ਦੇ ਮੈਦਾਨ ਵਿੱਚ ਹਨ। ਇਹਨਾਂ ਜਥੇਬੰਦੀਆਂ ਦੇ ਆਗੂਆਂ ਨਾਲ 171 ਏਕੜ ਦੀ ਨਵੀਂ ਰੋਕੀ ਜਾ ਰਹੀ ਜ਼ਮੀਨ ਨੂੰ ਨਾ ਵਲਣ ਦੇ ਕੀਤੇ ਵਾਅਦੇ ਤੋਂ ਭੱਜ ਕੇ 23 ਜੁਲਾਈ ਨੂੰ ਪਿੰਡ 'ਤੇ ਪੁਲਸੀ ਧਾੜਾਂ ਦੀ ਕੀਤੀ ਚੜ੍ਹਾਈ ਨੇ ਕਿਸਾਨਾਂ ਦੇ ਰੋਹ ਨੂੰ ਲਾਂਬੂ ਲਾ ਦਿੱਤੇ। ਸਿੱਟੇ ਵਜੋਂ ਅਗਲੇ ਦਿਨ ਗੋਬਿੰਦਪੁਰੇ ਜਾ ਰਹੇ ਕਿਸਾਨ ਕਾਫਲਿਆਂ ਦੀਆਂ ਥਾਂ ਥਾਂ ਪੁਲਸ ਨਾਲ ਝੜੱਪਾਂ ਹੋਈਆਂ ਅਤੇ ਸੈਂਕੜੇ ਕਿਸਾਨ ਗ੍ਰਿਫਤਾਰ ਕਰ ਲਏ ਗਏ। 24 ਜੁਲਾਈ ਨੂੰ ਫੇਰ ਗੋਬਿੰਦਪੁਰੇ ਵੱਲ ਕੂਚ ਕਰ ਰਹੇ ਕਿਸਾਨ ਕਾਫਲਿਆਂ ਅਤੇ ਪੁਲਸ ਵਿਚਕਾਰ ਅਨੇਕਾਂ ਥਾਵਾਂ 'ਤੇ ਝੜੱਪਾਂ ਹੋਈਆਂ ਅਤੇ 400 ਦੇ ਲੱਗਭੱਗ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀਆਂ ਦਾ ਇਹ ਸਿਲਸਿਲਾ ਪਹਿਲੀ ਅਗਸਤ ਤੱਕ ਲਗਾਤਾਰ ਜਾਰੀ ਰਿਹਾ।

2 ਅਗਸਤ ਨੂੰ ਪੁਲਸੀ ਨਾਕੇ ਭੰਨ ਕੇ ਗੋਬਿੰਦਪੁਰਾ ਕੂਚ ਕਰਨ ਦੇ ਸੱਦੇ ਦਾ ਐਲਾਨ ਆਉਣ 'ਤੇ ਘਰੋਂ ਘਰੀਂ ਪੁਲਸੀ ਛਾਪਿਆਂ ਦਾ ਦੌਰ ਅਤੇ 2 ਅਗਸਤ ਨੂੰ ਬਰਨਾਲਾ ਜ਼ਿਲ੍ਹੇ ਦੇ ਕੋਟ ਦੁੱਨਾ ਪਿੰਡ ਨੇੜੇ ਅਤੇ ਮੌੜ ਕੈਂਚੀਆਂ 'ਤੇ ਪੁਲਸੀ ਨਾਕੇ 'ਤੇ ਕੀਤੇ ਅੰਨ੍ਹੇ ਲਾਠੀਚਾਰਜ ਨੂੰ ਅਨੇਕਾਂ ਕਿਸਾਨਾਂ ਤੇ ਕਿਸਾਨ ਵਰਕਰਾਂ ਨੇ ਸਿਦਕਦਿਲੀ ਨਾਲ ਝੱਲਿਆ। ਕੋਟ ਦੁੱਨਾ ਲਾਠੀਚਾਰਜ ਨੇ ਹਮੀਦੀ ਪਿੰਡ ਦੇ ਕਿਸਾਨ ਸੁਰਜੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ।

21 ਜੂਨ ਤੋਂ ਹੀ ਗੋਬਿੰਦਪੁਰਾ ਪਿੰਡ ਵਿੱਚ ਭਾਰੀ ਗਿਣਤੀ ਵਿੱਚ ਪੁਲਸ ਤੇ ਕਮਾਂਡੋ ਦਸਤੇ ਤਾਇਨਾਤ ਕਰਕੇ ਪਿੰਡ ਨੂੰ ਪੁਲਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਪਿੰਡ ਨੂੰ ਆਉਂਦੇ ਸਭ ਰਸਤਿਆਂ ਅਤੇ ਸੜਕਾਂ 'ਤੇ ਪੁਲਸੀ ਮੋਰਚਾਬੰਦੀ ਕਰ ਦਿੱਤੀ ਗਈ। ਪਿੰਡ ਆਉਂਦੀਆਂ ਸਭ ਬੱਸਾਂ ਬੰਦ ਕਰ ਦਿੱਤੀਆਂ। ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਵੱਲੋਂ ਜਾਰੀ ਕੀਤੀ ਤੱਥ ਰਿਪੋਰਟ ਅਨੁਸਾਰ ਪਿੰਡ ਵਿੱਚ ਜੰਗ ਵਰਗੀ ਸਥਿਤੀ ਸੀ।। ਬਾਹਰਲੇ ਲੋਕਾਂ ਨੂੰ ਪਿੰਡ 'ਚ ਨਹੀਂ ਵੜਨ ਦਿੱਤਾ ਜਾਂਦਾ। ਖੇਤੀਬਾੜੀ ਨਾਲ ਸਬੰਧਤ ਕੰਮ ਧੰਦੇ ਕਰਨ, ਪਸ਼ੂ ਚਾਰਨ, ਪੱਠੇ ਲੈਣ ਜਾ ਰਹੇ ਪਿੰਡ ਦੇ ਲੋਕਾਂ ਦੀ ਵੀ ਡੂੰਘੀ ਪੁੱਛਗਿਛ ਕੀਤੀ ਜਾਂਦੀ ਅਤੇ ਤਲਾਸ਼ੀਆਂ ਲਈਆਂ ਜਾਂਦੀਆਂ।। ਕਿਸਾਨ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਭਰਾਤਰੀ ਜਨਤਕ ਜੱਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਦੇ ਵੀ ਕਿਸੇ ਜਾਣੇ ਪਛਾਣੇ ਆਗੂ ਨੂੰ ਪਿੰਡ 'ਚ ਨਹੀਂ ਵੜਨ ਦਿੱਤਾ ਜਾਂਦਾ।ਸੀ। ਸਪਸ਼ਟ ਹੈ ਕਿ ਪਿੰਡ ਦੇ ਲੋਕਾਂ ਨੂੰ ਸਿਵਾਏ ਪਿਓਨਾ ਪਾਵਰ ਕੰਪਨੀ ਅਤੇ ਪ੍ਰਬੰਧਕੀ ਅਧਿਕਾਰੀਆਂ ਦੇ, ਹੋਰ ਸਾਰੇ ਬਾਹਰੀ ਪ੍ਰਭਾਵਾਂ ਤੋਂ ਦੂਰ ਰੱਖਣ ਦੀ ਯੋਜਨਾ ਲਾਗੂ ਕੀਤੀ ਜਾ ਰਹੀ ਸੀ। ਬਹੁਤ ਵਾਰੀ ਵਿਦਿਆਰਥੀਆਂ ਨੂੰ ਸਕੂਲਾਂ/ਕਾਲਜਾਂ 'ਚ ਜਾਣ ਅਤੇ ਇਮਤਿਹਾਨ ਦੇਣ ਤੋਂ ਵੀ ਰੋਕਿਆ ਗਿਆ। ਮੁੱਕਦੀ ਗੱਲ ਇਹ ਕਿ ਇੱਕ ਨਿੱਜੀ ਕੰਪਨੀ ਦੇ ਹਿੱਤਾਂ ਦੀ ਰਾਖੀ ਕਰਨ ਲਈ, ਲੋਕਾਂ ਦੇ ਉਹ ਸਾਰੇ ਬੁਨਿਆਦੀ ਅਧਿਕਾਰ ਕੁਚਲ ਦਿੱਤੇ ਗਏ, ਜਿਨ੍ਹਾਂ ਦੇ ਸੰਵਿਧਾਨ ਵਿੱਚ ਦਰਜ ਹੋਣ ਦਾ ਸਾਡੇ ਹਾਕਮ ਤਿੰਘ-ਤਿੰਘ ਕੇ ਜਿਕਰ ਕਰਦੇ ਹਨ। ਪਰ ਇਸਦੇ ਬਾਵਜੂਦ ਪਿੰਡ ਦੇ ਲੋਕਾਂ ਨੂੰ ਢੈਲੇ ਨਹੀਂ ਕੀਤਾ ਜਾ ਸਕਿਆ, ਸਗੋਂ ਉਹਨਾਂ ਦੇ ਲੜਨ ਰੌਂਅ ਨੂੰ ਜਰਬਾਂ ਆਈਆਂ। ਉਹਨਾਂ ਨੂੰ ਸੰਘਰਸ਼ ਰਾਹੀਂ ਪ੍ਰਾਪਤੀਆਂ ਦੀ ਆਸ ਬੱਝਣ ਲੱਗੀ ਅਤੇ ਜਨਤਕ ਲਾਮਬੰਦੀ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ।

ਕਿਸਾਨ ਮਜ਼ਦੂਰ ਮਰਦਾਂ-ਔਰਤਾਂ ਸਮੇਤ ਸਕੂਲੀ ਵਿਦਿਆਰਥਣਾਂ ਦੀਆਂ ਵਾਰ ਵਾਰ ਗ੍ਰਿਫਤਾਰੀਆਂ, ਪੁਲਸੀ ਲਾਠੀਚਾਰਜ, ਖਿੱਚ-ਧੂਹ, ਘਰਾਂ ਵਿੱਚ ਵਾਰ ਵਾਰ ਛਾਪੇਮਾਰੀਆਂ ਆਦਿ ਦੇ ਬਾਵਜੂਦ ਕਿਸਾਨਾਂ-ਮਜ਼ਦੂਰਾਂ ਦੇ ਹੌਂਸਲੇ ਦਿਨੋਂ ਦਿਨ ਬੁਲੰਦ ਹੋਏ ਹਨ। ਪਿੰਡ ਲੋਕ ਪਿਲਰ ਲਿਜਾ ਰਹੇ ਟਰੱਕਾਂ ਨੂੰ ਘੇਰਨ ਵਿੱਚ ਅੱਗੇ ਆਏ ਅਤੇ ਹਥਿਆਰਬੰਦ ਪੁਲਸੀ ਪਹਿਰਿਆਂ ਦੀ ਛਤਰ-ਛਾਇਆ ਹੇਠ ਔਰਤਾਂ ਧੜੱਲੇ ਨਾਲ ਗੁਰਦੁਆਰੇ ਦੇ ਸਪੀਕਰਾਂ ਤੋਂ ਅਨਾਊਂਸਮੈਂਟਾਂ ਕਰਨ ਅਤੇ ਪਿੱਲਰ ਪੁੱਟਣ ਜਿਹੇ ਜੁਰਅੱਤਮੰਦ ਕਦਮਾਂ ਤੱਕ ਅੱਗੇ ਵਧੀਆਂ। ਆਪਣੇ ਦ੍ਰਿੜ੍ਹ ਇਰਾਦਿਆਂ ਅਤੇ ਬੁਲੰਦ ਬਾਂਗ ਖਾੜਕੂ ਰੌਂਅ ਮੂਹਰੇ ਲੋਕਾਂ ਨੇ ਲਾਜੁਆਬ ਹੁੰਦੇ, ਢੈਲੇ ਪੈਂਦੇ ਪਿੱਛੇ ਹਟਦੇ ਅਧਿਕਾਰੀਆਂ ਦੇ ਫਿੱਕੇ ਪੈਂਦੇ ਰੰਗ ਵਾਰ ਵਾਰ ਦੇਖੇ। ਉਹਨਾਂ ਨੂੰ ਜਨਤਕ ਤਾਕਤ ਅਤੇ ਜ਼ਮੀਨੀ ਮਸਲੇ ਦੀ ਵਾਜਬੀਅਤ ਦੇ ਕ੍ਰਿਸ਼ਮੇ ਦਿਖਾਈ ਦਿੱਤੇ। ਜਿਹਨਾਂ ਕਿਸਾਨਾਂ ਨੇ ਚੈੱਕ ਲੈ ਲਏ ਸਨ, ਉਹਨਾਂ 'ਚੋਂ ਵੀ ਜ਼ਮੀਨ ਵਾਪਸ ਮੰਗਣ ਲੱਗੇ ਅਤੇ ਚੈੱਕ ਮੋੜਨ ਲਈ ਹਲਫੀਆ ਬਿਆਨ ਦੇਣ ਲੱਗੇ। ਸੁਰਜੀਤ ਸਿੰਘ ਹਮੀਦੀ ਦੇ ਭੋਗ ਸਮਾਗਮ 'ਤੇ 35 ਪਰਿਵਾਰ ਚੈੱਕ ਮੋੜਨ ਦੇ ਆਪਣੇ ਫੈਸਲੇ ਦੇ ਪ੍ਰਗਟਾਵੇ ਵਜੋਂ ਅਲੱਗ ਬੈਠੇ ਹਨ। 5 ਅਗਸਤ ਨੂੰ ਸੁਰਜੀਤ ਸਿੰਘ ਦੇ ਭੋਗ ਸਮਾਗਮ 'ਚ 20000 ਕਿਸਾਨਾਂ-ਮਜ਼ਦੂਰਾਂ, ਮਰਦ-ਔਰਤਾਂ ਦਾ ਇਕੱਠ ਪਿਛਲੇ ਸਭ ਇਕੱਠਾਂ ਨੂੰ ਮਾਤ ਪਾ ਗਿਆ। ਵੱਖ ਵੱਖ ਜਨਤਕ ਧਰਨਿਆਂ 'ਚ ਦੋ ਢਾਈ ਹਜ਼ਾਰ ਤੋਂ ਵਧ ਕੇ 22 ਅਗਸਤ ਤੋਂ ਸ਼ੁਰੂ ਕੀਤੇ ਲਗਾਤਾਰ ਧਰਨੇ ਵਿੱਚ ਇਹ ਗਿਣਤੀ 5000 ਤੋਂ ਉਪਰ ਜਾ ਪਹੁੰਚੀ। 23 ਤਾਰੀਖ ਨੂੰ ਮਾਨਸਾ ਵਿੱਚ ਰੋਹ ਭਰਪੂਰ ਮੁਜਾਹਰਾ 24 ਨੂੰ ਅੰਮ੍ਰਿਤਸਰ ਦੇ ਧਰਨੇ ਕਿਸਾਨ ਧੀਰ ਸਿੰਘ ਦੀ ਹੋਈ ਮੌਤ ਦੀ ਖਬਰ ਆਉਣ 'ਤੇ 2 ਘੰਟੇ ਲਈ ਮਾਨਸਾ ਕਚਹਿਰੀਆਂ ਦਾ ਜਬਰਦਸਤ ਘੇਰਾਓ, 25 ਅਗਸਤ ਨੂੰ ਤੜਕਸਾਰ ਧਰਨਾ ਉਖੇੜਨ ਦੀ ਪੁਲਸੀ ਕਾਰਵਾਈ ਤੋਂ ਬਾਅਦ ਦੁਪਹਿਰ ਤੱਕ ਦੂਣ ਸਵਾਈ ਗਿਣਤੀ ਨਾਲ ਮੁੜ ਧਰਨਾ ਸ਼ੁਰੂ ਕਰ ਦੇਣ ਦੀ ਕਾਰਵਾਈ ਅਤੇ ਜਲੰਧਰ ਵਿੱਚ ਨਿਰੋਲ ਮਜ਼ਦੂਰਾਂ ਵੱਲੋਂ ਗੋਬਿੰਦਪੁਰਾ ਦੇ ਕਿਸਾਨਾਂ ਖਾਤਰ ਜ਼ੋਰਦਾਰ ਸ਼ਮੂਲੀਅਤ ਵਾਲਾ ਧਰਨਾ ਵਿਸ਼ਾਲ ਲਾਮਬੰਦੀ ਦੇ ਨਾਲ ਨਾਲ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਰੌਂਅ ਦੀਆਂ ਉੱਘੜਵੀਆਂ ਮਿਸਾਲਾਂ ਹਨ।

ਕਿਸਾਨਾਂ ਮਜ਼ਦੂਰਾਂ ਦੀ ਇਸ ਵਿਸ਼ਾਲ ਲਾਮਬੰਦੀ ਅਤੇ ਲੜਾਕੂ ਰੌਂਅ ਸਦਕਾ ਹਾਕਮ ਜਮਾਤੀ ਕਾਂਗਰਸ ਪਾਰਟੀ ਦੇ ਚਿੱਤ 'ਚ ਵੀ ਕੁਤਕੁਤੀਆਂ ਹੋਣ ਲੱਗੀਆਂ। ਇਸ ਨੂੰ ਚੋਣ ਖੱਟੀ ਕਰਨ ਦਾ ਲਾਲਚ ਜਾਗਿਆ। ਇਹ ਗੋਬਿੰਦਪੁਰਾ ਘੋਲ ਦੇ ਪੱਖ ਵਿੱਚ ਬਿਆਨ ਦਾਗਣ ਲੱਗੀ ਅਤੇ ਫੇਰ ਘੋਲ ਕਰਨ ਦਾ ਵਿਖਾਵਾ ਕਰਨ ਲੱਗੀ। ਇਸ ਝਾਕ 'ਚ ਕਿ ਲੋਕ ਇਸ ਵੱਲੋਂ ਟਰਾਈਡੈਂਟ ਘੋਲ ਦੌਰਾਨ ਕਿਸਾਨਾਂ ਨਾਲ ਕੀਤੇ ਸਲੂਕ ਨੂੰ ਭੁੱਲ ਜਾਣਗੇ।

28 ਤਾਰੀਖ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗ ਦਾ ਸੁਨੇਹਾ ਮਿਲਣ 'ਤੇ ਮਾਨਸਾ ਦਾ ਧਰਨਾ ਜਾਰੀ ਰਖਦਿਆਂ ਜਲੰਧਰ ਅਤੇ ਅੰਮ੍ਰਿਤਸਰ ਦੇ ਧਰਨੇ ਚੁੱਕ ਲਏ ਗਏ ਸਨ, ਪਰ 28 ਤਾਰੀਖ ਨੂੰ ਸੰਗਰੂਰ ਤੋਂ ਮਾਨਸਾ ਜਾ ਰਹੇ ਕਿਸਾਨਾਂ ਦੇ ਕਾਫਲੇ ਦੀ ਰਸਤੇ ਵਿੱਚ ਪੁਲਸ ਨਾਲ ਝੜੱਪ ਹੋ ਗਈ ਅਤੇ ਇੱਕ ਹਜ਼ਾਰ ਕਿਸਾਨਾਂ 'ਤੇ ਧਾਰਾ 307 ਦੇ ਪੁਲਸ ਕੇਸ ਮੜ੍ਹ ਦਿੱਤੇ ਗਏ। ਮੁੱਖ ਮੰਤਰੀ ਨੇ 171 ਏਕੜ ਜ਼ਮੀਨ ਛੱਡਣ ਸਬੰਧੀ ਗੱਲਬਾਤ ਲਈ ਸਮੇਂ ਦੀ ਮੰਗ ਕੀਤੀ ਹੈ, ਮਾਹੌਲ ਬਣਾਉਣ ਦੇ ਨਾਂ ਹੇਠ, ਚੈੱਕ ਨਾ ਚੁੱਕਣ ਵਾਲੇ ਕਿਸਾਨਾਂ ਦੇ ਦੋ ਦਿਨ ਪਹਿਲਾਂ ਬਿਜਲੀ ਕੁਨੈਕਸ਼ਨਾਂ ਦੇ ਕੱਟੇ ਜੈਂਪਰ ਬਹਾਲ ਕਰਨ, ਕਿਸਾਨਾਂ ਲਈ ਆਪਣੇ ਖੇਤਾਂ ਵਿੱਚ ਆਉਣ-ਜਾਣ ਦੀ ਖੁੱਲ੍ਹ, ਪੁਲਸੀ ਨਾਕੇ ਚੁੱਕਣ, ਬੱਸਾਂ ਬਹਾਲ ਕਰਨ ਆਦਿ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਸਰਕਾਰ ਨੇ ਸ਼ਹੀਦ ਹੋਏ ਦੋ ਕਿਸਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਦਾ ਮੁਆਵਜਾ ਤੇ ਸਰਕਾਰੀ ਨੌਕਰੀ ਦੇਣ ਦੇ ਐਲਾਨ ਵੀ ਸਰਕਾਰ ਨੇ ਕੀਤੇ ਸਨ। ਮਜ਼ਦੂਰਾਂ ਦੇ ਰੁਜ਼ਗਾਰ ਉਜਾੜੇ ਸਬੰਧੀ ਚੱਲੀ ਗੱਲਬਾਤ ਵਿੱਚ ਮੁੱਖ ਮੰਤਰੀ ਨੇ ਠੋਸ ਜਾਣਕਾਰੀ ਦੀ ਮੰਗ ਕਰਦਿਆਂ ਮਹਿਕਮੇ ਰਾਹੀਂ ਲਿਸਟਾਂ ਮੰਗਵਾਈਆਂ।

ਗੱਲਬਾਤ ਦੀ ਪੇਸ਼ਕਸ਼ ਨੂੰ ਕਿਸਾਨਾਂ ਦੇ ਹਾਂ-ਪੱਖੀ ਹੁੰਗਾਰੇ ਦੇ ਬਾਵਜੂਦ ਕਿਸਾਨਾਂ ਵੱਲੋਂ ਚੌਕਸੀ ਬਰਕਰਾਰ ਰੱਖਣ ਅਤੇ ਸੰਘਰਸ਼ ਦੇ ਅਗਲੇ ਗੇੜ ਲਈ ਤਿਆਰੀ ਕਰਦੇ ਜਾਣ ਦੇ ਚੰਗੇ ਸੰਕੇਤ ਪ੍ਰਗਟ ਹੁੰਦੇ ਰਹੇ। ਇਸਦਾ ਇਜ਼ਹਾਰ ਵਿਸ਼ੇਸ਼ ਕਰਕੇ ਮਾਲਵਾ ਦੇ ਬਠਿੰਡਾ, ਮਾਨਸਾ, ਸੰਗਰੂਰ ਅਤੇ ਮੋਗਾ ਜ਼ਿਲ੍ਹਿਆਂ ਦੇ ਅਨੇਕਾਂ ਪਿੰਡਾਂ 'ਚ ਹੋਈਆਂ ਇਕੱਤਰਤਾਵਾਂ ਰਾਹੀਂ ਹੋਇਆ, ਜਿਹਨਾਂ 'ਚ ਗੱਲਬਾਤ ਦਾ ਨਤੀਜਾ ਨਾ ਨਿਕਲਣ ਦੀ ਹਾਲਤ 'ਚ ਘੋਲ ਦੇ ਅਗਲੇ ਐਕਸ਼ਨ ਲਈ ਤਿਆਰ-ਬਰ-ਤਿਆਰ ਰਹਿਣ ਦੇ ਅਹਿਦ ਦੁਹਰਾਏ ਗਏ।

ਅਗਲੇ ਦਿਨਾਂ 'ਚ ਸਰਕਾਰ ਦੀ ਖੋਟੀ ਨੀਤ ਸਾਹਮਣੇ ਆ ਗਈ। ਪਹਿਲਾਂ ਇਸ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਬਹਾਨੇ ਗੱਲਬਾਤ ਦੀ ਤਾਰੀਖ 19 ਸਤੰਬਰ ਤੱਕ ਪਿੱਛੇ ਧੱਕ ਦਿੱਤੀ, ਫੇਰ ਗੱਲਬਾਤ ਦੌਰਾਨ ਅਸਲ ਮੰਗ ਮੰਨਣ ਦੀ ਬਜਾਏ, ਚਾਲਾਂ ਖੇਡਣੀਆਂ ਜਾਰੀ ਰੱਖੀਆਂ। ਸਿੱਟੇ ਵਜੋਂ ਸਰਕਾਰ ਦੇ ਛਲ ਭਰੇ ਰਵੱਈਏ ਕਰਕੇ, ਗੱਲਬਾਤ ਟੁੱਟ ਗਈ ਹੈ ਅਤੇ ਕਿਸਾਨ-ਖੇਤ ਮਜ਼ਦੂਰ ਜਥੇਬੰਦੀਆਂ ਨੇ 24 ਸਤੰਬਰ ਨੂੰ ਗੋਬਿੰਦਪੁਰਾ (ਮਾਨਸਾ) ਵੱਲ ਕੂਚ ਕਰਨ ਦਾ ਸੱਦਾ ਦੇ ਦਿੱਤਾ ਹੈ।


ਸੁਰਖ਼ ਰੇਖਾ ਇਥੋਂ ਮਿਲਦਾ ਹੈ

—ਅਸ਼ੋਕ ਕੁਮਾਰ, ਨਿਊਜ ਪੇਪਰ ਏਜੰਸੀ, ਹਾਲ ਬਾਜਾਰ ਅੰਮ੍ਰਿਤਸਰ
—ਸੁਸ਼ੀਲ ਨਿਊਜ ਪੇਪਰ ਏਜੰਸੀ, ਬੱਸ ਸਟੈਂਡ. ਬਟਾਲਾ
—ਡੋਗਰਾ ਨਿਊਜ਼ ਪੇਪਰ ਏਜੰਸੀ, ਗੁਰਦਾਸਪੁਰ
—ਅਗਰਵਾਲ ਨਿਊਜ਼ ਏਜੰਸੀ, ਦੁਕਾਨ ਨੰ. 22 ਬੱਸ ਸਟੈਂਡ  ਜਲੰਧਰ, 99881 73647
—ਪਰਕਾਸ਼ ਨਾਵਲ ਸਟੋਰ, ਆਊਟਸਾਈਡ ਬੱਸ ਸਟੈਂਡ ਗੜ੍ਹਾ ਰੋਡ, ਜਲੰਧਰ ਸ਼ਹਿਰ, 98149 74795
—ਸੇਠੀ ਇੰਟਰਪ੍ਰਾਈਜਜ਼, 15 ਸ਼ਾਸਤਰੀ ਮਾਰਕੀਟ ਜਲੰਧਰ ਸ਼ਹਿਰ, 0181 2226189
—ਪੰਜਾਬ ਬੁੱਕ ਸਟਾਲ, ਨੇੜੇ ਪਲਾਜ਼ਾ ਹੋਟਲ, ਦਿਲਕੁਸ਼ਾ ਮਾਰਕੀਟ ਜਲੰਧਰ
—ਕਮਲ ਨਿਊਜ਼ ਏਜੰਸੀ, ਗੋਲ ਚੌਕ, ਜੀ.ਟੀ.ਰੋਡ ਫਗਵਾੜਾ
—ਹਰਜੀਤ ਬੁੱਕ ਡੀਪੂ, ਮੇਨ ਰੋਡ, ਬੰਗਾ, 01823 260115
—ਦੁੱਗਲ ਨਿਊਜ਼ ਪੇਪਰ ਏਜੰਸੀ, ਨੇੜੇ ਗੁਰਦੁਆਰਾ ਸਿੰਘ ਸਭਾ, ਚੰਡੀਗੜ੍ਹ ਰੋਡ, ਨਵਾਂਸ਼ਹਿਰ 01823 222368
—ਯੂਨੀਵਰਸਲ ਬੁੱਕ ਡੀਪੂ, ਜੀ.ਟੀ. ਰੋਡ ਭੋਗਪੁਰ-144201, ਫੋਨ- 0181-5050172
—ਕਸ਼ਮੀਰਾ ਨਿਊਜ਼ ਏਜੰਸੀ, ਬੱਸ ਸਟੈਂਡ ਨਕੋਦਰ
—ਜਨਤਾ ਪੁਸਤਕ ਭੰਡਾਰ ਗੁਰਾਇਆ
—ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
—ਹਰੀਸ਼ ਤਿਵਾੜੀ, ਨਿਊਜ਼ ਪੇਪਰ ਏਜੰਟ, ਮੇਨ ਚੌਕ ਸਮਰਾਲਾ, 95921 13377
—ਬੁੱਕ ਸਟਾਲ, ਬੱਸ ਸਟੈਂਡ ਖੰਨਾ, 81462 72854
—ਗਿਆਨ ਸੂਦ, ਨਿਊਜ਼ ਸ਼ਾਪ, ਜੀ.ਟੀ. ਰੋਡ ਸਰਹਿੰਦ, 93162 52550
—ਪ੍ਰਿਤਪਾਲ ਸਿੰਘ, ਬੁੱਕ ਸਟਾਲ, ਬੱਸ ਸਟੈਂਡ ਮੋਗਾ, 98142 17117
—ਨਿਊਜ਼ ਏਜੰਸੀ, ਬੱਸ ਸਟੈਂਡ ਕੋਟਕਪੂਰਾ
—ਰਜੀਵ ਨਿਊਜ਼ ਏਜੰਸੀ, ਮੰਡੀ ਡੱਬਵਾਲੀ, 01668 227123, 09356781200
—ਵਿਜੈ ਨਿਊਜ਼ ਏਜੰਸੀ, ਮੰਡੀ ਕਿਲਿਆਂਵਾਲੀ, ਨੇੜੇ ਪੰਜਾਬ ਬੱਸ ਸਟੈਂਡ 01668 223943, 94673 47500
—ਇੰਡੀਆ ਬੁੱਕ ਹਾਊਸ, ਬੱਸ ਸਟੈਂਡ ਮਾਨਸਾ, 01652 228235, 98146 28360
—ਰਕਸ਼ਿਤ ਬੁੱਕ ਸਟਾਲ, ਬਠਿੰਡਾ ਕਾਊਂਟਰ, ਬੱਸ ਸਟੈਂਡ ਸੰਗਰੂਰ, 9872574710
—ਕਿਸ਼ੋਰ ਨਿਊਜ਼ ਏਜੰਸੀ, ਬੱਸ ਸਟੈਂਡ ਰਾਮਪੁਰਾ, 90416 75889
—ਗਰਗ ਬੁੱਕ ਸੈਂਟਰ, ਸਾਹਮਣੇ ਸਕੱਤਰੇਤ, ਬਠਿੰਡਾ
—ਨਿਊਜ਼ ਪੇਪਰ ਏਜੰਸੀ, ਬੱਸ ਸਟੈਂਡ, ਬਠਿੰਡਾ
—ਵਾਲੀਆ ਨਿਊਜ਼ ਏਜੰਸੀ, ਬੱਸ ਸਟੈਂਡ ਬਰਨਾਲਾ, 94175 19387
—ਅਮਨ ਸਟਡੀਓ, ਭੋਤਨਾ, 98153 13586
—ਨਰਿੰਦਰ ਬੁੱਕ ਸਟਾਲ, ਬੱਸ ਸਟੈਂਡ ਮਲੇਰਕੋਟਲਾ, 97815 76929
—ਜੇ.ਪੀ. ਨਿਊਜ਼ ਪੇਪਰ ਬੁੱਕ ਸਟਾਲ, ਬੱਸ ਸਟੈਂਡ ਧੂਰੀ-148024, 01675 501317
—ਐਨ.ਕੇ. ਨਿਊਜ਼ ਏਜੰਸੀ, ਬੱਸ ਸਟੈਂਡ ਪਟਿਆਲਾ, 98728 07518, 98155 08064
—ਪੰਜਾਬ ਬੁੱਕ ਸੈਂਟਰ, ਸੈਕਟਰ 22 ਚੰਡੀਗੜ੍ਹ


ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ
ਦੋਸਤੀ, ਨੈਤਿਕਤਾ ਅਤੇ ਸ਼ਹੀਦ ਸੁਖਦੇਵ ਦੇ ਅੱਥਰੂ
23 ਮਾਰਚ ਦੇ ਸ਼ਹੀਦਾਂ (ਭਗਤ ਸਿੰਘ, ਰਾਜਗੁਰੂ, ਸੁਖਦੇਵ) ਨਾਲ ਸਬੰਧਤ ਉਹਨਾਂ ਦੇ ਸਾਥੀਆਂ ਦੀਆਂ ਯਾਦਾਂ ਉਹਨਾਂ ਦਾ ਜਿਉਂਦਾ ਜਾਗਦਾ ਧੜਕਦਾ ਅਕਸ ਪੇਸ਼ ਕਰਦੀਆਂ ਹਨ। ਮਹਾਨ ਆਦਰਸ਼ ਨੂੰ ਸਮਰਪਤ ਗਭਰੇਟ ਉਮਰ ਦੇ ਇਹ ਸੰਗਰਾਮੀਏ ਇਨਕਲਾਬੀ ਸਾਥੀਆਨਾ ਭਾਵਨਾ ਦੇ ਰੰਗ ਵਿੱਚ ਰੰਗੇ ਹੋਏ ਸਨ। ਇਸ ਤੋਂ ਵੀ ਅੱਗੇ ਨਿੱਜੀ ਦੋਸਤੀ ਦੀਆਂ ਗੂੜ•ੀਆਂ ਤੰਦਾਂ ਵਿੱਚ ਵੀ ਬੱਝੇ ਹੋਏ ਸਨ। ਉਹ ਇੱਕ ਦੂਜੇ ਨੂੰ ਪਿਆਰ ਕਰਦੇ ਸਨ। ਸਾਹੀਂ ਸਾਹ ਲੈਂਦੇ ਸਨ। ਇੱਕ ਦੂਜੇ ਤੋਂ ਅੱਗੇ ਹੋ ਕੇ ਕਸ਼ਟ ਉਠਾਉਣ ਵਿੱਚ ਯਕੀਨ ਰੱਖਦੇ ਸਨ। ਇਨਕਲਾਬੀ ਕਾਜ਼ ਲਈ ਖੁਦ ਮੌਤ ਦਾ ਸਾਹਮਣਾ ਕਰਨ ਖਾਤਰ ਸਦਾ ਤਿਆਰ ਬਰ ਤਿਆਰ ਸਨ, ਪਰ ਇੱਕ ਦੂਜੇ ਲਈ ''ਤੇਰੀ ਆਈ ਮੈਂ ਮਰਜਾਂ, ਤੇਰਾ ਵਾਲ ਵੀ ਵਿੰਗਾ ਨਾ ਹੋਵੇ'' ਦੀ ਭਾਵਨਾ ਰੱਖਦੇ ਸਨ। ਤਾਂ ਵੀ ਇਹ ਭਾਵਨਾਵਾਂ ਇਨਕਲਾਬੀ ਆਦਰਸ਼ ਦੀਆਂ ਲੋੜਾਂ ਤੋਂ ਉੱਪਰ ਨਹੀਂ ਸਨ।

ਜਦੋਂ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਵੱਲੋਂ ਦਿੱਲੀ ਅਸੰਬਲੀ ਵਿੱਚ ਮਸਨੂਈ ਬੰਬ ਸੁੱਟ ਕੇ ਧਮਾਕਾ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਸ਼ਹੀਦ ਸੁਖਦੇਵ ਨੇ ਇੱਕ ਵੱਡੇ ਨੈਤਿਕ ਸਵਾਲ ਦਾ ਸਾਹਮਣਾ ਕੀਤਾ। ਇਹ ਸੋਚਿਆ ਗਿਆ ਸੀ ਕਿ ਧਮਾਕੇ ਤੋਂ ਬਾਅਦ ਅਸੰਬਲੀ ਵਿੱਚ ਹੱਥ-ਪਰਚੇ ਸੁੱਟਣ ਅਤੇ ਨਾਅਰੇ ਲਾਉਣ ਪਿੱਛੋਂ ਕਾਰਵਾਈ ਕਰਨ ਵਾਲੀ ਟੀਮ ਗ੍ਰਿਫਤਾਰ ਹੋ ਜਾਵੇਗੀ। ਮਕਸਦ ਇਹ ਸੀ ਕਿ ਅਦਾਲਤ ਦੇ ਮੰਚ ਨੂੰ ਮੁਲਕ ਦੇ ਲੋਕਾਂ ਸਾਹਮਣੇ ਇਨਕਲਾਬੀਆਂ ਦੇ ਮਨੋਰਥ ਨੂੰ ਉਭਾਰਨ ਦਾ ਸਾਧਨ ਬਣਾਇਆ ਜਾਵੇਗਾ। ਇਸ ਮੰਤਵ ਦੇ ਹੱਕੀ ਅਤੇ ਜਾਇਜ਼ ਹੋਣ ਨੂੰ ਠੋਸ ਦਲੀਲਾਂ ਨਾਲ ਸਾਬਤ ਕੀਤਾ ਜਾਵੇਗਾ। ਇਹ ਫੈਸਲਾ ਕੀਤਾ ਜਾਣਾ ਸੀ ਕਿ ਇਸ ਮਕਸਦ ਨੂੰ ਧਿਆਨ ਵਿੱਚ ਰੱਖ ਕੇ ਬੰਬ ਸੁੱਟਣ ਦੀ ਕਾਰਵਾਈ ਲਈ ਕਿਸਨੂੰ ਚੁਣਿਆ ਜਾਵੇ।

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਤਿੰਨੇ ਸਾਂਡਰਸ ਕਾਤਲ ਕੇਸ ਦੇ 'ਮੁਜਰਮਾਂ' ਦੀ ਸੂਚੀ ਵਿੱਚ ਸ਼ਾਮਲ ਸਨ। ਇਹਨਾਂ ਵਿੱਚੋਂ ਕਿਸੇ ਦੇ ਵੀ ਗ੍ਰਿਫਤਾਰੀ ਦੇਣ ਦਾ ਅਰਥ ਸੀ- ਮੌਤ ਦੀ ਅਟੱਲ ਸਜ਼ਾ ਦਾ ਸਾਹਮਣਾ ਕਰਨਾ। ਸ਼ਹੀਦ ਸੁਖਦੇਵ ਨੇ ਇਹ ਤਜਵੀਜ਼ ਪੇਸ਼ ਕੀਤੀ ਕਿ ਕਾਰਵਾਈ ਲਈ ਬਟੁਕੇਸ਼ਵਰ ਦੱਤ ਦੇ ਨਾਲ ਭਗਤ ਸਿੰਘ ਨੂੰ ਭੇਜਿਆ ਜਾਵੇ। ਕਿਉਂਕਿ ਭਗਤ ਸਿੰਘ ਹੀ ਅਦਾਲਤ ਵਿੱਚ ਇਨਕਲਾਬੀਆਂ ਦੇ ਪੱਖ ਨੂੰ ਸਭ ਤੋਂ ਅਸਰਦਾਰ ਢੰਗ ਨਾਲ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈ।

ਇਹ ਤਜਵੀਜ ਪੇਸ਼ ਕਰਨੀ ਸੌਖੀ ਗੱਲ ਨਹੀਂ ਸੀ। ਆਪਣੇ ਆਪ ਨੂੰ ਪੇਸ਼ ਕਰਨ ਦੀ ਬਜਾਏ ਆਪਣੇ ਅਤਿ ਪਿਆਰੇ ਦੋਸਤ ਅਤੇ ਸਾਥੀ ਨੂੰ ਮੌਤ ਦੇ ਰਾਹ ਤੋਰਨ ਦਾ ਸੁਝਾਅ ਵੱਡੇ ਜਿਗਰੇ ਅਤੇ ਦਲੇਰੀ ਦੀ ਮੰਗ ਕਰਦਾ ਸੀ। ਇਸ ਤੋਂ ਇਲਾਵਾ ਇਨਕਲਾਬੀ ਜੁਝਾਰ ਹੋਣ ਦੀ ਫੂਕ ਅਤੇ ਹਓਮੈਂ ਅਜਿਹੇ ਮੌਕਿਆਂ 'ਤੇ ਸਮਤੋਲ ਉਖੇੜ ਸਕਦੀ ਹੈ। ਖੁਦ ਨੂੰ ਕੁਰਬਾਨੀ ਦੇਣ ਲਈ ਸਭ ਤੋਂ ਵੱਧ ਤਤਪਰ ਇਨਕਲਾਬੀ ਸਾਬਤ ਕਰਨ ਦੀ ਤਾਂਘ ਉੱਪਰ ਦੀ ਪੈ ਸਕਦੀ ਹੈ। ਜਾਨ ਵਾਰਨ ਤੋਂ ਪਿੱਛੇ ਹਟਣ ਦੇ ਮਿਹਣਿਆਂ ਅਤੇ ਬੁਜ਼ਦਿਲ ਹੋਣ ਦੇ ਠੱਪੇ ਦੀ ਘਬਰਾਹਟ ਦਰੁਸਤ ਫੈਸਲਾ ਲੈਣ ਦੇ ਰਾਹ ਦਾ ਰੋੜਾ ਬਣ ਸਕਦੀ ਹੈ। ਪਰ ਇਹਨਾਂ 'ਚੋਂ ਕਿਸੇ ਵੀ ਕਮਜ਼ੋਰੀ ਨੇ ਸ਼ਹੀਦ ਸੁਖਦੇਵ ਦੀ ਸੋਚ ਅਤੇ ਜਜ਼ਬਿਆਂ ਦਾ ਰਾਹ ਨਾ ਮੱਲਿਆ। ਵਿਅਕਤੀਗਤ ਤਸੱਲੀ ਅਤੇ ਹਓਮੈਂ ਦੀ ਕਿਸੇ ਭਾਵਨਾ ਨੇ ਇਨਕਲਾਬੀ ਕਾਜ਼ ਦੀਆਂ ਲੋੜਾਂ ਦੀ ਸਹੀ ਪਛਾਣ 'ਤੇ ਅਸਰ ਨਾ ਪਾਇਆ।

ਜਿਸ ਦਿਨ ਇਹ ਫੈਸਲਾ ਹੋਇਆ, ਉਸੇ ਰਾਤ ਸ਼ਹੀਦ ਸੁਖਦੇਵ ਆਪਣੇ ਪਿਆਰੇ ਯਾਰ ਦੇ ਅਟੱਲ ਸਦੀਵੀ ਵਿਛੋੜੇ ਦੇ ਸੱਲ ਨੂੰ ਅਗਾਊਂ ਮਹਿਸੂਸ ਕਰਕੇ ਰੱਜ ਕੇ ਰੋਇਆ। ਸੁਖਦੇਵ ਦੇ ਇਹ ਅੱਥਰੂ ਦੋਸਤੀ ਅਤੇ ਆਦਰਸ਼ ਦੇ ਸੁਮੇਲ ਦੀ ਭਾਵਨਾ ਦੇ ਮਾਣਮੱਤੇ ਸੰਜੋਗ ਦੀ ਇਤਿਹਾਸਕ ਫੁਹਾਰ ਹੋ ਨਿੱਬੜੇ। ਇਨਕਲਾਬੀ ਨੈਤਿਕਤਾ ਦੀ ਇਸ ਉਚਾਈ ਨੇ ਦਰਸਾ ਦਿੱਤਾ ਕਿ ਗਭਰੇਟ ਉਮਰ ਦੇ ਇਹ ਇਨਕਲਾਬੀ, ਜਿਹਨਾਂ ਨੂੰ ਗਾਂਧੀ ਸਿਰ ਫਿਰੇ ਅਤੇ ਛੋਹਰ ਮੱਤੇ ਕਹਿੰਦਾ ਸੀ, ਕਿਹੋ ਜਿਹੀਆਂ ਬੁਲੰਦ ਸਖਸ਼ੀਅਤਾਂ ਵਿੱਚ ਢਲ ਚੁੱਕੇ ਸਨ।

ਮਗਰੋਂ ਅਦਾਲਤੀ ਮੁਕੱਦਮੇ ਦੀ ਕਾਰਵਾਈ ਦੌਰਾਨ ਪੂਰੇ ਮੁਲਕ ਨੂੰ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਪ੍ਰਤਿਭਾ ਅਤੇ ਦਲੀਲਬਾਜ਼ੀ ਦੀ ਸਮੱਰਥਾ ਦੇ ਦੀਦਾਰ ਹੋਏ। ਇਸ ਅਮਲ ਨੇ ਸ਼ਹੀਦ ਭਗਤ ਸਿੰਘ ਦੀ ਕਾਬਲੀਅਤ ਬਾਰੇ ਸੁਖਦੇਵ ਦੇ ਜਾਇਜ਼ੇ ਨੂੰ ਅਤੇ ਉਸਦੀ ਤਜਵੀਜ ਨੂੰ ਸਹੀ ਸਾਬਤ ਕੀਤਾ। ਵੱਖਰੇ ਘਟਨਾਕਰਮ ਦੇ ਸਿੱਟੇ ਵਜੋਂ ਸੁਖਦੇਵ ਅਤੇ ਰਾਜਗੁਰੂ ਵੀ ਜਲਦੀ ਹੀ ਗ੍ਰਿਫਤਾਰ ਕਰ ਲਏ ਗਏ  ਸਨ। ਸਾਂਡਰਸ ਦੇ ਕਤਲ ਦੇ ਦੋਸ਼ ਵਿੱਚ ਤਿੰਨਾਂ 'ਤੇ ਇਕੱਠਾ ਮੁਕੱਦਮਾ ਚੱਲਿਆ ਅਤੇ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਹੋਈ। ਤਿੰਨਾਂ ਨੇ ਇੱਕੋ ਸਮੇਂ ਮਿਸਾਲੀ ਅਤੇ ਮਾਣਮੱਤੀ ਭਾਵਨਾ ਨਾਲ ਫਾਂਸੀ ਦਾ ਰੱਸਾ ਚੁੰਮਿਆ। ਇਉਂ ਸੁਖਦੇਵ ਅਤੇ ਰਾਜਗੁਰੂ ਦੀ ਖਿੜੇ ਮੱਥੇ ਕੁਰਬਾਨੀ ਨੇ ਸਾਬਤ ਕਰ ਦਿੱਤਾ ਕਿ ਭਗਤ ਸਿੰਘ ਨੂੰ ਅਸੰਬਲੀ ਵਿੱਚ ਬੰਬ ਸੁੱਟਣ ਲਈ ਭੇਜਣ ਦੀ ਤਜਵੀਜ਼ 'ਚ ਖੁਦ ਨੂੰ ਸਲਾਮਤ ਰੱਖਣ ਦੀ ਕਿਸੇ ਭਾਵਨਾ ਦਾ ਹੱਥ ਨਹੀਂ ਸੀ। ਇਨਕਲਾਬੀ ਕਾਜ਼ ਦੀਆਂ ਲੋੜਾਂ ਨੂੰ ਸਿਰਮੌਰ ਰੱਖਣ ਦੀ ਨੈਤਿਕਤਾ ਦੀ ਇਸ ਮਿਸਾਲ ਤੋਂ ਨੌਜੁਆਨ ਆਪਣੀ ਇਨਕਲਾਬੀ ਦ੍ਰਿਸ਼ਟੀ ਨੂੰ ਵਿਸ਼ਾਲ ਕਰਨ ਲਈ ਪ੍ਰੇਰਨਾ ਲੈ ਸਕਦੇ ਹਨ।


ਖੋਹ
(ਪਾਸ਼ ਦੀ ਅਣਹੋਂਦ ਦੇ ਨਾਂ)
-ਜਸਪਾਲ ਜੱਸੀ

ਰਿਹਾ ਵਕਤ ਤੁਰਦਾ
ਬੜੇ ਰੰਗ ਬਿਖਰੇ
ਰਿਹਾ ਅਦਬ ਖਿੜਦਾ
ਕਈ ਰੂਪ ਨਿੱਖਰੇ
ਅਜੇ ਵੀ ਨਜ਼ਮ
ਪਾਸ਼ ਨੂੰ ਕਹਿ ਰਹੀ ਹੈ
ਤੇਰੇ ਬਾਝੋਂ ਸੀਨੇ 'ਚ
ਖੋਹ ਪੈ ਰਹੀ ਹੈ।

ਇਹ ਪਾਤਰ ਨੂੰ, ਦੱਸੀਂ
ਕਿਵੇਂ ਇਲਮ ਹੋਇਆ?
ਤੂੰ ਹਾਣੀ ਹੋ ਮਿਲਿਆ
ਖੁਦਾ ਹੋ ਕੇ ਮੋਇਆ!
ਅਜੇ ਜਲਵਿਆਂ ਨੇ
ਸਿਖਰ ਨਹੀਂ ਸੀ ਛੋਹਿਆ

ਨਵੇਂ ਜੋਬਨੇ ਦਾ
ਸਵੇਰਾ ਸੀ ਹਾਲੇ
ਅੰਗਾਂ 'ਚ ਖਿੜਨਾ
ਦੁਪਹਿਰਾ ਸੀ ਹਾਲੇ
ਤੂੰ ਅਣਪੁੰਗਰੇ ਬੀਜਾਂ
ਸਣੇ ਅਸਤ ਹੋਇਆ
ਕੋਈ ਸ਼ਾਇਰ ਖੰਜਰਾਂ ਤੋਂ
ਛੁਪ ਛੁਪ ਕੇ ਰੋਇਆ।

ਨਾ ਪਲਕਾਂ 'ਤੇ ਲਿਆ
ਵੈਰੀਆਂ ਨੂੰ ਦਿਖਾਲ਼ੇ
ਸਨ ਅੱਥਰੂ ਲਹੂ ਦੇ
ਮੈਂ ਅੰਦਰ ਸੰਭਾਲੇ
ਖੰਜਰ ਥਿਵੇ ਤਾਂ
ਜ਼ਰਾ ਚੈਨ ਆਇਆ
ਮੈਂ ਤੀਰਾਂ ਨੂੰ ਚੁੰਮਿਆਂ
ਤੇ ਸੀਨੇ ਲਗਾਇਆ
ਮੈਂ ਤਰਕਸ਼ ਟਿਕਾਇਆ
ਤੇ ਦੁੱਖ ਨੂੰ ਜਗਾਇਆ
ਕੋਈ ਛੱਲ ਸੁੱਤੀ
ਝਨਾਂ ਹੋ ਕੇ ਉੱਠੀ
ਛਲਕ ਪੈਣ ਲਈ
ਕਰਵਟਾਂ ਲੈ ਰਹੀ ਸੀ।
ਤੇਰੇ ਬਾਝੋਂ ਸੀਨੇ 'ਚ
ਖੋਹ ਪੈ ਰਹੀ ਸੀ।

ਸੀ ਪੱਲੂ ਜਦੋਂ, ਤੇਰੀ
ਕਾਨੀ ਨੂੰ ਛੋਹਿਆ
ਮੇਰਾ ਰੱਬ ਜਾਣੇ
ਕਿ ਮੈਨੂੰ ਕੀ ਹੋਇਆ
ਤਲਖ਼ੀਆਂ ਟਹਿਕ ਪਈਆਂ
ਮੇਰਾ ਹੁਸਨ ਹੋ ਕੇ
ਮਹਾਂ-ਪਾਰਖੂ
ਦੇਖਦੇ ਦੰਗ ਹੋ ਕੇ
ਹੁਸਨ ਦੇ ਰਵਾਇਤੀ
ਪੈਮਾਨੇ ਤ੍ਰਭਕੇ
ਨਾਜ਼ਕ ਅਦਾ ਦੇ
ਦੀਵਾਨੇ ਤ੍ਰਭਕੇ
ਉਹਨਾਂ ਨੂੰ ਦਿਸੇ ਜੋ
ਮੇਰੇ ਦਾਗ ਹੋ ਕੇ
ਉਹ ਅਲਫ਼ਾਜ਼ ਲਿਸ਼ਕੇ
ਮੇਰਾ ਭਾਗ ਹੋ ਕੇ
ਉਦੋਂ ਮੇਰੇ ਅੰਦਰ
ਗਰਜ ਲਰਜ਼ਦੀ ਸੀ
ਤੇ ਬੀਬੀ ਨਫ਼ਾਸਤ
ਬਹੁਤ ਵਰਜਦੀ ਸੀ
ਉਹ ਝਰਨਾਟ ਮੁੜ ਮੁੜ
ਇਹੋ ਕਹਿ ਰਹੀ ਹੈ
ਤੇਰੇ ਬਾਝੋਂ ਸੀਨੇ 'ਚ
ਖੋਹ ਪੈ ਰਹੀ ਹੈ

ਧੂੜਾਂ 'ਚ ਲਥ-ਪਥ
ਤਿਕਾਲਾਂ ਨੂੰ ਛੋਹ ਕੇ
ਉਹ ਮੱਥੇ 'ਚ ਮੇਰੇ
ਖਿੜੇ ਚੰਨ ਹੋ ਕੇ
ਪੱਥੇ ਹੋਏ ਗੋਹੇ 'ਤੇ
ਉਂਗਲਾਂ ਉੱਕਰੀਆਂ
ਅਮਰ ਹੋਈਆਂ ਮੇਰੇ
ਸ਼ਿਲਾਲੇਖ ਹੋ ਕੇ
ਕੱਚੇ ਘਰਾਂ ਕੋਲ
ਜੋ ਰੂੜੀਆਂ ਸਨ
ਮੈਂ ਵੀਣੀਂ ਨੂੰ ਤੱਕਿਆ
ਤਾਂ ਉਹ ਚੂੜੀਆਂ ਸਨ
ਇਹ ਛਣਕਾਰ ਕਿਸ ਕਿਸ ਦਾ
ਦਿਲ ਲੈ ਰਹੀ ਹੈ
ਤੇਰੇ ਬਾਝੋਂ ਸੀਨੇ 'ਚ
ਖੋਹ ਪੈ ਰਹੀ ਹੈ।

ਤੂੰ ਸੁੱਤੀ ਨੂੰ ਆ ਕੇ
ਉਵੇਂ ਹੀ ਜਗਾ ਦੇ
ਜਜ਼ਬੇ ਦੇ ਦੁੱਧ ਨਾਲ
ਬੁੱਲ੍ਹੀਆਂ ਛੁਹਾ ਦੇ
ਵਗਦੇ ਹੋਏ ਚਾਨਣ 'ਚ
ਡੁਬਕੀ ਲੁਆ ਦੇ
ਕਾਇਆ 'ਚ ਮਿੱਟੀ ਦੀ
ਖੁਸ਼ਬੂ ਰਚਾ ਦੇ
ਤੇ ਅਣ-ਪੁੰਗਰੇ ਬੀਜਾਂ ਦਾ
ਝੋਰਾ ਮਿਟਾ ਦੇ।

ਕਲੇਜੇ 'ਚੋਂ ਉੱਠਦੇ
ਵਿਗੋਚੇ ਦੇ ਗੋਲ਼ੇ
ਤੇ ਅਣਛੋਹੀ ਅਗਨੀ
ਜ਼ਿਬ੍ਹਾ ਹੋ ਰਹੀ ਹੈ
ਤੇਰੇ ਬਾਝੋਂ ਸੀਨੇ 'ਚ
ਖੋਹ ਪੈ ਰਹੀ ਹੈ।

No comments:

Post a Comment