Showing posts with label ਲੋਕ ਮੋਰਚਾ ਪੰਜਾਬ ਵੱਲੋਂ ਖਰੀ ਆਜ਼ਾਦੀ ਤੇ ਸੱਚੀ ਜਮਹੂਰੀਅਤ. Show all posts
Showing posts with label ਲੋਕ ਮੋਰਚਾ ਪੰਜਾਬ ਵੱਲੋਂ ਖਰੀ ਆਜ਼ਾਦੀ ਤੇ ਸੱਚੀ ਜਮਹੂਰੀਅਤ. Show all posts

Wednesday, September 29, 2021

15 ਅਗਸਤ ਤੇ ਲੋਕ ਮੋਰਚਾ ਪੰਜਾਬ ਵੱਲੋਂ ਖਰੀ ਆਜ਼ਾਦੀ ਤੇ ਸੱਚੀ ਜਮਹੂਰੀਅਤ ਉਸਾਰਨ ਦੀ ਸੱਦਾ

 

15 ਅਗਸਤ ਤੇ ਲੋਕ ਮੋਰਚਾ ਪੰਜਾਬ ਵੱਲੋਂ
ਖਰੀ ਆਜ਼ਾਦੀ ਤੇ ਸੱਚੀ ਜਮਹੂਰੀਅਤ ਉਸਾਰਨ ਦੀ ਸੱਦਾ

ਲੋਕ ਮੋਰਚਾ ਪੰਜਾਬ ਵੱਲੋਂ ਸੰਘਰਸ਼ਸ਼ੀਲ ਲੋਕਾਂ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਆਪੋ ਆਪਣੇ ਸੰਘਰਸ਼ਾਂ ਨੂੰ ਹੋਰ ਪ੍ਰਚੰਡ ਕਰਦਿਆਂ ਹੋਇਆਂ ਮੁਲਕ ਅੰਦਰ ਖਰੀ ਆਜ਼ਾਦੀ ਤੇ ਸੱਚੀ ਜਮਹੂਰੀਅਤ ਉਸਾਰਨ ਦੀ ਸੱਦਾ ਦਿੰਦੀ ਹੱਥ ਲਈ ਮੁਹਿੰਮ ਤਹਿਤ ਜਿਲ੍ਹਿਆਂ ਅੰਦਰ ਵੱਡੀਆਂ ਇਕੱਤਰਤਾਵਾਂ ਕੀਤੀਆਂ ਗਈਆਂ ਹਨ।

ਅੱਜ ਸਾਮਰਾਜੀ,ਕਾਰਪੋਰੇਟੀ ਤੇ ਜਾਗੀਰੂ ਸੰਸਥਾਵਾਂ ਤੇ ਕੰਪਨੀਆਂ ਦਾ ਖੇਤੀ, ਸਨਅਤ ਤੇ ਸੇਵਾਵਾਂ ਦੇ ਖੇਤਰ ਅੰਦਰ ਦਿਨੋ ਦਿਨ ਵਧ ਰਿਹਾ ਗਲਬਾ, ਬਰਤਾਨਵੀ ਸਾਮਰਾਜ ਤੋਂ ਜਿੱਤੀਕਹੀ ਜਾਂਦੀ ਆਜ਼ਾਦੀ ਨੂੰ ਨਕਲੀ ਆਜ਼ਾਦੀ ਵਜੋਂ ਤੇਜ਼ੀ ਨਾਲ ਬੇਨਕਾਬ ਕਰ ਰਿਹਾ ਹੈ।ਇਸ ਵਾਰ ਸੰਘਰਸ਼ਸ਼ੀਲ ਹਿੱਸਿਆਂ ਵੱਲੋਂ ਮੁਲਕ ਦੇ ਹਾਕਮਾਂ ਦੁਆਰਾ 15 ਅਗਸਤ ਨੂੰ ਨਕਲੀ ਆਜ਼ਾਦੀ ਨੂੰ ਅਸਲੀ ਆਜ਼ਾਦੀ ਬਣਾਉਣ ਦੇ ਕੀਤੇ ਫਰੇਬੀ ਜਸ਼ਨਾਂਦੇ ਮੁਕਾਬਲੇ ਖਰੀ ਆਜ਼ਾਦੀ ਦੀ ਤਾਂਘ ਦੇ ਜ਼ੋਰਦਾਰ ਰੋਸ ਪ੍ਰਗਟਾਵੇ ਕੀਤੇ ਗਏ ਹਨ ਅਤੇ ਕੀਤੇ ਜਾ ਰਹੇ ਹਨ।ਜਿਥੇ ਕਿਸਾਨ ਸੰਘਰਸ਼ ਦਾ ਇਹ ਉੱਭਰਵਾਂ ਮਸਲਾ ਹੈ ਕਿ ਮੋਦੀ ਹਕੂਮਤ ਖਿਲਾਫ਼ ਉਠਿਆ ਸੰਘਰਸ਼ ਹਕੂਮਤ ਦੇ ਸਰਪ੍ਰਸਤਾਂ, ਸਾਮਰਾਜੀ ਸੰਸਥਾਵਾਂ, ਕੰਪਨੀਆਂ ਅਤੇ ਕਾਰਪੋਰੇਟ ਕੰਪਨੀਆਂ ਦੇ ਪੁਤਲੇ ਸਾੜਨ, ਕਾਰੋਬਾਰ ਘੇਰਨ ਤੱਕ ਪਹੁੰਚ ਗਿਆ ਹੈ ਅਤੇ ਇਹ ਲੋਟੂ ਕੰਪਨੀਆਂ ਲੋਕਾਂ ਦੀਆਂ ਦੁਸ਼ਮਣਾਂ ਵਜੋਂ ਲੋਕਾਂ ਦੀ ਨਫ਼ਰਤ ਦਾ ਪਾਤਰ ਬਣ ਗਈਆਂ ਹਨ।ਉਥੇ ਸੰਘਰਸ਼ਾਂ ਨਾਲ ਜੁੜੇ ਵਿਸ਼ਾਲ ਲੋਕ ਹਿੱਸਿਆਂ ਅੰਦਰ ਹਕੂਮਤਾਂ ਤੇ ਵੋਟ ਪਾਰਟੀਆਂ ਦੀ ਲੋਕਾਂ ’ਚ ਖੁਰ ਰਹੀ ਪੜਤ ਅਤੇ ਆਪਣੇ ਹੱਕਾਂ-ਹਿੱਤਾਂ ਤੇ ਸੰਘਰਸ਼ੀ ਰਾਹ ਦੀ ਵਧ ਰਹੀ ਚੇਤਨਾ ਦੇ ਇਜ਼ਹਾਰ ਪ੍ਰਗਟ ਹੋਏ ਹਨ

ਇਸ ਹਾਲਤ ਨੂੰ ਹੁੰਗਾਰਾ ਭਰਦਿਆਂ ਇਹ ਮੁਹਿੰਮ ਹੱਥ ਲਈ ਗਈ।ਇਸ ਮੁਹਿੰਮ ਰਾਹੀਂ ਖਰੀ ਆਜ਼ਾਦੀ ਦੀ ਵਿਆਖਿਆ ਕੀਤੀ ਗਈ,ਮੁਲਕ ਦੇ ਹਰ ਖੇਤਰ ਅੰਦਰ ਕੁੱਲ ਮੁਖਤਿਆਰੀ ਮੁਲਕ ਦੇ ਲੋਕਾਂ ਦੀ ਹੁੰਦੀ ਹੈ।ਨੀਤੀ ਫੈਸਲਿਆਂ ਵਿੱਚ ਆਤਮ ਨਿਰਭਰਤਾ ਹੁੰਦੀ ਹੈ।ਕਿਸੇ ਨੀਤੀ ਫੈਸਲਿਆਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਨਹੀਂ ਹੁੰਦੀ।ਤਕੜੇ ਮੁਲਕਾਂ ਵੱਲੋਂ ਮੜ੍ਹੀਆਂ ਗੈਰ ਬਰਾਬਰ ਸੰਧੀਆਂ-ਸ਼ਰਤਾਂ ਨਹੀਂ ਹੁੰਦੀਆਂ।ਦੇਸ਼ ਦੇ ਖਜ਼ਾਨੇ ਦੇਸ਼ ਦੇ ਕਿਰਤੀ ਲੋਕਾਂ ਲਈ ਰਾਖਵੇਂ ਹੁੰਦੇ ਹਨ।ਹਰ ਖੇਤਰ ਅੰਦਰ ਲੋਕਾਂ ਦੀ ਪੁੱਗਤ ਤੇ ਵੁੱਕਤ ਹੁੰਦੀ ਹੈ।ਸਾਰੇ ਅਦਾਰੇ,ਸਮੁੱਚਾ ਪ੍ਰਬੰਧ ਸਹੀ ਅਰਥਾਂ ਵਿੱਚ ਲੋਕਾਂ ਦੀ ਸੇਵਾ ਲਈ ਹੁੰਦਾ ਹੈ।ਹਰ ਥਾਂ ਸਹਿਲ ਤੇ ਸਨਮਾਨਜਨਕ ਮਾਹੌਲ ਹੁੰਦਾ ਹੈ।ਸਭਨਾਂ ਲਈ ਰੁਜ਼ਗਾਰ,ਸਿਹਤ,ਵਿਦਿਆ ਦੇ ਬਰਾਬਰ ਮੌਕੇ ਹੁੰਦੇ ਹਨ।ਹਰ ਯੋਗਤਾ ਨੂੰ ਵਿਕਾਸ ਕਰਨ ਤੇ ਖਿੜਨ ਦੇ ਅਵਸਰ ਹਾਸਲ ਹੁੰਦੇ ਹਨ।ਸਮੂਹਿਕ ਰਾਇ ਨਾਲ ਫੈਸਲੇ ਹੁੰਦੇ ਹਨ ਅਤੇ ਫੈਸਲਿਆਂ ਦਾ ਕੇਂਦਰ ਕਿਰਤੀ ਕਮਾਊ ਲੋਕਾਂ ਦੇ ਹਿੱਤ ਹੁੰਦੇ ਹਨ। ਊਚ-ਨੀਚ ਦੇ ਭੇਦਭਾਵ ਸਭ ਖਤਮ ਹੁੰਦੇ ਹਨ।ਔਰਤਾਂ, ਦਲਿਤਾਂ, ਪਛੜੇ ਭਾਈਚਾਰਿਆਂ,ਆਦਿਵਾਸੀਆਂ ਨਾਲ ਸਦੀਆਂ ਤੋਂ ਹੁੰਦੇ ਆ ਰਹੇ ਵਿਤਕਰੇ ਦਾ ਅੰਤ ਹੁੰਦਾ ਹੈ।ਸਭਨਾਂ ਲੋਕਾਂ ਨੂੰ ਇਸ ਸਮਾਜ ਅੰਦਰ ਮੁਕੰਮਲ ਬਰਾਬਰੀ ਹੁੰਦੀ ਹੈ।

ਖਰੀ ਆਜ਼ਾਦੀ ਤੇ ਸੱਚੀ ਜਮਹੂਰੀਅਤ ਉਸਾਰਨ ਸਬੰਧੀ ਇਹ ਗੱਲ ਲਿਜਾਈ ਗਈ ਕਿ ਮੁਲਕ ਦਾ ਪ੍ਰਬੰਧ ਮੁਲਕ ਦੇ ਵਸੀਲਿਆਂ, ਜ਼ਮੀਨ ਤੇ ਪੂੰਜੀ ਦੇ ਅੰਬਾਰਾਂ ਦੇ ਮਾਲਕਾਂ, ਵੱਡੇ ਜਗੀਰਦਾਰਾਂ ਤੇ ਵੱਡੇ ਪੂੰਜੀਪਤੀਆਂ ਦੀ ਮੁੱਠੀ ਵਿਚ ਹੈ।ਇਸ ਪ੍ਰਬੰਧ ਉੱਪਰ ਸਾਮਰਾਜ ਦਾ ਉਹਦੀਆਂ ਵਿਤੀ ਤੇ ਫੌਜੀ ਸੰਸਥਾਵਾਂ ਅਤੇ ਵਪਾਰਕ ਕੰਪਨੀਆਂ ਰਾਹੀਂ ਗਲਬਾ ਬਰਕਰਾਰ ਹੈ।ਹਾਕਮ ਸਿਆਸੀ ਪਾਰਟੀਆਂ ਤੇ ਹਕੂਮਤਾਂ ਇਹਨਾਂ ਦੀ ਚਾਕਰੀ ਕਰਦੀਆਂ ਹਨ।ਮੁਲਕ ਦੀ ਬਾਕੀ ਵਸੋਂ ਇਹਨਾਂ ਦੀ ਮਾਰ ਹੰਢਾ ਰਹੀ ਹੈ। ਇਹ ਮਾਰ ਹੰਢਾ ਰਹੇ ਲੋਕ, ਆਪਣੀ ਤਾਕਤ ਦਾ ਯੱਕ ਬੰਨ੍ਹਣ ਤੇ ਸੰਘਰਸ਼ ਦੇ ਰਾਹ ਪੈਣ ਅਤੇ ਸਾਮਰਾਜੀ ਤੇ ਬਹੁਕੌਮੀ ਕੰਪਨੀਆਂ ਨੂੰ ਮੁਲਕ ਵਿੱਚੋਂ ਬਾਹਰ ਕਰਨ,ਉਹਨਾਂ ਦੀ ਪੂੰਜੀ ਜ਼ਬਤ ਕਰਕੇ ਕੌਮੀ ਖਜ਼ਾਨੇ ਵਿੱਚ ਪਾਉਣ, ਸਾਮਰਾਜੀ ਸੰਧੀਆਂ ਸਮਝੌਤੇ ਰੱਦ ਕੀਤੇ ਜਾਣ ਅਤੇ ਜਗੀਰਦਾਰਾਂ ਦੀਆਂ ਜ਼ਮੀਨਾਂ ਜ਼ਬਤ ਕਰਕੇ ਬੇਜ਼ਮੀਨਿਆਂ ਤੇ ਥੁੜ ਜ਼ਮੀਨੇ ਮਜ਼ਦੂਰਾਂ ਕਿਸਾਨਾਂ ਨੂੰ ਦਿੱਤੀਆਂ ਜਾਣ ਦੇ ਰਾਹ ਤੁਰ ਕੇ ਹੀ ਖਰੀ ਆਜ਼ਾਦੀ ਤੇ ਸੱਚੀ ਜਮਹੂਰੀਅਤ ਦੀ ਉਸਾਰੀ ਹੋਣੀ ਹੈ।

ਇਸ ਮੁਹਿੰਮ ਤਹਿਤ ਮਾਲਵਾ ਪੱਟੀ ਦੇ ਜਿਲ੍ਹਿਆਂ, ਜਿਲ੍ਹਾ ਬਠਿੰਡਾ ਅੰਦਰ ਪਿੰਡ ਰਾਮਪੁਰਾ, ਮਾਈਸਰਖਾਨਾ, ਘੁੱਦਾ, ਕੋਟੜਾ ਕੌੜਾ, ਜੇਠੂਕੇ ਤੇ ਨਥਾਣਾ, ਜਿਲ੍ਹਾ ਮੁਕਤਸਰ ਅੰਦਰ ਲੰਬੀ, ਸਿੰਘੇਵਾਲਾ ਤੇ ਦੋਦਾ, ਜਿਲ੍ਹਾ ਬਰਨਾਲਾ ਅੰਦਰ ਨਿਹਾਲੂਵਾਲਾ, ਪੰਡੋਰੀ, ਗੰਗੋਹਰ, ਲਹਿਰਾ, ਧਨੌਲਾ ਤੇ ਪੰਜਗਰਾਈਂ, ਜਿਲ੍ਹਾ ਸੰਗਰੂਰ ਅੰਦਰ ਮੂਣਕ ਤੇ ਕਾਲਾਝਾੜ, ਜਿਲ੍ਹਾ ਮੋਗਾ ਅੰਦਰ ਬੱਧਨੀਂ, ਜਿਲ੍ਹਾ ਮਾਨਸਾ ਅੰਦਰ ਲੱਲੂਆਣਾ, ਜਿਲ੍ਹਾ ਫਰੀਦਕੋਟ ਅੰਦਰ ਦਬੜੀਖਾਨਾ ਵਿਖੇ ਵੀਹ ਕੁ ਮੀਟਿੰਗਾਂ ਹੋ ਸਕੀਆਂ ਹਨ।ਇਹਨਾਂ ਮੀਟਿੰਗਾਂ ਵਿਚ ਕੋਈ ਇੱਕੀ-ਬਾਈ ਸੌ ਸਰਗਰਮ ਹਾਜ਼ਰ ਹੋਏ।ਇਹ ਮੀਟਿੰਗਾਂ ਕਰਵਾਉਣ ਵਿੱਚ ਸੂਬਾ ਕਮੇਟੀ ਮੈਂਬਰਾਂ ਅਤੇ ਜਿਲ੍ਹਾ ਬਠਿੰਡਾ ਤੇ ਮੁਕਤਸਰ ਦੇ ਕਮੇਟੀ ਮੈਂਬਰਾਂ ਨੇ ਹਿੱਸਾ ਪਾਇਆ ਹੈ।