Wednesday, April 30, 2025

ਮਾਓਵਾਦੀਆਂ ਦੀ ਗੋਲੀਬੰਦੀ ਦੀ ਪੇਸ਼ਕਸ਼ ਦੇ ਦਰਮਿਆਨ, ਸੁਰੱਖਿਆ ਬਲਾਂ ਵੱਲੋਂ ਚੋਟੀ ਦੇ ਆਗੂਆਂ ਦੀਆਂ ਛੁਪਣਗਾਹ ਪਹਾੜੀਆਂ 'ਤੇ ਗੋਲੀਬਾਰੀ


 ਮਾਓਵਾਦੀਆਂ ਦੀ ਗੋਲੀਬੰਦੀ ਦੀ ਪੇਸ਼ਕਸ਼ ਦੇ ਦਰਮਿਆਨ, 

        ਸੁਰੱਖਿਆ ਬਲਾਂ ਵੱਲੋਂ ਚੋਟੀ ਦੇ ਆਗੂਆਂ ਦੀਆਂ ਛੁਪਣਗਾਹ ਪਹਾੜੀਆਂ 'ਤੇ ਗੋਲੀਬਾਰੀ                             

                                                                                                                           ਮਾਲਿਨੀ ਸੁਬਰਾਮਨੀਅਮ 

(ਇਹ ਛਤੀਸਗੜ ਅਤੇ ਤਿਲੰਗਾਨਾ ਬਾਰਡਰ ਏਰੀਏ ਤੋਂ ਇੱਕ ਜ਼ਮੀਨੀ ਰਿਪੋਰਟ, ਜਿੱਥੇ ਸਰਕਾਰ ਦੇ ਕਹੇ ਅਨੁਸਾਰ ਮਾਓਵਾਦੀ ਇਨਕਲਾਬੀਆਂ ਵਿਰੋਧੀ ਅਪਰੇਸ਼ਨ ਚੱਲ ਰਿਹਾ ਹੈ | ਜੰਗਲੀ ਖੇਤਰਾਂ ਚ ਆਦਿਵਾਸੀ ਲੋਕਾਂ ਤੇ ਲੋਕਾਂ ਦੀਆਂ ਸੰਘਰਸ਼ਸ਼ੀਲ ਸ਼ਕਤੀਆਂ ਖਿਲਾਫ ਚੱਲ ਰਹੇ ਇਸ ਹੱਲੇ ਬਾਰੇ ਪੰਜਾਬੀ ਪਾਠਕਾਂ ਤੱਕ ਬਹੁਤ ਘੱਟ ਜਾਣਕਾਰੀ ਪਹੁੰਚ ਰਹੀ ਹੈ। ਪੰਜਾਬੀ ਪਾਠਕਾਂ ਲਈ ਦੀ ਜਾਣਕਾਰੀ ਲਈ ਅਸੀਂ ਰਿਪੋਰਟ ਦਾ ਪੰਜਾਬੀ ਅਨੁਵਾਦ ਪ੍ਰਕਾਸ਼ਿਤ ਕਰ ਰਹੇ ਹਾਂ    - ਸੰਪਾਦਕ, ਸੁਰਖ਼ ਲੀਹ )


ਛੱਤੀਸਗੜ੍ਹ-ਤੇਲਨਾਗਾਨਾ ਸਰਹੱਦ ਦੇ ਨਾਲ ਲੱਗਦੀਆਂ ਪਹਾੜੀਆਂ ਵਿੱਚੋਂ ਇੱਕ, ਦੁਰਗਮਪਦ, ਜਿੱਥੇ ਇੱਕ ਵੱਡਾ ਮਾਓਵਾਦੀ ਵਿਰੋਧੀ ਆਪ੍ਰੇਸ਼ਨ ਚੱਲ ਰਿਹਾ ਹੈ।



ਪਿਛਲੇ 21 ਅਪ੍ਰੈਲ ਤੋਂ, ਘੁੰਮਦੇ ਹੈਲੀਕਾਪਟਰਾਂ, ਭਾਰੀ ਗੋਲਾਬਾਰੀ ਅਤੇ ਉੱਚੇ ਧਮਾਕਿਆਂ ਦੀ ਆਵਾਜ਼ ਨੇ ਛੱਤੀਸਗੜ੍ਹ-ਤੇਲੰਗਾਨਾ ਸਰਹੱਦ ਦੇ ਨਾਲ ਲੱਗਦੀਆਂ ਕਰੇਗੁੱਟਾ ਪਹਾੜੀਆਂ ਦੀ ਸ਼ਾਂਤੀ ਨੂੰ ਭੰਗ ਕੀਤਾ ਹੋਇਆ ਹੈ, ਜਿੱਥੇ ਕਿ ਸੰਭਾਵੀ ਤੌਰ 'ਤੇ ਭਾਰਤੀ ਸੁਰੱਖਿਆ ਬਲਾਂ ਦੁਆਰਾ ਸ਼ੁਰੂ ਕੀਤਾ ਗਿਆ ਸਭ ਤੋਂ ਵੱਡਾ ਨਕਸਲ ਵਿਰੋਧੀ ਆਪ੍ਰੇਸ਼ਨ ਚੱਲ ਰਿਹਾ ਹੈ।

ਇਹ ਸੁਰੱਖਿਆ ਆਪ੍ਰੇਸ਼ਨ ਅਜਿਹੇ ਸਮੇਂ 'ਤੇ ਆਇਆ ਹੈ ਜਦੋਂ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਓਵਾਦੀ) ਨੇ ਵਾਰ ਵਾਰ ਸ਼ਾਂਤੀ ਵਾਰਤਾ ਵਿੱਚ ਹਿੱਸਾ ਲੈਣ ਦੀ ਆਪਣੀ ਇੱਛਾ ਪ੍ਰਗਟ ਕੀਤੀ ਹੈ। 28 ਮਾਰਚ ਤੋਂ ਮਗਰੋਂ ਇਸ ਬਾਗ਼ੀ ਸਮੂਹ ਨੇ ਜੰਗਬੰਦੀ ਦੀ ਮੰਗ ਕਰਦੇ ਹੋਏ ਚਾਰ ਬਿਆਨ ਜਾਰੀ ਕੀਤੇ ਹਨ। 25 ਅਪ੍ਰੈਲ ਨੂੰ ਜਾਰੀ ਕੀਤੇ ਗਏ ਨਵੀਨਤਮ ਬਿਆਨ ਵਿੱਚ ਦੁਹਰਾਇਆ ਗਿਆ ਕਿ ਸੀ.ਪੀ.ਆਈ. (ਮਾਓਵਾਦੀ) ਦੀ ਚੋਟੀ ਦੀ ਫੈਸਲਾ ਲੈਣ ਵਾਲੀ ਸੰਸਥਾ, ਕੇਂਦਰੀ ਕਮੇਟੀ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ"ਸ਼ਾਂਤੀ ਵਾਰਤਾ ਰਾਹੀਂ ਸਮੱਸਿਆ ਦੇ ਹੱਲ ਦੀ ਸੰਭਾਵਨਾ ਦੇ ਬਾਵਜੂਦ, ਸਰਕਾਰ ਹਿੰਸਾ ਅਤੇ ਜ਼ੁਲਮ ਰਾਹੀਂ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ |” ਚੱਲ ਰਹੇ ਸੁਰੱਖਿਆ ਆਪ੍ਰੇਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਵਿੱਚ ਅੱਗੇ ਕਿਹਾ ਗਿਆ: “ਆਪ੍ਰੇਸ਼ਨ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਫੌਜਾਂ ਨੂੰ ਵਾਪਸ ਬੁਲਾਇਆ ਜਾਣਾ ਚਾਹੀਦਾ ਹੈ। ਅਸੀਂ ਸਰਕਾਰ ਨੂੰ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਕਰਨ ਦੀ ਬੇਨਤੀ ਕਰਦੇ ਹਾਂ।”

 ਦੁਰਗੰਪਦ ਪਹਾੜੀ। ਇਸ ਤੋਂ ਪਰੇ ਉਹ ਪਹਾੜੀ ਹੈ ਜਿੱਥੇ ਮਾਓਵਾਦੀ ਲੀਡਰਸ਼ਿਪ ਲੁਕੀ ਹੋਈ ਮੰਨੀ ਜਾਂਦੀ ਹੈ। ਫੋਟੋ ਕ੍ਰੈਡਿਟ ਮਾਲਿਨੀ ਸੁਬਰਾਮਨੀਅਮ

ਹਾਲਾਂਕਿ, ਸਰਕਾਰ ਨੇ ਇਸਦਾ ਜਵਾਬ ਹੋਰ ਗੋਲਾਬਾਰੀ ਨਾਲ ਦੇਣਾ ਚੁਣਿਆ ਹੈ। ਹਜ਼ਾਰਾਂ ਕੇਂਦਰੀ ਅਰਧ ਸੈਨਿਕ ਬਲਾਂ ਨੂੰ ਉਹਨਾਂ ਪਹਾੜੀਆਂ ਨੂੰ ਘੇਰਨ ਲਈ ਭੇਜਿਆ ਗਿਆ ਹੈ, ਜਿੱਥੇ ਸਰਕਾਰੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਚੋਟੀ ਦੀ ਮਾਓਵਾਦੀ ਲੀਡਰਸ਼ਿਪ ਲੁਕੀ ਹੋਈ ਹੈ।

ਆਪ੍ਰੇਸ਼ਨ ਸ਼ੁਰੂ ਹੋਣ ਤੋਂ ਦੋ ਦਿਨ ਬਾਅਦ, ਮੈਂ ਇਸਨੂੰ ਨੇੜਿਉਂ ਦੇਖਣ ਲਈ ਇਹਨਾਂ ਪਹਾੜੀਆਂ ਦੀ ਯਾਤਰਾ ਕੀਤੀ। 23 ਅਪ੍ਰੈਲ ਨੂੰ, ਤੇਲੰਗਾਨਾ ਦੇ ਪਾਲਮ ਪਿੰਡ ਦੇ ਨੇੜੇ, ਮੈਂ ਇੱਕ ਵੱਡੀ ਪਿਕ-ਅੱਪ ਵੈਨ ਦੇਖੀ ਜਿਸ ਵਿੱਚ ਪਲਾਸਟਿਕ ਦੀਆਂ ਪੀਲੀਆਂ ਸ਼ੀਟਾਂ ਵਿੱਚ ਕੁਝ ਲਪੇਟਿਆ ਹੋਇਆ ਸੀ - ਸੰਭਵ ਤੌਰ 'ਤੇ, ਮਾਓਵਾਦੀਆਂ ਦੀਆਂ ਲਾਸ਼ਾਂ। ਵੈਨ ਦੇ ਪਿੱਛੇ ਲਗਭਗ 10 ਮੋਟਰਸਾਈਕਲਾਂ 'ਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਕਰਮਚਾਰੀ ਸਨ।

ਤੇਲੰਗਾਨਾ ਦੇ ਮੁਲੁਗੂ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਨੂੰ ਫੋਨ ਕਰਨ 'ਤੇ ਮੈਨੂੰ ਕੋਈ ਜਾਣਕਾਰੀ ਨਹੀਂ ਮਿਲੀ। ਉਸਨੇ ਕਿਹਾ "ਮੈਂ ਆਪ੍ਰੇਸ਼ਨ ਬਾਰੇ ਕੁਝ ਵੀ ਸਾਂਝਾ ਨਹੀਂ ਕਰ ਸਕਦਾ ਕਿਉਂਕਿ ਇਹ ਕੇਂਦਰ ਦੁਆਰਾ ਇੱਕ ਵਿਸ਼ੇਸ਼ ਆਪ੍ਰੇਸ਼ਨ ਹੈ| ਇਸ ਵਿਚ ਰਾਜ ਦੀ ਪੁਲਿਸ ਸ਼ਾਮਲ ਨਹੀਂ ਹੈ।" ਦ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ ਆਪ੍ਰੇਸ਼ਨ ਲਈ ਲਗਭਗ 7,000 ਸੀ.ਆਰ.ਪੀ.ਐਫ. ਬਲ ਤਾਇਨਾਤ ਕੀਤੇ ਗਏ ਹਨ | ਅਧਿਕਾਰੀਆਂ ਨੇ ਇਸਨੂੰ ਉਸ ਸੁਰੱਖਿਆ ਮੁਹਿੰਮ ਦਾ ਸਿਖਰ ਦੱਸਿਆ ਜਿਸ ਤਹਿਤ ਸਰਕਾਰ ਨੇ ਪਿਛਲੇ ਸਾਲ ‘ਚ 350 ਤੋਂ ਵੱਧ ਮਾਓਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।

ਅਗਲੀ ਸਵੇਰ, ਮੈਂ ਤੇਲੰਗਾਨਾ ਤੋਂ ਇੱਕ ਪੱਤਰਕਾਰ ਦੇ ਨਾਲ, ਪਥਰੀਲੇ ਜੰਗਲੀ ਰਸਤੇ ਤੋਂ ਮੋਟਰਸਾਈਕਲ ਰਾਹੀਂ ਹੋਰ ਅੱਗੇ ਦੀ ਯਾਤਰਾ ਕੀਤੀ। ਅਸੀਂ ਛੱਤੀਸਗੜ੍ਹ ਵਿੱਚ ਸਰਹੱਦ ਪਾਰ ਕੀਤੀ ਤੇ ਲੜਾਈ ਵਾਲੇ ਖੇਤਰ ਦੇ ਜਿੰਨਾ ਨੇੜੇ ਜਾਣਾ ਸੰਭਵ ਸੀ ਉਨਾਂ ਨੇੜੇ ਪਹੁੰਚ ਗਏ।

ਗੋਲੀਬਾਰੀ ਤੇ ਤਬਾਹੀ

90 ਕਿਲੋਮੀਟਰ ਲੰਬੀਆਂ ਕਰੇਗੁੱਟਾ ਪਹਾੜੀਆਂ ਤੇਲੰਗਾਨਾ ਨੂੰ ਛੱਤੀਸਗੜ੍ਹ ਤੋਂ ਵੱਖ ਕਰਦੀਆਂ ਹਨ, ਜੋ ਤੇਲੰਗਾਨਾ ਦੇ ਭਦਰਾਦਰੀ ਕੋਠਾਗੁਡੇਮ ਜ਼ਿਲ੍ਹੇ ਦੇ ਤਾਲੀਪੇਰੂ ਤੋਂ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਤਰਲਾਗੁਡਾ ਤੱਕ ਫੈਲੀਆਂ ਹੋਈਆਂ ਹਨ।

ਛੱਤੀਸਗੜ੍ਹ ਵਾਲੇ ਪਾਸੇ, ਪਹਾੜੀ ਸ਼੍ਰੇਣੀ ਵਿੱਚ ਦੁਰਗੰਪਾਡ ਸ਼ਾਮਲ ਹੈ, ਜਿਸਨੂੰ ਦੁਰਗਾਰਾਜ ਪਹਾੜ ਵੀ ਕਿਹਾ ਜਾਂਦਾ ਹੈ, ਇਸਦੇ ਨਾਲ ਹਨ ਨੰਬੀ ਪਹਾੜੀਆਂ, ਨੀਲਾਂਪਾਡ ਅਤੇ ਕੁਝ ਹੋਰ ਪਹਾੜ। ਪਹਾੜੀਆਂ ਦੀਆਂ ਜੜ੍ਹਾਂ ਵਿੱਚ ਕੋਠਾਪੱਲੀ, ਭੀਮਾਰਾਮ, ਚਿੰਨਾ ਉਤਲਾਪੱਲੀ, ਕਸਤੂਰਪਾਡ, ਪੁਜਾਰੀ ਕੰਕਰ, ਊਸੁਰ, ਅਤੇ ਹੋਰ ਪਿੰਡ ਸਥਿਤ ਹਨ। 24 ਅਪ੍ਰੈਲ ਨੂੰ, ਤੇਲੰਗਾਨਾ ਦੇ ਆਖਰੀ ਪਿੰਡ ਕੋਠਾਗੋਪੂ ਨੂੰ ਪਾਰ ਕਰਨ ਤੋਂ ਦੋ ਘੰਟੇ ਬਾਅਦ, ਅਸੀਂ ਛੱਤੀਸਗੜ੍ਹ ਦੇ ਕੋਠਾਪੱਲੀ ਪਿੰਡ ਪਹੁੰਚੇ, ਜੋ ਦੁਰਗੰਪਾਡ ਦੇ ਪਰਛਾਵੇਂ ਹੇਠ ਸਥਿਤ ਹੈ, ਲਗਭਗ 3,000 ਫੁੱਟ ਉੱਚੀ ਇੱਕ ਢਲਾਵੀ ਪਥਰੀਲੀ ਪਹਾੜੀ ਜਿਸਦਾ ਸਿਖਰ ਸਮਤਲ ਹੈ। ਇਸ ਤੋਂ ਪਰੇ ਉਹ ਪਹਾੜੀਆਂ ਫੈਲੀਆਂ ਹੋਈਆਂ ਹਨ ਜਿਨ੍ਹਾਂ ਬਾਰੇ ਛੱਤੀਸਗੜ੍ਹ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਥੇ ਮਾਓਵਾਦੀ ਪਾਰਟੀ ਦੇ ਕਈ ਕੇਂਦਰੀ ਕਮੇਟੀ ਮੈਂਬਰ ਅਤੇ ਨਾਲ ਹੀ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਦੀ ਬਟਾਲੀਅਨ ਨੰਬਰ 1 ਦੇ 350 ਲੜਾਕੇ ਵੀ ਲੁਕੇ ਹੋਏ ਹਨ |ਇਸ ਬਟਾਲੀਅਨ ਦੀ ਅਗਵਾਈ ਮਾਡਵੀ ਹਿਡਮਾ ਕਰਦਾ ਹੈ, ਜਿਸਨੂੰ ਮਾਓਵਾਦੀਆਂ ਦੀ ਸਭ ਤੋਂ ਵਧੀਆ ਲੜਾਕੂ ਟੁਕੜੀ ਮੰਨਿਆ ਜਾਂਦਾ ਹੈ।

ਕੋਠਾਪੱਲੀ ਪਿੰਡ ਪਹੁੰਚਣ ਤੋਂ ਡੇਢ ਘੰਟੇ ਬਾਅਦ, ਲਗਭਗ 3.30 ਵਜੇ, ਕੁਛ ਦੂਰੀ 'ਤੇ ਸਾਨੂੰ ਦੋ ਹੈਲੀਕਾਪਟਰ ਦਿਖਾਈ ਦਿੱਤੇ। ਉਹਨਾਂ ਨੇ ਪਹਾੜੀਆਂ ਉੱਪਰ ਚੱਕਰ ਲਾਏ ਤੇ ਫਿਰ ਦੁਰਗੰਪਾਡ ਦੇ ਪਿੱਛੇ ਕਰੇਗੁੱਟਾ ਵੱਲ ਅਲੋਪ ਹੋ ਗਏ। ਅਗਲੇ 20-25 ਮਿੰਟਾਂ ਤੱਕ, ਅਸੀਂ ਲਗਭਗ ਲਗਾਤਾਰ ਗੋਲਾਬਾਰੀ ਦੀ ਅਵਾਜ ਸੁਣੀ। ਹੈਲੀਕਾਪਟਰਾਂ ਦੇ ਚਲੇ ਜਾਣ ਤੋਂ ਬਾਅਦ, ਇੱਕ ਭਿਆਨਕ ਚੁੱਪ ਛਾ ਗਈ। ਗੋਲਾਬਾਰੀ ਬੰਦ ਹੋ ਗਈ।

ਪਿੰਡ ਵਾਸੀਆਂ ਨੇ ਸਾਨੂੰ ਦੱਸਿਆ ਕਿ 21 ਅਪ੍ਰੈਲ ਤੋਂ ਇਹੋ ਜਿਹਾ ਹੀ ਵਰਤਾਰਾ ਚੱਲ ਰਿਹਾ ਹੈ ਜਦੋਂ ਸੁਰੱਖਿਆ ਕਰਮਚਾਰੀ ਪਹਿਲੀ ਵਾਰ ਹਜ਼ਾਰਾਂ ਦੀ ਗਿਣਤੀ ਵਿੱਚ ਪਹਾੜੀਆਂ ਦੇ ਤਲ ਵਿੱਚ ਕੈਂਪ ਲਗਾਉਣ ਆਏ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਹੈਲੀਕਾਪਟਰ ਦਿਨ ਵਿੱਚ ਚਾਰ ਵਾਰ – ਲਗਭਗ 7 ਵਜੇ, 11 ਵਜੇ, 3.30 ਵਜੇ, ਅਤੇ 6 ਵਜੇ – ਦਿਖਾਈ ਦਿੰਦੇ ਸਨ ਤੇ ਨਾਲ ਹੀ ਗੋਲੀਬਾਰੀ ਦੀ ਅਵਾਜ ਸੁਣਦੀ ਹੈ |

ਅਸੀਂ ਕੋਠਾਪੱਲੀ ਵਿੱਚ ਠਹਿਰੇ, ਜੋ ਲਗਭਗ 45 ਪਰਿਵਾਰਾਂ ਦਾ ਪਿੰਡ ਹੈ |

ਅਗਲੀ ਸ਼ਾਮ, 25 ਅਪ੍ਰੈਲ ਨੂੰ, ਦੁਰਗੰਪਾਡ ਫੇਰ ਤੋਂ ਘੇਰਾਬੰਦੀ ਹੇਠ ਜਾਪ ਰਿਹਾ ਸੀ। ਸ਼ਾਮ ਨੂੰ ਲਗਭਗ 8.30 ਵਜੇ, ਅਸੀਂ ਪਹਾੜੀ ਨੂੰ ਥੋੜੇ ਸਮੇਂ ਲਈ ਬਲਦੇ ਦੇਖਿਆ, ਜਿਸ ਤੋਂ ਬਾਅਦ ਅੰਤ ਵਿੱਚ ਉਸ ਪਾਸੇ ਧਮਾਕਿਆਂ ਦੀ ਆਵਾਜ਼ ਆਈ, ਜਿੱਥੇ ਭੀਮਾਰਾਮ ਪਿੰਡ ਸਥਿਤ ਹੈ। ਗੋਲਾਬਾਰੀ ਲਗਾਤਾਰ ਚੱਲ ਰਹੀ ਸੀ ਅਤੇ ਇਹ ਰਾਤ 11 ਵਜੇ ਤੱਕ ਲਗਭਗ ਢਾਈ ਘੰਟੇ ਚੱਲੀ । ਥੋੜ੍ਹੇ-ਥੋੜ੍ਹੇ ਅੰਤਰਾਲਾਂ 'ਤੇ ਕਈ ਧਮਾਕੇ ਹੋਏ, ਅਤੇ ਅਸੀਂ ਦੁਰਗੰਪਾਡ ਦੇ ਕਿਨਾਰੇ 'ਤੇ ਇੱਕ ਧਮਾਕਾ ਹੁੰਦਾ ਦੇਖਿਆ, ਜਿਹੜਾ ਕਿ ਮਿਜ਼ਾਇਲ ਧਮਾਕੇ ਵਾਂਗ ਲੱਗ ਰਿਹਾ ਸੀ, ਜਿਸ ਵਿੱਚ ਅੱਗ ਕੁਝ ਸਕਿੰਟਾਂ ਲਈ ਭੜਕੀ ਅਤੇ ਫਿਰ ਬੁਝ ਗਈ।

ਗੋਲਾਬਾਰੀ ਖਤਮ ਹੋਣ ਤੋਂ ਬਾਅਦ, ਪਹਾੜੀਆਂ ਤੇ ਫੇਰ ਚੁੱਪ ਵਰਤ ਗਈ ਸਿਵਾਏ ਡਰੋਨਾਂ ਦੀ ਹਲਕੀ ਆਵਾਜ਼ ਦੇ, ਜੋ ਸਾਰੀ ਰਾਤ ਸੁਣਾਈ ਦਿੰਦੀ ਰਹੀ। ਅਸੀਂ 26 ਅਪ੍ਰੈਲ ਨੂੰ ਸਵੇਰੇ 3.40 ਵਜੇ ਦੇ ਕਰੀਬ ਆਖਰੀ ਡਰੋਨ ਦੇਖਿਆ।

ਸੂਰਜ ਚੜ੍ਹਨ ਤੋਂ ਪਹਿਲਾਂ ਹੀ ਗੋਲਾਬਾਰੀ ਦੁਬਾਰਾ ਸ਼ੁਰੂ ਹੋ ਗਈ। ਸਵੇਰੇ 5.25 ਤੋਂ 7.10 ਵਜੇ ਦੇ ਵਿਚਕਾਰ, ਅਸੀਂ 2 ਤੋਂ 5 ਮਿੰਟ ਦੇ ਵਕਫੇ 'ਤੇ ਕਈ ਧਮਾਕੇ ਸੁਣੇ। ਸਵੇਰੇ 7.30 ਵਜੇ ਦੇ ਕਰੀਬ ਦੋ ਹੈਲੀਕਾਪਟਰ ਦਿਖਾਈ ਦਿੱਤੇ, ਜੋ ਪਾਮੇਡ ਖੇਤਰ ਤੋਂ ਆਉਂਦੇ ਜਾਪਦੇ ਸਨ। ਇੱਕ ਵਾਰ ਫਿਰ, ਭਾਰੀ ਗੋਲੀਬਾਰੀ ਦੀਆਂ ਆਵਾਜ਼ਾਂ ਆਈਆਂ, ਤੇ ਉਦੋਂ ਤੱਕ ਆਉਂਦੀਆਂ ਰਹੀਆਂ ਜਦੋਂ ਤੱਕ ਉਹ ਲਗਭਗ 25 ਮਿੰਟ ਬਾਅਦ ਉਹ ਚਲੇ ਨਹੀਂ ਗਏ।

ਪਿੰਡ ਵਾਸੀਆਂ ਨੇ ਕੀ ਕਿਹਾ

ਅਗਲੀ ਸਵੇਰ, ਕੋਠਾਪੱਲੀ ਦੇ ਵਸਨੀਕ ਇਕੱਠੇ ਹੋ ਗਏ, ਕੁਝ ਪਿੰਡ ਦੇ ਖੂਹ ਦੇ ਨੇੜੇ, ਕੁਝ ਹੈਂਡਪੰਪ ਦੇ ਨੇੜੇ, ਜਦੋਂ ਕਿ ਕੁਝ ਇਮਲੀ ਦੇ ਦਰਖਤਾਂ ਹੇਠ ਖੜ੍ਹੇ ਸਨ। ਉਹ ਫ਼ਿਕਰਮੰਦ ਜਾਪ ਰਹੇ ਸਨ। "ਅਸੀਂ ਕੀ ਕਰ ਸਕਦੇ ਹਾਂ?" ਇੱਕ ਬਜ਼ੁਰਗ ਨੇ ਕਿਹਾ। "ਅਸੀਂ ਕਿਤੇ ਵੀ ਨਹੀਂ ਜਾ ਸਕਦੇ।"

ਪਿੰਡ ਵਾਸੀਆਂ ਨੇ ਸੁਕਾਉਣ ਲਈ ਮਹੂਆ ਦੇ ਫੁੱਲਾਂ ਦਾ ਥੋੜ੍ਹਾ ਜਿਹਾ ਢੇਰ ਇਕੱਠਾ ਕੀਤਾ ਹੋਇਆ ਸੀ। "ਇਸ ਮੌਸਮ ਵਿੱਚ ਮੈਂ ਸਿਰਫ ਇੰਨਾ ਹੀ ਇਕੱਠਾ ਕਰ ਸਕੀ ਹਾਂ," ਇੱਕ ਔਰਤ ਨੇ ਕਿਹਾ ਜਿਸਦਾ ਘਰ ਪਹਾੜੀ ਦੇ ਸਾਹਮਣੇ ਸੀ।

ਸੁਰੱਖਿਆ ਆਪ੍ਰੇਸ਼ਨ ਅਜਿਹੇ ਸਮੇਂ ਚੱਲ ਰਿਹਾ ਹੈ ਜੋ ਆਦਿਵਾਸੀਆਂ ਲਈ ਆਰਥਿਕ ਤੌਰ 'ਤੇ ਕਾਫੀ ਨਾਜੁਕ ਸਮਾਂ ਹੁੰਦਾ ਹੈ, ਜਦੋਂ ਪਿੰਡਾਂ ਦੇ ਲੋਕ ਮਹੂਆ ਦੇ ਫੁੱਲ ਅਤੇ ਤੇਂਦੂ ਪੱਤੇ ਵਰਗੀਆਂ ਜੰਗਲੀ ਉਪਜਾਂ ਇਕੱਠੀਆਂ ਕਰਦੇ ਹਨ। "ਇਸ ਸਾਲ ਅਸੀਂ ਚੰਗੀ ਫਸਲ ਦੇ ਬਾਵਜੂਦ ਮਹੂਆ ਦੇ ਫੁੱਲ ਇਕੱਠੇ ਨਹੀਂ ਕਰ ਸਕੇ," ਨੇੜਲੇ ਲਕਸ਼ਮੀਪੁਰਮ ਪਿੰਡ ਦੇ ਇੱਕ ਬਜ਼ੁਰਗ ਸੂਰਿਆ ਨੇ ਕਿਹਾ। ਉਸਨੇ ਅੱਗੇ ਕਿਹਾ ਕਿ ਅਗਲੇ ਪੰਜ ਦਿਨਾਂ ਵਿੱਚ, ਤੇਂਦੂ ਪੱਤੇ ਤੋੜਨ ਦਾ ਸਮਾਂ ਆ ਜਾਵੇਗਾ। ਉਸਨੇ ਉਮੀਦ ਪ੍ਰਗਟਾਈ ਕਿ ਜੋ ਕੁਝ ਵੀ ਪਹਾੜੀਆਂ 'ਤੇ ਹੋ ਰਿਹਾ ਹੈ, ਉਹ ਜਲਦੀ ਹੀ ਖਤਮ ਹੋ ਜਾਵੇਗਾ। ਉਸਨੇ ਕਿਹਾ "ਮੈਨੂੰ ਜੰਗਲ ਅਵਾਜਾਂ ਮਾਰਦਾ ਹੈ |”

ਜਦੋਂ ਅਸੀਂ ਭੀਮਾਰਾਮ ਪਿੰਡ ਵੱਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਤਾਂ ਸੁਰੱਖਿਆ ਕਰਮਚਾਰੀਆਂ ਨੇ ਸਾਨੂੰ ਰੋਕ ਲਿਆ, ਜੋ ਝਾੜੀਆਂ ਵਿੱਚੋਂ ਬਾਹਰ ਆਏ, ਤੇ ਸਾਨੂੰ ਵਾਪਸ ਜਾਣ ਲਈ ਕਿਹਾ। ਇੱਕ ਕਮਾਂਡੈਂਟ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਇਲਾਕਾ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇੱਕ ਵੱਡਾ ਸੁਰੱਖਿਆ ਆਪ੍ਰੇਸ਼ਨ ਚੱਲ ਰਿਹਾ ਸੀ। ਉਸਨੇ ਕਿਹਾ ਕਿ ਇਹ ਦੱਸਣਾ ਸੰਭਵ ਨਹੀਂ ਹੈ ਕਿ ਆਪ੍ਰੇਸ਼ਨ ਕਿੰਨਾ ਸਮਾਂ ਚੱਲੇਗਾ। "ਸਾਨੂੰ ਸਾਡੇ ਹੁਕਮ ਦਿੱਲੀ ਤੋਂ ਮਿਲਦੇ ਹਨ," ਉਸਨੇ ਕਿਹਾ।

ਪਹਾੜੀਆਂ ਦੇ ਵੱਡੇ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਕਈ ਟੋਲੀਆਂ ਵਿੱਚ ਤਾਇਨਾਤ ਕੀਤੇ ਗਏ ਹਨ। "ਅਸੀਂ ਸਹੀ ਗਿਣਤੀ ਦਾ ਖੁਲਾਸਾ ਨਹੀਂ ਕਰ ਸਕਦੇ, ਪਰ ਅਸੀਂ ਪਿਛਲੇ ਚਾਰ ਦਿਨਾਂ ਤੋਂ ਇੱਥੇ ਵੱਡੀ ਗਿਣਤੀ ਵਿੱਚ ਹਾਂ", ਇੱਕ ਸੀ.ਆਰ.ਪੀ.ਐਫ. ਜਵਾਨ ਨੇ ਕਿਹਾ।

ਵਧਦਾ ਤਾਪਮਾਨ

26 ਅਪ੍ਰੈਲ ਤੱਕ, ਕੋਠਾਪੱਲੀ ਵਿੱਚ ਤਾਪਮਾਨ 42 ਡਿਗਰੀ ਸੈਲਸੀਅਸ ਨੂੰ ਛੂਹ ਰਿਹਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਸੁੱਕੀਆਂ ਪਥਰੀਲੀਆਂ ਪਹਾੜੀਆਂ 'ਤੇ ਤਾਪਮਾਨ ਕਈ ਡਿਗਰੀ ਜ਼ਿਆਦਾ ਹੋਵੇਗਾ।

ਉਸ ਦਿਨ, ਕਈ ਸੀ.ਆਰ.ਪੀ.ਐਫ. ਜਵਾਨ ਸੂਰਜੀ-ਊਰਜਾ ਨਾਲ ਚੱਲਣ ਵਾਲੇ ਨਲਕੇ ਤੋਂ ਪਾਣੀ ਲੈਣ ਲਈ ਪਿੰਡ ਵਿੱਚ ਆਏ। ਪਿੰਡ ਵਿੱਚ ਤਿੰਨ ਅਜਿਹੇ ਨਲਕੇ ਹਨ, ਜੋ ਚੌਵੀ ਘੰਟੇ ਪਾਣੀ ਦੀ ਸਪਲਾਈ ਕਰਦੇ ਹਨ। ਜਦੋਂ ਅਸੀਂ ਤੇਲੰਗਾਨਾ ਦੇ ਸਰਹੱਦੀ ਕਸਬੇ ਵੈਂਕਟਾਪੁਰਮ ਵੱਲ ਵਾਪਸ ਜਾ ਰਹੇ ਸੀ, ਤਾਂ ਅਸੀਂ ਸੜਕ ਰਾਹੀਂ ਪਾਣੀ ਦੀਆਂ ਬੋਤਲਾਂ ਨਾਲ ਭਰੇ ਟਰੱਕਾਂ ਨੂੰ ਜਾਂਦਾ ਦੇਖਿਆ। ਵੈਂਕਟਾਪੁਰਮ ਅਤੇ ਭਦਰਾਚਲਮ ਵਿੱਚ ਪਾਣੀ ਦੀ ਕਮੀ ਕਾਰਨ ਜਵਾਨਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਬਾਰੇ ਵੀ ਕਈ ਖ਼ਬਰਾਂ ਆਈਆਂ ਹਨ।

ਵੈਂਕਟਾਪੁਰਮ ਕਮਿਊਨਿਟੀ ਹੈਲਥ ਸੈਂਟਰ, ਜੋਕਿ ਇੱਕ 30 ਬਿਸਤਰਿਆਂ ਵਾਲਾ ਹਸਪਤਾਲ ਹੈ, ਉਸਦੇ ਅੱਠ ਬਿਸਤਰੇ ਜਵਾਨਾਂ ਦੁਆਰਾ ਮੱਲੇ ਹੋਏ ਸਨ। ਜਵਾਨਾਂ ਦੀ ਸਿਹਤ ਦੀ ਨਿਗਰਾਨੀ ਲਈ ਤਾਇਨਾਤ ਇੱਕ ਸੀ.ਆਰ.ਪੀ.ਐਫ. ਦੇ ਡਾਕਟਰ ਨੇ ਦੱਸਿਆ ਕਿ ਕੁਝ ਵੀ ਗੰਭੀਰ ਨਹੀਂ ਸੀ – ਸਿਰਫ ਪਾਣੀ ਦੀ ਕਮੀ ਦੇ ਕੁਝ ਮਾਮਲੇ ਹਨ ਜਾਂ ਬੈਗਾਂ ਨਾਲ ਲੰਮਾ ਸਮਾਂ ਤੁਰਨ ਕਾਰਨ ਮੋਢਿਆਂ 'ਤੇ ਖਾਰਸ਼, ਅਤੇ ਪੇਟ ਦੀਆਂ ਸਮੱਸਿਆਵਾਂ।

ਪੰਜ ਦਿਨਾਂ ਦੇ ਆਪ੍ਰੇਸ਼ਨ ਦੇ ਅੰਤ ਵਿੱਚ, ਛੱਤੀਸਗੜ੍ਹ ਪੁਲਿਸ ਨੇ ਤਿੰਨ ਮਹਿਲਾ ਮਾਓਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ। 28 ਅਪ੍ਰੈਲ ਨੂੰ, ਉਨ੍ਹਾਂ ਦੀ ਪਛਾਣ ਬਟਾਲੀਅਨ ਨੰਬਰ 1 ਦੇ ਮੈਂਬਰਾਂ ਵਜੋਂ ਹੋਈ, ਜਿਨ੍ਹਾਂ 'ਤੇ 8 ਲੱਖ ਰੁਪਏ ਦਾ ਇਨਾਮ ਸੀ।

ਬਿੱਲਾ ਤਰੁਣ ਕੁਮਾਰ ਦੀ ਰਿਪੋਰਟਿੰਗ ਦੀ ਸਹਾਇਤਾ ਨਾਲ।

( "ਸਕਰੌਲ ਇਨ" ਦੀ ਰਿਪੋਰਟ ਦਾ ਸੁਰਖ਼ ਲੀਹ ਪੱਤਰਕਾਰ ਵੱਲੋਂ ਪੰਜਾਬੀ ਅਨੁਵਾਦ )

No comments:

Post a Comment