"ਨਿਜ਼ਾਮ" ਦੀ "ਸੂਲ਼ੀ"
-ਜਸਪਾਲ ਜੱਸੀ
"ਯਾਰੋ ਐਸਾ ਕਿਤੇ ਨਿਜ਼ਾਮ ਨਹੀਂ
ਜਿਸ 'ਚ ਸੂਲੀ ਦਾ ਇੰਤਜ਼ਾਮ ਨਹੀਂ "
ਸੁਰਜੀਤ ਪਾਤਰ ਦਾ ਇਹ ਸ਼ੇਅਰ ਜਬਰ ਜੁਲਮ ਤੋਂ ਰਹਿਤ ਭਾਈਚਾਰਕ ਮਨੁੱਖੀ ਸੰਸਾਰ ਦੀ ਤਾਂਘ ਨੂੰ ਪ੍ਰਗਟ ਕਰਦਾ ਹੈ | ਅਜਿਹਾ ਸੰਸਾਰ ਮਹਾਨ ਸਮਾਜ ਸੁਧਾਰਕਾਂ ਦਾ ਸੁਪਨਾ ਰਿਹਾ ਹੈ| ਕਾਰਲ ਮਾਰਕਸ ਨੇ ਇਸ "ਸੁਪਨੇ" ਦੇ ਸਾਕਾਰ ਹੋਣ ਦੇ ਵਿਗਿਆਨਕ ਆਧਾਰ ਅਤੇ ਰਾਹ ਦੀ ਨਿਸ਼ਾਨਦੇਹੀ ਕੀਤੀ |
ਹਥਿਆਰਬੰਦ ਇਨਕਲਾਬ ਅਤੇ ਇਨਕਲਾਬੀ ਜਮਾਤੀ ਤਾਨਾਸ਼ਾਹੀ ਨੂੰ ਅਜਿਹੇ ਹਿੰਸਾ ਰਹਿਤ ਸਮਾਜ ਦੀਆਂ ਲਾਜ਼ਮੀ ਜੰਮਣ ਪੀੜਾਂ ਵਜੋਂ ਮਾਨਤਾ ਦਿੱਤੀ ਗਈ |
" ਸੂਲੀ "ਰਹਿਤ ਸਮਾਜ ਦੀ ਸੁਭਾਵਕ ਮਨੁੱਖੀ ਇੱਛਾ ਨੂੰ ਮਾਰਕਸਵਾਦੀਆਂ ਨੇ ਕਦੇ ਵੀ ਆਪਣੇ ਆਪ 'ਚ ਹੀ ਨਕਾਰਨ ਯੋਗ ਇੱਛਾ ਨਹੀਂ ਸਮਝਿਆ | ਹੱਕੀ ਇਨਕਲਾਬੀ ਹਿੰਸਾ ਨੂੰ ਲਾਜ਼ਮੀ ਅਤੇ ਜਾਇਜ਼ ਠਹਿਰਾਉਂਦਿਆਂ ਵੀ ਉਹਨਾਂ ਨੇ ਕਦੇ ਇਸਨੂੰ ਸੁਭਾਵਿਕ ਮਨੁੱਖੀ ਪ੍ਰਵਿਰਤੀ ਵਜੋਂ ਨਹੀਂ ਉਚਿਆਇਆ | ਸ਼ਹੀਦ ਭਗਤ ਸਿੰਘ ਦੇ ਕਥਨਾ, ਪਾਸ਼ ਦੀਆਂ ਲਿਖਤਾਂ ਅਤੇ ਗੋਰਕੀ ਦੇ ਸਾਹਿਤ 'ਚ ਇਸੇ ਖਿਆਲ ਅਤੇ ਜਜ਼ਬੇ ਦੀ ਰੌਸ਼ਨੀ ਹੈ |
ਪਾਤਰ ਦੀਆਂ ਉਪਰੋਕਤ ਸਤਰਾਂ ਮੂਲ ਰੂਪ 'ਚ ਅਜੋਕੇ ਸੰਸਾਰ ਨਿਜ਼ਾਮ ਦੀ "ਸੂਲੀ " ਦੀ ਗੱਲ ਕਰਦੀਆਂ ਹਨ ਅਤੇ ਇਸ ਨਿਜ਼ਾਮ ਤੋਂ ਅਸੰਤੁਸ਼ਟਤਾ ਜ਼ਾਹਰ ਕਰਦੀਆਂ ਹਨ |
ਉਸਦੀ ਸਮੁੱਚੀ ਕਵਿਤਾ ਨੂੰ ਵਾਚਿਆਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਨਵੇਂ ਸਮਾਜ ਦੀ ਅਮਨ ਪੂਰਬਕ ਸਿਰਜਣਾ ਦੀ ਖੁਸ਼ ਫਹਿਮੀ ਦਾ ਸੰਚਾਰ ਨਹੀਂ ਕਰਦੀ | ਇਹ ਮਨੁੱਖੀ
ਸਮਾਜ ਦੀ ਬਹਾਰ ਦੀ "ਹਿੰਸਕ " ਆਮਦ ਨੂੰ ਸੁਆਗਤੀ ਲਹਿਜੇ 'ਚ ਪੇਸ਼ ਕਰਦੀ ਹੈ," ਤੀਰ " ਨੂੰ ਤਿਹਾਏ ਦੇ ਨੀਰ ਵਜੋਂ ਮਾਨਤਾ ਦਿੰਦੀ ਹੈ |ਸਮਾਜਿਕ ਤਬਦੀਲੀਆਂ ਦੇ ਦੌਰਾਂ ' ਚ "ਕੇਵਲ ਸ਼ਮਸ਼ੀਰ " ਰਾਹੀਂ ਇਤਿਹਾਸ ਲਿਖੇ ਜਾਣ ਦੀ ਗੱਲ ਕਰਦੀ ਹੈ | "ਤੇਗ ਦੀ ਧਾਰ " ਤੋਂ ਸਦਕੇ ਜਾਣ ਅਤੇ ਇਸਨੂੰ "ਸਾਂਭਕੇ "ਅਤੇ "ਲਿਸ਼ਕਾ" ਕੇ ਰੱਖਣ ਨੂੰ ਕਹਿੰਦੀ ਹੈ |ਇਥੋਂ ਤੱਕ ਕਿ "ਹਿੰਸਾ " ਨੂੰ ਕਾਵਿਕ ਕਹਿਣ ਤੱਕ ਜਾਂਦੀ ਹੈ ਅਤੇ ਜੰਗਲ 'ਚ ਗੁਰੀਲੇ ਦੇ ਫਾਇਰਾਂ ਦੀ ਆਵਾਜ਼ ਨੂੰ "ਖੂਬਸੂਰਤ ਸ਼ੇਅਰਾਂ " ਵਾਂਗ ਸੁਣਨਾ ਚਾਹੁੰਦੀ ਹੈ |
" ਸੂਲੀ" ਹਿੰਸਾ ਦੀ ਹੀ ਰਾਜਕੀ ਸ਼ਕਲ ਹੈ | ਇਨਕਲਾਬ ਲਈ ਬਹੁਗਿਣਤੀ ਦੀ ਹੱਕੀ ਹਿੰਸਾ ਅਤੇ ਇਨਕਲਾਬੀ ਰਾਜ ਦੀ "ਸੂਲੀ " ਦਾ ਤਨ ਗੁੰਦਵਾਂ ਰਿਸ਼ਤਾ ਹੈ | ਹੱਕੀ ਮਨੋਰਥ ਲਈ "ਤੀਰ," "ਸ਼ਮਸ਼ੀਰ ਅਤੇ "ਹਿੰਸਾ" ਦੀ ਵਰਤੋਂ ਦਾ ਜਸ ਗਾਉਂਦੀ ਕਵਿਤਾ ਨੂੰ ਸਹਿਜੇ ਹੀ ਇਨਕਲਾਬੀ ਨਜ਼ਾਮ ਦੀ "ਸੂਲੀ " ਦੇ ਨਿਖੇਧ ਦੀ ਕਵਿਤਾ ਨਹੀਂ ਗਰਦਾਨਿ ਆਂ ਜਾ ਸਕਦਾ | "ਵਿਸ਼ਲੇਸ਼ਣ " ਦਾ ਰੋਲ ਓਪਰੀ ਨਜ਼ਰ ਦੇ ਪ੍ਰਭਾਵਾਂ 'ਤੇ ਕੋਕੇ ਜੜਨਾ ਨਹੀਂ ਹੁੰਦਾ, ਇਨ੍ਹਾਂ ਦੇ ਓਹਲੇ ਤੋਂ ਪਾਰ ਜਾ ਕੇ ਹਕੀਕਤ ਤੱਕ ਪੁੱਜਣਾ ਹੁੰਦਾ ਹੈ |
ਜੇ ਪਾਤਰ ਦੀ ਕਵਿਤਾ ਦੀ ਡੰਡੀ ਲੋਕਾਂ ਦੇ ਜਮਾਤੀ ਰਾਜ ਦੀਹੱਕੀ ਹਿੰਸਾ ਦੇ ਵਿਰੋਧ ਦੇ ਰਾਹ ਜਾਂਦੀ ਸਾਬਤ ਨਹੀਂ ਹੁੰਦੀ ਤਾਂ ਉਪਰੋਕਤ ਸਤਰਾਂ ਦੇ ਹੋਰਨਾ ਸੰਭਵ ਅਰਥਾਂ ਦੀ ਟੋਹ ਲਾਉਣੀ ਬਣਦੀ ਹੈ | ਪਹਿਲਾ ਅਤੇ ਸਭ ਤੋਂ ਕੁਦਰਤੀ ਸੰਭਾਵਤ ਅਰਥ ਲੋਕ ਦੁਸ਼ਮਣ ਦਮਨਕਾਰੀ ਜਮਾਤੀ ਨਜ਼ਾਮ ਦੀ ਸੰਸਾਰ ਵਿਆਪਕਤਾ ਵੱਲ ਅਲੰਕਾਰਕ ਸੰਕੇਤ ਹੈ | ਇਹ ਸੰਭਾਵਨਾ "ਕਿਤੇ" ਸ਼ਬਦ ਦੀ ਅਤਿ ਕਥਨੀ ਅਲੰਕਾਰਕ ਵਰਤੋਂ ਨਾਲ ਜੁੜਕੇ ਬਣਦੀ ਹੈ | ਦੂਜੀ ਸੰਭਾਵਨਾ ਹਿੰਸਾ ਰਹਿਤ ਸਮਾਜ ਦੀ ਮਨੁੱਖੀ ਤਾਂਘ ਦਾ ਸੁਭਾਵਕ ਪ੍ਰਗਟਾਵਾ ਹੋ ਸਕਦੀ ਹੈ ਜੋ ਬਿਨਾਕਿਸੇ ਠੋਸ ਪ੍ਰਸੰਗ ਦੇ ਇਨਕਲਾਬੀਆਂ ਦੇ ਉਦੇਸ਼ ਨਾਲ ਨਹੀਂ ਟਕਰਾਉਂਦੀ | ਤੀਜੀ ਸੰਭਾਵਨਾ ਸੋਵੀਅਤ ਯੂਨੀਅਨ ਅਤੇ ਚੀਨ ਅੰਦਰਲੇ ਗੁੰਝਲਦਾਰ ਵਰਤਾਰਿਆਂ ਸਬੰਧੀ ਅਸੰਤੁਸ਼ਟਤਾ ਦੇ ਅੰਸ਼ਾਂ ਦਾ ਰਲਾਅ ਹੋ ਸਕਦਾ ਹੈ | ਪਰ ਇਸਨੂੰ ਇਨ੍ਹਾਂ ਮੁਲਕਾਂ ਦੇ ਬੀਤੇ ਦੇ ਸਮਾਜਵਾਦੀ ਨਜ਼ਾਮਾਂ ਦੀ ਪੂੰਜੀਵਾਦੀ ਨਜ਼ਾਮਾਂ ਨਾਲ ਸਾਵੀਂ ਸਿਫਤੀ ਨਿੰਦਾ ਸਮਝਣ ਦਾ ਅਧਾਰ ਨਹੀਂ ਹੈ | ਇਓਂ ਸੋਚਣ ਦਾ ਮਤਲਬ ਸੁਰਜੀਤ ਪਾਤਰ ਦੀ ਕਵਿਤਾ ਦੀ "ਮੇਰਾ ਦਿਲ ਖੱਬੇ ਪਾਸੇ ਇਸ ਵਿਚ ਸ਼ੱਕ ਰਤਾ ਨਾ " ਦੀ ਭਾਵਨਾ ਨੂੰ ਨਕਾਰਨਾ ਹੈ |
ਆਖਰ ' ਚ "ਘਚੋਲੇ ਦੀ ਗੇਂਦ" ਲਿਖਤ 'ਚ ਪਹਿਲਾਂ ਕਹੀ ਜਾ ਚੁੱਕੀ ਇਹ ਗੱਲ ਦੁਹਰਾਉਣੀ ਵੀ ਅਹਿਮ ਹੈ ਕਿ ਇਸ ਸ਼ੇਅਰ ਦੇ ਅਰਥਾਂ ਬਾਰੇ ਵਖਰੇਵਿਆਂ ਦੇ ਬਾਵਜੂਦ ਕਿਸੇ ਲੇਖਕ ਦੀ ਰਚਨਾ ਨੂੰ ਸਮੁੱਚਤਾ 'ਚ ਅੰਗਣ ਦਾ ਮਹੱਤਵ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ |
No comments:
Post a Comment