Monday, October 21, 2024

ਸੰਵਾਦ ਗੰਭੀਰਤਾ ਮੰਗਦਾ ਹੈ

 ਸੰਵਾਦ ਗੰਭੀਰਤਾ ਮੰਗਦਾ ਹੈ

           

                                                                                                                                        -ਜਸਪਾਲ ਜੱਸੀ 


 ਸੁਰਜੀਤ ਪਾਤਰ ਦੀ ਕਵਿਤਾ ਬਾਰੇ ਗੰਭੀਰ ਸੰਵਾਦ ਦਾ ਸਵਾਗਤ ਹੋਣਾ ਚਾਹੀਦਾ ਹੈ | ਗੰਭੀਰ ਸੰਵਾਦ ਲਈ ਪਾਤਰ ਦੀ ਕਵਿਤਾ ਬਾਰੇ ਮੁਢਲੀ ਜਾਣਕਾਰੀ ਜਰੂਰੀ ਹੈ | ਲੋੜ ਜੋਗਾ ਅਧਿਐਨ ਵੀ ਜਰੂਰੀ ਹੈ ਇਸ ਅਧਿਐਨ ਦਾ ਠੋਸ ਹੋਣਾ ਹੋਰ ਵੀ ਜਰੂਰੀ ਹੈ |

ਨਹੀਂ ਤਾਂ ਬਹਿਸ ਨੂੰ ਅਲ- ਪੱਟਲਤਾ ਦਾ ਰੋਗ ਲੱਗ ਜਾਂਦਾ ਹੈ | ਇਹ ਰੋਗ ਅਜੀਬ ਨਿਰਨਿਆਂ ਤੇ ਫਤਵਿ ਆਂ ਦੀ ਨੁਮਾਇਸ਼ ਲਾਉਂਦਾ ਹੈ | ਜ਼ਰਾ ਦਰਸ਼ਨ ਕਰੋ!

 

   ਪਹਿਲਾ ਨਿਰਣਾ ਹੈ ਕਿ ਸੁਰਜੀਤ ਪਾਤਰ ਮੁੱਖ ਤੌਰ ਤੇ ਪਿਆਰ ਦਾ ਕਵੀ ਹੈ | ਇਹ ਆਵਾਜ਼ ਪ੍ਰਭਾਵੀ ਗਿਆਨ ਦੀ ਆਵਾਜ਼ ਹੈ | ਗਿਆਨ ਦੇ ਬਚਪਨ ਦੀ ਆਵਾਜ਼ ਹੈ | ਇਸ ਪ੍ਰਭਾਵੀ ਗਿਆਨ ਤੋਂ ਪਾਤਰ ਦੀ ਕਵਿਤਾ ਬਾਰੇ ਤਰਕਸ਼ੀਲ ਗਿਆਨ ਤੱਕ ਜਾਣ ਲਈ ਲੋੜੀਦੀ ਮਿਹਨਤ ਜਰੂਰੀ ਹੈ |


        ਪਾਤਰ ਪਿਆਰ ਦਾ ਕਵੀ ਨਹੀਂ ਹੈ| "ਮੁਖ ਤੌਰ ਤੇ" ਦੀ ਤਾਂ ਗੱਲ ਹੀ ਛੱਡੋ | ਅਸੀਂ ਪਾਤਰ ਦੀਆਂ 63 ਕਵਿਤਾਵਾਂ ਸਮੁੱਚੀ ਕਵਿਤਾ ਚੋਂ ਛਾਂਟ ਕੇ ਛਾਪੀਆਂ ਹਨ | ਅਸੀਂ ਕਵਿਤਾਵਾਂ ਇਹ ਸੋਚ ਕੇ ਨਹੀਂ ਛਾਂਟੀਆਂ ਕਿ ਪਿਆਰ ਕਵਿਤਾਵਾਂ ਤਾਂ ਲਾਂਭੇ ਰੱਖਣੀਆਂ ਹਨ | ਇਸ ਸੰਗ੍ਰਹਿ ਚ ਲੈ ਦੇ ਕੇ ਇੱਕ ਕਵਿਤਾ ਹੈ( " ਮੈਂ ਜਦ ਤੁਰਦਾ ਹਾਂ ਤੇਰੇ ਵੱਲ ")ਜਿਸ ਨੂੰ ਪਿਆਰ ਦੀ ਕਵਿਤਾ ਕਿਹਾ ਜਾ ਸਕਦਾ ਹੈ | ਜੇ ਪਾਤਰ ਦੀ ਸਮੁੱਚੀ ਕਵਿਤਾ ਨੂੰ" ਨਿੱਜੀ ਪਿਆਰ ਦੀ ਕਵਿਤਾ " ਅਤੇ" ਸਮਾਜਿਕ ਸਰੋਕਾਰਾਂ ਦੀ ਕਵਿਤਾ" ਦੇ ਸਿਰਲੇਖਾਂ ਹੇਠ ਦੋ ਭਾਗਾਂ ਚ ਵੰਡਿਆ ਜਾਵੇ ਤਾਂ ਨਿੱਜੀ ਪਿਆਰ ਦੀ ਕਵਿਤਾ ਦੀ ਨਿਮਨ ਹੈਸੀਅਤ  ਪ੍ਰਤੱਖ ਹੋ ਜਾਂਦੀ ਹੈ |

      ਉੰਝ ਮਾਰਕਸਵਾਦੀਆਂ ਲਈ ਪਿਆਰ ਚਿਮਟੇ ਨਾਲ ਛੂਹਣ ਵਾਲਾ ਵਿਸ਼ਾ ਨਹੀਂ ਹੈ| ਮਹਾਨ ਮਾਰਕਸਵਾਦੀ ਉਸਤਾਦਾਂ ਨੇ ਸਹਿਤ ਅਤੇ ਕਲਾ ਅੰਦਰ ਪਿਆਰ ਦੇ ਵਿਸ਼ੇ ਨੂੰ  ਖਾਸ ਅਹਮੀਅਤ ਦਿੱਤੀ ਹੈ | ਮਰਦ ਔਰਤ ਰਿਸ਼ਤੇ ਅਤੇ ਪਿਆਰ ਦੇ ਸਵਾਲ ਦਾ  ਨਿੱਜੀ ਜਾਇਦਾਦ, ਪਰਿਵਾਰ ਪ੍ਰਬੰਧ ਅਤੇ ਰਾਜ ਪ੍ਰਬੰਧ ਨਾਲ ਗਹਿਰਾ ਸਬੰਧ ਹੈ | ਉੱਤਮ -ਗੰਭੀਰ ਪਿਆਰ ਕਵਿਤਾ ਇਸ ਸਬੰਧ ਨੂੰ ਉਜਾਗਰ ਕਰਦੀ ਹੈ | ਮਹਾਨ ਐਂਗਲਜ਼ ਦਾ ਕਹਿਣਾ ਹੈ ਕਿ ਉੱਤਮ ਪਿਆਰ ਕਵਿਤਾ ਦਾ ਜਾਇਦਾਦ ਪ੍ਰਧਾਨ ਸਮਾਜਿਕ ਪ੍ਰਬੰਧ  ਨਾਲ ਸੁਤੇਸਿਧ ਟਕਰਾ ਹੁੰਦਾ ਹੈ | ਪਾਤਰ ਦੀ ਪਿਆਰ ਕਵਿਤਾ ਸੁਚੇਤ ਤੌਰ ਤੇ ਧਰਮ ਇਖਲਾਕ, ਕਾਨੂੰਨ, ਰਾਜ, ਸ਼ਰਾਅ ਅਤੇ ਰੀਤਸ਼ਾਹੀ ਨੂੰ ਦਮਨਕਾਰੀ ਪਿਆਰ ਵਿਰੋਧੀ ਸ਼ਕਤੀਆਂ ਵਜੋਂ ਪੇਸ਼ ਕਰਦੀ ਹੈ | ਇਸੇ ਚ ਪਾਤਰ ਦੀ ਪਿਆਰ ਕਵਿਤਾ ਦਾ ਸਮਾਜਿਕ ਮਹੱਤਵ ਬਿਰਾਜਮਾਨ ਹੈ |

 

       ਸੰਵਾਦ ਦੇ ਚਾਹਵਾਨਾਂ ਦਾ ਦੂਜਾ ਨਿਰਣਾ ਇਹ ਹੈਕਿ  ਸ਼ਿਵ ਦੀ ਪਿਆਰ ਕਵਿਤਾ ਪਾਤਰ ਦੀ ਪਿਆਰ ਕਵਿਤਾ ਨਾਲੋਂ ਕਿਤੇ ਉੱਤਮ ਹੈ | ਇਸ ਨਿਰਣੇ ਚੋਂ ਪਿਆਰ ਬਾਰੇ ਉਸਾਰੂ ਆਧੁਨਿਕ ਦ੍ਰਿਸ਼ਟੀਕੋਣ ਦੀ ਨਹੀ ਸਗੋਂ ਰਵਾਇਤੀ ਦ੍ਰਿਸ਼ਟੀਕੋਣ ਦੀ  ਭਿਣਕ ਪੈਂਦੀ ਹੈ | ਬਿਨਾਂ ਸ਼ੱਕ ਪਿਆਰ ਕਵਿਤਾ ਦੇ ਖੇਤਰ ਚ ਸ਼ਿਵ ਵੱਡਾ ਕਵੀ ਹੈ | ਪਿਆਰ ਅੰਦਰ ਬਿਰਹਾ ਦੇ ਰੰਗ ਨੂੰ ਪੇਸ਼ ਕਰਨ ਚ ਉਸ ਦਾ ਕੋਈ ਸਾਨੀ ਨਹੀਂ ਹੈ | ਪਰ ਕੁੱਲ ਮਿਲਾ ਕੇ ਸ਼ਿਵ ਦੀ ਪਿਆਰ ਕਵਿਤਾ ਦਾ ਪਾਤਰ ਅਤੇ ਪਾਸ਼ ਦੀ ਪਿਆਰ ਕਵਿਤਾ ਨਾਲ ਮੁਕਾਬਲਾ ਨਹੀਂ ਹੈ | ਸ਼ਿਵ ਦੀ ਪਿਆਰ ਕਵਿਤਾ ਚ ਪਿਆਰ ਜਜ਼ਬੇ ਦੇ ਨਿਰੋਲ ਕਾਮ ਜਜ਼ਬੇ ਤੱਕ  ਸੁੰਗੜੇ  ਰੂਪ ਦੇ ਦੀਦਾਰ ਹੁੰਦੇ ਰਹਿੰਦੇ ਹਨ | ਇਹ ਰੂਪ ਸ਼ਿਵ ਦੀ ਕਵਿਤਾ ਚ ਪਿਆਰ 

ਜਜ਼ਬੇ ਦੇ ਨਿੱਘਾਰ ਤੱਕ ਵੀ ਜਾ ਡਿਗਦਾ ਹੈ| ਸ਼ਿਵ ਦੀ ਇਹ ਸਤਰ ਪਿਆਰ ਜਜ਼ਬੇ ਦੇ ਨਿਘਾਰ ਦੀ ਸਿਖਰ ਪੇਸ਼ ਕਰਦੀ ਹੈ :

    " ਮੁਹੱਬਤ ਨਾ ਹੀ ਚਿੱਟੇ ਮਾਸ ਦਾ ਹੈ "

ਇਸਦੇ ਮੁਕਾਬਲੇ ਪਾਤਰ ਦੀ ਕਵਿਤਾ ਪਿਆਰ ਜਜ਼ਬੇ ਨੂੰ ਦੁਵੱਲੇ ਆਪਸੀ ਸਮਰਪਣ, ਰੂਹਾਂ ਦੀ ਸਾਂਝ ਅਤੇ ਸੁਤੰਤਰਤਾ ਦੀ ਭਾਵਨਾ ਦੇ ਰੰਗ ਚ  ਪੇਸ਼ ਕਰਦੀ ਹੈ | ਪਾਤਰ ਬੇਮੁਹਾਰ ਕਾਮ ਜਜ਼ਬੇ ਨੂੰ ਰੂਹਾਂ ਦੀ ਪਛਾਣ ਦੇ ਰਾਹ ਦੇ ਰੋੜੇ ਵਜੋਂ ਪੇਸ਼ ਕਰਦਾ ਹੈ :

 " ਬਦਨ ਦੀ ਪਰਤ ਹੀ ਪਾਸੇ ਨਾ ਹੋਈ 

   ਮੈੰ ਤੈਨੂੰ ਵੇਖਣਾ ਸੀ ਕੋਲ਼ ਹੋ ਕੇ "


ਪਾਤਰ ਦੀ ਪਿਆਰ ਕਵਿਤਾ ਚ ਦਰਦ ਅਤੇ ਨੀਝ ਦਾ ਜੋ ਸੁਮੇਲ ਹੈ, ਉਹ ਸ਼ਿਵ ਦੀ ਕਵਿਤਾ ਚ ਨਹੀ ਹੈ |ਪਿਆਰ ਸਬੰਧੀ ਸੰਸਕਾਰਾਂ ਦੇ ਤਣਾਅ ਦੀ ਗਹਿਰਾਈ ਅਤੇ ਬਰੀਕੀਆਂ ਚ ਉਤਰਨ ਦੀ ਜੋ ਕਾਵਕ ਸੂਝ ਪਾਤਰ ਕੋਲ ਹੈ ਉਹ ਸ਼ਿਵ ਕੋਲ ਨਹੀਂ ਹੈ | ਇਸ ਤਣਾਅ ਨੂੰ ਨਜ਼ਰੀਏ ਨਾਲ ਜੋੜ ਕੇ ਸੁਹਜ ਅਤੇ ਸ਼ਿੱਦਤ ਨਾਲ ਚਿਤਰਨਾ  ਸ਼ਿਵ ਦੇ ਮੁਕਾਬਲੇ ਪਾਤਰ ਦੀ ਕਵਿਤਾ ਦਾ ਹਾਸਿਲ ਹੈ, ਜੋ ਇਸ ਨੂੰ ਮਿਆਰੀ ਪਿਆਰ ਕਵਿਤਾ ਬਣਾਉਂਦਾ ਹੈ | ਪਾਤਰ ਦੀ ਕਵਿਤਾ ਚ ਪ੍ਰੇਮੀ ਰੂਹਾਂ ਦਾ ਹਾਣ ਹੋ ਕੇ ਮਿਲਦੇ ਹਨ ਅਤੇ "ਖੁਦਾ" ਹੋ ਕੇ ਜੁਦਾ ਹੁੰਦੇ ਹਨ | (ਜਦੋੰ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ ਜਦੋੰ ਜੁਦਾ ਹੋਇਆ ਤੁਰ ਗਿਆ ਖੁਦਾ ਬਣਕੇ ) ਗਿਣਤੀ ਮਿਣਤੀ ਰਹਿਤ,  ਬੇਗਰਜ਼ ਅਤੇ ਆਪਾ ਵਾਰੂ ਸਮਰਪਣ ਪਾਤਰ ਦੀ ਪਿਆਰ ਦ੍ਰਿਸ਼ਟੀ ਦੀ ਜਿੰਦ ਜਾਨ ਹੈ |ਇਸ ਦ੍ਰਿਸ਼ਟੀ ਦੇ ਲੜ ਲੱਗੇ ਪ੍ਰੇਮੀ ਸ਼ਿਵ ਦੀ ਕਵਿਤਾ ਵਿਚਲੇ, "ਸ਼ਿਕਰੇ ਯਾਰਾਂ " ਨਾਲੋਂ ਕਿਤੇ ਉੱਚੇ ਪੱਧਰ ਤੇ ਵਿਚਰਦੇ ਹਨ | ( ਡੁੱਬਦੇ ਸੱਜਣ ਨੂੰ ਤੱਕ ਕੇ, ਕੰਢੇ ਨਹੀਂ ਖੜੀਦਾ,  ਏਦਾਂ ਨਹੀਂ ਕਰੀਂਦਾ ) ਸਾਰਥਕ ਬੇਗਰਜ਼ ਪਿਆਰ ਜਜ਼ਬੇ ਨਾਲੋਂ ਵਿਗੋਚਿਆ ਪਿਆਰ ਦਾ ਕੋਈ ਵੀ ਇਜ਼ਹਾਰ ਪਾਤਰ ਦੀ ਕਵਿਤਾ ਚ ਨਕਾਰੀ ਜਜ਼ਬੇ ਵਜੋਂ ਪੇਸ਼ ਹੁੰਦਾ ਹੈ | ਸਮਰਪਣ ਅਤੇ ਨਿਛਾਵਰੀ ਦੀ  ਗੰਭੀਰ ਟਿਕਾਊ ਭਾਵਨਾ ਪਾਤਰ ਦੀ ਪਿਆਰ ਕਵਿੜਾ ਦੀ ਖੂਬਸੂਰਤੀ ਹੈ ( ਉਹ ਉਸਤੋਂ ਮੰਗਦਾ ਸੀ ਕੁਝ ਕੁ ਰਾਤਾਂ, ਉਹ  ਉਸਨੂੰ ਸਾਰਾ ਜੀਵਨ ਸੌਂਪਦੀ ਸੀ )


ਦਕਿਆਨੂਸੀ ਅਤੇ ਖ਼ੁਦਗਰਜ਼ ਸੰਸਕਾਰਾਂ  ਚ ਘਿਰੇ ਪਿਆਰ ਜਜ਼ਬੇ ਨੂੰ  " ਬਹਾਰਾਂ ਦਾ ਗੁਨਾਹ " ਕਹਿਕੇ ਬੁਲੰਦ ਕਰਨ ਦੀ ਪਾਤਰ ਵਰਗੀ ਨੀਝ ਸ਼ਿਵ ਦੀ ਕਵਿਤਾ ਚ ਨਹੀਂ ਹੈ | ਪਾਤਰ ਦੀ ਪਿਆਰ ਕਵਿਤਾ ਚ ਸੰਸਕਾਰਾਂ ਦੀ ਕਸ਼ਮਕਸ਼ ਦੇ ਅਸਰ ਹੇਠ ਅੰਧੇਰ ਤੜਪਦੇ ਹਨ, ਸੰਖ ਨਾਦ ਵਿਲਕਦੇ ਹਨ, ਘੜਿਆਲ ਖੜਕਦੇ ਹਨ, ਮਾਵਾਂ ਭੈਣਾਂ ਪਤਨੀਆਂ ਦੇ ਸੀਨਿਆਂ ਚ ਮੁਆਤੇ ਸੁਲਗਦੇ ਹਨ, ਨਾਰਾਂ ਕੂਕਦੀਆਂ ਅਤੇ ਖੁਲ੍ਹੇ ਕੈਸੀਂ ਦੌੜ ਉੱਠਦੀਆਂ ਹਨ, ਦਿਓਤਿਆਂ  ਦੇ ਪੱਥਰ ਅਤੇ ਰਾਜਿਆਂ ਦੇ ਮੁਕਟ ਕੰਬਦੇ ਹਨ, ਪਵਿੱਤਰ ਪੁਸਤਕਾਂ ਦੇ ਪੰਨੇ ਤੇ ਮਾਵਾਂ ਦੀਆਂ ਲੋਰੀਆਂ ਪੈਰਾਂ ਹੇਠ ਆਉਂਦੀਆਂ ਹਨ ਅਤੇ ਕ੍ਰਿਸ਼ਨ ਵਰਗਾ ਭਗਵਾਨ ਦੁਬਿਧਾ ਦਾ ਅਵਤਾਰ ਹੋ ਕੇ ਰਹਿ ਜਾਂਦਾ ਹੈ | ਬਿਰਹਾ ਦਾ ਸਿਖਰ ਹੋ ਕੇ ਵੀ ਸ਼ਿਵ ਦੀ  ਪਿਆਰ ਕਵਿਤਾ ਦਾ ਧਰਾਤਲ ਪਾਤਰ ਦੀ ਇਸ ਕਵਿਤਾ ਦੇ ਹਾਣ ਦਾ ਨਹੀਂ ਹੈ | 

 ਸ਼ਿਵ ਦੀ ਪਿਆਰ ਕਵਿਤਾ ਤੇ ਬਿਰਹਾ ਦੀ ਇਕਹਿਰੀ ਧੁਨੀ ਛਾਈ ਹੋਈ ਹੈ ਜਦੋੰ ਕਿ ਪਾਤਰ ਦੀ  ਕਵਿਤਾ ਚ ਪਿਆਰ ਦੀਆਂ ਵੰਨ ਸੁਵੰਨੀਆਂ ਅਤੇ ਇੱਕ ਦੂਜੀ ਨਾਲ ਸੰਵਾਦ ਰਚਾਉਂਦੀਆਂ ਸੁਰਾਂ ਦਾ ਖੂਬਸੂਰਤ ਅਤੇ ਉਸਾਰੂ ਸੰਗਮ ਹੈ|


ਪਿਆਰ ,ਪਾਤਰ ਦੀ ਕਵਿਤਾ ਦਾ ਗੌਣਪੱਖ ਹੋਣ ਦੇ ਬਾਵਜੂਦ  ਸਾਨੂੰ ਇਸਦੀ  ਚਰਚਾ ਕਿਉਂ ਕਰਨੀ ਪਈ ਹੈ? ਇਸ ਕਰਕੇ ਕਿ ਸੰਵਾਦ ਦੇ ਚਾਹਵਾਨਾਂ ਪੱਲੇ ਸ਼ਿਵ ਨਾਲੋਂ  ਪਾਤਰ ਦੀ ਪਿਆਰ ਕਵਿਤਾ ਦੇ  ਨਿਖੇੜ ਚਿੰਨਾਂ (distiction marks )ਦੀ  ਸਾਰ ਦਿਖਾਈ ਨਹੀਂ ਦਿੰਦੀ |

        ਸੰਵਾਦ ਦੇ ਚਾਹਵਾਨਾਂ ਦਾ ਇਹ ਵੀ ਨਿਰਣਾ ਹੈ ਕਿ ਪਾਤਰ ਰਾਜਨੀਤਕ ਕਵਿਤਾ ਦੇ ਮਾਮਲੇ ਚ ਪਾਸ਼ ਨਾਲੋਂ ਕੋਹਾਂ ਪਿੱਛੇ ਹੈ, ਉਸਦੀਆਂ ਰਾਜਨੀਤਕ ਕਵਿਤਾਵਾਂ ਦੀ ਗਿਣਤੀ ਪਾਸ਼ ਨਾਲੋਂ ਘੱਟ ਹੈ ਅਤੇ ਸੁਨੇਹਾ ਸਪਸ਼ਟ ਨਹੀਂ ਹੈ | 

ਇਸ ਸਮੇੰ ਸਾਡੀ  ਸਾਥੀਆਂ ਨਾਲ ਇਸ ਭਟਕਾਊ ਬਹਿਸ ਚ ਦਿਲਚਸਪੀ ਨਹੀਂ ਹੈ ਕਿ ਇਹਨਾਂ ਦੋਹਾਂ ਚੋੰ ਕੌਣ ਵੱਡਾ ਕਵੀ ਹੈ ਅਤੇ ਕਿੰਨਾ ਕੁ ਵੱਡਾ ਜਾਂ ਛੋਟਾ ਹੈ | ਕਿਉਂਕ ਸਾਥੀ ਤਾਂ ਪਾਤਰ ਨੂੰ ਲੋਕ ਦਰਦੀ ਕਵੀਆਂ ਚ ਸ਼ੁਮਾਰ ਕਰਨ ਲਈ ਹੀ ਤਿਆਰ ਨਹੀਂ ਹਨ|

  ਪਾਤਰ ਨੇ ਸ਼ਕਤੀਸ਼ਾਲੀ, ਮਕਬੂਲ ਅਤੇ ਸੁਹਜ ਭਰਪੂਰ ਲੋਕ ਪੱਖੀ ਰਾਜਨੀਤਿਕ ਕਵਿਤਾ ਦੀ ਸਿਰਜਣਾ ਕੀਤੀ ਹੈ | ਇਹਨਾਂ ਕਵਿਤਾਵਾਂ ਚ  ਮੁਲਕ ਦੇ ਰਾਜਨੀਤਕ ਪ੍ਰਬੰਧ ਦੇ ਸੁਭਾਅ ਬਾਰੇ  ਸਪਸ਼ਟ ਨਜ਼ਰੀਆ ਹੈ | ਇਸ ਕਵਿਤਾ ਚ ਅਦਾਲਤਾਂ ਹਨੇਰੇ ਦਾ  ਦਰ  ਹਨ, ਰਾਜਨੀਤਿਕ ਪਾਰਟੀਆਂ ਲਾਸ਼ਾਂ ਦੇ ਢੇਰਾਂ ਦੁਆਲੇ ਵੋਟਾਂ ਗਿਣਦੀਆਂ ਹਨ, ਰਾਜੇ ਪੁੱਤਰ ਲੋਕਾਂ ਦੇ ਬਾਗ ਉਜਾੜਦੇ ਹਨ, ਮੁਜਰਮ ਇਨਸਾਫ ਦੀ ਕੁਰਸੀ ਤੇ ਬਿਰਾਜਮਾਨ ਹਨ ਅਤੇ "ਤਿਰੰਗਾ " ਲੋਕਾਂ ਦੀ ਛਾਤੀ ਚ ਡੂੰਘਾ ਗੱਡਿਆ ਹੋਇਆ ਹੈ| ਕਵੀ ਲਈ ਰਾਜ ਸੱਤਾ ਫਰੇਬੀ ਬੁੱਢੀ ਜਾਦੂਗਰਨੀ ਹੈ, ਜਿਹੜੀ ਸੰਘਰਸ਼ ਦੀਆਂ ਫੁੱਟਦੀਆਂ ਕਰੂੰਬਲਾਂ ਨੂੰ ਬਲ ਅਤੇ ਛਲ ਨਾਲ ਕੁਚਲਦੀ ਹੈ | ਦਮਨਕਾਰੀ ਅਤੇ ਅਨਿਆਂ ਪੂਰਨ ਰਾਜ ਸੱਤਾ ਨੂੰ ਬਦਲਣ ਲਈ ਹਿੰਸਾ ਦੀ ਵਰਤੋਂ" ਕਾਵਿਕ" ਹੈ | 

    ਪਰ ਸੰਵਾਦ ਦੇ ਚਾਹਵਾਨ ਸੱਜਣ ਸਿਰਫ ਰਾਜਨੀਤਕ ਖੇਤਰ ਤੱਕ ਹੀ ਕਿਓਂ ਸੀਮਤ ਹੋਣਾ ਚਾਹੁੰਦੇ ਹਨ?ਪਾਤਰ ਦੀ ਕਵਿਤਾ ਚ ਸਮਾਜ ਦੇ ਸੱਭਿਆਚਾਰ ਦਾ ਅਕਸ ਕਿਵੇਂ ਪੇਸ਼ ਹੋਇਆ ਹੈ, ਇਸ ਬਾਰੇ ਗੱਲ ਕਿਓਂ ਨਹੀਂ ਕਰਨਾ ਚਾਹੁੰਦੇ? ਪਾਤਰ ਦੀ ਕਵਿਤਾ ਪਾਠਕ ਨੂੰ ਜਿਨ੍ਹਾਂ ਕਦਰਾਂ ਕੀਮਤਾਂ ਦੇ ਲੜ ਲਾਉਂਦੀ ਹੈ,  ਉਹਨਾਂ ਦੇ ਜਮਾਤੀ ਤੱਤ ਬਾਰੇ ਗੱਲ ਕਿਓਂ ਨਹੀਂ ਕਰਨਾ ਚਾਹੁੰਦੇ ਦ? ਕੀ ਇਹ ਨਕਾਰੀ ਹਾਕਮ ਜਮਾਤੀ ਕਦਰਾਂ ਕੀਮਤਾਂ ਹਨ ਜਾਂ ਉਸਾਰੂ ਲੋਕ ਮੁਖੀ ਕਦਰਾਂ ਕੀਮਤਾਂ ਹਨ?

     ਤਰੱਕੀ ਮੁਖੀ ਸਮਾਜਿਕ ਕਦਰਾਂ ਕੀਮਤਾਂ ਪਿਛਾ-ਖੜੀ ਕਦਰਾਂ ਕੀਮਤਾਂ ਨਾਲ ਖਹਿਕੇ ਆਪਣਾ ਰਾਹ ਬਣਾਉਂਦੀਆਂ ਹਨ | ਇਹ ਖਹਿ  ਯਕ਼ੀਨ ਅਤੇ ਦੁਬਿਧਾ ਦੋਹਾਂ ਦਾ ਸੰਚਾਰ ਕਰਦੀ ਹੈ | ਪਾਤਰ ਦੀ ਯਥਾਰਥਮੁਖੀ ਕਵਿਤਾ ਦੁਬਿਧਾ ਅਤੇ ਯਕ਼ੀਨ ਦੋਹਾਂ ਨੂੰ ਪੇਸ਼ ਕਰਦੀ ਹੈ | ਕੁਝ ਹਿੱਸੇ ਪਾਤਰ ਦੀ ਕਵਿਤਾ ਚ ਦੁਬਿਧਾ ਦੀ ਯਥਾਰਥਕ ਪੇਸ਼ਕਾਰੀ ਨੂੰ ਦੁਬਿਧਾ ਦੀ ਵਕਾਲਤ ਵਜੋਂ ਲੈਂਦੇ ਹਨ | ਪਰ ਪਾਤਰ ਦੀ ਕਵਿਤਾ ਦੁਬਿਧਾ ਦੀ ਵਕਾਲਤ ਦੀ ਨਹੀਂ ਖੰਡਨ ਦੀ ਕਵਿਤਾ ਹੈ | ਇਸ ਕਵਿਤਾ ਚ ਰੀਤਸ਼ਾਹੀ ਲਈ ਵੰਗਾਰ ਮੌਜੂਦ ਹੈ : 

   ਅਸਾਂ ਨੂੰ ਰੀਤ ਤੋਂ ਵਧਕੇ 

   ਕਿਸੇ ਦੀ ਪ੍ਰੀਤ ਪਿਆਰੀ ਹੈ 

    ਤੂੰ ਲਿਖ ਲੇਖਾ ਕਿ ਜਿੰਨੇ ਵੀ 

    ਲਿਖ ਸਾਡੇ ਗੁਨਾਹ ਬਣਦੇ 


ਅਹਿਹੀਆਂ ਸਤਰਾਂ ਦੁਬਿਧਾ ਦਾ ਨਹੀਂ, ਨਿਰਭੈਤਾ ਦਾ ਇਜ਼ਹਾਰ ਬਣਦੀਆਂ ਹਨ |


ਬਰਨਾਲਾ ਸਮਾਗਮ ਚ ਰਿਲੀਜ਼ ਹੋਏ ਪਾਤਰ ਦੀਆਂ ਕਵਿਤਾਵਾਂ ਦੇ ਸੰਗ੍ਰਹਿ ਅਤੇ ਸਲਾਮ ਦੇ ਅੰਕ ਚ ਪਾਤਰ ਦੀ ਕਵਿਤਾ ਬਾਰੇ ਸਾਡਾ ਦ੍ਰਿਸ਼ਟਕੋਣ ਦਰਜ ਹੈ | ਚੰਗਾ ਹੁੰਦਾ ਜੇ ਪਾਤਰ ਸਨਮਾਨ ਸੰਗਤ ਬਾਰੇ ਅਜਿਹੀ ਨਾਕਾਰੀ ਟਿੱਪਣੀ ਕਰਨ  ਤੋਂ ਪਹਿਲਾਂ ਟਿੱਪਣੀਕਾਰ ਇਹਨਾਂ ਦੀ ਇੰਤਜ਼ਾਰ ਕਰਦ ਲੈਂਦੇ| ਪਰ ਡੁੱਬੀ ਤਾਂ ਜੇ ਸਾਹ ਨਾ ਆਇਆ!

   ਜੇ ਟਿੱਪਨੀਂਕਾਰਾਂ ਨੇ ਇਸ ਰਾਹ ਪੈਣਾ ਹੁੰਦਾ ਤਾਂ ਉਹ ਸਲਾਮ ਕਾਫਲਾ ਦੇ ਇਸ਼ਤਿਹਾਰਾਂ ਤੇ ਨਜ਼ਰ ਮਾਰਨ ਅਤੇ ਇਹਨਾਂ ਨੂੰ ਹਵਾਲਾ ਬਣਾਉਣ  ਦੀ ਜਰੂਰ ਖੇਚਲ ਕਰਦੇ | ਇਹਨਾਂ ਇਸ਼ਤਿਹਾਰਾਂ ਚ 

" ਸੁਰਜੀਤ ਪਾਤਰ ਦੀ ਕਵਿਤਾ ਦੇ  ਨਕਸ਼ "  ਸਿਰਲੇਖ ਹੇਠ ਪਾਤਰ ਦੀ ਕਵਿਤਾ ਬਾਰੇ ਸਾਡੇ ਵਿਚਾਰਾਂ ਦਾ ਤੱਤ ਮੌਜੂਦ ਹੈ |


      ਜਸਪਾਲ ਜੱਸੀ ਦੀ ਕਵਿਤਾ ਬਹਿਸ ਨਹੀਂ ਹੈ| ਨਾ ਹੀ ਕਿਸੇ ਸਿਧਾਂਤਕ ਬਹਿਸ ਦਾ ਬਦਲ ਹੈ | ਇਹ ਤਾਂ ਇਨਕਲਾਬੀ ਲਹਿਰ ਅੰਦਰ ਮੌਜੂਦ ਬਚਪਨੇ ਦੇ ਅੰਸ਼ਾਂ ਬਾਰੇ  ਕਾਵਿਕ ਪ੍ਰਤੀਕਰਮ ਹੈ | ਤਿੱਖੇ ਪ੍ਰਤੀਕਰਮ ਰਾਹੀਂ ਕਵਿਤਾ ਦੇ ਕਲਾਤਮਕ ਮੁੱਲ ਦੀ ਦਾਦ ਦੇਣ ਲਈ ਸਾਡੇ ਮਿੱਤਰਾਂ ਦਾ ਧੰਨਵਾਦ! ਇਹਨਾਂ ਮਿੱਤਰਾਂ ਨੂੰ ਕਵਿਤਾ ਦੇ ਸ਼ੀਸ਼ੇ ਚ ਸਾਡੀ ਸਿਧਾਂਤਕ ਕਮਜ਼ੋਰੀ ਦਾ ਅਕਸ ਦਿਖਾਈ ਦੇਣਾ ਬਚਪਨ ਦੀ ਇੱਕ ਹੋਰ ਝਲਕੀ ਹੈ | ਅਜਿਹੇ ਬਚਪਨ ਦਾ ਜਿਸ ਨੂੰ ਵਿਦਵਤਾ ਦੀ ਸਕੂਲ ਵਰਦੀ ਵਿਚ ਸੱਜ ਫਬ ਕੇ  ਵਿਖਾਉਣ ਅਤੇ ਇਸ ਨੂੰ ਮੁੜ ਮੁੜ ਛੋਹ ਕੇ ਵੇਖਣ ਦਾ   ਚਾਅ ਹੈ| 

    ਖੈਰ!  ਬਚਪਨ ਪਿਆਰਾ ਤਾਂ ਹੁੰਦਾ ਹੀ ਹੈ! ਕਿਸੇ ਕਵੀ ਮਨ ਦਾ ਅਜਿਹੇ ਬਚਪਨ ਖ਼ਾਤਰ ਕਵਿਤਾ ਦੇ ਖਿਡੋਣੇ ਭੇਟ ਕਰਨ ਲਈ ਤਾਂਘਣਾ ਕੋਈ ਅਲੋਕਾਰ ਗੱਲ ਨਹੀਂ ਹੈ | ਨਾ ਹੀ ਬਚਪਨ ਵੱਲੋਂ ਆਪਣੇ ਵਿਦਵਤਾ ਦੇ ਖਿਡਾਉਣੇ ਵਿਖਾ ਕੇ  ਕਵਿਤਾ ਤੇ ਖਿਡੋਣੇ  ਮਿੱਟੀ ਵਿੱਚ  ਸੁੱਟ ਦੇਣਾ ਕੋਈ ਓਪਰੀ ਗੱਲ ਹੈ | 

 ਫਿਲਹਾਲ ਖੇਡਦੇ ਰਹੋ ਸਾਥੀਓ, ਕਦੇ ਫਿਰ ਮਿਲਾਂਗੇ!

        

                      ਬਹੁਤ ਬਹੁਤ ਪਿਆਰ!

12 ਜੂਨ, 2024

No comments:

Post a Comment