Wednesday, December 4, 2013

Surkh Rekha special suppliment Sadhu Singh Takhtupura


ਸਲਾਮ ਤਖਤੂਪੁਰਾ!

ਮਾਣਮੱਤੀ ਕਿਸਾਨ ਲਹਿਰ ਦੀ ਉੱਘੀ ਸਖਸ਼ੀਅਤ ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ ਨੂੰ ਇੱਕ ਮਹੀਨਾ ਹੋ ਚੱਲਿਆ ਹੈ। ਇਸ ਜਖ਼ਮ ਦੇ ਝੰਜੋੜੇ ਨਾਲ ਫੁੱਟਿਆ ਰੋਹ ਲੋਕਾਂ ਦੀ ਲਹਿਰ ਦੇ ਨਾਹਰਿਆਂ 'ਚ ਗੂੰਜ ਰਿਹਾ ਹੈ। ਜੂਝਣ ਦੇ ਇਰਾਦਿਆਂ 'ਚ ਥਰਥਰਾ ਰਿਹਾ ਹੈ। ਉਹ ਦੱਬੇ-ਕੁਚਲੇ ਲੋਕਾਂ ਦੀ ਲਹਿਰ ਦਾ ਮਾਣ ਹੋ ਕੇ ਜਿਉਂਇਆਂ ਅਤੇ ਇਸਦੀ ਸ਼ਾਨ ਨੂੰ ਉੱਚੀ ਕਰਕੇ ਵਿਦਾਅ ਹੋਇਆ। ਇਸ ਮਾਣ ਅਤੇ ਸ਼ਾਨ ਦਾ ਅਹਿਸਾਸ ਅੱਜ ਹਜ਼ਾਰਾਂ ਨਜ਼ਰਾਂ 'ਚ ਤੈਰ ਰਿਹਾ ਹੈ। ਰੋਹ ਦੀ ਲਾਲੀ ਬਣਕੇ ਦੁਸ਼ਮਣਾਂ ਨੂੰ ਵੰਗਾਰ ਰਿਹਾ ਹੈ। 

ਅਨੇਕਾਂ ਕਲਮਾਂ ਅਤੇ ਲਬਾਂ 'ਤੇ ਤਖਤੁਪੁਰਾ ਦੀ ਸ਼ਹਾਦਤ ਦੀ ਚਰਚਾ ਹੈ। ਇਸ ਚਰਚਾ ਰਾਹੀਂ ਲੋਕ ਦੁਸ਼ਮਣ ਪ੍ਰਬੰਧ ਦੀ ਕਰੂਰਤ ਦੀ ਥਾਹ ਪਾਈ ਜਾ ਰਹੀ ਹੈ। ਅਮਨ-ਕਾਨੂੰਨ ਦੇ ਓਹਲੇ 'ਚ ਲੁਕੇ ਰਾਜ-ਪ੍ਰਬੰਧ ਦੇ ਕਾਤਲ-ਕਸਾਈ ਚਿਹਰੇ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਜਿਉਣ ਦੇ ਅਤੇ ਮਰਨ ਦੇ ਅਰਥ ਪਛਾਣੇ ਜਾ ਰਹੇ ਹਨ। 
ਇਸ ਚਰਚਾ ਦਰਮਿਆਨ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਦਲਜੀਤ ਅਮੀ ਨੇ ਸਵਾਲ ਉਠਾਇਆ ਹੈ, ''ਸੇਵਾ ਮੁਕਤੀ ਦੀ ਜੋ ਉਮਰ ਅਰਾਮ ਕਰਨ ਅਤੇ ਸੇਵਾ ਕਰਵਾਉਣ ਦੀ ਹੁੰਦੀ ਹੈ ਉਸ ਉਮਰੇ ਕੋਈ ਬਜ਼ੁਰਗ ਆਦਮੀ ਬੇਅਰਾਮੀ, ਜੋਖ਼ਮ ਅਤੇ ਖੱਜਲ-ਖੁਆਰੀ ਦੀ ਜ਼ਿੰਦਗੀ ਨੂੰ ਤਰਜੀਹ ਕਿਉਂ ਦਿੰਦਾ ਹੈ?'' ਇਹੋ ਸਵਾਲ ਹੈ ਜਿਸ ਦਾ ਸਹੀ ਜੁਆਬ ਸ਼ਹੀਦ ਤਖਤੁਪੁਰਾ ਨੂੰ ਅਸਲ ਸ਼ਰਧਾਂਜਲੀ ਦੇਣ ਦਾ ਰਸਤਾ ਦੱਸਦਾ ਹੈ। 
ਇੱਕ ਤਰ੍ਹਾਂ ਨਾਲ 16 ਫਰਵਰੀ ਨੂੰ ਤਖਤੂਪੁਰਾ ਦੀ ਸ਼ਹਾਦਤ ਦੀ ਘੜੀ ਅਚਨਚੇਤ ਆਈ। ਇਸ ਪੱਖੋਂ ਅਚਨਚੇਤ ਆਈ ਕਿ ਰਾਜ-ਭਾਗ ਦੀ ਸਰਪ੍ਰਸਤੀ ਹੇਠ ਪਲੇ ਕਾਤਲ ਟੋਲੇ ਦੇ ਘਾਤ ਲਾਊ ਹਮਲੇ ਦੀ ਵਿਉਂਤ ਬਾਰੇ ਅਗਾਊਂ ਜਾਣਕਾਰੀ ਨਹੀਂ ਸੀ। ਪਰ ਸਾਧੂ ਸਿੰਘ ਤਖਤੂਪੁਰਾ ਦੀਆਂ ਰਗਾਂ ਦਾ ਲਹੂ ਲੋਕ ਲਹਿਰ ਦੇ ਜਿਸ ਆਦਰਸ਼ ਲਈ ਸਾਰੀ ਉਮਰ ਧੜਕਦਾ ਰਿਹਾ ਹੈ, ਇਸ ਲਹੂ ਦਾ ਉਸੇ ਆਦਰਸ਼ ਦੇ ਲੇਖੇ ਲੱਗ ਜਾਣਾ ਅਚਨਚੇਤ ਘਟਨਾ ਨਹੀਂ ਹੈ। ਕਿਸੇ ਵੀ ਮੌਕੇ ਸਾਹਮਣੇ ਖੜ੍ਹੀ ਸ਼ਹਾਦਤ ਦੀ ਘੜੀ ਨੂੰ ਜੱਫੀ ਪਾ ਕੇ ਮਿਲਣ ਦੀ ਭਾਵਨਾ ਉਸਦੇ ਅੰਦਰ ਵਸੀ ਹੋਈ ਸੀ। ਸੰਘਰਸ਼ ਦੇ ਮੈਦਾਨਾਂ 'ਚ ਉਹ ਪਹਿਲਾਂ ਵੀ ਮੌਤ ਨੂੰ ਸਾਹਮਣੇ ਮੱਥੇ ਟੱਕਰਦਾ ਰਿਹਾ। ਇਹ ਮੌਤ ਹੀ ਸੀ ਜਿਹੜੀ ਉਸਦੇ ਆਸੇ-ਪਾਸਿਉਂ ਗੁਜ਼ਰ ਜਾਂਦੀ ਰਹੀ। 
ਇਹ ਇਰਾਦਾ ਮਰਨ ਦੀ ਕਿਸੇ ਖਬਤ ਦਾ ਨਤੀਜਾ ਨਹੀਂ ਸੀ। ਮੱਥੇ 'ਚ ਲਟ-ਲਟ ਬਲਦੀ ਇਨਕਲਾਬੀ ਸੂਝ ਦਾ ਕ੍ਰਿਸ਼ਮਾ ਸੀ। ਕਿਸਾਨ ਲਹਿਰ ਮਾਣ ਨਾਲ ਸਿਰ ਉੱਚਾ ਕਰ ਸਕਦੀ ਹੈ ਕਿ ਸ਼ਹੀਦ ਤਖਤੂਪੁਰਾ ਦਾ ਲਹੂ ਸਿੱਧੇ ਤੌਰ 'ਤੇ ਉਸ ਦੇ ਮੋਰਚੇ ਦੀਆਂ ਨੀਂਹਾਂ ਸਿੰਜਣ ਦੇ ਲੇਖੇ ਲੱਗਿਆ। ਪਰ ਆਪਣੇ ਜੀਵਨ-ਸਫਰ ਦੌਰਾਨ ਉਹ ਸੰਗਰਾਮੀ ਜ਼ਿੰਦਗੀ ਦੇ ਕਦੇ ਇੱਕ ਕਦੇ ਦੂਜੇ ਖੇਤਰ ਵਿਚ ਜੂਝਦਾ ਰਿਹਾ। ਲੋਕਾਂ ਦੀ ਲਹਿਰ ਦੇ ਕਦੇ ਇੱਕ ਕਦੇ ਦੂਜੇ ਮੋਰਚੇ ਨੂੰ ਕੰਨ੍ਹਾ ਲਾਉਂਦਾ ਰਿਹਾ। ਇਹ ਸਾਰੇ ਖੇਤਰ ਅਤੇ ਮੋਰਚੇ ਉਸ ਖਾਤਰ ਲੋਕਾਂ ਦੀ ਸਰਦਾਰੀ ਵਾਲਾ ਇਨਕਲਾਬੀ ਸਮਾਜ ਉਸਾਰਨ ਦੀ ਮੰਜ਼ਲ ਵੱਲ ਜਾਂਦੀਆਂ ਡੰਡੀਆਂ ਸਨ। ਜ਼ਿੰਦਗੀ ਦੇ ਤਜਰਬੇ ਨੇ ਉਸ ਨੂੰ ਜੰਜ਼ੀਰਾਂ 'ਚ ਜਕੜੀ ਦੱਬੇ-ਕੁਚਲੇ ਲੋਕਾਂ ਦੀ ਸਾਂਝੀ ਹੋਣੀ ਦੇ ਦਰਦ ਦਾ ਅਹਿਸਾਸ ਬਖਸ਼ਿਆ। ਇਸ ਤਜਰਬੇ ਨੇ ਉਸਨੂੰ ਵੱਡੀਆਂ ਜੋਕਾਂ ਦੀ ਸਰਦਾਰੀ ਵਾਲੇ ਨਜ਼ਾਮ ਤੋਂ ਨਾਬਰੀ ਦਾ ਪਾਠ ਪੜ੍ਹਾਇਆ। ਇਸ ਨਾਬਰੀ 'ਚੋਂ ''ਸਾਨੂੰ ਭੁੱਖਿਆਂ ਨੂੰ ਹੋਰ ਨਾ ਵਗਾਰ ਪੁੱਗਦੀ'' ਦੇ ਹੋਕੇ ਨੇ ਜਨਮ ਲਿਆ। ਸਾਧੂ ਸਿੰਘ ਤਖਤੂਪੁਰਾ ਦੇ ਧੁਰ ਅੰਦਰ ਸਮੋਇਆ ਇਹ ਹੋਕਾ ਦਲਜੀਤ ਅਮੀ ਦੇ ਸਵਾਲ ਦਾ ਪਹਿਲਾ ਉੱਤਰ ਹੈ। ਜੇ ''ਵਗਾਰ ਪੁੱਗਦੀ'' ਹੁੰਦੀ ਤਾਂ ਸਾਧੂ ਸਿੰਘ ਲਈ ਵੀ ''ਸੇਵਾ ਮੁਕਤੀ ਦੀ ਉਮਰ'', ''ਅਰਾਮ ਕਰਨ'' ਦੀ ਹੀ ਉਮਰ ਹੋਣੀ ਸੀ। ਪਰ ਸਾਧੂ ਸਿੰਘ ਤਖਤੂਪੁਰਾ ਨੇ ਜਮਹੂਰੀਅਤ ਅਤੇ ਅਜ਼ਾਦੀ ਦੇ ਨਕਾਬ ਓਹਲੇ ਮੁਲਕ ਦੀ ਬਹੁਗਿਣਤੀ ਨੂੰ ''ਵਗਾਰ'' ਦੀਆਂ ਜੰਜ਼ੀਰਾਂ 'ਚ ਜਕੜੀ ਦੇਖਿਆ। ਕਰਜ਼ੇ 'ਚ ਫਾਹੇ ਮੁਸ਼ੱਕਤ ਕਰਦੇ ਕਿਸਾਨਾਂ ਨੂੰ, ਗੁੰਡਾ ਟੋਲਿਆਂ ਦੀ ਨਿਗਰਾਨੀ ਹੇਠ ਫੈਕਟਰੀਆਂ ਵਿਚ ਕੰਮ ਕਰਦੇ ਮਜ਼ਦੂਰਾਂ ਨੂੰ, ਨਿਗੂਣੀ ਤਨਖਾਹ 'ਤੇ ਠੇਕੇਦਾਰਾਂ ਹੇਠ ਸਵੈ-ਮਾਣ ਦੀਆਂ ਠੀਕਰੀਆਂ ਇਕੱਠੀਆਂ ਕਰਦੇ ਪੜ੍ਹੇ-ਲਿਖੇ ਨੌਜੁਆਨਾਂ ਨੂੰ! 
ਇਸ ਹਾਲਤ ਸਦਕਾ ਉਸਲਵੱਟੇ ਲੈਂਦੀ ਬੇਚੈਨੀ ਨੂੰ, ਇਨਕਲਾਬੀ ਸੂਝ ਅਤੇ ਸਿਧਾਂਤ ਨੇ ਰਾਹ ਵਿਖਾਇਆ। ਇਸ ਸੂਝ ਨੇ ਦੱਸਿਆ ਕਿ ਲੋਕਾਂ ਦੀ ਸ਼ਕਤੀ ਇਸ ''ਵਗਾਰ'' ਦੀਆਂ ਜੰਜ਼ੀਰਾਂ ਨੂੰ ਕੱਟ ਸਕਦੀ ਹੈ। ਦੁਨੀਆਂ ਦੇ ਕਈ ਮੁਲਕਾਂ 'ਚ ਹੋਏ ਇਨਕਲਾਬਾਂ ਦੇ ਕ੍ਰਿਸ਼ਮਿਆਂ ਨੇ ਉਸਦੇ ਵਿਸ਼ਵਾਸ਼ ਨੂੰ ਹੁਲਾਰਾ ਦਿੱਤਾ। ਸੱਤਰਵਿਆਂ ਦੇ ਸ਼ੁਰੂ 'ਚ ਜਦੋਂ ਵੀਅਤਨਾਮ ਦੇ ਲੋਕਾਂ ਦੇ ਸੰਗਰਾਮ ਦੀ ਤਰਥੱਲੀ ਅਮਰੀਕੀ ਸਾਮਰਾਜੀਆਂ ਦੇ ਪੈਰ ਉਖੇੜ ਰਹੀ ਸੀ ਤਾਂ ਸਾਧੂ ਸਿੰਘ ਤਖਤੂਪੁਰਾ ਨੇ ਆਪਣੀਆਂ ਕਵਿਤਾਵਾਂ ਰਾਹੀਂ ਇਨਕਲਾਬਾਂ ਦੀਆਂ ਧਰਤੀਆਂ ਤੋਂ ਪਰੇਰਨਾ ਮੰਗੀ—
''ਦੱਸ ਨੀ ਤੂੰ ਪੀਕਿੰਗ ਹਨੋਈ ਦੀਏ ਲਾਲੀਏ
ਕੀਕਣ ਬਨੇਰਿਆਂ 'ਤੇ ਕਿਰਨਾਂ ਉਗਾਲੀਏ
ਕਿਵੇਂ ਸਾਡੇ ਮੱਥਿਆਂ 'ਚੋਂ ਸੁੱਤੀ ਕਸਤੂਰੀ ਫੁੱਟ ਆਏ'' 
Îਮੱਥੇ 'ਚ ਫੁੱਟੀ ਇਨਕਲਾਬੀ ਸੋਚ ਦੀ ਇਹ ''ਕਸਤੂਰੀ'' ਹੀ ਸੀ ਜਿਸ ਨੇ ਸਾਥੀ ਸਾਧੂ ਸਿੰਘ ਤਖਤੂਪੁਰਾ ਨੂੰ ਲੋਕਾਂ ਦੀ ਲਹਿਰ ਦਾ ਪੱਕਾ ਇਨਕਲਾਬੀ ਸਿਪਾਹੀ ਬਣਾ ਦਿੱਤਾ। ''ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ।'' ਇਹ ਦਲਜੀਤ ਅਮੀ ਵੱਲੋਂ ਉਠਾਏ ਸਵਾਲ ਦਾ ਅਗਲਾ ਉੱਤਰ ਹੈ। 
ਇਨਕਲਾਬੀ ਸੋਚ ਦਾ ਝੰਡਾਬਰਦਾਰ ਹੋ ਕੇ ਸਾਥੀ ਤਖਤੂਪੁਰਾ ਲੋਕਾਂ ਨੂੰ ਜਥੇਬੰਦ ਅਤੇ ਜੂਝਣ ਦੀ ਪ੍ਰੇਰਨਾ ਦੇਣ ਲਈ ਜੁਟ ਗਿਆ। ਜੂਝਦੇ ਲੋਕਾਂ ਦੀ ਸੋਚ ਨੂੰ ਇਨਕਲਾਬੀ ਦਿਸ਼ਾ ਦੇਣ ਲਈ ਉਸਨੇ ਆਪਣਾ ਤਾਣ ਝੋਕ ਦਿੱਤਾ। ਉਹ ਹਰ ਮੋਰਚੇ 'ਤੇ ਇੱਕ ਇਨਕਲਾਬੀ ਵਾਂਗ ਜੂਝਿਆ। ਲੋਕਾਂ ਦੇ ਸੰਘਰਸ਼ਾਂ ਨੂੰ ਇਨਕਲਾਬੀ ਆਦਰਸ਼ ਨਾਲ ਜੋੜਨ ਲਈ ਉਸਨੇ ਦਿਨ-ਰਾਤ ਇੱਕ ਕਰ ਦਿੱਤਾ। ਉਸਨੇ ਮੁਲਾਜ਼ਮ ਲਹਿਰ ਅੰਦਰ ਜਮਾਤੀ ਭਿਆਲੀ ਦੀਆਂ ਰੁਚੀਆਂ ਖਿਲਾਫ ਮੱਥਾ ਲਾਇਆ। ਕਿਸਾਨਾਂ ਦੀ ਲਹਿਰ ਨੂੰ ਜਗੀਰਦਾਰਾਂ ਅਤੇ ਹਾਕਮ ਜਮਾਤਾਂ ਦੀ ਚੌਧਰ ਤੋਂ ਮੁਕਤ ਕਰਵਾਉਣ ਲਈ ਜੱਦੋਜਹਿਦ ਕੀਤੀ। ਨੌਜੁਆਨਾਂ ਦੀ ਲਹਿਰ ਅੰਦਰ ਸ਼ਹੀਦ ਭਗਤ ਸਿੰਘ ਦੇ ਰਾਹਾਂ 'ਤੇ ਤੁਰਨ ਅਤੇ ਇਨਕਲਾਬ ਰਾਹੀਂ ਰਾਜ-ਭਾਗ ਦੀ ਵਾਗਡੋਰ ਲੋਕਾਂ ਹੱਥ ਲੈਣ ਦਾ ਹੋਕਾ ਦਿੱਤਾ। ਉਸਨੇ ਹਾਕਮ ਜਮਾਤਾਂ ਦੀਆਂ ਪਾਟਕ-ਪਾਊ ਅਤੇ ਭਟਕਾਊ ਹਿੰਸਕ ਚਾਲਾਂ ਖਿਲਾਫ ਕਲਮ ਚਲਾਈ ਅਤੇ ਹੱਕੀ ਤੇ ਨਹੱਕੀ ਲੜਾਈ ਦਰਮਿਆਨ ਵਖਰੇਵਾਂ ਕਰਨ ਦਾ ਸੁਨੇਹਾ ਦਿੱਤਾ। ਸਭਿਆਚਾਰ ਦੇ ਖੇਤਰ 'ਚ ਉਸਨੇ ਗਲੀਆਂ-ਸੜੀਆਂ ਪਿਛਾਂਹਖਿੱਚੂ ਕਦਰਾਂ-ਕੀਮਤਾਂ ਖਿਲਾਫ ਤਿੱਖੇ ਸੰਘਰਸ਼ ਦਾ ਮੋਰਚਾ ਮੱਲਿਆ। ਔਰਤਾਂ ਦੀ ਬਰਾਬਰੀ ਦੇ ਹੱਕ ਅਤੇ ਲੋਕ ਲਹਿਰ ਅੰਦਰ ਉਹਨਾਂ ਦੇ ਰੋਲ ਨੂੰ ਹੁਲਾਰਾ ਦੇਣ ਦੀ ਲੋੜ ਹਮੇਸ਼ਾਂ ਉਸਦੀ ਕਲਮ ਅਤੇ ਚਰਚਾ ਦਾ ਵਿਸ਼ਾ ਬਣੀ ਰਹੀ। ਇੱਕ ਈਮਾਨਦਾਰ ਇਨਕਲਾਬੀ ਘੁਲਾਟੀਏ ਵਾਂਗ ਉਸਨੇ ਅਮਲੀ ਜੀਵਨ ਵਿਚ ਅਗਾਂਹਵਧੂ ਕਦਰਾਂ-ਕੀਮਤਾਂ ਨੂੰ ਪੁਗਾਉਣ ਲਈ ਤਾਣ ਲਾਇਆ। 
ਸਾਥੀ ਤਖਤੂਪੁਰਾ ਅਜਿਹਾ ਇਨਕਲਾਬੀ ਸੀ, ਜਿਸਨੇ ਲੋਕਾਂ ਦੀ ਬੁੱਕਲ ਵਿਚ ਸਾਹ ਲੈਣ ਅਤੇ ਉਹਨਾਂ ਨਾਲ ਘੁਲ-ਮਿਲ ਜਾਣ ਦੀ ਜਾਚ ਸਿੱਖੀ। ਇਸ ਜਾਚ ਨੇ ਉਸਨੂੰ ਲੋਕਾਂ ਦੇ ਵਿਸ਼ਵਾਸ਼ ਅਤੇ ਸਤਿਕਾਰ ਦਾ ਪਾਤਰ ਬਣਾ ਦਿੱਤਾ। ਕਿਸਾਨ ਲਹਿਰ ਦੇ ਦੀਆਂ ਡੰਡੀਆਂ 'ਤੇ ਆਪਣੇ ਚੇਤਨ ਕਦਮਾਂ ਦੀ ਛਾਪ ਲਾ ਕੇ ਉਸਨੇ ਇਨਕਲਾਬੀ ਆਗੂ ਹੋਣ ਦਾ ਮਹੱਤਵ ਅਮਲੀ ਤੌਰ 'ਤੇ ਦਿਖਾਇਆ।
ਇਨਕਲਾਬੀ ਲਹਿਰਾਂ ਦੇ ਸੰਸਾਰ ਆਗੂਆਂ ਵੱਲੋਂ ਇਨਕਲਾਬੀ ਕਾਰਕੁੰਨਾਂ ਅਤੇ ਜਨਤਾ ਦੇ ਰਿਸ਼ਤੇ ਬਾਰੇ ਕੀਤੀਆਂ ਟਿੱਪਣੀਆਂ ਨਾਲ ਉਸਨੇ ਵਫ਼ਾਦਾਰੀ ਨਿਭਾਈ। ਮਾਓ-ਜ਼ੇ-ਤੁੰਗ ਨੇ ਕਿਹਾ ਹੈ ਕਿ ਇਨਕਲਾਬੀਆਂ ਅਤੇ ਲੋਕਾਂ ਦਾ ਰਿਸ਼ਤਾ ਮੱਛੀ ਤੇ ਪਾਣੀ ਦਾ ਰਿਸ਼ਤਾ ਹੈ। 68 ਵਰ੍ਹਿਆਂ ਦੀ ਉਮਰ ਵਿਚ ਸਾਥੀ ਤਖਤੂਪੁਰਾ ਕਿਸਾਨ ਲਹਿਰ ਦੇ ਪਾਣੀਆਂ ਵਿਚ ਫੁਰਤੀਲੀ ਮੱਛੀ ਵਾਂਗ ਤੈਰਿਆ ਅਤੇ ਹੱਲਚੱਲ ਪੈਦਾ ਕੀਤੀ। ਇਸ ਹੱਲਚੱਲ ਦੀਆਂ ਤਰੰਗਾਂ ਮਾਲਵੇ ਦੇ ਪਾਣੀਆਂ ਤੋਂ ਮਾਝੇ ਦੇ ਪਾਣੀਆਂ ਤੱਕ ਜਾ ਪੁੱਜੀਆਂ। ਸਟਾਲਿਨ ਨੇ ਕਿਹਾ ਹੈ ਕਿ ਇਨਕਲਾਬੀ ਬੀਜ ਹਨ ਅਤੇ ਲੋਕ ਧਰਤੀ। ਸਾਥੀ ਤਖਤੂਪੁਰਾ ਲੋਕ ਲਹਿਰ ਦੀ ਧਰਤੀ 'ਤੇ ਨਰੋਆ ਬੀਜ ਬਣਕੇ ਵਿਚਰਿਆ। ਰੋੜ ਜਾਂ ਮੋਤੀ ਧਰਤੀ ਦੀ ਉਪਜਾਊ ਸ਼ਕਤੀ ਦੀ ਗਵਾਹੀ ਨਹੀਂ ਦੇ ਸਕਦੇ। ਬੂਟੇ ਅਤੇ ਫੁੱਲ ਬਣਕੇ ਖਿੜਦੇ ਬੀਜ ਹੀ ਇਸਦੀ ਗਵਾਹੀ ਦਿੰਦੇ ਹਨ। ਇਹ ਗਵਾਹੀ ਸਾਥੀ ਤਖਤੂਪੁਰਾ ਨੇ ਆਪਣੀ ਸ਼ਾਨਦਾਰ ਕਰਨੀ ਰਾਹੀਂ ਦਿੱਤੀ ਹੈ। ਇਨਕਲਾਬੀ ਕਰਨੀ ਦਾ ਜਿਉਂਦਾ ਜਾਗਦਾ ਇਸ਼ਤਿਹਾਰ ਬਣ ਕੇ ਉਸਨੇ ਜਨਤਾ ਨੂੰ ਝੂਣ-ਜਗਾਉਣ ਅਤੇ ਸੰਘਰਸ਼ ਦੇ ਮੈਦਾਨ ਵਿਚ ਖਿੱਚ ਲਿਆਉਣ ਦੀਆਂ ਪ੍ਰਭਾਵਸ਼ਾਲੀ ਝਲਕਾਂ ਪੇਸ਼ ਕੀਤੀਆਂ ਹਨ। ਲੋਕ ਲਹਿਰ ਦੀ ਧਰਤੀ ਨੂੰ ਬੰਜਰ ਕਰ ਦੇਣ ਲਈ ਬੇਚੈਨ ਹਾਕਮ ਜਮਾਤਾਂ ਦਾ ਅਜਿਹੇ ਬੀਜਾਂ ਦੀ ਹੋਂਦ 'ਤੇ ਤਿਲਮਿਲਾ ਉੱਠਣਾ ਕੁਦਰਤੀ ਹੈ। ਲੋਕ ਲਹਿਰ ਦੀ ਬੁੱਕਲ ਵਿਚ ਸਾਹ ਲੈਂਦੇ ਅਜਿਹੇ ਆਗੂਆਂ 'ਤੇ ਕਾਤਲਾਨਾ ਹਮਲਿਆਂ ਦੀ ਵਜ੍ਹਾ ਸਮਝ ਆਉਣ ਵਾਲੀ ਹੈ। 
ਸਾਥੀ ਤਖਤੂਪੁਰਾ ਦੀ ਸ਼ਹਾਦਤ ਦੀ ਫੌਰੀ ਵਜ੍ਹਾ ਜਥੇਬੰਦ ਕਿਸਾਨ ਲਹਿਰ ਵੱਲੋਂ ਲੋਕ ਦੁਸ਼ਮਣ ਰਾਜ ਭਾਗ ਨੂੰ ਦਿੱਤੀਆਂ ਜਾ ਰਹੀਆਂ ਫੌਰੀ ਚੁਣੌਤੀਆਂ ਬਣੀਆਂ ਹਨ। ਇੱਕ ਵੱਡੀ ਚੁਣੌਤੀ ਇਸ ਸ਼ਕਤੀ ਦਾ ਨਵੀਆਂ ਆਰਥਿਕ ਨੀਤੀਆਂ ਦੇ ਰੋਲਰ ਮੂਹਰੇ ਡਟ ਜਾਣਾ ਅਤੇ ਹੋਰਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਜਾਣਾ ਹੈ। ਦੂਜੀ ਅਤੇ ਵਧੇਰੇ ਅਹਿਮ ਚੁਣੌਤੀ ਜ਼ਮੀਨ ਦੇ ਹੱਕ ਲਈ ਜਗੀਰੂ ਅਧਿਕਾਰ-ਸ਼ਾਹੀ ਖਿਲਾਫ ਕਿਸਾਨ ਲਹਿਰ ਦੀਆਂ ਫੁੱਟਦੀਆਂ ਕਰੂੰਬਲਾਂ ਬਣੀਆਂ ਹਨ। ਪਰ ਵੱਡੀ ਗੱਲ ਇਹ ਹੈ ਕਿ ਅੱਜ ਦੀਆਂ ਇਹ ਜੱਦੋਜਹਿਦਾਂ ਲੋਕਾਂ ਦੀ ਮੁਕਤੀ ਦੀ ਇਨਕਲਾਬੀ ਲੜਾਈ ਦਾ ਸਮਾਨ ਤਿਆਰ ਕਰਦੀਆਂ ਹਨ। ਲੋਕਾਂ ਨੂੰ ਹੇਠਲੀ ਉੱਤੇ ਕਰ ਦੇਣ ਅਤੇ ਇਨਕਲਾਬ ਰਾਹੀਂ ਆਪਣੀ ਹੋਣੀ ਆਪਣੇ ਹੱਥ ਲੈਣ ਦੀ ਮੰਜ਼ਲ ਦੇ ਰਾਹ ਪਾਉਂਦੀਆਂ ਹਨ। 
ਇਉਂ ਸਾਥੀ ਤਖਤੂਪੁਰਾ ਇਨਕਲਾਬ ਅਤੇ ਉਲਟ ਇਨਕਲਾਬ ਦੀ ਲੜਾਈ ਦਾ ਸ਼ਹੀਦ ਹੈ। ਆਪਣੀ ਜੀਵਨ-ਸਰਗਰਮੀ ਨੂੰ ਇਨਕਲਾਬ ਲਈ ਅਰਪਣ ਕਰਨ ਦਾ ਇਰਾਦਾ ਪ੍ਰਚੰਡ ਕਰਨ ਤੋਂ ਇਲਾਵਾ ਸਾਥੀ ਤਖਤੁਪੁਰਾ ਨੂੰ ਅਸਲੀ ਸ਼ਰਧਾਂਜਲੀ ਹੋਰ ਕੀ ਹੋ ਸਕਦੀ ਹੈ!
੦ ੦ ੦ ੦ ੦ 



ਸ਼ਹਾਦਤ ਦਾ ਝੰਜੋੜਾ
ਜਮਾਤੀ ਸਾਂਝ ਦੀ ਝੂਣੀ ਹੋਈ ਭਾਵਨਾ
ਹਰ ਵੱਡਾ ਅਤੇ ਅਹਿਮ ਝੰਜੋੜਾ ਲੋਕਾਂ ਦੀਆਂ ਲਹਿਰਾਂ ਲਈ ਪਰਖ ਦੀ ਘੜੀ ਬਣ ਕੇ ਆਉਂਦਾ ਹੈ। ਲਹਿਰਾਂ ਦੀਆਂ ਤਕੜਾਈਆਂ ਅਤੇ ਕਮਜ਼ੋਰੀਆਂ ਦੇ ਦੀਦਾਰ ਕਰਵਾਉਂਦਾ ਹੈ। ਜਮਾਤੀ ਸੰਘਰਸ਼ ਦੇ ਮੈਦਾਨ ਵਿਚ ਜਿਸ ਸੋਝੀ ਅਤੇ ਚੇਤਨਾ ਦੇ ਬੀਜ ਬੀਜੇ ਗਏ ਹੁੰਦੇ ਹਨ, ਉਹਨਾਂ ਦੀ ਉੱਗੀ ਹੋਈ ਫਸਲ ਦੀ ਝਲਕ ਸਾਹਮਣੇ ਆਉਂਦੀ ਹੈ। ਲੋਕ ਲਹਿਰ ਦੀ ਝੋਲੀ ਦੇ ਦਾਣਿਆਂ ਦਾ ਪਤਾ ਲੱਗਦਾ ਹੈ। 
ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ ਇੱਕ ਅਜਿਹਾ ਹੀ ਝੰਜੋੜਾ ਹੈ। ਇਸ ਖ਼ੂਨੀ ਵਾਰ ਨੇ ਜੋ ਸਾਹਮਣੇ ਲਿਆਂਦਾ ਹੈ, ਉਹ ਮਾਣ ਕਰਨਯੋਗ ਹੈ। ਫਖ਼ਰ ਕਰਨਯੋਗ ਹੈ। ਲੋਕਾਂ ਦੀ ਲਹਿਰ ਦੇ ਸਿਹਤਮੰਦ ਜੁੱਸੇ ਦੀ ਅਤੇ ਇਸਦੇ ਰੌਸ਼ਨ ਭਵਿੱਖ ਦੀ ਗਵਾਹੀ ਭਰਨ ਵਾਲਾ ਹੈ। ਇਸ ਖ਼ੂਨੀ ਵਾਰ ਖਿਲਾਫ਼ ਜੋ ਪ੍ਰਤੀਕਰਮ ਹੋਇਆ ਹੈ, ਉਸਨੇ ਵਿਖਾਇਆ ਹੈ ਕਿ ਜਥੇਬੰਦ ਹੋ ਕੇ ਜੂਝਣ ਦੇ ਰਾਹ 'ਤੇ ਅੱਗੇ ਵਧਣ ਦਾ ਲੋਕ-ਇਰਾਦਾ ਜੜ੍ਹਾਂ ਜਮਾ ਚੁੱਕਿਆ ਹੈ। ਇਹਨਾਂ ਜੜ੍ਹਾਂ ਨੂੰ ਕੱਟਣਾ ਅਤੇ ਖੁਰਚ ਕੇ ਲਾਂਭੇ ਕਰਨਾ ਹੁਣ ਸੰਭਵ ਨਹੀਂ ਹੈ। ਰਾਜ-ਭਾਗ ਦੇ ਮਾਲਕਾਂ ਨੇ ਅਤੇ ਉਹਨਾਂ ਦੀਆਂ ਗੈਰ ਕਾਨੂੰਨੀ ਬਾਹਾਂ ਬਣੇ ਹਿੰਸਕ ਸਿਆਸੀ ਗੁੰਡਾ ਟੋਲੇ ਨੇ ਲੋਕਾਂ ਨੂੰ ਬੇਦਿਲ ਕਰਨ ਦਾ ਜੋ ਭਰਮ ਪਾਲਿਆ ਸੀ, ਉਸਦੇ ਤਾਰ-ਤਾਰ ਹੋ ਜਾਣ ਦੀ ਗਵਾਹੀ ਮਿਲ ਚੁੱਕੀ ਹੈ। ਸ਼ਹਾਦਤ ਦੇ ਤੁਰੰਤ ਬਾਅਦ ਅੰਮ੍ਰਿਤਸਰ ਦੀ ਧਰਤੀ 'ਤੇ ਹੋਏ ਰੋਹ ਭਰੇ ਮਾਰਚ ਨੇ, 18 ਫਰਵਰੀ ਨੂੰ ਸ਼ਹੀਦ ਆਗੂ ਦੇ ਸਸਕਾਰ ਸਮੇਂ ਰੋਹ ਨਾਲ ਗਰਜਦੇ 12 ਹਜ਼ਾਰ ਲੋਕਾਂ ਦੇ ਇਕੱਠ ਨੇ, 24 ਫਰਵਰੀ ਨੂੰ ਲੱਗਭੱਗ ਸਭ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਬੇਰੁਜ਼ਗਾਰ ਨੌਜੁਆਨਾਂ ਅਤੇ ਹੋਰਨਾਂ ਲੋਕਾਂ ਦੇ ਹਜ਼ਾਰਾਂ ਦੀ ਗਿਣਤੀ ਵਿਚ ਜੁੜੇ ਇਕੱਠਾਂ ਨੇ ਅਤੇ ਫੇਰ 28 ਫਰਵਰੀ ਨੂੰ ਸ਼ਰਧਾਂਜਲੀ ਸਮਾਗਮ ਵੇਲੇ ਉਮੜ ਕੇ ਆਈਆਂ ਲੋਕ ਵਹੀਰਾਂ ਨੇ ਖ਼ੂਨੀ ਵਾਰ ਦੇ ਜਨਤਕ ਜੁਆਬ ਦੀ ਫਖਰਯੋਗ ਝਲਕ ਪੇਸ਼ ਕੀਤੀ ਹੈ। 
ਇਸ ਪ੍ਰਤੀਕਰਮ ਦੇ ਕੁਝ ਪੱਖ ਵਿਸ਼ੇਸ਼ ਤੌਰ 'ਤੇ ਧਿਆਨ ਖਿੱਚਣ ਵਾਲੇ ਹਨ। ਇੱਕ ਪੱਖ ਅੰਮ੍ਰਿਤਸਰ ਜ਼ਿਲ੍ਹੇ ਦੀ ਕਿਸਾਨ ਜਨਤਾ ਅੰਦਰ ਇਸ ਖ਼ੂਨੀ ਵਾਰ ਸਦਕਾ ਆਏ ਜਨਤਕ ਹਲੂਣੇ ਦਾ ਪੱਖ ਹੈ। ਇਹ ਉਹ ਥਾਂ ਹੈ ਜਿਥੇ ਪੁੰਗਰਦੀ ਆਬਾਦਕਾਰ ਕਿਸਾਨਾਂ ਦੇ ਹੱਕਾਂ ਦੀ ਲਹਿਰ ਨੂੰ ਮਸਲ਼ ਦੇਣ ਦੇ ਵਿਸ਼ੇਸ਼ ਇਰਾਦੇ ਨਾਲ ਇਹ ਖ਼ੂਨੀ ਵਾਰ ਕੀਤਾ ਗਿਆ ਹੈ। ਭੋਇੰ-ਮਾਫੀਏ ਅਤੇ ਇਸਦੇ ਸਿਆਸੀ ਸਰਪ੍ਰਸਤਾਂ ਵੱਲੋਂ ਇਸ ਕਤਲ ਪਿੱਛੋਂ ਸਨਾਟਾ ਛਾ ਜਾਣ ਅਤੇ ਕਿਸਾਨ ਜਨਤਾ ਦੇ ਦਹਿਲ ਕੇ ਨਿੱਸਲ ਹੋ ਜਾਣ ਦੀ ਜੋ ਕਲਪਨਾ ਕੀਤੀ ਗਈ ਸੀ, ਉਹ ਭੁੰਜੇ ਜਾ ਪਈ ਹੈ। ਬੀ.ਕੇ.ਯੂ. (ਏਕਤਾ) ਵੱਲੋਂ ਹੋਰ 21 ਕਿਸਾਨ-ਖੇਤ ਮਜ਼ਦੂਰ ਜਥੇਬੰਦੀਆਂ ਦੀ ਹਮਾਇਤ ਨਾਲ 24 ਫਰਵਰੀ ਨੂੰ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਧਰਨਿਆਂ ਦਾ ਸੱਦਾ ਦਿੱਤਾ ਗਿਆ ਸੀ। ਸਭਨਾਂ ਦੀਆਂ ਨਜ਼ਰਾਂ ਇਸ ਗੱਲ 'ਤੇ ਲੱਗੀਆਂ ਹੋਈਆਂ ਸਨ ਕਿ ਅੰਮ੍ਰਿਤਸਰ ਦੀ ਕਿਸਾਨ ਜਨਤਾ ਇਸ ਸੱਦੇ ਦਾ ਕਿਵੇਂ ਹੁੰਗਾਰਾ ਭਰਦੀ ਹੈ। ਖ਼ੂਨੀ ਹਮਲੇ ਦੇ ਖੇਤਰ ਵਿਚ ਕਿਸਾਨ ਕਾਫ਼ਲੇ ਵੱਲੋਂ ਲੋੜੀਂਦੀਆਂ ਸੁਰੱਖਿਆ ਤਿਆਰੀਆਂ ਨਾਲ 25 ਪਿੰਡਾਂ ਵਿਚ ਕੀਤੇ ਮਾਰਚ ਨੇ ਅਤੇ ਜਨਤਾ ਵੱਲੋਂ ਕਬੁਲਵੇਂ ਹੁੰਗਾਰੇ ਨੇ ਇਹ ਸੰਕੇਤ ਪਹਿਲਾਂ ਹੀ ਦੇ ਦਿੱਤਾ ਸੀ ਕਿ ਸਹਿਮ ਦੀ ਧੁੰਦ ਨਾਲ ਕਿਸਾਨ ਜਨਤਾ ਨੂੰ ਬੇਹਰਕਤ ਕਰ ਦੇਣ ਦੀ ਕੋਸ਼ਿਸ਼ ਦੇ ਪੈਰ ਨਹੀਂ ਲੱਗੇ। ਪਰ 24 ਫਰਵਰੀ ਨੂੰ ਅੰਮ੍ਰਿਤਸਰ ਦੇ ਜ਼ਿਲ੍ਹਾ ਹੈੱਡਕੁਆਟਰ 'ਤੇ ਜੁੜੇ ਢਾਈ ਹਜ਼ਾਰ ਲੋਕਾਂ ਦੇ ਵੱਡੇ ਕਾਫ਼ਲੇ ਨੇ ਹਰ ਕਿਸੇ ਨੂੰ ਸਪਸ਼ਟ ਕਰ ਦਿੱਤਾ ਕਿ ਕਿਸਾਨ ਜਨਤਾ ਆਪਣੇ ਸੰਘਰਸ਼ ਨੂੰ ਧੜੱਲੇ ਨਾਲ ਅੱਗੇ ਲੈ ਕੇ ਜਾਣ ਲਈ ਡਟੀ ਹੋਈ ਹੈ। 
28 ਫਰਵਰੀ ਨੂੰ ਹੋਇਆ ਸ਼ਰਧਾਂਜਲੀ ਸਮਾਗਮ 22 ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਮੁਲਾਜ਼ਮ ਜਥੇਬੰਦੀਆਂ ਅਤੇ ਹੋਰ ਜਥੇਬੰਦੀਆਂ ਇਸ ਸਮਾਗਮ ਵਿਚ ਸ਼ਰੀਕ ਹੋਈਆਂ। ਪੰਜਾਬੀ ਟ੍ਰਿਬਿਊਨ ਦੇ ਇੱਕ ਨਿਰਖਵਾਨ ਪੱਤਰਕਾਰ ਮੁਤਾਬਕ ਇਕੱਠ ਦੀ ਗਿਣਤੀ 30 ਹਜ਼ਾਰ ਨੂੰ ਢੁਕੀ। ਇਹ ਇਕੱਠ ਹੋਲੇ-ਮਹੱਲੇ ਦੇ ਉਹਨਾਂ ਦਿਨਾਂ ਵਿਚ ਜੁੜਿਆ ਜਦੋਂ ਪੰਜਾਬ ਦੇ ਕਈ ਖੇਤਰਾਂ ਵਿਚ ਮੇਲੇ ਦੀ ਵਜ੍ਹਾ ਕਰਕੇ ਘਰ ਖਾਲੀ ਹੋ ਜਾਂਦੇ ਹਨ। ਇਸ ਤੋਂ ਇਲਾਵਾ 27 ਫਰਵਰੀ ਨੂੰ ਡੇਰਾ ਸੱਚਾ ਸੌਦਾ ਮੁਖੀ ਖਿਲਾਫ ਕਤਲ ਕੇਸ ਦੇ ਮਾਮਲੇ ਨੂੰ ਲੈ ਕੇ ਸਾੜ-ਫੂਕ ਦੀਆਂ ਘਟਨਾਵਾਂ ਹੋਈਆਂ ਸਨ, ਦਹਿਸ਼ਤ ਅਤੇ ਬੇਯਕੀਨੀ ਦੇ ਮਾਹੌਲ ਕਰਕੇ ਬੱਸਾਂ ਦੀ ਆਵਾਜਾਈ ਠੱਪ ਹੋ ਕੇ ਰਹਿ ਗਈ ਸੀ। ਸ਼ਰਧਾਂਜਲੀ ਸਮਾਗਮ ਲਈ ਕਿਰਾਏ 'ਤੇ ਕੀਤੀਆਂ ਗੱਡੀਆਂ ਦੇ ਮਾਲਕ ਜਕੋਤਕੀ ਵਿਚ ਪੈ ਗਏ ਸਨ ਅਤੇ ਇਸ ਮਾਹੌਲ ਵਿਚ ਕਾਫੀ ਲੋਕਾਂ ਦੀਆਂ ਇਕੱਠ ਵਿਚ ਸ਼ਰੀਕ ਹੋਣ ਦੀਆਂ ਕੋਸ਼ਿਸ਼ਾਂ ਨੂੰ ਫਲ ਨਹੀਂ ਲੱਗਿਆ ਸੀ। 
Ñਲੋਕਾਂ ਦੇ ਹੁੰਗਾਰੇ ਦੀ ਇੱਕ ਹੋਰ ਉੱਭਰਵੀਂ ਗਵਾਹੀ ਏਨੇ ਵੱਡੇ ਇਕੱਠ ਲਈ ਨਾ ਮੁੱਕਣ ਵਾਲੇ ਲੰਗਰ ਦੇ ਵਿਉਂਤਬੱਧ ਇੰਤਜ਼ਾਮਾਂ ਨੇ ਦਿੱਤੀ। ਕੁਇੰਟਲਾਂ ਵਿਚ ਦੁੱਧ ਅਤੇ ਸਬਜ਼ੀਆਂ ਬਾਕੀ ਬਚ ਗਈਆਂ। ਕਿਸਾਨਾਂ ਵੱਲੋਂ ਟਰਾਲੀਆਂ ਵਿਚ ਲਿਆਂਦੇ ਰੋਟੀਆਂ ਦੇ ਭਰੇ ਟੋਕਰੇ ਮੁੱਕਣ 'ਚ ਨਾ ਆਏ। ਦੁੱਖ ਦੇ ਨਾਲ ਨਾਲ ਰੋਹ ਅਤੇ ਜੋਸ਼ ਨਾਲ ਭਰਿਆ ਮਾਹੌਲ ਸਮਾਗਮ 'ਤੇ ਛਾਇਆ ਰਿਹਾ। ਗੀਤ-ਕਵਿਤਾਵਾਂ, ਤਕਰੀਰਾਂ ਅਤੇ ਨਾਹਰੇ ਗੂੰਜਦੇ ਰਹੇ। 
ਪਰ ਇਸ ਸਮਾਗਮ ਦਾ ਸਭ ਤੋਂ ਨੋਟ ਕਰਨਯੋਗ ਪੱਖ ਕਿਸਾਨ ਏਕਤਾ ਅਤੇ ਲੋਕ ਏਕਤਾ ਦੇ ਉਮੜਦੇ ਜਜ਼ਬੇ ਨਾਲ ਧੜਕਦਾ ਮਾਹੌਲ ਬਣਿਆ। ਵੱਖ ਵੱਖ ਜਥੇਬੰਦੀਆਂ ਦੇ ਆਗੂ ਦੁੱਖ ਅਤੇ ਸਰੋਕਾਰ ਦੇ ਖਰੇ ਜਜ਼ਬੇ ਨਾਲ ਝੂਣੇ ਹੋਏ ਨਜ਼ਰ ਆਏ। ਕਿੰਨੀਆਂ ਹੀ ਤਕਰੀਰਾਂ ਨਮ ਨਜ਼ਰਾਂ ਅਤੇ ਥਰਕਦੇ ਬੋਲਾਂ ਨਾਲ ਹੋਈਆਂ। ਤਖਤੂਪੁਰਾ ਦੀ ਘਾਲਣਾ, ਕੁਰਬਾਨੀ ਅਤੇ ਸੂਝ-ਸਿਆਣਪ ਨੂੰ ਬੇਸੰਕੋਚ ਸਿਜਦੇ ਹੋਏ। ਬੀ.ਕੇ.ਯੂ. (ਏਕਤਾ) ਵੱਲੋਂ ਆਬਾਦਕਾਰਾਂ ਦੇ ਹੱਕਾਂ ਲਈ ਚੁੱਕੇ ਝੰਡੇ ਨੂੰ ਰਲ ਕੇ ਹੋਰ ਉੱਚਾ ਕਰਨ ਦੀ ਭਾਵਨਾ ਪ੍ਰਗਟ ਹੋਈ। ਦੁਸ਼ਮਣ ਦੇ ਖ਼ੂਨੀ ਵਾਰ ਨੂੰ ਸਿਰਫ ਬੀ.ਕੇ.ਯੂ. (ਏਕਤਾ) ਉੱਤੇ ਹੀ ਨਹੀਂ ਸਮੁੱਚੀ ਜਥੇਬੰਦ ਕਿਸਾਨ ਲਹਿਰ ਉੱਤੇ ਹਮਲਾ ਗਰਦਾਨਿਆ ਗਿਆ ਅਤੇ ਸਮੁੱਚੀ ਲੋਕ ਲਹਿਰ ਲਈ ਗੰਭੀਰ ਚੁਣੌਤੀ ਕਰਾਰ ਦਿੱਤਾ ਗਿਆ। ਬਾਦਲ ਸਰਕਾਰ ਵੱਲੋਂ ਕਾਤਲਾਂ ਦੀ ਰਾਖੀ ਦੇ ਇਰਾਦੇ ਦੀ ਬਿਨਾਂ ਰੱਖ-ਰਖਾਅ ਦੇ ਨਿੰਦਾ ਕੀਤੀ ਗਈ ਅਤੇ ਸਰਬਸੰਮਤੀ ਨਾਲ ਅਦਾਲਤੀ ਜਾਂਚ ਦੀ ਮੰਗ ਉੱਚੀ ਕੀਤੀ ਗਈ। 15 ਮਾਰਚ ਨੂੰ ਬਿਜਲੀ ਬੋਰਡ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਖਿਲਾਫ ਅਤੇ ਹੋਰ ਮੰਗਾਂ ਲਈ 22 ਕਿਸਾਨ-ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੁਜਾਹਰੇ ਦੌਰਾਨ ਤਖਤੂਪੁਰਾ ਦੀ ਸ਼ਹਾਦਤ ਨਾਲ ਜੁੜੀਆਂ ਮੰਗਾਂ ਨੂੰ ਅਹਿਮ ਥਾਂ ਦੇਣ ਦਾ ਐਲਾਨ ਕੀਤਾ ਗਿਆ। ਇਹ ਸਾਂਝਾ ਮੱਤ ਉਭਾਰਿਆ ਗਿਆ ਕਿ ਕਿਸਾਨ ਲਹਿਰ 'ਤੇ ਸ਼ੁਰੂ ਹੋਏ ਹਿੰਸਕ ਹਮਲਿਆਂ ਖਿਲਾਫ ਲੜਾਈ ਸਭਨਾਂ ਦੇ ਰਲਵੇਂ ਉੱਦਮ ਨਾਲ ਅੱਗੇ ਵਧਾਈ ਜਾਵੇਗੀ। ਮਗਰੋਂ ਇਸੇ ਰੌਸ਼ਨੀ ਵਿਚ 25 ਮਾਰਚ ਤੋਂ ਤਖਤੂਪੁਰਾ ਦੇ ਕਤਲ ਖਿਲਾਫ ਅਤੇ ਖੰਨਾ-ਚਮਾਰਾ ਕਤਲ ਕਾਂਡ ਖਿਲਾਫ ਅੰਮ੍ਰਿਤਸਰ ਵਿਚ ਸ਼ੁਰੂ ਹੋ ਰਹੇ ਧਰਨੇ ਦਾ ਐਲਾਨ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਇਸ ਦੇ ਸਮਰਥਨ ਦਾ ਐਲਾਨ ਵੀ ਸਾਂਝੇ ਤੌਰ 'ਤੇ ਕੀਤਾ ਗਿਆ। 
ਇਸ ਸਾਰੇ ਕੁਝ ਪਿੱਛੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿਚ ਸਾਂਝੇ ਹਿੱਤਾਂ ਲਈ ਰਲ ਕੇ ਜੂਝਣ ਦੀ ਅੰਗੜਾਈ ਲੈ ਰਹੀ ਭਾਵਨਾ ਕੰਮ ਕਰਦੀ ਹੈ। ਇਸ ਭਾਵਨਾ ਦੇ ਬੀਜ ਵਰ੍ਹਿਆਂ-ਬੱਧੀ ਅਣਥੱਕ ਘਾਲਣਾ ਨਾਲ ਬੀਜੇ ਗਏ ਹਨ। ਇਸ ਭਾਵਨਾ ਨੂੰ ਬੂਰ ਪੈਣ 'ਚ ਬਿਨਾਂ ਸ਼ੱਕ ਇਸ ਗੱਲ ਨੇ ਵੀ ਰੋਲ ਨਿਭਾਇਆ ਹੈ ਕਿ ਹੁਣ ਇਹ ਸਾਥੀ ਤਖਤੂਪੁਰਾ ਦੇ ਡੁੱਲ੍ਹੇ ਲਹੂ ਨਾਲ ਸਿੰਜੀ ਗਈ ਹੈ। 
ਇਸ ਘਟਨਾਕਰਮ ਦੌਰਾਨ ਜਥੇਬੰਦ ਕਿਸਾਨ ਸ਼ਕਤੀ ਨਾਲ ਹੋਰਨਾਂ ਲੋਕ ਹਿੱਸਿਆਂ ਦਾ ਅਪਣੱਤ ਭਰਿਆ ਰਿਸ਼ਤਾ ਉੱਘੜ ਕੇ ਪ੍ਰਗਟ ਹੋਇਆ ਹੈ। ਇਸ ਦੀ ਸਭ ਤੋਂ ਉੱਘੜਵੀਂ ਝਲਕ ਹਲੂਣੀ ਹੋਈ ਖੇਤ ਮਜ਼ਦੂਰ ਜਨਤਾ ਨੇ ਪੇਸ਼ ਕੀਤੀ ਹੈ। ਖੇਤ ਮਜ਼ਦੂਰਾਂ ਨੂੰ ਲੱਗਿਆ ਹੈ ਕਿ ਇਹ ਹਮਲਾ ਕਿਸਾਨਾਂ ਉੱਤੇ ਨਹੀਂ ਖੁਦ ਉਹਨਾਂ ਉੱਤੇ ਹੋਇਆ ਹੈ। ਪਿਛਲੇ ਵਰ੍ਹਿਆਂ ਵਿਚ ਜਥੇਬੰਦ ਕਿਸਾਨ ਜਨਤਾ ਵੱਲੋਂ ਵੱਡੇ ਭੋਇੰ-ਮਾਲਕ ਧਨਾਢਾਂ ਦੇ ਹਿੱਤਾਂ ਨਾਲੋਂ ਵਿੱਥ ਸਿਰਜਣ ਅਤੇ ਨਿਖੇੜਾ ਕਰਨ ਵੱਲ ਕਦਮ ਵਧਾਏ ਗਏ ਹਨ। ਅੱਜ ਜਥੇਬੰਦ ਕਿਸਾਨ ਲਹਿਰ ਦਾ ਆਪਣਾ ਮੱਥਾ ਖੁਦ ਸੂਦਖੋਰਾਂ ਅਤੇ ਵੱਡੇ ਭੋਇੰ-ਮਾਲਕ ਧਨਾਢਾਂ ਨਾਲ ਲੱਗ ਰਿਹਾ ਹੈ। ਅਸਲ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਜੋਟੀ 'ਤੇ ਅਧਾਰਤ ਸਾਂਝੀ ਲਹਿਰ ਵੱਲ ਵਧਣ ਦੇ ਆਸਾਰ ਰੌਸ਼ਨ ਹੋ ਰਹੇ ਹਨ। ਤਖਤੂਪੁਰਾ ਦੇ ਡੁੱਲ੍ਹੇ ਲਹੂ ਨੇ ਇਹਨਾਂ ਆਸਾਰਾਂ ਨੂੰ ਹੋਰ ਰੌਸ਼ਨ ਕਰਨ ਵਿਚ ਹਿੱਸਾ ਪਾਇਆ ਹੈ। 
ਆਪਸੀ ਅਪਣੱਤ ਦੀ ਇਸ ਭਾਵਨਾਂ ਦਾ ਇੱਕ ਹੋਰ ਉੱਘੜਵਾਂ ਪ੍ਰਗਟਾਵਾ ਬੇਰੁਜ਼ਗਾਰੀ ਖਿਲਾਫ ਜੂਝਦੀ ਆ ਰਹੀ ਜੁਆਨੀ ਵੱਲੋਂ ਹੋਇਆ ਹੈ। ਨਵੀਆਂ ਆਰਥਿਕ ਨੀਤੀਆਂ ਦੇ ਅਸਰਾਂ ਖਿਲਾਫ਼ ਸੰਘਰਸ਼ ਦੇ ਮੈਦਾਨ ਵਿਚ ਜਥੇਬੰਦ ਕਿਸਾਨ ਸ਼ਕਤੀ ਵੱਲੋਂ ਹਰ ਤਬਕੇ ਨਾਲ ਕੰਨ੍ਹਾਂ ਲਾਉਣ ਦੀ ਰਵਾਇਤ ਨੇ ਜੋ ਡੂੰਘਾ ਅਸਰ ਛੱਡਿਆ ਹੈ, ਉਹ ਤਖਤੂਪੁਰਾ ਦੀ ਸ਼ਹਾਦਤ ਪਿੱਛੋਂ ਛਲਕ ਕੇ ਸਾਹਮਣੇ ਆਇਆ ਹੈ। ਪੱਕੇ ਸਰਕਾਰੀ ਰੁਜ਼ਗਾਰ ਲਈ ਜੂਝ ਰਹੇ ਈ.ਟੀ.ਟੀ. ਅਧਿਆਪਕਾਂ ਦੇ ਮੁੱਖ ਆਗੂ ਨੇ ਸ਼ਹੀਦ ਦੇ ਸਸਕਾਰ ਮੌਕੇ ਅਰਥੀ ਨੂੰ ਮੋਢਾ ਲਾਉਣ ਤੋਂ ਪਹਿਲਾਂ ਆਪਣੀ ਤਕਰੀਰ ਵਿਚ ਆਖਿਆ ਕਿ ਇਹ ਚੁਣੌਤੀ ਸਿਰਫ ਕਿਸਾਨਾਂ ਖਾਤਰ ਨਹੀਂ ਹੈ। ਪੰਜਾਬ ਦੀ ਜੁਆਨੀ ਖਾਤਰ ਹੈ, ਜਿਸ ਨੇ ਕਿਸਾਨਾਂ ਦੀ ਖਰੀ ਹਮਾਇਤ ਦਾ ਨਿੱਘ ਮਾਣਿਆ ਹੈ ਅਤੇ ਸੰਘਰਸ਼ ਲਈ ਪਰ ਤੋਲਣ ਵੇਲੇ ਇਸ ਦੀ ਭਰੋਸੇਯੋਗ ਖਰੀ ਹਮਾਇਤ ਨੂੰ ਗਿਣਤੀ ਵਿਚ ਰੱਖਿਆ ਹੈ। 
ਇਉਂ ਤਖਤੂਪੁਰਾ ਦੀ ਸ਼ਹਾਦਤ ਨੇ ਪੁਸ਼ਟੀ ਕੀਤੀ ਹੈ ਕਿ ਲੋਕ ਲਹਿਰ ਦੀਆਂ ਵੱਖ ਵੱਖ ਟੁਕੜੀਆਂ ਤਬਕਾਤੀ ਚੇਤਨਾ ਦੀ ਵਲਗਣ ਤੋਂ ਅੱਗੇ ਜਾਣ ਲਈ ਅਹੁਲ ਰਹੀਆਂ ਹਨ ਅਤੇ ਇਸ ਸ਼ਹਾਦਤ ਦੇ ਝੰਜੋੜੇ ਨਾਲ ਉਹਨਾਂ ਦੇ ਕਦਮਾਂ ਨੇ ਤੇਜੀ ਫੜੀ ਹੈ। 
੦ ੦ ੦ ੦ ੦
ਅਦਾਲਤੀ ਜਾਂਚ ਦੀ ਮੰਗ ਅਤੇ ਅਕਾਲੀ ਸਰਕਾਰ
ਕਿਸਾਨ ਜਥੇਬੰਦੀਆਂ ਵੱਲੋਂ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੇ ਕਤਲ ਸੰਬੰਧੀ ਅਦਾਲਤੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਨੇ ਪੁਲਸ ਵੱਲੋਂ ਜਾਂਚ ਦੇ ਐਲਾਨ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੀ ਮੰਗ ਬਾਰੇ ਘੇਸਲ ਮਾਰੀ ਹੋਈ ਹੈ। ਇਹ ਘੇਸਲ ਇਨਕਾਰ ਦਾ ਹੀ ਬਦਲਿਆ ਹੋਇਆ ਰੂਪ ਹੈ। 
ਕਿਸਾਨ ਜਥੇਬੰਦੀਆਂ ਵੱਲੋਂ ਪੁਲਸ ਜਾਂਚ ਦੀ ਮੰਗ ਨੂੰ ਠੁਕਰਾਉਣ ਦਾ ਜੋ ਅਧਾਰ ਪੇਸ਼ ਕੀਤਾ ਜਾ ਰਿਹਾ ਹੈ, ਉਸ ਨੂੰ ਰੱਦ ਕਰਨਾ ਸੌਖਾ ਨਹੀਂ ਹੈ। ਬਹੁਤ ਮੂੰਹ-ਜ਼ੋਰ ਤੱਥ ਇਹ ਗੱਲ ਸਾਹਮਣੇ ਲਿਆਉਂਦੇ ਹਨ ਕਿ ਨਾ ਪੁਲਸ ਅਧਿਕਾਰੀਆਂ ਅਤੇ ਨਾ ਹੀ ਸਰਕਾਰ 'ਤੇ ਕਿਸੇ ਭਰੋਸੇ ਦਾ ਅਧਾਰ ਬਾਕੀ ਬਚਿਆ ਹੈ। ਸਾਧੂ ਸਿੰਘ ਤਖਤੂਪੁਰਾ ਦੇ ਕਤਲ ਤੋਂ ਕਾਫੀ ਚਿਰ ਪਹਿਲਾਂ (8 ਮਾਰਚ 2009) ਪਿੰਡ ਸੌੜੀਆਂ ਵਿਚ ਕਿਸਾਨ ਬਿਕਰਮਜੀਤ ਸਿੰਘ ਦੇ ਪਰਿਵਾਰ 'ਤੇ ਹਮਲਾ ਹੋਇਆ। ਹਮਲਾ 50-60 ਲੱਠਮਾਰਾਂ ਵੱਲੋਂ ਹੋਇਆ। ਬੰਦੂਕਾਂ, ਨੰਗੀਆਂ ਤਲਵਾਰਾਂ, ਦਾਤਰਾਂ ਅਤੇ ਹੋਰ ਹਥਿਆਰਾਂ ਨਾਲ ਲੈਸ ਹੋ ਕੇ ਹੋਇਆ। ਬਿਕਰਮਜੀਤ ਸਿੰਘ ਦੀ ਪਤਨੀ ਅਤੇ ਮਾਤਾ ਨੂੰ ਘਰੋਂ ਘੜੀਸ ਕੇ ਗੱਡੀ ਵਿਚ ਸੁੱਟ ਕੇ ਕੁੱਟਮਾਰ ਕਰਦੇ ਹੋਏ ਅਗਵਾ ਕੀਤਾ ਗਿਆ। ਇਹ ਘਟਨਾ ਇਸ ਗੱਲ ਦੇ ਬਾਵਜੂਦ ਹੋਈ ਕਿ ਘਟਨਾ ਤੋਂ ਤਕਰੀਬਨ ਸਵਾ ਮਹੀਨਾਂ ਪਹਿਲਾਂ ਕਿਸਾਨ ਜਥੇਬੰਦੀ ਇਸ ਹਮਲੇ ਦੇ ਖਤਰੇ ਬਾਰੇ ਮੁੱਖ ਮੰਤਰੀ ਨੂੰ ਸੂਚਿਤ ਕਰ ਚੁੱਕੀ ਸੀ। ਪੁਲਸ ਨੰਗੇ-ਚਿੱਟੇ ਰੂਪ ਵਿਚ ਦੋਸ਼ੀਆਂ ਦੀ ਸਹਾਇਤਾ ਲਈ ਅੱਗੇ ਆਈ। ਪੀੜਤ ਪਰਿਵਾਰ ਵੱਲੋਂ ਇਸ ਘਟਨਾ ਲਈ ਨਾਮਜ਼ਦ ਕੀਤੇ 14 ਦੋਸ਼ੀਆਂ 'ਚੋਂ 12 ਨੂੰ ਪਰਚੇ ਵਿਚ ਲਿਆਂਦਾ ਹੀ ਨਾ ਗਿਆ। ਜਿਹਨਾਂ ਖਿਲਾਫ ਦਰਜ ਵੀ ਕੀਤਾ ਗਿਆ ਉਹਨਾਂ ਨੂੰ ਕਿਸੇ ਨੇ ਗ੍ਰਿਫਤਾਰ ਨਾ ਕੀਤਾ। ਸਾਬਕਾ ਅਕਾਲੀ ਐਮ.ਐਲ.ਏ. ਵੀਰ ਸਿੰਘ ਲੋਪੋਕੇ, ਚੇਅਰਮੈਨ ਸਰਬਜੀਤ ਸਿੰਘ ਅਤੇ ਥਾਣੇਦਾਰ ਰਛਪਾਲ ਸਿੰਘ ਖਿਲਾਫ਼ ਪੁਲਸ ਅਧਿਕਾਰੀਆਂ ਕੋਲ ਕੀਤੀਆਂ ਲਿਖਤੀ ਸ਼ਿਕਾਇਤਾਂ ਨੂੰ ਹਕਾਰਤ ਨਾਲ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ ਗਿਆ। 
ਆਬਾਦਕਾਰਾਂ ਦੇ ਹੱਕਾਂ ਦੇ ਮਾਮਲੇ 'ਤੇ ਚਲੇ ਆ ਰਹੇ ਸੰਘਰਸ਼ ਦੌਰਾਨ ਉਹ ਸਾਰੇ ਵਿਅਕਤੀ ਕਿਸਾਨ ਜਥੇਬੰਦੀ ਨਾਲ ਟਕਰਾਅ ਵਿਚ ਸਿੱਧੀ ਧਿਰ ਵਜੋਂ ਇਲਾਕੇ 'ਚ ਸਭਨਾਂ ਵੱਲੋਂ ਜਾਣੇ-ਪਛਾਣੇ ਹਨ, ਜਿਹਨਾਂ ਨੂੰ ਸਾਧੂ ਸਿੰਘ ਤਖਤੂਪੁਰਾ ਦੇ ਕਤਲ ਦੀ ਸਾਜਿਸ਼ ਦੇ ਦੋਸ਼ੀਆਂ ਵਜੋਂ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਹਨਾਂ ਖਿਲਾਫ ਪੁਲਸ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਦਿੱਤੇ ਅਨੇਕਾਂ ਲਿਖਤੀ ਮੈਮੋਰੈਂਡਮਾਂ ਦੀਆਂ ਨਕਲਾਂ ਕਿਸਾਨ ਜਥੇਬੰਦੀਆਂ ਅਤੇ ਪੀੜਤ ਪਰਿਵਾਰਾਂ ਕੋਲ ਮੌਜੂਦ ਹਨ। ਸਾਧੂ ਸਿੰਘ ਤਖਤੂਪੁਰਾ ਦੀ ਨਿੱਜੀ ਪੜਤਾਲੀਆ ਡਾਇਰੀ ਵਿਚ ਜ਼ਮੀਨਾਂ 'ਤੇ ਨਜਾਇਜ਼ ਕਬਜ਼ਿਆਂ ਦੇ ਕਿੰਨੇ ਹੀ ਮਾਮਲਿਆਂ ਵਿਚ ਇਹਨਾਂ ਦੇ ਨਾਂ ਬੋਲਦੇ ਹਨ। ਇਹ ਤੱਥ ਜਾਣਿਆ-ਪਛਾਣਿਆ ਹੈ ਕਿ ਲੰਮੀ ਜੱਦੋਜਹਿਦ ਮਗਰੋਂ 15 ਫਰਵਰੀ ਨੂੰ ਪਿੰਡ ਸੌੜੀਆਂ ਦੇ ਕਿਸਾਨ ਦੇ ਨਾਂ ਹੋਈ ਗਿਰਦਾਵਰੀ ਵੀਰ ਸਿੰਘ ਲੋਪੋਕੇ, ਥਾਣੇਦਾਰ ਰਛਪਾਲ ਬਾਬਾ ਅਤੇ ਸਰਬਜੀਤ ਦੇ ਸਿੱਧੇ ਦਖਲ ਸਦਕਾ ਨਹੱਕੇ ਤੌਰ 'ਤੇ ਲੰਮਾ ਚਿਰ ਰੁਕੀ ਰਹੀ ਸੀ। ਇਹ ਤੱਥ ਵੀ ਜਾਣਿਆ ਪਛਾਣਿਆ ਹੈ ਕਿ 17 ਫਰਵਰੀ ਨੂੰ ਕਿਸਾਨ ਜਥੇਬੰਦੀ ਨੇ ਥਾਣੇਦਾਰ ਰਛਪਾਲ ਸਿੰਘ ਦੀ ਗ੍ਰਿਫਤਾਰੀ ਲਈ ਧਰਨਾ ਰੱਖਿਆ ਹੋਇਆ ਸੀ। ਉਸ ਉੱਤੇ ਕਿਸਾਨ ਸੁੱਖਾ ਸਿੰਘ ਦੇ ਕਤਲ ਦਾ ਕੇਸ ਦਰਜ ਕੀਤਾ ਹੋਇਆ ਹੈ। 
ਇਸ ਤੋਂ ਇਲਾਵਾ, ਹਮਲੇ ਦੌਰਾਨ ਜ਼ਖਮੀ ਹੋਏ ਕਿਸਾਨਾਂ ਨੇ ਖੁਦ ਕਤਲ ਕੇਸ ਦੀ ਸਾਜਿਸ਼ ਦੇ ਦੋਸ਼ੀਆਂ ਦੇ ਨਾਂ ਦੱਸੇ ਹਨ। ਐਫ.ਆਈ.ਆਰ. ਦੇ ਅਧਾਰ 'ਤੇ ਇਹਨਾਂ ਦੋਸ਼ੀਆਂ ਖਿਲਾਫ ਕਤਲ ਕੇਸ ਦਰਜ ਕਰਨ ਦਾ ਐਲਾਨ ਖੁਦ ਐਸ.ਐਸ.ਪੀ. ਵੱਲੋਂ ਕੀਤਾ ਗਿਆ। ਪਰ ਐਫ.ਆਈ.ਆਰ. ਦਰਜ ਹੋਣ ਪਿੱਛੋਂ, ਐਮ.ਐਲ.ਏ. ਵੀਰ ਸਿੰਘ ਲੋਪੋਕੇ ਅੰਮ੍ਰਿਤਸਰ ਵਿਚ ਕੇਂਦਰੀ ਗ੍ਰਹਿ ਮੰਤਰੀ ਦੇ ਆਉਣ 'ਤੇ ਇਕੱਠ ਦੀਆਂ ਅਗਲੀਆਂ ਕਤਾਰਾਂ ਵਿਚ ਨਿਸਚਿੰਤ ਹੋ ਕੇ ਬੈਠਿਆ ਅਤੇ ਉਸਦੀਆਂ ਫੋਟੋਆਂ ਅਖਬਾਰਾਂ ਵਿਚ ਪ੍ਰਕਾਸ਼ਤ ਹੋਈਆਂ। ਇਸ ਤੋਂ ਪਿੱਛੋਂ ਪੁਲਸ ਅਧਿਕਾਰੀਆਂ ਦੇ ਬਦਲੇ ਹੋਏ ਤੌਰ ਸਾਹਮਣੇ ਆਏ। ਐਸ.ਐਸ.ਪੀ. ਨੂੰ ਭੇਦ-ਭਰੇ ਢੰਗ ਨਾਲ ਦ੍ਰਿਸ਼ ਤੋਂ ਲਾਂਭੇ ਕਰ ਦਿੱਤਾ ਗਿਆ। ਦਰਜ ਹੋਈ ਐਫ.ਆਈ.ਆਰ. ਘਚੋਲੇ ਵਿਚ ਪਾ ਦਿੱਤੀ ਗਈ। ਸਾਜਸ਼ੀਆਂ ਖਿਲਾਫ ਕੇਸ ਦਰਜ ਕਰ ਲੈਣ ਦੇ ਪਹਿਲੇ ਬਿਆਨਾਂ 'ਤੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਗਈ ਅਤੇ ਛੇਤੀ ਹੀ ਇਹ ਐਲਾਨ ਦਫਨਾ ਦਿੱਤੇ ਗਏ। ਹਮਲੇ ਦੇ ਜਖ਼ਮੀਆਂ ਦੇ ਬਿਆਨ ਦਰਜ ਕਰਨ ਤੋਂ ਪੁਲਸ ਅਧਿਕਾਰੀ ਨੰਗੇ-ਚਿੱਟੇ ਰੂਪ ਵਿਚ ਭੱਜ ਨਿੱਕਲੇ। ਜਾਂਚ ਦੇ ਖੇਖਣ ਖਾਤਰ ਦੋਸ਼ੀ ਸਿਆਸਤਦਾਨਾਂ ਦੇ ਵਫ਼ਾਦਾਰ ਛਾਂਟਵੇਂ ਪੁਲਸ ਅਧਿਕਾਰੀਆਂ ਦੀ ਟੀਮ ਨਿਯੁਕਤ ਕਰ ਦਿੱਤੀ ਗਈ ਅਤੇ ਮੈਡੀਕਲ ਰਿਪੋਰਟ ਵਿਚ ਭੰਨ-ਤੋੜ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ ਗਈਆਂ। ਇਹ ਤੋਤਕੜਾ ਘੜਿਆ ਗਿਆ ਕਿ ਸਾਧੂ ਸਿੰਘ ਤਖਤੂਪੁਰਾ ਦਾ ਕਤਲ ਅਚਨਚੇਤੀ ਹੋਏ ਕਿਸੇ ਬੋਲ-ਬੁਲਾਰੇ ਦਾ ਨਤੀਜਾ ਹੈ। ਜਦੋਂ ਕਿ ਹਮਲੇ ਦੇ ਜਖ਼ਮੀਆਂ ਮੁਤਾਬਕ ਅਜਿਹੀ ਕੋਈ ਘਟਨਾ ਨਹੀਂ ਹੋਈ। ਤੱਥ ਬਹੁਤ ਨਿੱਤਰਵੇਂ ਰੂਪ ਵਿਚ ਇਹ ਸਾਹਮਣੇ ਲਿਆਉਂਦੇ ਹਨ ਕਿ ਜਖ਼ਮੀਆਂ ਵੱਲੋਂ ਅਤੇ ਕਿਸਾਨ ਜਥੇਬੰਦੀ ਵੱਲੋਂ ਟਿੱਕੇ ਗਏ ਸਾਜਿਸ਼ ਦੇ ਦੋਸ਼ੀਆਂ ਤੋਂ ਇਲਾਵਾ ਹੋਰ ਕੋਈ ਵੀ ਅਜਿਹੀ ਧਿਰ ਮੌਜੂਦ ਨਹੀਂ ਹੈ, ਜਿਸ ਨਾਲ ਸਾਧੂ ਸਿੰਘ ਤਖਤੂਪੁਰਾ ਅਤੇ ਕਿਸਾਨਾਂ ਦਾ ਕੋਈ ਟਕਰਾਅ ਚੱਲ ਰਿਹਾ ਹੋਵੇ। ਆਬਾਦਕਾਰਾਂ ਦੇ ਹੱਕਾਂ ਦੇ ਹਿੰਸਕ ਦਮਨ ਦੇ ਠੋਸ ਮਾਮਲਿਆਂ ਬਾਰੇ ਕਿਸਾਨ ਜਥੇਬੰਦੀ ਦੀ ਮੁੱਖ ਮੰਤਰੀ ਨਾਲ ਸਿੱਧੀ ਵਾਰਤਾਲਾਪ ਹੁੰਦੀ ਰਹੀ ਹੈ। ਠੋਸ ਤੱਥਾਂ ਅਤੇ ਦਲੀਲਾਂ ਸਾਹਮਣੇ ਮੁੱਖ ਮੰਤਰੀ ਨਿਰ-ਉੱਤਰ ਹੁੰਦਾ ਰਿਹਾ ਹੈ। ਵੀਰ ਸਿੰਘ ਲੋਪੋਕੇ ਨੂੰ ਨਰਾਜ਼ ਨਾ ਕਰਨ ਦੀ ਉਸਦੀ ਸਿਆਸੀ ਗਿਣਤੀ ਅਤੇ ਮਜਬੂਰੀ ਕਿਸਾਨ ਨੁਮਾਇੰਦਿਆਂ ਸਾਹਮਣੇ ਨਸ਼ਰ ਹੁੰਦੀ ਰਹੀ ਹੈ ਅਤੇ ਉਹ ਵਾਰਤਾਲਾਪ ਦੀ ਮੇਜ ਤੋਂ ਵੀਰ ਸਿੰਘ ਲੋਪੋਕੇ ਨਾਲ ਟੈਲੀਫੋਨ ਮਿਲਾ ਕੇ ਉਸ ਨੂੰ ਪਲੋਸਣ ਲਈ ਪਾਪੜ ਵੇਲਦਾ ਰਿਹਾ ਹੈ। ਥਾਣੇਦਾਰ ਰਛਪਾਲ ਸਿੰਘ ਬਾਬਾ ਦੀ ਮਿਸਾਲ ਵੀ ਪੁਲਸ ਅਧਿਕਾਰੀਆਂ ਦੇ ਨੰਗੇ ਚਿੱਟੇ ਪੱਖਪਾਤ ਨੂੰ ਜ਼ਾਹਰ ਕਰਦੀ ਹੈ। ਉਹ ਪਹਿਲਾਂ ਹੀ ਖੁਦ ਪੁਲਸ ਵੱਲੋਂ ਇੱਕ ਕਤਲ ਕੇਸ ਦਾ ਦੋਸ਼ੀ ਗਰਦਾਨਿਆ ਹੋਇਆ ਹੈ। ਉਸ ਖਿਲਾਫ ਕਤਲ ਕੇਸ ਦੀ ਧਾਰਾ 302 ਲੱਗੀ ਹੋਈ ਹੈ। 16 ਫਰਵਰੀ ਦੇ ਹਮਲੇ ਦੇ ਜਖ਼ਮੀ ਉਸ ਵੱਲੋਂ ਘਟਨਾ ਤੋਂ ਪਹਿਲਾਂ ਮਿਲੀਆਂ ਧਮਕੀਆਂ ਦੇ ਗਵਾਹ ਹਨ। ਉਸਦੀ ਗ੍ਰਿਫਤਾਰੀ ਦੀ ਮੰਗ ਲਈ ਧਰਨੇ ਦੇ ਰਹੀ ਕਿਸਾਨ ਜਥੇਬੰਦੀ ਨਾਲ ਉਸਦੇ ਖੋਰ ਅਤੇ ਦੁਸ਼ਮਣੀ ਦਾ ਕਾਰਨ ਜੱਗ ਜ਼ਾਹਰ ਹੈ। ਇਹਨਾਂ ਸਾਰੇ ਤੱਥਾਂ ਦੇ ਬਾਵਜੂਦ ਜਖ਼ਮੀਆਂ ਦੇ ਬਿਆਨ ਲੈਣ ਅਤੇ ਇਹਨਾਂ ਦੇ ਅਧਾਰ 'ਤੇ ਕਤਲ ਕੇਸ ਦਰਜ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਹ ਕਾਨੂੰਨ ਦੇ ਪੈਮਾਨੇ ਦਾ ਨੰਗਾ-ਚਿੱਟਾ ਉਲੰਘਣ ਹੈ। 
ਅਜਿਹੇ ਅਨੇਕਾਂ ਤੱਥ ਇਸ ਮਾਮਲੇ ਵਿਚ ਪੁਲਸ ਅਧਿਕਾਰੀਆਂ ਅਤੇ ਖੁਦ ਹਕੂਮਤ ਨੂੰ ਇੱਕ ਅਜਿਹੀ ਧਿਰ ਸਾਬਤ ਕਰਦੇ ਹਨ ਜਿਸ ਦਾ ਸਾਧੂ ਸਿੰਘ ਤਖਤੁਪੁਰਾ ਦੇ ਕਤਲ ਦੀ ਅਸਲੀਅਤ ਨੂੰ ਰੋਲ ਦੇਣ ਵਿਚ ਆਪਣਾ ਹਿੱਤ ਅਤੇ ਦਿਲਚਸਪੀ ਕੰਮ ਕਰਦੇ ਹਨ। 
ਇਹ ਹਾਲਤ ਹੈ ਜਿਸ ਵਿਚ ਕਿਸਾਨ ਜਥੇਬੰਦੀਆਂ ਨੇ ਅਦਾਲਤੀ ਜਾਂਚ ਦੀ ਮੰਗ ਉਠਾਈ ਹੈ। ਜੇ ਪੁਲਸ ਅਤੇ ਹਕੂਮਤ ਨੂੰ ਸਚਾਈ ਦਾ ਪਾਲਾ ਵੱਢ ਵੱਢ ਨਹੀਂ ਖਾਂਦਾ ਤਾਂ ਇਹ ਮੰਗ ਪ੍ਰਵਾਨ ਕਰਨੀ ਬਣਦੀ ਹੈ। ਇਸ ਮੰਗ ਨੂੰ ਪ੍ਰਵਾਨ ਕਰਨ ਤੋਂ ਭੱਜ ਕੇ ਹਕੂਮਤ ਕਾਤਲਾਂ ਦੀ ਧਿਰ ਹੋਣ ਦਾ ਇਕਬਾਲ ਕਰ ਰਹੀ ਹੈ, ਜਿਸ ਦੀ ਸਿਆਸੀ ਕੀਮਤ ਉਸ ਨੂੰ ਆਉਣ ਵਾਲੇ ਦਿਨਾਂ ਵਿਚ ਤਾਰਨੀ ਪੈਣੀ ਹੈ।  ੦ ੦
ਖੰਨਾ-ਚਮਿਆਰਾ ਕਾਂਡ : 
ਜਗੀਰੂ ਲੁੱਟ ਅਤੇ ਦਾਬੇ ਦਾ ਹਿੰਸਕ ਹਥਿਆਰ
ਸ਼੍ਰੋਮਣੀ ਕਮੇਟੀ ਦੀ ਟਾਕਸ-ਫੋਰਸ
ਤਿੰਨ ਨਵੰਬਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਖੇਤਰ ਦੇ ਪਿੰਡ ਖੰਨਾ-ਚਮਿਆਰਾ ਵਿਚ ਹੋਏ ਕਤਲ ਕਾਂਡ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸਦੀ ਟਾਸਕ ਫੋਰਸ ਦਾ ਘਿਨਾਉਣਾ ਰੂਪ ਸਾਹਮਣੇ ਲਿਆਂਦਾ ਹੈ। ਇਸ ਦਿਨ ਇਸ ਫੋਰਸ ਵੱਲੋਂ ਪਿੰਡ ਦੇ ਮੁਜਾਰੇ ਕਿਸਾਨਾਂ 'ਤੇ ਖ਼ੂਨੀ ਹਮਲਾ ਹੋਇਆ। ਹਮਲਾ ਬਹੁਤ ਲੰਮੇ ਅਰਸੇ ਤੋਂ ਪਿੰਡ ਤੇਜਾ ਵੀਲ੍ਹਾ ਦੇ ਗੁਰਦੁਆਰੇ ਦੀ ਜ਼ਮੀਨ 'ਤੇ ਕਾਸ਼ਤ ਕਰਦੇ ਆ ਰਹੇ ਮੁਜਾਰੇ ਕਿਸਾਨਾਂ ਨੂੰ ਉਜਾੜ ਦੇਣ ਦੇ ਮਨਸ਼ੇ ਨਾਲ ਹੋਇਆ। ਹਮਲਾਵਰ ਟਾਸਕ ਫੋਰਸ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਗੁਰਾਇਆ, ਟਾਸਕ ਫੋਰਸ ਦੇ ਇੰਚਾਰਜ ਸ਼੍ਰੋਮਣੀ ਕਮੇਟੀ ਮੈਂਬਰ ਕਸ਼ਮੀਰ ਸਿੰਘ ਬਰਿਆੜ, ਗੁਰਦੁਆਰਾ ਤੇਜਾ ਵੀਲ੍ਹਾ ਦੇ ਮੈਨੇਜਰ ਦੌਲਤ ਸਿੰਘ, ਗੁਰਦੁਆਰਾ ਗੁਰੂਆਣਾ ਸਾਹਿਬ (ਨੇੜੇ ਮਹਿਤਾ ਚੌਕ) ਦੇ ਮੈਨੇਜਰ ਸੁਖਜਿੰਦਰ ਸਿੰਘ ਭਾਮ, ਰਮਦਾਸ ਗੁਰਦੁਆਰੇ ਦੇ ਮੈਨੇਜਰ ਅਤੇ ਕਈ ਹੋਰਾਂ ਵੱਲੋਂ ਕੀਤੀ ਗਈ। ਇਸ ਹਮਲੇ ਦੌਰਾਨ ਦੋ ਕਿਸਾਨ ਸ਼ਹੀਦ ਕਰ ਦਿੱਤੇ ਗਏ ਅਤੇ 11 ਵਿਅਕਤੀ ਜਖ਼ਮੀ ਹੋਏ। ਟਾਸਕ ਫੋਰਸ ਨਾਲ ਸੰਬੰਧਤ ਦੋ ਸੌ ਹਮਲਾਵਰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚੋਂ ਇਕੱਠੇ ਕੀਤੇ ਗਏ। ਦੂਰ-ਦੁਰਾਡੇ ਦੇ ਜ਼ਿਲ੍ਹਿਆਂ ਵਿਚੋਂ ਵੀ ਇਕੱਠੇ ਕੀਤੇ ਗਏ। ਇਹ ਤੱਥ ਟਾਸਕ ਫੋਰਸ ਦੇ ਅਪਰੇਸ਼ਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਜੁਆਬਦੇਹੀ ਬਣਾਉਂਦਾ ਹੈ ਅਤੇ ਉਸ ਨੂੰ ਦੋਸ਼ੀਆਂ ਦੇ ਕਟਹਿਰੇ ਵਿਚ ਖੜ੍ਹਾ ਕਰਨ ਦੀ ਕਿਰਤੀ ਕਿਸਾਨ ਯੂਨੀਅਨ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਉਠਾਈ  ਮੰਗ ਨੂੰ ਵਾਜਬ ਸਾਬਤ ਕਰਦਾ ਹੈ। 
ਇਸ ਜ਼ਮੀਨ ਨੂੰ ਮੁੱਢ ਤੋਂ ਹੀ ਵਾਹੁੰਦੇ ਆ ਰਹੇ ਕਿਸਾਨ ਮਾਲਕੀ ਦੇ ਹੱਕਾਂ ਦੀ  ਵਾਜਬ ਮੰਗ ਕਰਦੇ ਆ ਰਹੇ ਹਨ। ਪਰ ਦੂਜੇ ਪਾਸੇ ਸਪੀਕਰ ਨਿਰਮਲ ਸਿੰਘ ਕਾਹਲੋਂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਇਸ ਜ਼ਮੀਨ 'ਤੇ ਕਬਜ਼ਾ ਕਰਕੇ ਫਾਰਮ ਹਾਊਸ ਬਣਾਉਣਾ ਚਾਹੁੰਦੇ ਹਨ। ਸ਼੍ਰੋਮਣੀ ਕਮੇਟੀ ਧੱਕੇ ਨਾਲ ਮੁਜਾਰੇ ਕਿਸਾਨਾਂ ਲਈ ਇਸ ਜ਼ਮੀਨ ਦੇ ਮਾਮਲੇ ਵਿਚ ਵਾਧਾ ਕਰਦੀ ਆ ਰਹੀ ਹੈ। ਜਦੋਂ ਕਿ ਸਪੀਕਰ ਨਿਰਮਲ ਸਿੰਘ ਕਾਹਲੋਂ ਕੋਲੋਂ ਉਸ ਜ਼ਮੀਨ ਦਾ ਸਿਰਫ 200 ਰੁਪਏ ਪ੍ਰਤੀ ਏਕੜ ਮਾਮਲਾ ਵਸੂਲਿਆ ਜਾ ਰਿਹਾ ਹੈ, ਜਿਥੇ ਉਸਦਾ ਨਿੱਜੀ ਸਕੂਲ ਚੱਲ ਰਿਹਾ ਹੈ। ਕਿਸਾਨਾਂ ਵੱਲੋਂ ਵਾਹੀ ਜਾ ਰਹੀ ਜ਼ਮੀਨ ਦੇ ਮੁਕਾਬਲੇ ਇਹ ਕਿਤੇ ਵਧੀਆ ਜ਼ਮੀਨ ਹੈ। 
ਸ਼੍ਰੋਮਣੀ ਕਮੇਟੀ ਨੂੰ ''ਸਿੱਖਾਂ ਦੀ ਪਾਰਲੀਮੈਂਟ'' ਕਿਹਾ ਜਾਂਦਾ ਹੈ। ਉਂਝ ਇਸਦਾ ਅਸਲੀ ਕਿਰਦਾਰ ਮੁਲਕ ਦੀ ''ਪਾਰਲੀਮੈਂਟ'' ਨਾਲੋਂ ਵੀ ਮਾੜਾ ਹੈ। ਸ਼੍ਰੋਮਣੀ ਕਮੇਟੀ ਅੰਗਰੇਜ਼ੀ ਰਾਜ ਦੌਰਾਨ ਜਗੀਰੂ-ਮਹੰਤਸ਼ਾਹੀ ਖਿਲਾਫ ਸਿੱਖ ਸ਼ਰਧਾਂਲੂਆਂ ਦੇ ਸੰਘਰਸ਼ ਦੇ ਸਿੱਟੇ ਵਜੋਂ ਹੋਂਦ ਵਿਚ ਆਈ ਸੀ। ਧਰਮ-ਅਸਥਾਨਾਂ ਦੀਆਂ ਜਾਇਦਾਦਾਂ 'ਤੇ ਜੱਫਾ ਮਾਰੀਂ ਬੈਠੇ ਇਹਨਾਂ ਮਹੰਤਾਂ ਦੀ ਚੌਧਰ ਨੂੰ ਸਾਮਰਾਜੀ ਰਾਜ ਦੀ ਢੋਈ ਅਤੇ ਥਾਪਨਾ ਹਾਸਲ ਸੀ। ਇਸ ਹਾਲਤ ਵਿਚ ਸਿੱਖ ਸ਼ਰਧਾਂਲੂਆਂ ਦੇ ਸੰਘਰਸ਼ ਨੇ ਜਗੀਰੂ ਅਧਿਕਾਰ-ਸ਼ਾਹੀ ਅਤੇ ਸਾਮਰਾਜਵਾਦ ਖਿਲਾਫ ਸੰਘਰਸ਼ ਦਾ ਰੂਪ ਧਾਰਿਆ ਅਤੇ ਅਜ਼ਾਦੀ ਲਈ ਸੰਗਰਾਮ ਅੰਦਰ ਕੁਰਬਾਨੀਆਂ ਭਰੇ ਇਤਿਹਾਸ ਦੇ ਸੂਹੇ ਵਰਕੇ ਜੋੜੇ। 
ਪਰ ਅੱਜ ਲੋਕਾਂ ਦਾ ਵਾਹ ਸ਼੍ਰੋਮਣੀ ਕਮੇਟੀ ਦੀ ਸੰਸਥਾ ਦੇ ਨਿੱਘਰੇ ਰੂਪ ਨਾਲ ਪੈ ਰਿਹਾ ਹੈ। ਇਹ ਗੁਰਦੁਆਰਿਆਂ ਦੀਆਂ ਜਾਇਦਾਦਾਂ ਅਤੇ ਆਮਦਨ 'ਤੇ ਇਸਦੇ ਚੌਧਰੀਆਂ ਦੇ ਜਗੀਰੂ ਗਲਬੇ ਦਾ ਸੰਦ ਬਣੀ ਹੋਈ ਹੈ। ਇਹ ਗਲਬਾ ਲੋਕਾਂ ਦੀ ਰਜ਼ਾ ਨੂੰ ਲਤਾੜ ਕੇ ਅਸੰਬਲੀਆਂ-ਪਾਰਲੀਮੈਂਟਾਂ ਰਾਹੀਂ ਹਕੂਮਤੀ ਤਾਕਤ ਦੀ ਪੌੜੀ ਚੜ੍ਹਨ ਦਾ ਸਾਧਨ ਬਣਦਾ ਹੈ। ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਸਿੱਖ ਸ਼ਰਧਾਲੂਆਂ ਨੂੰ ਸ਼ਾਂਤੀ ਨਾਲ ਗੁਰਦੁਆਰਿਆਂ ਵਿਚ ਧਾਰਮਿਕ ਸਰਗਰਮੀਆਂ ਕਰਨ ਲਈ ਸੁਰੱਖਿਆ ਦੇਣ ਖਾਤਰ ਹੈ। ਇਸ ਦਾਅਵੇ ਦੀ ਅਸਲੀਅਤ ਦਾ ਘਿਨਾਉਣਾ ਰੁਪ ਸਿੱਖ ਸ਼ਰਧਾਲੂਆਂ ਨੇ ਖਾਲਿਸਤਾਨੀ ਦੌਰ ਵਿਚ ਦੇਖਿਆ ਹੈ। ਜਦੋਂ ਸ਼੍ਰੋਮਣੀ ਕਮੇਟੀ ਦੀ ਬੁੱਕਲ ਵਿਚ ਬੈਠੇ ਕਾਤਲਾਂ ਦੇ ਟੋਲੇ ਗੁਰਦੁਆਰਿਆਂ 'ਤੇ ਕਾਬਜ਼ ਰਹੇ ਅਤੇ ਸਿੱਖ ਸ਼ਰਧਾਲੂਆਂ ਦਾ ਗੁਰਦੁਆਰਿਆਂ ਵਿਚ ਜਾਣਾ ਦੁੱਭਰ ਹੋਇਆ ਰਿਹਾ। 
ਖੰਨਾ-ਚਮਿਆਰਾ ਦੀ ਖ਼ੂਨੀ ਘਟਨਾ ਨੇ ਵਿਖਾਇਆ ਹੈ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੀ ਸਰਗਰਮੀ ਦਾ ਖੇਤਰ ਗੁਰਦੁਆਰਿਆਂ ਦੀ ਚਾਰ-ਦੀਵਾਰੀ ਤੱਕ ਸੀਮਤ ਨਹੀਂ ਹੈ। ਇਹ ਫੋਰਸ ਬੰਦੂਕਾਂ ਅਤੇ ਗੰਡਾਸੇ ਲੈ ਕੇ ਖੇਤਾਂ ਵਿਚ ਦਨਦਨਾਉਂਦੀ ਫਿਰਦੀ ਹੈ। ਇਸ ਹਾਲਤ ਨੇ ਜ਼ਰੂਰੀ ਬਣਾ ਦਿੱਤਾ ਹੈ ਕਿ ਸਿੱਖ ਸ਼ਰਧਾਲੂਆਂ ਵੱਲੋਂ ਧਰਮ ਦੇ ਲੇਬਲ ਹੇਠ ਕਿਸਾਨਾਂ ਕਿਰਤੀਆਂ 'ਤੇ ਝਪਟ ਰਹੇ ਖ਼ੂਨੀ ਪੰਜੇ ਦੀ ਪਛਾਣ ਕੀਤੀ ਜਾਵੇ। ਆਪਣੇ ਧਾਰਮਿਕ ਵਿਸ਼ਵਾਸ਼ਾਂ ਨੂੰ ਅੱਜ ਦੇ ਮਲਕ ਭਾਗੋਆਂ ਅਤੇ ਮਾਇਆਧਾਰੀ ਜਗੀਰੂ ਚੌਧਰੀਆਂ ਦੀ ਹਵਸ ਦਾ ਸਾਧਨ ਨਾ ਬਣਨ ਦਿੱਤਾ ਜਾਵੇ। 
ਪਿਛਲੇ ਅਰਸੇ ਤੋਂ ਪੰਜਾਬ ਦੀ ਧਰਤੀ 'ਤੇ ਭੂ-ਮਾਫੀਏ ਦੀ ਸਰਗਰਮੀ ਨੇ ਤੇਜੀ ਫੜੀ ਹੋਈ ਹੈ। ਕਿਸਾਨਾਂ ਦੇ ਆਰਥਿਕ ਹੱਕਾਂ 'ਤੇ ਝਪਟਣ ਲਈ ਇਸ ਭੂ-ਮਾਫੀਏ ਖਾਤਰ ਡੇਰਿਆਂ ਅਤੇ ਗੁਰਦੁਆਰਿਆਂ ਦੀ ਓਟ ਦਾ ਮਹੱਤਵ ਵਧ ਰਿਹਾ ਹੈ। ਇਹ ਹਾਲਤ ਜ਼ਮੀਨ ਦੇ ਸੁਆਲ 'ਤੇ ਕਿਸਾਨਾਂ ਦੀ ਜੱਦੋਜਹਿਦ ਦੇ ਗੁੰਝਲਦਾਰ ਪੱਖ ਨੂੰ ਸਾਹਮਣੇ ਲਿਆਉਂਦੀ ਹੈ। ਇਸ ਪੱਖ ਨੇ ਆਉਂਦੇ ਸਮੇਂ ਵਿਚ ਕਿਸਾਨ ਜਥੇਬੰਦੀਆਂ ਦੀ ਸੂਝ ਅਤੇ ਸਮਰੱਥਾ ਦੀ ਪਰਖ ਕਰਨੀ ਹੈ। 
ਹਾਲਤ ਦੀ ਉੱਭਰਦੀ ਲੋੜ ਨੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਭੰਗ ਕਰਨ ਦੀ ਮੰਗ ਨੂੰ ਕਿਸਾਨ ਮੰਗਾਂ ਦੀ ਸੂਚੀ ਵਿਚ ਲੈ ਆਂਦਾ ਹੈ। ਇਸ ਫੋਰਸ ਦੇ ਕਿਰਦਾਰ ਅਤੇ ਰੋਲ ਬਾਰੇ ਜਾਗਰਤੀ ਪੈਦਾ ਕਰਨ ਪੱਖੋਂ ਇਹ ਮੰਗ ਮਹੱਤਵਪੂਰਨ ਹੈ। ਪਰ ਇਸ ਨੂੰ ਹਰਮਨਪਿਆਰੀ ਮੰਗ ਬਣਾਉਣ ਲਈ ਸਬਰ ਅਤੇ ਠਰ੍ਹੰਮੇ-ਭਰੀਆਂ ਸਚਿਆਰੀਆਂ ਕੋਸ਼ਿਸ਼ਾਂ ਦਾ ਲੰਮਾ ਅਤੇ ਬਿਖੜਾ ਪੈਂਡਾ ਤਹਿ ਕਰਨਾ ਬਾਕੀ ਹੈ। 
ਜਥੇਬੰਦ ਕਿਸਾਨ ਸ਼ਕਤੀ ਲਈ ਰਾਜ ਭਾਗ ਦੀਆਂ 
ਗ਼ੈਰ-ਕਾਨੂੰਨੀ ਲੱਠਮਾਰ ਬਾਹਾਂ ਦੀ ਚੁਣੌਤੀ
—ਵਿਸ਼ੇਸ਼ ਪੱਤਰਪ੍ਰੇਰਕ
ਸਾਧੂ ਸਿੰਘ ਤਖਤੁਪੁਰਾ ਦਾ ਕਤਲ ਕੋਈ ਸਾਧਾਰਨ ਕਤਲ ਨਹੀਂ ਹੈ। ਇਹ ਕਿਸੇ ਨਿੱਜੀ ਲਾਗ-ਡਾਟ ਜਾਂ ਨਿੱਜੀ ਧੜੇਬੰਦਕ ਖਹਿਭੇੜ ਦਾ ਨਤੀਜਾ ਨਹੀਂ ਹੈ। ਇਹ ਇੱਕ ਬਾਕਾਇਦਾ ਵਿਉਂਤਬੱਧ ਸਿਆਸੀ ਕਤਲ ਹੈ। ਜਿਹੜਾ ਆਪਸ ਵਿਚ ਬੁਨਿਆਦੀ ਤੌਰ 'ਤੇ ਟਕਰਾਵੇਂ ਜਮਾਤੀ-ਸਿਆਸੀ ਹਿੱਤਾਂ ਦੇ ਭੇੜ ਦਾ ਨਤੀਜਾ ਹੈ ਅਤੇ ਨਿਸਚਿਤ ਸਿਆਸੀ ਮੰਤਵ- ਕਿਸਾਨਾਂ ਨੂੰ ਦਹਿਸ਼ਤਜ਼ਦਾ ਕਰਨ ਅਤੇ ਜਥੇਬੰਦ ਹੋ ਰਹੀ ਕਿਸਾਨ ਤਾਕਤ ਤੇ ਜਥੇਬੰਦੀ ਨੂੰ ਖਿੰਡਾਉਣ ਦਾ ਮੰਤਵ- ਹਾਸਲ ਕਰਨ ਲਈ ਕੀਤਾ ਗਿਆ ਹੈ। 
ਚਾਹੇ ਕਤਲ ਦਾ ਫੌਰੀ ਕਾਰਨ ਸਰਕਾਰੀ ਦਰਬਾਰੀ ਭੋਇੰ-ਮਾਫੀਏ ਵੱਲੋਂ ਆਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਝਪਟਣ ਖਿਲਾਫ ਅਤੇ ਇੱਕ ਕਿਸਾਨ ਨੂੰ ਕੁੱਟ ਕੇ ਮਾਰਨ ਦੇ ਦੋਸ਼ੀ ਥਾਣੇਦਾਰ ਰਛਪਾਲ ਦੀ ਗ੍ਰਿਫਤਾਰੀ ਲਈ ਭਾਰਤੀ ਕਿਸਾਨ ਯੂਨੀਅਨ ਵੱਲੋਂ ਸੰਘਰਸ਼ ਲੜਨਾ ਅਤੇ ਇਹਨਾਂ ਸੰਘਰਸ਼ਾਂ ਵਿਚ ਸਾਧੂ ਸਿੰਘ ਤਖਤੂਪੁਰਾ ਵੱਲੋਂ ਮੋਹਰੀ ਰੋਲ ਨਿਭਾਉਣਾ ਬਣਿਆ ਹੈ, ਪਰ ਬੁਨਿਆਦੀ ਕਾਰਨ ਆਪਸ ਵਿਚੀਂ ਬੁਨਿਆਦੀ ਤੌਰ 'ਤੇ ਟਕਰਾਉਂਦੇ ਜਮਾਤੀ-ਸਿਆਸੀ ਹਿੱਤਾਂ ਦਾ ਸਾਹਮਣੇ ਆ ਰਿਹਾ ਉਹ ਭੇੜ ਬਣਿਆ ਹੈ, ਜਿਹਨਾਂ ਦੀ ਨੁਮਾਇੰਦਗੀ ਇੱਕ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਦੀ ਜਮਹੂਰੀ ਕਿਸਾਨ ਲਹਿਰ ਕਰਦੀ ਹੈ ਅਤੇ ਦੂਜੇ ਪਾਸੇ ਕਾਤਲ ਜੁੰਡਲੀ ਤੇ ਉਸਦੀ ਪਿੱਠ 'ਤੇ ਖੜ੍ਹਾ ਅਕਾਲੀ ਸਿਆਸੀ ਲਾਣਾ ਕਰਦਾ ਹੈ। 
ਆਪਣੇ ਹਿੱਤਾਂ ਦੀ ਪਹਿਰੇਦਾਰ
ਜੁਝਾਰ ਕਿਸਾਨ ਸ਼ਕਤੀ ਦਾ ਪਸਾਰਾ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਤਹਿ ਕੀਤਾ ਸਫਰ-ਮਾਰਗ ਵੱਡੇ-ਛੋਟੇ ਘਮਸਾਣੀ ਸੰਘਰਸ਼ਾਂ ਦਾ ਸਫਰ ਮਾਰਗ ਹੈ। ਇਹ ਸਫ਼ਰ ਮਾਰਗ ਇਸ ਵੱਲੋਂ ਜਗੀਰੂ ਅਤੇ ਸਾਮਰਾਜੀ ਲੁੱਟ ਅਤੇ ਦਾਬੇ ਦੀ ਝੰਬੀ ਅਤੇ ਨਵੇਂ ਸਾਮਰਾਜੀ ਆਰਥਿਕ ਹੱਲੇ ਹੇਠ ਆਈ ਕਿਸਾਨ ਜਨਤਾ ਦੇ ਅੰਗ-ਸੰਗ ਖੜ੍ਹਦਿਆਂ ਤਹਿ ਕੀਤਾ ਹੈ, ਉਹਨਾਂ ਦੇ ਹੱਕਾਂ-ਹਿੱਤਾਂ ਲਈ ਡਟਦਿਆਂ ਅਤੇ ਲੜਦਿਆਂ-ਜੂਝਦਿਆਂ ਤਹਿ ਕੀਤਾ ਹੈ। ਜਗੀਰੂ ਜਾਤ-ਪਾਤੀ ਦਾਬੇ ਅਤੇ ਗੁਰਬਤ ਦਾ ਸੰਤਾਪ ਭੋਗਦੇ ਖੇਤ ਮਜ਼ਦੂਰਾਂ (ਬੇਜ਼ਮੀਨੇ ਕਿਸਾਨਾਂ) ਨਾਲ ਜਮਾਤੀ-ਭਰੱਪੇ ਦੀਆਂ ਗੰਢਾਂ ਗੰਢਦਿਆਂ ਤਹਿ ਕੀਤਾ ਹੈ। ਸੰਘਰਸ਼ਸ਼ੀਲ ਮੁਲਾਜ਼ਮ ਤਬਕਿਆਂ ਦੇ ਹੱਕੀ ਸੰਘਰਸ਼ਾਂ ਨੂੰ ਫੱਟ ਮੋਢਾ ਲਾਉਂਦਿਆਂ ਤਹਿ ਕੀਤਾ ਹੈ। 
ਚਾਹੇ ਮਿੰਨੀ ਬੱਸਾਂ ਦਾ ਵਧ ਕਿਰਾਇਆ ਵਸੂਲਣ ਖਿਲਾਫ ਸੰਘਰਸ਼ ਤੋਂ ਸ਼ੁਰੂ ਹੋ ਕੇ ਜੇਠੂਕੇ ਪੁਲਸ ਗੋਲੀਕਾਂਡ ਵਿਚ ਦੋ ਖੇਤ ਮਜ਼ਦੂਰਾਂ ਨੂੰ ਸ਼ਹੀਦ ਕਰਨ ਖਿਲਾਫ ਸੰਘਰਸ਼ ਹੋਵੇ, ਚਾਹੇ ਸੂਦਖੋਰਾਂ ਵੱਲੋਂ ਕਿਸਾਨਾਂ ਨੂੰ ਕਰਜ਼ੇ ਵਿਚ ਫਸਾ ਕੇ ਜ਼ਮੀਨਾਂ ਹੜੱਪਣ ਦੇ ਮਾਮਲਿਆਂ ਨੂੰ ਲੈ ਕੇ ਸੰਘਰਸ਼ ਹੋਵੇ, ਚਾਹੇ ਬੈਂਕਾਂ ਵੱਲੋਂ ਕਰਜ਼ਈ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਨੂੰ ਠੱਲ੍ਹ ਪਾਉਣ ਲਈ ਸੰਘਰਸ਼ ਹੋਵੇ, ਚਾਹੇ ਬਿਜਲੀ ਬਿੱਲ ਮੁਆਫ ਕਰਵਾਉਣ ਅਤੇ ਕਿਸਾਨਾਂ ਦੀਆਂ ਮੰਡੀਆਂ ਵਿਚ ਰੁਲਦੀਆਂ ਜਿਣਸਾਂ ਦੀ ਸਮੇਂ ਸਿਰ ਬੋਲੀ ਲਵਾਉਣ ਅਤੇ ਚੁਕਾਉਣ ਲਈ ਸੰਘਰਸ਼ ਹੋਵੇ, ਵੱਡੀਆਂ ਕੰਪਨੀਆਂ ਵੱਲੋਂ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਨੂੰ ਕੌਡੀਆਂ ਭਾਅ ਜਬਰੀ ਹਥਿਆਉਣ (ਧੌਲਾ, ਛੰਨਾ, ਸੰਘੇੜਾ ਅਤੇ ਅੰਮ੍ਰਿਤਸਰ ਵਗੈਰਾ ਵਿਖੇ) ਦਾ ਮਾਮਲਾ ਹੋਵੇ, ਬਿਜਲੀ ਬੋਰਡ ਨੂੰ ਤੋੜ ਕੇ ਨਿੱਜੀਕਰਨ ਲਈ ਰਾਹ ਪੱਧਰ ਕਰਨ ਦਾ ਮੁੱਦਾ ਹੋਵੇ, ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿਚ ਕਿਸਾਨਾਂ ਵੱਲੋਂ ਖ਼ੂਨ ਪਸੀਨੇ ਨਾਲ ਆਬਾਦ ਕੀਤੀਆਂ ਜ਼ਮੀਨਾਂ 'ਤੇ ਭੋਇੰ-ਮਾਫੀਏ ਵੱਲੋਂ ਹਕੂਮਤੀ ਜ਼ੋਰ 'ਤੇ ਕਾਬਜ਼ ਹੋਣ ਖਿਲਾਫ਼ ਕਿਸਾਨਾਂ ਨੂੰ ਉਭਾਰਨ ਦਾ ਮਾਮਲਾ ਹੋਵੇ, ਈ.ਟੀ.ਟੀ. ਅਧਿਆਪਕਾਂ ਦੇ ਸੰਘਰਸ਼ ਤੇ ਬਿਜਲੀ ਕਾਮਿਆਂ ਦੇ ਸੰਘਰਸ਼ਾਂ ਵੱਲ ਹਮਾਇਤੀ ਹੱਥ ਵਧਾਉਣਾ ਹੋਵੇ- ਗੱਲੀ ਕੀ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਹਰ ਥਾਂ ਆਪਣੀ ਸੰਗਰਾਮੀ ਲਲਕਾਰ ਉੱਚੀ ਕੀਤੀ ਹੈ। ਜਾਬਰ ਹਕੂਮਤੀ ਹੱਲਿਆਂ ਨੂੰ ਸਿਦਕਦਿਲੀ ਨਾਲ ਪਛਾੜਦਿਆਂ, ਜਾਗ ਅਤੇ ਉੱਭਰ ਰਹੀ ਜੁਝਾਰ ਜਥੇਬੰਦ ਕਿਸਾਨ ਤਾਕਤ ਦੀ ਹੋਂਦ ਜਤਲਾਈ ਹੈ। 
ਹਾਕਮਾਂ ਲਈ ਵਧਦੀ ਬੇਆਰਾਮੀ
ਕਿਸਾਨ ਜਨਤਾ ਦੇ ਆਰਥਿਕ ਮੰਗਾਂ-ਮਸਲਿਆਂ ਲਈ ਦ੍ਰਿੜ੍ਹ ਅਤੇ ਖਾੜਕੂ ਸੰਘਰਸ਼ ਦੀ ਝੰਡਾਬਰਦਾਰ ਅਤੇ ਉਹਨਾਂ ਦੇ ਹੱਕਾਂ-ਹਿੱਤਾਂ ਦੀ ਖਰੀ ਅਤੇ ਜੁਝਾਰ ਪਹਿਰੇਦਾਰ ਵਜੋਂ ਉਭਰਨ ਨੇ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ, ਖਾਸ ਕਰਕੇ ਹਕੂਮਤ 'ਤੇ ਕਾਬਜ਼ ਸਿਆਸੀ ਪਾਰਟੀਆਂ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਾਰੇ ਔਖ ਤੇ ਬੇਚੈਨੀ ਪੈਦਾ ਕੀਤੀ ਹੈ। ਇਸ ਤੋਂ ਵੀ ਅੱਗੇ, ਸਮੂਹਿਕ ਕਿਸਾਨ ਤਾਕਤ ਦੇ ਜ਼ੋਰ ਹੱਕਾਂ-ਹਿੱਤਾਂ ਨੂੰ ਜਤਾਉਣ ਤੇ ਪੁਗਾਉਣ ਲਈ ਖਾੜਕੂ ਤੇ ਲਮਕਵੇਂ ਸੰਘਰਸ਼ ਦਾ ਰਾਹ ਫੜਨ, ਹਕੂਮਤੀ ਗਿੱਦੜ-ਭਬਕੀਆਂ ਨੂੰ ਟਿੱਚ ਜਾਨਣ ਅਤੇ ਜਬਰੋ-ਜ਼ੁਲਮ ਸਾਹਮਣੇ ਅਣਲਿਫ ਅਡੋਲ ਚਿੱਤ ਅੱਗੇ ਵਧਦੇ ਰਹਿਣ, ਸਮੂਹਿਕ ਜਨਤਕ ਟਾਕਰੇ ਦੇ ਜ਼ੋਰ ਹਕੂਮਤੀ ਜਾਬਰ ਹੱਲਿਆਂ ਨੂੰ ਪਛਾੜਨ, ਹਾਕਮ ਜਮਾਤੀ ਪਾਰਲੀਮਾਨੀ ਸਿਆਸੀ ਪਾਰਟੀਆਂ ਦੀ ਵੋਟ-ਸਿਆਸਤ ਨਾਲੋਂ ਸਪਸ਼ਟ ਨਿਖੇੜੇ ਦੀ ਲਕੀਰ ਖਿੱਚਣ, ਸਾਮਰਾਜੀ ਤੇ ਜਗੀਰੁ ਲੁੱਟ ਤੇ ਦਾਬੇ ਦੀਆਂ ਵੱਖ ਵੱਖ ਸ਼ਕਲਾਂ (ਸੂਦਖੋਰੀ ਕਰਜ਼ਾ, ਜ਼ਮੀਨ ਦਾ ਸੁਆਲ, ਸਾਮਰਾਜੀ ਦਿਸ਼ਾ-ਨਿਰਦੇਸ਼ਤ ਨਵਾਂ ਆਰਥਿਕ ਹੱਲਾ ਵਗੈਰਾ ਵਗੈਰਾ) ਬਾਰੇ ਸੋਝੀ ਦੇ ਅੰਸ਼ਾਂ ਦਾ ਕਿਸਾਨ ਜਨਤਾ ਵਿਚ ਸੰਚਾਰ ਕਰਨ ਦੀ ਅਖਤਿਆਰ ਕੀਤੀ ਦਿਸ਼ਾ ਨੇ ਹਾਕਮ ਹਲਕਿਆਂ ਅੰਦਰ ਇਸ ਖਿਲਾਫ ਪਨਪ ਰਹੀ ਔਖ, ਚਿੜ੍ਹ ਅਤੇ ਬੇਚੈਨੀ ਪਲੀਤਾ ਲਾਉਣ ਦਾ ਕੰਮ ਕੀਤਾ ਹੈ। ਇਸ ਵੱਲੋਂ ਅਖਤਿਆਰ ਕੀਤੀ ਇਹ ਦਿਸ਼ਾ ਹੀ ਹੈ, ਜਿਹੜੀ ਜਗੀਰੂ ਸਮਾਜਿਕ-ਸਿਆਸੀ ਛੱਪੇ, ਦਾਬੇ ਅਤੇ ਦਹਿਲ ਲਈ ਵੰਗਾਰ ਬਣ ਰਹੀ ਹੈ, ਜਿਹੜੀ ਰਾਜਕੀ ਜਬਰ, ਦਹਿਸ਼ਤ ਅਤੇ ਦਬਸ਼ ਨੂੰ ਚੁਣੌਤੀ ਦੇ ਰਹੀ ਹੈ, ਜਿਹੜੀ ਕਿਸਾਨਾਂ-ਸੰਘਰਸ਼ਾਂ ਦੀ ਧਾਰ ਨੂੰ ਹਾਕਮ ਜਮਾਤੀ ਪਾਰਲੀਮਾਨੀ ਅਤੇ ਕਾਨੂੰਨਵਾਦੀ ਵਲਗਣਾਂ ਨੂੰ ਭੋਰਨ-ਖੋਰਨ ਲਈ ਸਾਣ 'ਤੇ ਲਾ ਰਹੀ ਹੈ। ਇਸ ਦਿਸ਼ਾ ਵਿਚ ਲੜੇ ਸੰਘਰਸ਼ਾਂ 'ਚੋਂ ਹਾਕਮਾਂ ਨੂੰ ਆਪਣੀ ਲੁੱਟ, ਦਾਬੇ ਅਤੇ ਜਾਬਰ ਰਾਜਕੀ ਸੱਤਾ ਤੋਂ ਜਮਹੂਰੀ ਨਾਬਰੀ ਦੀਆਂ ਦਿਖਦੀਆਂ ਮੁਢਲੀਆਂ ਝਲਕਾਂ 'ਚੋਂ ਉੱਠ ਰਹੀ ਸਮੂਹਿਕ ਕਿਸਾਨ ਤਾਕਤ ਦੀ ਲਟ ਲਟ ਬਲਦੀ ਲਾਟ ਦਾ ਝਾਉਲਾ ਪੈਂਦਾ ਹੈ, ਜਿਸਦੇ ਧੁੜਕੂ ਨਾਲ ਉਹਨਾਂ ਦਾ ਧੁਰ ਅੰਦਰ ਕੰਬ ਉੱਠਦਾ ਹੈ, ਦਹਿਲ ਉੱਠਦਾ ਹੈ। 
ਮਿਹਨਤਕਸ਼ ਜਨਤਾ ਦੀ ਕਿਰਤ-ਕਮਾਈ ਅਤੇ ਮੁਲਕ ਦੇ ਦੌਲਤ-ਖਜ਼ਾਨਿਆਂ ਨੂੰ ਜੋਕਾਂ ਬਣ ਕੇ ਚਿੰਬੜੇ ਪਰਜੀਵੀ ਹਾਕਮਾਂ ਨੂੰ ਇਹ ਕਿਵੇਂ ਬਰਦਾਸ਼ਤ ਹੋ ਸਕਦਾ ਹੈ ਕਿ ਮਜਲੂਮ ਜਨਤਾ ਦਾ ਕੋਈ ਹਿੱਸਾ ਉੱਠ ਕੇ ਲੋਕਾਂ ਨੂੰ ਲੁੱਟਣ-ਕੁੱਟਣ ਅਤੇ ਜੁੱਤੀ ਹੇਠ ਰੱਖਣ ਦੇ ਪ੍ਰਚੱਲਤ ਦਸਤੂਰ ਤੋਂ ਨਾਬਰ ਹੋਣ ਦਾ ਹੀਆ ਕਰੇ। ਇਸ ਦਸਤੂਰ ਦੀ ਬਦੌਲਤ ਪਲ਼ਦੇ, ਵਧਦੇ ਅਤੇ ਫੁੱਲਦੇ ਜਗੀਰੂ ਭੋਇੰ-ਮਾਲਕਾਂ, ਸੂਦਖੋਰਾਂ, ਭੋਇੰ-ਮਾਫੀਏ ਅਤੇ ਭ੍ਰਿਸ਼ਟ ਪਾਰਲੀਮਾਨੀ ਸਿਆਸਤਦਾਨਾਂ ਦੀ ਧੱਕੜ, ਬੇਦਰੇਗ ਲੁੱਟ ਤੇ ਧੌਂਸ ਨੂੰ ਚੁਣੌਤੀ ਦੇਣ ਦੀ 'ਗੁਸਤਾਖੀ' ਕਰੇ। ਇਸ ਦਸਤੂਰ ਦੇ ਪਹਿਰੇਦਾਰ ਪਿਛਾਕੜੀ ਰਾਜ ਦੀ ਦਬਸ਼ ਅਤੇ ਦਹਿਸ਼ਤ ਤੋਂ ਬੇਪ੍ਰਵਾਹ ਸਿਰ ਉਠਾ ਕੇ ਚੱਲਣ ਦੀ ਜੁਰਅਤ ਕਰੇ। 
ਪੈਂਤੜਾ ਨੂੰ ਪੁੱਠਾ ਪਿਆ
ਇਸ ਲਈ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸ਼ਕਲ ਵਿਚ ਸਿਰ ਚੁੱਕ ਰਹੀ ਅਜਿਹੀ ਨਾਬਰੀ ਨੂੰ ਮੁੱਢ ਵਿਚ ਝੰਬ ਸੁੱਟਣ ਲਈ ਹਾਕਮਾਂ ਵੱਲੋਂ ਜੇਠੂਕੇ ਵਿਖੇ ਗੋਲੀਆਂ ਦੀ ਵਾਛੜ ਕੀਤੀ ਗਈ ਅਤੇ ਦੋ ਬੇਜ਼ਮੀਨੇ ਕਿਸਾਨਾਂ (ਖੇਤ ਮਜ਼ਦੂਰਾਂ) ਨੂੰ ਸ਼ਹੀਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਮਾਨਾਂਵਾਲਾ ਵਿਖੇ ਰੇਲਵੇ ਲਾਇਨ 'ਤੇ ਧਰਨਾ ਦੇ ਰਹੇ ਕਿਸਾਨ ਇਕੱਠ ਨੂੰ ਸਬਕ ਸਿਖਾਉਣ ਲਈ ਹੱਲਾ ਬੋਲਿਆ ਗਿਆ ਅਤੇ ਗੋਲੀਆਂ ਦਾ ਮੀਂਹ ਵਰ੍ਹਾਇਆ ਗਿਆ, ਸਿੱਟੇ ਵਜੋਂ- ਇੱਕ ਕਿਸਾਨ ਸ਼ਹੀਦ ਹੋ ਗਿਆ। ਫਿਰ ਧੌਲਾ-ਛੰਨਾ ਵਿਖੇ ਕਿਸਾਨ ਕਾਫ਼ਲਿਆਂ 'ਤੇ ਜਾਬਰ ਹੱਲਾ ਬੋਲ ਕੇ ਜ਼ੋਰ ਅਜ਼ਮਾਈ ਕੀਤੀ ਗਈ ਅਤੇ ਪਿੱਛੇ ਜਿਹੇ ਚੰਡੀਗੜ੍ਹ ਵਿਖੇ ਲਾਠੀਚਾਰਜ ਅਤੇ ਅੱਥਰੂਗੈਸ ਵਗੈਰਾ ਦੀ ਵਰਤੋਂ ਕਰਕੇ ਜੁਝਾਰ ਕਿਸਾਨ ਕਾਫ਼ਲਿਆਂ ਦੇ ਸਿਦਕ ਅਤੇ ਦਮ-ਖ਼ਮ ਦੀ ਪਰਖ ਕੀਤੀ ਗਈ। ਪਰ ਕਿਸਾਨ ਜਥੇਬੰਦੀ ਦੀ ਅਗਵਾਈ ਹੇਠ ਇੱਕਮੁੱਠ ਹੋਏ ਕਿਸਾਨਾਂ ਵੱਲੋਂ ਨਾ ਸਿਰਫ ਆਪਣੀ ਸਮੂਹਿਕ ਭੇੜੂ ਤਾਕਤ ਦੇ ਜ਼ੋਰ ਹਕੂਮਤੀ ਜਾਬਰ ਹੱਲਿਆਂ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ ਗਿਆ, ਸਗੋਂ ਉਸ ਤੋਂ ਬਾਅਦ ਆਪਣੀ ਜਥੇਬੰਦੀ ਨੂੰ ਮਜਬੂਤ ਕਰਦਿਆਂ ਅਤੇ ਆਪਣੀ ਸਮੂਹਿਕ ਭੇੜ ਤਾਕਤ ਨੂੰ ਜ਼ਰਬਾਂ ਦਿੰਦਿਆਂ, ਹਾਕਮਾਂ ਦੇ ਕੱਦ ਕੱਢ ਰਹੀ ਕਿਸਾਨ ਤਾਕਤ ਨੂੰ ਬਾਲ-ਉਮਰੇ ਹੀ ਕੁਚਲ ਦੇਣ ਦੇ ਖੋਟੇ ਮਨਸੂਬਿਆਂ ਨੂੰ ਮਿੱਟੀ ਵਿਚ ਮਿਲਾ ਦਿੱਤਾ ਗਿਆ। 
ਇਉਂ ਹਾਕਮਾਂ ਦੀ ਨੀਂਦ ਹਰਾਮ ਕਰ ਰਹੀ ਕਿਸਾਨ-ਜਥੇਬੰਦੀ ਅਤੇ ਲਹਿਰ ਨੂੰ ਜਬਰ ਦੇ ਜ਼ੋਰ ਚਿੱਪਣ ਲਈ ਉਹਨਾਂ ਵੱਲੋਂ ਕਈ ਵਾਰ ਹੱਲਾ ਬੋਲਿਆ ਗਿਆ। ਇਹਨਾਂ ਸਭ ਜਾਬਰ ਹੱਲਿਆਂ ਦੀ ਕਿਸਾਨ ਜਥੇਬੰਦੀ ਵੱਲੋਂ ਕੀਤੇ ਮੋੜਵੇਂ ਜਨਤਕ ਟਾਕਰੇ ਅਤੇ ਵਿਸ਼ਾਲ ਜਨਤਕ ਉਭਾਰਾਂ ਦੇ ਵਰੋਲਿਆਂ ਸਾਹਮਣੇ ਨਾ ਸਿਰਫ ਫੂਕ ਨਿਕਲ ਕੇ ਰਹਿ ਗਈ, ਸਗੋਂ ਇਹ ਵਾਰ ਹਾਕਮਾਂ ਲਈ ਪੁੱਠੇ ਵੀ ਪਏ, ਯਾਨੀ ਉਹਨਾਂ ਨੂੰ ਇਹਨਾਂ ਦੀ ਚੰਗੀ-ਤਕੜੀ ਕੀਮਤ ਚੁਕਾਉਣੀ ਪਈ। ਇਹਨਾਂ ਜਾਬਰ ਹੱਲਿਆਂ ਕਰਕੇ ਹਕੂਮਤ ਨੂੰ ਜਨਤਕ ਤੋਏ ਤੋਏ ਅਤੇ ਬਦਖੋਈ ਦਾ ਸਾਹਮਣਾ ਕਰਨਾ ਪਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਇਸਦੀ ਅਗਵਾਈ ਹੇਠਲੀ ਕਿਸਾਨ ਲਹਿਰ ਦੇ ਕਿਸਾਨ ਜਨਤਾ ਅੰਦਰ ਪ੍ਰਭਾਵ-ਅਧਾਰ ਦਾ ਤੇਜੀ ਨਾਲ ਪਸਾਰਾ ਹੋਇਆ। ਪੰਜਾਬ ਦੀ ਕਿਸਾਨ ਜਨਤਾ ਤੇ ਹੋਰਨਾਂ ਮਿਹਨਤਕਸ਼ ਹਿੱਸਿਆਂ ਵਿਚ ਇਸਦੀ ਕਿਸਾਨ ਹੱਕਾਂ-ਹਿੱਤਾਂ ਲਈ ਖੜ੍ਹਨ, ਲੜਨ ਅਤੇ ਭਿੜਨ ਵਾਲੀ ਜੁਝਾਰ ਕਿਸਾਨ ਜਥੇਬੰਦੀ ਵਜੋਂ ਪੈਂਠ ਬੰਨ੍ਹੀਂ ਗਈ। ਇਸਦੀਆਂ ਪਿੰਡ ਇਕਾਈਆਂ ਅਤੇ ਜਥੇਬੰਦਕ ਤਾਣੇ-ਬਾਣੇ ਦਾ ਅਮਲ ਤੇਜੀ ਨਾਲ ਅੱਗੇ ਵਧਿਆ ਅਤੇ ਇਹ ਸੂਬੇ ਦੀ ਇੱਕ ਕੱਦਾਵਰ ਅਤੇ ਮਜਬੂਤ ਕਿਸਾਨ ਜਥੇਬੰਦੀ ਵਜੋਂ ਉੱਭਰ ਕੇ ਸਾਹਮਣੇ ਆਈ। 
ਗੁੰਡਾ ਗਰੋਹਾਂ ਦੀ ਵਰਤੋਂ ਦਾ ਪੈਂਤੜਾ
ਇਸ ਪੁੱਠੇ ਪਏ ਅਮਲ ਨੂੰ ਦੇਖਦਿਆਂ, ਅਕਾਲੀ ਭਾਜਪਾ ਹਕੂਮਤ ਵੱਲੋਂ, ਕਿਸਾਨ ਜਥੇਬੰਦੀ ਨਾਲ ਵੱਖ ਵੱਖ ਮੌਕਿਆਂ ਅਤੇ ਵੱਖ ਵੱਖ ਸੰਘਰਸ਼ ਮੁੱਦਿਆਂ 'ਤੇ ਗੱਲਬਾਤ ਦਾ ਤੋਰਾ ਤੋਰਿਆ ਗਿਆ। ਕੁਝ ਅਹਿਮ ਮੰਗਾਂ (ਧੌਲਾ-ਛੰਨਾਂ ਦੇ ਜ਼ਮੀਨੀ ਮਸਲੇ ਨਾਲ ਸੰਬੰਧਤ ਜਿਵੇਂ ਜ਼ਮੀਨਾਂ ਦਾ ਵਾਜਬ ਭਾਅ ਅਦਾ ਕਰਨਾ, ਜਬਰੀ ਜ਼ਮੀਨਾਂ ਹਥਿਆਉਣ ਦੀ ਸਰਕਾਰੀ ਨੀਤੀ ਨੂੰ ਤਿਆਗਣਾ, ਕਿਸਾਨਾਂ 'ਤੇ ਪੁਲਸ ਕੇਸ ਵਾਪਸ ਲੈਣਾ ਅਤੇ ਕਈ ਹੋਰ ਆਰਥਿਕ ਮੰਗਾਂ ਆਦਿ) ਨੂੰ ਪ੍ਰਵਾਨ ਕੀਤਾ ਗਿਆ ਅਤੇ ਉਹਨਾਂ ਨੂੰ ਲਾਗੂ ਕੀਤਾ ਗਿਆ। ਹਕੂਮਤ ਵੱਲੋਂ ਅਤੇ ਉਸਦੀ ਸਰਪ੍ਰਸਤੀ ਹੇਠ ਜਬਰਨ ਲੁੱਟ-ਖੋਹ ਅਤੇ ਧੌਂਸਬਾਜ਼ ਕਾਰਵਾਈਆਂ ਚਲਾ ਰਹੇ ਲੋਕ-ਦੁਸ਼ਮਣ ਲਾਣੇ ਵੱਲੋਂ ਜਥੇਬੰਦੀ ਖਿਲਾਫ ਵਿਹੁ ਘੋਲਣਾ ਕਦੇ ਵੀ ਬੰਦ ਨਹੀਂ ਕੀਤਾ ਗਿਆ। ਪਰ ਹੁਣ ਹਮਲੇ ਦੇ ਅਜਿਹੇ ਟੇਢੇ ਤੌਰ ਤਰੀਕੇ ਉਹਨਾਂ ਦੀ ਲੋੜ ਬਣ ਰਹੇ ਹਨ, ਜਿਹਨਾਂ ਨਾਲ ਸਿਆਸੀ ਬਦਨਾਮੀ ਤੋਂ ਬਚਕੇ ਜਥੇਬੰਦੀ ਨੂੰ ਸੱਟ ਮਾਰੀ ਜਾ ਸਕੇ। ਇਸ ਹਾਲਤ ਵਿਚ ਅਕਾਲੀ ਸਿਆਸਤਦਾਨਾਂ ਵੱਲੋਂ ਗੁੰਡਾ ਫਾਸ਼ੀ-ਗਰੋਹਾਂ ਨੂੰ ਜਥੇਬੰਦੀ 'ਤੇ ਹਮਲੇ ਲਈ ਵਰਤਣ ਦਾ ਪੈਂਤੜਾ ਅਖਤਿਆਰ ਕੀਤਾ ਗਿਆ ਹੈ। ਇਸ ਹਮਲੇ ਲਈ ਉਸ ਇਲਾਕੇ ਵਿਚ ਇਹ ਹਮਲਾ ਕਰਨ ਦੀ ਚੋਣ ਕੀਤੀ ਗਈ, ਜਿਥੇ ਹਾਲੀਂ ਕਿਸਾਨ ਜਥੇਬੰਦੀ ਦੀਆਂ ਨੀਂਹਾਂ ਹੀ ਭਰੀਆਂ ਜਾ ਰਹੀਆਂ ਹਨ। 
ਹਾਕਮਾਂ ਦਾ ਫਾਸ਼ੀ ਹਥਿਆਰ
ਮੌਜੂਦਾ ਦੌਰ 'ਚ ਪੰਜਾਬ ਦੀ ਕਿਸਾਨ ਲਹਿਰ 'ਤੇ ਗੁੰਡਾ-ਕਾਤਲੀ ਟੋਲਿਆਂ ਰਾਹੀਂ  ਸੂਦਖੋਰਾਂ ਵੱਲੋਂ ਅਜਿਹਾ ਹੀ ਵਾਰ ਕਰਨ ਦੀਆਂ ਗੋਂਦਾਂ ਗੁੰਦਣ ਦੀਆਂ ਸਾਜਿਸ਼ਾਂ ਪਹਿਲਾਂ ਬਠਿੰਡਾ ਇਲਾਕੇ ਵਿਚ ਵੀ ਨਸ਼ਰ ਹੋਈਆਂ ਸਨ। ਮੁਲਕ ਦੀ ਕਿਸਾਨ ਲਹਿਰ ਅਤੇ ਜਨਤਕ ਇਨਕਲਾਬੀ ਲਹਿਰ ਨੂੰ ਹਾਕਮਾਂ ਵੱਲੋਂ ਜਥੇਬੰਦ ਕੀਤੇ ਫਾਸ਼ੀ ਗੁੰਡਾ ਗਰੋਹਾਂ ਦੇ ਹਮਲਿਆਂ ਦਾ ਪਹਿਲਾਂ ਵੀ ਸਾਹਮਣਾ ਕਰਨਾ ਪਿਆ ਹੈ ਅਤੇ ਅੱਜ ਵੀ ਕਰ ਰਹੀ ਹੈ। ਛੱਤੀਸਗੜ੍ਹ ਵਿਚ ਲੱਗਭੱਗ ਦੋ ਦਹਾਕੇ ਪਹਿਲਾਂ ਸ਼ੰਕਰਗੁਹਾ ਨਿਓਗੀ ਦਾ ਸ਼ਰਾਬ-ਮਾਫੀਆ ਵੱਲੋਂ ਗੁੰਡਿਆਂ ਹੱਥੋਂ ਕਤਲ ਕਰਵਾਇਆ ਗਿਆ ਸੀ। ਪੰਜਾਬ ਦੀ ਇਨਕਲਾਬੀ ਵਿਦਿਆਰਥੀ ਲਹਿਰ ਦੇ ਹਰਮਨ ਪਿਆਰੇ ਆਗੂ ਪ੍ਰਿਥੀਪਾਲ ਸਿੰਘ ਰੰਧਾਵਾ ਨੂੰ 1979 ਵਿਚ ਅਕਾਲੀ ਸਿਆਸਤਦਾਨਾਂ ਵੱਲੋਂ ਆਪਣੇ ਪਾਲੇ-ਪੋਸੇ ਗੁੰਡਾ ਗਰੋਹ ਤੋਂ ਕਤਲ ਕਰਵਾਇਆ ਗਿਆ ਸੀ। ਛੱਤੀਸਗੜ੍ਹ ਸੂਬੇ ਵਿਚ ਉਥੋਂ ਦੇ ਆਦਿਵਾਸੀਆਂ ਦੀ ਇਨਕਲਾਬੀ ਲਹਿਰ ਨੂੰ ਕੁਚਲਣ ਵਾਸਤੇ ਹਕੂਮਤ ਵੱਲੋਂ ''ਸਲਵਾ ਜੁਡਮ'' ਦੇ ਫੱਟੇ ਹੇਠ ਫਾਸ਼ੀ ਗਰੋਹਾਂ ਨੂੰ ਜਥੇਬੰਦ ਅਤੇ ਸਿੱਖਿਅਤ ਕੀਤਾ ਜਾ ਰਿਹਾ ਹੈ। ਬਿਹਾਰ ਅੰਦਰ ਕਿਸਾਨ ਲਹਿਰ ਖਿਲਾਫ਼ ਖੜ੍ਹੀ ਕੀਤੀ ਗਈ ਜਗੀਰਦਾਰਾਂ ਦੀ ''ਰਣਬੀਰ ਸੈਨਾ'' ਇਸੇ ਬਕਾਇਦਾ ਜਥੇਬੰਦ ਫਾਸ਼ੀ ਸਿਆਸੀ ਹਿੰਸਾ ਦੀ ਉੱਭਰਵੀਂ ਮਿਸਾਲ ਹੈ। ਉਹਨਾਂ ਨੂੰ ਆਦਿਵਾਸੀ ਪਿੰਡਾਂ 'ਤੇ ਝਪਟਣ ਲਈ ਸ਼ਿਸ਼ਕੇਰਿਆ ਜਾ ਰਿਹਾ ਹੈ। 
ਸੋ, ਇਹ ਫਾਸ਼ੀ ਸਿਆਸੀ ਹਿੰਸਾ ਹਾਕਮ ਜਮਾਤੀ ਪਿਛਾਖੜੀ ਹਿੰਸਾ ਦਾ ਹੀ ਇੱਕ ਗੁੱਝਾ ਅਤੇ ਬਦਲਵਾਂ ਰੂਪ ਹੈ। ਰਾਜ ਦਾ ਹਥਿਆਰਬੰਦ ਢਾਂਚਾ (ਪੁਲਸ, ਨੀਮ ਫੌਜੀ ਬਲ, ਫੌਜ ਆਦਿ) ਹਾਕਮ ਜਮਾਤੀ ਪਿਛਾਖੜੀ ਹਿੰਸਾ ਦੀ ਉੱਚਤਮ ਜਥੇਬੰਦਕ ਸ਼ਕਲ ਹੈ। ਜਿਸ ਨੂੰ ਸੰਵਿਧਾਨਕ ਕਾਨੂੰਨੀ ਵਾਜਬੀਅਤ ਮੁਹੱਈਆ ਕੀਤੀ ਹੋਈ ਹੈ। ਫਾਸ਼ੀ ਗੁੰਡਾ ਗਰੋਹਾਂ ਦੀ ਸ਼ਕਲ ਵਿਚ ਵਿਚਰਦੀ ਪਿਛਾਖੜੀ ਸਿਆਸੀ ਹਿੰਸਾ ਇਸਦਾ ਅਣਐਲਾਨਿਆ ਅਤੇ ਗੈਰ-ਕਾਨੂੰਨੀ ਰੂਪ ਹੈ, ਜਿਹੜਾ ਹਕੂਮਤੀ/ਰਾਜਕੀ ਛਤਰਛਾਇਆ ਹੇਠ, ਪਲਦਾ, ਵਧਦਾ-ਫੈਲਦਾ ਅਤੇ ਕਾਇਮ ਰਹਿੰਦਾ ਹੈ। 
ਫਾਸ਼ੀ ਜਬਰ ਅਤੇ ਹਿੰਸਾ ਟੁਟਵੇਂ 'ਕਹਿਰੇ ਰੁਪ ਵਿਚ ਮੁਲਕ ਦੇ ਪਿਛਾਖ਼ੜੀ ਨਿਜ਼ਾਮ ਅੰਦਰ ਸਦਾ ਹਰਕਤ ਵਿਚ ਰਹਿੰਦੀ ਹੈ। ਕਿਉਂਕਿ ਗੈਰ-ਜਮਹੂਰੀ, ਧੱਕੜ, ਦਹਿਸ਼ਤੀ ਅਤੇ ਹਿੰਸਕ ਸਮਾਜਿਕ ਸਿਆਸੀ ਵਿਹਾਰ ਜਗੀਰੂ ਲੁੱਟ ਤੇ ਦਾਬੇ 'ਤੇ ਆਧਾਰਤ ਸਮਾਜਿਕ ਪ੍ਰਬੰਧ ਦਾ ਵਜੂਦ ਸਮੋਇਆ ਲੱਛਣ ਹੈ। ਪਿੰਡਾਂ ਅੰਦਰ ਗਰੀਬ ਕਿਸਾਨਾਂ, ਖਾਸ ਕਰਕੇ ਦਲਿਤ ਹਿੱਸਿਆਂ ਨੂੰ, ਕਾਰਖਾਨਿਆਂ ਅੰਦਰ ਮਜ਼ਦੂਰਾਂ, ਹੋਰਨਾਂ ਕਮਾਊ ਤਬਕਿਆਂ ਅਤੇ ਔਰਤਾਂ ਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਅਜਿਹੇ ਜਾਬਰ ਤੇ ਹਿੰਸਕ ਵਿਹਾਰ ਦਾ ਇੱਕ ਜਾਂ ਦੂਜੀ ਸ਼ਕਲ ਵਿਚ ਸਾਹਮਣਾ ਕਰਨਾ ਪੈਂਦਾ ਹੈ। ਮਿਹਨਤਕਸ਼ ਜਨਤਾ ਨੂੰ ਲਾਦੂ ਕੱਢ ਕੇ ਰੱਖਣ ਲਈ ਅਜਿਹਾ ਵਿਹਾਰ ਜਗੀਰੁ ਚੌਧਰੀਆਂ ਅਤੇ ਧਨਾਢ ਕਾਰੋਬਾਰੀਆਂ ਦੇ ਹੱਥ ਇੱਕ ਸਿੱਕੇਬੰਦ ਹਥਿਆਰ ਹੈ। ਭ੍ਰਿਸ਼ਟ ਪਾਰਲੀਮਾਨੀ ਸਿਆਸਤਦਾਨਾਂ ਵੱਲੋਂ ਆਪਣਾ ਵੋਟ-ਬੈਂਕ ਜੁਟਾਉਣ ਅਤੇ ਸਮਾਜ ਅੰਦਰ ਸਿੱਕਾ ਜਮਾ ਕੇ ਰੱਖਣ ਲਈ ਧੱਕੜ, ਜਾਬਰ ਅਤੇ ਹਿੰਸਕ ਢੰਗ-ਤਰੀਕਿਆਂ ਦੀ ਨਿੱਤ ਵਧਦੀ ਜਾ ਰਹੀ ਵਰਤੋਂ ਇਹਨਾਂ ਫਾਸ਼ੀ ਗੁੰਡਾ ਗਰੋਹਾਂ ਦੇ ਵਧਣ-ਫੁੱਲਣ ਲਈ ਹੋਰ ਵੀ ਸਾਜਗਾਰ ਹਾਲਤ ਮੁਹੱਈਆ ਕਰਦੀ ਹੈ। 
ਜਿਉਂ ਜਿਉਂ ਹਾਕਮ ਜਮਾਤਾਂ ਨਾਲ ਮਿਹਨਤਕਸ਼ ਲੋਕਾਂ ਦਾ ਟਕਰਾਅ ਤਿੱਖਾ ਹੁੰਦਾ ਜਾਂਦਾ ਹੈ ਅਤੇ ਵੱਖ ਵੱਖ ਕਮਾਊ ਜਮਾਤਾਂ/ਤਬਕਿਆਂ ਵੱਲੋਂ, ਖਾਸ ਕਰਕੇ ਕਿਸਾਨਾਂ-ਮਜ਼ਦੂਰਾਂ ਵੱਲੋਂ ਜਥੇਬੰਦ ਸੰਘਰਸ਼ ਦੇ ਰਾਹ ਪੈਂਦਿਆਂ, ਆਪਣੀ ਖੁਦਮੁਖਤਿਆਰ ਸਮੂਹਿਕ ਤਾਕਤ/ਹੈਸੀਅਤ ਨੂੰ ਜਤਲਾਉਣ ਦੇ ਰਾਹ ਪਿਆ ਜਾਂਦਾ ਹੈ ਤਾਂ ਇਹ ਜਾਬਰ/ਹਿੰਸਕ ਸਮਾਜਿਕ ਤਾਕਤਾਂ ਹਾਕਮ ਜਮਾਤੀ ਸਰਪ੍ਰਸਤੀ ਹੇਠ ਬਾਕਾਇਦਾ ਵਿਉਂਤਬੱਧ ਜਥੇਬੰਦਕ ਸ਼ਕਲ ਅਖਤਿਆਰ ਕਰਨ ਤੁਰਦੀਆਂ ਹਨ। ਇਉਂ, ਖਰੀਆਂ ਲੋਕ ਹਿਤੈਸ਼ੀ ਅਤੇ ਇਨਕਲਾਬੀ ਜਨਤਕ ਜਥੇਬੰਦੀਆਂ 'ਤੇ ਹਾਕਮ ਜਮਾਤਾਂ ਵੱਲੋਂ ਪਾਲੇ ਤੇ ਜਥੇਬੰਦ ਕੀਤੇ ਇਹਨਾਂ ਫਾਸ਼ੀ ਗੁੰਡਾ ਗਰੋਹਾਂ ਦੇ ਹਿੰਸਕ ਹਮਲਿਆਂ ਦੀਆਂ ਗੁੰਜਾਇਸ਼ਾਂ ਵੱਧ ਜਾਂਦੀਆਂ ਹਨ। ਹਕੂਮਤੀ ਹਥਿਆਰਬੰਦ ਸ਼ਕਤੀਆਂ ਦੀ ਵਰਤੋਂ ਦੇ ਮੁਕਾਬਲੇ ਇਨਕਲਾਬੀ ਲੋਕ ਆਗੂਆਂ, ਜਥੇਬੰਦੀਆਂ ਅਤੇ ਲਹਿਰ 'ਤੇ ਝਪਟਣ ਲਈ ਅਜਿਹੇ ਫਾਸ਼ੀ ਗਰੋਹਾਂ ਦੀ ਵਰਤੋਂ ਹਾਕਮਾਂ ਨੂੰ ਵੱਧ ਰਾਸ ਬਹਿੰਦੀ ਹੈ। ਕਿਉਂਕਿ ਉਹ ਅਜਿਹੇ ਫਾਸ਼ੀ ਹਿੰਸਕ ਹਮਲਿਆਂ ਨੂੰ ਲੋਕਾਂ ਦੇ ਨਿੱਜੀ/ਸਿਆਸੀ ਧੜੇਬੰਦਕ ਖਹਿਭੇੜ ਦਾ ਨਤੀਜਾ ਦੱਸ ਕੇ ਆਪ ਇਸ ਤੋਂ ਨਿਰਲੇਪ ਅਤੇ ਨਿਰਪੱਖ ਹੋਣ ਦਾ ਢੌਂਗ ਰਚਣ ਦੀ ਕੋਸ਼ਿਸ਼  ਕਰਦੇ ਹਨ। ਇਸ ਤਰ੍ਹਾਂ ਹਕੂਮਤੀ ਹਥਿਆਰਬੰਦ ਸ਼ਕਤੀਆਂ ਦੀ ਵਰਤੋਂ ਨਾਲ ਹੁੰਦੀ ਜਨਤਕ ਨਿਖੇਧੀ ਅਤੇ ਬਦਨਾਮੀ ਤੋਂ ਬਚਣ ਦੇ ਯਤਨ ਕਰਦੇ ਹਨ। ਲੋਕਾਂ ਅੰਦਰ ਅਜਿਹੇ ਫਾਸ਼ੀ ਹਿੰਸਕ ਹਮਲਿਆਂ ਦੀਆਂ ਅਸਲੀ ਜੁੰਮੇਵਾਰ ਤਾਕਤਾਂ ਬਾਰੇ ਘਚੋਲਾ ਖੜ੍ਹਾ ਕਰਨ ਅਤੇ ਉ੍ਹਨਾਂ ਦੇ ਗੁੱਸੇ ਤੇ ਨਫਰਤ ਨੂੰ ਅਸਲੀ ਸ਼ਿਸ਼ਤ ਤੋਂ ਭਟਕਾਉਣ ਦੀਆਂ ਚਾਲਾਂ ਚੱਲਦੇ ਹਨ। 
ਉੱਭਰਵਾਂ ਕਾਰਜ
ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ 'ਤੇ ਕੀਤਾ ਕਾਤਲੀ ਵਾਰ ਕਿਸੇ ਵਿਅਕਤੀ 'ਤੇ ਕੀਤਾ ਵਾਰ ਨਹੀਂ, ਇਹ ਸਮੁੱਚੀ ਕਿਸਾਨ ਜਥੇਬੰਦੀ/ਲਹਿਰ 'ਤੇ ਕੀਤਾ ਵਾਰ ਹੈ। ਇਸ ਹਮਲੇ ਨੇ ਪੰਜਾਬ ਦੀਆਂ ਖਰੀਆਂ ਕਿਸਾਨ ਹਿਤੈਸ਼ੀ ਕਿਸਾਨ ਜਥੇਬੰਦੀਆਂ ਅਤੇ ਜਨਤਕ ਜਮਹੂਰੀ ਕਿਸਾਨ ਲਹਿਰ ਸਾਹਮਣੇ ਇਹ ਗੱਲ ਉਭਾਰ ਦਿੱਤੀ ਹੈ ਕਿ ਪੰਜਾਬ ਦੇ ਕਮਾਊ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਆਪਣੇ ਅਹਿਮ ਮੰਗਾਂ /ਮਸਲਿਆਂ 'ਤੇ ਜਥੇਬੰਦ ਹੋਣਾ, ਸੰਘਰਸ਼ ਦੇ ਰਾਹ ਪੈਣਾ ਅਤੇ ਸਮੂਹਿਕ ਤਾਕਤ ਦੇ ਜ਼ੋਰ ਹੱਕ ਜਤਲਾਈ ਕਰਨਾ ਪੇਂਡੂ ਚੌਧਰੀਆਂ, ਸੂਦਖੋਰਾਂ ਅਤੇ ਭੋਇੰ-ਮਾਫੀਏ ਅਤੇ ਭ੍ਰਿਸ਼ਟ ਹਾਕਮ ਜਮਾਤੀ ਸਿਆਸਤਦਾਨਾਂ ਨੂੰ ਫੁੱਟੀ ਅੱਖ ਵੀ ਨਹੀਂ ਭਾਉਂਦਾ। ਜਿਉਂ ਜਿਉਂ ਕਿਸਾਨਾਂ ਦੀ ਲਹਿਰ ਨੇ ਅਹਿਮ ਮੁੱਦਿਆਂ 'ਤੇ ਵੱਡੇ ਕਿਸਾਨ ਉੱਭਾਰਾਂ ਅਤੇ ਸੰਘਰਸ਼ਾਂ ਦੇ ਰਾਹ ਪੈਣ ਅਤੇ ਆਪਣੀ ਖੁਦਮੁਖਤਿਆਰ ਜਮਹੂਰੀ ਹੈਸੀਅਤ ਜਤਲਾਉਣ ਵੱਲ ਵਧਣਾ ਹੈ, ਪਿਛਾਖੜੀ ਸਿਆਸੀ ਹਿੰਸਾ ਦੇ ਨਾਗ ਨੇ ਆਪਣਾ ਫਣ ਹੋਰ ਚੁੱਕਣਾ ਹੈ ਅਤੇ ਕਿਸਾਨ ਲਹਿਰ ਵੱਲ ਹਮਲਾਵਰ ਰੁਖ਼ ਅਖਤਿਆਰ ਕਰਨਾ ਹੈ। ਇਸ ਲਈ, ਜਮਹੂਰੀ ਕਿਸਾਨ ਲਹਿਰ ਦੀ ਉਸਾਰੀ ਵਾਸਤੇ ਜੂਝ ਰਹੀਆਂ ਕਿਸਾਨ ਜਥੇਬੰਦੀਆਂ ਲਈ ਕਿਸਾਨ ਜਥੇਬੰਦੀ ਤੇ ਲਹਿਰ ਦੀ ਰਾਖੀ ਦਾ ਸੁਆਲ ਕਿਸਾਨ ਲਹਿਰ ਦੀ ਪੇਸ਼ਕਦਮੀ ਦੇ ਕਾਰਜ ਨਾਲ ਜੁੜੇਂ ਇੱਕ ਅਹਿਮ ਕਾਰਜ ਵਜੋਂ ਉੱਭਰ ਆਇਆ ਹੈ। ਇਸ ਕਾਰਜ ਦੀ ਕਦਰ-ਘਟਾਈ ਕਰਕੇ ਜਾਂ ਨਜ਼ਰਅੰਦਾਜ਼ ਕਰਕੇ ਸੂਬੇ ਦੀ ਕਿਸਾਨ ਲਹਿਰ ਦੀ ਦਰੁਸਤ ਰੁੱਖ ਪੇਸ਼ਕਦਮੀ ਦੀ ਜਾਮਨੀ ਨਹੀਂ ਕੀਤੀ ਜਾ ਸਕਦੀ। 
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਹੋਰਨਾਂ ਖਰੀਆਂ ਕਿਸਾਨ ਹਿਤੈਸ਼ੀ ਜਥੇਬੰਦੀਆਂ ਅਤੇ ਜਮਹੂਰੀ ਕਿਸਾਨ ਲਹਿਰ ਨੂੰ ਖਾਸ ਕਰਕੇ, ਅਤੇ ਸਮੁੱਚੀ ਜਨਤਕ ਇਨਕਲਾਬੀ ਅਤੇ ਲੋਕ ਹਿਤੈਸ਼ੀ ਜਨਤਕ ਲਹਿਰ ਨੂੰ ਆਮ ਕਰਕੇ ਅਕਾਲੀ ਹਾਕਮਾਂ ਦੇ ਇਸ  ਫਾਸ਼ੀ ਹਿੰਸਕ ਵਾਰ ਪਿੱਛੇ ਕੰਮ ਕਰਦੇ ਲੋਕ-ਦੁਸ਼ਮਣ ਮਨਸੂਬਿਆਂ ਨੂੰ ਪਛਾੜਨ ਲਈ ਹਰਕਤ ਵਿਚ ਆਉਣਾ ਚਾਹੀਦਾ ਹੈ। ਉਹਨਾਂ ਨੂੰ ਸ੍ਰੀ ਤਖਤੂਪੁਰਾ ਦੇ ਕਤਲ ਵਿਚ ਦੋਸ਼ੀ ਅਕਾਲੀ ਲੀਡਰ ਵੀਰ ਸਿੰਘ ਲੋਪੋਕੇ, ਥਾਣੇਦਾਰ ਰਛਪਾਲ ਬਾਬਾ ਅਤੇ ਹੋਰ ਸਾਜਸ਼ੀਆਂ ਨੂੰ ਕਤਲ ਕੇਸ ਵਿਚੋਂ ਕੱਢਣ ਦੇ ਅਕਾਲੀ ਹਾਕਮਾਂ ਦੇ ਕੋਝੇ ਮਨਸੂਬਿਆਂ ਦਾ ਪਰਦਾਫਾਸ਼ ਕਰਨ, ਇਹਨਾਂ ਦੋਵਾਂ ਸਮੇਤ ਸਭਨਾਂ ਕਾਤਲਾਂ ਨੂੰ ਗ੍ਰਿਫਤਾਰ ਕਰਵਾਉਣ ਅਤੇ ਸਜ਼ਾਵਾਂ ਦਿਵਾਉਣ ਲਈ ਜ਼ੋਰਦਾਰ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਆਬਾਦਕਾਰਾਂ ਨੂੰ ਜ਼ਮੀਨ ਮਾਲਕੀ ਦੇ ਹੱਕ ਦਿਵਾਉਣ, ਖੰਨਾ-ਚਮਾਰਾ ਵਿਖੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਜ਼ਮੀਨਾਂ 'ਤੇ ਕਾਸ਼ਤ ਕਰਨ ਦੇ ਹੱਕ ਬਹਾਲ ਕਰਨ ਦੇ ਮੁੱਦਿਆਂ ਨੂੰ ਵੀ ਜ਼ੋਰ ਨਾਲ ਉਭਾਰਨਾ ਚਾਹੀਦਾ ਹੈ। 
ਇਉਂ ਇਹਨਾਂ ਦੋਵਾਂ ਮਾਮਲਿਆਂ ਦੇ ਨਾਲ ਬਿਜਲੀ ਬੋਰਡ ਦੇ ਨਿੱਜੀਕਰਨ ਦੀ ਵਿਉਂਤ ਨੂੰ ਰੱਦ ਕਰਵਾਉਣ ਅਤੇ ਸੁਖਬੀਰ ਕਾਲੀਆ ਰਿਪੋਰਟ ਨੂੰ ਵਾਪਸ ਕਰਵਾਉਣ ਲਈ ਕਿਸਾਨ ਜਨਤਾ ਨੂੰ ਉਭਾਰਨਾ ਅਤੇ ਸੰਘਰਸ਼ ਦੇ ਰਾਹ ਪਾਉਣਾ ਚਾਹੀਦਾ ਹੈ ਤਾਂ ਕਿ ਸੂਬੇ ਵਿਚ ਜਮਹੂਰੀ ਕਿਸਾਨ ਲਹਿਰ ਦਾ ਵਧਾਰਾ-ਪਸਾਰਾ ਕਰਦਿਆਂ ਅਤੇ ਇਸ ਨੂੰ ਅੱਗੇ ਵਧਾਉਂਦਿਆਂ, ਅਕਾਲੀ ਸਿਆਸਤਦਾਨਾਂ ਦੇ ਕਿਸਾਨ ਲਹਿਰ ਨੂੰ ਸੱਟ ਮਾਰਨ ਦੇ ਫਾਸ਼ੀ ਪੈਂਤੜੇ ਨੂੰ ਨਾਕਾਮ ਬਣਾਇਆ ਜਾਵੇ ਅਤੇ ਪੁੱਠਾ ਪਾਇਆ ਜਾ ਸਕੇ। 
ਇਉਂ ਕਰਦਿਆਂ ਅਜਿਹੇ ਫਾਸ਼ੀ ਸਿਆਸੀ ਹਿੰਸਕ ਹਮਲਿਆਂ ਦਾ ਟਾਕਰਾ ਕਰਨ ਅਤੇ ਗੁੰਡਾ ਗਰੋਹਾਂ ਦੀ ਧੌਂਸ ਅਤੇ ਦਹਿਸ਼ਤ ਨੂੰ ਚਕਨਾਚੂਰ ਕਰਨ ਲਈ ਸਮੁੱਚੀ ਜਮਹੂਰੀ ਕਿਸਾਨ ਲਹਿਰ ਨੂੰ ਤਿਆਰ ਕਰਨ ਦਾ ਅਮਲ ਵਿੱਢਣਾ ਚਾਹੀਦਾ ਹੈ। ਇਸ ਲਈ ਪਹਿਲ-ਪ੍ਰਿਥਮੇ ਆਗੂਆਂ, ਜਥੇਬੰਦੀ ਅਤੇ ਕਿਸਾਨ ਲਹਿਰ ਦੀ ਰਾਖੀ ਦਾ ਸੁਆਲ ਸਮੁੱਚੀ ਜਥੇਬੰਦੀ ਤੇ ਕਿਸਾਨ ਲਹਿਰ ਦਾ ਗੰਭੀਰ ਸਰੋਕਾਰ ਬਣਨਾ ਚਾਹੀਦਾ ਹੈ। ਜੁਝਾਰ ਕਿਸਾਨ ਜਨਤਾ ਨੂੰ ਅਜਿਹੇ ਫਾਸ਼ੀ ਗੁੰਡਾ ਗਰੋਹਾਂ 'ਤੇ ਚੌਕਸ ਨਿਗਰਾਨੀ ਰੱਖਣ ਅਤੇ ਇਹਨਾਂ ਦੇ ਹਮਲਿਆਂ ਦਾ ਸਮੂਹਿਕ ਟਾਕਰਾ ਕਰਨ ਲਈ ਮਾਨਸਿਕ ਤੌਰ 'ਤੇ ਤਿਆਰ-ਬਰ-ਤਿਆਰ ਕਰਨਾ ਚਾਹੀਦਾ ਹੈ। ਸਮੂਹਿਕ ਜਨਤਕ ਟਾਕਰੇ ਦੇ ਮੁਹਰੈਲ ਲੜਾਕੂਆਂ ਵਜੋਂ ਅਤੇ ਜਥੇਬੰਦੀ ਤੇ ਆਗੂਆਂ ਦੀ ਸੁਰੱਖਿਆ ਲਈ ਤਾਇਨਾਤੀ ਵਾਸਤੇ ਵਾਲੰਟੀਅਰਾਂ ਵਜੋਂ ਜਨਤਕ ਖਾੜਕੂਆਂ ਦੀਆਂ ਟੁਕੜੀਆਂ ਨੂੰ ਸਿੱਖਿਆ-ਸਿਖਲਾਈ ਤੇ ਤਿਆਰੀ ਦਾ ਕਾਰਜ ਹੱਥ ਲੈਣਾ ਚਾਹੀਦਾ ਹੈ। ਇਸ ਦਿਸ਼ਾ ਵਿਚ ਸਾਬਤਕਦਮੀ ਨਾਲ ਅੱਗੇ ਵਧਦਿਆਂ ਹੀ ਪੰਜਾਬ ਦੀ ਕਿਸਾਨ ਲਹਿਰ ਨੂੰ ਇਨਕਲਾਬੀ ਜ਼ਰੱਈ ਲਹਿਰ ਦੀ ਇੱਕ ਜੁਝਾਰ ਟੁਕੜੀ ਵਿਚ ਬਦਲਣ ਵੱਲ ਪੇਸ਼ਕਦਮੀ ਕੀਤੀ ਜਾ ਸਕਦੀ ਹੈ।



ਕੁਝ ਅਹਿਮ ਪ੍ਰਤੀਕਰਮ
ਸਾਡਾ ਲੱਖ ਲੱਖ ਸਲਾਮ!



(ਲਾਲ ਪਰਚਮ 'ਚੋਂ ਟਿੱਪਣੀ)
ਪੰਜ ਦਰਿਆਵਾਂ ਦੀ ਧਰਤੀ ਦੀ ਕੁੱਖ ਸੁਲੱਖਣੀ ਹੈ। ਇਹਦੀ ਕੁੱਖ ਵਿਚੋਂ ਲਹਿਲਹਾਉਂਦੀਆਂ ਫਸਲਾਂ ਨੂੰ ਵੀ ਜਨਮ ਦਿੰਦੀ ਹੈ ਤੇ ਕੁੱਖ ਕਿਰਤਾਂ ਦੀ, ਫਸਲਾਂ ਦੀ ਰਾਖੀ ਕਰਨ ਨਾਲੇ ਸੂਰਮੇ, ਜੁਝਾਰ ਵੀ ਪੈਦਾ ਹੁੰਦੇ ਰਹਿੰਦੇ ਹਨ। ਕਿਰਤਾਂ ਦੀ ਰਖਵਾਲੀ ਲਈ ਜੂਝਣ ਵਾਲੇ ਇਹ ਸੂਰਮੇ ਜੁਝਾਰੂ ਕਿਰਤਾਂ 'ਤੇ ਡਾਕੇ ਮਾਰਨ ਵਾਲੇ ਹਾਕਮਾਂ ਤੇ ਉਹਨਾਂ ਦੇ ਟੋਡੀ ਬੱਚਿਆਂ ਦੀਆਂ ਅੱਖਾਂ ਵਿਚ ਸਦਾ ਹੀ ਰੋੜ ਵਾਂਗ ਰੜਕਦੇ ਰਹੇ ਹਨ, ਸ਼ਹੀਦ ਕੀਤੇ ਜਾਂਦੇ ਰਹੇ ਹਨ। ਖੇਤਾਂ ਦੇ ਬੰਨਿਆਂ 'ਤੇ ਕਿਰਤਾਂ ਦੀ ਰਾਖੀ ਲਈ ਜੂਝ ਮਰਨ ਵਾਲੇ, ਪੰਜ ਦਰਿਆਵਾਂ ਦੀ ਧਰਤੀ ਦੇ ਜਾਇਆਂ ਦੀਆਂ, ਖੇਤਾਂ ਦੇ ਪੁੱਤਾਂ ਦੀਆਂ, ਵਾਰਾਂ ਫਿਰ ਢਾਡੀਆਂ-ਕਵੀਸ਼ਰਾਂ ਵੱਲੋਂ ਯੁੱਗਾਂ-ਯੁਗਾਂਤਰਾਂ ਤੱਕ ਗਾਈਆਂ ਜਾਂਦੀਆਂ ਹਨ। ਤਖਤੂਪੁਰੇ ਦੀਆਂ ਹਰਿਆਲੀਆਂ ਭਾਹਾਂ ਮਾਰਦੀ ਧਰਤੀ ਦੀ ਕੁੱਖੋਂ ਜੰਮਿਆਂ-ਜਾਇਆ ਤੇ ਉਸਦੀਆਂ ਗਲੀਆਂ ਤੇ ਖੇਤਾਂ ਦੇ ਬੰਨਿਆਂ 'ਚ ਖੇਡਦਾ-ਕੁੱਦਦਾ ਜੁਆਨ ਹੋਇਆ ਸਾਧੂ ਸਿੰਘ (ਮਾਸਟਰ) ਵੀ ਅਜਿਹਾ ਹੀ ਇੱਕ ਸੂਰਮਾ ਜੁਝਾਰ ਸੀ, ਜਿਹੜਾ 16 ਫਰਵਰੀ ਨੂੰ ਮਾਝੇ ਦੇ ਸਰਹੱਦੀ ਇਲਾਕੇ ਦੇ ਆਬਾਦਕਾਰ ਕਿਸਾਨਾਂ ਦੇ ਹੱਕਾਂ ਲਈ ਅਤੇ ਹਤਿਆਰੇ ਥਾਣੇਦਾਰ ਰਛਪਾਲ ਸਿੰਘ ਦੇ ਪੁਲਸੀ ਜਬਰ ਵਿਰੁੱਧ ਜੂਝਦਾ ਹੋਇਆ ਸ਼ਹੀਦ ਹੋਇਐ। ਜੁਆਨੀ ਤੋਂ ਲੈ ਕੇ ਸੱਤਰਾਂ ਦੇ ਨੇੜੇ ਨੂੰ ਢੁੱਕਿਆ ਮਾਸਟਰ ਸਾਧੂ ਸਿੰਘ ਅੰਤਲੇ ਸਾਹਾਂ ਤੀਕ ਜਿੱਧਰ ਨੂੰ ਵੀ ਗਿਆ ਆਪਣੇ ਪਿੰਡ ਤਖਤੂਪੁਰੇ ਦੇ ਨਾਂ ਦੀਆਂ ਸੁਗੰਧੀਆਂ ਨੂੰ ਵੀ ਨਾਲ ਹੀ ਲੈਂਦਾ ਗਿਆ। 
10 ਮਾਰਚ, 1942 ਨੂੰ ਸਰਦਾਰ ਵਿਸਾਖਾ ਸਿੰਘ ਦੇ ਘਰ ਮਾਤਾ ਜੰਗੀਰ ਕੌਰ ਦੀ ਕੁੱਖੋਂ ਇੱਕ ਲਾਲ ਨੇ ਜਨਮ ਲਿਆ, ਜਿਸਦਾ ਨਾਂ ਸਾਧੂ ਸਿੰਘ ਰੱਖਿਆ ਗਿਆ। ਸਾਧੂ ਸਿੰਘ ਜਦੋਂ ਵੱਡਾ ਤੇ ਸਿਆਣਾ ਹੋਇਆ ਤਾਂ ਉਹ ਸੱਚਮੱਚ ਲੋਕ-ਹਿੱਤਾਂ ਲਈ 'ਸਾਧ' ਹੋ ਗਿਆ। ਸਾਧੂ ਸਿੰਘ ਹੋਰੀਂ ਤਿੰਨ ਭਰਾ ਤੇ ਦੋ ਭੈਣਾਂ ਸਨ। ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਦਸ ਜਮਾਤਾਂ ਪਾਸ ਕਰਨ ਤੋਂ ਬਾਅਦ ਸਾਧੂ ਸਿੰਘ ਆਰਟ ਐੰਡ ਕਰਾਫਟ ਦਾ ਕੋਰਸ ਕਰਨ ਤੋਂ ਬਾਅਦ 1964 ਦੇ ਕਰੀਬ ਉਹ ਬਤੌਰ ਡਰਾਇੰਗ ਅਧਿਆਪਕ ਸਰਕਾਰੀ ਸਰਵਿਸ 'ਚ ਆਏ। ਇਸੇ ਦੌਰਾਨ ਉਹਨਾਂ ਦੀ ਸ਼ਾਦੀ ਜਗਰਾਵਾਂ ਨੇੜਲੇ ਪਿੰਡ ਕਾਉਂਕੇ ਵਿਖੇ ਬੀਬੀ ਰਣਜੀਤ ਕੌਰ ਨਾਲ ਹੋਈ। ਉਹ ਸ਼ੁਰੂ ਤੋਂ ਹੀ ਸੰਵੇਦਨਸ਼ੀਲ ਤੇ ਸੂਝਵਾਨ ਇਨਸਾਨ ਸਨ। ਉਹਨਾਂ ਦੇ ਅੰਦਰ ਗਿਆਨ ਪ੍ਰਾਪਤ ਕਰਨ ਦੀ ਇੱਕ ਵਿਸ਼ੇਸ਼ ਖਿੱਚ ਸੀ। ਵਿੱਦਿਆ ਉਹਨਾਂ ਲਈ ਮਾਤਰ ਰੁਜ਼ਾਗਰ ਦੀ ਪ੍ਰਾਪਤੀ ਦਾ ਸਾਧਨ ਨਹੀਂ ਸੀ। ਇਸੇ ਲਈ ਸਰਕਾਰੀ ਅਧਿਆਪਕ ਲੱਗਣ ਤੋਂ ਬਾਅਦ ਵੀ ਉਹਨਾਂ ਪੜ੍ਹਾਈ ਜਾਰੀ ਰੱਖੀ ਤੇ ਉਹਨਾਂ ਐਮ.ਏ. ਤੱਕ ਪਾਸ ਕੀਤੀ। ਪਰ ਇਹ ਵੀ ਕਾਫੀ ਨਹੀਂ ਸੀ, ਇਹ ਪੜ੍ਹਾਈ ਉਹਨਾਂ ਦੀ ਭੁੱਖ ਪੂਰੀ ਨਹੀਂ ਸੀ ਕਰਦੀ। ਇਸੇ ਲਈ ਉਹਨਾਂ ਉਸ ਸਾਹਿਤ ਦੀਆਂ ਪੜ੍ਹਾਈਆਂ ਕੀਤੀਆਂ ਜਿਹਨਾਂ ਨੇ ਇੱਕ ਨਵੇਂ ਸਾਧੂ ਸਿੰਘ ਨੂੰ ਜਨਮ ਦਿੱਤਾ, ਮਾਸਟਰ ਸਾਧੂ ਸਿੰਘ ਤਖਤੂਪੁਰਾ ਨੂੰ। 
ਇੱਕ ਸਰਕਾਰੀ ਅਧਿਆਪਕ ਦੇ ਤੌਰ 'ਤੇ ਉਹ ਇੱਕ ਔਸਤ ਮੱਧਵਰਗੀ ਜੀਵਨ ਜੀਣ ਦੇ ਯੋਗ ਸਨ ਪਰ ਜਿਹੜੀ ਚੇਤਨਾ ਉਹਨਾਂ ਨੇ ਸਾਹਿਤ ਤੇ ਸਿੱਖਿਆ 'ਚੋਂ ਜੁਆਨੀ ਪਹਿਰੇ ਹੀ ਹਾਸਲ ਕਰ ਲਈ ਸੀ, ਉਹ ਚੇਤਨਾ ਉਹਨਾਂ ਨੂੰ ਯੁੱਗ ਪਲਟਾਊ ਸੰਘਰਸ਼ਾਂ ਦੇ ਰਾਹ ਲੈ ਤੁਰੀ। ਉਹਨਾਂ ਆਪਣੀ 'ਤੀਸਰੀ ਅੱਖ' ਨਾਲ ਕਿਰਤ ਦੀ ਹੁੰਦੀ ਲੁੱਟ ਨੂੰ ਦੇਖਿਆ ਅਤੇ ਕਿਰਤ ਦੀ ਮੁਕਤੀ ਦੇ ਸਿਧਾਂਤ ਨੂੰ ਸਮਝਿਆ ਵੀ। ਆਪਣੇ ਆਲੇ-ਦੁਆਲੇ ਵਾਪਰਦੇ ਸਮਾਜੀ-ਸਿਆਸੀ ਵਰਤਾਰਿਆਂ ਨੂੰ ਸਮਝਦਿਆਂ ਉਹ ਇਸ ਸਿੱਟੇ 'ਤੇ ਪਹੁੰਚੇ ਕਿ ਜਿਸ ਸਮਾਜ ਵਿਚ ਉਹ ਜੀ ਰਿਹਾ ਹੈ ਉਸ ਸਮਾਜ ਦਾ 'ਆਵਾ ਊਤਿਆ ਹੋਇਆ' ਹੈ ਤੇ ਇਸ 'ਇਸ ਊਤ ਗਏ ਆਵੇ ਨੂੰ ਸੂਤ' ਕਰਨ ਦਾ ਰਾਹ ਸਿਰਫ ਇਨਕਲਾਬ ਤੇ ਇਨਕਲਾਬੀ ਸੰਘਰਸ਼ ਹੈ। ਤੇ ਇਸ ਮਕਸਦ ਲਈ ਉਹ ਉਹਨਾਂ ਦਾ ਪਾਂਧੀ ਬਣ ਗਿਆ ਜਿਹਨਾਂ ਰਾਹਾਂ 'ਤੇ ਕਦੇ ਭਗਤ-ਸਰਾਭੇ ਤੁਰੇ ਸਨ। 
ਉਹ ਆਪ ਖੁਦ ਰੈਗੂਲਰ ਅਧਿਆਪਕ ਸਨ। 1978 ਦੇ ਬੇਰੁਜ਼ਗਾਰ ਅਧਿਆਪਕਾਂ ਦੇ ਇਤਿਹਾਸਕ ਘੋਲ ਨੂੰ ਲਾਮਬੰਦ ਤੇ ਅਗਵਾਈ ਦੇਣ ਵਾਲਿਆਂ 'ਚੋਂ ਉਹ ਇੱਕ ਸਨ। ਉਹਨਾਂ ਇਸ ਘੋਲ ਨੂੰ ਅਗਵਾਈ ਦੇਣ ਵਾਲੀ ਲੰਬੀ ਧਿਰ ਦੇ ਇੱਕ ਕਾਰਕੁੰਨ ਵਜੋਂ ਇਸ ਸੰਘਰਸ਼ ਵਿਚ ਭਰਵਾਂ ਯੋਗਦਾਨ ਪਾਇਆ। ਉਹ ਸ਼ੁਰੂ ਤੋਂ ਹੀ ਗੌਰਮਿੰਟ ਟੀਚਰਜ਼ ਯੂਨੀਅਨ ਵਿਚ ਸਰਗਰਮ ਰਹੇ ਅਤੇ ਅਧਿਆਪਕਾਂ ਦੀ ਇਸ ਜਥੇਬੰਦੀ ਵਿਚ ਉਹ ਹਮੇਸ਼ਾ ਜਮਾਤੀ ਭਿਆਲੀ ਵਾਲੀ ਲੀਡਰਸ਼ਿੱਪ ਦੇ ਖਿਲਾਫ ਜਮਾਤੀ-ਸੰਘਰਸ਼ ਦੀ ਲੀਹ ਦਾ ਝੰਡਾ ਬੁਲੰਦ ਕਰਦੇ ਰਹੇ। ਫਿਰ ਉਹ ਡੀ.ਟੀ.ਐਫ. ਦੇ ਮੋਗਾ ਬਲਾਕ ਦੇ ਸਥਾਪਤ ਆਗੂ ਬਣ ਗਏ ਤੇ ਅਧਿਆਪਕ ਵਜੋਂ ਆਪਣੀ ਸੇਵਾ ਮੁਕਤੀ ਤੱਕ ਉਹ ਅਧਿਆਪਕਾਂ ਦੇ ਹਰ ਹੱਕੀ ਘੋਲ ਵਿਚ ਆਗੂ ਸਫਾਂ ਵਿਚ ਬੇਖੌਫ ਹੋ ਕੇ ਲੜਦੇ ਰਹੇ। 
ਪਰ ਮਾਸਟਰ ਸਾਧੂ ਸਿੰਘ ਸਿਰਫ ਟਰੇਡ ਯੂਨੀਅਨ ਆਗੂ ਹੀ ਨਹੀਂ ਸਨ ਸਗੋਂ ਉਹ ਜਮਾਤੀ ਤੌਰ 'ਤੇ ਸੁਚੇਤ ਇੱਕ ਇਨਕਲਾਬੀ ਕਾਰਕੁੰਨ ਸਨ, ਇਸੇ ਲਈ ਉਹਨਾਂ ਦਾ ਕਾਰਜ ਖੇਤਰ ਸਿਰਫ ਅਧਿਆਪਕ ਜਥੇਬੰਦੀ ਜਾਂ ਅਧਿਆਪਕ ਮਸਲਿਆਂ ਤੱਕ ਮਹਿਦੂਦ ਨਹੀਂ ਸੀ। ਉਹਨਾਂ ਹਰ ਉਸ ਘੋਲ ਵਿਚ ਸ਼ਮੂਲੀਅਤ ਕੀਤੀ ਜਿਹੜਾ ਵੀ ਉਹਨਾਂ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਚੱਲਿਆ ਜਾਂ ਸੂਬਾਈ ਪੱਧਰਾਂ 'ਤੇ ਰੱਖਿਆ। ਅਧਿਆਪਕ ਹੁੰਦਿਆਂ 1990ਵਿਆਂ ਦੇ ਦਹਾਕੇ ਦੇ ਸ਼ੁਰੂ ਵਿਚ ਜਦੋਂ ਸੰਸਾਰੀਕਰਨ ਤੇ ਨਿੱਜੀਕਰਨ ਦੇ ਹਮਲੇ ਦੇ ਝੰਬੇ ਖੇਤਾਂ ਦੇ ਪੁੱਤਾਂ ਨੂੰ ਖੇਤਾਂ ਦੇ ਬੰਨਿਆਂ 'ਤੇ ਫਾਹੀਆਂ ਆਪਣੇ ਗਲ ਪਾ ਕੇ ਜਾਂ ਸਪਰੇਆਂ ਦੀਆਂ ਘੁੱਟਾਂ ਭਰ ਕੇ ਖੁਦਕੁਸ਼ੀਆਂ ਕਰਦਿਆਂ ਤੱਕਿਆ ਤਾਂ ਉਹ ਖੇਤਾਂ ਦੇ ਪੁੱਤਰ ਕਿਸਾਨਾਂ ਨੂੰ 'ਖੁਦਕੁਸ਼ੀਆਂ ਨਹੀਂ ਸੰਗਰਾਮ' ਦਾ ਹੋਕਾ ਦੇਣ ਤੇ ਲਾਮਬੰਦ ਕਰਨ ਲਈ ਆਪਣੇ ਇਲਾਕੇ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਨੂੰ ਜਥੇਬੰਦ ਕਰਨ ਦੇ ਰਾਹ ਪੈ ਤੁਰੇ। ਉਹ ਕਿਸਾਨ ਜਥੇਬੰਦੀ ਦੇ ਇਲਾਕੇ ਦੇ ਸਿਰਕਰਦਾ ਆਗੂ ਦੇ ਤੌਰ 'ਤੇ ਜਿੰਮੇਵਾਰੀਆਂ ਨਿਭਾਉਣ ਲੱਗੇ। 
ਫਿਰ ਸੰਨ 2000 ਦਾ ਸਾਲ ਆਇਆ, ਉਹ ਸਾਲ ਜਦੋਂ ਉਹ ਅਧਿਆਪਕ ਦੀ ਨੌਕਰੀ ਤੋਂ ਸੇਵਾ ਮੁਕਤ ਹੋਏ। ਆਪਣੀ ਸੇਵਾ ਮੁਕਤੀ ਦੀ ਘੜੀ ਆਉਣ ਤੋਂ ਪਹਿਲਾਂ ਹੀ ਉਹ ਤਹਿ ਕਰ ਚੁੱਕੇ ਸਨ ਕਿ ਹੁਣ ਉਹਨਾਂ ਨੇ ਆਪਣੀ ਬਾਕੀ ਦੀ ਬਚਦੀ ਜ਼ਿੰਦਗੀ ਕਿਸਾਨੀ ਘੋਲਾਂ ਦੇ ਲੇਖੇ ਲਾਉਣੀ ਹੈ। ਉਹ ਇੱਕ ਕੁੱਲਵਕਤੀ ਕਾਮੇ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੀਆਂ ਆਗੂ ਸਫਾਂ ਵਿਚ ਸ਼ਾਮਲ ਹੋ ਗਏ। ਉਹਨਾਂ ਦੇ ਦ੍ਰਿੜ੍ਹ ਨਿਸ਼ਚੇ, ਸੂਝ ਅਤੇ ਸਰਗਰਮੀ ਨੂੰ ਦੇਖਦਿਆਂ ਛੇਤੀ ਹੀ ਉਹਨਾਂ ਨੂੰ ਜਥੇਬੰਦੀ ਦੀ ਸੂਬਾਈ ਟੀਮ ਵਿਚ ਸ਼ਾਮਲ ਕਰ ਲਿਆ ਗਿਆ। ਕਿਸਾਨ ਆਗੂ ਦੇ ਤੌਰ 'ਤੇ ਉਹਨਾਂ ਦੀ ਸੁਚੱਜੀ ਅਗਵਾਈ, ਹੌਸਲੇ ਅਤੇ ਦਲੇਰੀ ਦੀ ਉਹਨਾਂ ਦੀ ਅਸਲੀ ਝਲਕ ਲੋਕਾਂ ਨੇ ਟਰਾਈਡੈਂਟ ਕੰਪਨੀ ਵੱਲੋਂ ਬਰਨਾਲਾ ਇਲਾਕੇ ਦੇ ਤਿੰਨ ਪਿੰਡਾਂ ਦੀ ਜ਼ਮੀਨ ਹਥਿਆਉਣ ਵਿਰੁੱਧ ਲੜੇ ਗਏ ਸੰਘਰਸ਼ ਦੌਰਾਨ ਦੇਖੀ। ਇਸ ਘੋਲ ਵਿਚ ਉਹ ਉਸ ਸਮੇਂ ਇੱਕ ਨਾਇਕ ਵਜੋਂ ਉੱਭਰਿਆ ਜਦੋਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਟਰਾਈਡੈਂਟ ਵੱਲੋਂ ਹਥਿਆਈਆਂ ਜ਼ਮੀਨਾਂ 'ਤੇ ਮੁੜ ਕਾਬਜ- ਹੋਣ ਲਈ ਜ਼ਮੀਨ 'ਤੇ ਧਾਵਾ ਬੋਲਣ ਦਾ ਫੈਸਲਾ ਕੀਤਾ। 31 ਜੁਲਾਈ 2007 ਵਾਲੇ ਦਿਨ ਇੱਕ ਪਾਸੇ ਹਕੂਮਤ ਦੀਆਂ ਪੁਲਸੀ ਧਾੜਾਂ ਦਾ ਪੂਰਾ ਲਾਮ-ਲਸ਼ਕਰ ਤਾਇਨਾਤ ਸੀ ਤੇ ਦੂਜੇ ਪਾਸੇ ਹੱਥ ਵਿਚ ਝੰਡਾ ਉਠਾਈ ਸਾਧੂ ਸਿੰਘ ਦੀ ਅਗਵਾਈ ਵਿਚ ਹਜ਼ਾਰਾਂ ਕਿਸਾਨਾਂ ਦਾ ਕਾਫਲਾ ਆਪਣੀਆਂ ਪੈਲੀਆਂ ਵੱਲ ਅੱਗੇ ਵਧ ਰਿਹਾ ਸੀ। ਜਦੋਂ ਸਾਧੂ ਸਿੰਘ ਦੀ ਅਗਵਾਈ ਵਿਚ ਕਿਸਾਨਾਂ ਦਾ ਕਾਫਲਾ ਅੱਗੇ ਵਧਣੋਂ ਨਾ ਰੁਕਿਆ ਤਾਂ ਪੁਲਸੀ ਧਾੜਾਂ ਨੇ ਅੰਤਲੇ ਹੀਲੇ ਵਜੋਂ ਗੋਲੀ ਚਲਾ ਦਿੱਤੀ। ਇੱਕ ਗੋਲੀ ਮਾਸਟਰ ਸਾਧੂ ਸਿੰਘ ਦੀ ਸੱਜੀ ਬਾਂਹ ਵਿਚੋਂ ਪਾਰ ਹੋ ਗਈ ਤੇ ਲਾਠੀਆਂ ਨਾਲ ਖੱਬੇ ਹੱਥ ਦੀ ਉਂਗਲ ਟੁੱਟ ਗਈ ਪਰ ਫਿਰ ਵੀ ਉਹਦੇਹੱਥ ਵਿਚਲਾ ਸੰਘਰਸ਼ ਦਾ ਝੰਡਾ ਹੇਠਾਂ ਨਾ ਡਿੱਗਾ। ਇਸ ਘੋਲਵਿਚ ਉਹਨਾਂ ਦੀ ਪੋਤਰੀ ਸੁਮਨ ਵੀ ਔਰਤਾਂ ਦੇ ਕਾਫਲੇ ਦੀ ਜੋਸ਼ ਖਰੋਸ਼ ਨਾਲ ਅਗਵਾਈ ਕਰਦੀ ਸੰਘਰਸ਼ਸ਼ੀਲ ਲੋਕਾਂ ਨੇ ਆਪਣੇ ਅੱਖੀਂ ਦੇਖੀ ਤੇ ਦਾਦੇ-ਪੋਤੀ ਦੀਆਂ ਕਹਾਣੀਆਂ ਦੰਦ ਕਥਾਵਾਂ ਬਣ ਕੇ ਘੋਲ ਵਿਚੋਂ ਚੱਲਦੀਆਂ ਰਹੀਆਂ। 
ਟਰਾਈਡੈਂਟ ਕੰਪਨੀ ਨਾਲ ਸਮਝੌਤੇ ਦੇ ਰੂਪ ਵਿਚ ਇਸ ਘੋਲ ਦੇ ਸਮਾਪਤ ਹੋ ਜਾਣ ਤੋਂ ਬਾਅਦ ਜਦੋਂ ਉਹਨਾਂ ਦੀ ਜਥੇਬੰਦੀ ਨੇ ਸਰਹੱਦੀ ਜ਼ਿਲ੍ਹਿਆਂ ਵਿਚ ਆਪਣੀ ਜਥੇਬੰਦੀ ਦਾ ਪਸਾਰਾ ਕਰਨ ਅਤੇ ਸਰਹੱਦੀ ਖੇਤਰਾਂ ਵਿਚ ਆਬਾਦਕਾਰ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਲਈ ਲਾਮਬੰਦ ਕਰਨ ਦਾ ਫੈਸਲਾ ਲਿਆ ਤਾਂ ਇਸ ਕਾਰਜ ਦੀ ਕਮਾਂਡ ਸਾਂਭਣ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਵਡੇਰੀ ਉਮਰ ਦੇ ਬਾਵਜੁਦ ਉਹ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਸਰਹੱਦੀ ਖੇਤਰਾਂ ਦੇ ਕਿਸਾਨਾਂ ਨੂੰ ਜਥੇਬੰਦੀ ਦੀ ਅਗਵਾਈ ਵਿਚ ਲਾਮਬੰਦ ਕਰਨ ਅਤੇ ਆਬਾਦਕਾਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਲਈ ਸੰਘਰਸ਼ ਦੇ ਰਾਹ ਤੋਰਨ ਦੇ ਕਾਰਜਾਂ ਵਿਚ ਤਨਦੇਹੀ ਨਾਲ ਜੁਟੇ ਹੋਏ ਸਨ। ਲੰਮੇ ਸਮੇਂ ਤੋਂ ਉੱਠਦੀ ਆ ਰਹੀ ਇਸ ਮੰਗ ਅਤੇ ਪੈ ਰਹੇ ਸੰਘਰਸ਼ਾਂ ਦੇ ਦਬਾਵਾਂ ਦੇ ਚੱਲਦਿਆਂ ਪੰਜਾਬ ਸਰਕਾਰ ਨੂੰ ਸਰਹੱਦੀ ਖੇਤਰਾਂ ਦੇ ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਦਾ ਐਲਾਨ ਕਰਨਾ ਪਿਆ। ਉਧਰ ਇਹ ਐਲਾਨ ਹੋਇਆ ਤੇ ਓਧਰ ਆਬਾਦਕਾਰਾਂ ਦੀਆਂ ਜ਼ਮੀਨਾਂ ਨੂੰ ਧੱਕੇ ਤੇ ਜਾਅਲੀ ਗਿਰਦਾਵਰੀਆਂ ਰਾਹੀਂ ਹਥਿਆਉਣ ਲਈ ਭੂ-ਮਾਫੀਆ ਸਰਗਰਮ ਹੋ ਗਿਆ। ਇਸ ਹਾਲਤ ਨੇ ਆਬਾਦਕਾਰਾਂ ਲਈ ਇੱਕ ਨਵਾਂ ਤੇ ਔਖੀ ਕਿਸਮ ਦਾ, ਸਿੱਧੀ ਟੱਕਰ ਵਾਲਾ, ਸੰਘਰਸ਼ ਏਜੰਡੇ 'ਤੇ ਲੈ ਆਂਦਾ। ਸਿਆਸੀ-ਪੁਲਸ-ਗੁੰਡਾ ਗੱਠਜੋੜ ਵੱਲੋਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਦਿੱਕਤਾਂ ਤੇ ਚੁਣੌਤੀਆਂ ਦਾ ਜੁਆਬ ਦੇਣ ਲਈ ਬੀ.ਕੇ.ਯੂ. (ਉਗਰਾਹਾਂ) ਵੱਲੋਂ ਇੱਕ ਸੂਬਾ ਪੱਧਰੀ 200 ਬੱਸਾਂ ਦਾ ਕਾਫ਼ਲਾ ਮਾਰਚ ਸਰਹੱਦੀ ਖੇਤਰ ਦੇ ਪਿੰਡ, ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿਚ ਕੀਤਾ ਗਿਆ। ਇਸ ਮਿਸਾਲੀ ਕਾਫ਼ਲਾ ਮਾਰਚ ਦਾ ਰੂਟ ਖਾਸ ਕਰਕੇ ਉਹਨਾਂ ਪਿੰਡਾਂ ਵਿਚ ਦੀ ਕੀਤਾ ਗਿਆ ਜਿਹਨਾਂ ਪਿੰਡਾਂ ਵਿਚ ਅਕਾਲੀ ਦਲ ਦੇ ਸਾਬਕਾ ਵਧਾਇਕ ਵੀਰ ਸਿੰਘ ਲੋਪੋਕੇ ਤੇ ਉਸਦੇ ਜੁਆਈ ਥਾਣੇਦਾਰ ਰਛਪਾਲ ਸਿੰਘ ਬਾਬਾ ਦੇ ਮਾਫੀਆ ਗਰੋਹ ਵੱਲੋਂ ਆਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। 
ਆਬਾਦਕਾਰਾਂ ਦੀਆਂ ਜ਼ਮੀਨਾਂ ਦੇ ਮਾਲਕੀ ਹੱਕ ਹਥਿਆਉਣ ਲਈ ਜਿੱਥੇ ਹੋਰ ਗਰੋਹ ਸਰਗਰਮ ਹੋਏ ਉਥੇ ਅਜਨਾਲਾ ਤਹਿਸੀਲ ਦੇ ਕਈ ਪਿੰਡਾਂ ਵਿਚ ਵੀਰ ਸਿੰਘ ਲੋਪੋਕੇ ਤੇ ਥਾਣੇਦਾਰ ਰਛਪਾਲ ਸਿੰਘ ਹੋਰਾਂ ਦਾ ਗਰੋਹ ਪੂਰੀ ਤਰ੍ਹਾਂ ਸਰਗਰਮ ਹੋਇਆ। ਮਾਲ ਮਹਿਕਮੇ ਦੇ ਅਫਸਰਾਂ ਨਾਲ ਸਿਆਸੀ ਰਸੂਖ ਸਦਕਾ ਗੰਢਤੁੱਪ ਕਰਕੇ ਜਿਥੇ ਜਾਅਲੀ ਕਾਗਜ਼ਾਂ ਦਾ ਸਹਾਰਾ ਇਸ ਗਰੋਹ ਨੇ ਲਿਆ ਉਥੇ ਨਾਲ ਹੀ ਥਾਣੇਦਾਰ ਰਛਪਾਲ ਸਿੰਘ ਦੀ ਮੱਦਦ ਨਾਲ ਕਿਸਾਨ ਪਰਿਵਾਰਾਂ ਦੇ ਮੁਖੀਆਂ ਨੂੰ ਕਈ ਤਰ੍ਹਾਂ ਦੇ ਝੂਠੇ ਕੇਸਾਂ ਵਿਚ ਫਸਾ ਕੇ ਉਹਨਾਂ ਦੀਆਂ ਜ਼ਮੀਨਾਂ 'ਤੇ ਧੱਕੇ ਨਾਲ ਕਾਬਜ਼ ਹੋਣ ਦੀਆਂ ਖ਼ਬਰਾਂ ਆਉਣ ਲੱਗੀਆਂ। ਬੀ.ਕੇ.ਯੂ. (ਉਗਰਾਹਾਂ) ਨੇ ਇਸ ਮਸਲੇ 'ਤੇ ਆਬਾਦਕਾਰਾਂ ਨੂੰ ਲਾਮਬੰਦ ਕਰਨ ਦੇ ਸਦਕਾ ਕਿਸਾਨਾਂ ਦੀ ਇਹ ਜਥੇਬੰਦੀ ਅਤੇ ਉਸਦਾ ਉਸ ਖੇਤਰ ਵਿਚ ਸਭ ਤੋਂ ਵੱਧ ਸਰਗਰਮ ਤੇ ਮੋਹਰੀ ਆਗੂ ਮਾਸਟਰ ਸਾਧੂ ਸਿੰਘ ਤਖਤੂਪੁਰਾ ਇਹਨਾਂ ਗਰੋਹਾਂ ਤੇ ਖਾਸ ਕਰ ਵੀਰ ਸਿੰਘ ਲੋਪੋਕੇ ਤੇ ਥਾਣੇਦਾਰ ਰਛਪਾਲ ਸਿੰਘ ਦੇ ਮਾਫੀਆ ਗਰੋਹ ਦੀਆਂ ਅੱਖਾਂ ਵਿਚ ਰੜਕਣ ਲੱਗਿਆ। ਇਸ ਗਰੋਹ ਨੇ ਪਿੰਡ ਸੌੜੀਆਂ ਬਲਾਕ ਚੋਗਾਵਾਂ ਦੇ ਇੱਕ ਪਰਿਵਾਰ ਦੀ ਜ਼ਮੀਨ 'ਤੇ ਧੱਕੇ ਨਾਲ ਕਾਬਜ਼ ਹੋਣ ਲਈ ਉਸ ਪਰਿਵਾਰ ਦੀਆਂ ਦੋ ਔਰਤਾਂ ਨੂੰ ਅਗਵਾ ਕਰ ਲਿਆ ਅਤੇ ਜ਼ਮੀਨ ਦੀਆਂ ਗਿਰਦਾਵਰੀਆਂ ਆਪਣੇ ਨਾਂ ਕਰਵਾ ਲਈਆਂ। ਜਥੇਬੰਦੀ ਦੇ ਦਬਾਅ ਸਦਕਾ ਪੁਲਸ ਨੂੰ ਉਹਨਾਂ ਔਰਤਾਂ ਨੂੰ ਛੱਡਣਾ ਪਿਆ।  ਇਸ ਗਰੋਹ 'ਤੇ ਅਗਲੀ ਸੱਟ ਉਦੋਂ ਵੱਜੀ ਜਦੋਂ 15 ਫਰਵਰੀ ਨੂੰ ਅਜਨਾਲਾ ਵਿਖੇ ਧਰਨਾ ਦੇ ਕੇ ਸ਼ਾਮ ਦੇ ਸਾਢੇ ਛੇ ਵਜੇ ਬੀ.ਕੇ.ਯੂ. (ਉਗਰਾਹਾਂ) ਨੇ ਗਰਦਾਵਰੀਆਂ ਦੇ ਦਰੁਸਤੀ ਕਾਗਜ਼ ਵੀ ਪ੍ਰਾਪਤ ਕਰ ਲਏ। ਮਾਸਟਰ ਸਾਧੂ ਸਿੰਘ ਇਸ ਬਾਰੇ ਘੋਲ ਸਮੇਤ ਥਾਣੇਦਾਰ ਰਛਪਾਲ ਸਿੰਘ ਵੱਲੋਂ ਡੇਢ ਕੁ ਮਹੀਨਾ ਪਹਿਲਾਂ ਪਿੰਡ ਸਾਰੰਗਦੇਵ ਦੇ ਨੌਜੁਆਨ ਸੁੱਖਾ ਸਿੰਘ ਦੇ ਕਤਲ ਵਿਚ ਥਾਣੇਦਾਰ ਰਛਪਾਲ ਸਿੰਘ ਦੀ ਗ੍ਰਿਫਤਾਰੀ ਲਈ ਘੋਲ ਨੂੰ ਵੀ ਲਾਮਬੰਦ ਕਰ ਰਿਹਾ ਸੀ। 17 ਫਰਵਰੀ ਨੂੰ ਡੀ.ਐਸ.ਪੀ. ਅਜਨਾਲਾ ਦੇ ਦਫਤਰ ਅੱਗੇ ਧਰਨੇ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਸੀ। 
ਇਸ ਧਰਨੇ ਦੀ ਤਿਆਰੀ ਲਈ 16 ਫਰਵਰੀ ਨੂੰ ਇਲਾਕੇ ਦੇ ਪਿੰਡਾਂ ਵਿਚ ਲਾਮਬੰਦੀ ਲਈ ਮਾਸਟਰ ਸਾਧੂ ਸਿੰਘ ਤਖਤੂਪੁਰਾ ਆਪਣੇ ਸਾਥੀਆਂ ਸਮੇਤ ਪ੍ਰਚਾਰ ਮੁਹਿੰਮ ਵਿਚ ਜੁਟਿਆ ਹੋਇਆ ਸੀ। ਉਹ ਆਪਣੀ ਜੀਪ ਵਿਚ ਇੱਕ ਪਿੰਡ ਤੋਂ ਦੂਜੇ ਪਿੰਡ ਨੂੰ ਜਾ ਰਹੇ ਸਨ। ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਵੀਰ ਸਿੰਘ ਲੋਪੋਕੇ ਅਤੇ ਉਸਦਾ ਜਵਾਈ ਥਾਣੇਦਾਰ ਰਛਪਾਲ ਸਿਘ ਬਾਬਾ ਉਹਨਾਂ 'ਤੇ ਜਾਨਲੇਵਾ ਹਮਲੇ ਦੀ ਸਾਜਿਸ਼ ਰਚ ਕੇ ਉਸਦੀ ਤਿਆਰੀ ਕਰੀਂ ਬੈਠੇ ਹਨ। ਸੌੜੀਆਂ ਵਾਲੇ ਮਸਲੇ 'ਚ ਮੂੰਹ ਦੀ ਖਾ ਬੈਠੇ ਤੇ ਕਤਲ ਦੇ ਮਾਮਲੇ ਵਿਚ ਵੀ ਮਾਤ ਨਾ ਖਾ ਜਾਣ ਦੇ ਖਤਰੇ 'ਚੋਂ ਇਹ ਸਿਆਸੀ-ਪੁਲਸ-ਗੁੰਡਾ ਗਰੋਹ ਬੁਖਲਾ ਚੁੱਕਿਆ ਸੀ। ਇਸੇ ਲਈ ਗਿਣੀ ਮਿਥੀ ਯੋਜਨਾ ਤਹਿਤ ਇਸ ਗਰੋਹ ਵੱਲੋਂ ਰਫਲਾਂ ਸਮੇਤ ਤੇਜਧਾਰ ਹਥਿਆਰਾਂ ਨਾਲ ਲੈਸ ਇੱਕ ਵੱਡੇ ਗਰੋਹ ਨੇ ਅਚਾਨਕ 16 ਫਰਵਰੀ ਬਾਅਦ ਦੁਪਹਿਰ ਮਾਸਟਰ ਸਾਧੂ ਸਿੰਘ ਤਖਤੂਪੁਰਾ ਤੇ ਉਸਦੇ ਸਾਥੀਆਂ 'ਤੇ ਉਸ ਵੇਲੇ ਹੱਲਾ ਬੋਲ ਦਿੱਤਾ ਜਦੋਂ ਉਹ ਭਿੰਡੀ ਸੈਦਾਂ ਪਿੰਡ ਵਿਚ ਰੈਲੀ ਕਰਕੇ ਅਗਲੇ ਪਿੰਡ ਨੂੰ ਜਾ ਰਹੇ ਸਨ। ਇਸ ਹਮਲੇ ਵਿਚ ਮਾਸਟਰ ਸਾਧੂ ਸਿੰਘ ਤਖਤੂਪੁਰਾ ਸ਼ਹੀਦ ਹੋ ਗਏ ਅਤੇ ਉਹਨਾਂ ਦੇ ਪੰਜ ਕਿਸਾਨ ਸਾਥੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਇਸ ਕਾਤਲੀ ਹਮਲੇ ਲਈ ਜਿੱਥੇ ਇਲਾਕੇ ਅੰਦਰ ਲੋਕਾਂ ਦੀਆਂ ਜ਼ਮੀਨਾਂ ਹੜੱਪ ਰਿਹਾ ਇਹ ਪੁਲਸ-ਗੁੰਡਾ-ਸਿਆਸੀ ਗੱਠਜੋੜ ਜੁੰਮੇਵਾਰ ਹੈ, ਉਥੇ ਇਹਨਾਂ ਦੀ ਪੁਸ਼ਤ-ਪਨਾਹੀ ਕਰਨ ਵਾਲੀ ਬਾਦਲ ਸਰਕਾਰ ਵੀ ਜੁੰਮੇਵਾਰ ਹੈ। ਇਹ ਬਾਦਲ ਸਰਕਾਰ ਹੀ ਹੈ ਜੋ ਲੋਕਾਂ ਦੀਆਂ ਜਥੇਬੰਦੀਆਂ ਅੰਦਰ 'ਨਕਸਲੀ ਘੁਸਪੈਠ' ਦਾ ਹੋ-ਹੱਲਾ ਮਚਾ ਕੇ ਉਸ ਉਪਰ ਜਬਰ ਕਰਨ ਦਾ ਰਾਹ ਪੱਧਰਾ ਕਰ ਰਹੀ ਹੈ। ਸਾਧੂ ਸਿੰਘ ਤਖਤੂਪੁਰਾ ਨੂੰ ਸ਼ਹੀਦ ਕਰਕੇ ਇਸ ਹਾਕਮ ਧੜੇ ਦਾ ਮਕਸਦ ਲੋਕਾਂ ਨੂੰ ਆਗੂ ਰਹਿਤ ਕਰਕੇ ਆਪਣੇ ਲੋਕ ਦੁਸ਼ਮਣ ਮਨਸੂਬਿਆਂ ਨੂੰ ਅੱਗੇ ਵਧਾਉਣ ਦੀ ਬਦਨੀਤ ਕੰਮ ਕਰਦੀ ਹੈ। ਪਰ ਪੰਜਾਬ ਦੇ ਅਣਖੀਲੇ ਲੋਕ ਹਾਕਮਾਂ ਦੇ ਇਹਨਾਂ ਭੈੜੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਸ਼ਹੀਦ ਸਾਧੂ ਸਿੰਘ ਤਖਤੁਪੁਰਾ ਦੀ ਕੁਰਬਾਨੀ ਰੰਗ ਲਿਆਏਗੀ ਅਤੇ ਲੋਕ ਹੱਕਾਂ ਲਈ ਲੜਨ ਵਾਲੇ ਜੁਝਾਰੂ ਕਾਫਲੇ ਦੀ ਕਤਾਰ ਨੂੰ ਹੋਰ ਲੰਬਾ ਕਰੇਗੀ। 
ਜਿਉਂ ਹੀ ਇਹ ਕਾਇਰਾਨਾ ਹਮਲਾ ਹੋਇਆ, ਇਸ ਹਮਲੇ ਅਤੇ ਮਾਸਟਰ ਸਾਧੂ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਪੰਜਾਬ ਭਰ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਜਿੱਧਰ-ਜਿੱਧਰ ਵੀ ਇਹ ਖਬਰ ਫੈਲਦੀ ਗਈ, ਉਧਰੋਂ ਹੀ ਕਿਸਾਨਾਂ ਦੇ ਕਾਫ਼ਲੇ ਅੰਮ੍ਰਿਤਸਰ ਨੂੰ ਰਵਾਨਾ ਹੁੰਦੇ ਗਏ। ਅੱਧੀ ਰਾਤ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਅੰਮ੍ਰਿਤਸਰ ਜਾ ਪਹੁੰਚੇ। ਕਿਸਨਾਂ ਦੇ ਰੋਹ ਨੂੰ ਦੇਖਦਿਆਂ ਪੁਲਸ ਨੂੰ ਅਕਾਲੀ ਹਾਕਮਾਂ ਦੇ ਲਾਲੇ ਵੀਰ ਸਿੰਘ ਲੋਪੋਕੇ (ਸਾਬਕਾ ਵਿਧਾਇਕ), ਥਾਣੇਦਾਰ ਰਛਪਾਲ ਸਿੰਘ, ਬਲਾਕ ਸੰਮਤੀ ਦੇ ਅਕਾਲੀ ਚੇਅਰਮੈਨ ਸਰਬਜੀਤ ਸਿੰਘ ਲੋਧੀ ਗੁਜਰ ਅਤੇ ਕੁਲਵਿੰਦਰ ਸਿੰਘ ਸੌੜੀਆਂ ਸਮੇਤ 19 ਵਿਅਕਤੀਆਂ ਖਿਲਾਫ ਕਤਲ ਤੇ ਕਤਲ ਦੀ ਸਾਜਿਸ਼ ਰਚਣ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਨ ਲਈ ਮਜਬੂਰ ਹੋਣਾ ਪਿਆ। ਇਸ ਉਪਰੰਤ ਹੀ ਗੁਰੂ ਤੇਗ ਬਹਾਦਰ ਹਸਪਤਾਲ ਵਿਚ ਪੋਸਟ-ਮਾਰਟਮ ਤੋਂ ਬਾਅਦ, ਹਸਪਤਾਲ ਅੱਗੇ ਲਾਇਆ ਧਰਨਾ ਸਮਾਪਤ ਕਰਕੇ ਕਿਸਾਨਾਂ ਦੇ ਕਾਫਲੇ ਨੇ ਸਾਥੀ ਸਾਧੂ ਸਿੰਘ ਦੀ ਦੇਹ ਨੂੰ ਲੈ ਕੇ ਅੰਮ੍ਰਿਤਸਰ ਸ਼ਹਿਰ ਵਿਚ ਸੱਤ ਕਿਲੋਮੀਟਰ ਤੱਕ ਰੋਹ ਭਰਪੂਰ ਮਾਰਚ ਕੀਤਾ ਅਤੇ ਫਿਰ ਫੁੱਲਾਂ ਲੱਦੀ ਗੱਡੀ ਵਿਚ ਆਪਣੇ ਸ਼ਹੀਦ ਸਾਥੀ ਦੀ ਅਰਥੀ ਨੂੰ ਸਜਾ ਕੇ ਕਿਸਾਨਾਂ ਦਾ ਕਾਫਲਾ ਪਿੰਡ ਤਖਤੂਪੁਰੇ ਵੱਲ ਰਵਾਨਾ ਹੋਇਆ। 18 ਫਰਵਰੀ ਨੂੰ ਹਜ਼ਾਰਾਂ ਕਿਸਾਨਾਂ ਤੇ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਵੱਲੋਂ ਪਿੰਡ ਤਖਤੂਪੁਰਾ ਵਿਖੇ ਆਪਣੇ ਮਹਿਬੂਬ ਆਗੂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਆਪਣੇ ਲੰਮੇ ਸੰਘਰਸ਼ਸ਼ੀਲ ਜੀਵਨ ਤੋਂ ਬਾਅਦ ਉਹਨਾਂ ਵੱਲੋਂ ਹੱਕਾਂ ਲਈ ਆਪਣੇ ਖ਼ੂਨ ਦਾ ਆਖਰੀ ਕਤਰਾ ਤੱਕ ਵਹਾ ਕੇ ਮਾਸਟਰ ਸਾਧੂ ਸਿੰਘ ਤਖਤੂਪੁਰਾ ਨੇ ਸਾਬਤ ਕਰ ਦਿੱਤਾ ਕਿ ਉਹ ਖੇਤਾਂ ਦਾ ਪੁੱਤ ਸੀ। ਉਹ ਹੱਕ ਸੱਚ ਲਈ ਲੜੀ ਜਾ ਰਹੀ ਜੰਗ ਵਿਚ ਸ਼ਹੀਦ ਹੋਣ ਵਾਲੇ ਸ਼ਹੀਦ ਭਗਤ ਸਿੰਘ ਵਰਗੇ ਅਣਗਿਣਤ ਸ਼ਹੀਦਾਂ ਦੀ ਕਤਾਰ ਵਿਚ ਜਾ ਸ਼ਾਮਿਲ ਹੋਇਆ ਹੈ। ਖੇਤਾਂ ਦੇ ਇਸ ਜੁਝਾਰੂ ਪੁੱਤਰ ਨੂੰ ਸਾਡਾ ਲੱਖ ਲੱਖ ਸਲਾਮ। 
(ਲਾਲ ਪਰਚਮ, ਮਾਰਚ-ਅਪਰੈਲ 2010)
(ਸਿਰਲੇਖ ਸੰਪਾਦਕ ਵੱਲੋਂ)



ਤਖਤੂਪੁਰੇ ਤੋਂ ਉੱਠਦੇ ਸਵਾਲ
—ਦਲਜੀਤ ਅਮੀ
ਕਪੂਰਥਲਾ ਵਿਚ ਵੀਹ ਸਾਲਾ ਕਿਰਨਜੀਤ ਕੌਰ ਨੇ ਆਤਮਦਾਹ ਕਰ ਲਿਆ। ਬਠਿੰਡੇ ਜ਼ਿਲ੍ਹੇ ਦੇ ਪਿੰਡ ਬਾਂਡੀ ਦੇ ਵਾਸੀ ਬੱਤੀ ਸਾਲਾ ਬਲਜੀਤ ਸਿੰਘ ਨੇ ਖੁਦਕੁਸ਼ੀ ਕਰ ਲਈ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਿੰਡੀ ਔਲਖ ਵਿਚ 68 ਸਾਲਾ ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ ਦਾ ਕਤਲ ਹੋ ਗਿਆ। ਇਹਨਾਂ ਘਟਨਾਵਾਂ ਦੇ ਵਾਪਰਨ ਦਾ ਸਮਾਂ ਅਤੇ ਸਥਾਨ ਵੱਖ ਵੱਖ ਹੈ। ਇਹਨਾਂ ਦੀ ਉਮਰ ਵਿਚ ਫਰ ਏਨਾ ਹੈ ਕਿ ਇਹ ਤਿੰਨ ਪੀੜ੍ਹ੍ਵੀਅੰ ਦੀ ਨੁਮਾਇੰਦਗੀ ਕਰ ਸਕਦੇ ਹਨ। ਬਹੁਤ ਸੰਭਾਵਨਾ ਹੈ ਕਿ ਇਹ ਤਿੰਨੇ ਇੱਕ-ਦੂਜੇ ਨੂੰ ਜਾਣਦੇ ਤੱਕ ਨਾ ਹੋਣ। ਇਹਨਾਂ ਦੀ ਮੌਤ ਵਿਚ ਕੁਝ ਤੰਦਾਂ ਸਾਂਝੀਆਂ ਹਨ। ਇਹ ਕੁਦਰਤੀ ਮੋਤ ਨਹੀਂ ਮਰੇ। ਤਿੰਨੇ ਮੌਤ ਦੀ ਸੰਭਾਵਨਾ ਤੋਂ ਸੁਚੇਤ ਹੋਣਗੇ। 
ਜਿਹਨਾਂ ਹਾਲਤਾਂ ਵਿਚ ਇਹਨਾਂ ਦੀ ਮੌਤ ਹੋਈ, ਉਹਨਾਂ ਦੀਆਂ ਵੱਖ ਵੱਖ ਪਰਤਾਂ ਦਾ ਆਪਸੀ ਸੰਵਾਦ ਉਹਨਾਂ ਰਮਜ਼ਾਂ ਨੂੰ ਉਜਾਗਰ ਕਰਦਾ ਹੈ ਜੋ ਇਹਨਾਂ ਨੂੰ ਨੇੜੇ ਲਿਆਉਂਦੀਆਂ ਹਨ। ਪੜ੍ਹੀ ਲਿਖੀ ਵੀਹ ਸਾਲਾ ਮੁਟਿਆਰ ਰੁਜ਼ਗਾਰ ਲਈ ਲੜ ਰਹੀ ਸੀ। ਬੱਤੀ ਸਾਲਾਂ ਦਾ ਗੱਭਰੂ ਕਿਸਾਨ ਜ਼ਿੰਦਗੀ ਦਗੀਆਂ ਦੁਸ਼ਵਾਰੀਆਂ ਤੋਂ ਹਾਰ ਗਿਆ। ਅਠਾਹਟ ਸਾਲਾ ਸੇਵਾ-ਮੁਕਤ ਡਰਾਇੰਗ ਅਧਿਆਪਕ ਆਬਾਦਕਾਰਾਂ ਦੀਆਂ ਜ਼ਮੀਨਾਂ ਦੇ ਮਾਲਕੀ ਹਕੂਕ ਲਈ ਲੋਕਾਂ ਨੂੰ ਲਾਮਬੰਦ ਕਰ ਰਿਹਾ ਸੀ। ਇਹ ਤਿੰਨੇ ਸਾਡੇ ਸਮਕਾਲੀ ਸਨ। ਇਹਨਾਂ ਨੇ ਆਪਸ ਵਿਚ ਭਾਵੇਂ ਕਦੇ ਗੱਲ ਨਾ ਕੀਤੀ ਹੋਵੇ ਪਰ ਸਾਡੇ ਚੇਤਿਆਂ ਨਾਲ ਇਹ ਕਿਹੋ ਜਿਹਾ ਸੰਵਾਦ ਛੇੜਦੇ ਹਨ? ਆਖ਼ਰ ਜਿਸ ਉਮਰੇ ਜ਼ਿੰਦਗੀ ਰੰਗੀ ਨਜ਼ਰ ਆਉਣ ਦਾ ਦਾਅਵਾ ਹੁੰਦਾ ਹੈ, ਉਸ ਉਮਰੇ ਕੋਈ ਮੁਟਿਆਰ ਆਤਮਦਾਹ ਕਿਉਂ ਕਰਦੀ ਹੈ? ਜਦੋਂ ਤਜਰਬੇ ਅਤੇ ਹਠ ਦਾ ਸੁਮੇਲ ਟਿੱਬੇ ਪੱਧਰ ਕਰਕੇ ਹਰੀਆਂ ਫਸਲਾਂ ਉਗਾਉਣ ਦੀ ਜਿੱਦ ਪੁਗਾ ਸਕਦਾ ਹੈ, ਉਸ ਉਮਰੇ ਕੋਈ ਕਿਸਾਨ ਤੁਰਨਾ ਸਿੱਖਦੇ ਬਾਲਾਂ ਅਤੇ ਜਵਾਨ ਜੀਵਨ ਸਾਥੀ ਨੂੰ ਛੱਡ ਕੇ ਜ਼ਹਿਰ ਕਿਉਂ ਪੀ ਜਾਂਦਾ ਹੈ? ਸੇਵਾ-ਮੁਕਤੀ ਦੀ ਜੋ ਉਮਰ ਆਰਾਮ ਕਰਨ ਅਤੇ ਸੇਵਾ ਕਰਵਾਉਣ ਦੀ ਹੁੰਦੀ ਹੈ, ਉਸ ਉਮਰੇ ਕੋਈ ਬਜ਼ੁਰਗ ਬੇਆਰਾਮੀ, ਜ਼ੋਖਮ ਅਤੇ ਖੱਜਲਖੁਆਰੀ ਦੀ ਜ਼ਿੰਦਗੀ ਨੂੰ ਤਰਜੀਹ ਕਿਉਂ ਦਿੰਦਾ ਹੈ? ਇਹਨਾਂ ਤਿੰਨਾਂ ਸਵਾਲਾਂ ਨੂੰ ਇੱਕ ਸਵਾਲ ਵਿਚ ਬੰਨ੍ਹ ਕੇ ਵੀ ਪੁੱਛਿਆ ਜਾ ਸਕਦਾ ਹੈ ਕਿ ਜੇ ਇਹ ਇੰਝ ਨਾ ਕਰਦੇ ਤਾਂ ਕੀ ਕਰਦੇ? 
ਕੌਮੀ ਮੁਕਤੀ ਲਹਿਰ ਦੇ ਆਗੂਆਂ, ਕਾਰਕੁੰਨਾਂ ਅਤੇ ਹਮਦਰਦਾਂ ਨੇ ਆਪਣੇ ਸਮਕਾਲੀਆਂ ਸਮੇਤ ਕੁਰਬਾਨੀਆਂ ਇਸ ਵਾਅਦੇ ਨਾਲ ਦਿੱਤੀਆਂ ਸਨ ਕਿ ਅਗਲੀਆਂ ਪੀੜ੍ਹੀਆਂ ਸਵੈ-ਮਾਣ ਨਾਲ ਜਿਉਂ ਸਕਣਗੀਆਂ। ਪੂਰੀ ਸਦੀ ਪਹਿਲਾਂ ਸਾਮਰਾਜਵਾਦ ਖਿਲਾਫ ਕੌਮੀ ਮੁਕਤੀ ਲਹਿਰ ਦੀ ਸੋਚ ਸੀ ਕਿ 'ਸਵਰਾਜ ਮਨੁੱਖ ਦਾ ਜਨਮ ਸਿੱਧ ਅਧਿਕਾਰ' ਹੈ। ਉਸ ਵੇਲੇ ਸਵਰਾਜ ਦੀ ਧਾਰਨਾ ਵਿਚ ਆਜ਼ਾਦੀ, ਇਨਸਾਫ, ਬਰਾਬਰੀ, ਸਵੈਮਾਣ, ਭਾਈਚਾਰਾ, ਖੁਸ਼ਹਾਲੀ, ਵਿਗਿਆਨਕ ਸੋਚ ਅਤੇ ਤਰੱਕੀ ਦੇ ਮੌਕੇ ਸ਼ੁਮਾਰ ਸਨ। ਪਿਛਲੇ ਛੇ ਦਹਾਕਿਆਂ ਦਾ ਤਜਰਬਾ ਦੱਸਦਾ ਹੈ ਕਿ ਸਵਰਾਜ ਦੇ ਅਰਥ ਸਰਕਾਰ, ਸਿਆਸਤ, ਅਫਸਰਸ਼ਾਹੀ, ਸਨਅੱਤ ਅਤੇ ਜ਼ਖੀਰੇਬਾਜੜੀ ਤੱਕ ਮਹਿਦੂਦ ਹੋ ਕੇ ਰਹਿ ਗਏ ਹਨ।.. .. .. 
ਪੰਜਾਬ ਦੀ ਸਮੁੱਚੀ ਸਿਆਸਤ ਕੁਨਬਾਪ੍ਰਸਤੀ ਦੁਆਲੇ ਘੁੰਮਦੀ ਹੈ। ਕੁਨਬਾਪ੍ਰਸਤ ਸਿਆਸਤ ਦੀ ਸਰਪ੍ਰਸਤੀ ਹੇਠ ਨਕਦੀ ਕਮਾਉਣ ਵਾਲੇ ਹਰ ਕਾਰੋਬਾਰ ਉੱਤੇ ਗਲਬਾ ਪਾਉਣ ਲਈ ਹਰ ਜਾਇਜ਼-ਨਜਾਇਜ਼ ਹੱਥਕੰਡ ਵਰਤਿਆ ਜਾ ਰਿਹਾ ਹੈ। ਪੰਜਾਬ ਵਿਚ ਬੱਸਾਂ, ਰੇਤਾ-ਬਜਰੀ (ਸਮੁੱਚੀਆਂ ਖਾਣਾਂ), ਕੇਬਲ, ਸ਼ਰਾਬ, ਜ਼ਮੀਨ, ਨਿੱਜੀ ਪੇਸ਼ੇਵਰ ਵਿਦਿਅਕ ਸੰਸਥਾਵਾਂ (ਕਾਲਜਾਂ ਤੋਂ ਬਾਅਦ ਹੁਣ ਸਕੁਲ ਵੀ), ਪਾਰਕਿੰਗ ਦੇ ਠੇਕੇ ਅਤੇ ਸੜਕਾਂ ਉੱਤੇ ਲੱਗੇ ਟੋਲ ਪਲਾਜ਼ੇ ਬਿਨਾ ਸਿਆਸੀ ਸਰਪ੍ਰਸਤੀ ਤੋਂ ਚੱਲ ਹੀ ਨਹੀਂ ਸਕਦੇ। ਸਰਕਾਰ ਵੱਲੋਂ ਜਾਰੀ ਹੋਣ ਵਾਲੇ ਕਾਰੋਬਾਰ ਵਾਲੇ ਲਾਈਸੈਂਸ ਸਿਆਸੀ ਆਗੂਆਂ ਦੀ ਮਰਜ਼ੀ ਤੋਂ ਬਿਨਾ ਨਹੀਂ ਮਿਲਦੇ।.. .. .. 
ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਸਾਨੂੰ ਜਮਹੂਰੀ ਢੰਗ ਨਾਲ ਤਬਦੀਲੀ ਲਿਆਉਣ ਵਿਚ ਆਪਣਾ ਹਿੱਸਾ ਪਾਉਣਾ ਚਾਹੀਦਾ ਹੈ। ਅਸੀਂ ਪਿਛਲੀੱਾਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਿੰਡਾਂ ਅਤੇ ਸ਼ਹਿਰਾਂ ਦੀਆਂ ਮੁਕਾਮੀ ਚੋਣਾਂ ਦੇਖੀਆਂ ਹਨ। ਲੋਕ ਸਭਾ ਚੋਣਾਂ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ। ਇਹਨਾਂ ਚੋਣਾਂ ਵਿਚ ਅਸੀਂ ਨਸ਼ਿਆਂ, ਪੈਸੇ ਅਤੇ ਡਾਂਗ ਦਾ ਜ਼ੋਰ ਦੇਖਿਆ ਹੈ। ਮਸਲਾ ਹੁਣ ਚੋਣਾਂ ਦੇ ਬੂਥਾਂ ਉੱਤੇ ਕਬਜ਼ੇ ਤੱਕ ਮਹਦੂ ਨਹੀਂ ਹੈ ਸਗੋਂ ਸਮੁੱਚੀ ਪ੍ਰਕ੍ਰਿਆ ਉੱਤੇ ਕਬਜ਼ਾ ਕਰਨ ਦਾ ਹੈ। ਅਖ਼ਬਾਰਾਂ ਵਿਚ ਨੌਜੁਆਨਾਂ ਹੱਥੋਂ ਕੁੱਟ ਖਾਂਦੇ ਬਜ਼ੁਰਗਾਂ ਦੀਆਂ ਤਸਵੀਰਾਂ ਕਿਸ ਨੂੰ ਭੁੱਲੀਆਂ ਹਨ। ਇਸ ਵਰਤਾਰੇ ਤੋਂ ਸਮਝ ਲਿਆ ਗਿਆ ਹੈ ਕਿ ਹੁਣ ਸਿਆਸਤਦਾਨਾਂ ਨੂੰ ਹਰ ਰੋਜ਼ ਲੋਕਾਂ ਨਾਲ ਰਾਬਤਾ ਰੱਖਣ ਦੀ ਲੋੜ ਨਹੀਂ। ਪੰਜ ਸਾਲਾਂ ਬਾਅਦ ਚੋਣਾਂ ਦੀ 'ਪੁਖ਼ਤਾ ਵਿਉਂਤਬੰਦੀ' ਰਾਹੀਂ ਗੁਰਬਤ, ਜ਼ਹਾਲਤ, ਬਿਮਾਰੀ, ਬ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਬੇਇਨਸਾਫੀ ਵਿਚ ਘਿਰੇ ਲੋਕਾਂ ਨੂੰ ਵਕਤੀ ਲਾਲਚ ਦੇ ਕੇ ਜਾਂ ਖ਼ੌਫ਼ਜ਼ਦਾ ਕਕੇ ਕੁਰਸੀ ਯਕੀਨੀ ਬਣਾਈ ਜਾ ਸਕਦੀ ਹੈ। 
ਜੇ ਇਹ ਕੰਮ ਏਨਾ ਸੁਖਾਲਾ ਹੈ ਤਾਂ ਚੋਣਾਂ ਤੋਂ ਬਾਅਦ ਸਿਆਸਤਦਾਨ ਕੀ ਕਰਨਗੇ? ਅਗਲੀਆਂ ਚੋਣਾਂ ਵੇਲੇ ਲੋੜੀਂਦੀ ਪੁਖਤਾ ਵਿਉਂਤਬੰਦੀ ਦੀ ਤਿਆਰੀ। ਜਿਨਹਾਂ ਨੇ 'ਪੁਖਤਾ ਵਿਉਂਤਬੰਦੀ' ਵਿਚ ਮੱਦਦ ਕੀਤੀ ਹੈ, ਉਹਨਾਂ ਨੇ ਵੀ ਕੁਝ ਕਮਾਉਣਾ ਹੈ। ਮੌਜੂਦਾ ਸਰਕਾਰ ਨੇ 'ਖੁਫੀਆ ਵਿਭਾਗ' ਦੀ ਜਿੰਮੇਵਾਰੀ ਲਗਾਈ ਸੀ ਕਿ ਉਹਨਾਂ ਤਸਕਰਾਂ, ਅਪਰਾਧੀਆਂ, ਮੁਹਤਬਰ ਬੰਦਿਆਂ ਅਤੇ ਡੇਰੇ ਵਾਲਿਆਂ ਦੀ ਸੁਚੀ ਬਣਾਈ ਜਾਵੇ, ਜੋ ਵੋਟਾਂ ਪਵਾਉਣ ਵਿਚ ਸਹਾਈ ਹੋ ਸਕਦੇ ਹਨ। ਇਹਨਾਂ ਮੁਹਤਬਰ ਬੰਦਿਆਂ ਨੂੰ ਖੁਸ਼ ਰੱਖਣ ਦੀ ਹਦਾਇਤ ਪੰਜਾਬ ਦੀ ਅਫਸਰਸ਼ਾਹੀ ਨੂੰ ਕੀਤੀ ਗਈ ਹੈ। ਇਸ ਮਾਹੌਲ ਵਿਚ ਆਟਾ-ਦਾਲ ਤੇ ਸ਼ਗਨ ਯੋਜਨਾਵਾਂ, ਵਿਧਵਾ ਤੇ ਬੁਢਾਪਾ ਪੈਨਸ਼ਨ ਅਤੇ ਹੋਰ ਲੋਕ-ਭਲਾਈ ਯੋਜਨਾਵਾਂ ਦਾ ਲਾਭਪਾਤਰੀਅੰ ਤੋਂ ਪਹਿਲਾਂ ਕਿਰ ਜਾਣਾ ਸੁਭਾਵਿਕ ਹੈ। ਇਹ ਵੀ ਤੈਅ ਹੈ ਕਿ ਸਿਰਫ ਭ੍ਰਿਸ਼ਟਾਚਾਰ ਨਾਲ ਹੁਣ ਸਿਆਸੀ ਅਰਥਚਾਰਾ ਨਹੀਂ ਚੱਲ ਸਕਦਾ। 
ਇਸ ਮਾਹੌਲ ਵਿਚ ਕਿਰਨਜੀਤ ਕੌਰ ਵਿਦਿਅਕ ਯੌਗਤਾ ਦੇ ਆਸਰੇ ਰੁਜ਼ਗਾਰ ਭਾਲਦੀ ਹੈ ਅਤੇ ਬਲਜੀਤ ਸਿੰਘ ਮਿਹਨਤ ਦੇ ਸਿਰ ਉੱਤੇ ਇੱਜਤ ਨਾਲ ਜਿਉਣ ਦੀ ਆਸ ਕਰਦਾ ਹੈ। ਰੁਜ਼ਗਾਰ ਵਿਹੂਣੀ ਕਿਰਨਜੀਤ ਅਤੇ ਦੁਸ਼ਵਾਰੀਆਂ ਨਾਲ ਘਿਰੇ ਬਲਜੀਤ ਸਿੰਘ ਦਾ ਖ਼ੂਨ ਸੁੱਕ ਰਿਹਾ ਹੈ। ਚੂਹੜਚੱਕ ਦਾ ਜੀਵਨ ਸਿੰੱਘ ਲੱਚਰ ਗੀਤਾਂ ਨੂੰ ਬੰਦ ਕਰਵਾਉਣ ਦਾ ਹੀਅ ਕਰਨ ਦੀ ਕੀਮਤ ਜਾਨ ਦੇ ਕੇ ਉਤਾਰਦਾ ਹੈ। ਖੰਨਾ ਚਮਿਆਰਾ ਵਿਚ ਆਬਾਦਕਾਰਾਂ ਉੱਤੇ ਗੋਲੀ ਚਲਾਉਣ ਦਾ ਇਲਜ਼ਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਉੱਤੇ ਲੱਗਦਾ ਹੈ। ਸਾਧੂ ਸਿੰਘ ਤਖਤੂਪੁਰਾ ਦਾ ਖ਼ੂਨ ਇਸ ਕਰਕੇ ਵਹਾ ਦਿੱਤ ਜਾਂਦਾ ਹੈ ਕਿਉਂਕਿ ਉਹ ਉਸ ਧਿਰ ਨਾਲ ਖੜ੍ਹਦਾ ਹੈ ਜੋ ਸਮਝਦੀ ਹੈ ਕਿ ਖ਼ੂਨ ਸੁਕਾ ਦੇਣ ਵਾਲੇ ਹਾਲਾਤ ਬਣਾਉਣ ਵਾਲੇ ਕਾਤਲ ਹਨ। ਜਿਹਨਾਂ ਆਬਾਦਕਾਰਾਂ ਨੇ ਲੱਕ-ਤੋੜਵੀਂ ਮਿਹਨਤ ਨਾਲ ਜ਼ਮੀਨਾਂ ਆਬਾਦ ਕੀਤੀਆਂ ਹਨ, ਉਸ ਉੱਤੇ ਉਹਨਾਂ ਦਾ ਮਾਲਕੀ ਹੱਕ ਹੈ। ਕਿਰਨਜੀਤ ਅਤੇ ਬਲਜੀਤ ਦੇ ਕਤਲ ਨੂੰ ਮੁਆਵਜੇ ਨਾਲ ਢਕਣ ਦੀ ਸਿਆਸਤ ਚੱਲ ਰਹੀ ਹੈ। ਕੱਲ੍ਹ ਕਿਰਨਜੀਤ ਨੂੰ ਹੋਰ ਨਾਂ ਨਾਲ ਆਤਮਦਾਹ ਨਾ ਕਰਨਾ ਪਵੇ ਅਤੇ ਬਲਜੀਤ ਨੂੰ ਹੋਰ ਨਾਂ ਨਾਲ ਖੁਦਕੁਸ਼ੀ ਨਾ ਕਰਨੀ ਪਵੇ, ਇਸ ਲਈ ਸਮੂਹ ਪੰਜਾਬੀਆਂ ਨੂੰ ਚਾਰਾਜੋਈ ਕਰਨ ਦੀ ਲੋੜ ਹੈ। ਨਸ਼ੇ ਦੀ ਤੋੜ ਮਾਰੇ ਨੌਜਵਾਨ ਪਿੰਡਿਆਂ ਨੂੰ ਸਿਆਸੀ ਟੁੱਕੜਬੋਚੀ ਤੋਂ ਮੋੜ ਕੇ ਹੀ ਪੰਜਾਬ ਨੂੰ ਵਸਦਿਆਂ ਵਿਚ ਕੀਤਾ ਜਾ ਸਕਦਾ ਹੈ। ਪੰਜਾਬ ਦੀ ਵਿਵੇਕੀ ਤੇ ਦਲੇਰ ਸੁਰ ਸਾਧੂ ਸਿੰਘ ਨਾਲ ਜੋਟੀ ਪਾ ਕੇ ਹੀ ਕਿਰਨਜੀਤ ਕੌਰਾਂ ਅਤੇ ਬਲਜੀਤ ਸਿੰਘਾਂ ਦੀ ਜ਼ਿੰਦਗੀ ਰੁਸ਼ਨਾਈ ਜਾ ਸਕਦੀ ਹੈ। ਹੁਣ ਕੌਮੀ ਮੁਕਤੀ ਲਹਿਰ ਦੇ ਸੁਪਨਿਆਂ ਦੀ ਪੂਰਤੀ ਵੱਲ ਜਾਂਦੇ ਰਾਹ ਬੰਦ ਹੋ ਗਏ ਲੱਗਦੇ ਹਨ ਅਤੇ ਅਗਲੇ ਮੋੜ ਉੱਤੇ ਤਖਤੁਪੁਰਾ ਹੈ।
(ਪੰਜਾਬੀ ਟ੍ਰਿਬਿਊਨ, 27 ਫਰਵਰੀ 2010 'ਚੋਂ ਸੰਖੇਪ)
ਆਓ ਕਾਤਲਾਂ ਦੇ ਸਿਆਸੀ ਮੁਖੌਟੇ 
ਲੂਹ ਸੁੱਟੀਏ
(22 ਜਥੇਬੰਦੀਆਂ ਦਾ ਸਾਂਝਾ ਪ੍ਰਤੀਕਰਮ)
੦ ਬੀ.ਕੇ.ਯੂ. ਏਕਤਾ (ਉਗਰਾਹਾਂ) ਦੇ ਸੂਝਵਾਨ ਅਤੇ ਦਲੇਰ ਆਗੂ ਸਾਧੂ ਸਿੰਘ ਤਖਤੂਪੁਰਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਇਹ ਘਿਨਾਉਣਾ ਖ਼ੁਨੀ ਕਾਰਾ ਕਿਸੇ ਨਿੱਜੀ ਦੁਸ਼ਮਣ ਦਾ ਨਹੀਂ ਹੈ। ਲੋਕ-ਸੇਵਾ ਅਤੇ ਕੁਰਬਾਨੀ ਦੇ ਜਜ਼ਬੇ ਨਾਲ ਭਰਿਆ ਇਹ ਮਕਬੂਲ ਅਤੇ ਸਤਿਕਾਰਤ ਆਗੂ, ਹਰ ਮਨੁੱਖੀ ਦਿਲ ਦਾ ਪਿਆਰ ਅਤੇ ਪ੍ਰਸੰਸਾ ਖੱਟਦਾ ਸੀ। ਨੇਕੀ ਉਸਦੇ ਅੰਦਰ ਵਸੀ ਹੋਈ ਸੀ। ਉਸ ਨਾਲ ਕਿਸੇ ਦੀ ਨਿੱਜੀ ਦੁਸ਼ਮਣੀ  ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। 
੦ ਇਸ ਪਿਆਰੀ ਸਖਸ਼ੀਅਤ ਨੂੰ ਦਰਿੰਦਗੀ ਨਾਲ ਕੋਹ ਕੋਹ ਕੇ ਸ਼ਹੀਦ ਕੀਤਾਗਿਆ ਹੈ। ਅੰਨ੍ਹੀਂ ਜਮਾਤੀ ਨਫ਼ਰਤ ਦੀ ਵਿਹੁ ਨਾਲ ਭਰੇ ਲੋਕਾਂ ਦੇ ਦੁਸ਼ਮਣ ਹੀ ਅਜਿਹੀ ਜ਼ੁਲਮ ਕਮਾ ਸਕਦੇ ਹਨ। ਸੂਬੇ ਅੰਦਰ ਹੱਕਾਂ ਦੀ ਰਾਖੀ ਲਈ ਜਾਗਰਤ ਹੋ ਰਹੇ ਕਿਸਾਨਾਂ ਅਤੇ ਕਿਰਤੀਆਂ ਦੀ ਉੱਭਰਦੀ ਜਥੇਬੰਦ ਲਹਿਰ ਲੋਕਾਂ ਦੇ ਸਭਨਾਂ ਦੁਸ਼ਮਣਾਂ ਲਈ ਚੁਣੌਤੀ ਬਣੀ ਹੋਈ ਹੈ। ਵੱਡੇ ਵੱਡੇ ਧਨਾਢ ਚੌਧਰੀਆਂ ਨੂੰ, ਕਤਲਾਂ ਦੇ ਸ਼ੌਕੀਨ ਪੁਲਸ ਅਫਸਰਾਂ ਨੂੰ, ਲੋਕ ਦੁਸ਼ਮਣ ਸਿਆਸਤਦਾਨਾਂ ਨੂੰ, ਲੋਕਾਂ ਦੀ ਛਿੱਲ ਲਾਹੁੰਦੀ ਭ੍ਰਿਸ਼ਟ ਅਫਸਰਸ਼ਾਹੀ ਨੂੰ ਅਤੇ ਰੱਤ-ਚੂਸ ਰਾਜ-ਭਾਗ ਦੇ ਮਾਲਕਾਂ ਨੂੰ ਅੰਨ੍ਹੀਂ ਵਿਹੁ ਚੜ੍ਹੀ ਹੋਈ ਹੈ। ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ ਰਾਜਭਾਗ ਦੇ ਮਾਲਕਾਂਵੱਲੋਂ ਆਪਣੇ ਹੀ ਅਮਨ ਕਾਨੂੰਨ ਨੂੰ ਪੈਰਾਂ ਹੇਠ ਲਤਾੜ ਕੇ, ਲੋਕ ਹੱਕਾਂ ਦੀ ਲਹਿਰ ਨੂੰ ਸਿਆਸੀ ਕਤਲਾਂ ਦੇ ਸਾਜਿਸ਼ੀ ਹੱਥਕੰਡੇ ਰਾਹੀਂ ਨਜਿੱਠਣ ਦਾ ਐਲਾਨ ਹੈ। ਜਥੇਬੰਦ ਹੋ ਕੇ ਜੂਝਣ ਦੇ ਰਾਹ ਪਏ ਸਭਨਾਂ ਲੋਕਾਂ ਲਈ ਚੁਣੌਤੀ ਹੈ। ਪਹਿਲਾਂ ਇਸੇ ਨੀਤੀ ਤਹਿਤ ਖੰਨਾ-ਚਮਿਆਰਾ ਵਿਖੇ ਸਿੱਧੀ ਹਕੂਮਤੀ ਪਾਲਸੀ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਨੇ ਦੋ ਮੁਜਾਰੇ ਕਿਸਾਨਾਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ ਅਤੇਅਨੇਕਾਂ ਨੂੰ ਜ਼ਖਮੀ ਕੀਤਾ ਹੈ। ਇਸ ਕਤਲ ਦੀ ਸਾਜਿਸ਼ ਵਿਚ ਅਜਨਾਲਾ ਹਲਕੇ ਦੇ ਸਾਬਕਾ ਅਕਾਲੀ ਐਮ.ਐਲ.ਏ. ਵੀਰ ਸਿੰਘ ਲੋਪੋਕੇ ਦੀ ਜੁੰਡੀ ਸ਼ਾਮਲ ਹੈ, ਜੋ ਬਾਦਲ ਪਰਿਵਾਰ ਦਾ ਖਾਸ ਚਹੇਤਾ ਹੈ ਅਤੇ ਜੋ ਆਬਾਦਕਾਰ ਕਿਸਾਨਾਂ ਦੇ ਹੱਕ ਮਾਰਨ ਲਈ ਇਲਾਕੇ ਵਿਚ ਬਦਨਾਮ ਭੋਂ-ਮਾਫੀਏ ਦੀ ਅਗਵਾਈ ਕਰ ਰਿਹਾ ਹੈ। ਉਸਦਾ ਰਿਸ਼ਤੇਦਾਰ ਬੁੱਚੜ ਥਾਣੇਦਾਰ ਰਛਪਾਲ ਬਾਬਾ ਸ਼ਾਮਲ ਹੈ, ਜਿਸ ਨੂੰ ਇੱਕ ਕਿਸਾਨ ਦੇ ਕਤਲ ਵਿਚ ਹੱਥਕੜੀਆਂ ਲਵਾਉਣ ਲਈ ਪਹਿਲਾਂ ਹੀ ਸੰਘਰਸ਼ ਚੱਲ ਰਿਹਾ ਹੈ। ਕੇਸ ਦਰਜ ਹੋ ਜਾਣ ਦੇ ਬਾਵਜੂਦ ਇਹਨਾਂ ਮੁਜਰਮਾਂ ਨੂੰ ਗ੍ਰਿਫਤਾਰ ਕਰਨ ਤੋਂ ਇਨਕਾਰ ਜ਼ਾਹਰ ਕਰਦਾ ਹੈ ਕਿ ਸੂਬੇ ਦੀ ਬਾਦਲ ਹਕੂਮਤ ਦੀ ਕਾਤਲਾਂ ਨੂੰ ਸਿੱਧੀ ਸ਼ਹਿ ਪ੍ਰਾਪਤ ਹੈ। 
੦ ਆਓ! ਆਪਣੇ ਸ਼ਹੀਦ ਸਾਥੀ ਦੇ ਡੁੱਲ੍ਹੇ ਲਹੂ ਦੀ ਲਾਲੀ ਨੂੰ ਅੱਖਾਂ ਵਿਚ ਵਸਾ ਕੇ ਰੋਹਲੀ ਲਲਕਾਰ ਬਣਕੇ ਉੱਠੀਏ। ਲੋਕ-ਨਫਰਤ ਦੇ ਸੇਕ ਨਾਲ ਕਾਤਲਾਂ ਦੇ ਸਿਆਸੀ ਮੁਖੌਟੇ ਲੂਹ ਸੁੱਟੀਏ। ਕਿਸਾਨਾਂ-ਕਿਰਤੀਆਂ ਦੀ ਜਥੇਬੰਦ ਲਹਿਰ ਦੀ ਰਾਖੀ ਲਈ ਸਾਂਝੀ ਤਾਕਤ ਦਾ ਕਿਲਾ ਉਸਾਰ ਕੇ ਸੰਘਰਸ਼ ਦਾ ਝੰਡਾ ਹੋਰ ਉੱਚਾ ਚੁੱਕੀਏ। ਆਪਣੇ ਪਿਆਰੇ ਆਗੂ ਦੀ ਸ਼ਹਾਦਤ ਦੇ ਝੰਜੋੜੇ ਨੂੰ ਕਿਸਾਨਾਂ-ਕਿਰਤੀਆਂ ਦੇ ਹੱਕਾਂ ਲਈ ਜੂਝਣ ਦੇ ਪ੍ਰਚੰਡ ਇਰਾਦੇ ਵਿਚ ਬਦਲ ਦੇਈਏ। 
ਮੰਗਾਂ n ਸ਼ਹੀਦ ਸਾਧੂ ਸਿੰਘ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਸਖਤ ਸਜਾਵਾਂ ਦਿਓ। n ਆਬਾਦਕਾਰਾਂ ਨੂੰ ਮਾਲਕੀ ਦੇ ਹੱਕ ਤੁਰੰਤ ਦਿਓ। n ਥਾਣੇਦਾਰ ਰਛਪਾਲ 'ਬਾਬਾ' ਨੂੰ ਦੋਹਾਂ ਕਤਲਾਂ ਵਿਚ ਗ੍ਰਿਫਤਾਰ ਕਰੋ। n ਖੰਨਾ=ਚਮਿਆਰਾ ਕਤਲਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਸਜਾਵਾਂ ਦਿਓ। 
ਵੱਲੋਂ- 
1. ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)
2. ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ)
3. ਕਿਰਤੀ ਕਿਸਾਨ ਯੂਨੀਅਨ (19KM”) 
4. ਪੰਜਾਬ ਕਿਸਾਨ ਯੂਨੀਅਨ
5. ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)
6. ਕਿਸਾਨ ਸੰਘਰਸ਼ ਕਮੇਟੀ (ਸਤਨਾਮ ਪੰਨੂੰ)
7. ਕਿਸਾਨ ਸੰਘਰਸ਼ ਕਮੇਟੀ (ਕੰਵਲਪ੍ਰੀਤ ਪੰਨੂੰ)
8. ਜਮਹੁਰੀ ਕਿਸਾਨ ਸਭਾ
9. ਪੰਜਾਬ ਕਿਸਾਨ ਸਭਾ
10.  ਕਿਰਤੀ ਕਿਸਾਨ ਸਭਾ, ਪੰਜਾਬ
11.  ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ)
13.  ਖੇਤੀਬਾੜੀ ਕਿਸਾਨ ਵਿਕਾਸ ਫਰੰਟ
14.  ਪੰਜਾਬ ਖੇਤ ਮਜ਼ਦੂਰ ਯੂਨੀਅਨ
15. ਪੇਂਡੂ ਮਜ਼ਦੂਰ ਯੂਨੀਅਨ ਪੰਜਾਬ
16.  ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ)
17.  ਮਜ਼ਦੂਰ ਮੁਕਤੀ ਮੋਰਚਾ, ਪੰਜਾਬ
18.  ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ
19.  ਦਿਹਾਤੀ ਮਜ਼ਦੂਰ ਸਭਾ
20 . ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਪੰਜਾਬ
21. Êਪੰਜਾਬ ਖੇਤ ਮਜ਼ਦੂਰ ਸਭਾ
22.  ਕ੍ਰਾਂਤੀਕਾਰੀ ਖੇਤ ਮਜ਼ਦੂਰ ਸਭਾ, ਪੰਜਾਬ
(ਸਾਂਝੇ ਇਸ਼ਤਿਹਾਰ 'ਚੋਂ ਸੰਖੇਪ)



ਇਹ ਜਮਹੂਰੀਅਤ ਨਹੀਂ ਹੈ
(ਲੋਕ ਮੋਰਚਾ ਪੰਜਾਬ ਦਾ ਪ੍ਰਤੀਕਰਮ)
Ñਲੋਕ ਮੋਰਚਾ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਜਥੇਬੰਦਕ ਸਕੱਤਰ ਸ੍ਰੀ ਸਾਧੂ ਸਿੰਘ ਤਖਤੂਪੁਰਾ ਦੇ ਲੋਕ-ਦੁਸ਼ਮਣ ਤਾਕਤਾਂ ਦੀ ਸ਼ਹਿ 'ਤੇ ਕੀਤੇ ਕਤਲ ਦੀ ਜ਼ੋਰਦਾਰ ਨਿਖੇਧੀ ਕਰਦਾ ਹੈ। ਪੰਜਾਬ ਦੀ ਜੁਝਾਰੂ ਤੇ ਸੰਗਰਾਮੀ ਕਿਸਾਨ ਲਹਿਰ ਦੇ ਇਸ ਸੁਰਬੀਰ ਤੇ ਸੂਝਵਾਨ ਕਿਸਾਨ ਆਗੂ ਦੇ ਸਤਿਕਾਰ ਵਿਚ ਆਪਣਾ ਝੰਡਾ ਨਿਵਾਉਂਦਾ ਹੈ। ਉਸਦੀ ਜਥੇਬੰਦੀ ਦੀਆਂ ਸਮੁੱਚੀਆਂ ਸਫਾਂ ਅਤੇ ਸੂਬੇ ਦੀ ਕਿਸਾਨ ਲਹਿਰ ਦੇ ਸਭਨਾਂ ਹਿੱਸਿਆਂ ਦੇ ਦੁੱਖ ਅਤੇ ਰੋਹ 'ਚ ਸ਼ਰੀਕ ਹੁੰਦਾ ਹੈ ਅਤੇ ਸ੍ਰੀ ਤਖਤੂਪੁਰਾ ਦੀ ਸ਼ਾਨਾਂਮੱਤੀ ਤੇ ਫ਼ਖਰਯੋਗ ਸ਼ਹਾਦਤ ਨੂੰ ਸਲਾਮ ਕਰਦਾ ਹੈ।.. 
ਸਾਥੀਓ! ਸ੍ਰੀ ਤਖਤੂਪੁਰਾ ਦਾ ਘਿਨਾਉਣਾ ਕਤਲ ਨਾ ਕੋਈ ਚਾਣਚੱਕ ਵਾਪਰੀ ਘਟਨਾ ਹੈ ਅਤੇ ਨਾ ਹੀ ਕੋਈ ਨਿੱਕੇ ਮੋਟੇ ਸਥਾਨਕ ਟਕਰਾਅ ਦੇ ਸਿੱਟੇ ਵਜੋਂ ਵਾਪਰੀ ਘਟਨਾ ਹੈ। ਇਹ ਪਿਛਾਖੜੀ ਰਾਜ-ਭਾਗ ਦੀਆਂ ਕਲਾਂ 'ਤੇ ਕਾਬਜ਼ ਹਾਕਮ ਅਕਾਲੀ ਜੁੰਡਲੀ, ਪੁਲਸੀ ਲੱਠਮਾਰ ਅਤੇ ਭੋਂ-ਮਾਫੀਆ ਜਗੀਰੂ ਚੌਧਰੀਆਂ ਦੇ ਗੱਠਜੋੜ ਵੱਲੋਂ ਸੋਚਿਆ-ਸਮਝਿਆ ਅਤੇ ਵਿਉਂਤਬੱਧ ਢੰਗ ਨਾਲ ਕੀਤਾ ਗਿਆ ਕਾਰਾ ਹੈ। ਇਹਨਾਂ ਕਾਲੀਆਂ ਤਾਕਤਾਂ ਵੱਲੋਂ ਇਸ ਕਿਸਾਨ ਆਗੂ 'ਤੇ ਝਪਟਣ ਦਾ ਫੌਰੀ ਕਾਰਣ ਚਾਹੇ ਇੱਕ ਕਿਸਾਨ ਨੂੰ ਕੁੱਟ ਕੇ ਮਾਰਨ ਵਾਲੇ ਲੱਠਮਾਰ ਥਾਣੇਦਾਰ ਰਛਪਾਲ ਸਿੰਘ ਮੁਅੱਤਲ ਕਰਵਾਉਣ ਤੋਂ ਬਾਅਦ ਗ੍ਰਿਫਤਾਰ ਕਰਵਾਉਣ ਲਈ ਸੰਘਰਸ਼ ਚਲਾਉਣਾ ਅਤੇ ਦਹਾਕਿਆਂ ਤੋਂ ਜ਼ਮੀਨਾਂ ਵਾਹੁੰਦੇ ਆ ਰਹੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ 'ਤੇ ਤੁਲੇ ਭੋਂ-ਮਾਫੀਆ ਤੋਂ ਜ਼ਮੀਨ ਦੀ ਰਾਖੀ ਲਈ ਕਿਸਾਨਾਂ ਨੂੰ ਉਭਾਰਨਾ ਬਣਿਆ ਹੈ, ਪਰ ਅਸਲ ਤੇ ਵੱਡਾ ਕਾਰਣ ਇਸ ਲੋਕ-ਦੁਸ਼ਮਣ ਗੱਠਜੋੜ ਨੂੰ ਪੰਜਾਬ ਦੇ ਇਸ ਹਿੱਸੇ (ਮਾਝੇ) ਵਿਚ ਅੰਗੜਾਈ ਲੈ ਰਹੀ ਹੋਣਹਾਰ ਕਿਸਾਨ ਲਹਿਰ ਦੀ ਸਿਰ ਚੁੱਕ ਰਹੀ ਚੁਣੌਤੀ ਦਾ ਧੁੜਕੂ ਬਣਿਆ ਹੈ।.. ..
ਇਹ ਵਾਰ ਕਿਸੇ 'ਕੱਲੇ 'ਕਹਿਰੇ ਕਿਸਾਨ ਆਗੂ 'ਤੇ ਨਹੀਂ ਕੀਤਾ ਗਿਆ, ਇਹ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਦੀ ਸਮੁੱਚੀ ਕਿਸਾਨ ਲਹਿਰ 'ਤੇ ਕੀਤਾ ਗਿਆ ਹੈ, ਜਿਹੜੀ ਪੰਜਾਬ ਦੇ ਲੁੱਟੇ-ਲਿਤਾੜੇ ਕਿਸਾਨਾਂ ਦੇ ਹੱਕਾਂ-ਹਿੱਤਾਂ ਦੀ ਝੰਡਾਬਰਦਾਰ ਬਣ ਕੇ ਉੱਭਰ ਰਹੀ ਹੈ ਅਤੇ ਜਿਹੜੀ ਅਕਾਲੀ-ਭਾਜਪਾ ਹਕੂਮਤ ਤੇ ਕੇਂਦਰੀ ਹਕੂਮਤ ਦੀਆਂ ਕਿਸਾਨ-ਮਾਰੂ ਨੀਤੀਆਂ ਖਿਲਾਫ ਕਿਸਾਨ ਘੋਲਾਂ ਦੀ ਉਠਾਣ ਬੰਨ੍ਹਣ ਲਈ ਜ਼ੋਰ ਮਾਰ ਰਹੀ ਹੈ। ਇਸ ਤੋਂ ਇਲਾਵਾ, ਇਹ ਇਨਕਲਾਬੀ ਜਮਹੂਰੀ, ਲੋਕ-ਹਿਤੈਸ਼ੀ ਅਤੇ ਇਨਸਾਫਪਸੰਦ ਹਿੱਸਿਆਂ ਨੂੰ ਵੀ ਚੇਤਾਵਨੀ ਹੈ, ਜਿਹੜੇ ਸੂਬੇ ਦੀ ਖਾੜਕੂ ਕਿਸਾਨ ਲਹਿਰ ਨੂੰ ਹੱਲਾਸ਼ੇਰੀ ਦਿੰਦੇ ਹਨ ਅਤੇ ਇਸ ਵੱਲ ਸਾਂਝ ਦਾ ਹੱਥ ਵਧਾਉਂਦੇ ਹਨ।…….. .. ..
ਕਿਸਾਨ ਲਹਿਰ 'ਤੇ ਹੋਇਆ ਇਹ ਕਾਤਲੀ ਵਾਰ ਨਾ ਪਹਿਲਾ ਹੈ ਨਾ ਆਖਰੀ ਹੈ। ਪੰਜਾਬ ਅਤੇ ਮੁਲਕ ਦੀ ਕਿਸਾਨ ਲਹਿਰ ਨੂੰ ਵਿਸ਼ੇਸ਼ ਤੌਰ 'ਤੇ ਅਜਿਹੇ ਵਾਰਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਅੱਜ ਵੀ ਕਰ ਰਹੀ ਹੈ ਕਿਉਂਕਿ ਮੁਲਕ ਦੇ ਸਾਮਰਾਜੀ ਆਰਥਿਕ ਪ੍ਰਬੰਧ 'ਤੇ ਸਾਮਰਾਜੀ ਜਕੜ ਜੱਫਾ ਕਾਇਮ ਹੈ ਅਤੇ ਸਮਾਜ ਅੰਦਰ ਜਗੀਰਦਾਰੀ ਦਾ ਬੋਲਬਾਲਾ ਹੈ। ਇਸ ਪਿਛਾਖੜੀ ਸਮਾਜਿਕ ਆਰਥਿਕ ਪ੍ਰਬੰਧ 'ਤੇ ਸਿਰੇ ਦਾ ਧੱਕੜ ਆਪਾਸ਼ਾਹ ਰਾਜ ਦਾ ਪਹਿਰਾ ਹੈ। ਇਥੇ ਜਮਹੁਰੀਅਤ ਅਤੇ ਜਮਹੂਰੀ ਅਧਿਕਾਰਾਂ ਦੇ ਨਾਂ ਦੀ ਕੋਈ ਚੀਜ਼ ਨਹੀਂ। ਲੋਕਾਂ ਲਈ ਕਾਨੂੰਨ ਦਾ ਅਰਥ ਹਕੂਮਤੀ ਡੰਡਾ ਹੈ। ਇਹ ਮੁੱਠੀ ਭਰ ਜਰਵਾਣਿਆਂ ਹੱਥ ਮੋਮ ਦਾ ਨੱਕ ਹੈ, ਜਿਹਨੂੰ ਉਹ ਜਿਵੇਂ ਮਰਜ਼ੀ ਚਾਹੁਣ, ਮਰੋੜਾ ਦੇ ਸਕਦੇ ਹਨ।.. 
ਪਿਛਾਖੜੀ ਹਾਕਮ ਜਮਾਤਾਂ ਵੱਲੋਂ ਆਪਣੇ ਰਾਜ ਦੇ ਖੂੰਖਾਰ ਆਪਾਸ਼ਾਹ ਚਿਹਰੇ ਨੂੰ ਢਕਣ ਅਤੇ ਲੋਕਾਂ ਅੰਦਰ ਇਸਦੇ ਧਾੜਵੀ ਕਿਰਦਾਰ ਬਾਰੇ ਭੁਲੇਖੇ ਖੜ੍ਹੇ ਕਰਨ ਲਈ ਇਹਨਾਂ ਫਾਸ਼ੀ ਗੁੰਡਾ ਗਰੋਹਾਂ ਦੀ ਇੱਕ ਜਥੇਬੰਦ ਕਾਰਗਰ ਹਥਿਆਰ ਵਜੋਂ ਵਰਤੋਂ ਕਰਨਾ ਬਾਕਾਇਦਾ ਉਹਨਾਂ ਦੀ ਜੱਦੀ ਫਿਤਰਤ ਤੇ ਨੀਤੀ ਹੈ। ਇੱਕ ਪਾਸੇ- ਇਹਨਾਂ ਗਰੋਹਾਂ ਨੂੰ ਇਨਕਲਾਬੀ ਤੇ ਲੋਕ ਪੱਖੀ ਆਗੂਆਂ 'ਤੇ ਝਪਟਣ ਲਈ ਸ਼ਿਸ਼ਕਾਰਨਾ, ਅਤੇ ਦੂਜੇ ਪਾਸੇ ਇਹਨਾਂ ਨਾਲ ਕੋਈ ਸੰਬੰਧ ਨਾ ਹੋਣ ਅਤੇ ਨਿਰਪੱਖ ਹੋਣ ਦਾ ਢਕੌਂਜ ਰਚਣਾ ਉਹਨਾਂ ਦਾ ਪਰਖਿਆ-ਪਰਤਿਆਇਆ ਪੈਂਤੜਾ ਹੈ। ਇਹੀ ਕੁੱਝ ਸ੍ਰੀ ਤਖਤੂਪੁਰਾ ਦੇ ਮਾਮਲੇ ਵਿਚ ਸਾਹਮਣੇ ਆ ਰਿਹਾ ਹੈ। 
(ਜਾਰੀ ਕੀਤੀ ਦੁਵਰਕੀ 'ਚੋਂ ਸੰਖੇਪ)
ਸ਼ਹਾਦਤ ਦਾ ਸੁਨੇਹਾ



ਸ਼ਹੀਦ ਦੀ ਜਥੇਬੰਦੀ ਦੇ ਬੋਲਾਂ 'ਚ 



ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੇ ਵਾਰਸੋ,
ਡਟੇ ਰਹੋ, ਅੱਗੇ ਵਧੋ, ਝੰਡਾ ਹੋਰ ਉੱਚਾ ਕਰੋ। ਅਸੀਂ ਆਪਣੇ ਪਿਆਰੇ ਸ਼ਹੀਦ ਆਗੂ ਨੂੰ ਸ਼ਰਧਾਂਜਲੀ ਦੇ ਰਹੇ ਹਾਂ। ਉਸੇ ਤਰ੍ਹਾਂ ਜਿਵੇਂ ਸੰਘਰਸ਼ ਦੇ ਮੈਦਾਨ ਵਿਚ ਜੂਝਦਿਆਂ ਸ਼ਹੀਦ ਹੋਏ ਸਾਥੀਆਂ ਨੂੰ ਦਿੱਤੀ ਜਾਂਦੀ ਹੈ। ਘਬਰਾਏ ਤੇ ਬੁਖਲਾਏ ਹੋਏ ਦੁਸ਼ਮਣ ਨੇ ਪੂਰੀ ਵਿਹੁ ਨਾਲ ਘਾਤ ਲਾ ਕੇ ਝਪਟ ਮਾਰੀ ਹੈ। ਸਾਡੀ ਜਥੇਬੰਦੀ ਦੇ ਦਿਲ ਦਾ ਧੜਕਦਾ ਟੋਟਾ ਵਿਛੋੜ ਦਿੱਤਾ ਹੈ। ਦਿਲਾਂ 'ਚੋਂ ਦੁੱਖ ਦੀ ਧਾਰ ਤਾਂ ਵਗਣੀ ਹੀ ਸੀ। ਪਰ ਜਖ਼ਮੀ ਦਿਲ ਦਾ ਲਹੂ ਰੋਹ ਦੀ ਲਾਲੀ ਬਣਕੇ ਸਾਡੀਆਂ ਅੱਖਾਂ 'ਚ ਉੱਤਰ ਆਇਆ ਹੈ। ਪੂਰੇ ਪੰਜਾਬ ਅੰਦਰ ਰੋਹ ਨਾਲ ਤਣੇ ਹੋਏ ਮੁੱਕੇ ਲਹਿਰਾ ਰਹੇ ਹਨ। ਧਰਤੀ ਧਮਕਾਉਂਦੇ ਨਾਅਰੇ ਗੂੰਜ ਰਹੇ ਹਨ। ਸ਼ਹਾਦਤ ਦੇ ਅਗਲੇ ਹੀ ਦਿਨ ਅੰਮ੍ਰਿਤਸਰ ਦੀ ਧਰਤੀ 'ਤੇ ਰੋਹ ਭਰੇ ਕਾਫ਼ਲੇ ਦਾ ਮਾਰਚ ਹੋਇਆ ਹੈ। 18 ਫਰਵਰੀ ਨੂੰ ਬਾਰਾਂ ਹਜ਼ਾਰ ਲੋਕਾਂ ਦੇ ਕਾਫਲੇ ਨੇ ਪਿੰਡ ਤਖਤੂਪੁਰਾ ਵਿਚ ਸ਼ਹੀਦ ਆਗੂ ਨੂੰ ਅੰਤਮ ਵਿਦਾਇਗੀ ਦਿੱਤੀ ਹੈ। 24 ਫਰਵਰੀ ਨੂੰ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਹੋਏ ਧਰਨੇ ਅਤੇ ਘੇਰਾਓ ਦੱਸਦੇ ਹਨ ਕਿ ਜੂਝਣ ਦਾ ਇਰਾਦਾ ਜਿਉਂਦਾ ਜਾਗਦਾ ਹੈ। ਹੋਰ ਪ੍ਰਚੰਡ ਹੋ ਰਿਹਾ ਹੈ। 28 ਫਰਵਰੀ ਨੂੰ ਸਾਂਝੇ ਸ਼ਰਧਾਂਜਲੀ ਸਮਾਗਮ ਦਾ ਐਲਾਨ 22 ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਰਲ ਕੇ ਕੀਤਾ ਹੈ। ਮੁਲਾਜ਼ਮਾਂ, ਮਜ਼ਦੂਰਾਂ, ਬੇਰੁਜ਼ਗਾਰ ਨੌਜੁਆਨਾਂ ਦੀਆਂ ਹਮਾਇਤੀ ਟੁਕੜੀਆਂ ਸ਼ਾਨਦਾਰ ਭਰਾਤਰੀ ਭਾਵਨਾ ਦਿਖਾ ਰਹੀਆਂ ਹਨ। ਸੰਘਰਸ਼ ਐਲਾਨਾਂ ਵਿਚ ਸ਼ਾਮਲ ਹੋ ਰਹੀਆਂ ਹਨ। 
ਦੁਸ਼ਮਣ ਨੇ ਇਹ ਖ਼ੂਨੀ ਹਮਲਾ ਦਿਲ ਦਹਿਲਾਉਣ ਦੇ ਮਨਸ਼ੇ ਨਾਲ ਕੀਤਾ ਹੈ। ਬੇਦਿਲੀ ਅਤੇ ਭੜਕਾਹਟ ਪੈਦਾ ਕਰਨ ਲਈ ਪੂਰੇ ਜ਼ੋਰ ਨਾਲ ਡੰਗ ਮਾਰਿਆ ਹੈ। ਪਰ ਅਸੀਂ ਤੜਫ਼ਕੇ ਨਹੀਂ ਡਿੱਗੇ। ਅਸੀਂ ਬੌਂਦਲੇ ਨਹੀਂ। ਅਸੀਂ ਬਿੱਖਰੇ ਨਹੀਂ। ਕਹਿਰਾਂ ਦੇ ਹੱਕੀ ਗੁੱਸੇ ਨਾਲ ਸਾਡੇ ਦਿਲ ਭਰੇ ਹੋਏ ਹਨ। ਪਰ ਅਸੀਂ ਹੋਸ਼ ਨਹੀਂ ਗਵਾਈ। ਪੂਰੇ ਹੋਸ਼-ਹਵਾਸ ਨਾਲ ਅਸੀਂ ਐਲਾਨ ਕਰਦੇ ਹਾਂ ਕਿ ਸਾਨੂੰ ਚੁਣੌਤੀ ਕਬੂਲ ਹੈ। ਅਸੀਂ ਦੁਸ਼ਮਣ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡੇ ਇਸ ਐਲਾਨ ਨੂੰ ਗੁੱਸੇ ਦਾ ਵਕਤੀ ਉਬਾਲ ਨਾ ਸਮਝੇ। ਤੁਸੀਂ ਸਾਡਾ ਇੱਕ ਸੀਸ ਕੱਟ ਦਿੱਤਾ ਹੈ। ਪਰ ਅਸੀਂ ਆਪਣਾ ਸੀਸ ਧਰਤੀ 'ਤੇ ਨਹੀਂ ਡਿਗਣ ਦਿੱਤਾ। ਸਨਮਾਨ ਦੇ ਕੇ ਤਲੀ 'ਤੇ ਧਰ ਲਿਆ ਹੈ। ਅਸੀਂ ਲੜਾਂਗੇ। ਜੰਮ ਕੇ ਲੜਾਂਗੇ। ਸਿਦਕ ਨਾਲ, ਸੂਝ ਨਾਲ, ਲੰਮੇ ਜਿਗਰੇ ਨਾਲ। ਅਸੀਂ ਤੁਹਾਡੀਆਂ ਹਰ ਕਿਸਮ ਦੀਆਂ ਚਾਲਾਂ ਨੂੰ ਮਿੱਟੀ ਕਰ ਦਿਆਂਗੇ। ਦਹਿਲਾਉਣ-ਝੁਕਾਉਣ ਦੀਆਂ ਚਾਲਾਂ ਨੂੰ ਵੀ। ਭੜਕਾ-ਭਟਕਾ ਕੇ ਸੱਟ ਮਾਰਨ ਦੀਆਂ ਚਾਲਾਂ ਨੂੰ ਵੀ। ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ ਤੁਹਾਨੂੰ ਮਹਿੰਗੀ ਪਵੇਗੀ। ਸਾਡੇ ਸੰਘਰਸ਼ ਦਾ ਸੇਕ ਅਕਾਲੀ-ਭਾਜਪਾ ਹਕੂਮਤ ਦੇ ਮੀਸਣੇ ਸਿਆਸੀ ਮਖੌਟੇ ਨੂੰ ਲੂਹ ਸੁੱਟੇਗਾ। ਕਾਤਲ-ਕਸਾਈ ਚਿਹਰੇ ਨੂੰ ਲਕੋਣ ਦੀਆਂ ਕੋਸ਼ਿਸ਼ਾਂ ਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ। 
ਕਿਸਾਨ ਭਰਾਵੋ, ਸਾਡੇ ਹੱਕਾਂ ਦੀ ਲਹਿਰ ਨੂੰ ਜਾਬਰ ਖ਼ੂਨੀ ਹਮਲਿਆਂ ਨਾਲ ਕੁਚਲਣ ਦੀ ਇਹ ਪਹਿਲੀ ਕੋਸ਼ਿਸ਼ ਨਹੀਂ ਹੈ। ਜੇਠੂਕੇ ਕਾਂਡ, ਮਾਈਸਰਖਾਨਾ, ਮਾਨਾਂਵਾਲਾ, ਚੱਠੇਵਾਲਾ, ਜੋਗਾ, ਗਿੱਦੜਬਾਹਾ,, ਤਪਾ, ਛੰਨਾ ਅਤੇ ਫੇਰ ਚੰਡੀਗੜ੍ਹ ਵਿਚ ਪੁਲਸ ਵੱਲੋਂ ਹੋਏ ਕਸਾਈ ਹਮਲੇ ਸਾਡੇ ਦਿਲਾਂ 'ਤੇ ਉੱਕਰੇ ਹੋਏ ਹਨ। ਇਹ ਹਮਲੇ ਸਾਡੀ ਜਥੇਬੰਦ ਤਾਕਤ ਨੂੰ ਕੁਚਲ ਨਹੀਂ ਸਕੇ। ਖਿੰਡਾਅ ਨਹੀਂ ਸਕੇ। ਕਿੰਨੇ ਹੀ ਸ਼ਹੀਦਾਂ ਦੇ ਲਹੂ ਨਾਲ ਸਿੰਜੀ ਸਾਡੀ ਕਿਸਾਨ ਲਹਿਰ ਦੀ ਫਸਲ ਅੱਜ ਕਿਤੇ ਉੱਚੀ ਹੋ ਕੇ ਝੂਲ ਰਹੀ ਹੈ। 
ਤਾਂ ਵੀ ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ ਪਹਿਲਾਂ ਵਰਗੀ ਘਟਨਾ ਨਹੀਂ ਹੈ। ਇਹ ਸ਼ਹਾਦਤ ਦੱਸਦੀ ਹੈ ਕਿ ਕਿਸਾਨ ਸੰਘਰਸ਼ਾਂ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਚੁੱਕਿਆ ਹੈ। ਦੁਸ਼ਮਣ ਦੇ ਹਮਲਿਆਂ ਦਾ ਨਵਾਂ ਦੌਰ ਸ਼ੁਰੂ ਹੋ ਚੁੱਕਿਆ ਹੈ। ਕਿਸਾਨ ਦੁਸ਼ਮਣ ਵੱਡੇ ਧਨਾਢਾਂ ਅਤੇ ਲੋਕ ਦੁਸ਼ਮਣ ਰਾਜ ਭਾਗ ਦੀ ਅੱਖ ਦੀ ਰੜਕ ਤਾਂ ਅਸੀਂ ਪਹਿਲਾਂ ਹੀ ਬਣੇ ਹੋਏ ਹਾਂ। ਕਿਉਂਕਿ ਅਸੀਂ ਆਪਣੇ ਹੱਕਾਂ ਲਈ ਤਾਂ ਜੂਝ ਹੀ ਰਹੇ ਹਾਂ, ਅਸੀਂ ਹਰ ਤਬਕੇ ਦੇ ਹੱਕੀ ਸੰਘਰਸ਼ ਨੂੰ ਮੋਢਾ ਵੀ ਲਾਇਆ ਹੈ। ਸਾਡੀ ਜਥੇਬੰਦ ਹੋਈ ਕਿਸਾਨ ਸ਼ਕਤੀ ਸਭਨਾਂ ਜੂਝਦੇ ਲੋਕਾਂ ਦੀ ਭਰੋਸੇਯੋਗ ਮਿੱਤਰ ਸ਼ਕਤੀ ਹੈ। ਅਸੀਂ ਕਿਸਾਨਾਂ ਅਤੇ ਸਭਨਾਂ ਮਜ਼ਲੂਮ ਲੋਕਾਂ ਦਾ ਸਾਂਝਾ ਹਿਤ ਪਛਾਣਿਆ ਹੈ। ਅਸੀਂ ਸਾਬਤ ਕੀਤਾ ਹੈ ਕਿ ਸਾਡੇ ਹੁੰਦਿਆਂ ਹੱਕਾਂ ਲਈ ਜੂਝਦਾ ਕੋਈ ਵੀ ਤਬਕਾ ਇਕੱਲਾ ਨਹੀਂ ਹੈ। ਅਸੀਂ ਨਿੱਜੀਕਰਨ ਅਤੇ ਨਵੀਆਂ ਆਰਥਿਕ ਨੀਤੀਆਂ ਦੇ ਹੱਲੇ ਨੂੰ ਚੁਣੌਤੀ ਦਿੱਤੀ ਹੈ। ਬਦੇਸ਼ੀ ਅਤੇ ਦੇਸੀ ਵੱਡੀਆਂ ਜੋਕਾਂ ਖਾਤਰ, ਉਹਨਾਂ ਦੀਆਂ ਤਾਬਿਆਦਾਰ ਹਕੂਮਤਾਂ ਖਾਤਰ ਇਹ ਨੀਤੀਆਂ ਜਿਉਣ-ਮਰਨ ਦਾ ਸਵਾਲ ਬਣੀਆਂ ਹੋਈਆਂ ਹਨ। ਦੂਜੇ ਪਾਸੇ ਲੋਕਾਂ ਖਾਤਰ ਵੀ ਇਹ ਜਿਉਣ-ਮਰਨ ਦਾ ਸਵਾਲ ਬਣੀਆਂ ਹੋਈਆਂ ਹਨ। ਸੂਬੇ ਅੰਦਰ ਇਹਨਾਂ ਨੀਤੀਆਂ ਦੇ ਹੱਲੇ ਦਾ ਜਥੇਬੰਦ ਵਿਰੋਧ ਕਰਦੇ ਸਭ ਲੋਕ ਹਾਕਮਾਂ ਲਈ ਸਿਰਦਰਦੀ ਹਨ। ਪਰ ਕਿਸਾਨ-ਜਨਤਾ ਦੀ ਸੰਘਰਸ਼ ਲਲਕਾਰ ਉਹਨਾਂ ਨੂੰ ਸਭ ਤੋਂ ਵੱਧ ਰੜਕਦੀ ਹੈ। ਉਹਨਾਂ ਨੂੰ ਹੱਥ ਰੋਕਣੇ ਪੈਂਦੇ ਹਨ। ਕਦਮ ਬੋਚਣੇਂ ਪੈਂਦੇ ਹਨ। ਕਈ ਵਾਰ ਪਿੱਛੇ ਹਟਣ ਲਈ ਮਜਬੂਰ ਹੋਣਾ ਪੈਂਦਾ ਹੈ। ਅੱਜ ਸੁਖਬੀਰ-ਕਾਲੀਆ ਕਮੇਟੀ ਦੇ ਲਹੂ ਚੂਸ ਪੁਲੰਦੇ ਖਿਲਾਫ, ਖਾਦ-ਤੇਲ ਦੀਆਂ ਸਬਸਿਡੀਆਂ ਛਾਂਗਣ ਖਿਲਾਫ਼ ਅਤੇ ਬਿਜਲੀ ਬੋਰਡ ਦਾ ਭੋਗ ਪਾਉਣ ਦੀ ਵਿਉਂਤ ਖਿਲਾਫ਼ ਅਸੀਂ ਸਾਂਝੇ ਘੋਲ ਦੇ ਮੈਦਾਨ ਵਿਚ ਹਾਂ। ਹਾਕਮਾਂ ਨੂੰ ਧੁੜਕੂ ਹੈ ਕਿ ਅੱਜ ਦੇ ਸੰਘਰਸ਼ਾਂ ਦੇ ਸਿਲਸਿਲੇ ਰਾਹੀਂ, ਛੋਟੀਆਂ ਵੱਡੀਆਂ ਜ਼ੋਰ ਅਜ਼ਮਾਈਆਂ ਰਾਹੀਂ, ਲੋਕਾਂ ਦੀ ਤਾਕਤ ਜੁੜ ਰਹੀ ਹੈ। ਕਾਫ਼ਲੇ ਵੱਡੇ ਹੋ ਰਹੇ ਹਨ। ਜਿੱਤਾਂ ਹਾਰਾਂ ਦੇ ਤਜਰਬੇ ਰਾਹੀਂ ਸੁਝਵਾਨ ਹੋ ਰਹੇ ਹਨ। ਇਰਾਦੇ ਤਕੜੇ ਹੋ ਰਹੇ ਹਨ। ਆਪਸੀ ਸਾਂਝ ਦੀ ਭਾਵਨਾ ਵਧ ਰਹੀ ਹੈ। ਹਾਕਮਾਂ ਦੇ ਲੋਕ ਦੁਸ਼ਮਣ ਹੱਲੇ ਲਈ ਚੁਣੌਤੀ ਦਿਨੋਂ ਦਿਨ ਵੱਡੀ ਹੋ ਰਹੀ ਹੈ। ਇਸ ਕਰਕੇ ਉਹਨਾਂ ਦਾ ਇਸ ਚੁਣੌਤੀ ਨੂੰ ਹੁਣੇ ਮਸਲ ਦੇਣ ਨੂੰ ਜੀਅ ਕਰਦਾ ਹੈ। ਲੋਕਾਂ ਦੀ ਸਾਂਝੀ ਤਾਕਤ ਦਾ ਜੱਕ ਬੰਨ੍ਹਣ ਵਿਚ, ਸਾਡੀ ਜਥੇਬੰਦ ਕਿਸਾਨ ਤਾਕਤ ਅਹਿਮ ਰੋਲ ਅਦਾ ਕਰ ਰਹੀ ਹੈ। ਸੰਘਰਸ਼ ਦੀ ਅਤੇ ਸਾਂਝ ਦੀ ਭਾਵਨਾ ਨੂੰ ਹੁਲਾਰਾ ਦੇਣ ਵਿਚ ਅਹਿਮ ਰੋਲ ਅਦਾ ਕਰ ਰਹੀ ਹੈ। ਚੰਡੀਗੜ੍ਹ ਵਿਚ ਲੋਕਾਂ ਦੀ ਵਿਸ਼ਾਲ ਲਾਮਬੰਦੀ ਅਤੇ ਕਿਸਾਨਾਂ ਦੀ ਜੁਝਾਰ ਭਾਵਨਾ ਦਾ ਨਜ਼ਾਰਾ ਹਾਕਮਾਂ ਨੂੰ ਭੁੱਲਿਆ ਨਹੀਂ ਹੈ। ਇਸ ਕਰਕੇ ਹਾਕਮ ਵਿਹੁ ਘੋਲ ਰਹੇ ਹਨ। ਕਿਸਾਨ ਤਾਕਤ ਨੂੰ ਚਿੱਪ ਦੇਣ ਲਈ  ਖੱਭੀਆਂ ਖਾ ਰਹੇ ਹਨ। 
ਪਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਚੱਲ ਰਹੇ ਘੋਲਾਂ ਕਰਕੇ ਹੁਣ ਦੁਸ਼ਮਣ ਦੀ ਰੜਕ ਖਾਸ ਕਰਕੇ ਵਧੀ ਹੋਈ ਹੈ। ਇਥੇ ਵੱਡੇ ਧਨਾਢ ਚੌਧਰੀਆਂ ਨੇ ਪਸੀਨਾ ਡੋਲ੍ਹ ਕੇ ਆਬਾਦ ਕੀਤੀਆਂ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਮੁਹਿੰਮ ਛੇੜੀ ਹੋਈ ਹੈ। ਇਹ ਮੁਹਿੰਮ ਲੱਠਮਾਰ ਗੁੰਡਾ ਤਾਕਤ ਦੇ ਜ਼ੋਰ ਚਲਾਈ ਜਾ ਰਹੀ ਹੈ। ਸਿਆਸਤਦਾਨਾਂ, ਪੁਲਸ ਅਤੇ ਮਾਲ ਮਹਿਕਮੇ ਦੀ ਮਿਲੀ ਭੁਗਤ ਨਾਲ ਚਲਾਈ ਜਾ ਰਹੀ ਹੈ। ਸੂਬਾਈ ਹਕੂਮਤ ਦੀ ਥਾਪੀ ਨਾਲ ਚਲਾਈ ਜਾ ਰਹੀ ਹੈ। ਗਰਦਾਵਰੀਆਂ ਬਦਲੀਆਂ ਜਾ ਰਹੀਆਂ ਹਨ। ਜਾਅਲੀ ਕਬਜ਼ੇ ਦਿਖਾਏ ਜਾ ਰਹੇ ਹਨ। ਦਹਿਸ਼ਤ ਪਾ ਕੇ ਜ਼ਮੀਨਾਂ ਖਾਲੀ ਕਰਵਾਈਆਂ ਜਾ ਰਹੀਆਂ ਹਨ। ਪਰ ਸਾਡੀ ਜਥੇਬੰਦੀ ਦੀ ਅਗਵਾਈ ਵਿਚ ਇੱਕਜੁੱਟ ਹੋਈ ਕਿਸਾਨ ਤਾਕਤ ਇਹਨਾਂ ਮਨਸ਼ਿਆਂ ਦੇ ਰਾਹ ਦਾ ਰੋੜਾ ਬਣੀ ਹੋਈ ਹੈ। ਅਸੀਂ ਪ੍ਰਸ਼ਾਸਨ ਨੂੰ ਹਜ਼ਾਰਾਂ ਕਿਸਾਨਾਂ ਦੀਆਂ ਮਾਲਕੀ ਦੇ ਹੱਕ ਲਈ ਅਰਜ਼ੀਆਂ ਦਾਖਲ ਕਰਨ ਖਾਤਰ ਮਜਬੂਰ ਕੀਤਾ ਹੈ। ਗੁੰਡਾ ਹਮਲਿਆਂ ਦੇ ਬਾਵਜੂਦ ਆਬਾਦਕਾਰ ਕਿਸਾਨਾਂ ਦੇ ਹੱਕੀ ਕਬਜ਼ਿਆਂ ਦੀ ਰਲ ਕੇ ਰਾਖੀ ਕੀਤੀ ਹੈ। ਕਬਜ਼ਿਆਂ ਸੰਬੰਧੀ ਮਾਲ ਮਹਿਕਮੇ ਦੇ ਅਧਿਕਾਰੀਆਂ ਦੀਆਂ ਸਹੀ ਜਾਂਚ ਰਿਪੋਰਟਾਂ ਨੂੰ ਸਿਆਸੀ ਜ਼ੋਰ ਨਾਲ ਉਲਟਾਉਣ ਦੀਆਂ ਸਿਰਤੋੜ ਕੋਸ਼ਿਸ਼ਾਂ ਹੋਈਆਂ ਹਨ। ਸੌੜੀਆਂ ਪਿੰਡ ਦੇ ਮਾਮਲੇ ਵਿਚ ਇਸ ਖਾਤਰ ਉਪਰੋਥਲੀ ਤਹਿਸੀਲਦਾਰ ਬਦਲੇ ਗਏ। ਅਸੀਂ ਇਹ ਕੋਸ਼ਿਸ਼ਾਂ ਲੰਮੇ ਸੰਘਰਸ਼ ਦੇ ਜ਼ੋਰ ਫੇਲ੍ਹ ਕੀਤੀਆਂ ਹਨ। ਸ਼ਹੀਦ ਤਖਤੂਪੁਰਾ ਦੀ ਸ਼ਹਾਦਤ ਤੋਂ ਐਨ ਇੱਕ ਦਿਨ ਪਹਿਲਾਂ ਪਿੰਡ ਸੌੜੀਆਂ ਦੇ ਹੱਕਦਾਰ ਕਿਸਾਨਾਂ ਦਾ ਮੋਰਚਾ ਫਤਿਹ ਹੋਇਆ। ਤਹਿਸੀਲਦਾਰ ਦੀ ਸਹੀ ਰਿਪੋਰਟ ਦੇ ਬਾਵਜੂਦ ਸਿਆਸੀ ਜ਼ੋਰ ਨਾਲ ਰੋਕੀ ਹੋਈ ਗਰਦਾਵਰੀ ਐਸ.ਡੀ.ਐਮ. ਦੇ ਦਫਤਰ ਵਿਚ ਹੱਕਦਾਰ ਕਿਸਾਨ ਦੇ ਨਾਂ ਚੜ੍ਹਵਾਈ ਗਈ। 
ਦੂਜੇ ਪਾਸੇ ਗੁਰਦਾਸਪੁਰ ਜ਼ਿਲ੍ਹੇ ਵਿਚ ਕਿਰਤੀ ਕਿਸਾਨ ਯੂਨੀਅਨ ਨਾਲ ਜੁੜੇ ਕਿਸਾਨਾਂ ਦਾ ਪੇਚਾ ਸ਼੍ਰੋਮਣੀ ਕਮੇਟੀ ਦੇ ਚੌਧਰੀਆਂ ਨਾਲ ਪਿਆ ਹੋਇਆ ਹੈ, ਜਿਹੜੇ ਦਹਾਕਿਆਂ ਤੋਂ ਜ਼ਮੀਨਾਂ ਵਾਹੁੰਦੇ ਆ ਰਹੇ ਮੁਜਾਰੇ ਕਿਸਾਨਾਂ ਨੂੰ ਉਜਾੜਨਾ ਚਾਹੁੰਦੇ ਹਨ। ਇਸ ਸੰਘਰਸ਼ ਦੌਰਾਨ ਬਾਰੂਦੀ ਅਸਲੇ ਨਾਲ ਹਮਲਾ ਕਰਕੇ ਦੋ ਕਿਸਾਨ ਸ਼ਹੀਦ ਕਰ ਦਿੱਤੇ ਗਏ। 
ਜ਼ਮੀਨ ਦੇ ਮੁੱਦੇ 'ਤੇ ਕਿਸਾਨਾਂ ਦੇ ਇਹਨਾਂ ਸੰਘਰਸ਼ਾਂ ਕਰਕੇ ਪੂਰੇ ਪੰਜਾਬ ਵਿਚ ਹੀ ਵੱਡੇ ਵੱਡੇ ਜ਼ੋਰਾਵਰ ਧਨਾਢ ਚੌਧਰੀਆਂ ਦੇ ਸੀਨੇ ਲਾਂਬੂ ਲੱਗਿਆ ਹੈ। ਕਿਉਂਕਿ ਇਹਨਾਂ ਦੀਆਂ ਲਲਚਾਈਆਂ ਨਜ਼ਰਾਂ ਗਰੀਬ ਅਤੇ ਕਮਜ਼ੋਰ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਲੱਗੀਆਂ ਹੋਈਆਂ ਹਨ। ਇਹਨਾਂ ਨੇ ਨਹੱਕੇ ਢੰਗ ਨਾਲ ਮੋਟੀਆਂ ਜ਼ਮੀਨਾਂ ਹੱਥ ਹੇਠ ਕੀਤੀਆਂ ਹੋਈਆਂ ਹਨ। ਸੰਸਥਾਵਾਂ ਅਤੇ ਬਾਗ ਬਗੀਚਿਆਂ ਦੀ ਆੜ ਲਈ ਹੋਈ ਹੈ। ਜਾਅਲੀ ਅਤੇ ਟੇਢੀਆਂ ਮਾਲਕੀਆਂ ਦੀ ਆੜ ਲਈ ਹੋਈ ਹੈ। ਜ਼ੋਰਾ ਜ਼ਰਬੀ ਲਿਖਵਾਏ ਝੂਠੇ ਅਸ਼ਟਾਮਾਂ ਅਤੇ ਬੈਨਾਮਿਆਂ ਦੀ ਓਟ ਲਈ ਹੋਈ ਹੈ। ਕਾਨੂੰਨੀ ਚੋਰ-ਮੋਰੀਆਂ ਦਾ ਆਸਰਾ ਲਿਆ ਹੋਇਆ ਹੈ। ਕਿੰਨੇ ਹੀ ਥਾਈਂ ਨਿਰੇ ਹਿੱਕ ਦੇ ਧੱਕੇ ਨਾਲ ਕਿਸਾਨਾਂ ਦੀਆਂ ਨਿੱਜੀ ਜ਼ਮੀਨਾਂ ਅਤੇ ਸਾਂਝੀਆਂ ਜਾਇਦਾਦਾਂ 'ਤੇ ਦੱਬਾ ਮਾਰਿਆ ਹੋਇਆ ਹੈ। ਇਹ ਵੱਡੇ ਧਨਾਢ ਚੌਧਰੀ ਸਿਆਸੀ ਪਾਰਟੀਆਂ ਦੀ ਬੁੱਕਲ ਵਿਚ ਹਨ। ਕਈਆਂ ਕੋਲ ਸਿਆਸੀ ਪਾਰਟੀਆਂ ਦੇ ਅਹੁਦੇ ਹਨ। ਆਉਂਦੀਆਂ ਜਾਂਦੀਆਂ ਚੇਅਰਮੈਨੀਆਂ, ਵਿਧਾਇਕੀਆਂ ਅਤੇ ਵਜ਼ੀਰੀਆਂ ਹਨ। ਪੁਲਸ ਅਤੇ ਹੋਰ ਮਹਿਕਮਿਆਂ ਦੀਆਂ ਅਫਸਰੀਆਂ ਹਨ। 
ਕਾਫ਼ੀ ਅਰਸੇ ਤੋਂ ਇਹ ਜੋਕਾਂ ਵੀ ਅਤੇ ਇਹਨਾਂ ਦੀਆਂ ਸਰਕਾਰਾਂ ਵੀ ਸਾਡੀ ਵਧ ਰਹੀ ਜਥੇਬੰਦ ਤਾਕਤ ਦੇ ਜਲਵੇ ਦੇਖਦੀਆਂ ਆ ਰਹੀਆਂ ਹਨ। ਪਰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਨਿਤਾਰਨ ਦੀ ਜਿਹੜੀ ਲੜਾਈ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਚ ਚੱਲ ਰਹੀ ਹੈ, ਇਸ ਨਾਲ ਇਹਨਾਂ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ ਹੈ। ਇਹ ਮੋਟੀਆਂ ਗਿਰਝਾਂ ਤਾਂ ਬੱਸ ਕਮਜ਼ੋਰੇ ਅਤੇ ਗਰੀਬ ਕਿਸਾਨਾਂ ਦਾ ਜ਼ਮੀਨਾਂ ਤੋਂ ਉਜਾੜਾ ਭਾਲਦੀਆਂ ਹਨ। ਉਧਰ ਸਰਕਾਰ ਮਹਿਕਮਿਆਂ ਦੀਆਂ ਜ਼ਮੀਨਾਂ, ਸਰਕਾਰੀ ਸੰਸਥਾਵਾਂ ਦੀਆਂ ਜ਼ਮੀਨਾਂ, ਸਾਂਝੀਆਂ ਜ਼ਮੀਨਾਂ ਅਤੇ ਪੰਚਾਇਤੀ ਜ਼ਮੀਨਾਂ ਦੀ ਵੇਚ ਵੱਟ ਦੇ ਰਾਹ ਪਈ ਹੋਈ ਹੈ। ਇਹਨਾਂ ਨੂੰ ਕੌਡੀਆਂ ਦੇ ਭਾਅ ਜਾਂ ਮੁਫਤੋ-ਮੁਫਤੀ ਨਿੱਜੀ ਕਾਰੋਬਾਰੀਆਂ ਦੀ ਝੋਲੀ ਪਾਉਣ 'ਤੇ ਤੁਲੀ ਹੋਈ ਹੈ। ਇਹ ਸਾਰੇ ਮਾਲਕੀ ਹੱਕਾਂ ਲਈ ਜੂਝਦੇ ਆਬਾਦਕਾਰ ਕਿਸਾਨਾਂ ਦੇ ਸੰਘਰਸ਼ ਦੀ ਚੰਗਿਆੜੀ ਦੇ ਫੈਲ ਜਾਣ ਤੋਂ ਡਰਦੇ ਹਨ। ਨਹੱਕੀਆਂ ਮਾਲਕੀਆਂ ਅਤੇ ਕਬਜ਼ਿਆਂ ਨੂੰ ਚੁਣੌਤੀ ਦੀ ਸੂਬਾਈ ਲਹਿਰ ਬਣ ਜਾਣ ਤੋਂ ਡਰਦੇ ਹਨ। ਇਹ ਡਰਦੇ ਹਨ ਕਿ ਜ਼ਮੀਨ ਦੇ ਹੱਕ ਦੀ ਰਾਖੀ ਅਤੇ ਪ੍ਰਾਪਤੀ ਦੀ ਤਾਂਘ ਸੂਬੇ ਦੇ ਸਭਨਾਂ ਹੱਕਦਾਰ ਕਿਸਾਨਾਂ ਦੇ ਦਿਲਾਂ ਵਿਚ ਨਾ ਮਘ ਉੱਠੇ। ਹਕੂਮਤ ਨੂੰ ਫਿਕਰ ਹੈ ਕਿ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਸਰਕਾਰੀ ਜ਼ਮੀਨਾਂ ਮੋਟੀਆਂ ਜੋਕਾਂ ਹਵਾਲੇ ਕਰਨ ਦੀ ਨੀਤੀ ਕੋਈ ਵਿਚ ਕੋਈ ਵਿਘਨ ਨਾ ਪੈ ਜਾਵੇ। 
ਵੱਡੀਆਂ ਜੋਕਾਂ ਵੀ ਅਤੇ ਉਹਨਾਂ ਦਾ ਰਾਜ ਵੀ ਵੱਡਾ ਖਤਰਾ ਮੰਨ ਰਹੇ ਹਨ। ਇਸੇ ਕਰਕੇ ਕਿਸਾਨਾਂ ਦੀ ਜਥੇਬੰਦੀ ਅਤੇ ਏਕਤਾ ਨੂੰ ਕੁਚਲਣ ਲਈ ਖ਼ੂਨੀ ਹਮਲਿਆਂ ਦਾ ਨਵਾਂ ਦੌਰ ਸ਼ੁਰੂ ਹੋ ਰਿਹਾ ਹੈ। ਹੁਣ ਹਕੂਮਤ ਨੇ ਗੁੱਝੇ ਸਾਜ਼ਸ਼ੀ ਖ਼ੂਨੀ ਹਮਲਿਆਂ ਦਾ ਰਾਹ ਫੜ ਲਿਆ ਹੈ। ਪੁਲਸ ਦੇ ਹਥਿਆਰਬੰਦ ਲਸ਼ਕਰਾਂ ਦੇ ਸਿੱਧੇ ਹਮਲੇ ਹਕੂਮਤਾਂ ਨੂੰ ਸਿਆਸੀ ਤੌਰ 'ਤੇ ਮਹਿੰਗੇ ਪੈਂਦੇ ਰਹੇ ਹਨ। ਕਿਸਾਨਾਂ ਦਾ ਲੂਹ ਵਹਾਉਣ ਦਾ ਕਲੰਕ ਮੱਥੇ ਲਗਦਾ ਰਿਹਾ ਹੈ। ਤੋਏ ਤੋਏ ਹੁੰਦੀ ਰਹੀ ਹੈ। ਲੋਕਾਂ ਦੇ ਰੋਹ ਦਾ ਸੇਕ ਹਕੂਮਤ ਨੂੰ ਝੱਲਣਾ ਪੈਂਦਾ ਰਿਹਾ ਹੈ। ਇਸੇ ਕਰਕੇ ਹੁਣ ਉਹਨਾਂ ਨੇ ਖਤਰਨਾਕ ਗੁੱਝਾ ਵਾਰ ਕੀਤਾ ਹੈ। ਆਪਣੇ ਵਫ਼ਾਦਾਰ ਸਿਆਸਤਦਾਨਾਂ, ਭੂ-ਮਾਫੀਏ ਦੇ ਚੌਧਰੀਆਂ ਅਤੇ ਪੁਲਸ ਅਧਿਕਾਰੀਆਂ ਦੇ ਗੱਠਜੋੜ ਨੂੰ ਪਾਲੇ ਹੋਏ ਗੁੰਡਾ ਗਰੋਹ ਰਾਹੀਂ ਅਮਨ-ਕਾਨੂੰਨ ਨੂੰ ਪੈਰਾਂ ਹੇਠ ਲਿਤਾੜ ਦੇਣ ਖਾਤਰ ਹੱਲਾਸ਼ੇਰੀ ਦਿੱਤੀ ਹੈ। ਸ਼ਹੀਦ ਤਖਤੂਪੁਰਾ ਦੇ ਕਤਲ ਦਾ ਗੁੰਦਣਾ ਸਾਬਕਾ ਅਕਾਲੀ ਐਮ.ਐਲ.ਏ. ਵੀਰ ਸਿੰਘ ਲੋਪੋਕੇ, ਬੁੱਚੜ ਥਾਣੇਦਾਰ ਰਛਪਾਲ ਬਾਬਾ, ਚੇਅਰਮੈਨ ਸਰਬਜੀਤ ਸਿੰਘ ਲੋਧੀ ਨੰਗਲ ਅਤੇ ਸਰਪੰਚ ਕੁਲਵਿੰਦਰ ਸਿੰਘ ਸੌੜੀਆਂ ਨੇ ਰਲ ਕੇ ਗੁੰਦਿਆ ਹੈ। ਵੀਰ ਸਿੰਘ ਲੋਪੋਕੇ ਭੂ-ਮਾਫੀਏ ਦਾ ਚੌਧਰੀ ਹੈ। ਨਜਾਇਜ ਕਬਜ਼ਿਆਂ ਦੇ ਕਿੰਨੇ ਹੀ ਮਾਮਲਿਆਂ ਵਿਚ ਇਹਦਾ ਨਾਂ ਬੋਲਦਾ ਹੈ। ਇਹਦੀਆਂ ਕਰਤੂਤਾਂ ਦੇ ਵੇਰਵੇ ਸ਼ਹੀਦ ਤਖਤੁਪੁਰਾ ਦੀ ਡਾਇਰੀ ਵਿਚ ਦਰਜ ਹਨ। ਇਹਦਾ ਰਿਸ਼ਤੇਦਾਰ ਰਛਪਾਲ ਬਾਬਾ ਵੀ ਆਬਾਦਾਕਾਰ ਕਿਸਾਨਾਂ ਦੇ ਹੱਕ ਮਾਰ ਕੇ ਜ਼ਮੀਨ ਇਕੱਠੀ ਕਰਨ ਲੱਗਿਆ  ਹੋਇਆ ਹੈ। ਥਾਣੇਦਾਰ ਰਛਪਾਲ ''ਬਾਬਾ'' ਦੀ ਕਿਸਾਨ ਸੁੱਖਾ ਸਿੰਘ ਦੇ ਕਤਲ ਵਿਚ ਗ੍ਰਿਫਤਾਰੀ ਲਈ ਪਹਿਲਾਂ ਹੀ ਸੰਘਰਸ਼ ਚੱਲ ਰਿਹਾ ਹੈ। 17 ਫਰਵਰੀ ਨੂੰ ਇਸ ਮੰਗ ਲਈ ਅਜਨਾਲਾ ਵਿਚ ਕਿਸਾਨ ਧਰਨਾ ਰੱਖਿਆ ਹੋਇਆ ਸੀ। ਇਸ ਤੋਂ ਐਨ ਇੱਕ ਦਿਨ ਪਹਿਲਾਂ 16 ਫਰਵਰੀ ਨੂੰ ਸਾਡਾ ਆਗੂ ਸ਼ਹੀਦ ਕਰਵਾ ਦਿੱਤਾ ਗਿਆ। 
ਵੀਰ ਸਿੰਘ ਲੋਪੋਕੇ ਅਤੇ ਰਛਪਾਲ ਬਾਬਾ ਨੂੰ ਗ੍ਰਿਫਤਾਰ ਕਰਨ ਤੋਂ ਪੁਲਸ ਵੱਲੋਂ ਇਨਕਾਰ ਕੀਤਾ ਜਾ ਰਿਹਾ ਹੈ। ਉਹ ਸ਼ਰੇਆਮ ਅਕਾਲੀ ਵਜ਼ੀਰਾਂ ਨਾਲ ਘੁੰਮ ਰਹੇ ਹਨ। ਇਹਨਾਂ ਖਿਲਾਫ ਕੇਸ ਦਰਜ ਕਰਨ ਦਾ ਬਿਆਨ ਦੇਣ ਵਾਲੇ ਐਸ.ਐਸ.ਪੀ. ਨੂੰ ਜਬਰੀ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ। ਹਮਲੇ ਦੌਰਾਨ ਜਖ਼ਮੀ ਹੋਏ ਕਿਸਾਨਾਂ ਦੇ ਬਿਆਨ ਲੈਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਮੈਡੀਕਲ ਰਿਪੋਰਟ ਅਤੇ ਐਫ.ਆਈ.ਆਰ. ਵਿਚ ਭੰਨਤੋੜ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਹਾਲਤ ਵਿਚ ਬਣਾਈ ਪੁਲਸ ਅਧਿਕਾਰੀਆਂ ਦੀ ਜਾਂਚ ਕਮੇਟੀ ਫਰਾਡ ਹੈ। ਅਸਲ ਕਾਤਲਾਂ ਨੂੰ ਬਚਾਉਣ ਦੀ ਨੀਤ ਨਾਲ ਛਾਂਟਵੇਂ ਵਫਾਦਾਰ ਅਧਿਕਾਰੀ ਇਸ ਵਿਚ ਸ਼ਾਮਲ ਕੀਤੇ ਗਏ ਹਨ। ਕਾਤਲਾਂ ਨੂੰ ਹਕੂਮਤ ਦੀ ਸਰਪ੍ਰਸਤੀ ਦੀ ਅਸਲੀਅਤ ਨੰਗੀ ਹੋ ਗਈ ਹੈ। 
ਕਿਸਾਨ ਵੀਰੋ, ਇਹਨਾਂ ਹਾਲਤਾਂ ਵਿਚ ਅਸੀਂ ਦੁਸ਼ਮਣ ਦੇ ਕਾਲੇ ਮਨਸੂਬੇ ਨੂੰ ਮੂਧਾ ਕਰਕੇ ਆਪਣੇ ਸ਼ਹੀਦ ਆਗੂ ਨੂੰ ਸ਼ਰਧਾਂਜਲੀ ਦੇਣੀ ਹੈ। ਅਸੀਂ ਆਬਾਦਾਕਾਰ ਕਿਸਾਨਾਂ ਦੀ ਮਾਲਕੀ ਦੇ ਹੱਕ ਲਈ ਲੜਾਈ ਹੋਰ ਤਕੜੀ ਕਰਨੀ ਹੈ। ਅਸੀਂ ਅਸਲ ਕਾਤਲਾਂ ਨੂੰ ਬਚਾਉਣ ਦੀ ਹਕੂਮਤੀ ਕੋਸ਼ਿਸ਼ ਫੇਲ੍ਹ ਕਰਨੀ ਹੈ। ਅਸੀਂ ਆਪਣੀ ਸਿਆਸੀ ਖੱਲ ਬਚਾਉਣ ਦੀ ਬਾਦਲ ਹਕੂਮਤ ਦੀ ਆਸ 'ਤੇ ਪਾਣੀ ਫੇਰਨਾ ਹੈ। ਅਸੀਂ ਆਪਣੇ ਆਗੂਆਂ ਦੀ ਸੁਰੱਖਿਆ ਲਈ ਚੌਕਸ ਕਿਸਾਨ ਜਥਿਆਂ ਦੀ ਵਾੜ ਖੜ੍ਹੀ ਕਰਨੀ ਹੈ। ਅਸੀਂ ਸੰਘਰਸ਼ ਦੇ ਹੱਕ ਦੀ ਰਾਖੀ ਲਈ ਅਤੇ ਲੋਕ ਆਗੂਆਂ ਦੀ ਰਾਖੀ ਲਈ ਲੋਕ-ਚੇਤਨਾ ਅਤੇ ਟਾਕਰੇ ਦੀ ਲਹਿਰ ਖੜ੍ਹੀ ਕਰਨੀ ਹੈ। ਉਹਨਾਂ ਸਭਨਾਂ ਮਜਲੂਮ ਅਤੇ ਇਨਸਾਫਪਸੰਦ ਲੋਕਾਂ ਨਾਲ ਮਿਲ ਕੇ ਖੜ੍ਹੀ ਕਰਨੀ ਹੈ, ਜਿਨ੍ਹਾਂ ਦੇ ਸਿਰ 'ਤੇ ਸਾਡੇ ਵਰਗੇ ਹੀ ਖ਼ੂਨੀ ਹਮਲਿਆਂ ਦਾ ਖਤਰਾ ਮੰਡਲਾ ਰਿਹਾ ਹੈ। ਇਸ ਖ਼ੂਨੀ ਹਮਲੇ ਦਾ ਜਵਾਬ ਦੇਣ ਦੀ ਲੜਾਈ ਤਾਂ ਅਸੀਂ ਲੜ ਹੀ ਰਹੇ ਹੰ। ਬਹੁਤ ਛੇਤੀ ਅਸੀਂ ਦੁਸ਼ਮਣਾਂ ਨੂੰ ਇਹ ਦੱਸਣ ਜਾ ਰਹੇ ਹਾਂ ਕਿ ਇਸ ਖ਼ੂਨੀ ਵਾਰ ਨਾਲ ਲੋਕਾਂ ਦੇ ਹੱਕੀ ਸੰਘਰਸ਼ ਮੱਠੇ ਨਹੀਂ ਪਏ। 
ਤਖਤੂਪੁਰੇ ਦੇ ਡੁੱਲ੍ਹੇ ਲਹੂ ਨਾਲ ਸਿੰਜੇ ਸੰਘਰਸ਼ ਦੇ ਇਰਾਦੇ ਦੀ ਅਗਲੀ ਵੱਡੀ ਵੰਗਾਰ 15 ਮਾਰਚ ਨੂੰ ਜਗਰਾਵਾਂ ਦੀ ਧਰਤੀ 'ਤੇ ਉੱਚੀ ਹੋਵੇਗੀ। ਜਦੋਂ 22 ਜਥੇਬੰਦੀਆਂ ਨਾਲ ਸੰਬੰਧਤ ਕਿਸਾਨਾਂ, ਖੇਤ ਮਜ਼ਦੂਰਾਂ ਦਾ ਸ਼ੂਕਦਾ ਦਰਿਆ ਆਪਣੀਆਂ ਮੰਗਾਂ ਲਈ ਇੱਕ ਲੜੀ ਵਿਚ ਪਰੋਏ ਜੂਝਣ ਦੇ ਇਰਾਦੇ ਨਾਲ ਮਾਰਚ ਕਰੇਗਾ। 
ਜਦੋਂ ਜ਼ਾਲਮ ਕਲੇਜੇ ਦਾ ਰੁੱਗ ਭਰਦਾ ਹੈ
ਇਹ ਧਰਤੀ-ਮਾਂ ਹੈ, ਸਦਮੇਂ 'ਚ ਗਸ਼ ਨਹੀਂ ਖਾਂਦੀ
ਸਦਾ ਸੁਹਾਗਣ ਹੈ, ਇਹਦੀ ਕੁੱਖ ਦਾ ਨੂਰ ਨਹੀਂ ਮਰਦਾ
ਇਹਦੀ ਗੋਦੀ ਨੂੰ ਸਿਰਲੱਥਾਂ ਦੀ ਤੋਟ ਨਹੀਂ ਆਉਂਦੀ
ਸੂਬਾ ਕਮੇਟੀ,
ਭਾਰਤੀ ਕਿਸਾਨ ਯੂਨੀਅਨ, ਏਕਤਾ (ਉਗਰਾਹਾਂ)
(26 ਫਰਵਰੀ 2010)



ਚੁਗਵੀਆਂ ਝਲਕਾਂ :
ਸ਼ਹਾਦਤ ਤੋਂ ਸ਼ਰਧਾਂਜਲੀ ਸਮਾਗਮ ਤੱਕ
(ਇੱਕ ਪਾਠਕ ਪੱਤਰਕਾਰ ਦੀ ਕਲਮ ਤੋਂ)
ਪੰਜਾਬ ਦੀ ਕਿਸਾਨ ਲਹਿਰ ਅਤੇ ਸਮੁੱਚੀ ਇਨਕਲਾਬੀ ਜਮਹੂਰੀ ਲਹਿਰ ਨੇ ਆਪਣੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਨੂੰ ਐਨ ਉਸੇ ਤਰ੍ਹਾਂ ਸ਼ਰਧਾਂਜਲੀ ਦਿੱਤੀ ਹੈ ਜਿਵੇਂ ਜੰਗ ਦੇ ਮੈਦਾਨ ਵਿਚ ਜੂਝਦਿਆਂ ਸ਼ਹੀਦ ਹੋਏ ਸਾਥੀਆਂ ਨੂੰ ਦਿੱਤੀ ਜਾਂਦੀ ਹੈ। ਜਾਬਰ ਅਤੇ ਮੱਕਾਰ ਹਾਕਮਾਂ ਵੱਲੋਂ ਕਲੇਜੇ ਦਾ ਰੁੱਗ ਭਰ ਲੈਣ ਤੋਂ ਬਾਅਦ ਵੀ ਜੂਝਦੇ ਕਾਫ਼ਲਿਆਂ ਦੇ ਜੁਝਾਰਾਂ ਦੇ ਚਿਹਰਿਆਂ 'ਤੇ ਭੈਅ, ਬੇਦਿਲੀ ਜਾਂ ਉਦਾਸੀ ਦੇ ਨਿਸ਼ਾਨ ਤੱਕ ਨਹੀਂ ਆਏ ਸਗੋਂ ਅੱਖਾਂ ਵਿਚ ਲਹੂ ਉਤਰਿਆ ਹੈ, ਹਾਕਮਾਂ ਲਈ ਨਫਰਤ ਹੋਰ ਤਿੱਖੀ ਹੋਈ ਹੈ, ਜੁਝਣ ਦੇ ਇਰਾਦੇ ਹੋਰ ਪ੍ਰਚੰਡ ਹੋਏ ਹਨ। ਲੋਕਾਂ ਨੇ ਆਪਣੇ ਵਿੱਛੜ ਗਏ ਆਗੁ ਨੂੰ ਤਣੇ ਹੋਏ ਮੁੱਕਿਆਂ ਤੇ ਗਰਜਦੇ ਬੋਲਾਂ ਨਾਲ ਅੰਤਿਮ ਵਿਦਾਇਗੀ ਦਿੰਦਿਆਂ ਸੰਗਰਾਮੀ ਸ਼ਰਧਾਂਜਲੀ ਭੇਟ ਕੀਤੀ ਹੈ। ਆਪਣੇ ਲਹੂ ਨਾਲ ਕਿਸਾਨ ਲਹਿਰ ਨੂੰ ਸਿੰਜ ਕੇ ਗਏ ਆਗੂ ਦੇ ਹੱਥਾਂ ਵਿਚ ਝੂਲਦੇ ਰਹੇ ਝੰਡੇ ਨੂੰ, ਹਜ਼ਾਰਾਂ ਹੱਥਾਂ ਨੇ ਅੱਗੇ ਹੋ ਕੇ ਸਾਂਭਦਿਆਂ ਹੋਰ ਉੱਚਾ ਲਹਿਰਾਉਣ ਦਾ ਅਹਿਦ ਕੀਤਾ ਹੈ। 
16 ਫਰਵਰੀ ਦੀ ਸ਼ਾਮ ਨੂੰ ਜਦੋਂ ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ ਦੀ ਖ਼ਬਰ ਪੂਰੇ ਪੰਜਾਬ ਵਿਚ ਪਹੁੰਚੀ ਤਾਂ ਸੁਣਨ ਵਾਲਿਆਂ ਨੂੰ ਯਕੀਨ ਕਰਨਾ ਔਖਾ ਹੋ ਰਿਹਾ ਸੀ ਕਿ ਉਹਨਾਂ ਦਾ ਹਰਮਨ-ਪਿਆਰਾ ਆਗੂ ਜਾਬਰ ਹਾਕਮਾਂ ਨੇ ਸਦਾ ਲਦਾ ਲਈ ਖੋਹ ਲਿਆ ਹੈ। ਅੰਮ੍ਰਿਤਸਰ ਦੇ ਹਸਪਤਾਲ ਵਿਚ ਜਿੱਥੇ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਲਿਆਂਦਾ ਗਿਆ ਸੀ, ਪੰਜਾਬ ਭਰ 'ਚੋਂ ਚੱਲੇ ਕਿਸਾਨ ਵਰਕਰ 17 ਫਰਵਰੀ ਦੀ ਸਵੇਰ ਤੱਕ ਪਹੁੰਚਦੇ ਰਹੇ। ਅੰਮ੍ਰਿਤਸਰ ਦੀਆਂ ਸੜਕਾਂ 'ਤੇ ਸੈਂਕੜੇ ਕਿਸਾਨਾਂ ਨੇ ਆਕਾਸ਼ ਗੁੰਜਾਊ ਨਾਅਰੇ ਮਾਰਦਿਆਂ ਰੋਹ ਭਰਪੂਰ ਮਾਰਚ ਕੀਤਾ ਤੇ ਸ਼ਹੀਦ ਦੇ ਕਾਤਲ ਅਕਾਲੀ ਦਲ (ਬਾਦਲ) ਦੇ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਕਹਿਰਾਂ ਦੇ ਗੁੱਸੇ ਨਾਲ ਭਰੇ ਹੋਏ ਕਿਸਾਨਾਂ ਦਾ ਇਹ ਮੁਜਾਹਰਾ ਉਹਨਾਂ ਦੇ ਲੜਨ ਮਰਨ ਦੇ ਇਰਾਦਿਆਂ ਦਾ ਜ਼ੋਰਦਾਰ ਇਜ਼ਹਾਰ ਸੀ। ਅੰਤਿਮ ਸੰਸਕਾਰ 18 ਫਨਵਰੀ ਨੂੰ ਕੀਤਾ ਜਾਣਾ ਸੀ, ਮ੍ਰਿਤਕ ਦੇਹ ਸ਼ਾਮ ਨੂੰ ਪਿੰਡ ਪਹੁੰਚਣੀ ਸੀ। ਪਿੰਡ ਤਖਤੂਪੁਰਾ ਦੇ ਪੂਰੇ ਇਲਾਕੇ ਵਿਚ ਹਜ਼ਾਰਾਂ ਅੱਖਾਂ ਨਮ ਸਨ। ਦਹਾਕਿਆਂ ਬੱਧੀ ਇਸ ਇਲਾਕੇ ਦੀ ਧਰਤੀ ਦੇ ਦੁੱਖਾਂ ਸੁੱਖਾਂ ਵਿਚ ਹਮੇਸ਼ਾਂ ਲੋਕਾਂ ਸੰਗ ਰਹੇ ਤੇ ਲੋਕ ਸੰਘਰਸ਼ਾਂ ਵਿਚ ਮੂਹਰੇ ਹੋ ਕੇ ਅਗਵਾਈ ਕਰਨ ਵਾਲੇ 'ਸਾਧੂ ਮਾਸਟਰ' ਦੀ ਮ੍ਰਿਤਕ ਦੇਹ ਨੂੰ ਆਖਰੀ ਵਾਰ ਤੱਕਣ ਲਈ ਇਲਾਕੇ ਦੇ ਲੋਕਾਂ ਬੌਡੇ ਪਿੰਡ ਵਿਚ ਇਕੱਠੇ ਹੋ ਕੇ ਉਡੀਕ ਰਹੇ ਸਨ, ਉਡੀਕਣ ਵਾਲਿਆਂ ਵਿਚ ਕਿਸਾਨ, ਮਜ਼ਦੂਰ ਸਨ, ਔਰਤਾਂ ਤੇ ਬੱਚੇ ਸਨ। ਸ਼ਹੀਦ ਦੇ ਪੁਰਾਣੇ ਅਧਿਆਪਕ ਸਾਥੀ ਸਨ, ਬਿਜਲੀ ਮੁਲਾਜ਼ਮ ਸਨ। ਉਹਨਾਂ ਕੋਲ ਪੜ੍ਹਦੇ ਰਹੇ ਪੁਰਾਣੇ ਵਿਦਿਆਰਥੀ ਸਨ। ਜਦੋਂ ਦੂਰੋਂ ਸ਼ਹੀਦ ਦੀ ਮ੍ਰਿਤਕ ਦੇਹ ਲੈ ਕੇ ਆ ਰਹੀ ਫੁੱਲਾਂ ਲੱਦੀ ਗੱਡੀ ਤੇ ਪਿੱਛੇ ਵਹੀਕਲਾਂ ਦਾ ਵੱਡਾ ਕਾਫ਼ਲਾ ਨਜ਼ਰੀਂ ਪਿਆ ਤਾਂ ਲੋਕਾਂ ਦੇ ਜਜ਼ਬਾਤ ਛਲਕ ਉੱਠੇ। ਆਪਣੇ ਆਗੂ ਨੂੰ ਦੇਖਣ ਲਈ ਲੋਕ ਗੱਡੀ ਵੱਲ ਧਾਅ ਪਏ। ਨਾਅਰੇ ਗੂੰਜਦੇ ਰਹੇ, ਮੁੱਕੇ ਲਹਿਰਾਉਂਦੇ ਰਹੇ ਅਤੇ ਅੱਖਾਂ ਛਲਕਦੀਆਂ ਰਹੀਆਂ। ਲੋਕਾਂ ਦਾ ਇਹ ਵੱਡਾ ਕਾਫਲਾ ਧਰਤ ਗੁੰਜਾਊ ਨਾਹਰੇ ਮਾਰਦਾ ਲੁਹਾਰੇ ਤੱਕ ਆਇਆ, ਜਿਥੇ ਮ੍ਰਿਤਕ ਦੇਹ ਨੂੰ ਹਸਪਤਾਲ ਵਿਚ ਸੰਭਾਲ ਦਿੱਤਾ ਗਿਆ। 
ਅਗਲੇ ਦਿਨ 18 ਫਰਵਰੀ ਨੂੰ ਪੰਜਾਬ ਭਰ ਵਿਚੋਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਹੋਰਨਾਂ ਮਿਹਨਤਕਸ਼ ਤਬਕਿਆਂ ਦੇ ਕਾਫ਼ਲੇ ਆਪਣੇ ਸ਼ਹੀਦ ਨੂੰ ਅੰਤਿਮ ਵਿਦਾਇਗੀ ਦੇਣ ਲਈ ਤਖ਼ਤੂਪੁਰੇ ਦੀ ਧਰਤੀ 'ਤੇ ਪੁੱਜਣੇ ਸ਼ੁਰੂ ਹੋਏ। ਮਾਝੇ ਖੇਤਰ ਵਿਚ ਉੱਠ ਰਹੀ ਕਿਸਾਨ ਲਹਿਰ ਨੂੰ ਮਸਲ ਦੇਣ ਦੇ ਮਨਸ਼ਿਆਂ ਨਾਲ ਜਿਸ ਧਰਤੀ 'ਤੇ ਸਾਧੂ ਸਿੰਘ ਦਾ ਲਹੂ ਡੋਲ੍ਹਿਆ ਗਿਆ ਸੀ, ਉਸ ਧਰਤੀ ਤੋਂ ਆਇਆ ਵੱਡਾ ਕਾਫ਼ਲਾ ਹਾਕਮਾਂ ਦੇ ਮਨਸੂਬਿਆਂ ਨੂੰ ਮਿੱਟੀ ਵਿਚ ਰੋਲਣ ਦਾ ਐਲਾਨ ਕਰ ਰਿਹਾ ਸੀ। 12 ਹਜ਼ਾਰ ਦਾ ਜੁੜਿਆ ਇੱਕਠ ਇਸ ਆਗੂ ਵੱਲੋਂ ਜ਼ਿੰਦਗੀ ਭਰ ਮਿਹਨਤਕਸ਼ ਲੋਕਾਂ ਲਈ ਘਾਲੀ ਘਾਲਣਾ ਅਤੇ ਅਖੀਰ ਤੇ ਆਪਣੀ ਜਾਨ ਵੀ ਨਿਸ਼ਾਵਰ ਕਰ ਜਾਣ ਤੋਂ ਬਾਅਦ ਲੋਕਾਂ ਅੰਦਰ ਉਹਦੇ ਲਈ ਮਾਣ ਤੇ ਸਤਿਕਾਰ ਦੀ ਗਵਾਹੀ ਸੀ। ਸਟੇਜ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਉਸੇ ਖੇਤਰ ਦੇ ਨੌਜੁਆਨ ਕਿਸਾਨ ਆਗੂ ਨੇ ਸ਼ਹੀਦ ਪ੍ਰਤੀ ਆਪਣੇ ਵਲਵਲੇ ਸਾਂਝੇ ਕਰਦਿਆਂ ਤੇ ਹਾਕਮਾਂ ਨੂੰ ਲਲਕਾਰਦਿਆਂ ਕਿਹਾ ਕਿ ਅਸੀਂ ਸਾਧੂ ਸਿੰਘ ਹੋਰਾਂ ਦੇ ਤਿਆਰ ਕੀਤੇ ਹੋਏ ਉਹ ਵਾਰਸ ਹਾਂ ਜਿਹੜੇ ਉਹਨਾਂ ਦੀ ਸ਼ੁਰੂ ਕੀਤੀ ਲੜਾਈ ਨੂੰ ਸਿਰੇ ਲਗਾ ਕੇ ਹੀ ਦਮ ਲਵਾਂਗੇ। ਇਕੱਠ ਨੂੰ ਵੱਖ ਵੱਖ ਮਜ਼ਦੂਰ ਕਿਸਾਨ ਜਥੇਬੰਦੀਆਂ ਤੇ ਇਨਕਲਾਬੀ ਜਥੇਬੰਦੀਆਂ ਦੇ ਬੁਲਾਰਿਆਂ ਨੇ ਇਸ ਨੂੰ ਲੋਕ ਹੱਕਾਂ ਦੀ ਲਹਿਰ 'ਤੇ ਹੋਇਆ ਵਾਰ ਕਿਹਾ ਅਤੇ ਇਹਦਾ ਢੁਕਵਾਂ ਜੁਆਬ ਦੇਣ ਲਈ ਲੜੀ ਜਾਣ ਵਾਲੀ ਲੜਾਈ ਵਿਚ ਪੂਰੀ ਤਾਕਤ ਨਾਲ ਪੈਣ ਦੇ ਐਲਾਨ ਕੀਤੇ। ਸ਼ਹੀਦ ਦੇ ਸਪੁੱਤਰ ਰਣਯੋਧ ਸਿੰਘ ਨੇ ਆਪਣੇ ਪਿਤਾ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਜ਼ੋਰਦਾਰ ਨਾਅਰੇ ਗੁੰਜਾਏ। ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਹਾਕਮਾਂ ਦੀ ਇਸ ਚੁਣੌਤੀ ਨੂੰ ਕਬੂਲ ਕਰਦਿਆਂ ਪੰਜਾਬ ਦੀ ਧਰਤੀ 'ਤੇ ਤਰਥੱਲੀਆਂ ਪਾਊ ਸੰਘਰਸ਼ ਲੜਨ ਦਾ ਐਲਾਨ ਕੀਤਾ ਤੇ ਪਹਿਲੇ ਐਕਸ਼ਨ ਵਜੋਂ 24 ਫਰਵਰੀ ਨੂੰ ਪੰਜਾਬ ਭਰ ਵਿਚ ਜ਼ਿਲ੍ਹਾ ਪੱਧਰੇ ਧਰਨਿਆਂ ਦਾ ਸੱਦਾ ਦਿੱਤਾ। ਅੰਤਿਮ ਦਰਸ਼ਨਾਂ ਲਈ ਰੱਖੀ ਸ਼ਹੀਦ ਦੀ ਮ੍ਰਿਤਕ ਦੇਹ ਕੋਲ ਲੋਕ ਵਾਰ ਵਾਰ ਪੰਡਾਲ ਵਿਚੋਂ ਉੱਠ ਕੇ ਆਉਂਦੇ ਰਹੇ ਤੇ ਨਾਅਰੇ ਗੂੰਜਦੇ ਰਹੇ। ਵੱਖ ਵੱਖ ਜੇਥੇਬੰਦੀਆਂ ਨੇ ਆਪੋ ਆਪਣੇ ਝੰਡੇ ਵਿਛੜੇ ਆਗੂ ਦੀ ਮ੍ਰਿਤਕ ਦੇਹ 'ਤੇ ਪਾਏ ਅਤੇ ਸਭ ਤੋਂ ਉਪਰ ਸ਼ਹੀਦ ਦੀ ਜਥੇਬੰਦੀ ਦਾ ਬਸੰਤੀ ਅਤੇ ਹਰੇ ਰੰਗ ਦਾ ਝੰਡਾ ਪਾਇਆ ਗਿਆ। ਅਗਨ ਭੇਟ ਕਰਨ ਸਮੇਂ ਵੱਖ ਵੱਖ ਜਥੇਬੰਦੀਆਂ ਦੇ ਸੂਬਾਈ ਆਗੂਆਂ ਵੱਲੋਂ ਆਪੋ ਆਪਣੇ ਝੰਡਿਆਂ ਨੂੰ ਨੀਵਾਂ ਕੀਤਾ ਗਿਆ। ਇਉਂ ਜਾਬਰ ਹਾਕਮਾਂ ਪ੍ਰਤੀ ਨਫਰਤ ਅਤੇ ਗੁੱਸੇ ਨਾਲ ਭਰੇ ਹਜ਼ਾਰਾਂ ਲੋਕਾਂ ਦੇ ਕਾਫ਼ਲਿਆਂ ਨੇ ਆਪਣੇ ਆਗੂ ਦੀ ਸ਼ਹੀਦਤ ਨੂੰ ਸਲਾਮ ਕਹਿੰਦਿਆਂ, ਉਹਦੇ ਕਾਤਲਾਂ ਨੂੰ  ਸਜ਼ਾ ਦੁਆਉਣ ਲਈ ਜਾਨ ਹੂਲਵਾਂ ਸੰਗਰਾਮ ਲੜਨ ਅਤੇ ਲੋਕ ਹੱਕਾਂ ਦੀ ਲਹਿਰ ਨੂੰ ਹੋਰ ਤਕੜਾ ਕਰਨ ਦੇ ਅਹਿਦ ਨਾਲ ਅੰਤਿਮ ਵਿਦਾਇਗੀ ਦਿੱਤੀ। 
24 ਫਰਵਰੀ ਦੇ ਜ਼ਿਲ੍ਹਾ ਪੱਧਰੇ ਧਰਨਿਆਂ ਵਿਚ ਪੰਜਾਬ ਦੀਆਂ 21 ਹੋਰ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਸ਼ਾਮਲ ਹੋਣ ਤੋਂ ਬਾਅਦ 28 ਫਰਵਰੀ ਨੂੰ ਸ਼ਰਧਾਂਜਲੀ ਸਮਾਗਮ 22 ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸਮਾਗਮ ਰਾਹੀਂ ਜਿੱਥੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਜੀਵਨ ਘਾਲਣਾ ਤੇ ਕੁਰਬਾਨੀ ਨੂੰ ਸੰਘਰਸ਼ਸ਼ੀਲ ਲੋਕਾਂ ਵੱਲੋਂ ਸਲਾਮ ਕਹੀ ਜਾਣੀ ਸੀ, ਉਥੇ ਸ਼ਹੀਦ ਦੇ ਕਾਤਲ ਅੰਮ੍ਰਿਤਸਰ ਖੇਤਰ ਦੇ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦੇਣ ਦੀ ਮੰਗ ਹਜ਼ਾਰਾਂ ਲੋਕਾਂ ਵੱਲੋਂ ਉਠਾਈ ਜਾਣੀ ਸੀ। ਕਿਸਾਨਾਂ ਦੀਆਂ ਜ਼ਮੀਨਾਂ ਤੇ ਸਰਕਾਰੀ ਜ਼ਮੀਨਾਂ ਨੂੰ ਵੱਡੇ ਧਨਾਢਾਂ ਹਵਾਲੇ ਕਰਨ ਦੀ ਨੀਤੀ 'ਤੇ ਚੱਲ ਰਹੀ ਬਾਦਲ ਸਰਕਾਰ ਨੂੰ, ਉਹਦੇ ਮਨਸੂਬਿਆਂ ਵਿਚ ਅੜਿੱਕੇ ਖੜ੍ਹੇ ਕਰਨ ਵਾਲੀ ਪੰਜਾਬ ਦੀ ਕਿਸਾਨ ਲਹਿਰ ਫੁੱਟੀ ਅੱਖ ਨਹੀਂ ਭਾਉਂਦੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿਚ ਉੱਭਰ ਰਹੀ ਜਥੇਬੰਦ ਕਿਸਾਨ ਤਾਕਤ ਨੂੰ ਥਾਏਂ ਨੱਪ ਦੇਣ ਦੇ ਮਨਸੂਬੇ ਪਾਲ਼ਦੇ ਹਾਕਮਾਂ ਨੇ ਇਹ ਵਾਰ ਕਰਕੇ ਕਿਸਾਨ ਲਹਿਰ ਨੂੰ ਖੌਫ਼ਜ਼ਦਾ ਕਰਨਾ ਦਾ ਯਤਨ ਕੀਤਾ ਹੈ। ਇਸ ਖੂਨੀ ਕਾਰੇ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਜਾਬਰ ਰਾਜ ਭਾਗ ਦੀ ਪੂਰੀ ਮਸ਼ੀਨਰੀ ਝੋਕ ਕੇ ਬਚਾਉਣ ਲਈ ਲਾਇਆ ਜਾ ਰਿਹਾ ਤਾਣ ਵੀ ਹਾਕਮਾਂ ਦੇ ਮਨਸੂਬਿਆਂ ਨੂੰ ਜ਼ਾਹਰ ਕਰਦਾ ਹੈ, ਇਸ ਸਮਾਗਮ ਨੇ ਇਹਨਾਂ ਮਨਸੂਬਿਆਂ ਨੂੰ ਮਿੱਟੀ ਵਿਚ ਮਿਲਾਉਣ ਅਤੇ ਹੱਕੀ ਸੰਘਰਸ਼ਾਂ ਦੇ ਹੋਰ ਤੇਜ ਹੋਣ ਦਾ ਐਲਾਨ ਵੀ ਬਣਨਾ ਸੀ। 
22 ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ ''ਸ਼ਹਾਦਤ ਨੂੰ ਸਿਜਦਾ ਕਰੋ- ਚੁਣੌਤੀ ਕਬੂਲ ਕਰੋ'' ਸਿਰਲੇਖ ਵਾਲਾ ਜਾਰੀ ਕੀਤਾ ਪੋਸਟਰ ਪੂਰੇ ਪੰਜਾਬ ਵਿਚ ਲਾਇਆ ਗਿਆ। ਪੰਜਾਬ ਦੇ ਸਭਨਾਂ ਖੇਤਰਾਂ ਅਤੇ ਸਭਨਾਂ ਸੰਘਰਸ਼ਸ਼ੀਲ ਤਬਕਿਆਂ ਵਿਚੋਂ ਆਉਣ ਵਾਲੇ ਵੱਡੇ ਕਾਫ਼ਲਿਆਂ ਨੂੰ ਸੰਭਾਲਣ ਲਈ ਪਿੰਡ ਨਿਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੇ ਤਿਆਰੀਆਂ ਆਰੰਭੀਆਂ। ਪਿੰਡ ਦੇ ਨੌਜੁਆਨ ਜਿਹੜੇ ਸਾਧੂ ਸਿੰਘ ਦੀ ਮੌਜੂਦਾ ਦੌਰ ਦੀ ਸਰਗਰਮੀ ਬਾਰੇ ਤਾਂ ਜਾਣਦੇ ਸਨ, ਪਰ ਉਹਨਾਂ ਦੀ ਸਮੁੱਚੀ ਜੀਵਨ ਸਰਗਰਮੀ ਤੋਂ ਅਣਭਿੱਜ ਸਨ। 70-75 ਦੇ ਲੱਗਭੱਗ ਨੌਜੁਆਨਾਂ ਦੀ ਮੀਟਿੰਗ ਵਿਚ ਜਦੋਂ ਸ਼ਹੀਦ ਵੱਲੋਂ ਉਮਰ ਭਰ ਭਗਤ ਸਿੰਘ ਦੇ ਵਿਚਾਰਾਂ 'ਤੇ ਪਹਿਰਾ ਦਿੰਦੇ ਰਹਿਣ ਤੇ ਸਭਨਾਂ ਮਿਹਨਤਕਸ਼ ਤਬਕਿਆਂ ਨੂੰ ਜਥੇਬੰਦ ਕਰਨ ਲਈ ਸਰਗਰਮ ਰਹਿਣ ਤੇ ਸਾਹਿਤਕ ਖੇਤਰ ਵਿਚ ਉਹਨਾਂ ਵੱਲੋਂ ਪਾਏ ਯੋਗਦਾਨ ਦੀ ਚਰਚਾ ਹੋਈ ਤਾਂ ਉਹਨਾਂ ਇਸ ਸਮਾਗਮ ਦੇ ਸਭਨਾਂ ਕੰਮਾਂ ਵਿਚ ਜਿੰਮੇਵਾਰੀ ਨਿਭਾਉਣ ਦਾ ਫੈਸਲਾ ਕੀਤਾ। ਇੱਕ ਦਿਨ ਪਹਿਲਾਂ ਹੀ ਪਿੰਡ ਵਿਚ ਤੁਰੀ ਕਿਸਾਨ ਵਰਕਰਾਂ ਦੀ ਟੀਮ ਨੂੰ ਸਿਰਫ ਤਿੰਨ ਕੁ ਘੰਟਿਆਂ ਵਿਚ 20 ਹਜ਼ਾਰ ਰੁਪਏ ਫੰਡ ਤੇ ਬਹੁਤ ਸਾਰਾ ਰਾਸ਼ਨ ਇਕੱਠਾ ਹੋਇਆ। ਆਲੇ ਦੁਆਲੇ ਦੇ ਪਿੰਡਾਂ ਵਿਚ ਇੱਕ ਦਿਨ ਪਹਿਲਾਂ ਤੋਂ ਹੀ ਲੰਗਰ ਤਿਆਰ ਕਰਨ ਦੇ ਇੰਤਜ਼ਾਮ ਹੋਣ ਲੱਗੇ। ਸਮਾਗਮ ਤੋਂ ਪਹਿਲੀ ਸ਼ਾਮ ਲੋਕ ਮੋਰਚਾ ਪੰਜਾਬ ਵੱਲੋਂ ਇਲਾਕੇ ਦੇ 70-80 ਨੌਜੁਆਨਾਂ ਦਾ ਕਾਫ਼ਲਾ ਬਸੰਤੀ ਪੱਗਾਂ ਬੰਨ੍ਹ ਕੇ ਪਿੰਡਾਂ ਵਿਚ ਮਾਰਚ ਕਰਦਾ ਹੋਇਆ, ਸਮਾਗਮ ਦੇ ਪ੍ਰਬੰਧਾਂ ਵਿਚ ਵਾਲੰਟੀਅਰਾਂ ਦੀ ਜਿੰਮੇਵਾਰੀ ਨਿਭਾਉਣ ਲਈ ਆਣ ਪੁੱਜਾ ਸੀ। 
28 ਤਾਰੀਖ ਨੂੰ ਸਵੇਰ ਤੋਂ ਹੀ ਸੈਂਕੜੇ ਵਾਲੰਟੀਅਰ ਸਮਾਗਮ ਵਾਲੀ ਥਾਂ 'ਤੇ ਕੰਮਾਂ ਵਿਚ ਜੁਟੇ ਹੋਏ ਸਨ। ਸਾਢੇ ਗਿਆਰਾਂ ਵਜੇ ਤੱਕ ਕਾਫ਼ਲੇ ਪੁੱਜਣੇ ਸ਼ੁਰੂ ਹੋ ਗਏ। ਅੰਮ੍ਰਿਤਸਰ ਦੀ ਧਰਤੀ ਤੋਂ ਆਇਆ ਔਰਤਾਂ-ਮਰਦਾਂ ਦਾ ਵੱਡਾ ਕਾਫ਼ਲਾ ਜਦੋਂ ਪੰਡਾਲ ਵਿਚ ਦਾਖਲ ਹੋਇਆ ਤਾਂ ਸਟੇਜ ਤੋਂ ਜ਼ੋਰਦਾਰ ਨਾਅਰਿਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ। ਆਲੇ ਦੁਆਲੇ ਦੇ ਪਿੰਡਾਂ ਵਿਚੋਂ ਭਾਰੀ ਗਿਣਤੀ ਵਿਚ ਆਏ ਲੋਕਾਂ ਦੇ ਕਾਫ਼ਲੇ ਨੇ ਜਗ੍ਹਾ ਜਗ੍ਹਾ 'ਤੇ ਖੜ੍ਹ ਕੇ ਆਪਣੇ ਨਾਲ ਲਿਆਂਦਾ ਲੰਗਰ ਦੂਰੋਂ ਆਇਆਂ ਨੂੰ ਛਕਾ ਰਹੇ ਸਨ। ਪੰਡਾਲ ਦੇ ਇੱਕ ਪਾਸੇ ਸ਼ਹੀਦ ਆਗੂ ਦੀ ਕਲਮ ਤੋਂ ਲਿਖੇ ਗੀਤਾਂ, ਕਵਿਤਾਵਾਂ ਤੇ ਉਹਦੀ ਜੀਵਨੀ ਸੰਬੰਧੀ ਜਾਣਕਾਰੀ ਦਿੰਦੇ ਬੈਨਰ ਲਗਾਏ ਗਏ ਸਨ। ਉਹ ਬੋਲ ਹਜ਼ਾਰਾਂ ਲੋਕਾਂ ਵੱਲੋਂ ਬਹੁਤ ਹੀ ਉਤਸੁਕਤਾ ਨਾਲ ਪੜ੍ਹੇ ਜਾ ਰਹੇ ਸਨ। ਸ਼ਰਧਾਂਜਲੀ ਸਮਾਗਮ ਵਿਚ ਜੁੜੇ ਵਿਸ਼ਾਲ ਇਕੱਠ ਵਿਚ ਕਿਸਾਨਾਂ ਅਤੇ ਮਜ਼ੂਦਰਾਂ ਤੋਂ ਬਿਨਾ ਅਧਿਆਪਕ, ਬਿਜਲੀ ਮੁਲਾਜ਼ਮ, ਬੇਰੁਜ਼ਗਾਰ ਨੌਜੁਆਨਾਂ ਤੇ ਵਿਦਿਆਰਥੀ ਜਥੇਬੰਦੀਆਂ ਅਤੇ ਇਨਕਲਾਬੀ ਜਥੇਬੰਦੀਆਂ ਦੇ ਆਗੂ ਤੇ ਵਰਕਰ ਮੌਜੂਦ ਸਨ। ਸਾਹਿਤਕਾਰ, ਰੰਗਕਰਮੀ ਮੌਜੂਦ ਸਨ। ਇਉਂ ਵਿਛੜ ਗਏ ਆਗੂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਲਈ ਲੋਕਾਂ ਦੇ ਹੱਕਾਂ ਦੀ ਲਹਿਰ ਦੀਆਂ ਵੱਖ ਵੱਖ ਟੁਕੜੀਆਂ ਤੇ ਵੱਖ ਵੱਖ ਰੰਗ ਮੌਜੂਦ ਸਨ। ਸਭਨਾਂ ਦੇ ਚਿਹਰਿਆਂ ਤੇ ਜਮਾਤੀ ਦੁਸ਼ਮਣਾਂ ਲਈ ਨਫਰਤ ਤੇ ਗੁੱਸੇ ਦਾ ਸਾਂਝਾ ਰੰਗ ਮੌਜੂਦ ਸੀ। ਦੁਸ਼ਮਣਾਂ ਸੰਗ ਭਿੜਦਿਆਂ ਆਪਣੇ ਲਹੂ ਦਾ ਹਰ ਕਤਰਾ ਵਹਾ ਗਏ ਆਪਣੇ ਪਿਆਰੇ ਸਾਥੀ ਲਈ ਸਨਮਾਨ ਤੇ ਮਾਣ ਦਾ ਭਖਦਾ ਜਲੌਅ ਸਭਨਾਂ ਦਾ ਸਾਂਝਾ ਰੰਗ ਸੀ। ਸ਼ਹੀਦ ਦੀ ਕਲਮ ਤੋਂ ਲਿਖੇ ਤੇ ਸਟੇਜ ਤੋਂ ਗਾਏ ਜਾ ਰਹੇ ਗੀਤਾਂ ਰਾਹੀਂ ਉਹ ਲਕਾਂ ਨੂੰ ਫਿਰ ਮੁਖਾਤਿਬ ਹੋ ਰਿਹਾ ਸੀ। ਆਪਣੇ ਗੀਤਾਂ ਦਾ 'ਕੱਲਾ 'ਕੱਲਾ ਬੋਲ ਉਹ ਪੁਗਾ ਗਿਆ ਸੀ। ਸਮੁੱਚੇ ਇਕੱਠ ਵੱਲੋਂ ਦੋ ਮਿੰਟ ਮੌਨ ਧਾਰ ਕੇ ਸ਼ਹੀਦ ਨੂੰ ਸਿਜਦਾ ਕੀਤਾ ਗਿਆ। ਫੁੱਲਾਂ ਲੱਦੀ ਤਸਵੀਰ ਤੇ ਸਭਨਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਫੁੱਲ ਭੇਟ ਕੀਤੇ ਗਏ। ਸਟੇਜ ਤੋਂ ਸੰਬੋਧਨ ਕਰਦਿਆਂ ਸਭਨਾਂ ਬੁਲਾਰਿਆਂ ਨੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੇ ਡੁੱਲ੍ਹੇ ਲਹੂ ਨੂੰ ਅਜਾਈਂ ਨਾ ਜਾਣ ਦੇਣ ਤੇ ਲੋਕ ਹੱਕਾਂ ਦੀ ਲਹਿਰ ਨੂੰ ਤਕੜੀ ਕਰਨ ਲਈ ਪੂਰਾ ਤਾਣ ਜੁਟਾਉਣ ਦਾ ਸੱਦਾ ਦਿੱਤਾ। ਸ਼ਹੀਦ ਦੇ ਕਾਤਲਾਂ ਤੇ ਉਹਨਾਂ ਦੀ ਸਰਪ੍ਰਸਤ ਬਾਦਲ ਸਰਕਾਰ ਖਿਲਾਫ ਸੰਘਰਸ਼ ਨੂੰ ਤੇਜ਼ ਕਰਨ ਤੇ ਕਾਤਲਾਂ ਨੂੰ ਸਜ਼ਾਵਾਂ ਦੁਆਉਣ ਤੱਕ ਜੂਝਣ ਦਾ ਪ੍ਰਣ ਦੁਹਰਾਇਆ। ਟਰਾਈਡੈਂਟ ਘੋਲ ਮੌਕੇ ਵਰ੍ਹਦੀਆਂ ਗੋਲੀਆਂ ਵਿਚ ਆਪਣੇ ਦਾਦੇ ਸੰਗ ਰਹੀ ਪੋਤਰੀ ਸੁਮਨ ਨੇ ਆਪਣੇ ਦਾਦਾ ਜੀ ਨੂੰ ਸਟੇਜ ਤੋਂ ਸ਼ਰਧਾਂਜਲੀ ਦਿੰਦਿਆਂ ਉਹਨਾਂ ਦੇ ਰਾਹ 'ਤੇ ਤੁਰ ਕੇ ਆਪਣੀ ਜ਼ਿੰਦਗੀ ਲੋਕ ਲਹਿਰ ਨੂੰ ਅਰਪਿਤ ਕਰਨ ਦਾ ਐਲਾਨ ਕੀਤਾ। ਸਮਾਗਮ ਨੂੰ 25 ਤੋਂ ਵੱਧ ਬੁਲਾਰਿਆਂ ਨੇ ਸੰਬੋਧਤ ਕੀਤਾ ਅਤੇ ਦਰਜਨ ਤੋਂ ਵੱਧ ਬੁਲਾਰਿਆਂ ਤੋਂ ਸਟੇਜ ਸਕੱਤਰ ਨੂੰ ਮਾਫੀ ਮੰਗਣੀ ਪਈ। ਗੁਰਸ਼ਰਨ ਸਿੰਘ, ਕੇਂਦਰੀ ਲੇਖਰ ਸਭਾ ਅਤੇ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਅਤੇ ਜਥੇਬੰਦੀਆਂ ਵੱਲੋਂ ਸ਼ੋਕ-ਸੁਨੇਹੇ ਭੇਜੇ ਗਏ।
ਸਮਾਗਮ ਦੀ ਸਮਾਪਤੀ ਤੋਂ ਬਾਅਦ ਸ਼ਹੀਦ ਦੀਆਂ ਫੋਟੋਆਂ ਵਾਲੇ ਬੈਨਰ ਨਾਲ ਸਜੀਆਂ ਗੱਡੀਆਂ ਦਾ ਕਾਫ਼ਲਾ ਜ਼ੋਰਦਾਰ ਨਾਅਰਿਆਂ ਦੀ ਗੂੰਜ ਵਿਚ ਹੁਸੈਨੀਵਾਲਾ ਵੱਲ ਸ਼ਹੀਦ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਰਵਾਨਾ ਹੋਇਆ। ਤਖਤੂਪੁਰੇ ਵੱਲ ਜਾਂਦੇ ਰਾਹਾਂ 'ਤੇ ਝੂਲਦੇ ਬਸੰਤੀ ਝੰਡਿਆਂ ਅਤੇ ਖੇਤਾਂ ਵਿਚ ਬਹਾਰ ਦੀ ਰੁੱਤੇ ਲਹਿਰਾਉਂਦੇ ਬਸੰਤੀ ਫੁੱਲਾਂ ਨਾਲ ਬਸੰਤੀ ਹੋਈ ਫਿਜ਼ਾ ਸਾਧੂ ਸਿੰਘ ਹੋਰਾਂ ਦੀ ਸ਼ਹਾਦਤ ਨੂੰ ਸੀਨੇ ਵਿਚ ਵਸਾ  ਜੰਗ ਲਈ ਤੁਰੇ ਜੁਝਾਰੂਆਂ ਦੇ ਇਰਾਦਿਆਂ ਦੀ ਗਵਾਹੀ ਭਰਦੀ ਸੀ। 
ਖੇਤਾਂ ਦੀ ਬਹਾਰ ਨੂੰ ਕਿਰਤੀਆਂ ਦੀ ਜ਼ਿੰਦਗੀ ਵਿਚ ਲੈ ਆਉਣ ਲਈ ਉਹਨੂੰ ਉਮਰ ਭਰ ਜੂਝਦਿਆਂ ਤੱਕਣ ਵਾਲੀਆਂ ਕਣਕਾਂ ਅਤੇ ਸਰ੍ਹੋਆਂ ਉਦਾਸ ਨਹੀਂ ਖੜ੍ਹੀਆਂ ਸਗੋਂ ਇਹਨਾਂ ਰਾਹਾਂ 'ਤੇ ਉਹਦੇ ਵਾਰਸਾਂ ਦਾ ਆਇਆ ਹੜ੍ਹ ਤੱਕ ਕੇ ਜਿਵੇਂ ਮਾਣ ਨਾਲ ਕਹਿ ਰਹੀਆਂ ਹੋਣ ਕਿ ਮਿੱਟੀ ਨਾਲ ਵਫਾ ਪਾਲਣ ਲਈ ਉਸੇ ਮਿੱਟੀ ਵਿਚ ਆਪਣੇ ਲਹੂ ਦੀ ਸੁਰਖ਼ੀ ਦਾ ਰੰਗ ਬਿਖੇਰ ਜਾਣ ਤੋਂ ਵੱਧ ਹੋਰ ਕੀ ਹੋ ਸਕਦਾ ਹੈ। 



ਯਾਦਾਂ ਦੇ ਝਰੋਖੇ 'ਚੋਂ
—ਕ੍ਰਿਸ਼ਨ ਦਿਆਲ ਕੁੱਸਾ
1967-68 ਮੈਂ ਪਿੰਡ ਦੇ ਸਕੂਲ 'ਚੋਂ ਪੰਜਵੀਂ ਜਮਾਤ ਪਾਸ ਕਰਕੇ ਗੁਰੂ ਨਾਨਕ ਖਾਲਸਾ ਹਾਈ ਸਕੂਲ ਤਖਤੂਪੁਰਾ ਵਿਖੇ ਦਾਖਲ ਹੋਇਆ। ਇੱਕ ਦਿਨ ਸਕੂਲ ਦੇ ਕਮਰਿਆਂ ਵਿਚ ਘੁੰਮਦਿਆਂ ਸਟਾਫ ਰੂਮ ਵਿਚ ਗੁਰੂ ਗੋਬਿੰਦ ਸਿੰਘ ਦੀ ਫਰੇਮ ਕੀਤੀ ਤਸਵੀਰ ਨਜ਼ਰ ਪਈ। (ਘੋੜੇ 'ਤੇ ਸਵਾਰ ਇੱਕ ਹੱਥ ਤਲਵਾਰ ਤੇ ਦੂਜੇ ਹੱਥ ਬਾਜ਼) ਇਹ ਬੁਰਸ਼ ਅਤੇ ਰੰਗਾਂ ਨਾਲ ਬਣਾਈ ਪੇਂਟਿੰਗ ਸੀ। ਹੇਠਾਂ ਬਾਰੀਕ ਅੱਖਰਾਂ ਵਿਚ ਲਿਖਿਆ ਸੀ 'ਸਾਧੂ ਸਿੰਘ'। ਪੁੱਛਣ 'ਤੇ ਮੇਰੇ ਅਧਿਆਪਕ ਨੇ ਦੱਸਿਆ ਕਿ ''ਇਹ ਆਪਣੇ ਸਕੂਲ ਦੇ ਇੱਕ ਵਿਦਿਆਰਥੀ ਨੇ ਬਣਾਈ ਹੈ। ਇਸੇ ਹੀ ਪਿੰਡ ਦਾ ਹੈ ਸਾਧੂ ਸਿੰਘ ਜੋ ਅੱਜ ਕੱਲ੍ਹ ਡਰਾਇੰਗ ਮਾਸਟਰ ਲੱਗਿਆ ਹੋਇਆ ਹੈ।'' ਫਿਰ ਇੱਕ ਦੋ ਵਾਰ ਉਹ ਸੈਦੋਕੇ ਸਕੁਲ ਵਿਚ ਪੜ੍ਹਾਉਂਦਿਆਂ ਕਬੱਡੀ ਦੇ ਖਿਡਾਰੀ ਵਿਦਿਆਰਥੀਆਂ ਨਾਲ ਦੋਸਤਾਨਾ ਮੈਚ ਖਿਡਾਉਣ ਲਈ ਆਇਆ। ਲੰਬਾ ਕੱਦ, ਤਿੱਖੇ ਨੈਣ-ਨਕਸ਼ ਤੇ ਬੰਨ੍ਹੀਂ ਦਾੜ੍ਹੀ ਅਤੇ ਉੱਚੀ ਮਾਵੇ ਵਾਲੀ ਪੱਗ ਵਾਲਾ ਇਹ ਉਹੀ ਸਾਧੂ ਸਿੰਘ ਸੀ, ਜਿਸਦਾ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਰਾਹੀਂ ਨਾਂ ਸੁਣਿਆ ਸੀ। 
ਜੂਨ 1969 ਪਿੰਡ ਕੁੱਸਾ- ਇੱਕ ਕਿਸਾਨ ਪਰਿਵਾਰ ਦੇ ਪਸ਼ੂਆਂ ਵਾਲੇ ਵਾੜੇ ਵਿਚ ਰਾਤ ਦੇ ਸਮੇਂ ਇਲਾਕੇ ਦੇ 22-23 ਪਿੰਡਾਂ ਦੇ ਨੌਜੁਆਨ ਨੁਮਾਇੰਦਿਆਂ ਦਾ ਇਕੱਠ। ਸੀ.ਪੀ.ਆਈ. ਦੀ ਅਗਵਾਈ ਹੇਠਲੀ ਨੌਜੁਆਨ ਸਭਾ ਵੱਲੋਂ ਓਮ ਪ੍ਰਕਾਸ਼ ਸ਼ਰਮਾ ਕੁੱਸਾ ਦੀ ਪਹਿਲਕਦਮੀ ਨਾਲ ਟਰੇਡ  ਯੂਨੀਅਨ ਆਗੂ ਮਦਨ ਲਾਲ ਦੀਦੀ ਨੂੰ ਸਕੂਲਿੰਗ ਲਈ ਬੁਲਾਇਆ ਗਿਆ ਸੀ। ਮਦਨ ਲਾਲ ਦੀਦੀ ਤਾਂ ਕਿਸੇ ਕਾਰਨ ਨਾ ਆਇਆ। ਪਰ ਇਸ ਇਕੱਠ ਵਿਚ ਸਾਧੂ ਸਿੰਘ ਤਖਤੂਪੁਰਾ ਮੁੱਖ ਬੁਲਾਰਿਆਂ ਵਿਚੋਂ ਸੀ। ਮੈਨੂੰ 13-14 ਸਾਲਾਂ ਦੀ ਉਮਰ ਦੇ ਚੇਤੇ ਦੀ ਚੰਗੇਰ 'ਚ ਏਨਾ ਕੁ ਯਾਦ ਹੈ ਕਿ ਉਦੋਂ ਉਹਨੇ ਨੌਜੁਆਨਾਂ ਨੂੰ ਜਾਗਣ, ਜਥੇਬੰਦ ਹੋਣ, ਸਮਾਜਿਕ ਕੁਰੀਤੀਆਂ ਤੋਂ ਬਚਣ ਅਤੇ ਨਵਾਂ ਸਮਾਜ ਸਿਰਜਣ ਦਾ ਸੱਦਾ ਦਿੱਤਾ ਸੀ। ਲੰਮੇ ਸਮੇਂ ਪਿੱਛੋਂ ਗੱਲ ਚਿਤਾਰਨ ਤੇ ਸਾਧੂ ਸਿੰਘ ਦੱਸਿਆ ਸੀ ਕਿ ਇਸ ਇਕੱਠ 'ਚੋਂ ਬਹੁਤੇ ਨੌਜੁਆਨਾਂ ਨੇ ਸੀ.ਪੀ.ਆਈ. ਦੀ ਅਗਵਾਈ ਛੱਡ ਕੇ ਨੌਜੁਆਨ ਭਾਰਤ ਸਭਾ ਵਿਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ ਸੀ। 
ਅਕਤੂਬਰ 72 ਮੋਗਾ ਵਿਚ ਵਿਦਿਆਰਥੀਆਂ 'ਤੇ ਗੋਲੀਆਂ ਦੀ ਵਾਛੜ। ਚੜਿੱਕ ਦੇ ਦੋ ਵਿਦਿਆਰਥੀ ਹਰਜੀਤ ਅਤੇ ਸਵਰਨ ਸਿੰਘ ਸਮੇਤ ਪੰਜ ਵਿਅਕਤੀ ਸ਼ਹੀਦ। ਪੰਜਾਬ ਭਰ ਵਿਚ ਰੋਹ ਦੇ ਭਾਂਬੜ ਬਲ ਉੱਠੇ। ਸਕੂਲ ਕਾਲਜ ਅਣਮਿਥੇ ਸਮੇਂ ਲਈ ਬੰਦ ਕਰ ਦਿੱਤੇ ਗਏ। ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੋਜੁਆਨ ਭਾਰਤ ਸਭਾ ਵੱਲੋਂ ਜਬਰ ਦਾ ਟਾਕਰਾ ਕਰਨ ਦਾ ਸੱਦਾ। ਸਾਧੂ ਸਿੰਘ ਆਪਣੇ ਸਾਥੀ ਓਮ ਪ੍ਰਕਾਸ਼ ਕੁੱਸਾ ਨਾਲ ਪਿੰਡ ਪਿੰਡ ਮੀਟਿੰਗਾਂ ਰੈਲੀਆਂ ਅਤੇ ਮੁਜਾਹਰੇ ਜਥੇਬੰਦ ਕਰਦਾ ਸਾਈਕਲ ਚੁੱਕ ਘੁੰਮਦਾ ਅੱਜ ਵੀ ਮੇਰੀਆਂ ਅੱਖੀਆਂ ਸਾਹਮਣੇ ਹੈ। 
1973 ਪਿੰਡ ਕੁੱਸਾ ਵਿਚ ਪੁੰਗਰਦੇ ਨੌਜੁਆਨ ਕਵੀਆਂ, ਲੇਖਕਾਂ ਦੀ ਇਕੱਤਰਤਾ। ਲੋਕਾਂ ਦੇ ਦੁੱਖਾਂ ਦਰਦਾਂ ਨੂੰ ਲੋਕ ਬੋਲੀ ਅਤੇ ਉਹਨਾਂ ਦੇ ਪੱਧਰ 'ਤੇ ਰਚਨਾ ਦਾ ਉਪਰਾਲਾ। ਓਮ ਪ੍ਰਕਾਸ਼ ਕੁੱਸਾ, ਮਹਿੰਦਰਪਾਲ ਅਤੇ ਸਾਧੂ ਸਿੰਘ ਵੱਲੋਂ 'ਜਾਗੋ' ਪੈਂਫਲਿਟ ਕੱਢਣਾ। ਪਹਿਲੇ ਅੰਕ ਦੇ ਪਹਿਲੇ ਪੰਨੇ 'ਤੇ ਮਕਬੂਲ ਹੋਇਆ ਮਜ਼ਦੂਰਨਾਂ ਦਾ ਗੀਤ 'ਹੋਰ ਨਾ ਵਗਾਰ ਪੁੱਗਦੀ' ਛਪਿਆ। 
ਬਾਅਦ ਵਿਚ ਲੰਮਾ ਸਮਾਂ ਇਹ ਗੀਤ ਅਨੇਕਾਂ ਗਾਇਕਾਂ ਵੱਲੋਂ ਇਨਕਲਾਬੀ ਸਟੇਜਾਂ 'ਤੇ ਗਾਇਆ ਜਾਂਦਾ ਰਿਹਾ। ਅੱਜ ਤੱਕ ਅਣਗਿਣਤ ਸਰੋਤੇ ਤੇ ਗਾਇਕ ਸਾਧੂ ਸਿੰਘ ਅਤੇ ਇਸ ਗੀਤ ਨੂੰ ਵੱਖਰੇ ਵੱਖਰੇ ਹੀ ਜਾਣਦੇ ਸਨ। 
ਇਸ ਤੋਂ ਬਾਅਦ ਲਗਾਤਾਰ 7-8 ਸਾਲ ਇਨਕਲਾਬੀ ਜਮਹੂਰੀ ਲਹਿਰ ਦੀ ਚੜ੍ਹਤ ਦਾ ਦੌਰ। ਪਿੰਡਾਂ ਵਿਚ ਇਨਕਲਾਬੀ ਸਭਿਆਚਾਰਕ ਪ੍ਰੋਗਰਾਮਾਂ ਦੀ ਲੜੀ। ਕਿੰਨੇ ਵਿਦਿਆਰਥੀਆਂ ਨੂੰ ਗੀਤਾਂ, ਕਵਿਤਾਵਾਂ ਰਾਹੀਂ ਤੇ ਹੋਰ ਸਰਗਰਮੀਆਂ ਨਾਲ ਜੋੜਿਆ, ਜਿਹਨਾਂ ਦੀ ਗਿਣਤੀ ਕਰਨੀ ਸੰਭਵ ਨਹੀਂ। 
5 ਅਕਤੂਬਰ 1973 ਮੋਗੇ ਦੇ ਸ਼ਹੀਦਾਂ ਦੀ ਪਹਿਲੀ ਬਰਸੀ ਪਿੰਡ ਚੜਿੱਕ ਵਿਚ ਮਨਾਈ ਜਾ ਰਹੀ ਹੈ। ਦਿਨ ਦਾ ਸ਼ਰਧਾਂਜਲੀ ਸਮਾਗਮ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਹੈ। ਰਾਤ ਨੂੰ ਨੌਜੁਆਨ ਭਾਰਤ ਸਭਾ ਵੱਲੋਂ ਇਨਕਲਾਬੀ ਸਭਿਆਚਾਰਕ ਪ੍ਰੋਗਰਾਮ ਹੈ। ਇਸ ਸਮਾਗਮ ਵਿਚ ਸਟੇਜ ਸਕੱਤਰ ਦੀ ਜੁੰਮੇਵਾਰੀ ਸਾਧੂ ਸਿੰਘ ਨਿਭਾ ਰਿਹਾ ਹੈ। ਵਿਸ਼ਾਲ ਇਕੱਠ ਨੂੰ ਮੋਹ ਭਿੱਜੀ ਅਤੇ ਜਜ਼ਬਾਤੀ ਸ਼ੈਲੀ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ। 
ਜਨਵਰੀ-ਫਰਵਰੀ 1974 ਪੰਜਾਬ ਵਿਚ ਤੇਲ ਸੰਕਟ, ਪੰਪਾਂ ਅਤੇ ਡਿਪੂਆਂ 'ਤੇ ਕਿਸਾਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ। ਡੀਜ਼ਲ ਬਿਨਾਂ ਕਿਸਾਨਾਂ ਦੀਆਂ ਫਸਲਾਂ ਸੁੱਕ ਰਹੀਆਂ ਹਨ। ਨੌਜੁਆਨ ਭਾਰਤ ਸਭਾ ਵੱਲੋਂ ਪਿੰਡ ਪਿੰਡ ਰੈਲੀਆਂ ਹੋ ਰਹੀਆਂ ਹਨ। ਸਾਧੂ ਸਿੰਘ ਕਿਸਾਨਾਂ ਦੀ ਹਾਲਤ ਬਾਰੇ ਆਪਣੀ ਟੁੰਬਵੀਂ ਕਵਿਤਾ ਪੇਸ਼ ਕਰ ਰਿਹਾ ਹੈ-
ਜੱਟ ਵਿਚਾਰੇ ਭੋਲ਼ੇ ਭਾਲ਼ੇ
ਢੋਲੀਆਂ ਵਾਲ਼ੇ ਕੈਨਾਂ ਵਾਲੇ।
1975 ਦੇਸ਼ ਭਰ ਵਿਚ ਐਮਰਜੈਂਸੀ ਦਾ ਐਲਾਨ, ਕੰਮ ਦੇ ਨਵੇਂ ਢੰਗ ਤਰੀਕੇ। ਅਧਿਆਪਕਾਂ ਦੇ ਫਰੰਟ 'ਤੇ ਸਰਗਰਮੀ, ਰਵਾਇਤੀ ਲੀਡਰਸ਼ਿੱਪ ਨੂੰ ਤਿਆਗ ਕੇ 'ਲੰਬੀ' ਸਮਝ ਦੇ ਦੁਆਲੇ ਅਧਿਆਪਕਾਂ ਨੂੰ ਇਕੱਠੇ ਕਰਨਾ। 21-22 ਫਰਵਰੀ ਦੀ ਹੜਤਾਲ ਦੇ ਅਹਿਮ ਸਬਕ ਕਿਤਾਬਚਾ ਅਧਿਆਪਕਾਂ ਅਤੇ ਮੁਲਾਜ਼ਮਾਂ ਵਿਚ ਵੰਡਣਾ। ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਉਸਾਰੀ। ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਲੰਬਾ ਘੋਲ਼। ਜੇਲ੍ਹਾਂ ਭਰੀਆਂ ਗਈਆਂ। ਸਾਧੂ ਸਿੰਘ ਬਾਹਰ ਰਹਿ ਕੇ ਘੋਲ ਮੈਦਾਨ ਨੂੰ ਮਘਦਾ ਰੱਖਣ ਵਾਲਿਆਂ 'ਚ ਹੈ। ਗੌਰਮਿੰਟ ਟੀਚਰ ਯੂਨੀਅਨ ਦੀਆਂ ਜਥੇਬੰਦਕ ਚੋਣਾਂ 'ਚ ਉਹ ਲੰਬੀ ਸਮਝ ਦੇ ਮੁੱਖ ਬੁਲਾਰਿਆਂ 'ਚ ਹੈ। 
ਜਨਵਰੀ 1977 ਉਸਦਾ ਬਹੁਤ ਨੇੜਲਾ ਯੁੱਧ ਸਾਥੀ ਓਮ ਪ੍ਰਕਾਸ਼ ਸ਼ਰਮਾ ਦਿਲ ਦੀ ਗੰਭੀਰ ਬਿਮਾਰੀ ਦੇ ਅਪਰੇਸ਼ਨ ਪਿੱਛੋਂ ਵਿਗੋਚਾ ਦੇ ਗਿਆ। ਸਾਧੂ ਸਿੰਘ ਦੀ ਕਲਮ ਨੇ ਇਹਨਾਂ ਸ਼ਬਦਾਂ ਰਾਹੀਂ ਸ਼ਰਧਾਂਜਲੀ ਦਿੱਤੀ-
''ਜੰਗ ਅਜੇ ਮੁੱਕੀ ਨਹੀਂ'' ਅਜੇ ਨਾ ਤੂੰ ਮਰਿਆ ਹੈਂ
ਇੱਕ ਇੱਕ ਬੋਲ ਤੇਰਾ ਜੰਗ ਦਾ ਐਲਾਨ ਹੈ
ਗਲੀ ਗਲੀ ਗੂੰਜਣਾ ਹੈ ਸਾਇਰਨ ਬਗ਼ਾਵਤ ਦਾ
ਖੇਤਾਂ, ਕਾਰਖਾਨਿਆਂ 'ਚੋਂ ਉੱਠਣਾ ਤੂਫਾਨ ਹੈ।
ਅੱਜ ਤੇਰੇ ਵਾਰਸਾਂ ਦਾ ਰੋਹ ਦੂਣਾ ਹੋ ਗਿਆ
Îਮੌਤ ਤੇਰੀ ਸਾਡੇ ਸੀਨੇ ਲੱਗਾ ਹੋਰ ਬਾਣ ਹੈ
ਅਸੀਂ ਤੇਰੇ ਸੱਥਰ ਤੋਂ ਸਹੁੰ ਖਾ ਕੇ ਤੁਰਦੇ ਹਾਂ
ਲÑੜਾਂਗੇ ਲੜਾਈ ਹੱਕੀ ਜਦੋਂ ਤੱਕ ਜਾਨ ਹੈ
ਮਾਸ ਦਾ ਵਜੂਦ ਤੇਰਾ ਦੇ ਗਿਆ ਧੋਖਾ ਭਾਵੇਂ
ਓਮ ਤੇਰੀ ਵਫ਼ਾ 'ਤੇ ਧਰਤੀ ਨੂੰ ਮਾਣ ਹੈ। 




ਸ਼ਰਧਾਂਜਲੀ
—ਅਮੋਲਕ ਸਿੰਘ
ਉਹਦਾ ਖ਼ੂਨ ਜੋ ਡੁੱਲ੍ਹਿਆ ਧਰਤੀ 'ਤੇ, ਰੰਗ ਸੂਹਾ ਸੂਹਾ ਹੋਇਆ ਏ
ਉਹ ਤਾਰਾ ਬਣਿਆ ਅੰਬਰਾਂ ਦਾ, ਉਹਨੂੰ ਕੌਣ ਕਹੇ ਉਹ ਮੋਇਆ ਏ



ਉਹ ਸੰਤ ਸਿਪਾਹੀ ਲੋਕਾਂ ਦਾ, ਖੇਤਾਂ ਦੇ ਹੱਕ ਲਈ ਲੜਿਆ ਏ
ਉਹ ਮਘਦਾ ਸੂਰਜ ਲੋਕਾਂ ਦਾ, ਜਿਹੜਾ ਕੰਮੀਆਂ ਵਿਹੜੇ ਚੜ੍ਹਿਆ ਏ
ਉਹਦੇ ਖ਼ੂਨ 'ਚ ਸਿੰਜਿਆ ਧਰਤੀ ਤੇ, ਲਹਿਰਾਂ ਦਾ ਬੂਟਾ ਹੋਇਆ ਏ
ਉਹ ਤਾਰਾ ਬਣਿਆ ਅੰਬਰਾਂ ਦਾ................



ਉਹ ਤਾਂ ਮਾਸਟਰ ਹੈ ਸੀ ਜ਼ਿੰਦਗੀ ਦਾ, ਉਹਨੇ ਐਸਾ ਪਾਠ ਪੜ੍ਹਾਇਆ ਏ।
ਉਹਨੇ ਲੁੱਟਿਆਂ ਪੁੱਟਿਆਂ ਲੋਕਾਂ ਨੂੰ, ਜ਼ਿੰਦਗੀ ਦੇ ਰਾਹੇ ਪਾਇਆ ਏ।
ਲਹਿਰਾਂ ਦੇ ਸੁਲੱਖਣੇ ਚਿਤਰਾਂ 'ਤੇ, ਰੰਗ ਉਹਦੇ ਖ਼ੂਨ ਦਾ ਚੋਇਆ ਏ।
ਉਹ ਤਾਰਾ ਬਣਿਆ ਅੰਬਰਾਂ ਦਾ................



ਉਹ 'ਜਾਗੋ' ਲੈ ਕੇ ਤੁਰਿਆ ਸੀ, ਰਾਤਾਂ ਨੂੰ ਰੌਸ਼ਨ ਕਰਨੇ ਲਈ।
ਉਹਦੇ ਖ਼ੂਨ ਦੇ ਦੀਵੇ ਜਗਦੇ ਨੇ, ਮੰਜ਼ਲਾਂ ਨੂੰ ਸਰ ਤਾਂ ਕਰਨੇ ਲਈ।
ਸਤਲੁਜ ਤੇ ਵਗਦੀ ਰਾਵੀ ਦਾ, ਲਹਿਰਾਂ ਦਾ ਹਾਰ ਪਰੋਇਆ ਏ
ਉਹ ਤਾਰਾ ਬਣਿਆ ਅੰਬਰਾਂ ਦਾ...............



ਲੋਕੀਂ ਬਾਲ ਮਸ਼ਾਲਾਂ ਚੱਲਦੇ ਨੇ, ਜਦ ਤੱਕ ਨਾ ਜਬਰ ਦੀ ਖ਼ੈਅ ਹੋਵੇ।
ਧਰਤੀਏ ਨੀ ਪਤਵੰਤੀਏ ਨੀ, ਤੇਰੇ ਜਾਇਆਂ ਦੀ ਆਖ਼ਰ ਜੈ ਹੋਵੇ।
ਹਮਰਾਹੀ ਹੈ ਅਮਰ ਸ਼ਹੀਦਾਂ ਦਾ, ਜਿਹੜਾ ਲੋਕਾਂ ਸੰਗ ਖਲੋਇਆ ਏ
ਉਹ ਤਾਰਾ ਬਣਿਆ ਅੰਬਰਾਂ ਦਾ................



(ਗੀਤ ਰੁਪੀ ਇਹ ਸ਼ਰਧਾਂਜਲੀ ਅਮੋਲਕ ਸਿੰਘ ਨੇ 18 ਫਰਵਰੀ ਨੂੰ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੇ ਸਸਕਾਰ ਵਾਲੇ ਦਿਨ ਲਿਖ ਕੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਬੰਦ ਆਪਣੇ ਸਾਥੀਆਂ ਵਿਚ ਪੇਸ਼ ਕੀਤੀ।)
ਵਸੀਅਤ
ਰਿਪੁਦਮਨ ਸਿੰਘ ਰੁਪ*
ਮੇਰੀ ਜਾਇਦਾਦ
ਮੇਰੇ ਮਗਰੋਂ
ਮੇਰੇ ਪੁੱਤਰਾਂ ਵਿਚ
ਮੇਰੀਆਂ ਧੀਆਂ ਵਿਚ
ਮੇਰੀਆਂ ਨੂੰਹਾਂ ਵਿਚ 
ਅਗੋਂ ਉਹਨਾਂ ਦੇ ਪੁੱਤਰਾਂ, ਧੀਆਂ ਵਿਚ
ਪੋਤੇ ਪੋਤਰੀਆਂ ਵਿਚ 
ਦੋਹਤੇ ਦੋਹਤਰੀਆਂ ਵਿਚ
ਬਰਾਬਰ ਬਰਾਬਰ ਵੰਡੀ ਜਾਵੇ
ਬਰਾਬਰ ਬਰਾਬਰ
ਕਾਣੀ ਵੰਡ ਨਾ ਹੋਵੇ
ਬਿਲਕੁਲ ਕਾਣੀ ਵੰਡ ਨਾ ਹੋਵੇ। 



ਮੇਰੀ ਜਾਇਦਾਦ 
ਮੜਕ ਨਾਲ ਤੁਰਨਾ 
ਹਿੱਕ ਤਾਣ ਕੇ ਚੱਲਣਾ 
ਸੰਘਰਸ਼ ਕਰਨਾ 
ਹੱਕਾਂ ਲਈ ਸੰਘਰਸ਼!
ਮੇਰੀ ਜਾਇਦਾਦ 
ਨੇਕ ਕਮਾਈ ਕਰਨਾ
ਦੱਬੇ-ਕੁਚਲਿਆਂ ਨਾਲ ਖੜ੍ਹਨਾ
ਲੋਟੂਆਂ ਨਾਲ ਲੜਨਾ।



ਮੇਰੀ ਜਾਇਦਾਦ 
ਸਿਹਤਮੰਦ ਵਿਚਾਰਧਾਰਾ 
ਉਲਾਰ ਨਾ ਹੋਣਾ
ਇੱਕ-ਪਾਸੜ ਨਾ ਹੋਣਾ
ਨਿਰਪੱਖ ਹੋਣਾ 
ਲੱਗ ਲਪੇਟ ਨਾ ਕਰਨਾ               
ਸ਼ਬਦਾਂ ਦਾ ਜਾਲ ਨਾ ਬੁਨਣਾ
ਗੱਲਾਂ ਗੋਲ ਨਾ ਕਰਨਾ।



ਮੇਰੀ ਜਾਇਦਾਦ
ਸਿੱਧਾ ਸਪਾਟ ਹੋਣਾ
ਆਪਣੇ ਰਸਤੇ ਤੁਰਨਾ 
ਖੱਬਾ ਸੱਜਾ ਦੇਖ ਕੇ ਚੱਲਣਾ
ਮਿੱਤਰ ਦੀ ਪਰਖ ਕਰਨਾ
ਦੁਸ਼ਮਣ ਦੀ ਪਹਿਚਾਣ ਕਰਨਾ।



ਮੇਰੀ ਜਾਇਦਾਦ 
ਸ਼ੇਰ ਵਾਂਗ ਗਰਜਣਾ
ਰਾਖਸ਼ਾਂ ਨੂੰ ਕੰਬਣ ਲਾਉਣਾ
ਦੈਂਤਾਂ ਦੇ ਦਿਲ ਦਹਿਲਾਉਣਾ।



ਮੇਰੀ ਜਾਇਦਾਦ 
ਮੇਰੇ ਮਗਰੋਂ
ਮੇਰੇ ਪੁੱਤਰਾਂ ਵਿਚ 
ਮੇਰੀਆਂ ਧੀਆਂ ਵਿਚ 
ਮੇਰੀਆਂ ਨੂੰਹਾਂ ਵਿਚ 
ਅੱਗੋਂ ਉਹਨਾਂ ਦੇ ਪੁੱਤਰਾਂ, ਧੀਆਂ ਵਿਚ
ਪੋਤੇ ਪੋਤੀਆਂ ਵਿਚ
ਦੋਹਤੇ ਦੋਹਤੀਆਂ ਵਿਚ
ਬਰਾਬਰ ਬਰਾਬਰ ਵੰਡੀ ਜਾਵੇ
ਬਰਾਬਰ ਬਰਾਬਰ 
ਕਾਣੀ-ਵੰਡ ਨਾ ਹੋਵੇ
ਬਿਲਕੁੱਲ ਕਾਣੀ-ਵੰਡ ਨਾ ਹੋਵੇ।

( * ਸ੍ਰੀ ਰਿਪਦੁਮਨ ਸਿੰਘ ਰੂਪ, ਵਿੱਛੜ ਗਏ ਉੱਘੇ ਲੋਕ-ਪੱਖੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਦੇ ਛੋਟੇ ਭਰਾ ਹਨ। ਮੁਲਾਜ਼ਮ ਜੀਵਨ ਦੌਰਾਨ ਉਹ ਲੰਮਾ ਚਿਰ ਟਰੇਡ ਯੂਨੀਅਨ ਲਹਿਰ ਵਿਚ ਸਰਗਰਮ ਰਹੇ ਹਨ। ਸ੍ਰੀ ਸੰਤੋਖ ਸਿੰਘ ਧੀਰ ਦੇ ਕਈ ਪਰਿਵਾਰ ਮੈਂਬਰ 28 ਫਰਵਰੀ ਨੂੰ ਸਾਥੀ ਤਖਤੂਪੁਰਾ ਨੂੰ ਸ਼ਰਧਾਂਜਲੀ ਦੇਣ ਅਤੇ ਹੱਕੀ ਕਿਸਾਨ ਘੋਲ ਨਾਲ ਇੱਕਮੁੱਠਤਾ ਪ੍ਰਗਟ ਕਰਨ ਲਈ ਤਖਤੂਪੁਰਾ ਦੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਏ। ਇਹਨਾਂ ਵਿਚ ਨਵਰੀਤ ਸਿੰਘ (ਸਪੁੱਤਰ), ਰੰਗਕਰਮੀ ਅਤੇ ਲੇਖਕ ਸੰਜੀਵਨ ਸਿੰਘ ਅਤੇ ਰੰਜੀਵਨ ਸਿੰਘ ਐਡਵੋਕੇਟ (ਭਤੀਜੇ), ਰਮਨਜੀਤ ਸਿੰਘ ਸਿੱਧੂ (ਦੋਹਤਰਾ) ਅਤੇ ਸ੍ਰੀ ਰੂਪ ਸ਼ਾਮਲ ਸਨ। ਸ੍ਰੀ ਰੂਪ ਨੇ ਤਖਤੂਪੁਰਾ ਨੂੰ ਸ਼ਰਧਾਂਜਲੀ ਵਜੋਂ ਉਪਰੋਕਤ ਕਵਿਤਾ ਸਮਾਗਮ ਵਿਚ ਪੜ੍ਹਨ  ਦੀ ਇੱਛਾ ਜ਼ਾਹਰ ਕੀਤੀ ਸੀ, ਪਰ ਸਮੇਂ ਦੇ ਭਾਰੀ ਕਸਾਅ ਕਰਕੇ ਸੰਚਾਲਕ ਉਹਨਾਂ ਨੂੰ ਸਮਾਂ ਨਾ ਦੇ ਸਕੇ। ਇਸ ਵਿਸ਼ੇਸ਼ ਅੰਕ ਲਈ ''ਸੁਰਖ਼ ਰੇਖਾ'' ਨੂੰ ਹਾਸਲ ਹੋਈ ਇਹ ਕਵਿਤਾ ਪਾਠਕਾਂ ਦੀ ਨਜ਼ਰ ਕੀਤੀ ਜਾ ਰਹੀ ਹੈ। 
—ਸੰਪਾਦਕ)


(ਜਸਪਾਲ ਜੱਸੀ, ਐਤਵਾਰਤਾ (ਨਵਾਂ ਜ਼ਮਾਨਾਂ, 28 ਫਰਵਰੀ) 'ਚ ਛਪੀ ਲਿਖਤ ਦਾ ਇੱਕ ਭਾਗ)
14 ਫਰਵਰੀ ਨੂੰ ਮੈਂ ਉਸ ਨੂੰ ਆਖਰੀ ਵਾਰ ਤੱਕਿਆ। ਉਹ ਅੰਮ੍ਰਿਤਸਰ ਵਿਚ ਚੱਲ ਰਹੇ ਕਰੜੇ ਸੰਘਰਸ਼ ਦੇ ਮੈਦਾਨ ਵਿਚੋਂ ਮੁਹਾਲੀ ਆਇਆ ਸੀ। ਲੋਕ-ਪੱਖੀ ਪੰਜਾਬੀ ਸਾਹਿਤ ਦੀ ਮਕਬੂਲ ਹਸਤੀ ਸੰਤੋਖ ਸਿੰਘ ਧੀਰ ਦੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਲਈ। ਮਜਲੂਮ ਲੋਕਾਂ ਦੀਆਂ ਆਸਾਂ, ਉਮੰਗਾਂ ਅਤੇ ਸੁਪਨਿਆਂ ਦੀ ਆਵਾਜ਼ ਬਣ ਕੇ ਗੂੰਜਦੀ ਰਹੀ ਵਿੱਛੜ ਗਈ ਸੰਗਰਾਮੀ ਕਲਮ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਸ ਨੇ ਪੰਡਾਲ ਵਿਚ ਜੁੜੇ ਸਰੋਤਿਆਂ ਨੂੰ ਪ੍ਰੋਫੈਸਰ ਮੋਹਨ ਸਿੰਘ ਦੇ ਬੋਲ ਯਾਦ ਕਰਵਾਏ ਅਤੇ ਦਾਤੀਆਂ ਕਲਮਾਂ ਅਤੇ ਹਥੌੜਿਆਂ ਦੀ ਏਕਤਾ ਦਾ ਸੱਦਾ ਦਿੱਤਾ। ''ਲੋਕ ਕਵੀ ਸੰਤੋਖ ਸਿੰਘ ਧੀਰ ਅਮਰ ਰਹੇ'' ਦਾ ਬੈਨਰ ਅਤੇ ਉਹਨਾਂ ਦੀਆਂ ਕਵਿਤਾਵਾਂ ਦੀਆਂ ਤਖਤੀਆਂ ਚੁੱਕੀਂ ਪੰਡਾਲ ਵਿਚ ਦਾਖਲ ਹੋਏ ਸੈਂਕੜੇ ਕਿਸਾਨਾਂ-ਮਜ਼ਦੂਰਾਂ ਦੇ ਕਾਫ਼ਲੇ ਨੇ ਸਭਨਾਂ ਦਾ ਧਿਆਨ ਖਿੱਚਿਆ ਸੀ। ਸਾਧੂ ਸਿੰਘ ਤਖਤੂਪੁਰਾ ਨੇ ਜ਼ੋਰ ਦਿੱਤਾ ਕਿ ਲੋਕਾਂ ਦੇ ਸਾਹਿਤਕਾਰਾਂ ਨੂੰ ਸੰਭਾਲਣਾ ਪਹਿਲ-ਪ੍ਰਿਥਮੇ ਲੋਕਾਂ ਦੀਆਂ ਜਥੇਬੰਦੀਆਂ ਦੀ ਜੁੰਮੇਵਾਰੀ ਹੈ। ਲੋਕ-ਹਿਤੈਸ਼ੀ ਕਲਮਾਂ ਦੇ ਸਤਿਕਾਰ ਅਤੇ ਉਹਨਾਂ ਨਾਲ ਰਿਸ਼ਤੇ ਦੇ ਇਜ਼ਹਾਰ ਵਜੋਂ ਹੀ ਬੀ.ਕੇ.ਯੂ. ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸ਼੍ਰੀ ਸੰਤੋਖ ਸਿੰਘ ਧੀਰ ਦੇ ਪਰਿਵਾਰ ਨੂੰ ਪੈਂਤੀ ਹਜ਼ਾਰ ਰੁਪਏ  ਦੀ ਰਾਸ਼ੀ ਭੇਟ ਕੀਤੀ ਗਈ। 
ਸ਼ਾਇਦ ਇਹ ਇਤਫ਼ਾਕ ਨਹੀਂ ਸੀ ਕਿ ਇਸ ਸਮਾਗਮ ਵਿਚ ਸ਼ਰੀਕ ਹੁੰਦਿਆਂ ਮੈਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਮਾਜ ਦੀ ਅਸਲੀਅਤ ਨੂੰ ਪੇਸ਼ ਕਰਦੀ ਸੰਤੋਖ ਸਿੰਘ ਦੀ ਧੀਰ ਦੀ ਰਚਨਾ ਮੁਲਕ ਦੇ ਸਮਾਜਿਕ ਪ੍ਰਬੰਧ ਦੇ ਹਿੰਸਕ ਸੁਭਾਅ ਨੂੰ ਚਿਤਰਦੀ ਹੈ। ਉਹਨਾਂ ਦੀਆਂ ਕਿੰਨੀਆਂ ਹੀ ਕਵਿਤਾਵਾਂ ਅਤੇ ਕਹਾਣੀਆਂ ਤਾਕਤ ਦੀ ਟੀਸੀ 'ਤੇ ਬੈਠੀਆਂ ਜਮਾਤਾਂ ਅਤੇ ਉਹਨਾਂ ਦੇ ਰਾਜ ਪ੍ਰਬੰਧ ਦੇ ਵਜੂਦ ਵਿਚ ਸਮੋਈ ਇਸ ਹਿੰਸਾ ਦੀ ਘਿਨਾਉਣੀ ਅਸਲੀਅਤ ਪੇਸ਼ ਕਰਦੀਆਂ ਹਨ। 
ਸਾਧੂ ਸਿੰਘ ਤਖਤੂਪੁਰਾ ਇਸ ਸਮਾਗਮ ਤੋਂ ਰੁਖ਼ਸਤ ਲੈਂਦਿਆਂ ਹੀ ਮੁੜ ਸੰਘਰਸ਼ ਦੇ ਮੈਦਾਨ ਵਿਚ ਪਰਤ ਗਿਆ, ਜਿਥੇ ਸਮਾਜਿਕ ਤਾਕਤ ਦੀਆਂ ਮਾਲਕ ਗਿਰਝਾਂ ਦਾ ਹਿੰਸਕ ਪੰਜਾ ਉਸ ਉੱਤੇ ਘਾਤ ਲਾ ਕੇ ਝਪਟ ਪੈਣ ਲਈ ਇੰਤਜ਼ਾਰ ਕਰ ਰਿਹਾ ਸੀ। ਸੰਘਰਸ਼ ਦੇ ਮੈਦਾਨ ਵਿਚ ਸ਼ਹਾਦਤ ਪਾ ਕੇ ਸਾਧੂ ਸਿੰਘ ਤਖਤੂਪੁਰਾ ਨੇ ਸੰਤੋਖ ਸਿੰਘ ਧੀਰ ਦੀ ਰਚਨਾ ਦੀ ਗਵਾਹੀ ਆਪਣੇ ਲਹੂ ਨਾਲ ਦਿੱਤੀ। ਇਉਂ ਉਹ ਖੁਦ ਸੰਤੋਖ ਸਿੰਘ ਧੀਰ ਦੀ ਅਣ-ਲਿਖੀ ਕਵਿਤਾ ਹੋ ਨਿੱਬੜਿਆ। 


ਆਬਾਦਕਾਰ ਕਿਸਾਨ ਭਰਾਓ ਅਤੇ ਭੈਣੋਂ,
ਤੁਸੀਂ ਬੇਆਬਾਦ ਸਰਕਾਰੀ ਜ਼ਮੀਨਾਂ ਨੂੰ ਹੱਡ ਭੰਨਵੀਂ ਮੇਹਨਤ ਨਾਲ ਆਬਾਦ ਕੀਤਾ ਹੈ, ਪਰ ਵਰ੍ਹਿਆਂ ਤੋਂ ਜਿਨ੍ਹਾਂ ਖੇਤਾਂ ਉਪਰ ਤੁਹਾਡਾ ਕਬਜ਼ਾ ਹੈ, ਉਹਨਾਂ ਦੇ ਮਾਲਕੀ ਹੱਕ ਤੁਹਾਡੇ ਨਾਮ ਨਹੀਂ ਹਨ। ਸਰਕਾਰਾਂ, ਆਉਂਦੀਆਂ-ਜਾਂਦੀਆਂ ਰਹੀਆਂ। ਤੁਹਾਥੋਂ ਵੋਟਾਂ ਬਟੋਰਨ ਵੇਲੇ ਵੱਖ ਵੱਖ ਸਿਆਸੀ ਧਿਰਾਂ ਤੁਹਾਡੇ ਨਾਲ ਮਾਲਕੀ ਹੱਕ ਦੇਣ ਦੇ ਝੂਠੇ ਵਾਇਦੇ ਕਰਦੀਆਂ ਰਹੀਆਂ ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ। ਛੋਟੇ ਤੇ ਗਰੀਬ ਕਿਸਾਨਾਂ ਦੀ ਬੇਵੁਕਤੀ ਤੇ ਕਮਜ਼ੋਰ ਹਾਲਤ ਦਾ ਲਾਭ ਲੈ ਕੇ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਜਰਵਾਣੇ ਤੁਹਾਡੀਆਂ ਜ਼ਮੀਨਾਂ ਲਈ ਹਮੇਸ਼ਾਂ ਖਤਰਾ ਬਣੇ ਰਹੇ। ਧੱਕੇ ਨਾਲ ਤੁਹਾਡੇ ਕਬਜ਼ੇ ਵਾਲੇ ਖੇਤਾਂ ਉਪਰ ਧਾਵੇ ਕਰਕੇ ਜ਼ਮੀਨਾਂ ਵਾਹ ਜਾਂਦੇ ਰਹੇ। ਤੁਹਾਡੀ ਪੁਕਾਰ ਕਿਸੇ ਸਰਕਾਰ ਜਾਂ ਅਧਿਕਾਰੀ ਵੱਲੋਂ ਨਹੀਂ ਸੁਣੀ ਜਾਂਦੀ ਰਹੀ। ਹੁਣ ਜਦੋਂ ਆਪਣੀਆਂ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਲੜ ਕੇ ਮੌਜੂਦਾ ਬਾਦਲ ਸਰਕਾਰ ਤੋਂ ਇਹ ਮੰਗ ਮੰਨਵਾ ਲਈ ਹੈ ਕਿ ਕਬਜ਼ੇ ਦੇ ਅਧਾਰ ਉੱਤੇ ਜ਼ਮੀਨਾਂ ਆਬਾਦਕਾਰ ਕਿਸਾਨਾਂ ਦੇ ਨਾਮ ਕੀਤੀਆਂ ਜਾਣਗੀਆਂ। ਯਾਨੀ ਆਬਾਦਕਾਰਾਂ ਨੂੰ ਉਹਨਾਂ ਦੇ ਕਬਜ਼ੇ ਹੇਠਲੀ ਜ਼ਮੀਨ ਦੇ ਪੱਕੇ ਮਾਲਕ ਬਣਾਇਆ ਜਾਵੇਗਾ ਤਾਂ ਅਕਾਲੀ-ਭਾਜਪਾ ਸਰਕਾਰ ਦੇ ਸਥਾਨਕ ਸਿਆਸੀ ਆਗੂਆਂ ਨੇ ਦਿਨ ਦਿਹਾੜੇ ਤੁਹਾਡੀਆਂ ਜ਼ਮੀਨਾਂ ਉਪਰ ਕਬਜ਼ੇ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਸਥਾਨਕ ਪੁਲਸ ਉਹਨਾਂ ਦੀ ਮੱਦਦਗਾਰ ਰਹੀ ਹੈ। ਬਾਰਡਰ ਪੱਟੀ ਦੇ ਵੱਖ ਵੱਖ ਪਿੰਡਾਂ ਵਿਚੋਂ ਅਜਿਹੇ ਅਨੇਕਾਂ ਕੇਸ ਸਾਡੀ ਜਥੇਬੰਦੀ ਕੋਲ ਆਏ ਹਨ। ਬਹੁਤੇ ਕੇਸਾਂ ਵਿਚ ਅਕਾਲੀ ਆਗੂ ਜਥੇਦਾਰ ਵੀਰ ਸਿੰਘ ਸਾਬਕਾ ਵਿਧਾਇਕ, ਬਲਾਕ ਸੰਮਤੀ ਲੋਪੋਕੇ ਦਾ ਚੇਅਰਮੈਨ ਸਰਬਜੀਤ ਸਿੰਘ ਫੌਜੀ ਵਾਸੀ ਪਿੰਡ ਲੋਧੀਗੁੱਜਰ ਅਤੇ ਇਹਨਾਂ ਦੇ ਚਹੇਤੇ ਕੁਝ ਪਿੰਡਾਂ ਦੇ ਧੱਕੜ ਸਰਪੰਚ ਹੀ ਧੱਕਾ ਕਰ ਰਹੇ ਹਨ। ਲੋਪੋਕੇ ਥਾਣੇ ਦਾ ਜ਼ਾਲਮ ਥਾਣੇਦਾਰ ਰਛਪਾਲ ਸਿੰਘ ਉਰਫ ਬਾਬਾ ਇਸ ਟੋਲੇ ਦੀ ਨੰਗੀ ਚਿੱਟੀ ਮੱਦਦ ਕਰਦਾ ਰਿਹਾ ਹੈ। ਇਹ ਥਾਣੇਦਾਰ ਵੀਰ ਸਿੰਘ ਲੋਪੋਕੇ ਦਾ ਰਿਸ਼ਤੇਦਾਰ ਹੈ ਅਤੇ ਜਬਰੀ ਖੋਹੀਆਂ ਜ਼ਮੀਨਾਂ ਵਿਚ ਹਿੱਸੇਦਾਰ ਹੈ। ਇਸਨੇ ਆਪਣੇ ਪਿਤਾ ਦੇ ਨਾਮ 'ਤੇ ਬਾਰਡਰ ਪੱਟੀ ਵਿਚ ਮੋਟੀ ਜਾਇਦਾਦ ਬਣਾ ਲਈ ਹੈ। ਇਸ ਧੱਕੜ ਗੱਠਜੋੜ ਕੋਲ ਇਲਾਕੇ ਦੇ ਬੇਰੁਜ਼ਗਾਰ ਨੌਜੁਆਨਾਂ ਦਾ ਨਸ਼ੇ-ਪੱਤੇ ਦੇ ਲਾਲਚ ਨਾਲ ਭਰਤੀ ਕੀਤਾ ਲੱਠਮਾਰ ਗਰੋਹ ਹੈ, ਜਿਸ ਨੂੰ ਨਜਾਇਜ਼ ਕਬਜ਼ਿਆਂ ਲਈ ਇਹ ਜਰਵਾਣੇ ਸ਼ਰੇਆਮ ਵਰਤਦੇ ਹਨ।
(ਬੀ.ਕੇ.ਯੂ. ਏਕਤਾ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ 19 ਅਪ੍ਰੈਲ 2009 ਨੂੰ ਜਾਰੀ ਕੀਤੇ ਹੱਥ ਪਰਚੇ 'ਚੋਂ)






ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀਆਂ ਕਵਿਤਾਵਾਂ

ਹੋਰ ਨਾ ਵਗਾਰ ਪੁੱਗਦੀ 

ਸਾਰਾ ਦਿਨ ਬਾਪੂ ਮੇਰਾ ਕਰਦਾ ਹੈ ਵਾਢੀਆਂ ਨੀ
ਸਾਰਾ ਦਿਨ ਫਿਰਦੀ ਮੈਂ ਸਿਲ੍ਹਾ ਚੁਗਦੀ
ਸਾਨੂੰ ਭੁੱਖਿਆਂ ਨੂੰ
ਸਾਨੂੰ ਭੁੱਖਿਆਂ ਨੂੰ ਹੋਰ ਨਾ ਵਗਾਰ ਪੁੱਗਦੀ।

ਕਾਲੀਆਂ ਤੇ ਬੂਰੀਆਂ ਦੇ ਵੱਗ ਮੇਰਾ ਵੀਰ ਚਾਰੇ
ਗੋਹਾ ਕੂੜਾ ਸਿਰ ਉੱਤੇ ਮਾਂ ਸੁੱਟਦੀ
ਸਾਨੂੰ ਮਿਲਦੀ ਨਾ
ਸਾਨੂੰ ਮਿਲਦੀ ਨਾ ਪੀਣ ਨੂੰ ਲੱਸੀ ਦੀ ਘੁੱਟ ਵੀ।

ਮੱਝੀਆਂ ਦੇ ਰੰਗ ਜਿਹੇ ਕਾਲੇ ਰੰਗ ਛੇੜੂਆਂ ਦੇ
ਹਾੜ੍ਹ ਤੇ ਸਿਆਲ ਨੰਗੇ ਪਿੰਡੇ ਫਿਰਦੇ
ਇਹਨਾਂ ਚਾਕਾਂ ਨਾਲ
ਇਹਨਾਂ ਰਾਂਝਿਆਂ ਨਾ' ਧੋਖੇ ਹੁੰਦੇ ਬੜੇ ਚਿਰ ਦੇ।

ਖੇਡ ਤੇ ਪੜ੍ਹਾਈ ਦੀ ਥਾਂ ਸਾਡਿਆਂ ਨਿਆਣਿਆਂ ਨੂੰ
ਪੈਂਦਾ ਜਿੰਮੇਵਾਰੀਆਂ ਦਾ ਜੂਲਾ ਚੁੱਕਣਾ
ਕਿਸੇ ਰੱਬ ਨੇ
ਕਿਸੇ ਰੱਬ ਨੇ ਆ ਕੇ ਸਾਡਾ ਹਾਲ ਪੁੱਛਣਾ।

ਇੱਜਤਾਂ ਅਸਾਡੀਆਂ ਦਾ ਮੁੱਲ ਥੱਬੀ ਪੱਠਿਆਂ ਦੀ
ਜਦੋਂ ਚਾਹੁਣ ਜੋਰਾਵਰ ਲੈਂਦੇ ਲੁੱਟ ਨੇ
ਸਾਡੇ ਸਬਰਾਂ ਦੇ
ਸਾਡੇ ਸਬਰਾਂ ਦੇ ਬੰਨ੍ਹ ਹੁਣ ਗਏ ਟੁੱਟ ਨੇ।

ਵੇਖਦੇ ਹਾਂ ਅਸੀਂ ਥੋਡੇ ਮੱਥਿਆਂ 'ਤੇ ਵੇਹਲੜੋ ਵੇ
ਭਖਦੀਆਂ ਸਾਡੇ ਖ਼ੂਨ ਦੀਆਂ ਲਾਲੀਆਂ
ਸਾਡੇ ਚਿਹਰਿਆਂ 'ਤੇ
ਸਾਡੇ ਚਿਹਰਿਆਂ 'ਤੇ ਪਈਆਂ ਤਾਂਹੀਓਂ ਸ਼ਾਹੀਆਂ ਕਾਲੀਆਂ।

ਲੋਕਾਂ ਦੀਆਂ ਮਿਹਨਤਾਂ ਦੀ ਹੁੰਦੀ ਜਿਥੇ ਲੁੱਟ ਹੋਵੇ
ਅੱਗ ਲਾਉਣੈ ਇਹੋ ਜਿਹੇ ਲੋਕ ਰਾਜ ਨੂੰ
ਹੁਣ ਕੌਣ ਰੋਕੂ
ਹੁਣ ਕੌਣ ਰੋਕੂ ਹੱਕ ਸੱਚ ਦੀ ਆਵਾਜ਼ ਨੂੰ। 


ਪਹਾੜ ਦੀਏ 'ਵਾਏ

ਵਗ ਨੀ ਪਹਾੜ ਦੀਏ 'ਵਾਏ,
ਵਗਦੀ ਇਹ ਲੂ ਮਤੇ ਸਾਡੀ ਹਰਿਆਲੀ ਸਾੜ ਜਾਏ।

ਰਾਹਾਂ ਵਿਚ ਤੇਰੇ ਭਾਵੇਂ ਖੜ੍ਹਾ ਹੈ ਪਹਾੜ ਨੀ,
ਡੱਕ ਨਹੀਂ ਸਕਦੀ ਸੁਗੰਧੀਆਂ ਨੂੰ ਵਾੜ ਨੀ,
ਤੂੰ ਦੱਸ ਭਲਾ ਕਿਹੜੀ ਗੱਲੋਂ ਦੀਦੜੇ ਥਕਾਏ,
ਵਗ ਨੀ ਪਹਾੜ ਦੀਏ 'ਵਾਏ।

ਜਿੱਥੇ ਲਿਆ ਸੂਰਜ ਨੂੰ ਘੱਟਿਆਂ ਲੁਕੋ ਨੀ,
ਸਿਖਰ ਦੁਪਹਿਰੇ ਗਏ ਸ਼ਾਹ ਕਾਲੇ ਹੋ ਨੀ,
ਹਨੇਰੀਆਂ ਦਿਸ਼ਾਵਾਂ ਵਿਚ ਤੂੰ ਹੀ ਸਦਾ ਚਾਨਣ ਪੁਚਾਏ।
ਵਗ ਨੀ ਪਹਾੜ ਦੀਏ 'ਵਾਏ।

ਤੇਰਿਆਂ ਵਰੋਲਿਆਂ 'ਚ ਕੱਖ ਨੱਚ ਪੈਣ ਨੀ,
ਉੱਠ ਉੱਠ ਢਾਰੇ ਵੀ ਮੁਨਾਰਿਆਂ ਨੂੰ ਕਹਿਣ ਨੀ,
ਸਾਡੇ ਕੋਲੋਂ ਹੋਰ ਹੁਣ ਪੈਰਾਂ ਵਿਚ ਰੁਲਿਆ ਨਾ ਜਾਏ।
ਵਗ ਨੀ ਪਹਾੜ ਦੀਏ 'ਵਾਏ।

ਦੱਸ ਨੀ ਤੂੰ ਪੀਕਿੰਗ ਹਨੋਈ ਦੀਏ ਲਾਲੀਏ,
ਕੀਕਣ ਬਨੇਰਿਆਂ 'ਤੇ ਕਿਰਨਾਂ ਉਗਾਲੀਏ,
ਕਿਵੇਂ ਸਾਡੇ ਮੱਥਿਆਂ 'ਚੋਂ ਸੁੱਤੀ ਕਸਤੂਰੀ ਫੁੱਟ ਆਏ।
ਵਗ ਨੀ ਪਹਾੜ ਦੀਏ 'ਵਾਏ।

ਬਣ ਜਾ ਤੂੰ ਹਾਲੀਆਂ ਤੇ ਪਾਲੀਆਂ ਦੀ ਹੇਕ ਨੀ,
ਰਮ ਜਾ ਤੂੰ  ਮਿੱਲਾਂ, ਕਾਰਖਾਨਿਆਂ ਦੇ ਸੇਕ ਨੀ,
ਤਲੀਆਂ 'ਤੇ ਸੀਸ ਰੱਖ ਉੱਠ ਪੈਣੇ ਜੁੱਗਾਂ ਤੋਂ ਦਬਾਏ।
ਵਗ ਨੀ ਪਹਾੜ ਦੀਏ 'ਵਾਏ।

ਘੋਲ ਕ੍ਰਿਸ਼ਮੇ

ਛੰਨਾਂ, ਧੌਲਾ ਤੇ ਸੰਘੇੜਾ ਸਾਊ ਪਿੰਡ ਜੀ।
ਪੈਗੇ ਘੋਲਾਂ 'ਚ ਤਾਂ ਬਣਗੇ ਭਰਿੰਡ ਜੀ।
ਭੰਨੀ ਰਾਜਿਆਂ ਤੇ ਬਾਦਲਾਂ ਦੀ ਹਿੰਡ ਜੀ।
ਪਹਿਲਾਂ ਕੱਚੇ ਜਰਨੈਲਾਂ ਪੈਰੋਂ ਜਿਹੜੇ ਹਰ ਗਏ।
ਉਹੀ ਜਥੇਬੰਦ ਹੋਏ ਤਾਂ ਕਮਾਲ ਕਰ ਗਏ।

ਹੱਲੇ ਹਾਕਮਾਂ ਜ਼ਮੀਨ ਉੱਤੇ ਬੋਲਤੇ।
ਧਨੀ ਧੱਕੜਾਂ ਗਰੀਬ ਜੱਟ ਰੋਲਤੇ।
ਖੇਤ ਖੋਹਲੇ ਤੇ ਵਿਰੋਧ ਮਧੋਲਤੇ।
(ਉਦੋਂ) ਬੇਵੱਸ ਹੋਏ ਜੋ ਜਬਰ ਜਰ ਗਏ।
ਲੋਕ ਜਥੇਬੰਦ ਹੋਏ ਤਾਂ ਕਮਾਲ ਕਰ ਗਏ। 

ਜਿੰਨੇ ਹਾਕਮਾਂ ਦੇ ਅੱਡੋ ਅੱਡੀ ਗੁੱਟ ਨੇ।
ਸਾਥੋਂ ਖੋਹਣ ਲਈ ਜ਼ਮੀਨਾਂ ਇਕਜੁੱਟ ਨੇ।
ਸਾਨੂੰ ਮਾਰਿਆ ਭਰਾਵਾਂ ਵਾਲੀ ਫੁੱਟ ਨੇ।
ਸਾਮਰਾਜ ਦੇ ਦਲਾਲ ਬਣ ਜੋਰਾਵਰ ਗਏ।
ਲੋਕ ਜਥੇਬੰਦ ਹੋਏ ਤਾਂ ਕਮਾਲ ਕਰ ਗਏ। 

ਵੱਡਾ ਖੇਤਾਂ ਨੂੰ ਬਚਾਉਣਦਾ ਸਵਾਲ ਸੀ।
ਲੱਗੀ ਟੱਕਰ ਟਰਾਈਡੈਂਟ ਨਾਲ ਸੀ।
ਰਾਜੇ ਰੂਜੇ ਸਭ ਉਸਦੇ ਦਲਾਲ ਸੀ।
ਡੀ.ਸੀ., ਐਸ.ਪੀ. ਵੀ ਉਸੇ ਦੀ ਹੀ ਹਾਮੀ ਭਰ ਗਏ। 
ਲੋਕ ਜਥੇਬੰਦ ਹੋਏ ਤਾਂ ਕਮਾਲ ਕਰ ਗਏ। 

ਝੂਠੇ ਆਗੂ ਜਦੋਂ ਵਾਅਦਿਆਂ ਤੋਂ ਫਿਰਗੇ।
ਡਰੇ ਘੁਰਕੀ ਤੋਂ ਬੁਰਕੀ 'ਤੇ ਵਿਰਗੇ।
ਹੱਕੀ-ਜੰਗ ਦੇ ਮੈਦਾਨ ਵਿਚੋਂ ਕਿਰਗੇ।
ਯੋਧੇ ਹਾਰੀ ਵੀ ਲੜਾਈ 'ਚ ਬਰੂਦ ਭਰ ਗਏ।
ਲੋਕ ਜਥੇਬੰਦ ਹੋਏ ਤਾਂ ਕਮਾਲ ਕਰ ਗਏ। 

ਆਗੀ ਜਦੋਂ ਉਗਰਾਹਾਂ ਵਾਲੀ ਧਿਰ ਜੀ।
ਲਏ ਅੱਠ ਹੋਰਾਂ ਨਾਲ ਜੋੜ ਸਿਰ ਜੀ।
ਲਾਤਾ ਮੋਰਚਾ ਜ਼ਮੀਨਾਂ ਵਾਲਾ ਫਿਰ ਜੀ। 
ਛਿੜ ਚਰਚੇ ਪੰਜਾਬ ਵਿਚ ਹਰ ਘਰ ਗਏ।
ਲੋਕ ਜਥੇਬੰਦ ਹੋਏ ਤਾਂ ਕਮਾਲ ਕਰ ਗਏ। 

ਫੌਜਾਂ ਪਿੰਡਾਂ 'ਚੋਂ ਕਿਸਾਨਾਂ ਦੀਆਂ ਚੱਲੀਆਂ।
ਗਈਆਂ ਗੋਲੀਆਂ ਤੇ ਡਾਂਗਾਂ ਤੋਂ ਨਾ ਠੱਲ੍ਹੀਆਂ।
ਕਦੇ ਰੇਲਾਂ ਕਦੇ ਸੜਕਾਂ ਨੇ ਮੱਲੀਆਂ।
ਜੇਲ੍ਹਾਂ, ਜ਼ਖ਼ਮਾਂ ਦੇ ਦੁੱਖ ਹੱਸ ਹੱਸ ਜਰ ਗਏ।
ਲੋਕ ਜਥੇਬੰਦ ਹੋਏ ਤਾਂ ਕਮਾਲ ਕਰ ਗਏ। 

ਏਸ ਘੋਲ ਦੀ ਤਾਂ ਸ਼ਾਨ ਹੀ ਨਿਰਾਲੀ ਐ।
ਲਾੜੀ ਮੌਤ ਤਿੰਨ ਯੋਧਿਆਂ ਵਿਆਹਲੀ ਐ।
ਸਾਂਝ ਬੀਬੀਆਂ ਸੰਘਰਸ਼ ਨਾਲ ਪਾਲੀ ਐ।
ਹੱਕੀ-ਜੰਗ ਵਾਲੀ ਨਦੀ ਬੱਚਾ ਬੱਚੀ ਤਰ ਗਏ। 
ਲੋਕ ਜਥੇਬੰਦ ਹੋਏ ਤਾਂ ਕਮਾਲ ਕਰ ਗਏ। 

ਐਸਾ ਭਾਂਬੜ ਸੰਘਰਸ਼ ਵਾਲਾ ਬਲਿਆ।
ਪਹਿਲਾਂ ਰਾਜਾ ਫਿਰ ਬਾਦਲ ਦਬੱਲਿਆ।
ਦਾਅ 'ਗੁਪਤੇ' ਦਾ ਇੱਕ ਵੀ ਨਾ ਚੱਲਿਆ।
ਫਿਰੇ ਬੌਂਦਲਿਆ ਹੋਣ ਜਿਵੇਂ ਮਾਪੇ ਮਰ ਗਏ।
ਲੋਕ ਜਥੇਬੰਦ ਹੋਏ ਤਾਂ ਕਮਾਲ ਕਰ ਗਏ। 

ਜਦੋਂ ਬੱਚਾ-ਬੱਚੀ ਦਿੱਤਾ ਅਸੀਂ ਝੋਕ ਬਈ।
ਦਿੱਤੇ ਕਬਜ਼ੇ ਜ਼ਮੀਨਾਂ ਉੱਤੋਂ ਰੋਕ ਬਈ।
ਸਾਡੀ ਜਥੇਬੰਦੀ ਬਣੀ ਘੋਲ-ਨੋਕ ਬਈ।
ਜਿੱੱਤਾਂ ਜਿੱਤਣ ਦੀ ਬਾਲ ਕੇ ਮਸ਼ਾਲ ਧਰ ਗਏ।
ਲੋਕ ਜਥੇਬੰਦ ਹੋਏ ਤਾਂ ਕਮਾਲ ਕਰ ਗਏ। 

ਘੋਲ ਜਿੱਤਿਐ ਕਿਸਾਨਾਂ ਨਾਲ ਹਿੱਕ ਦੇ।
ਹੁਣ ਕਰਜ਼ੇ 'ਚ ਵਾਹਣ ਵੀ ਨਹੀਂ ਵਿਕਦੇ।
ਛੰਨਾਂ, ਧੌਲਾ ਤੇ ਸੰਘੇੜਾ ਵੀ ਨੀਂ ਟਿਕਦੇ।
ਅੰਨ੍ਹੀਂ ਲੁੱਟ ਦੇ ਵਿਰੁੱਧ ਸੀਨੇ ਰੋਹ ਭਰ ਗਏ। 
ਲੋਕ ਜਥੇਬੰਦ ਹੋਏ ਤਾਂ ਕਮਾਲ ਕਰ ਗਏ। 

ਅਜੇ ਕਰਜ਼ੇ 'ਤੇ ਲੀਕਾਂ ਨੇ ਮਰਾਉਣੀਆਂ।
ਨਾਲੇ ਵਿਕੀਆਂ ਜ਼ਮੀਨਾਂ ਮੁੜਵਾਉਣੀਆਂ।
ਧਨੀ ਕੰਪਨੀਆਂ ਵੀ ਕੁੱਟ ਕੇ ਭਜਾਉਣੀਆਂ।
(ਅੱਜ) ਆਗੂ ਛੰਨਾਂ ਦੀ ਸਟੇਜ ਤੋਂ ਐਲਾਨ ਕਰ ਗਏ। 
ਲੋਕ ਜਥੇਬੰਦ ਹੋਏ ਤਾਂ ਕਮਾਲ ਕਰ ਗਏ। 

ਹਰੀ 'ਕ੍ਰਾਂਤੀ'

ਥੋਡੀ ਹਰੀ ਕ੍ਰਾਂਤੀ ਵੇਖੀ,
ਜੀਹਨੇ ਰਗੜੀ ਛੋਟੀ ਖੇਤੀ,
ਜੱਟਾਂ ਦੇ ਹੋਏ ਨਾ ਬੱਤੀਉਂ ਤੇਤੀ।
ਕ੍ਰਿਤਾਂ ਕਰ ਕਰ ਮਰਗੇ ਨੇ।
ਸਾਡੇ ਸੁਪਨੇ ਗਏ ਸਰਾਏ,
ਕਰਜ਼ੇ ਗਲ ਗਲ ਚੜ੍ਹਗੇ ਨੇ।

ਨਵੀਆਂ ਵਿਧੀਆਂ ਵੀ ਅਪਣਾਈਆਂ,
ਸੁਧਰੇ ਬੀਜ ਤੇ ਨਾਲ ਦੁਆਈਆਂ,
ਖਾਦਾਂ ਬਹੁਤ ਫਾਰਮੀ ਪਾਈਆਂ,
ਘਰ ਘਰ ਟਰੈਕਟਰ ਵੜਗੇ ਨੇ।
ਸਾਡੇ ਸੁਪਨੇ ਗਏ ਸਰਾਪੇ,
ਕਰਜ਼ੇ ਗਲ ਗਲ ਚੜ੍ਹਗੇ ਨੇ।

ਕਿਸਾਨਾਂ ਕਿਵੇਂ ਕਮਾਲਾਂ ਕਰੀਆਂ,
ਫਸਲਾਂ ਚਾਰ ਗੁਣਾਂ ਵੀ ਝੜੀਆਂ,
ਬਰਕਤਾਂ ਜਾ ਸ਼ਾਹਾਂ ਦੇ ਵੜੀਆਂ,
ਏਧਰ ਚੁੱਲ੍ਹੇ ਠਰਗੇ ਨੇ।
ਸਾਡੇ ਸੁਪਨੇ ਗਏ ਸਰਾਪੇ
ਕਰਜ਼ੇ ਗਲ ਗਲ ਚੜ੍ਹਗੇ ਨੇ।

ਸਾਡੇ ਰੁਲਗੇ ਕਣਕਾਂ ਝੋਨੇ,
ਨਾਲੇ ਦੁੱਧ ਪੁੱਤ ਵੀ ਦੋਨੇ,
ਚਿੱਟੇ ਨਰਮੇ ਮਿੱਠੇ ਪੋਨੇ,
ਰੋਂਦੇ ਧਾ ਨਾ ਧਰਦੇ ਨੇ।
ਸਾਡੇ ਸੁਪਨੇ ਗਏ ਸਰਾਪੇ
ਕਰਜ਼ੇ ਗਲ ਗਲ ਚੜ੍ਹਗੇ ਨੇ।

ਮੱਕੀਆਂ, ਜੌਂ, ਕਪਾਹਾਂ, ਛੋਲੇ,
ਕਲੀਆਂ, ਗੀਤ, ਬੋਲੀਆਂ, ਢੋਲੇ,
ਸਾਥੋਂ ਹਰੀ ਕ੍ਰਾਂਤੀ ਖੋਹ ਲੇ,
ਕਜੀਏ ਘਰ ਘਰ ਵੜਗੇ ਨੇ।
ਸਾਡੇ ਸੁਪਨੇ ਗਏ ਸਰਾਪੇ,
ਕਰਜ਼ੇ ਗਲ ਗਲ ਚੜ੍ਹਗੇ ਨੇ।
ਲੈਜਰ ਪਰੋਨੋਟ ਤੇ ਵਹੀਆਂ,
ਬਣਕੇ ਤੰਦੀ ਗਲ ਵਿਚ ਪਈਆਂ,
ਉਹਨਾਂ ਖੁਦਕੁਸ਼ੀਆਂ ਕਰ ਲਈਆਂ,
ਜਿਹੜੇ ਲੜਨੋਂ ਡਰਗੇ ਨੇ।
ਸਾਡੇ ਸੁਪਨੇ ਗਏ ਸਰਾਪੇ,
ਕਰਜ਼ੇ ਗਲ ਗਲ ਚੜ੍ਹਗੇ ਨੇ। 

ਖੇਤੀਂ ਕੌਣ ਬਲਾਵਾਂ ਆਈਆਂ?
ਦੇ ਕੇ ਡੀਜ਼ਲ ਖਾਦ ਦਵਾਈਆਂ
ਖੋਹ ਕੇ ਲੈਗੀਆਂ ਕੁੱਲ ਕਮਾਈਆਂ,
ਕਿਰਤੀ ਜਿੱਤ ਕੇ ਹਰਗੇ ਨੇ,
ਸਾਡੇ ਸੁਪਨੇ ਗਏ ਸਰਾਪੇ 
ਕਰਜ਼ੇ ਗਲ ਗਲ ਚੜ੍ਹਗੇ ਨੇ।

ਪੈ ਗਈ ਸਮਝ ਸਾਨੂੰ ਵੀ ਸਾਰੀ, 
ਵੈਰੀ ਕੌਣ, ਕਿਨ੍ਹਾਂ ਨਾਲ ਯਾਰੀ,
'ਕੱਠੀ ਕਰ ਜਨਤਾ ਦੁਖਿਆਰੀ,
ਲੜਿਆਂ ਹੀ ਦੁਖ ਹਰਦੇ ਨੇ,
ਤਾਂ ਹੀ ਸੁਪਨੇ ਜਾਣ ਸ਼ਿੰਗਾਰੇ,
ਕਰਜ਼ੇ ਕਿਤੇ ਨਾ ਖੜ੍ਹਦੇ ਨੇ। 

ਕਸਮ

ਤੇਰੀ ਸਮਾਧ 'ਤੇ ਆ ਕੇ,
ਅਸੀਂ ਤਾਂ ਕਸਮ ਖਾਧੀ ਹੈ
ਜਿਹਦੀ ਤੂੰ ਭੇਟ ਚੜ੍ਹਿਆ ਹੈ
ਰੱਖਾਂਗੇ ਜੰਗ ਉਹ ਜਾਰੀ।
ਹਨੇਰੀ ਰਾਤ ਨੇ ਪੀਤੀ
ਜੋ ਤੇਰੇ ਖ਼ੂਨ ਦੀ ਸੁਰਖ਼ੀ
ਮੁੜਾਵਣ ਤੁਰੇ ਹਾਂ ਸਾਥੀ 
ਮੁੜਾ ਕੇ ਮੁੜਾਂਗੇ ਸਾਰੀ।

ਅਸੀਂ ਜੋ ਢੱਗਿਆਂ ਵਾਂਗੂੰ,
ਰਹੇ ਸਦੀਆਂ ਤੋਂ ਵਾਹੀ ਦੇ
ਜੂਲਾ ਹੋਰ ਚੁੱਕਣ ਤੋਂ,
ਇਨਕਾਰ ਕਰਦੇ ਹਾਂ।
ਲੰਬਾ ਜੋੜ ਹੈ ਸਾਡਾ
ਹੰਢਾਏ ਵੇ ਤਸੀਹਿਆਂ ਦਾ,
ਬਦਲਾ ਲੈਣ ਦਾ ਸਾਥੀ
ਅਸੀਂ ਇਕਰਾਰ ਕਰਦੇ ਹਾਂ।

ਜੀਹਦੇ ਕਣਕ ਝੋਨੇ ਨੂੰ,
ਮੰਡੀ ਨੇ ਠੁੱਡ ਹੀ ਮਾਰੇ
ਰੇਹ ਤੇ ਤੇਲ, ਬਿਜਲੀ ਨੇ,
ਜੀਹਦਾ ਖ਼ੂਨ ਹੀ ਪੀਤਾ।
ਖਪ ਕੇ ਰਾਤ ਦਿਨ ਵੀ ਨਾ
ਬਣੀ ਤਕਦੀਰ ਹੈ ਜਿਸ ਤੋਂ
ਅੱਕ ਕੇ ਜੱਟ ਧੀਰੇ ਨੇ,
ਲੜਨ ਦਾ ਫੈਸਲਾ ਕੀਤਾ।

ਵੱਟਾਂ ਖੋਤ ਸੀਬੋ ਨੇ,
ਸੀ ਪਾਲੀ ਵਖਤ ਨਾ' ਝੋਟੀ
ਲਾਉਂਦੀ ਖੀਰ ਦਾ ਲਾਰਾ
ਜਾਂ ਕੰਮੋਂ ਵੀਰ੍ਹਦਾ ਨਿੱਕਾ।
ਝੋਟੀ ਸੂਦ ਨੇ ਨਿਗਲੀ,
ਤੇ ਰਹਿ ਗਏ ਵਿਲਕਦੇ ਨਿਆਣੇ।
ਉਦੋਂ ਤੋਂ ਵੇਖ ਲੈ ਸੀਬੋ,
ਖੜ੍ਹੀ ਹੈ ਤਾਣ ਕੇ ਮੁੱਕਾ।

ਲੇਖੇ ਤਾਂ ਗਲੱਪਣ ਦੇ,
ਜਿਦ੍ਹੀ ਲੱਗੀ ਜੁਆਨੀ ਹੈ
ਗੋਡੇ ਸੰਤ ਮਜ਼੍ਹਬੀ ਦੇ
ਨੇ ਭਾਵੇਂ ਚੱਲਣੋਂ ਆਰ੍ਹੀ।
ਲੇਖਾ ਉਮਰ ਸਾਰੀ ਦਾ,
ਕਰਨ ਦੀ ਰੀਝ ਹੈ ਉਹਦੀ,
ਆ ਜੇ ਮੌਤ ਤੋਂ ਪਹਿਲਾਂ ਜੇ
ਬਦਲੇ ਲੈਣ ਦੀ ਵਾਰੀ।

ਠਰੇ ਵੇ ਚੁੱਲ੍ਹਿਆਂ ਵਿਚੋਂ,
ਧੁਖੇਗੀ ਜੰਗ ਦੀ ਚਰਚਾ।
ਅਸੀਂ ਜੇ ਫੂਸ ਵੀ ਹੋਏ,
ਤਾਂ ਲਾਟਾਂ ਬਾਲ ਦਿਆਂਗੇ।
ਨਾਬਰ ਜਾਂ ਮੁਸ਼ੱਕਤ ਤੋਂ,
ਹੋਣਗੇ ਧੌਲ ਧਰਤੀ ਦੇ।
ਧੌਲਰ ਖੜ੍ਹ ਨਹੀਂ ਸਕਣੇ।
ਲਿਆ ਭੂਚਾਲ ਦਿਆਂਗੇ।
੦ ੦ ੦ ੦ ੦